ਪੰਜਾਬ ਜ਼ਿਮਨੀ ਚੋਣਾਂ: ਕਾਂਗਰਸ ਤੇ ‘ਆਪ’ ਦੀ ਟਿਕਟ ਵੰਡ ’ਚ ਪਰਿਵਾਰਵਾਦ ਕਿੰਨਾ ਭਾਰੂ, ਬੀਜੇਪੀ ਤੇ ਅਕਾਲੀ ਦਲ ਕੀ ਕਰ ਰਹੇ ਹਨ

ਜਤਿੰਦਰ ਕੌਰ ਰੰਧਾਵਾ, ਹਰਦੀਪ ਸਿੰਘ ਡਿੰਪੀ ਢਿੱਲੋਂ ਅਤੇ ਅੰਮ੍ਰਿਤਾ ਵੜਿੰਗ

ਤਸਵੀਰ ਸਰੋਤ, Jatinder Kaur Randhawa, Hardeep Singh Dimpy Dhillon & Amrita Warring/FB

ਤਸਵੀਰ ਕੈਪਸ਼ਨ, ਜਤਿੰਦਰ ਕੌਰ ਰੰਧਾਵਾ, ਹਰਦੀਪ ਸਿੰਘ ਡਿੰਪੀ ਢਿੱਲੋਂ ਅਤੇ ਅੰਮ੍ਰਿਤਾ ਵੜਿੰਗ ਚੋਣ ਮੈਦਾਨ ਵਿੱਚ ਹਨ
    • ਲੇਖਕ, ਨਵਜੋਤ ਕੌਰ
    • ਰੋਲ, ਬੀਬੀਸੀ ਪੱਤਰਕਾਰ

ਪੰਜਾਬ ਵਿੱਚ ਬਰਨਾਲਾ, ਗਿੱਦੜਬਾਹਾ, ਚੱਬੇਵਾਲ ਅਤੇ ਡੇਰਾ ਬਾਬਾ ਨਾਨਕ ਵਿਧਾਨ ਸਭਾ ਜ਼ਿਮਨੀ ਚੋਣਾਂ ਲਈ ਸਿਆਸੀ ਜੰਗ ਕਾਫੀ ਦਿਲਚਸਪ ਹੋ ਗਈ ਹੈ।

ਇਹਨਾਂ ਚਾਰੇ ਸੀਟਾਂ ਉੱਤੇ ਜ਼ਿਮਨੀ ਚੋਣ ਲਈ ਵੋਟਾਂ 13 ਨਵੰਬਰ 2024 ਨੂੰ ਪੈਣੀਆਂ ਹਨ ਅਤੇ ਨਤੀਜੇ 23 ਨਵੰਬਰ ਨੂੰ ਐਲਾਨੇ ਜਾਣੇ ਹਨ।

ਜ਼ਿਮਨੀ ਚੋਣਾਂ ਲਈ ਨਾਮਜ਼ਦਗੀ ਦੀ ਆਖ਼ਰੀ ਤਰੀਕ 25 ਅਕਤੂਬਰ ਹੈ। ਆਮ ਆਦਮੀ ਪਾਰਟੀ ਤੇ ਕਾਂਗਰਸ ਨੇ ਚਾਰ ਸੀਟਾਂ ਅਤੇ ਭਾਜਪਾ ਨੇ ਤਿੰਨ ਸੀਟਾਂ ਉੱਤੇ ਆਪਣੇ-ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ।

ਹਾਲਾਂਕਿ, ਸ਼੍ਰੋਮਣੀ ਅਕਾਲੀ ਦਲ ਵੱਲੋਂ ਉਮੀਦਵਾਰਾਂ ਦਾ ਐਲਾਨ ਹੋਣਾ ਬਾਕੀ ਹੈ। ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਵੀ ਬਰਨਾਲਾ ਅਤੇ ਗਿੱਦੜਬਾਹਾ ਤੋਂ ਉਮੀਦਵਾਰ ਐਲਾਨ ਦਿੱਤੇ ਹਨ।

ਬੀਬੀਸੀ ਪੰਜਾਬੀ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

ਕਾਂਗਰਸ ਨੇ ਡੇਰਾ ਬਾਬਾ ਨਾਨਕ ਤੋਂ ਜਤਿੰਦਰ ਕੌਰ, ਚੱਬੇਵਾਲ ਤੋਂ ਰਣਜੀਤ ਕੁਮਾਰ, ਗਿੱਦੜਬਾਹਾ ਤੋਂ ਅੰਮ੍ਰਿਤਾ ਵੜਿੰਗ ਅਤੇ ਬਰਨਾਲਾ ਤੋਂ ਕੁਲਦੀਪ ਸਿੰਘ ਢਿੱਲੋਂ ਨੂੰ ਉਮੀਦਵਾਰ ਬਣਾਇਆ ਹੈ।

ਆਮ ਆਦਮੀ ਪਾਰਟੀ ਨੇ ਗਿੱਦੜਬਾਹਾ ਤੋਂ ਹਰਦੀਪ ਸਿੰਘ ਡਿੰਪੀ ਢਿੱਲੋਂ, ਬਰਨਾਲਾ ਤੋਂ ਹਰਿੰਦਰ ਸਿੰਘ ਧਾਲੀਵਾਲ, ਚੱਬੇਵਾਲ ਤੋਂ ਡਾਕਟਕ ਇਸ਼ਾਂਕ ਕੁਮਾਰ ਅਤੇ ਡੇਰਾ ਬਾਬਾ ਨਾਨਕ ਤੋਂ ਗੁਰਦੀਪ ਸਿੰਘ ਰੰਧਾਵਾ ਨੂੰ ਚੋਣ ਮੈਦਾਨ ’ਚ ਉਤਾਰਿਆ ਗਿਆ ਹੈ।

ਭਾਜਪਾ ਨੇ ਗਿੱਦੜਬਾਹਾ ਤੋਂ ਮਨਪ੍ਰੀਤ ਬਾਦਲ, ਬਰਨਾਲਾ ਤੋਂ ਕੇਵਲ ਢਿੱਲੋਂ ਤੇ ਡੇਰਾ ਬਾਬਾ ਨਾਨਕ ਤੋਂ ਰਵੀ ਕਰਨ ਕਾਹਲੋਂ ਨੂੰ ਉਮੀਦਵਾਰ ਐਲਾਨਿਆ ਹੈ। ਚੌਥੀ ਸੀਟ ਲਈ ਉਮੀਦਵਾਰ ਦਾ ਐਲਾਨ ਅਜੇ ਬਾਕੀ ਹੈ।

2024 ਦੀਆਂ ਲੋਕ ਸਭਾ ਚੋਣਾਂ ਵਿੱਚ ਬਰਨਾਲਾ, ਗਿੱਦੜਬਾਹਾ, ਡੇਰਾ ਬਾਬਾ ਨਾਨਕ ਅਤੇ ਚੱਬੇਵਾਲ ਤੋਂ ਚੁਣੇ ਹੋਏ ਵਿਧਾਇਕ ਮੀਤ ਹੇਅਰ, ਰਾਜਾ ਵੜਿੰਗ, ਸੁਖਜਿੰਦਰ ਰੰਧਾਵਾ ਅਤੇ ਰਾਜ ਕੁਮਾਰ ਚੱਬੇਵਾਲ ਐੱਮਪੀ ਬਣੇ ਗਏ ਸਨ।

ਇਸ ਲਈ ਇਹ ਸੀਟਾਂ ਖਾਲ੍ਹੀ ਹੋ ਗਈਆਂ ਸਨ ਜਿਸ ਤੋਂ ਬਾਅਦ ਹੁਣ ਇਹਨਾਂ ਸੀਟਾਂ ਉੱਤੇ ਚੋਣ ਕਰਵਾਈ ਜਾ ਰਹੀ ਹੈ।

ਗਿੱਦੜਬਾਹਾ ਤੋਂ ਕੌਣ-ਕੌਣ ਮੈਦਾਨ ਵਿੱਚ ਹਨ

ਅੰਮ੍ਰਿਤਾ ਵੜਿੰਗ

ਤਸਵੀਰ ਸਰੋਤ, Amrita Warring/FB

ਤਸਵੀਰ ਕੈਪਸ਼ਨ, ਅੰਮ੍ਰਿਤਾ ਵੜਿੰਗ, ਰਾਜਾ ਵੜਿੰਗ ਦੇ ਪਤਨੀ ਹਨ ਤੇ ਗਿੱਦੜਬਾਹਾ ਤੋਂ ਚੋਣ ਲੜ ਰਹੇ ਹਨ

ਗਿੱਦੜਵਾਹਾ ਵਿੱਚ ਕਾਂਗਰਸ ਨੇ ਅੰਮ੍ਰਿਤਾ ਵੜਿੰਗ, ਭਾਜਪਾ ਨੇ ਮਨਪ੍ਰੀਤ ਬਾਦਲ ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਹਲਕਾ ਗਿੱਦੜਬਾਹਾ ਤੋਂ ਸੁਖਰਾਜ ਸਿੰਘ ਨਿਆਮੀਵਾਲਾ ਨੂੰ ਪਾਰਟੀ ਉਮੀਦਵਾਰ ਐਲਾਨਿਆ ਹੈ।

ਜੇਕਰ ਗੱਲ ਅੰਮ੍ਰਿਤਾ ਵੜਿੰਗ ਦੀ ਕੀਤੀ ਜਾਵੇ ਤਾਂ ਪੰਜਾਬ ਕਾਂਗਰਸ ਪ੍ਰਧਾਨ ਅਤੇ ਲੁਧਿਆਣਾ ਤੋਂ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਪਤਨੀ ਹਨ।

ਉਹ ਸਿਆਸਤ ਵਿੱਚ ਕੋਈ ਬਹੁਤ ਪੁਰਾਣੇ ਨਹੀਂ ਹਨ। ਉਨ੍ਹਾਂ ਦੀ ਸਿਆਸਤ ਵਿੱਚ ਐਂਟਰੀ ਆਪਣੇ ਪਤੀ ਰਾਜਾ ਵੜਿੰਗ ਨਾਲ ਹੀ ਹੋਈ ਹੈ।

ਰਾਜਾ ਵੜਿੰਗ ਦੇ 2024 ਲੋਕ ਸਭਾ ਚੋਣਾਂ ਵਿੱਚ ਵਿਧਾਇਕ ਬਣਨ ਤੋਂ ਬਾਅਦ ਇਹ ਸੀਟ ਖਾਲ੍ਹੀ ਹੋਈ ਸੀ। ਉਸ ਵੇਲੇ ਤੋਂ ਹੀ ਅੰਮ੍ਰਿਤਾ ਵੜਿੰਗ ਗਿੱਦੜਬਾਹਾ ਵਿੱਚ ਸਰਗਰਮ ਹੋ ਗਏ ਸਨ।

ਰਾਜਾ ਵੜਿੰਗ 2012, 2017 ਅਤੇ 2022 ਵਿੱਚ ਲਗਾਤਾਰ ਤਿੰਨ ਵਾਰ ਗਿੱਦੜਬਾਹਾ ਤੋਂ ਵਿਧਾਇਕ ਬਣ ਚੁੱਕੇ ਹਨ। 2017 ਦੀਆਂ ਵਿਧਾਨ ਚੋਣਾਂ ਵੇਲੇ ਆਪਣੇ ਪਤੀ ਦੇ ਹੱਕ ਵਿੱਚ ਕੀਤੇ ਪ੍ਰਚਾਰ ਤੋਂ ਅੰਮ੍ਰਿਤਾ ਵੜਿੰਗ ਦਾ ਨਾਮ ਚਰਚਾ ਵਿੱਚ ਆ ਗਿਆ ਸੀ।

2024 ਦੀਆਂ ਲੋਕ ਸਭਾ ਚੋਣਾਂ ਵੇਲੇ ਵੀ ਅੰਮ੍ਰਿਤਾ ਵੜਿੰਗ ਦੇ ਚੋਣ ਲੜ੍ਹਨ ਦੇ ਚਰਚੇ ਸਨ ਪਰ ਇਹ ਸੰਭਵ ਨਹੀਂ ਹੋਇਆ ਸੀ। ਉਸ ਵੇਲੇ ਵੀ ਅੰਮ੍ਰਿਤਾ ਵੜਿੰਗ ਨੇ ਲੁਧਿਆਣਾ ਵਿੱਚ ਰਾਜਾ ਵੜਿੰਗ ਲਈ ਪ੍ਰਚਾਰ ਕੀਤਾ।

ਪਾਰਟੀ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਮੁਤਾਬਕ ਅੰਮ੍ਰਿਤਾ ਵੜਿੰਗ ਨੇ ਕੰਪਿਊਟਰ ਐਪਲੀਕੇਸ਼ਨ ਵਿੱਚ ਮਾਸਟਰਜ਼ ਕੀਤੀ ਹੋਈ ਹੈ। ਉਹ ਆਪਣੀ ਇੱਕ ਐੱਨਜੀਓ ਆਸਰਾ ਫਾਊਂਡੇਸ਼ਨ ਵੀ ਚਲਾਉਂਦੇ ਹਨ।

ਮਨਪ੍ਰੀਤ ਬਾਦਲ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਭਾਜਪਾ ਨੇ ਗਿੱਦੜਵਾਹਾ ਤੋਂ ਸੂਬੇ ਦੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੂੰ ਮੈਦਾਨ ਵਿੱਚ ਉਤਰਿਆ ਹੈ

ਭਾਜਪਾ ਦੇ ਉਮੀਵਾਰ ਮਨਪ੍ਰੀਤ ਬਾਦਲ ਗਿੱਦੜਬਾਹਾ ਤੋਂ 4 ਵਾਰ ਵਿਧਾਇਕ ਰਹਿ ਚੁੱਕੇ ਹਨ। ਉਹ ਪਹਿਲੀ ਵਾਰ 1995 ਵਿੱਚ ਅਕਾਲੀ ਦਲ ਦੀ ਟਿਕਟ ਉੱਤੇ ਗਿੱਦੜਬਾਹਾ ਤੋਂ ਵਿਧਾਇਕ ਚੁਣੇ ਗਏ ਸਨ।

ਮਨਪ੍ਰੀਤ ਬਾਦਲ ਕਾਂਗਰਸ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋਏ ਅਤੇ ਸੂਬੇ ਦੇ ਵਿੱਤ ਮੰਤਰੀ ਵੀ ਰਹਿ ਚੁੱਕੇ ਹਨ।

ਪਰ ਇਸ ਵਾਰ ਮਨਪ੍ਰੀਤ ਬਾਦਲ ਭਾਜਪਾ ਦੀ ਟਿਕਟ ਉੱਤੇ ਪਹਿਲੀ ਵਾਰੀ ਵਿਧਾਨ ਸਭਾ ਦੀ ਜ਼ਿਮਨੀ ਚੋਣ ਲੜ ਰਹੇ ਹਨ।

ਸੁਖਰਾਜ ਸਿੰਘ

ਤਸਵੀਰ ਸਰੋਤ, Sukhraj Singh

ਤਸਵੀਰ ਕੈਪਸ਼ਨ, ਸੁਖਰਾਜ ਸਿੰਘ ਬਹਿਬਲ ਕਲਾਂ ਗੋਲੀ ਕਾਂਡ ਵਿੱਚ ਮਾਰੇ ਗਏ ਕ੍ਰਿਸ਼ਨ ਭਗਵਾਨ ਸਿੰਘ ਦੇ ਪੁੱਤਰ ਹਨ

ਸੁਖਰਾਜ ਸਿੰਘ ਬਹਿਬਲ ਕਲਾਂ ਗੋਲੀ ਕਾਂਡ ਵਿੱਚ ਮਾਰੇ ਗਏ ਕ੍ਰਿਸ਼ਨ ਭਗਵਾਨ ਸਿੰਘ ਦੇ ਪੁੱਤਰ ਹਨ। ਉਹ 2015 ਤੋਂ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਅਤੇ ਆਪਣੇ ਪਿਤਾ ਦੀ ਮੌਤ ਦਾ ਇਨਸਾਫ਼ ਲੈਣ ਲਈ ਸਰਕਾਰਾਂ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰ ਰਹੇ ਹਨ।

ਬੀਬੀਸੀ ਨਾਲ ਗੱਲਬਾਤ ਕਰਦਿਆਂ ਸੁਖਰਾਜ ਸਿੰਘ ਕਹਿੰਦੇ ਹਨ,"ਕਾਂਗਰਸ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ਬੇਅਦਬੀ ਅਤੇ ਗੋਲੀਕਾਂਡ ਦੇ ਇਨਸਾਫ਼ ਦੇ ਵਾਅਦੇ ਨਾਲ ਸੱਤਾ ਵਿੱਚ ਆਈ ਸੀ ਪਰ ਅੱਜ ਤੱਕ ਸਾਨੂੰ ਕੋਈ ਇਨਸਾਫ਼ ਨਹੀਂ ਮਿਲਿਆ। ਇਸ ਕਰਕੇ ਸਾਨੂੰ ਹੁਣ ਆਪ ਸਿਆਸਤ ਵਿੱਚ ਆਉਣਾ ਪਿਆ ਹੈ।"

ਹਰਦੀਪ ਸਿੰਘ ਡਿੰਪੀ ਢਿੱਲੋਂ

ਤਸਵੀਰ ਸਰੋਤ, Hardeep Singh Dimpy Dhillon/FB

ਤਸਵੀਰ ਕੈਪਸ਼ਨ, ਡਿੰਪੀ ਢਿੱਲੋਂ 2017 ਅਤੇ 2022 ਵਿੱਚ ਅਕਾਲੀ ਦਲ ਵੱਲੋਂ ਗਿੱਦੜਬਾਹਾ ਤੋਂ ਚੋਣ ਲੜਦੇ ਰਹੇ ਪਰ ਰਾਜਾ ਵੜਿੰਗ ਤੋਂ ਹਾਰ ਗਏ ਸਨ

ਗਿੱਦੜਬਾਹਾ ਤੋਂ ਆਮ ਆਦਮੀ ਪਾਰਟੀ ਨੇ ਦੋ ਮਹੀਨੇ ਪਹਿਲਾਂ ਅਕਾਲੀ ਦਲ ਛੱਡ ਕੇ ਆਏ ਹਰਦੀਪ ਸਿੰਘ ਡਿੰਪੀ ਢਿੱਲੋਂ ਨੂੰ ਉਮੀਦਵਾਰ ਐਲਾਨਿਆ ਹੈ। ਡਿੰਪੀ ਢਿੱਲੋਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਬੇਹੱਦ ਕਰੀਬੀ ਰਹੇ ਹਨ।

ਪਰ ਉਹ 2024 ਦੀਆਂ ਲੋਕ ਸਭਾ ਚੋਣਾਂ ਵੇਲੇ ਅਕਾਲੀ ਦਲ ਵੱਲੋਂ ਟਿਕਟ ਨਾ ਮਿਲਣ ਤੋਂ ਨਾਰਾਜ਼ ਹੋ ਗਏ ਸਨ ਅਤੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਸਨ।

ਹਾਲਾਂਕਿ ਸੁਖਬੀਰ ਸਿੰਘ ਬਾਦਲ ਡਿੰਪੀ ਢਿੱਲੋਂ ਦੇ ਜਾਣ ਤੋਂ ਬਾਅਦ ਵੀ ਇਹ ਗੱਲ ਕਹਿੰਦੇ ਰਹੇ ਕਿ ਡਿੰਪੀ ਵਾਪਸ ਆ ਜਾਵੇ ਤਾਂ ਟਿਕਟ ਉਸ ਨੂੰ ਹੀ ਮਿਲੇਗੀ।

ਡਿੰਪੀ ਢਿੱਲੋਂ 2017 ਅਤੇ 2022 ਵਿੱਚ ਅਕਾਲੀ ਦਲ ਵੱਲੋਂ ਗਿੱਦੜਵਾਹਾ ਤੋਂ ਚੋਣ ਲੜਦੇ ਰਹੇ ਪਰ ਰਾਜਾ ਵੜਿੰਗ ਤੋਂ ਹਾਰ ਗਏ ਸਨ।

ਡੇਰਾ ਬਾਬਾ ਨਾਨਕ: ਕੌਣ-ਕੌਣ ਚੋਣ ਮੈਦਾਨ 'ਚ

ਜਤਿੰਦਰ ਕੌਰ ਰੰਧਾਵਾ

ਤਸਵੀਰ ਸਰੋਤ, Gurpreet Singh chawla/BBC

ਤਸਵੀਰ ਕੈਪਸ਼ਨ, ਜਤਿੰਦਰ ਕੌਰ ਰੰਧਾਵਾ, ਸੁਖਜਿੰਦਰ ਸਿੰਘ ਰੰਧਾਵਾ ਦੇ ਪਤਨੀ ਹਨ

ਡੇਰਾ ਬਾਬਾ ਨਾਨਕ ਤੋਂ ਵੀ ਕਾਂਗਰਸ ਨੇ ਮੌਜੂਦਾ ਗੁਰਦਾਸਪੁਰ ਤੋਂ ਸੰਸਦ ਮੈਂਬਰ ਅਤੇ ਸਾਬਕਾ ਵਿਧਾਇਕ ਸੁਖਜਿੰਦਰ ਸਿੰਘ ਰੰਧਾਵਾ ਦੀ ਪਤਨੀ ਜਤਿੰਦਰ ਕੌਰ ਰੰਧਾਵਾ ਨੂੰ ਟਿਕਟ ਦਿੱਤੀ ਹੈ।

ਉੱਥੇ ਹੀ ਆਮ ਆਦਮੀ ਪਾਰਟੀ ਨੇ ਗੁਰਦੀਪ ਸਿੰਘ ਰੰਧਾਵਾ ਅਤੇ ਭਾਜਪਾ ਨੇ ਰਵੀ ਕਰਨ ਕਾਹਲੋਂ ਨੂੰ ਆਪਣਾ ਉਮੀਦਵਾਰ ਐਲਾਨਿਆ ਹੈ।

ਕਾਂਗਰਸ ਦੇ ਸੁਖਜਿੰਦਰ ਰੰਧਾਵਾ 2002, 2012, 2017 ਅਤੇ 2022 ਵਿੱਚ ਡੇਰਾ ਬਾਬਾ ਨਾਨਕ ਤੋਂ ਵਿਧਾਇਕ ਰਹਿ ਚੁੱਕੇ ਹਨ। ਹਲਕੇ ਵਿੱਚ ਪ੍ਰਚਾਰ ਦੌਰਾਨ ਜਤਿੰਦਰ ਕੌਰ ਅਕਸਰ ਸੁਖਜਿੰਦਰ ਰੰਧਾਵਾ ਦੇ ਨਾਲ ਦੇਖੇ ਗਏ ਹਨ।

58 ਸਾਲਾ ਜਤਿੰਦਰ ਕੌਰ ਨੇ ਗੁਰੂ ਨਾਨਕ ਕਾਲਜ ਮੁਕਤਸਰ ਤੋਂ ਗ੍ਰੈਜੂਏਸ਼ਨ ਕੀਤੀ ਹੋਈ ਹੈ।

ਰਵੀਕਰਨ ਸਿੰਘ ਕਾਹਲੋਂ

ਤਸਵੀਰ ਸਰੋਤ, Fb/Ravikaran Singh Kahlon/FB

ਤਸਵੀਰ ਕੈਪਸ਼ਨ, ਰਵੀਕਰਨ ਸਿੰਘ ਕਾਹਲੋਂ ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਨਿਰਮਲ ਸਿੰਘ ਕਾਹਲੋਂ ਦੇ ਪੁੱਤਰ ਹਨ

ਭਾਜਪਾ ਨੇ ਡੇਰਾ ਬਾਬਾ ਨਾਨਕ ਵਿਧਾਨ ਸਭਾ ਸੀਟ ਉੱਤੇ ਅਕਾਲੀ ਦਲ ਵਿੱਚੋਂ ਕੱਢੇ ਗਏ ਰਵੀਕਰਨ ਸਿੰਘ ਕਾਹਲੋਂ ਨੂੰ ਟਿਕਟ ਦਿੱਤੀ ਹੈ। ਰਵੀਕਰਨ ਸਿੰਘ ਕਾਹਲੋਂ ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਨਿਰਮਲ ਸਿੰਘ ਕਾਹਲੋਂ ਦੇ ਪੁੱਤਰ ਹਨ।

ਰਵੀਕਰਨ ਸਿੰਘ ਕਾਹਲੋਂ ਨੂੰ 2024 ਲੋਕ ਸਭਾ ਚੋਣਾਂ ਦੌਰਾਨ ਅਕਾਲੀ ਦਲ ਨੇ ਪਾਰਟੀ ਵਿਰੋਧੀ ਗਤੀਵਿਧੀਆਂ ਕਰਨ ਦੇ ਇਲਜ਼ਾਮ ਤਹਿਤ ਪਾਰਟੀ ਵਿੱਚੋਂ ਬਾਹਰ ਕੱਢ ਦਿੱਤਾ ਸੀ। ਜਿਸ ਤੋਂ ਬਾਅਦ ਰਵੀਕਰਨ ਸਿੰਘ ਕਾਹਲੋਂ ਭਾਜਪਾ ਵਿੱਚ ਸ਼ਾਮਲ ਹੋ ਗਏ ਸਨ।

ਉਨ੍ਹਾਂ ਨੇ ਹਲਕਾ ਡੇਰਾ ਬਾਬਾ ਨਾਨਕ ਤੋਂ 2022 ਦੀਆਂ ਵਿਧਾਨ ਸਭਾ ਚੋਣਾਂ ਵੀ ਲੜੀਆਂ ਹਨ ਪਰ ਸੁਖਜਿੰਦਰ ਸਿੰਘ ਰੰਧਾਵਾ ਤੋਂ ਹਾਰ ਗਏ ਸਨ।

ਗੁਰਦੀਪ ਸਿੰਘ ਰੰਧਾਵਾ

ਤਸਵੀਰ ਸਰੋਤ, Gurdeep singh Randhawa/FB

ਤਸਵੀਰ ਕੈਪਸ਼ਨ, ਆਮ ਆਦਮੀ ਪਾਰਟੀ ਵੱਲੋਂ ਡੇਰਾ ਬਾਬਾ ਨਾਨਕ ਤੋਂ ਗੁਰਦੀਪ ਸਿੰਘ ਰੰਧਾਵਾ ਚੋਣ ਮੈਡਾਨ ਵਿੱਚ ਹਨ

ਆਮ ਆਦਮੀ ਪਾਰਟੀ ਨੇ ਡੇਰਾ ਬਾਬਾ ਨਾਨਕ ਤੋਂ ਹਲਕਾ ਇੰਚਾਰਜ ਗੁਰਦੀਪ ਸਿੰਘ ਰੰਧਾਵਾ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਹੈ।

ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਵੀ ‘ਆਪ’ ਨੇ ਗੁਰਦੀਪ ਸਿੰਘ ਰੰਧਾਵਾ ਨੂੰ ਟਿਕਟ ਦਿੱਤੀ ਸੀ ਪਰ ਜਿੱਤੇ ਨਹੀਂ ਸਨ।

ਪੰਜਾਬ

ਬਰਨਾਲਾ ਵਿੱਚ ਕੌਣ, ਕਿਸ ਨੂੰ ਦੇ ਰਿਹਾ ਟੱਕਰ

ਕੁਲਦੀਪ ਸਿੰਘ ਕਾਲਾ ਢਿੱਲੋਂ

ਤਸਵੀਰ ਸਰੋਤ, Kuldeep Singh Dhillon/FB

ਤਸਵੀਰ ਕੈਪਸ਼ਨ, ਕਾਂਗਰਸ ਨੇ ਬਰਨਾਲਾ ਤੋਂ ਜ਼ਿਲ੍ਹਾ ਪ੍ਰਧਾਨ ਕੁਲਦੀਪ ਸਿੰਘ ਕਾਲਾ ਢਿੱਲੋਂ ਨੂੰ ਟਿਕਟ ਦਿੱਤੀ ਹੈ

ਕਾਂਗਰਸ ਨੇ ਬਰਨਾਲਾ ਤੋਂ ਜ਼ਿਲ੍ਹਾ ਪ੍ਰਧਾਨ ਕੁਲਦੀਪ ਸਿੰਘ ਕਾਲਾ ਢਿੱਲੋਂ ਨੂੰ ਟਿਕਟ ਦਿੱਤੀ ਹੈ। ਢਿੱਲੋਂ ਰਾਜਾ ਵੜਿੰਗ ਦੇ ਕਰੀਬੀ ਮੰਨੇ ਜਾਂਦੇ ਅਤੇ ਢਿੱਲੋਂ ਟਰਾਂਸਪੋਰਟ ਦੇ ਮਾਲਕ ਹਨ।

ਢਿੱਲੋਂ ਲੰਮੇ ਸਮੇਂ ਤੋਂ ਕਾਂਗਰਸ ਨਾਲ ਜੁੜੇ ਹੋਏ ਹਨ ਪਰ ਉਹ ਪਹਿਲੀ ਵਾਰ ਵਿਧਾਨ ਸਭਾ ਚੋਣ ਲੜ ਰਹੇ ਹਨ।

ਇਹ ਵੀ ਪੜ੍ਹੋ
ਗੋਬਿੰਦ ਸਿੰਘ ਸੰਧੂ

ਤਸਵੀਰ ਸਰੋਤ, Instagram/Govind Singh Sandhu

ਤਸਵੀਰ ਕੈਪਸ਼ਨ, ਗੋਬਿੰਦ ਸਿੰਘ ਸੰਧੂ ਸਿਮਰਨਜੀਤ ਸਿੰਘ ਮਾਨ ਦੇ ਦੋਹਤੇ ਹਨ

ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਬਰਨਾਲਾ ਤੋਂ ਗੋਬਿੰਦ ਸਿੰਘ ਸੰਧੂ ਨੂੰ ਮੈਦਾਨ ਵਿੱਚ ਉਤਾਰਿਆ ਹੈ। ਗੋਬਿੰਦ ਸਿੰਘ ਸੰਧੂ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਅਤੇ ਸੰਗਰੂਰ ਤੋਂ ਸਾਬਕਾ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਦੇ ਦੋਹਤੇ ਹਨ।

ਉਨ੍ਹਾਂ ਨੇ 2022 ਦੀ ਸੰਗਰੂਰ ਲੋਕ ਸਭਾ ਜ਼ਿਮਨੀ ਚੋਣ ਦੌਰਾਨ ਸਿਮਰਨਜੀਤ ਸਿੰਘ ਮਾਨ ਲਈ ਚੋਣ ਪ੍ਰਚਾਰ ਵੀ ਕੀਤਾ ਸੀ। 2024 ਦੀਆਂ ਲੋਕ ਸਭਾ ਚੋਣਾਂ ਦੌਰਾਨ ਵੀ ਗੋਬਿੰਦ ਸਿੰਘ ਸੰਧੂ ਸੰਗਰੂਰ ਜ਼ਿਲ੍ਹੇ ਵਿੱਚ ਸਰਗਰਮ ਸਨ।

ਗੋਬਿੰਦ ਸਿੰਘ ਸੰਧੂ ਨੂੰ ਉਮੀਦਵਾਰ ਐਲਾਨਦਿਆਂ ਸਿਮਰਨਜੀਤ ਸਿੰਘ ਮਾਨ ਨੇ ਦੱਸਿਆ, "ਗੋਬਿੰਦ ਸਿੰਘ ਸੰਧੂ ਬਾਬਾ ਦੀਪ ਸਿੰਘ ਦੇ ਭਰਾ ਭਾਈ ਕਰਮ ਸਿੰਘ ਦੇ ਪਰਿਵਾਰ ਵਿੱਚੋਂ ਹਨ। ਗੋਬਿੰਦ ਸਿੰਘ ਪਿਛਲੇ ਚਾਰ ਪੰਜ ਸਾਲਾਂ ਤੋਂ ਸੰਗਰੂਰ, ਬਰਨਾਲਾ ਅਤੇ ਮਲੇਰਕੋਟਲਾ ਜ਼ਿਲ੍ਹਿਆਂ ਦੇ ਲੋਕਾਂ ਵਿੱਚ ਲਗਾਤਾਰ ਵਿਚਰ ਰਹੇ ਹਨ।"

ਕੇਵਲ ਸਿੰਘ ਢਿੱਲੋਂ

ਤਸਵੀਰ ਸਰੋਤ, Kewal Singh Dhillon/FB

ਤਸਵੀਰ ਕੈਪਸ਼ਨ, ਕੇਵਲ ਸਿੰਘ ਢਿੱਲੋਂ 2019 ਵਿੱਚ ਉਨ੍ਹਾਂ ਨੇ ਸੰਗਰੂਰ ਤੋਂ ਲੋਕ ਸਭਾ ਚੋਣ ਵੀ ਲੜੀ ਸੀ ਪਰ ਹਾਰ ਗਏ ਸਨ

ਬਰਨਾਲਾ ਤੋਂ ਭਾਜਪਾ ਨੇ ਕੇਵਲ ਸਿੰਘ ਢਿੱਲੋਂ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਹੀ। ਕੇਵਲ ਸਿੰਘ ਢਿੱਲੋਂ ਬਰਨਾਲਾ ਤੋਂ 2007 ਅਤੇ 2012 ਵਿੱਚ ਕਾਂਗਰਸ ਦੇ ਵਿਧਾਇਕ ਰਹਿ ਚੁੱਕੇ ਹਨ।

2019 ਵਿੱਚ ਉਨ੍ਹਾਂ ਨੇ ਸੰਗਰੂਰ ਤੋਂ ਲੋਕ ਸਭਾ ਚੋਣ ਵੀ ਲੜੀ ਸੀ ਪਰ ਹਾਰ ਗਏ ਸਨ।

ਇਸ ਤੋਂ ਬਾਅਦ 2022 ਵਿੱਚ ਉਹ ਕਾਂਗਰਸ ਛੱਡ ਭਾਜਪਾ ਵਿੱਚ ਸ਼ਾਮਲ ਹੋ ਗਏ ਸਨ। ਜਿਸ ਤੋਂ ਬਾਅਦ ਉਨ੍ਹਾਂ ਨੇ ਭਾਜਪਾ ਵਲੋਂ 2022 ਦੀ ਸੰਗਰੂਰ ਲੋਕ ਸਭਾ ਜ਼ਿਮਨੀ ਚੋਣ ਲੜੀ ਪਰ ਹਾਰ ਗਏ।

ਕਾਂਗਰਸ ਵਾਂਗੂ ਆਮ ਆਦਮੀ ਪਾਰਟੀ ਨੇ ਵੀ ਟਿਕਟ ਵੰਡਣ ਵੇਲੇ ਸਾਬਕਾ ਵਿਧਾਇਕਾਂ ਦੀ ਪਸੰਦ ਦਾ ਖ਼ਿਆਲ ਰੱਖਿਆ ਹੈ।

ਬਰਨਾਲਾ ਤੋਂ ਸਾਬਕਾ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦੇ ਕਰੀਬੀ ਹਰਿੰਦਰ ਧਾਲੀਵਾਲ ਨੂੰ ਉਮੀਦਵਾਰ ਐਲਾਨਿਆ ਗਿਆ ਹੈ।

ਹਰਿੰਦਰ ਧਾਲੀਵਾਲ ਨੂੰ ਜਿਵੇਂ ਹੀ ਟਿਕਟ ਮਿਲੀ ਤਾਂ ਜ਼ਿਲ੍ਹਾ ਪ੍ਰਧਾਨ ਗੁਰਦੀਪ ਬਾਠ ਨੇ ਆਪਣੀ ਨਾਰਾਜ਼ਗੀ ਜੱਗ ਜ਼ਾਹਰ ਕਰ ਦਿੱਤੀ। ਉਨ੍ਹਾਂ ਨੇ ਖੁੱਲ੍ਹ ਕੇ ਪਾਰਟੀ ਦੇ ਫ਼ੈਸਲੇ ਦਾ ਵਿਰੋਧ ਕੀਤਾ।

'ਆਪ' ਉੱਤੇ ਲੱਗੇ ਪਰਿਵਾਰਵਾਦ ਦੇ ਇਲਜ਼ਾਮ

ਗੁਰਦੀਪ ਬਾਠ

ਤਸਵੀਰ ਸਰੋਤ, Gurdeep Batth/FB

ਤਸਵੀਰ ਕੈਪਸ਼ਨ, ਗੁਰਦੀਪ ਬਾਠ ਨੇ ਪ੍ਰੈੱਸ ਕਾਨਫਰੰਸ ਕਰ ਕੇ ਪਾਰਟੀ ਦੇ ਫ਼ੈਸਲੇ ਦਾ ਵਿਰੋਧ ਕੀਤਾ ਤੇ ਇਲਜ਼ਾਮ ਲਗਾਇਆ ਕਿ ਆਮ ਆਦਮੀ ਪਾਰਟੀ ਵਿੱਚ ਪਰਿਵਾਰਵਾਦ ਆ ਗਿਆ ਹੈ

ਗੁਰਦੀਪ ਬਾਠ ਨੇ ਪ੍ਰੈੱਸ ਕਾਨਫਰੰਸ ਕਰ ਕੇ ਪਾਰਟੀ ਦੇ ਫ਼ੈਸਲੇ ਦਾ ਵਿਰੋਧ ਕੀਤਾ ਤੇ ਇਲਜ਼ਾਮ ਲਗਾਇਆ ਕਿ ਆਮ ਆਦਮੀ ਪਾਰਟੀ ਵਿੱਚ ਪਰਿਵਾਰਵਾਦ ਆ ਗਿਆ ਹੈ। ਉਨ੍ਹਾਂ ਨੇ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਦੇ ਅਹੁਦੇ ਤੋਂ ਵੀ ਅਸਤੀਫ਼ਾ ਦੇ ਦਿੱਤਾ।

ਗੁਰਦੀਪ ਬਾਠ ਨੇ ਕਿਹਾ, "ਮੈਂ ਲਗਾਤਾਰ ਪਾਰਟੀ ਲਈ ਪ੍ਰਚਾਰ ਕਰ ਰਿਹਾ ਹਾਂ। ਜਦਕਿ ਹਰਿੰਦਰ ਧਾਲੀਵਾਲ ਨੇ ਇੱਕ ਦਿਨ ਵੀ ਪਾਰਟੀ ਲਈ ਪ੍ਰਚਾਰ ਨਹੀਂ ਕੀਤਾ। ਫੇਰ ਉਨ੍ਹਾਂ ਨੂੰ ਟਿਕਟ ਕਿਉਂ ਦਿੱਤੀ ਗਈ।"

ਉਨ੍ਹਾਂ ਨੇ ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰਾਂ ਨੂੰ ਆਪਣੇ ਫੈਸਲੇ ਬਾਰੇ ਮੁੜ ਵਿਚਾਰ ਕਰਨ ਲਈ ਕਿਹਾ।

ਚੱਬੇਵਾਲ ਹਲਕੇ ਵਿੱਚ ਕੌਣ-ਕੌਣ ਲੜ ਰਿਹਾ ਹੈ ਚੋਣ

ਇਸ਼ਾਨ ਚੱਬੇਵਾਲ

ਤਸਵੀਰ ਸਰੋਤ, Dr. Raj Kumar chabbewal/FB

ਤਸਵੀਰ ਕੈਪਸ਼ਨ, ਇਸ਼ਾਨ ਚੱਬੇਵਾਲ ਡਾ. ਰਾਜਕੁਮਾਰ ਚੱਬੇਵਾਲ ਦੇ ਪੁੱਤਰ ਹਨ

‘ਆਪ’ ਨੇ ਵਿਧਾਨ ਸਭਾ ਹਲਕਾ ਚੱਬੇਵਾਲ ਤੋਂ ਲੋਕ ਸਭਾ ਮੈਂਬਰ ਡਾ. ਰਾਜਕੁਮਾਰ ਚੱਬੇਵਾਲ ਦੇ ਪੁੱਤਰ ਇਸ਼ਾਨ ਚੱਬੇਵਾਲ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਹੈ। ਇਸ਼ਾਂਕ ਚੱਬੇਵਾਲ ਪੇਸ਼ੇ ਤੋਂ ਡਾਕਟਰ ਹਨ।

ਇਸ਼ਾਨ ਚੱਬੇਵਾਲ ਦੇ ਪਿਤਾ ਰਾਜਕੁਮਾਰ ਚੱਬੇਵਾਲ 2024 ਦੀਆਂ ਲੋਕ ਸਭਾ ਚੋਣਾਂ ਵੇਲੇ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਸਨ ਅਤੇ ਚੋਣ ਜਿੱਤ ਕੇ ਲੋਕ ਸਭਾ ਪਹੁੰਚੇ ਸਨ।

ਰਾਜਕੁਮਾਰ ਚੱਬੇਵਾਲ 2022 ਦੀਆਂ ਵਿਧਾਨ ਸਭਾ ਚੋਣਾਂ ਕਾਂਗਰਸ ਵੱਲੋ ਜਿੱਤ ਕੇ ਵਿਧਾਇਕ ਬਣੇ ਸਨ ਤੇ ਹੁਣ ਇਸੇ ਸੀਟ ਉੱਤੇ ਉਨ੍ਹਾਂ ਦਾ ਬੇਟਾ ਚੋਣ ਮੈਦਾਨ ਵਿੱਚ ਹੈ।

ਰਾਖਵੀਂ ਸੀਟ ਚੱਬੇਵਾਲ ਉੱਤੇ ਕਾਂਗਰਸ ਨੇ ਐਡਵੋਕੇਟ ਰਣਜੀਤ ਕੁਮਾਰ ਨੂੰ ਮੈਦਾਨ ਵਿੱਚ ਉਤਾਰਿਆ ਹੈ।

ਰਣਜੀਤ ਕੁਮਾਰ 10 ਦਿਨ ਪਹਿਲਾਂ ਹੀ ਬਸਪਾ ਛੱਡ ਕੇ ਕਾਂਗਰਸ ਵਿੱਚ ਸ਼ਾਮਲ ਹੋਏ ਹਨ। ਰਣਜੀਤ ਕੁਮਾਰ ਨੇ ਪਿੱਛਲੀ ਲੋਕ ਸਭਾ ਚੋਣ ਬਸਪਾ ਵੱਲੋਂ ਲੜੀ ਸੀ।

2002 ਵਿੱਚ ਰਣਜੀਤ ਕੁਮਾਰ ਨੇ ਬਸਪਾ ਦੇ ਨਾਲ ਆਪਣਾ ਸਿਆਸੀ ਸਫ਼ਰ ਸ਼ੁਰੂ ਕੀਤਾ ਸੀ। 2020 ਵਿੱਚ ਉਹ ਬਸਪਾ ਦੇ ਸੂਬਾ ਜਨਰਲ ਸਕੱਤਰ ਵੀ ਨਿਯੁਕਤ ਕੀਤੇ ਗਏ ਸਨ।

ਉਹ ਪੇਸ਼ੇ ਤੋਂ ਵਕੀਲ ਹਨ। ਉਨ੍ਹਾਂ ਕੋਲ ਵਕਾਲਤ ਦਾ ਲਗਭਗ 25 ਸਾਲ ਦਾ ਤਜ਼ੁਰਬਾ ਹੈ। ਉਹ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਵੀ ਰਹੇ ਚੁੱਕੇ ਹਨ। ਸਾਬਕਾ ਕੈਬਨਿਟ ਮੰਤਰੀ ਸੁੰਦਰ ਸ਼ਾਮ ਅਰੋੜਾ ਦੇ ਕਰੀਬੀ ਮੰਨੇ ਜਾਂਦੇ ਹਨ।

ਜ਼ਿਮਨੀ ਚੋਣਾਂ ਵਿੱਚ ਪਰਿਵਾਰਵਾਦ ਭਾਰੂ

ਸੀਨੀਅਰ ਪੱਤਰਕਾਰ ਬਲਜੀਤ ਬੱਲੀ ਕਹਿੰਦੇ ਹਨ, "ਇਸ ਵਾਰ ਪਾਰਟੀਆਂ ਨੇ ਪਰਿਵਾਰਵਾਦ ਨੂੰ ਤਰਜੀਹ ਦਿੱਤੀ ਹੈ। ਕਾਂਗਰਸ ਨੇ ਆਪਣੇ ਸੰਸਦ ਮੈਂਬਰਾਂ ਦੀਆਂ ਪਤਨੀਆਂ ਨੂੰ ਟਿਕਟ ਦੇ ਦਿੱਤੀ ਹੈ। ਹਾਲਾਂਕਿ ਕਾਂਗਰਸ ਇਹ ਕਹੇਗੀ ਕਿ ਅਸੀਂ ਔਰਤਾਂ ਨੂੰ ਅੱਗੇ ਕੀਤਾ ਹੈ ਪਰ ਹੈ ਤਾਂ ਇਹ ਪਰਿਵਾਰਵਾਦ ਹੀ ਹੈ।"

ਉਹ ਅੱਗੇ ਕਹਿੰਦੇ ਹਨ, "ਆਮ ਆਦਮੀ ਪਾਰਟੀ ਨੇ ਵੀ ਚੱਬੇਵਾਲ ਤੋਂ ਰਾਜ ਕੁਮਾਰ ਚੱਬੇਵਾਲ ਦੇ ਪੁੱਤ ਨੂੰ ਟਿਕਟ ਦੇ ਦਿੱਤੀ, ਬਰਨਾਲਾ ਤੋਂ ਮੀਤ ਹੇਅਰ ਦੇ ਕਰੀਬੀ ਨੂੰ ਦਿੱਤੀ ਗਈ ਹੈ।"

ਪਰ ਇਸ ਪਰਿਵਾਰਵਾਦ ਕਰਕੇ ਬਰਨਾਲਾ ਵਿੱਚ ਆਮ ਆਦਮੀ ਪਾਰਟੀ ਆਪਣਿਆਂ ਅੰਦਰ ਹੀ ਘਿਰ ਗਈ ਹੈ।

ਅਕਾਲ ਤਖ਼ਤ ਸਾਹਿਬ ਤੋਂ ਕਲੀਨ ਚਿੱਟ ਉਡੀਕ ਰਿਹਾ ਅਕਾਲੀ ਦਲ

ਸੁਖਬੀਰ ਸਿੰਘ ਬਾਦਲ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਅਕਾਲ ਦਲ ਇਸ ਵੇਲੇ ਬਾਗ਼ੀ ਧੜੇ ਅਤੇ ਪੰਥਕ ਸੰਕਟ ਦਾ ਸਾਹਮਣਾ ਕਰ ਰਹੀ ਹੈ

ਇੱਕ ਪਾਸੇ ਜਿੱਥੇ ਬਾਕੀ ਪਾਰਟੀਆਂ ਜ਼ਿਮਨੀ ਚੋਣ ਦੇ ਪ੍ਰਚਾਰ ਵਿੱਚ ਲੱਗੀਆਂ ਹੋਈਆਂ ਹਨ ਉੱਥੇ ਹੀ ਸ਼੍ਰੋਮਣੀ ਅਕਾਲੀ ਦਲ ਚੋਣਾਂ ਲੜੇਗਾ ਜਾਂ ਨਹੀਂ ਇਹ ਵੀ ਸਸਪੈਂਸ ਬਣਿਆ ਹੋਇਆ ਹੈ।

ਪਾਰਟੀ ਇਸ ਵੇਲੇ ਬਾਗ਼ੀ ਧੜੇ ਅਤੇ ਪੰਥਕ ਸੰਕਟ ਦਾ ਸਾਹਮਣਾ ਕਰ ਰਹੀ ਹੈ।

ਅਕਾਲ ਤਖ਼ਤ ਸਾਹਿਬ ਤੋਂ ਤਨਖਾਹੀਆ ਕਰਾਰ ਦਿੱਤੇ ਜਾਣ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਬਾਰੇ ਫ਼ੈਸਲਾ ਅਕਤੂਬਰ ਮਹੀਨੇ ਤੋਂ ਬਾਅਦ ਆਉਣਾ ਹੈ। ਉਦੋਂ ਤੱਕ ਅਕਾਲੀ ਦਲ ਨੇ ਰਾਜਨੀਤਿਕ ਗਤੀਵਿਧੀਆਂ ਤੋਂ ਦੂਰੀ ਬਣਾਈ ਹੋਈ ਹੈ। ਜਦਕਿ ਨਾਮਜ਼ਦਗੀ ਦੀ ਆਖ਼ਰੀ ਤਰੀਕ 25 ਅਕਤੂਬਰ ਹੈ।

ਜ਼ਿਮਨੀ ਚੋਣਾਂ ਦਾ ਅਸਰ 2027 ਵਿੱਚ ਦਿਖੇਗਾ

ਬੀਬੀਸੀ ਨਾਲ ਗੱਲ ਕਰਦਿਆਂ ਸੀਨੀਅਰ ਪੱਤਰਕਾਰ ਬਲਜੀਤ ਬੱਲੀ ਨੇ ਦੱਸਿਆ,"ਗਿੱਦੜਬਾਹਾ ਇਸ ਵੇਲੇ ਹੌਟ ਸੀਟ ਬਣ ਗਈ। ਅੰਮ੍ਰਿਤਾ ਵੜਿੰਗ ਨੂੰ ਖੜ੍ਹਾ ਕਰਕੇ ਰਾਜਾ ਵੜਿੰਗ ਆਪਣੀ ਸੀਟ ਬਚਾਉਣ ਦਾ ਜ਼ੋਰ ਲੈ ਰਹੇ ਹਨ।"

ਉਹ ਅੱਗੇ ਕਹਿੰਦੇ ਹਨ, "ਮਨਪ੍ਰੀਤ ਬਾਦਲ ਰਾਹੀਂ ਪੰਜਾਬ ਵਿੱਚ ਭਾਜਪਾ ਪੈਰ ਜਮਾਉਣ ਦੀ ਕੋਸ਼ਿਸ਼ ਵਿੱਚ ਹੈ। ਜਦਕਿ ਅਕਾਲੀ ਦਲ ਦੀ ਹਾਲਤ ਇਸ ਵਾਲੀ ਪਤਲੀ ਹੋ ਗਈ ਹੈ ਜਿਸਦਾ ਫਾਇਦਾ ਮਨਪ੍ਰੀਤ ਬਾਦਲ ਅਤੇ ਡਿੰਪੀ ਢਿੱਲੋਂ ਨੂੰ ਮਿਲ ਸਕਦਾ ਹੈ।"

ਬਲਜੀਤ ਬੱਲੀ ਕਹਿੰਦੇ ਹਨ, "ਜ਼ਿਮਨੀ ਚੋਣ ਸੱਤਾਧਾਰੀ ਪਾਰਟੀ ਲਈ ਜਿੱਤਣਾ ਸਭ ਤੋਂ ਚੁਣੌਤੀ ਭਰਿਆ ਹੁੰਦਾ ਹੈ। ਪਰ ਲੋਕ ਸਭਾ ਚੋਣਾਂ ਵਿੱਚ ਵੱਧ ਸੀਟਾਂ ਜਿੱਤ ਕੇ ਕਾਂਗਰਸ ਜੋਸ਼ ਵਿੱਚ ਨਜ਼ਰ ਆ ਰਹੀ ਹੈ।"

"ਜਦਕਿ ਜਲੰਧਰ ਜ਼ਿਮਨੀ ਚੋਣ ਦੀ ਜਿੱਤ ਨੇ ਆਮ ਆਦਮੀ ਪਾਰਟੀ ਨੂੰ ਬਲ ਦਿੱਤਾ ਹੈ। ਪਰ ਇਸਦਾ ਮਤਲਬ ਇਹ ਸਮਝਣਾ ਬਿਲਕੁਲ ਨਹੀਂ ਹੋਵੇਗਾ ਕਿ ਇਹਨਾਂ ਜ਼ਿਮਨੀ ਚੋਣਾਂ ਦੀ ਜਿੱਤ 2027 ਲਈ ਰਾਹ ਪੱਧਰਾ ਕਰੇਗੀ ਕਿਉਂਕਿ ਪੰਜਾਬ ਵਿੱਚ ਹਾਲਾਤ ਕਿਸੇ ਵੀ ਵੇਲੇ ਬਦਲ ਰਹੇ ਹਨ।"

ਇਹ ਵੀ ਪੜ੍ਹੋ

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)