ਪੰਜਾਬਣ ਫ਼ਿਲਮਸਾਜ਼ ਦੀ ਕਹਾਣੀ ਜਿਸ ਨੇ ਲੁਧਿਆਣੇ ਰਹਿ ਕੇ ਹੀ ਫ਼ਿਲਮਾਂ ਬਣਾਈਆਂ, ਹੁਣ ਬਾਲੀਵੁੱਡ ਵਿੱਚ ਛਾ ਜਾਣ ਦੇ ਸੁਪਨੇ ਰੱਖਦੀ

ਲਵੀਨਾ ਬੱਗਾ

ਤਸਵੀਰ ਸਰੋਤ, Loveena Bagga/Instagram

    • ਲੇਖਕ, ਨਵਦੀਪ ਕੌਰ ਗਰੇਵਾਲ
    • ਰੋਲ, ਬੀਬੀਸੀ ਸਹਿਯੋਗੀ

ਬਚਪਨ ਵਿੱਚ ਹਿੰਦੀ ਫ਼ਿਲਮਾਂ ਅਤੇ ਫਿਲਮੀ ਗੀਤਾਂ ਤੋਂ ਪ੍ਰਭਾਵਿਤ ਹੋ ਕੇ ਲਵੀਨਾ ਨੇ ਜੋ ਸੁਫਨਾ ਵੇਖਿਆ ਸੀ, ਅੱਜ ਉਸ ਸੁਫਨੇ ਨੂੰ ਅਸਲ ਜ਼ਿੰਦਗੀ ਵਿੱਚ ਜੀਅ ਰਹੀ ਹੈ।

ਉਹ ਫ਼ਿਲਮੀ ਦੁਨੀਆ ਦੇ ਗਲੈਮਰ ਦਾ ਹਿੱਸਾ ਤਾਂ ਬਣਨਾ ਚਾਹੁੰਦੀ ਸੀ, ਪਰ ਉਸ ਨੂੰ ਕੈਮਰੇ ਦੇ ਪਿੱਛੇ ਰਹਿ ਕੇ ਕੰਮ ਕਰਨਾ, ਕੈਮਰੇ ਦੇ ਸਾਹਮਣੇ ਕੰਮ ਕਰਨ ਤੋਂ ਵੱਧ ਲੁਭਾਉਂਦਾ ਸੀ।

ਹੁਣ ਪਿਛਲੇ ਪੰਜ-ਛੇ ਸਾਲ ਤੋਂ ਉਹ ਆਪਣਾ ਫ਼ਿਲਮ ਪ੍ਰੋਡਕਸ਼ਨ ਹਾਊਸ ਚਲਾ ਰਹੇ ਹਨ, ਜਿਸ ਵਿੱਚ ਬਤੌਰ ਪ੍ਰੋਡਿਊਸਰ, ਡਾਇਰੈਕਟਰ ਤੇ ਲੇਖਕ ਦੀ ਭੂਮਿਕਾ ਨਿਭਾਉਂਦੇ ਹਨ।

ਫਿਲਮ ਸਨਅਤ ਵਿੱਚ ਪਹਿਲੀ ਪੌੜ੍ਹੀ

ਲਵੀਨਾ ਬੱਗਾ ਲੁਧਿਆਣਾ ਦੇ ਕਾਰੋਬਾਰੀ ਪਰਿਵਾਰ ਨਾਲ ਸਬੰਧ ਰੱਖਦੇ ਹਨ। ਉਸ ਦਾ ਸਾਰਾ ਪਰਿਵਾਰ ਫ਼ਿਲਮਾਂ ਦਾ ਸ਼ੌਕੀਨ ਹੈ। ਲਵੀਨਾ ਨੇ ਦੱਸਿਆ ਕਿ ਉਨ੍ਹਾਂ ਨੇ ਬਚਪਨ ਵਿੱਚ ਬਹੁਤ ਫ਼ਿਲਮਾਂ ਦੇਖੀਆਂ ਤੇ ਹਿੰਦੀ ਫ਼ਿਲਮੀ ਗੀਤ ਅਕਸਰ ਉਨ੍ਹਾਂ ਦੇ ਘਰ ਵਿੱਚ ਗੂੰਜਦੇ ਸਨ।

ਲਵੀਨਾ ਨੇ ਦੱਸਿਆ ਕਿ ਉਹ ਪੰਜਵੀਂ ਜਮਾਤ ਵਿੱਚ ਪੜ੍ਹਦੇ ਸਨ ਜਦੋਂ ਫ਼ਿਲਮ 'ਓਮ ਸ਼ਾਂਤੀ ਓਮ' ਦਾ ਆਖ਼ਰੀ ਸੀਨ ਦੇਖ ਕੇ ਪਹਿਲੀ ਵਾਰ ਉਨ੍ਹਾਂਂ ਦੇ ਮਨ ਵਿੱਚ ਫ਼ਿਲਮ ਸਨਅਤ ਵਿਚ ਕਰੀਅਰ ਬਣਾਉਣ ਦੀ ਪ੍ਰੇਰਨਾ ਮਿਲੀ।

ਬੀਬੀਸੀ ਪੰਜਾਬੀ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ 'ਤੇ ਕਲਿੱਕ ਕਰੋ

ਲਵੀਨਾ ਨੇ ਅੱਗੇ ਦੱਸਿਆ, "ਫ਼ਿਲਮ ਦੇ ਆਖ਼ਰੀ ਸੀਨ ਵਿੱਚ ਜਦੋਂ ਫ਼ਿਲਮ ਦੀ ਸਾਰੀ ਟੀਮ ਰੈੱਡ ਕਾਰਪੇਟ 'ਤੇ ਜਾ ਰਹੀ ਹੈ ਅਤੇ ਸਭ ਦੇ ਨਾਮ ਲਿਖੇ ਆ ਰਹੇ ਹਨ। ਇਸ ਚੀਜ਼ ਨੇ ਮੈਨੂੰ ਬਹੁਤ ਪ੍ਰੇਰਿਤ ਕੀਤਾ। ਸ਼ੁਰੂਆਤ ਵਿੱਚ ਮੇਰਾ ਫ਼ਿਲਮਾਂ ਪ੍ਰਤੀ ਆਕਰਸ਼ਨ ਸੀ, ਪਰ ਹੌਲੀ-ਹੌਲੀ ਇਹ ਪਿਆਰ ਵਿੱਚ ਬਦਲ ਗਿਆ।"

ਬਚਪਨ ਵਿੱਚ ਲਵੀਨਾ ਦੇ ਪਿਤਾ ਨੇ ਉਸ ਨੂੰ ਇੱਕ ਹੈਂਡੀਕੈਮ (ਛੋਟਾ ਵੀਡੀਓ ਕੈਮਰਾ) ਲਿਆ ਕੇ ਦਿੱਤਾ ਸੀ। ਲਵੀਨਾ ਆਪਣੇ ਛੋਟੇ ਭਰਾ ਨੂੰ ਡਾਇਲੌਗ ਦੱਸਦੀ ਸੀ ਅਤੇ ਫਿਰ ਉਸ ਨੂੰ ਰਿਕਾਰਡ ਕਰਦੀ ਸੀ।

ਲਵੀਨਾ ਨੇ ਕਈ ਲਘੂ ਫਿਲਮਾਂ ਬਣਾਈਆਂ ਹਨ

ਤਸਵੀਰ ਸਰੋਤ, baggaloveena/instagram

ਤਸਵੀਰ ਕੈਪਸ਼ਨ, ਲਵੀਨਾ ਨੇ ਕਈ ਲਘੂ ਫਿਲਮਾਂ ਬਣਾਈਆਂ ਹਨ

ਫਿਰ ਜਦੋਂ ਉਹ ਦਸਵੀਂ ਜਮਾਤ ਵਿੱਚ ਸਨ ਤਾਂ ਫ਼ਿਲਮ 'ਯੇ ਜਵਾਨੀ ਹੈ ਦੀਵਾਨੀ' ਦੇਖ ਕੇ ਉਨ੍ਹਾਂ ਨੇ ਪੱਕਾ ਇਰਾਦਾ ਬਣਾ ਲਿਆ ਕਿ ਫ਼ਿਲਮਾਂ ਵਿੱਚ ਹੀ ਕਰੀਅਰ ਬਣਾਉਣਾ ਹੈ। ਬਾਰ੍ਹਵੀਂ ਦੀ ਪੜ੍ਹਾਈ ਤੋਂ ਬਾਅਦ ਉਨ੍ਹਾਂ ਨੇ ਆਪਣੇ ਮਾਪਿਆਂ ਨੂੰ ਕਿਹਾ ਕਿ ਉਹ ਫ਼ਿਲਮ ਸਕੂਲ ਵਿੱਚ ਪੜ੍ਹਾਈ ਕਰਨਾ ਚਾਹੁੰਦੀ ਹੈ, ਜਿਸ ਲਈ ਉਸ ਦੇ ਮਾਪੇ ਵੀ ਰਾਜ਼ੀ ਹੋ ਗਏ।

ਲਵੀਨਾ ਦੱਸਦੇ ਹਨ, "ਫ਼ਿਲਮ ਸਕੂਲ ਵਿੱਚ ਜਾਣ ਤੋਂ ਪਹਿਲਾਂ ਮੇਰੇ ਲਈ ਸਿਨੇਮਾ ਦਾ ਮਤਲਬ ਸਿਰਫ਼ ਬੌਲੀਵੁੱਡ ਸੀ। ਪਰ ਇੱਥੇ ਆ ਕੇ ਮੈਨੂੰ ਵਿਸ਼ਵ ਸਿਨੇਮਾ ਬਾਰੇ ਪਤਾ ਲੱਗਿਆ ਅਤੇ ਫ਼ਿਲਮਾਂ ਬਣਾਉਣ ਲਈ ਮੇਰਾ ਪਿਆਰ ਅਤੇ ਇਰਾਦਾ ਹੋਰ ਪੱਕਾ ਹੋ ਗਿਆ।"

ਮਈ 2019 ਵਿੱਚ ਲਵੀਨਾ ਨੇ ਲਵਲੀ ਪ੍ਰੋਫੈਸ਼ਨਲ ਯੁਨੀਵਰਸਿਟੀ ਦੇ ਫ਼ਿਲਮ ਸਕੂਲ ਤੋਂ ਆਪਣੀ ਗ੍ਰੈਜੂਏਸ਼ਨ ਪੂਰੀ ਕੀਤੀ ਤੇ ਜੂਨ 2019 ਵਿੱਚ ਉਸ ਨੇ 'ਆਧਿਆ ਮੂਵਿੰਗ ਪਿਕਚਰਜ਼' ਨਾਮੀ ਫ਼ਿਲਮ ਪ੍ਰੋਡਕਸ਼ਨ ਹਾਊਸ ਚਲਾਇਆ ਜਿਸ ਵਿੱਚ ਉਹ ਟੈਲੀ-ਫਿਲਮਾਂ, ਸ਼ੌਰਟ-ਫਿਲਮਾਂ, ਮਿਊਜ਼ਿਕ ਵੀਡੀਓਜ਼ ਤੇ ਐਡ ਫਿਲਮਜ਼ ਬਣਾਉਂਦੇ ਹਨ।

ਕਰੀਅਰ ਦਾ ਪਹਿਲਾ ਐਵਾਰਡ

ਲਵੀਨਾ ਦੱਸਦੇ ਹਨ ਕਿ ਗ੍ਰੈਜੂਏਸ਼ਨ ਦੀ ਪੜ੍ਹਾਈ ਦੌਰਾਨ ਉਨ੍ਹਾਂ ਨੇ ਪੰਜਾਬੀ ਸਿਨੇਮਾ ਵਿੱਚ ਨਾਮੀ ਆਰਟ ਫ਼ਿਲਮ ਡਾਇਰੈਕਟਰ ਰਾਜੀਵ ਸ਼ਰਮਾ ਨਾਲ ਉਨ੍ਹਾਂ ਦੀ ਇੱਕ ਫ਼ਿਲਮ 'ਸੀਰੀ' ਵਿੱਚ ਸਹਾਇਕ ਨਿਰਦੇਸ਼ਕ ਵਜੋਂ ਕੰਮ ਕੀਤਾ। ਲਵੀਨਾ ਨੇ ਗ੍ਰੈਜੂਏਸ਼ਨ ਦੌਰਾਨ ਹੀ ਆਪਣੀ ਪਹਿਲੀ ਲਘੂ-ਫਿਲਮ ਲਿਖੀ ਅਤੇ ਡਾਇਰੈਕਟ ਕੀਤੀ।

ਇਹ ਇੱਕ ਹਿੰਦੀ ਲਘੂ ਫ਼ਿਲਮ ਸੀ, ਜਿਸ ਦਾ ਨਾਮ ਸੀ 'ਮੁਸਾਫ਼ਿਰ'। ਇਸ ਫ਼ਿਲਮ ਦੀ ਪਹਿਲੀ ਸਕਰੀਨਿੰਗ ਜੈਪੁਰ ਇੰਟਰਨੈਸ਼ਨਲ ਫ਼ਿਲਮ ਫੈਸਟੀਵਲ ਵਿੱਚ ਹੋਈ ਸੀ ਤੇ ਫ਼ਿਲਮ ਨੇ ਸਰਬੋਤਮ ਵਿਦਿਆਰਥੀ ਲਘੂ ਫ਼ਿਲਮ ਦਾ ਐਵਾਰਡ ਜਿੱਤਿਆ ਸੀ।

ਲਵੀਨਾ ਨੂੰ ਬਚਪਨ ਵਿੱਚ ਹੀ ਫਿਲਮਾਂ ਨਾਲ ਲਗਾ ਹੋ ਗਿਆ ਸੀ

ਤਸਵੀਰ ਸਰੋਤ, baggaloveena

ਤਸਵੀਰ ਕੈਪਸ਼ਨ, ਲਵੀਨਾ ਨੂੰ ਬਚਪਨ ਵਿੱਚ ਹੀ ਫਿਲਮਾਂ ਨਾਲ ਲਗਾ ਹੋ ਗਿਆ ਸੀ

ਪੰਜਾਬੀ ਭਾਸ਼ਾ ਵਿਚ ਬਣਾਈ ਲਘੂ ਫ਼ਿਲਮ 'ਸਹਿਮਤ' ਲਵੀਨਾ ਦਾ ਦੂਜਾ ਪ੍ਰੋਜੈਕਟ ਸੀ, ਜਿਸ ਨੇ ਮੁੰਬਈ ਇੰਟਰਨੈਸ਼ਨਲ ਫ਼ਿਲਮ ਫੈਸਟੀਵਲ, ਦਾਦਾ ਸਾਹਿਬ ਫ਼ਾਲਕੇ ਫ਼ਿਲਮ ਫੈਸਟੀਵਲ ਸਣੇ ਕਈ ਥਾਈਂ ਇਨਾਮ ਜਿੱਤੇ।

ਇਸ ਤੋਂ ਬਾਅਦ ਕਿਸੇ ਜਾਣਕਾਰ ਨੇ ਲਵੀਨਾ ਦਾ ਸੰਪਰਕ ਇੱਕ ਵੱਡੇ ਪੰਜਾਬੀ ਮਨੋਰੰਜਨ ਟੈਲੀਵਿਜ਼ਨ ਚੈਨਲ ਨਾਲ ਕਰਵਾਇਆ, ਜਿੱਥੋਂ ਉਨ੍ਹਾਂ ਨੂੰ ਇੱਕ ਟੈਲੀਫਿਲਮ ਬਣਾਉਣ ਲਈ ਪੇਸ਼ਕਸ਼ ਆਈ। ਇਸ ਟੈਲੀਫਿਲਮ ਦਾ ਨਾਮ ਸੀ 'ਇਸ਼ਕ ਬਸੇਰਾ', ਜੋ ਕਿ ਟੈਲੀਵਿਜ਼ਨ 'ਤੇ ਰਿਲੀਜ਼ ਹੋਈ ਸੀ।

ਫਿਰ ਇਸੇ ਚੈਨਲ 'ਤੇ ਲਵੀਨਾ ਨੂੰ ਇੱਕ ਹੋਰ ਫ਼ਿਲਮ ਡਾਇਰੈਕਟ ਕਰਨ ਦਾ ਮੌਕਾ ਮਿਲਿਆ, ਜਿਸ ਦਾ ਨਾਮ ਸੀ 'ਹੌਲੀਡੇਅ ਵਾਈਫ਼'। ਇਹ ਫ਼ਿਲਮ ਪੰਜਾਬੀ ਅਦਾਕਾਰ ਅਨੀਤਾ ਦੇਵਗਨ ਹੋਰਾਂ ਦੇ ਪ੍ਰੋਡਕਸ਼ਨ ਹਾਊਸ ਹੇਠ ਬਣੀ ਸੀ। ਫਿਰ ਇਸੇ ਚੈਨਲ ਲਈ ਡਾਇਰੈਕਟ ਕੀਤੀ ਤੀਜੀ ਫ਼ਿਲਮ 'ਭੰਬੜ-ਭੂੰ' ਲਵੀਨਾ ਬੱਗਾ ਦੇ ਹੀ ਪ੍ਰੋਡਕਸ਼ਨ ਹਾਊਸ ਹੇਠਾਂ ਬਣੀ।

ਲਵੀਨਾ ਕਹਿੰਦੇ ਹਨ, "ਸ਼ੁਰੂਆਤ ਵਿੱਚ ਮੈਂ ਲਘੂ ਫ਼ਿਲਮਾਂ ਹੀ ਬਣਾ ਰਹੀ ਸੀ, ਜੋ ਯੂਟਿਊਬ ਜਾਂ ਫ਼ਿਲਮ ਫੈਸਟੀਵਲਾਂ ਤੱਕ ਸੀਮਤ ਸਨ, ਪਰ ਟੈਲੀਫਿਲਮਾਂ ਨੇ ਮੈਨੂੰ ਇੱਕ ਵੱਡਾ ਪਲੇਟਫ਼ਾਰਮ ਦੇ ਕੇ ਦਰਸ਼ਕਾਂ ਨਾਲ ਜੋੜਿਆ।"

ਲਵੀਨਾ ਹੁਣ ਇੱਕ ਕਹਾਣੀ 'ਤੇ ਕੰਮ ਕਰ ਰਹੇ ਹਨ, ਜਿਸ ਨਾਲ ਉਹ ਕਮਰਸ਼ੀਅਲ ਸਿਨੇਮਾ ਵਿੱਚ ਆਪਣੀ ਸ਼ੁਰੂਆਤ ਕਰਨਗੇ।

ਪ੍ਰੋਡਕਸ਼ਨ ਹਾਊਸ ਬਾਰੇ ਕਿਵੇਂ ਸੋਚਿਆ?

ਲਵੀਨਾ ਬੱਗਾ ਕਹਿੰਦੇ ਹਨ ਕਿ ਭਾਵੇਂ ਉਨ੍ਹਾਂ ਨੇ ਦੂਜੇ ਪ੍ਰੋਡਕਸ਼ਨ ਹਾਊਸਸ ਨਾਲ ਵੀ ਕੰਮ ਕੀਤਾ ਹੈ ਪਰ ਉਹ ਹਮੇਸ਼ਾ ਤੋਂ ਆਪਣਾ ਪ੍ਰੋਡਕਸ਼ਨ ਹਾਊਸ ਚਾਹੁੰਦੀ ਸੀ।

ਲੁਧਿਆਣਾ ਵਿੱਚ ਪ੍ਰੋਡਕਸ਼ਨ ਹਾਊਸ ਬਣਾਉਣ ਦਾ ਇੱਕ ਕਾਰਨ ਲਵੀਨਾ ਇਹ ਵੀ ਦੱਸਦੇ ਹਨ, "ਇੱਥੋਂ ਬਹੁਤ ਸਾਰੇ ਕਾਰੋਬਾਰੀ ਐਡ ਫਿਲਮਜ਼ ਬਣਾਉਣ ਲਈ ਮੁੰਬਈ ਜਾਂਦੇ ਹਨ, ਮੈਂ ਸੋਚਿਆ ਕਿਉਂ ਨਾ ਉਹੀ ਸਹੂਲਤ ਉਨ੍ਹਾਂ ਨੂੰ ਇੱਥੇ ਮਿਲ ਜਾਵੇ ਜਿਸ ਨਾਲ ਲੁਧਿਆਣਾ ਅਤੇ ਇਸ ਦੇ ਨੇੜਲੇ ਇਲਾਕੇ ਵਿਚ ਰਹਿੰਦੇ ਹੁਨਰਮੰਦ ਕਰਿਊ ਨੂੰ ਵੀ ਕੰਮ ਮਿਲੇਗਾ।"

ਲਵੀਨਾ ਨੂੰ ਪਹਿਲੀ ਲਘੂ ਫਿਲਮ ਲਈ ਐਵਾਰਡ ਵੀ ਮਿਲਿਆ ਹੈ

ਤਸਵੀਰ ਸਰੋਤ, baggaloveena

ਤਸਵੀਰ ਕੈਪਸ਼ਨ, ਲਵੀਨਾ ਨੂੰ ਪਹਿਲੀ ਲਘੂ ਫਿਲਮ ਲਈ ਐਵਾਰਡ ਵੀ ਮਿਲਿਆ ਹੈ

ਲਵੀਨਾ ਨੇ ਇਹ ਵੀ ਦੱਸਿਆ ਕਿ ਜਦੋਂ ਉਸ ਦੀ ਗ੍ਰੈਜੂਏਸ਼ਨ ਪੂਰੀ ਹੋ ਰਹੀ ਸੀ ਤਾਂ ਓਟੀਟੀ ਪਲੇਟਫ਼ਾਰਮ ਤਰੱਕੀ ਕਰ ਰਹੇ ਸਨ। ਮਨੋਰੰਜਨ ਜਗਤ ਦੇ ਇਸ ਨਵੇਂ ਟਰੈਂਡ ਨੂੰ ਦੇਖਦਿਆਂ ਲਵੀਨਾ ਨੂੰ ਅਹਿਸਾਸ ਹੋਇਆ ਕਿ ਮਨੋਰੰਜਨ ਜਗਤ ਹੁਣ ਸਿਰਫ਼ ਮੁੰਬਈ ਜਾਂ ਚੰਡੀਗੜ੍ਹ-ਮੋਹਾਲੀ ਤੱਕ ਸੀਮਤ ਨਹੀਂ ਰਹੇਗਾ। ਲਵੀਨਾ ਨੇ ਪ੍ਰੋਡਕਸ਼ਨ ਹਾਊਸ ਦੀ ਸ਼ੁਰੂਆਤ ਲਈ ਇਸ ਨਵੇਂ ਟਰੈਂਡ ਨੂੰ ਵੀ ਮੌਕੇ ਵਜੋਂ ਵੇਖਿਆ।

ਲਵੀਨਾ ਦੱਸਦੇ ਹਨ ਕਿ ਭਾਵੇਂ ਉਨ੍ਹਾਂ ਦਾ ਪਰਿਵਾਰ ਆਰਥਿਕ ਪੱਖੋਂ ਚੰਗਾ ਹੈ, ਪਰ ਉਨ੍ਹਾਂ ਨੇ ਫ਼ਿਲਮਾਂ ਬਣਾਉਣ ਲਈ ਕਦੇ ਵੀ ਆਪਣੇ ਮਾਪਿਆਂ ਤੋਂ ਵਿੱਤੀ ਸਹਾਇਤਾ ਨਹੀਂ ਮੰਗੀ। ਲਵੀਨਾ ਨੇ ਦੱਸਿਆ ਕਿ ਉਸ ਨੇ ਆਪਣੀਆਂ ਸ਼ੁਰੂਆਤੀ ਲਘੂ ਫ਼ਿਲਮਾਂ ਫ਼ੋਨ ਅਤੇ ਛੋਟੇ ਕੈਮਰਿਆਂ ਨਾਲ ਫਿਲਮਾਈਆਂ।

ਲਵੀਨਾ ਨੇ ਦੱਸਿਆ ਕਿ ਉਨ੍ਹਾਂ ਨੇ ਬੱਚਿਆਂ ਦੀਆਂ ਡਾਂਸ, ਫੋਟੋਗ੍ਰਾਫੀ ਵਗੈਰਾ ਸਿਖਾ ਕੇ ਤੇ ਈਵੈਂਟ ਮੈਨੇਜਮੈਂਟ ਕਰਕੇ ਕਮਾਏ ਪੈਸੇ ਵੀ ਆਪਣੀਆਂ ਲਘੂ ਫ਼ਿਲਮਾਂ ਬਣਾਉਣ ਲਈ ਵਰਤੇ ਹਨ। ਇਸੇ ਤਰ੍ਹਾਂ ਪ੍ਰੋਡਕਸ਼ਨ ਹਾਊਸ ਦੀ ਸ਼ੁਰੂਆਤ ਵੀ ਲਵੀਨਾ ਨੇ ਐਡ ਫ਼ਿਲਮ ਤੋਂ ਮਿਲੀ ਰਕਮ ਨਾਲ ਕੀਤੀ।

ਉਹ ਕਹਿੰਦੇ ਹਨ, "ਮੇਰੀ ਕਾਰੋਬਾਰੀ ਸੋਚ ਰਹੀ ਹੈ ਕਿ ਇੱਕ ਥਾਂ ਤੋਂ ਪੈਸੇ ਕਮਾ ਕੇ ਦੂਜੀ ਥਾਂ ਲਗਾ ਲਓ, ਦੂਜੀ ਥਾਂ ਤੋਂ ਕਮਾ ਕੇ ਤੀਜੀ ਥਾਂ ਲਗਾ ਲਓ।"

"ਇੱਕ ਕੁੜੀ ਵਜੋਂ ਚੁਣੌਤੀਆਂ ਤਾਂ ਹੁੰਦੀਆਂ ਹਨ"

ਲਵੀਨਾ ਬੱਗਾ ਕਹਿੰਦੇ ਹਨ ਕਿ ਉਸ ਦੇ ਪਰਿਵਾਰ ਨੇ ਹਮੇਸ਼ਾ ਉਸ ਨੂੰ ਕੰਮ ਵਿੱਚ ਸਹਿਯੋਗ ਦਿੱਤਾ ਹੈ ਪਰ ਕੁੜੀ ਹੋਣ ਦੇ ਨਾਤੇ ਸ਼ੁਰੂਆਤ ਵਿੱਚ ਪਰਿਵਾਰ ਨੂੰ ਉਸ ਦੇ ਦੇਰੀ ਨਾਲ ਘਰ ਆਉਣ ਦੀ ਚਿੰਤਾ ਰਹਿੰਦੀ ਸੀ।

ਲਵੀਨਾ ਨੇ ਦੱਸਿਆ, "ਸਾਡੇ ਕੰਮ ਵਿੱਚ ਘਰ ਪਰਤਣ ਦਾ ਕੋਈ ਪੱਕਾ ਸਮਾਂ ਨਹੀਂ ਹੈ, ਸ਼ੁਰੂਆਤ ਵਿੱਚ ਮਾਪੇ ਦੇਰੀ ਨਾਲ ਘਰ ਪਰਤਣ ਨੂੰ ਲੈ ਕੇ ਚਿੰਤਾ ਕਰਦੇ ਸੀ। ਪਰ ਹੌਲੀ-ਹੌਲੀ ਮੈਂ ਆਪਣੀ ਕਾਰ ਲਈ ਤਾਂ ਕਿ ਸੁਰੱਖਿਅਤ ਘਰ ਪਰਤਿਆ ਜਾਵੇ। ਸਾਡੇ ਕੰਮ ਵਿੱਚ ਕਈ ਵਾਰ ਸਾਨੂੰ ਅਜਿਹੀਆਂ ਥਾਵਾਂ 'ਤੇ ਸ਼ੂਟ ਕਰਨਾ ਪੈਂਦਾ ਹੈ, ਜੋ ਸੁਰੱਖਿਅਤ ਮਹਿਸੂਸ ਨਹੀਂ ਹੁੰਦੀਆਂ ਜਾਂ ਦੇਰ ਰਾਤ ਨੂੰ ਸਫਰ ਕਰਨਾ ਪੈਂਦਾ ਹੈ, ਇੱਕ ਕੁੜੀ ਵਜੋਂ ਇਹ ਚੁਣੌਤੀਆਂ ਤਾਂ ਰਹਿੰਦੀਆਂ ਹਨ।"

ਲਵੀਨਾ

ਤਸਵੀਰ ਸਰੋਤ, baggaloveena

ਲਵੀਨਾ ਇਹ ਵੀ ਕਹਿੰਦੇ ਹਨ ਕਿ ਇੰਡਸਟਰੀ ਵਿੱਚ ਕਈ ਲੋਕ ਹਨ ਜੋ ਤੁਹਾਡੇ ਕੰਮ ਨੂੰ ਪਸੰਦ ਕਰਦੇ ਹਨ ਪਰ ਕਈ ਲੋਕ ਸਿਰਫ਼ ਇਸੇ ਲਈ ਤੁਹਾਡੇ ਕੰਮ ਨੂੰ ਗੰਭੀਰਤਾ ਨਾਲ ਨਹੀਂ ਲੈਂਦੇ ਕਿਉਂਕਿ ਤੁਸੀਂ ਇੱਕ ਕੁੜੀ ਹੋ।

ਉਹ ਮਹਿਸੂਸ ਕਰਦੇ ਹਨ ਕਿ ਪੰਜਾਬ ਵਿੱਚ ਕੈਮਰੇ ਦੇ ਪਿੱਛੇ ਕੰਮ ਕਰਨ ਵਾਲੀਆਂ ਕੁੜੀਆਂ ਦੀ ਗਿਣਤੀ ਮੁੰਡਿਆਂ ਦੇ ਮੁਕਾਬਲੇ ਬੇਹੱਦ ਘੱਟ ਹੈ ਕਿਉਂਕਿ ਕੁੜੀਆਂ ਖੁਦ ਵੀ ਕੈਮਰੇ ਪਿੱਛੇ ਕੰਮ ਕਰਨ ਵਿੱਚ ਘੱਟ ਰੁਚੀ ਦਿਖਾਉਂਦੀਆਂ ਹਨ ਅਤੇ ਮਾਪੇ ਵੀਰਾਜ਼ੀ ਨਹੀਂ ਹੁੰਦੇ।

ਉਹ ਉਮੀਦ ਕਰਦੇ ਹਨ ਕਿ ਭਵਿੱਖ ਵਿੱਚ ਇਹ ਅਨੁਪਾਤ ਬਿਹਤਰ ਹੋਏਗਾ ਤਾਂ ਕਿ ਅਸੀਂ ਮਹਿਲਾ ਡਾਇਰੈਕਟਰ ਜਾਂ ਮਹਿਲਾ ਪ੍ਰੋਡਿਊਸਰ ਦੀ ਬਜਾਏ ਸਿਰਫ਼ ਡਾਇਰੈਕਟਰ, ਪ੍ਰੋਡਿਊਸਰ ਕਹਿ ਕੇ ਸੰਬੋਧਨ ਕਰੀਏ।

ਲਵੀਨਾ ਮੁਤਾਬਕ ਉਹ ਹਮੇਸ਼ਾ ਕੋਸ਼ਿਸ਼ ਕਰਦੇ ਹਨ ਕਿ ਆਪਣੀ ਟੀਮ ਵਿੱਚ ਵੱਧ ਤੋਂ ਵੱਧ ਕੁੜੀਆਂ ਨੂੰ ਮੌਕਾ ਦੇਵੇ ਕਿਉਂਕਿ ਇਸ ਨਾਲ ਕੰਮ ਵੇਲੇ ਮਾਹੌਲ ਵਧੇਰੇ ਸੰਵੇਦਨਸ਼ੀਲ ਅਤੇ ਜ਼ਿੰਮੇਵਾਰੀ ਵਾਲਾ ਰਹਿੰਦਾ ਹੈ।

ਜਦੋਂ ਵੀ ਮੇਰਾ ਨਾਮ ਚਮਕੇ..

ਲਵੀਨਾ ਬੱਗਾ ਮਹਿਸੂਸ ਕਰਦੇ ਹਨ ਕਿ ਜਦੋਂ ਉਹ ਆਪਣੇ ਪ੍ਰੋਡਕਸ਼ਨ ਹਾਊਸ ਦੀ ਦਸਵੀਂ ਵਰ੍ਹੇਗੰਢ ਮਨਾ ਰਹੇ ਹੋਣਗੇ ਤਾਂ ਉਸ ਦੇ ਪੋਰਟਫੋਲੀਓ ਵਿੱਚ ਕੁਝ ਕਮਰਸ਼ੀਅਲ ਪੰਜਾਬੀ ਫ਼ਿਲਮਾਂ ਹੋਣਗੀਆਂ, ਘੱਟੋ-ਘੱਟ ਇੱਕ ਹਿੰਦੀ ਫ਼ਿਲਮ ਹੋਏਗੀ। ਉਹ ਕਹਿੰਦੇ ਹਨ, "ਸ਼ਾਇਦ ਉਸ ਵੇਲੇ ਹੋਰ ਕੁੜੀਆਂ ਮੈਨੂੰ ਦੇਖ ਕੇ ਪ੍ਰੇਰਿਤ ਹੋਣਗੀਆਂ।"

ਉਹ ਕਹਿੰਦੇ ਹਨ, "ਹੁਣ ਮੈਂ 26 ਸਾਲ ਦੀ ਹਾਂ। ਮੈਂ ਸੱਚਮੁਚ ਮਹਿਸੂਸ ਕਰਦੀ ਹਾਂ ਕਿ ਜਦੋਂ 30 ਸਾਲ ਦੀ ਹੋਵਾਂਗੀ ਉਦੋਂ ਮੇਰਾ ਕੰਮ ਹਿੰਦੀ ਇੰਡਸਟਰੀ ਵਿੱਚ ਵੀ ਛਾਇਆ ਹੋਏਗਾ। ਬਾਕੀ ਜੋ ਰੱਬ ਮੇਰੇ ਸਾਹਮਣੇ ਲਿਆਵੇਗਾ ਮੈਂ ਉਸ ਨੂੰ ਸਵੀਕਾਰ ਕਰਾਂਗੀ"

ਅਖੀਰ ਵਿੱਚ ਲਵੀਨਾ ਨੇ ਕਿਹਾ ਕਿ ਉਹ ਬੰਬੇ ਜਾ ਕੇ ਛੇਤੀ ਸਫਲ ਹੋਣ ਦੀ ਬਜਾਏ ਲੁਧਿਆਣਾ ਵਿੱਚ ਆਪਣੇ ਪਰਿਵਾਰ ਨਾਲ ਰਹਿ ਕੇ ਹੀ ਕੰਮ ਨੂੰ ਅੱਗੇ ਵਧਾਉਣਾ ਚਾਹੁੰਦੀ ਹੈ । ਉਨ੍ਹਾਂ ਨੇ ਕਿਹਾ, "ਜਦੋਂ ਵੀ ਮੇਰਾ ਨਾਮ ਕਮਰਸ਼ੀਅਲ ਸਿਨੇਮਾ ਵਿੱਚ ਚਮਕੇ, ਮੈਂ ਚਾਹੁੰਦੀ ਹਾਂ ਕਿ ਮਾਣ ਨਾਲ ਚਮਕੇ।"

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)