ਮੁੜ ਐੱਸਜੀਪੀਸੀ ਪ੍ਰਧਾਨ ਬਣੇ ਹਰਜਿੰਦਰ ਧਾਮੀ ਨੇ ਭਾਜਪਾ, ਆਰਐੱਸਐੱਸ, ‘ਆਪ’ ਤੇ ਕੰਗਨਾ ਬਾਰੇ ਕੀ ਕਿਹਾ?

ਤਸਵੀਰ ਸਰੋਤ, SGPC
ਹਰਜਿੰਦਰ ਸਿੰਘ ਧਾਮੀ ਸ਼੍ਰੋਮਣੀ ਕਮੇਟੀ ਦੀ ਪ੍ਰਧਾਨਗੀ ਦੀ ਚੋਣ ਚੌਥੀ ਵਾਰ ਜਿੱਤ ਗਏ ਹਨ। ਉਨ੍ਹਾਂ ਨੂੰ ਕਮੇਟੀ ਦੇ ਇਜਲਾਸ ਦੌਰਾਨ ਵਿੱਚ 107 ਵੋਟਾਂ ਪਈਆਂ ਅਤੇ ਉਹ ਮੁੜ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਚੁਣੇ ਗਏ ਹਨ।
ਹਾਲਾਂਕਿ, ਬੀਬੀ ਜਗੀਰ ਕੌਰ ਨੂੰ 33 ਵੋਟਾਂ ਹੀ ਮਿਲੀਆਂ ਹਨ।
ਇਸ ਦੌਰਾਨ ਕੁੱਲ 142 ਵੋਟਾਂ ਪਈਆਂ ਸਨ ਅਤੇ ਦੋ ਵੋਟਾਂ ਰੱਦ ਹੋ ਗਈਆਂ ਸਨ।

ਤਸਵੀਰ ਸਰੋਤ, Getty Images
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ਦੀ ਚੋਣ ਕਮੇਟੀ ਦੇ ਦਫ਼ਤਰ ਤੇਜਾ ਸਿੰਘ ਸਮੁੰਦਰੀ ਹਾਲ ਵਿੱਚ ਰੱਖੀ ਗਈ ਸੀ।
ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਨੇ ਸ਼੍ਰੋਮਣੀ ਕਮੇਟੀ ਦੇ ਮੌਜੂਦਾ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਹੀ ਆਪਣਾ ਉਮੀਦਵਾਰ ਐਲਾਨਿਆ ਸੀ।
ਹਾਲਾਂਕਿ, ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਬਾਗ਼ੀ ਧੜੇ ਨੇ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਨਾਂ ਹੇਠ ਬੀਬੀ ਜਗੀਰ ਕੌਰ ਨੂੰ ਆਪਣਾ ਉਮੀਦਵਾਰ ਬਣਾਇਆ ਸੀ।

ਮੌਜੂਦਾ ਇਜਲਾਸ ਵਿੱਚ 185 ਮੈਂਬਰ ਸਨ, ਜਿਨ੍ਹਾਂ ਵਿੱਚੋਂ 31 ਦੀ ਮੌਤ ਹੋ ਗਈ ਹੈ, ਚਾਰ ਨੇ ਅਸਤੀਫ਼ਾ ਦੇ ਦਿੱਤਾ ਹੈ, ਦੋ ਅਯੋਗ ਸਨ ਅਤੇ 148 ਮੈਂਬਰ ਵੋਟ ਪਾਉਣ ਦੇ ਯੋਗ ਸਨ।
ਸਾਲ 2022 ਵਿੱਚ ਹੋਈਆਂ ਚੋਣਾਂ ਵਿੱਚ ਹਰਜਿੰਦਰ ਸਿੰਘ ਧਾਮੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਜਿੱਤ ਗਏ ਸਨ। ਉਸ ਮੌਕੇ ਉਨ੍ਹਾਂ ਦੇ ਹੱਕ ਵਿੱਚ ਕੁੱਲ 104 ਵੋਟਾਂ ਪਈਆਂ ਸਨ, ਜਦਕਿ ਪਾਰਟੀ ਦੀ ਬਾਗ਼ੀ ਉਮੀਦਵਾਰ ਜਗੀਰ ਕੌਰ ਨੇ ਉਸ ਵੇਲੇ 42 ਵੋਟਾਂ ਹਾਸਿਲ ਕੀਤੀਆਂ ਸਨ।
ਬੀਬੀ ਜਗੀਰ ਕੌਰ 1999 ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਲਈ ਪਹਿਲੀ ਮਹਿਲਾ ਪ੍ਰਧਾਨ ਵਜੋਂ ਚੁਣੇ ਗਏ ਸਨ।

ਤਸਵੀਰ ਸਰੋਤ, Ravinder Singh Robin/BBC
ਇਹ ਚੋਣਾਂ ਭਾਰਤ ਸਰਕਾਰ ਦੀ ਦੇਖ-ਰੇਖ ਹੇਠ ਕਰਵਾਈਆਂ ਜਾਂਦੀਆਂ ਹਨ। ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਵੱਲੋਂ ਗੁਰਦੁਆਰਾ ਚੋਣਾਂ ਲਈ ਚੋਣ ਕਮਿਸ਼ਨਰ ਦੀ ਨਿਯੁਕਤੀ ਕੀਤੀ ਜਾਂਦੀ ਹੈ।
ਚੋਣ ਕਮਿਸ਼ਨਰ ਸਰਕਾਰ ਨੂੰ ਚੋਣਾਂ ਦੀ ਤਿਆਰੀ, ਨਵੀਆਂ ਵੋਟਾਂ ਅਤੇ ਚੋਣਾਂ ਨਾਲ ਸਬੰਧਤ ਹੋਰ ਪ੍ਰਬੰਧਾਂ ਬਾਰੇ ਜਾਣੂ ਕਰਵਾਉਂਦੇ ਹਨ।
ਚੋਣਾਂ ਲਈ ਸੂਬਾ ਸਰਕਾਰ ਦੇ ਪ੍ਰਸ਼ਾਸਨ ਵੱਲੋਂ ਡਿਊਟੀ ਲਗਾਈ ਜਾਂਦੀ ਹੈ।
ਇਜਲਾਸ ਦੀ ਭਾਰਤ ਸਰਕਾਰ ਪਾਸੋਂ ਮੰਗ
ਸ਼੍ਰੋਮਣੀ ਕਮੇਟੀ ਦੇ ਜਨਰਲ ਇਜਲਾਸ ਨੇ ਭਾਰਤ ਸਰਕਾਰ ਕੋਲੋਂ ਮੰਗ ਕੀਤੀ ਕਿ ਸਿੱਖ ਕੌਮ ਪ੍ਰਤੀ ਸੋਸ਼ਲ ਮੀਡੀਆ ਜ਼ਰੀਏ ਹੋ ਰਹੇ ਹਮਲਿਆਂ ਨੂੰ ਰੋਕਿਆ ਜਾਵੇ।
ਇਜਲਾਸ ਵਿੱਚ ਕਿਹਾ ਗਿਆ, "ਸ਼੍ਰੋਮਣੀ ਕਮੇਟੀ ਵੱਲੋਂ ਪਹਿਲਾਂ ਵੀ ਕਈ ਵਾਰ ਇਸ ਵਰਤਾਰੇ ਵਿਰੁੱਧ ਮਤਾ ਪਾਸ ਕਰ ਕੇ ਭਾਰਤ ਸਰਕਾਰ ਨੂੰ ਭੇਜਿਆ ਗਿਆ ਸੀ, ਪਰੰਤੂ ਇਹ ਰੁਝਾਨ ਲਗਾਤਾਰ ਜਾਰੀ ਹੈ।"
"ਸੋਸ਼ਲ ਮੀਡੀਆ ਪਲੇਟਫਾਰਮਾਂ ʼਤੇ ਸਿੱਖ ਸਿਧਾਂਤਾਂ, ਗੁਰਬਾਣੀ, ਸਿੱਖ ਇਤਿਹਾਸ, ਰਹਿਤ ਮਰਯਾਦਾ ਵਿਰੁੱਧ ਇਤਰਾਜ਼ਯੋਗ ਟਿੱਪਣੀਆਂ ਦੇ ਨਾਲ-ਨਾਲ ਗੁਰੂ ਸਾਹਿਬਾਨ, ਸਿੱਖ ਸ਼ਹੀਦਾਂ ਅਤੇ ਸਿੱਖ ਪਛਾਣ ਬਾਰੇ ਝੂਠਾ ਪ੍ਰਾਪੇਗੰਡਾ ਕੀਤਾ ਜਾ ਰਿਹਾ ਹੈ।"
"ਕਿਸੇ ਵੀ ਧਰਮ ਵਿਰੁੱਧ ਨਫ਼ਰਤ ਪ੍ਰਚਾਰ ਇੱਕ ਬੇਹੱਦ ਖ਼ਤਰਨਾਕ ਰੁਝਾਨ ਹੈ, ਜਿਸ ਨਾਲ ਸਮਾਜ ਅੰਦਰ ਵਖਰੇਵੇਂ ਪੈਦਾ ਹੁੰਦੇ ਹਨ ਅਤੇ ਆਪਸੀ ਝਗੜਿਆਂ ਦਾ ਕਾਰਨ ਬਣਦੇ ਹਨ।"
ਸ਼੍ਰੋਮਣੀ ਕਮੇਟੀ ਦਾ ਅੱਜ ਦਾ ਇਜਲਾਸ ਸੋਸ਼ਲ ਮੀਡੀਆ ʼਤੇ ਸਿੱਖਾਂ ਵਿਰੁੱਧ ਹੁੰਦੇ ਨਫ਼ਰਤੀ ਪ੍ਰਚਾਰ ਨੂੰ ਹਰ ਪੱਧਰ ʼਤੇ ਰੋਕਣ ਲਈ ਭਾਰਤ ਸਰਕਾਰ ਨੂੰ ਅਪੀਲ ਕਰਦਾ ਹੈ।
ਭਾਜਪਾ, ਆਰਐੱਸਐੱਸ, 'ਆਪ' ਤੇ ਕੰਗਨਾ ਬਾਰੇ ਕੀ ਬੋਲੇ ਧਾਮੀ

ਤਸਵੀਰ ਸਰੋਤ, Daljit Cheema
ਐੱਸਜੀਪੀਸੀ ਚੋਣਾਂ ਵਿੱਚ ਜਿੱਤ ਮਗਰੋਂ ਹਰਜਿੰਦਰ ਸਿੰਘ ਧਾਮੀ ਨੇ ਮੀਡੀਆ ਨੂੰ ਸੰਬੋਧਨ ਕੀਤਾ।
ਧਾਮੀ ਨੇ ਭਾਜਪਾ, ਆਰਐੱਸਐੱਸ ਅਤੇ ਆਮ ਆਦਮੀ ਪਾਰਟੀ ਸਮੇਤ ਕਾਂਗਰਸ ’ਤੇ ਨਿਸ਼ਾਨਾ ਸਾਧਿਆ।
ਉਨ੍ਹਾਂ ਕਿਹਾ, ‘‘ਪੰਜਾਬ ਸਰਕਾਰ ਅਤੇ ਭਾਰਤ ਸਰਕਾਰ ਸਮੇਤ ਆਰਐੱਸਐੱਸ ਨੇ ਐੱਸਜੀਪੀਸੀ ਮੈਬਰਾਂ ਨੂੰ ਲਾਲਚ ਦੇਣ ਦੇ ਨਾਲ ਨਾਲ ਧਮਕਾਉਣ ਦੀ ਵੀ ਪੂਰੀ ਕੋਸ਼ਿਸ ਕੀਤੀ।”
ਫ਼ਿਲਮਾਂ ਵਿੱਚ ਸਿੱਖ ਕਿਰਦਾਰਾਂ ਅਤੇ ਅਦਾਕਾਰ ਕੰਗਨਾ ਰਣੌਤ ਦੀ ਫ਼ਿਲਮ ਐਮਰਜੈਂਸੀ ਬਾਰੇ ਬੋਲਦਿਆਂ ਹਰਜਿੰਦਰ ਸਿੰਘ ਧਾਮੀ ਨੇ ਕਿਹਾ, ‘‘ਕੰਗਨਾ ਰਣੌਤ ਨੇ ਸਿੱਖ ਪਰੰਪਰਾਵਾਂ ਦੀਆਂ ਧੱਜੀਆਂ ਉਡਾ ਦਿੱਤੀਆਂ। ਇਸ ’ਤੇ ਸਾਡਾ ਗਿਲਾ ਹੈ ਅਤੇ ਅਸੀਂ ਮਤਾ ਪਾਇਆ ਹੈ ਕਿ ਆਉਂਦੇ ਬੋਰਡ ਵਿੱਚ ਐੱਸਜੀਪੀਸੀ ਦਾ ਇੱਕ ਨੁਮਾਇੰਦਾ ਵੀ ਹੋਵੇ ਤਾਂ ਕਿ ਜੋ ਮੁੱਦੇ ਉੱਠਦੇ ਹਨ, ਉਹ ਬੰਦ ਹੋ ਜਾਣ।’’
ਉਹਨਾਂ ਕਿਹਾ ਕਿ ਇਸ ਫ਼ਿਲਮ 'ਤੇ ਤੁਰੰਤ ਪਾਬੰਦੀ ਲੱਗਣੀ ਚਾਹੀਦੀ ਹੈ।
ਬੀਬੀ ਜਗੀਰ ਕੌਰ ਨੇ ਕੀ ਕਿਹਾ

ਬੀਬੀ ਜਗੀਰ ਕੌਰ ਨੇ ਇਸ ਮੌਕੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਆਪਣੀ ਪ੍ਰਤੀਕਿਰਿਆ ਜ਼ਾਹਿਰ ਕੀਤੀ।
ਉਨ੍ਹਾਂ ਨੇ ਕਿਹਾ, "ਮੈਂ ਸਮਝਦੀ ਹਾਂ ਕਿ ਕੌਮ ਤਾਂ ਜਾਗ ਪਈ ਹੈ ਪਰ ਜਿਹੜੇ ਅੰਦਰ 13-14 ਸਾਲਾਂ ਤੋਂ ਧਾਨ ਖਾਹ ਰਹੀ ਹੈ, ਉਨ੍ਹਾਂ ਦੀਆਂ ਜ਼ਮੀਰਾਂ ਮਰ ਚੁੱਕੀਆਂ ਹਨ।"
ਐੱਸਜੀਪੀਸੀ ਮੈਂਬਰ ਕਿਰਨਜੋਤ ਕੌਰ ਨੇ ਕਿਹਾ ਕਿ ਚੰਗੇ ਮਾਹੌਲ ਵਿੱਚ ਚੋਣਾਂ ਹੋਈਆਂ।
ਉਨ੍ਹਾਂ ਨੇ ਕਿਹਾ, "ਇਹ ਜ਼ਰੂਰ ਦੇਖਣ ਵਿੱਚ ਆਇਆ ਹੈ ਕਿ ਜਿਨ੍ਹਾਂ ਨੇ ਪਹਿਲਾਂ ਹੋਰ ਕਿਤੇ ਵੋਟ ਪਾਉਣ ਲਈ ਕਿਹਾ ਸੀ ਤੇ ਅੱਜ ਉਨ੍ਹਾਂ ਦੇ ਰੰਗ ਤੇ ਤੇਵਰ ਬਦਲੇ ਨਜ਼ਰ ਆਏ।"
ਸ਼੍ਰੋਮਣੀ ਕਮੇਟੀ ਦੀ ਪਹਿਲੀ ਚੋਣ ਕਦੋਂ ਹੋਈ ਸੀ
ਗੁਰਦੁਆਰਾ ਐਕਟ 1925 ਤਹਿਤ ਬਣੀ ਸ਼੍ਰੋਮਣੀ ਕਮੇਟੀ ਦੀ ਪਹਿਲੇ 21 ਸਾਲਾਂ ਦੀ ਕਹਾਣੀ ਬੜੀ ਰੋਚਕ ਹੈ। ਪੰਜਾਬ ਸਰਕਾਰ ਨੇ ਪਹਿਲੀ ਗੁਰਦੁਆਰਾ ਚੋਣ 18 ਜੂਨ 1926 ਨੂੰ ਕਰਵਾਈ ਸੀ।
ਉਸ ਚੋਣ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਮੁਕਾਬਲੇ 'ਚ ਸਰਦਾਰ ਬਹਾਦਰ ਮਹਿਤਾਬ ਸਿੰਘ ਦਾ ਧੜਾ ਨਿੱਤਰਿਆ ਸੀ। ਸਰਦਾਰ ਬਹਾਦਰ ਧੜੇ ਨੂੰ ਪੰਜਾਬ ਸਰਕਾਰ ਦੀ ਸ਼ਹਿ ਸੀ ਤੇ ਮਹਾਰਾਜਾ ਪਟਿਆਲਾ ਦੀ ਹੱਲਾਸ਼ੇਰੀ ਸੀ।
ਇਸ ਦੌਰਾਨ ਚੋਣ ਸੰਗਰਾਮ ਸ਼ੁਰੂ ਹੋਇਆ ਅਤੇ ਇੱਕ ਦੂਜੇ ਖਿਲਾਫ਼ ਧੂੰਆਧਾਰ ਪ੍ਰਚਾਰ ਵੀ ਹੋਇਆ ਤੇ ਵੋਟਾਂ ਪਈਆਂ।
120 ਸੀਟਾਂ ਦੇ ਨਤੀਜੇ ਨਿਕਲੇ। ਸ਼੍ਰੋਮਣੀ ਅਕਾਲੀ ਦਲ ਦੇ 85 ਮੈਂਬਰ ਕਾਮਯਾਬ ਹੋਏ। ਸਰਦਾਰ ਬਹਾਦਰ ਨੂੰ 26 ਸੀਟਾਂ ਮਿਲੀਆਂ, ਸੁਧਾਰ ਕਮੇਟੀ ਦੇ 5 ਉਮੀਦਵਾਰ ਜਿੱਤੇ ਅਤੇ 4 ਆਜ਼ਾਦ ਉਮੀਦਵਾਰ ਜਿੱਤੇ।
ਲੋਕ ਮੱਤ ਰਾਹੀ ਚੁਣੀ ਗਈ ਪਹਿਲੀ ਸ਼੍ਰੋਮਣੀ ਕਮੇਟੀ ਦੀ ਪਹਿਲੀ ਮੀਟਿੰਗ ਮਿਤੀ 4 ਨਵੰਬਰ 1926 ਨੂੰ ਟਾਊਨ ਹਾਲ ਅੰਮ੍ਰਿਤਸਰ ਵਿਖੇ ਹੋਈ ।

ਤਸਵੀਰ ਸਰੋਤ, Ravinder Singh Robin/BBC
ਐੱਸਜੀਪੀਸੀ ਦੇ ਮੈਂਬਰਾਂ ਵਿੱਚ ਕੌਣ-ਕੌਣ ਸ਼ਾਮਿਲ ਹੁੰਦਾ ਹੈ?
ਪੰਜ ਤਖ਼ਤਾਂ ਦੇ ਜਥੇਦਾਰ, ਦਰਬਾਰ ਸਾਹਿਬ ਅੰਮ੍ਰਿਤਸਰ ਦੇ ਹੈੱਡ ਗ੍ਰੰਥੀ, 15 ਨਾਮਜ਼ਦ ਮੈਂਬਰ ਅਤੇ 170 ਚੁਣੇ ਹੋਏ ਮੈਂਬਰਾਂ ਸਮੇਤ ਐੱਸਜੀਪੀਸੀ ਦੇ 191 ਮੈਂਬਰ ਹੁੰਦੇ ਹਨ। ਇਨ੍ਹਾਂ ਵਿੱਚ ਤਕਰੀਬਨ 30 ਸੀਟਾਂ ਔਰਤਾਂ ਲਈ ਰਾਖਵੀਆਂ ਹੁੰਦੀਆਂ ਹਨ।
ਇਹ ਡਬਲ ਸੀਟਾਂ ਹੁੰਦੀਆਂ ਹਨ ਯਾਨੀ ਇਥੋਂ ਇੱਕ ਮਹਿਲਾ ਮੈਂਬਰ ਅਤੇ ਦੂਸਰਾ ਕੋਈ ਵੀ ਸਾਬਤ ਸੂਰਤ ਸਿੱਖ ਮੈਂਬਰ ਹੋ ਸਕਦਾ ਹੈ।
ਚੋਣਾਂ ਦੇ ਨਤੀਜਿਆਂ ਤੋਂ ਬਾਅਦ ਨਵੇਂ ਚੁਣੇ ਮੈਂਬਰ ਜਦੋਂ ਪਹਿਲਾਂ ਜਨਰਲ ਹਾਊਸ ਇਜਲਾਸ ਕਰਦੇ ਹਨ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੂੰ ਮੈਂਬਰਾਂ ਰਾਹੀਂ ਚੁਣਿਆ ਜਾਂਦਾ ਹੈ।
ਪਹਿਲੇ ਇਜਲਾਸ ਤੋਂ ਬਾਅਦ ਦੋ ਸਾਲ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਚੁਣੇ ਜਾਂਦੇ ਹਨ।
ਉਸ ਤੋਂ ਬਾਅਦ ਆਉਣ ਵਾਲੇ ਸਾਲਾਂ ਵਿੱਚ ਹਰ ਸਾਲ ਹੋਣ ਵਾਲੇ ਜਨਰਲ ਇਜਲਾਸ ਵਿੱਚ ਇੱਕ ਸਾਲ ਲਈ ਪ੍ਰਧਾਨ ਦੀ ਚੋਣ ਹੁੰਦੀ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












