ਜਾਣੋ ਅਚਾਰ, ਦਹੀ-ਲੱਸੀ, ਇਡਲੀ ਤੁਹਾਡੇ ਸਰੀਰ ਵਿੱਚ ਕੀ ਤਬਦੀਲੀਆਂ ਲਿਆਉਂਦੇ ਹਨ

ਇਡਲੀ ਸਾਂਬਰ ਅਤੇ ਨਾਰੀਅਲ ਦੀ ਚਟਨੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਭਾਰਤ ਵਿੱਚ ਫਰਮੈਂਟ ਕਰਕੇ ਪਕਵਾਨ ਅਤੇ ਹੋਰ ਚੀਜ਼ਾਂ ਬਣਾਉਣ ਦੀ ਪ੍ਰਾਚੀਨ ਅਤੇ ਅਮੀਰ ਪ੍ਰੰਪਰਾ ਹੈ

ਫਰਮੈਂਟ ਕੀਤੇ ਹੋਏ ਭੋਜਨ ਪ੍ਰਾਚੀਨ ਸਮੇਂ ਤੋਂ ਹੀ ਮਨੁੱਖੀ ਖੁਰਾਕ ਦਾ ਹਿੱਸਾ ਰਹੇ ਹਨ। ਲੇਕਿਨ ਹੁਣ ਸਾਇੰਸਦਾਨ ਵੀ ਸਾਡੀ ਸਿਹਤ ਨੂੰ ਇਨ੍ਹਾਂ ਦੇ ਫਾਇਦਿਆਂ ਬਾਰੇ ਦੱਸਣਾ ਸ਼ੁਰੂ ਕਰ ਰਹੇ ਹਨ।

ਲੱਸੀ, ਇਡਲੀ-ਡੋਸਾ, ਢੋਕਲਾ, ਪਨੀਰ, ਅਚਾਰ, ਮੁਰੱਬੇ, ਦਹੀਂ, ਯੋਗਰਟ, ਆਦਿ ਇਹ ਸਾਰਾ ਕੁਝ, ਫਰਮੈਂਟਿਡ ਭੋਜਨ ਪਦਾਰਥਾਂ ਦੀਆਂ ਮਿਸਾਲਾਂ ਹਨ। ਭਾਵ ਖਮੀਰ ਦੇ ਕੇ ਤਿਆਰ ਕੀਤੇ ਭੋਜਨ ਪਦਾਰਥ।

ਫਰਮੈਂਟੇਸ਼ਨ ਦੀ ਵਰਤੋਂ ਮਨੁੱਖ ਖਾਣੇ ਨੂੰ ਖ਼ਰਾਬ ਹੋਣ ਤੋਂ ਬਚਾਉਣ ਅਤੇ ਸੰਭਾਲ ਕੇ ਰੱਖਣ ਲਈ ਲੰਬੇ ਸਮੇਂ ਤੋਂ ਕਰਦਾ ਆ ਰਿਹਾ ਹੈ।

ਗੈਬਰੀਅਲ ਵਿੰਡੋਰੋਲਾ ਦੱਸਦੇ ਹਨ, “ਫਰਮੈਂਟ ਕੀਤੇ ਹੋਏ ਭੋਜਨ, ਹਰ ਸੱਭਿਆਚਾਰ ਕੋਲ ਹਨ।”

ਗੈਬਰੀਅਲ ਨੈਸ਼ਨਲ ਯੂਨੀਵਰਸਿਟੀ ਆਫ ਲਿਟੋਰਾ, ਅਰਜਨਟੀਨਾ ਵਿੱਚ ਮਾਈਕ੍ਰੋ-ਬਾਇਓਲੋਜੀ ਦੇ ਐਸੋਸੀਏਟ ਪ੍ਰੋਫੈਸਰ ਹਨ।

ਹੁਣ ਫਰਮੈਂਟੇਸ਼ਨ ਦੀ ਸ਼ਹੁਰਤ ਫੈਲ ਰਹੀ ਹੈ, “ਇਸਦੀਆਂ ਹਜ਼ਾਰਾਂ ਕਿਸਮਾਂ ਹਨ ਅਤੇ ਜ਼ਿਆਦਾ ਸਨਮਤੀ ਤਰੀਕੇ ਨਾਲ ਕੀਤੀ ਜਾ ਰਹੀ ਹੈ।”

ਫਰਮੈਂਟਿਡ ਭੋਜਨ ਘਰ ਦੀ ਰਸੋਈ ਵਿੱਚ ਤਿਆਰ ਕਰਨ ਦੀਆਂ ਆਪਣੀਆਂ ਲਾਭ-ਹਾਨੀਆਂ ਹਨ।

ਭਾਵੇਂ ਫਰਮੈਂਟ ਕਰਨ ਲਈ ਖਾਣੇ ਦੀ ਸੰਭਾਲ ਲਈ ਵਰਤੇ ਜਾਣ ਵਾਲੇ ਤੱਤਾਂ ਦੀ ਲੋੜ ਨਹੀਂ ਹੁੰਦੀ ਫਿਰ ਵੀ ਕਿੰਗਸ ਕਾਲਜ ਲੰਡਨ ਦੇ ਵਿਗਿਆਨੀਆਂ ਨੇ ਦੇਖਿਆ ਕਿ ਬ੍ਰਿਟੇਨ ਵਿੱਚ ਮਿਲਣ ਵਾਲੇ ਜ਼ਿਆਦਾਤਰ ਡੱਬੇ ਬੰਦ ਫਰਮੈਂਟਿਡ ਭੋਜਨਾਂ ਵਿੱਚ ਇਹ ਤੱਤ ਮੌਜੂਦ ਸਨ।

ਇਨ੍ਹਾਂ ਤੱਤਾਂ ਵਿੱਚ ਸ਼ਾਮਲ ਸਨ- ਲੂਣ, ਖੰਡ ਅਤੇ ਬਣਾਉਣਟੀ ਮਿਠਾਸ- ਹਾਲਾਂਕਿ ਇਨ੍ਹਾਂ ਦੀ ਮਾਤਰਾ ਕਨੂੰਨੀ ਸੀਮਾ ਦੇ ਅੰਦਰ ਹੀ ਹੈ ਲੇਕਿਨ ਇਸਦਾ ਇਹ ਮਤਲਬ ਜ਼ਰੂਰ ਹੈ ਕਿ ਇਨ੍ਹਾਂ ਵਿੱਚ ਕੁਝ ਭੋਜਨ ਪਦਾਰਥ ਬਹੁਤ ਜ਼ਿਆਦਾ ਪ੍ਰੋਸੈਸ ਕੀਤੇ ਹੋਏ ਜ਼ਰੂਰ ਹਨ।

ਫਿਰਕੀ ਫਰਮੈਂਟਿਡ ਭੋਜਨ ਪਦਾਰਥ ਸਾਡੀ ਸਿਹਤ ਲਈ ਚੰਗੇ ਹਨ ਜਾਂ ਇਹ ਅਤਿ-ਪ੍ਰੋਸੈਸਡ ਫੂਡ ਦੀ ਹੀ ਇੱਕ ਵੰਨਗੀ ਹਨ, ਜਿਨ੍ਹਾਂ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ।

ਕੋਮਬੂਚਾ ਦਾ ਜਾਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਫਰਮੈਂਟਿਡ ਭੋਜਨ ਪਦਾਰਥਾਂ ਵਿੱਚ ਕੋਮਬੂਚਾ ਦੀ ਪ੍ਰਸਿੱਧੀ ਵਿੱਚ ਵਾਧਾ ਹੋਇਆ ਹੈ

ਫਰਮੈਂਟਿਡ ਭੋਜਨ ਪਦਾਰਥਾਂ ਦੇ ਲਾਭ

ਖੁਰਾਕੀ ਪਦਾਰਥਾਂ ਨੂੰ ਫਰਮੈਂਟ ਕਰਨ ਦੇ ਨਤੀਜੇ ਵਜੋਂ ਖਾਣ ਵਾਲੀਆਂ ਕੁਝ ਚੀਜ਼ਾਂ ਵਿੱਚ ਮੌਜੂਦ ਪੋਸ਼ਕ ਤੱਤਾਂ ਦੀ ਬਾਇਓ-ਅਵੇਲੇਬਿਲਟੀ (ਜੀਵ-ਉਪਲਬਧਤਾ) ਬਦਲ ਜਾਂਦੀ ਹੈ।

ਜੀਵ-ਉਪਲਬਧਤਾ ਤੋਂ ਕੋਈ ਤੱਤ ਸਰੀਰ ਨੂੰ ਦਿੱਤੇ ਜਾਣ ਉੱਤੇ ਉਹ ਸਰੀਰ ਵਿੱਚ ਘੁਲਣ ਲਈ ਕਿੰਨਾ ਉਪਲਬਧ ਹੈ। ਇਸ ਤੋਂ ਭਾਵ ਹੈ ਕਿ ਸਰੀਰ ਖਾਣੇ ਦੇ ਪੋਸ਼ਕ ਤੱਤਾਂ ਨੂੰ ਕਿਸ ਹੱਦ ਤੱਕ ਸੋਕ ਸਕਦਾ ਹੈ ਅਤੇ ਉਸਦੇ ਪੋਸ਼ਕ ਤੱਤਾਂ ਤੋਂ ਕਿੰਨਾ ਲਾਭ ਲੈ ਸਕਦਾ ਹੈ।

ਸਰਲ ਸ਼ਬਦਾਂ ਵਿੱਚ ਕਿਸੇ ਤੱਤ ਵਿਚਲੇ ਪੌਸ਼ਟਿਕ ਤੱਤਾਂ ਦਾ ਸਰੀਰ ਦੁਆਰਾ ਸੋਕੇ ਜਾਣ ਲਈ ਉਪਲਬਧ ਹੋਣਾ।

ਅਸੀਂ ਹਾਲ ਹੀ ਵਿੱਚ ਫਰਮੈਂਟਿਡ ਭੋਜਨ ਪਦਾਰਥਾਂ ਤੋਂ ਸਾਡੀ ਸਿਹਤ ਨੂੰ ਹੋਣ ਵਾਲੇ ਸੰਭਾਵੀ ਫਾਇਦਿਆਂ ਬਾਰੇ ਜਾਨਣਾ ਸ਼ੁਰੂ ਕੀਤਾ ਹੈ।

ਪੱਛਮ ਵਿੱਚ ਫਰਮੈਂਟਿਡ ਭੋਜਨ ਬਾਰੇ ਜਾਗ ਰਹੀ ਦਿਲਚਸਪੀ ਨੂੰ ਸਾਡੇ ਮਾਈਕ੍ਰੋਬਾਇਓਮਸ ਅਤੇ ਸਿਹਤ ਨਾਲ ਸਮੁੱਚੇ ਰਿਸ਼ਤੇ ਬਾਰੇ ਵੱਧ ਰਹੀ ਜਾਗਰੂਕਤਾ ਨਾਲ ਜੋੜਿਆ ਜਾ ਸਕਦਾ ਹੈ। ਇਹ ਵੀ ਕਿ ਇਸ ਵਿੱਚ ਸਾਡੀ ਖੁਰਾਕ ਦੀ ਕੀ ਭੂਮਿਕਾ ਹੈ।

ਪੌਲ ਕੌਟਰ, ਆਇਰਲੈਂਡ ਦੇ ਟੀਗੈਸਕ ਫੂਡ ਰਿਸਰਚ ਸੈਂਟਰ ਵਿੱਚ ਸੀਨੀਅਰ ਮੁੱਖ ਖੋਜ ਅਫ਼ਸਰ ਹਨ।

ਉਹ ਕਹਿੰਦੇ ਹਨ, “ਫਰਮੈਂਟੇਸ਼ਨ ਦੀ ਪ੍ਰਕਿਰਿਆ ਨਵੇਂ ਕਿਸਮ ਦੇ ਬਾਇਓ-ਐਕਟਿਵ ਕੰਪਾਊਂਡ ਪੈਦਾ ਕਰ ਸਕਦੀ ਹੈ। ਜਿਵੇਂ ਕਿ ਕੁਦਰਤੀ ਤੇਜ਼ਾਬ ਅਤੇ ਵੱਖ-ਵੱਖ ਕਿਸਮ ਦੇ ਪੇਪੀਟਾਈਡਸ ਜੋ ਸਾਡੀ ਸਿਹਤ ਨੂੰ ਕਈ ਤਰ੍ਹਾਂ ਨਾਲ ਪ੍ਰਭਾਵਿਤ ਕਰਦੇ ਹਨ।”

ਕੁਝ ਪਦਾਰਥ ਫਰਮੈਂਟ ਹੋਣ ਤੋਂ ਬਾਅਦ ਆਪਣੀ ਬਿਨਾਂ ਫਰਮੈਂਟੇਸ਼ਨ ਨਾਲੋਂ ਜ਼ਿਆਦਾ ਪੋਸ਼ਣ ਭਰਪੂਰ ਪਾਏ ਗਏ ਹਨ

ਕੁਝ ਫਰਮੈਂਟਿਡ ਭੋਜਨ ਪਦਾਰਥਾਂ ਵਿੱਚ ਤਾਂ ਸਾਡੇ ਢਿੱਡ ਦੀ ਸਿਹਤ ਲਈ ਬਹੁਤ ਲਾਭਦਾਇਕ ਪ੍ਰੋਬਾਇਓਟਿਕਸ ਵੀ ਹੁੰਦੇ ਹਨ।

ਫਰਮੈਂਟਿਡ ਭੋਜਨ ਪਦਾਰਥਾਂ ਨੂੰ ਦੋ ਹਿੱਸਿਆਂ ਵਿੱਚ ਵੰਡਿਆ ਜਾ ਸਕਦਾ ਹੈ।

ਇੱਕ, ਜਿਸ ਵਿੱਚ ਸਜੀਵ ਬੈਕਟੀਰੀਆ ਮੌਜੂਦ ਹੁੰਦੇ ਹਨ ਜਦਕਿ ਦੂਜਿਆਂ ਵਿੱਚ ਬੈਕਟੀਰੀਆ ਪ੍ਰਕਿਰਿਆ ਦੌਰਾਨ ਮਾਰੇ ਜਾਂਦੇ ਹਨ।

ਬਰੈਡ ਦੀਆਂ ਕੁਝ ਕਿਸਮਾਂ, ਬੀਅਰ ਅਤੇ ਵਾਈਨ, ਇਸਦੀਆਂ ਮਿਸਾਲਾਂ ਹਨ।

ਵਿੰਡਰੋਲਾ ਮੁਤਾਬਕ, ਫਰਮੈਂਟੇਸ਼ਨ ਦੌਰਾਨ ਦੌਰਾਨ ਮਾਈਕ੍ਰੋਬਸ ਖਾਣੇ ਵਿੱਚ ਮੌਜੂਦ ਖੰਡ ਉੱਤੇ ਪਲਦੇ ਹਨ, ਜੋ ਉਨ੍ਹਾਂ ਦੇ ਸਾਰੇ ਬਾਇਓ-ਕੈਮੀਕਲ ਰੀਐਕਸ਼ਨਾਂ ਨੂੰ ਚਲਾਉਂਦੀ ਹੈ।

ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਨਵਾਈਟ ਪੋਸਟਰ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

“ਫਿਰ ਇਹ ਚੀਜ਼ਾਂ ਛੱਡਣ ਲਗਦੇ ਹਨ- ਜਿਵੇਂ ਲੈਕਟਿਕ ਐਸਿਡ, ਜੋ ਕਿ ਐਂਟੀ-ਇਨਫਲਾਮੇਟਰੀ ਹੈ- ਜੋ ਪਹਿਲਾਂ ਮੌਜੂਦ ਨਹੀਂ ਸੀ। ਇਹ ਅਮੀਨੋ-ਐਸਿਡ-ਚੇਨਸ ਨੂੰ ਵੀ ਤੋੜ ਸਕਦੀ ਹੈ ਜੋ ਸਾਡੇ ਪੇਟ ਲਈ ਲਾਭਦਾਇਕ ਹੈ।”

ਫਰਮੈਂਟਿਡ ਭੋਜਨ ਵਿੱਚ ਮੌਜੂਦ ਸਜੀਵ ਬੈਕਟੀਰੀਆ ਸਾਡੇ ਪੇਟ ਵਿੱਚ ਵਸਦੇ ਬੈਕਟੀਰੀਆ ਦੀ ਅਬਾਦੀ ਦੇ ਸਥਾਈ ਨਾਗਰਿਕ ਬਣ ਸਕਦੇ ਹਨ। ਇਹ ਸਾਡੀ ਸਿਹਤ ਲਈ ਤਾਂ ਫਾਇਦੇਮੰਦ ਸਾਬਤ ਹੋ ਹੀ ਸਕਦੇ ਹਨ ਸਗੋਂ ਨੁਕਸਾਨਦੇਹ ਬੈਕਟੀਰੀਆ ਦੀ ਬਹੁਤਾਤ ਖਿਲਾਫ਼ ਵੀ ਕਾਰਗਰ ਹੋ ਸਕਦੇ ਹਨ।

ਵਿੰਡਰੋਲਾ ਦਾ ਕਹਿਣਾ ਹੈ ਕਿ ਜੇ ਫਰਮੈਂਟਿਡ ਭੋਜਨ ਪਦਾਰਥ ਵਿੱਚ ਭਾਵੇਂ ਕੋਈ ਸਜੀਵ ਬੈਕਟੀਰੀਆ ਨਾ ਵੀ ਹੋਵੇ ਤਾਂ ਵੀ ਇਹ ਸਾਡੇ ਪੇਟ ਦੀ ਸਿਹਤ ਨੂੰ ਕੁਝ ਲਾਭ ਜ਼ਰੂਰ ਕਰਦਾ ਹੈ। ਉਹ ਦੱਸਦੇ ਹਨ ਕਿ ਮਰਨ ਤੋਂ ਪਹਿਲਾਂ ਇਹ ਬੈਕਟੀਰੀਆ ਸਿਹਤ ਲਈ ਲਾਭਦਾਇਕ ਮਾਲੀਕਿਊਲ ਜਿਵੇਂ ਕਿ ਪੇਪੀਟਾਈਡਸ ਪੈਦਾ ਕਰਦੇ ਹਨ।

ਇਹ ਲਾਭ ਫਰਮੈਂਟਿਡ ਭੋਜਨ ਪਦਾਰਥਾਂ ਤੇ ਪੀਣਯੋਗ ਤਰਲਾਂ ਦੀਆਂ ਕੁਝ ਹੋਰ ਵਿਸ਼ੇਸ਼ਤਾਵਾਂ ਉੱਤੇ ਭਾਰੂ ਨਹੀਂ ਪੈਂਦੇ। ਮਿਸਾਲ ਵੱਜੋਂ ਖੱਟੀ ਬਰੈੱਡ ਵਿੱਚ ਪਕਾਏ ਜਾਣ ਤੋਂ ਬਾਅਦ ਵੀ ਕੁਝ ਪ੍ਰੀਬਾਇਓਟਿਕਸ ਬਚੇ ਰਹਿ ਜਾਂਦੇ ਹਨ, ਜੋ ਕਿ ਸਾਡੇ ਪੇਟ ਵਿਚਲੇ ਮਾਈਕ੍ਰੋਬਾਇਓਮਸ ਲਈ ਲਾਭਦਾਇਕ ਹੋ ਸਕਦੇ ਹਨ।

ਫਰਮੈਂਟਿਡ ਫੂਡ ਅਤੇ ਪੇਟ ਦੀ ਸਿਹਤ

ਆਮ ਤੌਰ ਉੱਤੇ ਸਾਡੇ ਪੇਟ ਦੀ ਸਿਹਤ ਵਿਗਿਆਨੀਆਂ ਵਿੱਚ ਚਿੰਤਾ ਦਾ ਵਿਸ਼ਾ ਹੈ।

ਮਿਸਾਲ ਵਜੋਂ ਅਮਰੀਕਾ ਵਿੱਚ ਕਈ ਲੋਕ ਢੁਕਵੀਂ ਮਾਤਰਾ ਵਿੱਚ ਰੇਸ਼ੇਦਾਰ ਚੀਜ਼ਾਂ ਨਹੀਂ ਖਾਂਦੇ ਹਨ। ਖੋਜ ਵਿੱਚ ਦੇਖਿਆ ਗਿਆ ਹੈ ਕਿ ਜ਼ਿਆਦਾਤਰ ਲੋਕਾਂ ਨੇ ਹਾਜ਼ਮੇ ਨਾਲ ਜੁੜੇ ਲੱਛਣਾਂ ਦਾ ਅਨੁਭਵ ਕੀਤਾ ਹੈ।

ਫਰਮੈਂਟਿ਼ਡ ਭੋਜਨ ਪਦਾਰਥ ਕੁਝ ਲੋਕਾਂ ਵਿੱਚੋਂ ਗੈਸਟਰੋ-ਇੰਟਸਟਾਈਨਲ ਸਮੱਸਿਆਵਾਂ ਦਾ ਕਾਰਨ ਬਣਨ ਵਾਲ਼ੇ ਕੰਪਾਊਂਡ ਜਿਵੇਂ ਕਥਿਤ ਫੌਡਮੈਪਸ ਆਦਿ ਨੂੰ ਖ਼ਤਮ ਕਰ ਸਕਦੇ ਹਨ (ਫਰਮੈਂਟ ਹੋਣਯੋਗ ਓਲੀਗੋਸਕਾਰਡੀਸ, ਡਿਸਕਾਰੀਡਸ, ਮੋਨੋਸਕਾਰੀਡਸ ਅਤੇ ਪੋਲੀਓਲਸ)।

ਇਹ ਖੰਡ ਪੂਰੀ ਤਰ੍ਹਾਂ ਹਜ਼ਮ ਨਹੀਂ ਹੁੰਦੀ ਅਤੇ ਆਂਦਰਾਂ ਦੀ ਕੰਧ ਦੇ ਖਿਚਾਅ ਦਾ ਕਾਰਨ ਬਣ ਸਕਦੀਆਂ ਹਨ। ਇਸ ਕਾਰਨ ਪੇਟ ਵਿੱਚ ਅਸੁਖਾਵਾਂਪਣ ਅਤੇ ਦਰਦ ਹੋ ਸਕਦਾ ਹੈ।

ਕਈ ਵਾਰ ਡਾਕਟਰ ਇਰੀਟੇਬਲ ਬਾਊਲ ਸਿੰਡਰਾਮ ਦੇ ਮਰੀਜ਼ਾਂ ਨੂੰ ਫੌਡਮੈਪਸ ਦੀ ਘੱਟ ਮਾਤਰਾ ਵਾਲੀ ਖੁਰਾਕ ਦੀ ਸਲਾਹ ਦਿੰਦੇ ਹਨ।

ਫਰਮੈਂਟੇਸ਼ਨ ਕੁਝ ਭੋਜਨ ਪਦਾਰਥਾਂ ਵਿੱਚੋਂ ਗਲੂਟਨ ਦੀ ਮਾਤਰਾ ਘੱਟ ਜਾਂ ਖ਼ਤਮ ਵੀ ਕਰ ਸਕਦੀ ਹੈ, ਜੋ ਕਿ ਗਲੂਟਨ ਨਾਲ ਜੁੜੀਆਂ ਸਮੱਸਿਆਵਾਂ ਜਿਵੇਂ- ਸਿਲੀਆਕ- ਤੋਂ ਪੀੜਤ ਲੋਕਾਂ ਲਈ ਲਾਹੇਵੰਦ ਹੈ।

ਫਰਮੈਂਟਿਡ ਭੋਜਨ ਅਤੇ ਬੀਮਾਰੀਆਂ ਨਾਲ ਲੜਨ ਦੀ ਸ਼ਕਤੀ

ਕਿਮੀਚੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਕੋਰੀਆ ਦੀ ਡਿਸ਼ ਕਿਮੀਚੀ ਵਿੱਚ ਸਜੀਵ ਬੈਕਟੀਰੀਆ ਮੌਜੂਦ ਰਹਿੰਦੇ ਹਨ

ਪਿਛਲੇ ਦਹਾਕੇ ਦੌਰਾਨ ਸਾਇੰਸਦਾਨਾਂ ਵਿੱਚ ਇਹ ਚਿੰਤਾ ਵਧੀ ਹੈ ਕਿ ਆਧੁਨਿਕ ਜੀਵਨ-ਸ਼ੈਲੀ ਨੇ ਸਾਡੇ ਮਾਈਕ੍ਰੋਬਸ ਦੀ ਵਿਭਿੰਨਤਾ ਨੂੰ ਬਦਲ ਕੇ ਸਾਨੂੰ ਬੀਮਾਰੀਆਂ ਪ੍ਰਤੀ ਕਮਜ਼ੋਰ ਕੀਤਾ ਹੈ।

ਵਿੰਡਰੋਲਾ ਦੱਸਦੇ ਹਨ, “ਸਾਡੀ ਖੁਰਾਕ ਵਿੱਚ ਅਕਸਰ ਰੇਸ਼ੇ ਦੀ ਕਮੀ ਹੁੰਦੀ ਹੈ ਅਤੇ ਅਸੀਂ ਬਹੁਤ ਸਾਰੇ ਐਂਟੀਬਾਇਓਟਿਕਸ ਖਾਂਦੇ ਹਾਂ ਅਤੇ ਤਣਾਅ ਵਿੱਚ ਰਹਿੰਦੇ ਹਾਂ। ਸਾਡੀ ਨੀਂਦ ਚੰਗੀ ਨਹੀਂ ਹੈ। ਇਹ ਸਾਰੇ ਕਾਰਕ ਸਾਡੇ ਸਰੀਰਾਂ ਵਿਚਲੇ ਮਾਈਕ੍ਰੋਬਸ ਨੂੰ ਕਮਜ਼ੋਰ ਕਰ ਸਕਦੇ ਹਨ।”

ਵਿੰਡਰੋਲਾ ਦੱਸਦੇ ਹਨ, ਥੋੜ੍ਹੀ ਰਹਿਣ ਵਾਲੀ ਸੋਜਿਸ਼ ਇੱਕ ਸਮੱਸਿਆ ਹੈ ਕਿਉਂਕਿ ਸੋਜਿਸ਼ ਪੈਦਾ ਕਰਨ ਵਾਲੇ ਕੰਪਾਊਂਡ ਖੂਨ ਰਾਹੀਂ ਸਾਡੇ ਦਿਮਾਗ, ਦਿਲ ਜਾਂ ਜਿਗਰ ਆਦਿ ਤੱਕ ਪਹੁੰਚ ਸਕਦੇ ਹਨ ਅਤੇ ਹੋਰ ਗੰਭੀਰ ਸਿਹਤ ਸਮੱਸਿਆਵਾਂ ਪੈਦਾ ਕਰ ਸਕਦੇ ਹਨ।

ਕੌਟਰ ਕਹਿੰਦੇ ਹਨ, ਜ਼ਿਆਦਾ ਮਾਤਰਾ ਵਿੱਚ ਮਾਈਕ੍ਰੋਬਸ ਖਾਣ ਨਾਲ ਸਾਡੇ ਸਰੀਰ ਦੀ ਪ੍ਰਣਾਲੀ ਨੂੰ ਚੰਗੇ-ਮਾੜੇ ਬੈਕਟੀਰੀਆ ਦੀ ਬਿਹਤਰ ਪਛਾਣ ਦੀ ਸਿਖਲਾਈ ਦੇ ਸਕਦਾ ਹੈ।

ਜਦੋਂ ਸਾਡੀ ਬੀਮਾਰੀਆਂ ਨਾਲ ਲੜਨ ਦੀ ਸ਼ਕਤੀ ਇਸ ਲਈ ਸੰਘਰਸ਼ ਕਰਦੀ ਹੈ ਤਾਂ ਇਹ ਆਟੋ-ਇਮਿਊਨ ਬੀਮਾਰੀ ਵਿਕਸਿਤ ਹੋਣ ਦਾ ਖ਼ਤਰਾ ਵਧਾ ਸਕਦਾ ਹੈ, ਜਿਵੇਂ ਕਿ ਇਨਫਲਾਮੇਟਰੀ ਬਾਊਲ ਸਿੰਡਰਾਮ।

ਇੱਕ ਤਾਜ਼ਾ ਅਧਿਐਨ ਵਿੱਚ ਵਿਗਿਆਨੀਆਂ ਨੇ ਦੇਖਿਆ ਕਿ ਪੱਤਾ ਗੋਭੀ ਦਾ ਇੱਕ ਅਚਾਰ (ਸਾਵਰਕਰੂਟ) ਖਾਣ ਨਾਲ – ਸੋਜਿਸ਼ ਵਿੱਚ ਕਮੀ ਆ ਸਕਦੀ ਹੈ।

ਅਜਿਹਾ ਕਿਵੇਂ? ਯੂਨੀਵਰਸਿਟੀ ਆਫ ਲਿਪਜ਼ਿਗ, ਜਰਮਨੀ ਤੋਂ ਕਲੌਡੀਆ ਸਟੂਬਰ ਅਤੇ ਉਨ੍ਹਾਂ ਦੇ ਸਹਿਕਰਮੀਆਂ ਨੇ ਦੇਖਿਆ ਕਿ ਸਾਵਰਕਰੂਟ ਖੂਨ ਵਿੱਚ ਲੈਕਟਿਕ ਐਸਿਡ ਬੈਕਟੀਰੀਆ-ਡਿਰਾਈਵਡ ਮੈਟਾਬੋਲੀਟਸ ਦੀ ਮਾਤਰਾ ਵਧਾਉਂਦਾ ਹੈ।

ਇਹ ਐੱਚਸੀਏ-3 ਨਾਮ ਦੇ ਰਸੈਪਟਰ ਨੂੰ ਸਰਗਰਮ ਕਰ ਸਕਦੀ ਹੈ, ਜੋ ਬੀਮਾਰੀਆਂ ਨਾਲ ਲੜਨ ਦੀ ਸ਼ਕਤੀ ਨੂੰ ਸਰੀਰ ਵਿੱਚ ਹੋਈ ਘੁਸਪੈਠ ਦੀ ਸੂਚਨਾ ਦਿੰਦੇ ਹਨ।

ਸਟੂਬਰ ਨੇ ਆਪਣੀ ਖੋਜ ਰਾਹੀਂ ਪੁਸ਼ਟੀ ਕੀਤੀ ਹੈ ਕਿ ਸਾਵਰਕਰੂਟ, ਐੱਚਸੀਏ-3 ਦੇ ਕਾਰਜ ਰਾਹੀਂ ਸੋਜਿਸ਼ ਵਿਰੋਧੀ ਹੈ।

“ਇਸ ਦਾ ਮਤਲਬ ਹੈ ਕਿ ਜੇ ਬੀਮਾਰੀਆਂ ਨਾਲ ਲੜਨ ਦੀ ਸ਼ਕਤੀ ਘੱਟ ਸਰਗਰਮ ਹੈ, ਜੋ ਕਿ ਚੰਗਾ ਹੈ। ਬੀਮਾਰੀਆਂ ਨਾਲ ਲੜਨ ਦੀ ਇੱਕ ਕਮਜ਼ੋਰ ਸ਼ਕਤੀ, ਅਤਿ-ਪ੍ਰਤੀਕਿਰਿਆ ਕਰਦੀ ਹੈ, ਜੋ ਕਿ ਆਟੋ-ਇਮਿਊਨ ਬੀਮਾਰੀ ਦੀ ਵਜ੍ਹਾ ਬਣਦੀ ਹੈ, ਇਸ ਲਈ ਇਸ ਸ਼ਕਤੀ ਨੂੰ ਸਿਖਲਾਈ ਦੇਣ ਲਈ ਫਰਮੈਂਟਿਡ ਭੋਜਨ ਪਦਾਰਥ ਚੰਗੇ ਹਨ।”

ਫਰਮੈਂਟਿਡ ਭੋਜਨ ਪਦਾਰਥ ਅਤੇ ਮਾਨਸਿਕ ਸਿਹਤ

ਫਰਮੈਂਟਿਡ ਭੋਜਨ ਪਦਾਰਥ ਮਾਨਸਿਕ ਸਿਹਤ ਲਈ ਫਾਇਦੇਮੰਦ ਹੋ ਸਕਦੇ ਹਨ।

ਸਾਲ 2023 ਵਿੱਚ ਲੋਕਾਂ ਨੂੰ ਦੋ ਸਮੂਹਾਂ ਵਿੱਚ ਵੰਡ ਕੇ ਅਧਿਐਨ ਕੀਤਾ ਗਿਆ। ਇੱਕ ਸਮੂਹ ਵਿੱਚ ਲੋਕਾਂ ਨੇ ਵਨਸਪਤੀ ਅਧਾਰਿਤ ਫਰਮੈਂਟਿਡ ਭੋਜਨ ਪਦਾਰਥ ਹਫ਼ਤੇ ਵਿੱਚ ਘੱਟੋ-ਘੱਟ ਤਿੰਨ ਵਾਰ ਖਾਧੇ ਜਦਕਿ ਦੂਜੇ ਵਿੱਚ ਅਜਿਹਾ ਨਾ ਕਰਨ ਵਾਲੇ ਲੋਕ ਸਨ

ਵਿਗਿਆਨੀਆਂ ਨੇ ਉਨ੍ਹਾਂ ਦੇ ਪੇਟ ਦੇ ਮਾਈਕ੍ਰੋਬਾਇਓਮਸ ਅਤੇ ਪੇਟ ਵਿੱਚ ਮੌਜੂਦ ਹੋਰ ਪੋਸ਼ਕ ਤੱਤਾਂ ਦੀ ਤੁਲਨਾ ਕੀਤੀ। ਫਰਮੈਂਟਿਡ ਚੀਜ਼ਾਂ ਖਾਣ ਵਾਲਿਆਂ ਦੇ ਪੇਟ ਵਿੱਚ ਦੂਜਿਆਂ ਦੇ ਮੁਕਾਬਲੇ ਬੈਕਟੀਰੀਆ ਦੀ ਵਿਭਿੰਨਤਾ ਅਤੇ ਸ਼ਾਰਟ-ਚੇਨ-ਫੈਟੀ-ਐਸਿਡਾਂ ਦੀ ਮਾਤਰਾ ਜ਼ਿਆਦਾ ਸੀ।

ਅਧਿਐਨ ਦੇ ਇੱਕ ਸਹਿ-ਲੇਖਕ ਐਂਡਰੀਸ ਗੋਮੇਜ਼ ਯੂਨੀਵਰਸਿਟੀ ਆਫ ਮਿਨੀਸੋਟਾ ਵਿੱਚ ਮਾਈਕ੍ਰੋਬਾਇਓਮਿਕਸ ਦੇ ਸਹਾਇਕ ਪ੍ਰੋਫੈਸਰ ਹਨ।

ਉਹ ਦੱਸਦੇ ਹਨ, “ਸਭ ਤੋਂ ਅਹਿਮ ਲੱਭਤ ਇਹ ਸੀ ਕਿ ਪੇਟ ਦੇ ਰਸਾਇਣਾਂ ਵਿੱਚ ਫਰਮੈਂਟਿਡ ਚੀਜ਼ਾਂ ਖਾਣ ਅਤੇ ਨਾ ਖਾਣ ਵਾਲਿਆਂ ਵਿੱਚ ਬਹੁਤ ਜ਼ਿਆਦਾ ਅੰਤਰ ਸੀ।”

ਗੋਮੇਜ਼ ਅਤੇ ਉਨ੍ਹਾਂ ਦੇ ਸਹਿਕਰਮੀਆਂ ਨੇ ਉਨ੍ਹਾਂ ਲੋਕਾਂ ਉੱਤੇ ਹੀ ਇੱਕ ਹੋਰ ਛੋਟੇ ਅਧਿਐਨ ਕੀਤਾ। ਅਧਿਐਨ ਦੇ ਨਤੀਜੇ ਹਾਲਾਂਕਿ ਅਜੇ ਪ੍ਰਕਾਸ਼ਿਤ ਨਹੀਂ ਹੋਏ ਹਨ।

ਉਨ੍ਹਾਂ ਨੇ ਦੇਖਿਆ ਗਿਆ ਫਰਮੈਂਟਿਡ ਚੀਜ਼ਾਂ ਖਾਣ ਵਾਲਿਆਂ ਦੇ ਮਾਨਸਿਕ ਸਿਹਤ ਸੰਬੰਧੀ ਸਵੈ-ਮੁਲਾਂਕਣ ਦੇ ਅੰਕਾਂ ਵਿੱਚ ਦੂਜਿਆਂ ਨਾਲੋਂ ਜ਼ਿਆਦਾ ਇੱਕ ਸਾਰਤਾ ਸੀ। ਜਦਕਿ ਬਿਨਾਂ ਫਰਮੈਂਟ ਕੀਤੇ ਭੋਜਨ ਪਦਾਰਥ ਖਾਣ ਵਾਲਿਆਂ ਦਾ ਮੂਡ ਜ਼ਿਆਦਾ ਉੱਪਰ-ਥੱਲੇ ਹੁੰਦਾ ਸੀ।

ਗੋਮੇਜ਼ ਕੋਲ ਇੱਕ ਹੋਰ ਅਣਛਪਿਆ ਅਧਿਐਨ ਹੈ। ਉਸ ਵਿੱਚ ਆਰਗੈਨਿਕ ਬਨਾਮ ਰਵਾਇਤੀ ਢੰਗ ਨਾਲ ਫਰਮੈਂਟ ਕੀਤੇ ਭੋਜਨ ਪਦਾਰਥਾਂ ਦੇ ਪੇਟ ਵਿੱਚ ਅਸਰ ਦੀ ਤੁਲਨਾ ਕੀਤੀ ਗਈ ਹੈ। ਉਨ੍ਹਾਂ ਨੂੰ ਫਰਮੈਂਟਿਡ ਭੋਜਨ ਪਦਾਰਥਾਂ ਅਤੇ ਨਿਊਰੋ-ਟਰਾਂਸਮੀਟਰ ਗਾਮਾ-ਅਮੀਨੋ-ਬਿਊਟਰਿਕ ਐਸਿਡ ਵਿਚਕਾਰ ਇੱਕ ਸਹਿ-ਸੰਬੰਧ ਮਿਲਿਆ। ਖ਼ਾਸ ਕਰਕੇ ਆਰਗੈਨਿਕ ਵਸਤੂਆਂ ਦੇ ਸੰਬਧ ਵਿੱਚ।

ਇੱਕ ਹੋਰ ਅਣਪ੍ਰਕਾਸ਼ਿਤ ਅਧਿਐਨ ਵਿੱਚ ਗੋਮੇਜ਼ ਨੇ ਚੂਹਿਆਂ ਨੂੰ ਬਹੁਤ ਜ਼ਿਆਦਾ ਖੰਡ ਅਤੇ ਚਰਬੀ ਵਾਲੀ ਪੱਛਮੀ ਖੁਰਾਕ ਦਿੱਤੀ ਅਤੇ ਉਸ ਦੇ ਕਈ ਲੈਬ ਟੈਸਟ ਕੀਤੇ। ਅਧਿਐਨ ਤੋਂ ਸਾਬਤ ਹੋਇਆ ਕਿ ਚੂਹਿਆਂ ਵਿੱਚ ਤਣਾਅ ਵਿਕਸਿਤ ਹੋ ਗਿਆ ਸੀ।

ਫਿਰ ਉਨ੍ਹਾਂ ਨੇ ਅੱਧੇ ਚੂਹਿਆਂ ਨੂੰ ਕੋਬੂਚਾ ਦਿੱਤਾ ਅਤੇ ਉਨ੍ਹਾਂ ਦੇ ਲੱਛਣਾਂ ਵਿੱਚ ਸੁਧਾਰ ਦੇਖਿਆ ਗਿਆ। ਅਜਿਹਾ ਸ਼ਾਇਦ ਉਨ੍ਹਾਂ ਦੇ ਮਾਕ੍ਰੋਬਾਇਓਮ ਵਿੱਚ ਹੋਈਆਂ ਤਬਦੀਲੀਆਂ ਕਰਕੇ ਸੀ। ਉਨ੍ਹਾਂ ਨੇ ਕੋਬੂਚਾ ਨਾ ਖਾਣ ਵਾਲਿਆਂ ਨਾਲ ਇਨ੍ਹਾਂ ਦੀ ਤੁਲਨਾ ਕੀਤੀ।

ਕੇਫੀਰ ਨੂੰ ਦੁੱਧ ਅਤੇ ਕੇਫੀਰ ਦੇ ਅਨਾਜ ਨੂੰ ਫਰਮੈਂਟ ਕਰਕੇ ਬਣਾਇਆ ਜਾਂਦਾ ਹੈ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਕੇਫੀਰ ਨੂੰ ਦੁੱਧ ਅਤੇ ਕੇਫੀਰ ਦੇ ਅਨਾਜ ਨੂੰ ਫਰਮੈਂਟ ਕਰਕੇ ਬਣਾਇਆ ਜਾਂਦਾ ਹੈ

ਫਰਮੈਂਟਿਡ ਭੋਜਨ ਪਦਾਰਥ ਅਤੇ ਮੋਟਾਪੇ ਦਾ ਖ਼ਤਰਾ

ਗੋਮੇਜ਼ ਨੇ ਆਪਣੀ ਖੋਜ ਵਿੱਚ ਦੇਖਿਆ ਹੈ ਕਿ ਫਰਮੈਂਟ ਕੀਤੇ ਭੋਜਨ ਅਜਿਹੇ ਮੈਟਾਬੋਲੀਟਸ ਪੈਦਾ ਕਰ ਸਕਦੇ ਹਨ, ਜੋ ਮੋਟਾਪੇ ਦੇ ਇਲਾਜ ਲਈ ਜਾਣੇ ਜਾਂਦੇ ਹਨ।

ਉਨ੍ਹਾਂ ਦੀ ਵਿਆਖਿਆ ਹੈ ਕਿ ਫਰਮੈਂਟਿਡ ਭੋਜਨ ਪਦਾਰਥਾਂ ਵਿੱਚ ਮੌਜੂਦ ਕੁਝ ਪੋਸ਼ਕ ਤੱਤਾਂ ਵਿੱਚ ਮੈਟਾਬੋਲੀਟਸ ਹੋ ਸਕਦੇ ਹਨ ਜੋ ਕਿ ਭੁੱਖ ਨਾਲ ਜੁੜੇ ਨਿਊਰੋ-ਟਰਾਂਸਮੀਟਰਾਂ ਦੀ ਮਦਦ ਨਾਲ ਭੁੱਖ ਨੂੰ ਨਿਯਮਤ ਕਰਦੇ ਹਨ।

ਲੇਕਿਨ ਸਾਲ 2023 ਵਿੱਚ ਸਾਇੰਸਦਾਨ ਇਸ ਨਤੀਜੇ ਉੱਤੇ ਪਹੁੰਚੇ ਕਿ ਫਰਮੈਂਟਿਡ ਭੋਜਨ ਪਦਾਰਥ ਅਤੇ ਮੋਟਾਪੇ ਦੇ ਖ਼ਤਰੇ ਦਰਮਿਆਨ ਰਿਸ਼ਤੇ ਪਿੱਛੇ ਕਈ ਕਾਰਕ ਹੋ ਸਕਦੇ ਹਨ

ਇਸ ਦਿਸ਼ਾ ਵਿੱਚ ਹੋਏ ਅਧਿਐਨ ਉਮੀਦ ਤਾਂ ਜਗਾਉਂਦੇ ਹਨ ਪਰ ਗੋਮੇਜ਼ ਮੁਤਾਬਕ ਅਜੇ ਬਹੁਤ ਕੁਝ ਕੀਤਾ ਜਾਣਾ ਬਾਕੀ ਹੈ।

ਫਰਮੈਂਟਿਡ ਭੋਜਨ ਪਦਾਰਥਾਂ ਦਾ ਭਵਿੱਖ

ਸਿਹਤ ਦੇ ਹੋਰ ਖੇਤਰਾਂ ਵਾਂਗ ਸਾਇੰਸਦਾਨ ਦੇਖ ਰਹੇ ਹਨ ਕਿ ਫਰਮੈਂਟਿਡ ਭੋਜਨ ਪਦਾਰਥਾਂ ਨੂੰ ਵੀ ਵਿਅਕਤੀਗਤ ਸਿਹਤ ਸਮੱਸਿਆਵਾਂ ਮੁਤਾਬਕ ਢਾਲਣ ਦੀ ਦਿਸ਼ਾ ਵਿੱਚ ਕੰਮ ਕਰ ਰਹੇ ਹਨ।

ਕੋਟਰ ਕਹਿੰਦੇ ਹਨ ਕਿ ‘ਅਸੀਂ ਅਤੇ ਹੋਰ ਕਈ ਲੈਬਾਰਟਰੀਆਂ ਕੁਝ ਵਿਸ਼ੇਸ਼ ਫਰਮੈਂਟਿਡ ਭੋਜਨ ਪਦਾਰਥਾਂ ਦਾ ਅਧਿਐਨ ਕਰਕੇ ਦੇਖ ਰਹੇ ਹਾਂ ਕਿ ਕੀ ਅਸੀਂ ਉਨ੍ਹਾਂ ਦੇ ਸਿਹਤ ਨੂੰ ਲਾਭ ਕਿਵੇਂ ਵਧਾ ਸਕਦੇ ਹਾਂ।’

ਮਿਸਾਲ ਵਜੋਂ ਕੌਟਰ ਨੇ ਦੇਖਿਆ ਹੈ ਕਿ ਕੀਫਰ ਦੇ ਕੁਝ ਪ੍ਰਕਾਰ ਕੈਲੇਸਟਰੋਲ ਨੂੰ ਨਿਯਮਤ ਕਰਨ ਵਿੱਚ ਉਪਯੋਗੀ ਹਨ, ਜਦਕਿ ਦੂਜੇ ਪੇਟ ਅਤੇ ਦਿਮਾਗ ਦੇ ਕਨੈਕਸ਼ਨ ਜ਼ਰੀਏ ਚਿੰਤਾ ਅਤੇ ਤਣਾਅ ਵਿੱਚ ਕਾਰਗਰ ਹਨ।

“ਚੁਣੌਤੀ ਇਹ ਹੈ ਕੇ ਕੋਈ ਘਰ ਵਿੱਚ ਫਰਮੈਂਟਿਡ ਭੋਜਨ ਪਦਾਰਥ ਬਣਾ ਰਿਹਾ ਹੈ ਉਹ ਨਹੀਂ ਜਾਣਦਾ ਕਿ ਉਸ ਕੋਲ ਕਿਸ ਪ੍ਰਕਾਰ ਦਾ ਹੈ। ਹੋ ਸਕਦਾ ਹੈ ਇਹ ਉਸ ਲਈ ਠੀਕ ਨਾ ਹੋਵੇ। ਇਸ ਲਈ ਨਿੱਜੀ ਲੋੜਾਂ ਦੇ ਮੱਦੇ-ਨਜ਼ਰ ਫਰਮੈਂਟਿਡ ਭੋਜਨ ਪਦਾਰਥਾਂ ਬਾਰੇ ਡੁੰਘਾਈ ਨਾਲ ਖੋਜ ਕਰਨ ਦਾ ਮੌਕਾ ਹੈ। ਤਾਂ ਜੋ ਤੁਸੀਂ ਆਪਣੀ ਲੋੜ ਮੁਤਾਬਕ ਸਹੀ ਮਾਈਕ੍ਰੋਬਸ ਤੋਂ ਲਾਹਾ ਲੈ ਸਕੋ।”

ਮਿਸਾਲ ਵਜੋਂ ਭਵਿੱਖ ਵਿੱਚ ਵੱਖ-ਵੱਖ ਕਿਸਮ ਦੇ ਫਰਮੈਂਟਿਡ ਭੋਜਨ ਪਦਾਰਥਾਂ ਵਿੱਚ ਮੌਜੂਦ ਮਾਈਕ੍ਰੋਬਸ ਦੀ ਵਧੀਆ ਸਮਝ, ਉਤਪਾਦਕਾਂ ਲਈ ਇਨ੍ਹਾਂ ਨੂੰ ਕਾਇਮ ਰੱਖਣ ਅਤੇ ਵਧਾਉਣ ਵਿੱਚ ਸਹਾਈ ਹੋ ਸਕਦੀ ਹੈ।

ਕੌਟਰ ਕਹਿੰਦੇ ਹਨ, “ਅਤੀਤ ਵਿੱਚ ਇਹ ਸਮੱਸਿਆ ਰਹੀ ਹੈ। ਲੋਕ ਘਰਾਂ ਵਿੱਚ ਕੁਦਰਤੀ ਪ੍ਰਕਿਰਿਆ ਰਾਹੀਂ ਭੋਜਨ ਫਰਮੈਂਟ ਕਰਦੇ ਹਨ, ਜਿਸ ਵਿੱਚ ਅਕਸਰ ਬਹੁਤ ਸਾਰੇ ਮਾਈਕ੍ਰੋ-ਆਗਰਨਿਜ਼ਮਸ ਮੌਜੂਦ ਹੁੰਦੇ ਹਨ। ਵੱਡੇ ਪੈਮਾਨੇ ਉੱਤੇ ਉਤਪਾਦਨ ਦੌਰਾਨ ਉਹ ਗੁਣਵੱਤਾ ਕਾਇਮ ਰੱਖਣ ਲਈ ਥੋੜ੍ਹੇ ਮਾਈਕ੍ਰੋ-ਆਗਰਨਿਜ਼ਮਸ ਦੀ ਵਰਤੋਂ ਹੁੰਦੀ ਹੈ। ਲੇਕਿਨ ਇਸ ਨਾਲ ਉਹ ਸਿਹਤ ਨੂੰ ਪਹੁੰਚਣ ਵਾਲੇ ਕੁਝ ਫਾਇਦੇ ਵੀ ਗੁਆ ਲੈਂਦੇ ਹਨ।”

ਸਾਵਰਕਰੂਟ ਦੀ ਪਲੇਟ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸਾਵਰਕਰੂਟ ਵਿੱਚ ਸੋਜਿਸ਼ ਰੋਕਣ ਵਾਲੇ ਕੰਪਾਊਂਡ ਹੁੰਦੇ ਹਨ

ਸੰਭਾਵੀ ਨੁਕਸਾਨ

ਕੁਝ ਫਰਮੈਂਟਿਡ ਭੋਜਨ ਪਦਾਰਥਾਂ ਵਿੱਚ ਅਮੀਨੋ-ਐਸਿਡਾਂ ਦੇ ਕੁਝ ਬੈਕਟੀਰੀਆ ਵੱਲੋਂ ਤੋੜੇ ਜਾਣ ਤੋਂ ਪੈਦਾ ਹੋਣ ਵਾਲੇ ਐਮਨੀਜ਼ ਵੀ ਮੌਜੂਦ ਹੁੰਦੇ ਹਨ। ਜਿਹੜੇ ਲੋਕ ਹੋਰ ਕਿਸਮ ਦੇ ਐਮਨੀਜ਼ ਤੋਂ ਇਲਾਵਾ ਹਿਸਟਾਮਾਈਨ ਪ੍ਰਤੀ ਸੰਵੇਦਨਾਸ਼ੀਲ ਹਨ, ਉਨ੍ਹਾਂ ਦਾ ਫਰਮੈਂਟ ਕੀਤਾ ਖਾਣਾ ਖਾਣ ਤੋਂ ਬਾਅਦ ਸਿਰ ਦਰਦ ਹੋ ਸਕਦਾ ਹੈ।

ਵਿਆਪਕ ਉਤਪਾਦਨ ਕੀਤੇ ਜਾਂਦੇ ਕੁਝ ਫਰਮੈਂਟਿਡ ਭੋਜਨ ਪਦਾਰਥ, ਜਿਵੇਂ ਕਿ ਖਾਣ ਲਈ ਤਿਆਰ ਕੋਮਬੂਚਾ, ਸਾਫ਼ਟ ਡਰਿੰਕ ਅਤੇ ਚਾਹ ਵਗੈਰਾ, ਵਿੱਚ ਖੰਡ ਦੀ ਮਾਤਰਾ ਬਹੁਤ ਜ਼ਿਆਦਾ ਹੋ ਸਕਦੀ ਹੈ।

ਭਾਵੇਂ ਕਿ ਫਰਮੈਂਟ ਕੀਤੇ ਭੋਜਨਾਂ ਵਿੱਚ ਮੌਜੂਦ ਪ੍ਰੋਬਾਇਓਟਿਕ ਬੈਕਟੀਰੀਆ ਨੁਕਸਾਨ ਦੇਣ ਵਾਲੇ ਮਾਈਕ੍ਰੋਬਸ ਦੇ ਵਾਧੇ ਉੱਤੇ ਅੰਕੁਸ਼ ਲਾਉਂਦੇ ਹਨ, ਫਿਰ ਵੀ ਬਿਨਾਂ ਪਾਸਚੂਰਾਈਜ਼ ਕੀਤੇ ਭੋਜਨ ਪਦਾਰਥਾਂ ਵਿੱਚ ਫੂਡ ਪੋਇਜ਼ਨਿੰਗ ਕਰਨ ਵਾਲੇ ਬੈਕਟੀਰੀਆ ਦਾ ਖ਼ਤਰਾ ਹੋ ਸਕਦਾ ਹੈ।

ਕਿਹੜੇ ਫਰਮੈਂਟਿਡ ਭੋਜਨ ਪਦਾਰਥ ਛਕੀਏ?

ਕਹੜੇ ਫਰਮੈਂਟਿਡ ਭੋਜਨ ਪਦਾਰਥ ਸਭ ਤੋਂ ਜ਼ਿਆਦਾ ਸਿਹਤਮੰਦ ਹੋ ਸਕਦੇ ਹਨ, ਇਸ ਬਾਰੇ ਅਜੇ ਖੋਜ ਦੀ ਕਮੀ ਹੈ।

ਇਸ ਦੀ ਵਜ੍ਹਾ ਹੈ ਕਿ ਦੁਨੀਆਂ ਦੇ ਵੱਖ-ਵੱਖ ਹਿੱਸਿਆਂ ਵਿੱਚ ਕਈ ਤਰੀਕਿਆਂ ਨਾਲ ਫਰਮੈਂਟਿਡ ਭੋਜਨ ਪਦਾਰਥ ਤਿਆਰ ਕੀਤੇ ਜਾਂਦੇ ਹਨ ਜਿਸ ਕਾਰਨ ਉਨ੍ਹਾਂ ਵਿੱਚ ਮਿਲਣ ਵਾਲੇ ਬੈਕਟੀਰੀਆ ਵੱਖ-ਵੱਖ ਹੁੰਦੇ ਹਨ।

ਪ੍ਰੋਬਾਇਓਟਿਕਸ ਅਤੇ ਪ੍ਰੀਬਾਇਓਟਿਕਸ ਇੱਕ ਖ਼ਾਸ ਕਿਸਮ ਦੇ ਮਾਈਕ੍ਰੋਬਸ ਹਨ ਜਿਨ੍ਹਾਂ ਦੇ ਨੂੰ ਕਲੀਨੀਕਲ ਅਧਿਐਨ ਕੀਤੇ ਜਾ ਸਕਦੇ ਹਨ। ਲੇਕਿਨ ਅਸੀਂ ਨਹੀਂ ਜਾਣਦੇ ਕਿਸ ਫਰਮੈਂਟਿਡ ਭੋਜਨ ਪਦਾਰਥ ਵਿੱਚ ਕਿਹੜੇ ਮਾਈਕ੍ਰੋਬਸ ਮੌਜੂਦ ਹਨ।

ਵਿੰਡਰੋਲਾ ਮੁਤਾਬਕ, “ਫਰਮੈਂਟਿਡ ਭੋਜਨ ਪਦਾਰਥ ਵਿੱਚ ਮਾਈਕ੍ਰੋਬਸ ਦਾ ਇੱਕ ਪੇਚੀਦਾ ਸਮੁਦਾਇ ਹੁੰਦਾ ਹੈ ਜੋ ਇੱਕ ਭੋਜਨ (ਕੋਮਬੂਚਾ) ਤੋਂ ਦੂਜੇ ਵਿੱਚ ਬਦਲ ਸਕਦੇ ਹਨ।”

ਯੋਗਰਟ ਉਹ ਫਰਮੈਂਟਿਡ ਭੋਜਨ ਪਦਾਰਥ ਹੈ ਜਿਸ ਬਾਰੇ ਸਭ ਤੋਂ ਜ਼ਿਆਦਾ ਖੋਜ ਹੋਈ ਹੈ ਤਾਂ ਉਹ ਹੈ।

ਵਿੰਡਰੋਲਾ ਕਹਿੰਦੇ ਹਨ ਯੋਗਰਟ ਭਾਵੇਂ ਦੁਨੀਆਂ ਵਿੱਚ ਕਿਤੇ ਵੀ ਬਣਾਇਆ ਜਾਵੇ, ਹਮੇਸ਼ਾ ਦੋ ਖਾਸ ਕਿਸਮ ਦੇ ਬੈਕਟੀਰੀਆ (ਲੈਕਟੋਬੈਸੀਲਸ ਬੁਲਗਰੇਸੀਅਸ ਅਤੇ ਸਟਰੈਪਟੋਕੋਕਸ ਥਰਮੋਫਿਲਸ) ਤੋਂ ਬਣਦਾ ਹੈ । ਇਸੇ ਕਾਰਨ ਇਸ ਉੱਤੇ ਹੋਈ ਪਿਛਲੀ ਖੋਜ ਤੋਂ ਭਰੋਸੇਯੋਗ ਸਬੂਤ ਮਿਲ ਸਕੇ ਹਨ।

ਵਿੰਡਰੋਲਾ ਮੁਤਾਬਕ, “ਹਾਲਾਂਕਿ ਕੇਫੀਰ ਦੇ ਮਾਮਲੇ ਵਿੱਚ, ਦੁਨੀਆਂ ਦੇ ਵੱਖ-ਵੱਖ ਹਿੱਸਿਆਂ ਵਿੱਚ ਕੀਤੇ ਅਧਿਐਨਾਂ ਦੇ ਵੱਖ-ਵੱਖ ਨਤੀਜੇ ਹਨ ਕਿਉਂਕਿ ਇਸ ਵਿੱਚ ਵੱਖੋ-ਵੱਖਰੇ ਬੈਕਟੀਰੀਆ ਹੋਣਗੇ। ਇਸ ਦੇ ਨਤੀਜਿਆਂ ਦੀ ਤੁਲਨਾ ਕਰਨਾ ਅਤੇ ਇੱਕ ਸਬੂਤ ਅਧਾਰ ਤਿਆਰ ਕਰਨਾ ਮੁਸ਼ਕਿਲ ਹੈ।”

ਸਾਡੇ ਗਿਆਨ ਵਿੱਚ ਇਨ੍ਹਾਂ ਖੱਪਿਆਂ ਦੇ ਮੱਦੇ-ਨਜ਼ਰ, ਕੀ ਸਾਨੂੰ ਫਰਮੈਂਟਿਡ ਭੋਜਨ ਪਦਾਰਥ ਜ਼ਿਆਦਾ ਖਾਣੇ ਚਾਹੀਦੇ ਹਨ? ਡਾ਼ ਕੋਟਰ ਮੁਤਾਬਕ, ਹਾਂ। ਲੇਕਿਨ ਇਨ੍ਹਾਂ ਨੂੰ ਹੌਲੀ-ਹੌਲੀ ਆਪਣੀ ਖੁਰਾਕ ਦਾ ਹਿੱਸਾ ਬਣਾਉਣਾ ਚਾਹੀਦਾ ਹੈ।

“ਮੇਰੀ ਸਲਾਹ ਹੈ ਕਿ ਦਸ ਕਿਸਮ ਦੇ ਫਰਮੈਂਟ ਕੀਤੇ ਹੋਏ ਭੋਜਨ ਲਓ ਅਤੇ ਹੌਲੀ-ਹੌਲੀ ਆਪਣੀ ਖੁਰਾਕ ਵਿੱਚ ਸ਼ਾਮਿਲ ਕਰੋ ਅਤੇ ਦੇਖੋ ਕਿ ਤੁਹਾਡਾ ਸਰੀਰ ਕਿਸ ਨਾਲ ਰਾਜੀ ਹੁੰਦਾ ਹੈ। ਤੁਸੀਂ ਕੀ ਖਾਧਾ ਸੀ ਅਤੇ ਉਸ ਤੋਂ ਬਾਅਦ ਤੁਹਾਨੂੰ ਕੀ ਮਹਿਸੂਸ ਹੋਇਆ ਇਸ ਦਾ ਧਿਆਨ ਰੱਖੋ।”

ਅਜਿਹਾ ਇਸ ਲਈ ਹੈ ਕਿਉਂਕਿ ਕਈ ਵਾਰ ਕਿਸੇ ਖਾਸ ਫਰਮੈਂਟਿਡ ਭੋਜਨ ਪਦਾਰਥ ਦਾ ਆਦੀ ਹੋਣ ਵਿੱਚ ਸਰੀਰ ਨੂੰ ਕੁਝ ਦਿਨ ਲੱਗ ਸਕਦੇ ਹਨ। ਕਈ ਦੁਰਲਭ ਮਾਮਲਿਆਂ ਵਿੱਚ ਅਲਰਜੀ ਵੀ ਹੋ ਸਕਦੀ ਹੈ।

ਕਿੰਨੀ ਵਾਰ ਖਾਣੇ ਚਾਹੀਦੇ ਹਨ

ਗੋਮੇਜ਼ ਨੇ ਦੇਖਿਆ ਹੈ ਕਿ ਜਿਨ੍ਹਾਂ ਨੇ ਬਚਪਨ ਤੋਂ ਫਰਮੈਂਟਿਡ ਭੋਜਨ ਪਦਾਰਥਾਂ ਦੀ ਵਰਤੋਂ ਕੀਤੀ, ਉਨ੍ਹਾਂ ਦੇ ਪੇਟ ਦੇ ਮਾਈਕ੍ਰੋਬਾਇਓਮ ਸਥਾਈ ਤੌਰ ਉੱਤੇ ਸਹੀ ਰਹੇ। ਉਨ੍ਹਾਂ ਨੇ ਦੇਖਿਆ ਕਿ ਫਰਮੈਂਟਿਡ ਭੋਜਨ ਪਦਾਰਥ ਅਤੇ ਮਾਨਸਿਕ ਸਿਹਤ ਬਾਰੇ ਉਨ੍ਹਾਂ ਦੇ ਅਧਿਐਨ ਵਿੱਚ ਇੱਕ ਜਣਾ ਕੋਰੀਆ ਤੋਂ ਸੀ ਜਦਕਿ ਬਾਕੀ ਅਮਰੀਕਾ ਤੋਂ ਸਨ।

ਕੋਰੀਆ ਵਾਲੇ ਦੇ ਪੇਟ ਵਿੱਚ ਪੱਤਾ ਗੋਭੀ ਨੂੰ ਫਰਮੈਂਟ ਕਰ ਕੇ ਬਣਾਈ ਡਿਸ਼ (ਕਿਮੀਚੀ) ਨਾਲ ਸੰਬੰਧਿਤ ਬੈਕਟੀਰੀਆ ਸਨ।

ਉਹ ਦੱਸਦੇ ਹਨ,“ਅਮਰਕੀ ਲੋਕਾਂ ਨੇ ਸ਼ਾਇਦ ਫਰਮੈਂਟ ਕੀਤੇ ਭੋਜਨ ਸ਼ਾਇਦ ਦੇਰੀ ਨਾਲ ਖਾਣੇ ਸ਼ੁਰੂ ਕੀਤੇ ਸਨ। ਜਦਕਿ ਕੋਰੀਅਨ ਲੋਕ ਕਿਮੀਚੀ ਬਹੁਤ ਜ਼ਿਆਦਾ ਖਾਂਦੇ ਹਨ। ਉਹ ਸ਼ਾਇਦ ਇਹ ਬਚਪਨ ਤੋਂ ਹੀ ਖਾ ਰਿਹਾ ਸੀ।”

ਇਸ ਤੋਂ ਗੋਮੇਜ਼ ਸੋਚਣ ਲੱਗੇ ਕਿ ਕੀ ਲੰਬੇ ਸਮੇਂ ਤੱਕ ਫਰਮੈਂਟਿਡ ਭੋਜਨ ਪਦਾਰਥ ਖਾਣ ਦੇ ਕੋਈ ਸਥਾਈ ਅਸਰ ਵੀ ਹੋ ਸਕਦੇ ਹਨ।

ਲੇਕਿਨ ਬਾਅਦ ਵਿੱਚ ਫਰਮੈਂਟਿਡ ਭੋਜਨ ਪਦਾਰਥ ਖਾਣਾ ਸ਼ੁਰੂ ਕਰਨ ਵਾਲਿਆਂ ਬਾਰੇ ਉਹ ਕਹਿੰਦੇ ਹਨ, “ਇਸਦਾ ਅਰਥ ਇਹ ਨਹੀਂ ਤੁਸੀਂ ਫਰਮੈਂਟ ਕੀਤੇ ਭੋਜਨ ਦੇ ਫਾਇਦੇ ਨਹੀਂ ਚੁੱਕ ਸਕਦੇ।”

ਜਿਸ ਤਰ੍ਹਾਂ ਦਾ ਵੀ ਫਰਮੈਂਟ ਕੀਤਾ ਭੋਜਨ ਤੁਸੀਂ ਅਜ਼ਮਾਉਣਾ ਚਾਹੋਂ ਵਿੰਡਰੋਲਾ ਦੀ ਸਲਾਹ ਹੈ ਕਿ ਨਿਯਮਤ ਰੂਪ ਵਿੱਚ ਖਾਓ।

“ਸਿਹਤ ਦੇ ਲਾਭ ਲੈਣ ਲਈ ਨਿਯਮਤ ਖਾਣਾ ਜ਼ਰੂਰੀ ਹੈ ਕਿਉਂਕਿ ਸਰੀਰ ਨੂੰ ਨਿਯਮਤ ਪ੍ਰੇਰਨਾ ਚਾਹੀਦੀ ਹੈ।”

(ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)