ਆਂਡੇ ਨੂੰ ਉਬਾਲਣ ਦਾ ਸਹੀ ਤਰੀਕਾ ਕਿਹੜਾ ਹੈ, ਕੀ ਤੁਸੀਂ ਵੀ ਇਹ ਵਾਲੀ ਗਲਤੀ ਤਾਂ ਨਹੀਂ ਕਰ ਰਹੇ

ਤਸਵੀਰ ਸਰੋਤ, Getty Images
- ਲੇਖਕ, ਜੈਸਮੀਨ ਫੌਕਸ ਸਕੇਲੀ
- ਰੋਲ, ਬੀਬੀਸੀ ਪੱਤਰਕਾਰ
ਵਿਗਿਆਨੀਆਂ ਨੇ ਆਂਡੇ ਨੂੰ ਉਬਾਲਣ ਦਾ ਸਭ ਤੋਂ ਸਹੀ ਤਰੀਕਾ ਲੱਭ ਲਿਆ ਹੈ। ਹੈਰਾਨੀ ਵਾਲੀ ਗੱਲ ਸਾਹਮਣੇ ਇਹ ਆਈ ਹੈ ਕਿ ਇਸ ਵਿੱਚ ਸਿਰਫ ਅੱਧਾ ਘੰਟਾ ਲੱਗਦਾ ਹੈ।
ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਇੱਕ ਸਹੀ ਤਰੀਕੇ ਨਾਲ ਆਂਡੇ ਨੂੰ ਉਬਾਲਣਾ ਬੇਹੱਦ ਮੁਸ਼ਕਲ ਭਰਿਆ ਕੰਮ ਹੈ।
ਜਦੋਂ ਤੁਸੀਂ ਆਂਡੇ ਦਾ ਛਿਲਕਾ ਉਤਾਰਦੇ ਹੋ ਅਤੇ ਉਮੀਦ ਕਰਦੇ ਹੋ ਕਿ ਅੰਦਰ ਦਾ ਪੀਲਾ ਹਿੱਸਾ ਨਰਮ ਹੋਵੇਗਾ, ਜਿਸ ਨਾਲ ਤੁਹਾਡਾ ਟੋਸਟ ਹੋਰ ਵੀ ਸੁਆਦ ਬਣ ਜਾਵੇਗਾ।
ਪਰ ਇਸ ਦੀ ਬਜਾਏ ਜੇ ਪੀਲਾ ਹਿੱਸਾ ਸੁੱਕਾ ਅਤੇ ਖਿੰਡਿਆ ਹੋਇਆ ਨਿਕਲਦਾ ਹੈ ਅਤੇ ਉਸ ਤੋਂ ਵੀ ਬੁਰਾ ਆਂਡਾ ਅੱਧਾ ਪੱਕਾ ਰਹਿ ਜਾਂਦਾ ਹੈ ਤਾਂ ਫਿਰ ਨਾਸ਼ਤਾ ਕਈ ਵਾਰ ਨਿਰਾਸ਼ਾਜਨਕ ਹੋ ਸਕਦਾ ਹੈ।
ਕਿੰਨੇ ਤਰੀਕਿਆਂ ਨਾਲ ਆਂਡੇ ਨੂੰ ਪਕਾਇਆ ਜਾ ਸਕਦਾ ਹੈ
ਸਮੱਸਿਆ ਇਹ ਹੈ ਕਿ ਆਂਡੇ ਦਾ ਪੀਲਾ ਹਿੱਸਾ ਅਤੇ ਐਲਬੂਮੇਨ (ਆਂਡੇ ਦਾ ਚਿੱਟਾ ਹਿੱਸਾ) ਦੋਵੇਂ ਵੱਖ-ਵੱਖ ਤਾਪਮਾਨਾਂ ਉੱਪਰ ਪਕਾਏ ਜਾਂਦੇ ਹਨ।
ਪੀਲੇ ਹਿੱਸੇ ਨੂੰ ਪਕਣ ਲਈ 65 ਡਿਗਰੀ ਸੈਲਸੀਅਸ (149 ਫਾਰਨਹਾਈਟ) ਤਾਪਮਾਨ ਦੀ ਲੋੜ ਹੁੰਦੀ ਹੈ, ਜਦਕਿ ਐਲਬੂਮੇਨ ਨੂੰ ਇਸ ਤੋਂ ਥੋੜ੍ਹਾ ਜ਼ਿਆਦਾ 85C (185F) ਤਾਪਮਾਨ ਦੀ ਲੋੜ ਹੁੰਦੀ ਹੈ।

ਇਸ ਲਈ ਰਵਾਇਤੀ ਤਰੀਕੇ ਨਾਲ ਪਕਾਉਣ 'ਤੇ ਪੀਲੇ ਹਿੱਸੇ ਅਤੇ ਐਲਬੂਮੇਨ ਦੇ ਲਈ ਦੋ ਵੱਖ-ਵੱਖ ਤਾਪਮਾਨਾਂ ਵਿਚਾਲੇ ਸੰਤੁਲਨ ਬਣਾਉਣਾ ਮੁਸ਼ਕਲ ਹੁੰਦਾ ਹੈ।
ਜੇਕਰ ਆਂਡੇ ਨੂੰ 100C (212 ਫੈਰਨਹਾਈਟ) 'ਤੇ ਉਬਾਲਿਆ ਜਾਵੇ, ਤਾਂ ਉਸਦਾ ਚਿੱਟਾ ਹਿੱਸਾ ਚੰਗੀ ਤਰ੍ਹਾਂ ਪੱਕ ਜਾਂਦਾ ਹੈ ਤੇ ਮੁਲਾਇਮ ਹੋ ਜਾਂਦਾ ਹੈ।
ਹਾਲਾਂਕਿ ਪੀਲਾ ਹਿੱਸਾ ਪੂਰੀ ਤਰ੍ਹਾਂ ਸਖ਼ਤ ਹੋ ਜਾਂਦਾ ਹੈ। ਜੇ ਤੁਸੀਂ ਇਸ ਤਰ੍ਹਾਂ ਦਾ ਆਂਡਾ ਖਾਣਾ ਪਸੰਦ ਕਰਦੇ ਹੋ ਫਿਰ ਤਾਂ ਠੀਕ ਹੈ ਪਰ ਜੇ ਤੁਸੀਂ ਪੀਲਾ ਹਿੱਸਾ ਨਰਮ ਖਾਣਾ ਪਸੰਦ ਕਰਦੇ ਹੋ ਤਾਂ ਇਹ ਤਰੀਕਾ ਤੁਹਾਡੇ ਲਈ ਸਹੀ ਨਹੀਂ ਹੈ।
ਆਂਡੇ ਨੂੰ ਉਬਾਲਣ ਦੀ ਇੱਕ ਹੋਰ ਵਿਧੀ ਵੀ ਹੈ, ਜਿਸ ਨੂੰ ਸੂ ਵਿਡੇ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਇਸ ਵਿੱਚ ਆਂਡੇ ਨੂੰ ਪਾਣੀ ਵਿੱਚ ਇੱਕ ਘੰਟੇ ਲਈ 60 ਅਤੇ 70ਸੀ (140-158ਐੱਫ) ਦੇ ਤਾਪਮਾਨ ਵਿਚਾਲੇ ਰੱਖਣਾ ਸ਼ਾਮਲ ਹੈ।
ਇਸ ਨਾਲ ਪੀਲਾ ਹਿੱਸਾ ਨਰਮ ਬਣ ਜਾਂਦਾ ਹੈ ਅਤੇ ਐਮਬੂਮੇਨ ਪੂਰੀ ਤਰ੍ਹਾਂ ਨਾਲ ਨਹੀਂ ਪੱਕਦਾ ਅਤੇ ਗਿੱਲਾ ਰਹਿੰਦਾ ਹੈ।
ਪਰ ਚਿੰਤਾ ਨਾ ਕਰੋ, ਖੋਜਕਾਰਾਂ ਨੇ ਹੁਣ ਆਂਡੇ ਨੂੰ ਉਬਾਲਣ ਦਾ ਸਹੀ ਤਰੀਕਾ ਲੱਭ ਲਿਆ ਹੈ। ਇਸ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਇਸਦਾ ਨਤੀਜਾ ਸਿਰਫ ਸਵਾਦ ਹੀ ਨਹੀਂ ਬਲਕਿ ਸਿਹਤ ਲਈ ਵੀ ਲਾਭਦਾਇਕ ਹੈ।
ਵਿਗਿਆਨਿਕਾਂ ਦਾ ਆਂਡਾ ਉਬਾਲਣ ਦਾ ਸਹੀ ਤਰੀਕਾ ਕੀ ਹੈ
ਇਟਲੀ ਦੇ ਪੋਜ਼ੁਓਲੀ ਵਿੱਚ ਨੈਸ਼ਨਲ ਰਿਸਰਚ ਕੌਂਸਲ ਦੇ ਵਿਗਿਆਨੀ ਪੇਲੇਗ੍ਰਿਨੋ ਮੁਸਟੋ ਦੀ ਅਗਵਾਈ ਵਿੱਚ ਖੋਜਕਾਰ ਨਵੀਂ ਖੋਜ ਵਿੱਚ ਸਭ ਤੋਂ ਪਹਿਲਾਂ ਕੰਪਿਊਟਰ ਦੀ ਮਦਦ ਨਾਲ ਇਹ ਸਮਝਣ ਦੀ ਕੋਸ਼ਿਸ਼ ਕੀਤੀ ਕਿ ਆਂਡਾ ਪਕਾਉਣ ਦੀ ਪ੍ਰਕਿਰਿਆ ਕਿਵੇਂ ਕੰਮ ਕਰਦੀ ਹੈ।

ਤਸਵੀਰ ਸਰੋਤ, Getty Images
ਉਨ੍ਹਾਂ ਨੇ ਇਸ ਦੇ ਲਈ ਇੱਕ ਤਕਨੀਕ ਦਾ ਇਸਤੇਮਾਲ ਕੀਤਾ, ਜਿਸ ਨੂੰ ਕੰਪਿਊਟੇਸ਼ਨਲ ਫਲੁਇਡ ਡਾਇਨੇਮਿਕਸ (ਸੀਐੱਫਡੀ) ਕਿਹਾ ਜਾਂਦਾ ਹੈ।
ਸੀਐੱਫਡੀ ਇੱਕ ਤਕਨੀਕ ਹੈ, ਜਿਸ ਵਿੱਚ ਕੰਪਿਊਟਰ ਦੀ ਮਦਦ ਨਾਲ ਇਹ ਪਤਾ ਲਗਾਇਆ ਜਾਂਦਾ ਹੈ ਕਿ ਤਰਲ ਪਦਾਰਥ ਅਤੇ ਗੈਸਾਂ ਕਿਵੇਂ ਵਹਿੰਦੀਆਂ ਹਨ। ਇਹ ਪ੍ਰਕਿਰਿਆ ਕੁਝ ਵਿਗਿਆਨਿਕ ਨਿਯਮਾਂ ਉੱਪਰ ਆਧਾਰਿਤ ਹੁੰਦੀਆਂ ਹਨ, ਜਿਵੇਂ ਪੁੰਜ, ਗਤੀ ਅਤੇ ਊਰਜਾ ਦਾ ਸੰਤੁਲਨ।
ਇਸ ਖੋਜ ਵਿੱਚ ਵਿਗਿਆਨੀਆਂ ਨੂੰ ਆਂਡਾ ਪਕਾਉਣ ਦਾ ਇੱਕ ਨਵਾਂ ਤਰੀਕਾ ਮਿਲਿਆ, ਜੋ ਜ਼ਿਆਦਾਤਰ ਸ਼ੈੱਫ ਅਤੇ ਘਰੇਲੂ ਰਸੋਈਏ ਦੇ ਲਈ ਨਵਾਂ ਹੋ ਸਕਦਾ ਹੈ ਪਰ ਇਸ ਦੇ ਨਤੀਜੇ ਬਿਹਤਰ ਹੋ ਸਕਦੇ ਹਨ।
ਇਸ ਤਕਨੀਕ ਨੂੰ ਪੀਰਿਓਡਿਕ ਕੁਕਿੰਗ ਕਿਹਾ ਜਾਂਦਾ ਹੈ। ਇਸ ਵਿੱਚ ਆਂਡੇ ਨੂੰ ਪਹਿਲਾਂ ਉਬਲਦੇ ਪਾਣੀ ਨੂੰ 100ਸੀ (212ਐੱਫ) 'ਤੇ ਰੱਖਿਆ ਜਾਂਦਾ ਹੈ ਅਤੇ ਫਿਰ ਹਲਕੇ ਗੁਣਗੁਣੇ ਪਾਣੀ (30ਸੀ (86ਐੱਫ) 'ਤੇ ਰੱਖਿਆ ਜਾਂਦਾ ਹੈ।
ਵਧੀਆ ਨਤੀਜੇ ਲੈਣ ਲਈ ਆਂਡੇ ਨੂੰ ਹਰ ਦੋ ਮਿੰਟ ਵਿੱਚ ਦੋਵਾਂ ਤਾਪਮਾਨਾਂ ਵਿਚਾਲੇ ਬਦਲਣਾ ਪੈਂਦਾ ਹੈ ਅਤੇ ਇਹ ਪ੍ਰਕਿਰਿਆ ਕੁੱਲ 32 ਮਿੰਟ ਤੱਕ ਚਲਦੀ ਹੈ। ਇਸ ਲਈ ਇਹ ਤਰੀਕਾ ਉਨ੍ਹਾਂ ਲਈ ਸਹੀ ਨਹੀਂ ਹੈ, ਜੋ ਆਂਡੇ ਨੂੰ ਉਬਲਣ ਲਈ ਛੱਡ ਕੇ ਹੋਰ ਕੰਮਾਂ ਵਿੱਚ ਰੁਝ ਜਾਂਦੇ ਹਨ।
ਹਾਲਾਂਕਿ ਜੇ ਤੁਸੀਂ ਕੋਸ਼ਿਸ਼ ਕਰਨ ਲਈ ਤਿਆਰ ਹੋ ਤਾਂ ਤੁਹਾਨੂੰ ਚੰਗਾ ਲਾਭ ਮਿਲੇਗਾ।

ਤਸਵੀਰ ਸਰੋਤ, Getty Images
ਜਦੋਂ ਵਿਗਿਆਨੀਆਂ ਨੇ ਅਸਲ ਜੀਵਨ ਵਿੱਚ ਨਵੀਂ ਵਿਧੀ ਨੂੰ ਅਜ਼ਮਾਇਆ ਤਾਂ ਉਨ੍ਹਾਂ ਦੇਖਿਆ ਕਿ ਆਂਡੇ ਦਾ ਸਵਾਦ ਅਤੇ ਬਣਾਵਟ ਬਿਹਤਰੀਨ ਹੋ ਜਾਂਦੀ ਹੈ।
ਉਨ੍ਹਾਂ ਨੇ ਨਿਊਕਲੀਅਰ ਮੈਗਰੇਟਿਕ ਰੇਜੋਨੇਂਸ (ਐਨਐਮਆਰ) ਅਤੇ ਹਾਈ-ਰੈਜ਼ੋਲਿਊਸ਼ਨ ਮਾਸ ਸਪੇਕਟਰੋਮੇਟਰੀ (ਐਚਆਰਐਮਐਸ) ਵਰਗੀਆਂ ਉੱਚ ਤਕਨੀਕਾਂ ਦਾ ਉਪਯੋਗ ਕਰ ਕੇ ਆਂਡੇ ਦੀ ਬਣਾਵਟ, ਸਵਾਦ ਅਤੇ ਰਸਾਇਣਿਕ ਬਣਤਰ ਦੀ ਜਾਂਚ ਕੀਤੀ।
ਨਤੀਜੇ ਦਰਸਾਉਂਦੇ ਹਨ ਕਿ ਇਸ ਤਰੀਕੇ ਨਾਲ ਪਕਾਏ ਗਏ ਆਂਡੇ ਦੀ ਜਰਦੀ ਸੂ ਵਾਈਡ ਤਰੀਕੇ ਨਾਲ ਬਣੇ ਆਂਡੇ ਦੇ ਸਮਾਨ ਨਰਮ ਅਤੇ ਕਰੀਮੀ ਬਣੀ ਰਹਿੰਦੀ ਹੈ।
ਹਾਲਾਂਕਿ ਸੂ ਵਾਈਡ ਵਿੱਚ ਪਕਾਏ ਗਏ ਆਂਡਿਆਂ ਦੇ ਉਲਟ ਇਸ ਦਾ ਚਿੱਟਾ ਹਿੱਸਾ ਗਿੱਲਾ ਅਤੇ ਅਧ-ਪੱਕਿਆ ਨਹੀਂ ਸੀ, ਬਲਕਿ ਰਵਾਇਤੀ ਤੌਰ 'ਤੇ ਪਕਾਏ ਆਂਡੇ ਦੀ ਤਰ੍ਹਾਂ ਮੁਲਾਇਮ ਅਤੇ ਸਹੀ ਬਣਾਵਟ ਵਾਲੀ ਸੀ।
ਵਿਗਿਆਨਿਕਾਂ ਦਾ ਮੰਨਣਾ ਹੈ ਕਿ ਅਜਿਹਾ ਇਸ ਲਈ ਹੋਇਆ ਇਸ ਤਰੀਕੇ ਵਿੱਚ ਆਂਡੇ ਦੀ ਸਫੇਦੀ ਦਾ ਤਾਪਮਾਨ 35C (95F) ਅਤੇ 100C (212F) ਦੇ ਵਿਚਕਾਰ ਬਦਲਦਾ ਰਹਿੰਦਾ ਹੈ, ਜਦਕਿ ਜਰਦੀ ਦਾ ਤਾਪਮਾਨ ਸਥਿਰ ਰੂਪ ਨਾਲ 67C (153F) ਬਣਿਆ ਰਹਿੰਦਾ ਹੈ।
ਸਭ ਤੋਂ ਦਿਲਚਸਪ ਗੱਲ ਇਹ ਹੈ ਕਿ ਵਿਗਿਆਨੀਆਂ ਨੇ ਦੇਖਿਆ ਹੈ ਕਿ ਪੀਰਿਓਡਿਕ ਕੁਕਿੰਗ ਦੇ ਤਰੀਕੇ ਨਾਲ ਪਕਾਏ ਗਏ ਆਂਡਿਆਂ ਦੇ ਪੀਲੇ ਹਿੱਸੇ ਵਿੱਚ ਹੋਰ ਤਰੀਕਿਆਂ ਨਾਲ ਪਕਾਏ ਗਏ ਆਂਡਿਆਂ ਦੀ ਤੁਲਨਾ ਵਿੱਚ ਜ਼ਿਆਦਾ ਪੌਲੀਫੇਨੋਲਸ ਹੁੰਦਾ ਹੈ।
ਪੌਲੀਫੇਨੋਲ ਅਜਿਹੇ ਸੂਖਮ ਪੌਸ਼ਟਿਕ ਤੱਤਾਂ ਦਾ ਇੱਕ ਸਮੂਹ ਹੁੰਦਾ ਹੈ, ਜੋ ਜ਼ਿਆਦਾਤਰ ਪੌਦਿਆਂ ਵਿੱਚ ਪਾਇਆ ਜਾਂਦਾ ਹੈ ਅਤੇ ਸਿਹਤ ਲਈ ਲਾਭਦਾਇਕ ਮੰਨਿਆ ਜਾਂਦਾ ਹੈ।
ਇਹ ਤੱਤ ਐਂਟੀਆਕਸੀਡੈਂਟ ਅਤੇ ਸੋਜ ਨੂੰ ਘੱਟ ਕਰਨ ਲਈ ਜਾਣੇ ਜਾਂਦੇ ਹਨ।
ਪੌਦੇ ਇਨ੍ਹਾਂ ਨੂੰ ਖੁਦ ਨੂੰ ਸੂਰਜ ਦੀਆਂ ਕਿਰਨਾਂ, ਸੋਕੇ ਜਾਂ ਕੀੜੇ-ਮਕੌੜਿਆਂ ਤੋਂ ਬਚਾਉਣ ਲਈ ਬਣਾਉਂਦੇ ਹਨ।
ਹਾਲਾਂਕਿ, ਖੋਜ ਦਰਸਾਉਂਦੀ ਹੈ ਕਿ ਇਹ ਮਨੁੱਖਾਂ ਨੂੰ ਵੀ ਲਾਭ ਪਹੁੰਚਾ ਸਕਦੇ ਹਨ।
ਉਦਾਹਰਣ ਲਈ ਕਈ ਅਧਿਐਨਾਂ ਤੋਂ ਪਤਾ ਲੱਗਦਾ ਹੈ ਕਿ ਜੇ ਸਾਡੇ ਖਾਣੇ ਵਿੱਚ ਪੌਲੀਫੇਨੌਲ ਦੀ ਮਾਤਰਾ ਜ਼ਿਆਦਾ ਹੋਵੇ ਤਾਂ ਇਹ ਦਿਲ ਦੇ ਰੋਗ, ਕੁਝ ਪ੍ਰਕਾਰ ਦੇ ਕੈਂਸਰ ਅਤੇ ਦਿਮਾਗ ਨਾਲ ਜੁੜੀਆਂ ਬਿਮਾਰੀਆਂ ਦਾ ਖਤਰਾ ਘੱਟ ਕਰ ਸਕਦਾ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












