ਧਰਤੀ ਨੂੰ ਛੇਤੀ ‘ਨਵਾਂ ਚੰਦਰਮਾ’ ਮਿਲੇਗਾ - ਵਿਗਿਆਨੀਆਂ ਦੇ ਇਸ ਦਾਅਵੇ ਬਾਰੇ ਦਿਲਚਸਪ ਤੱਥ ਜਾਣੋ

ਤਸਵੀਰ ਸਰੋਤ, Getty Images
- ਲੇਖਕ, ਮੈਡੀ ਮੋਲੋਏ
- ਰੋਲ, ਬੀਬੀਸੀ ਜਲਵਾਯੂ ਅਤੇ ਵਿਗਿਆਨ
ਇਸ ਸਾਲ ਦੇ ਪਤਝੜ ਰੁੱਤ ਦੌਰਾਨ ਬ੍ਰਹਿਮੰਡ ਵਿੱਚ ਇੱਕ ਹੈਰਾਨ ਕਰ ਦੇਣ ਵਾਲੀ ਘਟਨਾ ਹੋਣ ਜਾ ਰਹੀ ਹੈ।
ਵਿਗਿਆਨੀਆਂ ਦੇ ਅਨੁਸਾਰ, ਧਰਤੀ ਨੂੰ ਇੱਕ ਹੋਰ ਚੰਨ ਯਾਨੀ ਕਿ ਦੂਜਾ ਚੰਦਰਮਾ ਮਿਲਣ ਵਾਲਾ ਹੈ।
ਆਉਂਦੇ ਮਹੀਨਿਆਂ 'ਚ ਇੱਕ ਛੋਟਾ ਜਿਹਾ ਗ੍ਰਹਿ ਧਰਤੀ ਦੇ ਗੁਰੂਤਾਕਰਸ਼ਨ ਵਿੱਚ ਕੈਦ ਹੋ ਜਾਵੇਗਾ ਅਤੇ ਅਸਥਾਈ ਤੌਰ 'ਤੇ ਇੱਕ "ਮਿੰਨੀ-ਮੂਨ" ਬਣ ਵਜੋਂ ਦਿਖਾਈ ਦੇਵੇਗਾ।

ਕਦੋ ਅਤੇ ਕਿਵੇਂ ਦਿਖੇਗਾ 'ਮਿੰਨੀ-ਮੂਨ'
ਇਹ ਪੁਲਾੜੀ ਮਹਿਮਾਨ 29 ਸਤੰਬਰ ਤੋਂ ਧਰਤੀ ਦੀ ਗੁਰੂਤਾਕਰਸ਼ਣ ਵਿੱਚ ਦਾਖ਼ਲ ਹੋ ਜਾਵੇਗਾ ਅਤੇ ਫਿਰ ਕੁਝ ਮਹੀਨਿਆਂ ਲਈ ਆਲੇ-ਦੁਆਲੇ ਰਹੇਗਾ।
ਅਫ਼ਸੋਸ ਦੀ ਗੱਲ ਹੈ ਕਿ ਦੂਸਰਾ ਚੰਦਰਮਾ ਦਾ ਆਕਾਰ ਬਹੁਤ ਛੋਟਾ ਅਤੇ ਮੱਧਮ ਰਹੇਗਾ ਅਤੇ ਬਿਨ੍ਹਾ ਪ੍ਰੋਫੈਸ਼ਨਲ ਟੈਲੀਸਕੋਪ ਦੇ ਵੇਖਿਆ ਨਹੀਂ ਜਾ ਸਕੇਗਾ।
ਇਸ ਗ੍ਰਹਿ ਨੂੰ ਪਹਿਲੀ ਵਾਰ 7 ਅਗਸਤ ਨੂੰ ਨਾਸਾ ਦੇ ਐਸਟੇਰੋਇਡ ਟੈਰੇਸਟ੍ਰੀਅਲ-ਇੰਪੈਕਟ ਲਾਸਟ ਅਲਰਟ ਸਿਸਟਮ (ATLAS) ਦੁਆਰਾ ਦੇਖਿਆ ਗਿਆ ਸੀ।
ਅਮਰੀਕਨ ਐਸਟ੍ਰੋਨੋਮੀਕਲ ਸੋਸਾਇਟੀ ਦੇ ਰਿਸਰਚ ਨੋਟਸ ਵਿੱਚ ਪ੍ਰਕਾਸ਼ਿਤ ਇੱਕ ਅਧਿਐਨ ਵਿੱਚ ਵਿਗਿਆਨੀਆਂ ਨੇ ਇਸਦੀ ਚਾਲ ਦਾ ਪਤਾ ਲਗਾਇਆ।

ਤਸਵੀਰ ਸਰੋਤ, Getty Images
'ਮਿੰਨੀ-ਮੂਨ' ਦੇ ਪਿੱਛੇ ਕਿਹੜਾ ਗ੍ਰਹਿ ?
ਇਹ ਗ੍ਰਹਿ ਯਾਨੀ ਐਸਟਰਾਇਡ, ਜਿਸ ਨੂੰ ਵਿਗਿਆਨੀ 2024 PT5 ਕਹਿੰਦੇ ਹਨ, ਅਰਜੁਨ ਐਸਟਰਾਇਡ ਬੈਲਟ ਤੋਂ ਹੈ, ਜਿਸ ਵਿੱਚ ਅਜਿਹੀਆਂ ਚੱਟਾਨਾਂ ਹਨ ਜੋ ਧਰਤੀ ਦੇ ਵਰਗੀ ਇੱਕ ਆਰਬਿਟ ਦਾ ਪਾਲਣ ਕਰਦੀਆਂ ਹਨ।
ਕਦੇ-ਕਦਾਈਂ, ਇਨ੍ਹਾਂ ਵਿੱਚੋਂ ਕੁਝ ਗ੍ਰਹਿ ਮੁਕਾਬਲਤਨ ਨੇੜੇ ਆਉਂਦੇ ਹਨ। ਧਰਤੀ ਤੋਂ 2.8 ਮਿਲੀਅਨ ਮੀਲ (4.5 ਮਿਲੀਅਨ ਕਿਲੋਮੀਟਰ) ਤੱਕ ਦੀ ਦੂਰੀ 'ਚ ਵੀ ਆਉਂਦੇ ਹਨ।
ਅਧਿਐਨ ਵਿੱਚ ਸ਼ਾਮਲ ਖੋਜਕਰਤਾਵਾਂ ਦੇ ਅਨੁਸਾਰ, ਜੇਕਰ ਇਸ ਤਰ੍ਹਾਂ ਦਾ ਇੱਕ ਐਸਟਰਾਇਡ ਲਗਭਗ 2,200 ਐਮਪੀਐਚ (3,540 ਕਿਲੋਮੀਟਰ ਪਪ੍ਰਤਿ ਘੰਟਾ) ਦੀ ਰਫਤਾਰ ਨਾਲ ਅੱਗੇ ਵਧ ਰਿਹਾ ਹੈ, ਤਾਂ ਧਰਤੀ ਦਾ ਗਰੈਵੀਟੇਸ਼ਨਲ ਖੇਤਰ ਇੱਕ ਮਜ਼ਬੂਤ ਪ੍ਰਭਾਵ ਪਾ ਸਕਦਾ ਹੈ, ਜੋ ਇਸ ਨੂੰ ਅਸਥਾਈ ਤੌਰ 'ਤੇ ਕੈਦ ਕਰਨ ਲਈ ਕਾਫ਼ੀ ਹੈ।
ਵਿਗਿਆਨੀਆਂ ਦੇ ਅਨੁਸਾਰ ਬਿਲਕੁਲ ਇਹੋ ਹੋਣ ਵੀ ਜਾ ਰਿਹਾ ਹੈ। ਇਸ ਹਫਤੇ ਦੇ ਅੰਤ ਤੋਂ ਸ਼ੁਰੂ ਹੋ ਕੇ ਇਹ ਛੋਟਾ ਗ੍ਰਹਿ ਧਰਤੀ ਦੇ ਗੁਰੂਤਾਕਰਸ਼ਣ ਦੇ ਖੇਤਰ ਵਿੱਚ ਲਗਭਗ ਦੋ ਮਹੀਨੇ ਬਿਤਾਏਗਾ।
ਖਗੋਲ ਵਿਗਿਆਨੀ ਅਤੇ ਓਸਮ ਐਸਟ੍ਰੋਨੋਮੀ ਪੋਡਕਾਸਟ ਦੇ ਮੇਜ਼ਬਾਨ ਡਾਕਟਰ ਜੈਨੀਫਰ ਮਿਲਾਰਡ ਨੇ ਬੀਬੀਸੀ ਦੇ ਟੂਡੇ ਪ੍ਰੋਗਰਾਮ ਨੂੰ ਦੱਸਿਆ ਕਿ ਇਹ ਗ੍ਰਹਿ 29 ਸਤੰਬਰ ਨੂੰ ਧਰਤੀ ਦੇ ਓਰਬਿਟ ਵਿੱਚ ਦਾਖਲ ਹੋਵੇਗਾ। ਉਨ੍ਹਾਂ ਅੱਗੇ ਦੱਸਿਆ ਕਿ ਫਿਰ ਇਹ ਗ੍ਰਹਿ 25 ਨਵੰਬਰ ਨੂੰ ਧਰਤੀ ਦੇ ਓਰਬਿਟ 'ਚੋ ਨਿਕਲ ਜਾਵੇਗਾ।
ਉਨ੍ਹਾਂ ਕਿਹਾ "ਇਹ ਸਾਡੇ ਗ੍ਰਹਿ ਧਰਤੀ ਦੀ ਪੂਰੀ ਪਰਿਕ੍ਰਮਾ ਨਹੀਂ ਕਰੇਗਾ। ਕਿਹਾ ਜਾ ਸਕਦਾ ਹੈ ਕਿ ਧਰਤੀ ਦੇ ਓਰਬਿਟ 'ਚ ਆਉਣ ਨਾਲ ਸਿਰਫ ਇਸ ਗ੍ਰਹਿ ਦੀ ਆਰਬਿਟ ਹਲਕੀ ਜਿਹੀ ਬਦਲਣ ਜਾ ਰਹੀ ਹੈ। ਇਸਦੇ ਮਗਰੋਂ ਇਹ ਗ੍ਰਹਿ ਫਿਰ ਆਪਣੇ ਰਸਤੇ ਚਲਾ ਜਾਵੇਗਾ।"

ਤਸਵੀਰ ਸਰੋਤ, Getty Images
ਕੀ ਹੋਵੇਗਾ 'ਮਿੰਨੀ-ਮੂਨ' ਦਾ ਆਕਾਰ ?
ਇਹ ਗ੍ਰਹਿ ਲਗਭਗ 32 ਫੁੱਟ (10 ਮੀਟਰ) ਲੰਬਾ ਹੈ, ਜੋ ਕਿ ਧਰਤੀ ਦੇ ਚੰਦਰਮਾ ਦੇ ਮੁਕਾਬਲੇ ਬਹੁਤ ਛੋਟਾ ਹੈ ਜਿਸ ਦਾ ਵਿਆਸ ਲਗਭਗ 3,474 ਕਿਲੋਮੀਟਰ ਹੈ।
ਕਿਉਂਕਿ ਇਹ ਛੋਟਾ ਹੈ ਅਤੇ ਚਮਕ ਰਹਿਤ ਚੱਟਾਨ ਦਾ ਬਣਿਆ ਹੋਇਆ ਹੈ, ਇਹ ਧਰਤੀ 'ਤੇ ਲੋਕਾਂ ਨੂੰ ਦਿਖਾਈ ਨਹੀਂ ਦੇਵੇਗਾ। ਦੂਰਬੀਨ ਜਾਂ ਘਰੇਲੂ ਟੈਲੀਸਕੋਪ ਦੀ ਵਰਤੋਂ ਕਰਦੇ ਲੋਕ ਵੀ ਇਸ ਨੂੰ ਨਹੀਂ ਵੇਖ ਸਕਣਗੇ।
ਡਾ ਮਿਲਾਰਡ ਨੇ ਕਿਹਾ "ਪ੍ਰੋਫੈਸ਼ਨਲ ਟੈਲੀਸਕੋਪ, ਇਸ ਗ੍ਰਹਿ ਨੂੰ ਦੇਖਣ ਦੇ ਯੋਗ ਹੋਣਗੇ। ਇਸ ਲਈ ਤੁਸੀਂ ਇਸ ਛੋਟੀ ਜਿਹੇ ਬਿੰਦੀ ਰੂਪੀ ਗ੍ਰਹਿ ਦੀਆਂ ਬਹੁਤ ਸਾਰੀਆਂ ਸ਼ਾਨਦਾਰ ਤਸਵੀਰਾਂ ਆਨਲਾਈਨ ਦੇਖੋਗੇ ਜੋ ਤਾਰਿਆਂ ਵਿਚਾਲੇ ਬਹੁਤ ਤੇਜ਼ ਰਫਤਾਰ ਨਾਲ ਲੰਘਦਾ ਦਿੱਸੇਗਾ।"

ਤਸਵੀਰ ਸਰੋਤ, Getty Images
ਪਹਿਲਾ ਵੀ ਵੇਖੇ ਗਏ 'ਮਿੰਨੀ-ਮੂਨ'
ਅਜਿਹੇ 'ਮਿੰਨੀ-ਮੂਨ' ਪਹਿਲਾਂ ਵੀ ਦੇਖੇ ਜਾ ਚੁੱਕੇ ਹਨ, ਅਤੇ ਸੋਚਿਆ ਜਾਂਦਾ ਹੈ ਕਿ ਹੋਰ ਵੀ ਬਹੁਤ ਸਾਰੇ ਹੋਣਗੇ ਜਿਨ੍ਹਾਂ 'ਤੇ ਲੋਕਾਂ ਦਾ ਧਿਆਨ ਨਹੀਂ ਗਿਆ ਹੈ।
ਕੁਝ ਤਾਂ ਵਾਪਸ ਵੀ ਆਉਂਦੇ ਹਨ। 2022 NX1 ਐਸਟਰਾਇਡ, ਜਿਹੜਾ ਪਹਿਲਾ 1981 ਵਿੱਚ ਇੱਕ ਮਿੰਨੀ-ਮੂਨ ਬਣਿਆ ਸੀ, 2022 ਵਿੱਚ ਮੁੜ ਮਿੰਨੀ-ਮੂਨ ਵਜੋਂ ਨਜ਼ਰ ਆਇਆ।
ਸੋ ਜੇਕਰ ਤੁਸੀਂ ਇਸ ਨੂੰ ਵੇਖਣ ਦਾ ਮੌਕਾ ਗੁਆ ਦਿੰਦੇ ਹੋ ਤਾਂ ਚਿੰਤਾ ਦੀ ਕੋਈ ਗੱਲ ਨਹੀਂ - ਵਿਗਿਆਨੀਆਂ ਨੇ ਭਵਿੱਖਬਾਣੀ ਕੀਤੀ ਹੈ ਕਿ 2024 PT5 ਵੀ 2055 ਵਿੱਚ ਦੁਬਾਰਾ ਧਰਤੀ ਦੇ ਓਰਬਿਟ 'ਚ ਵਾਪਸ ਆਵੇਗਾ।
ਡਾ ਮਿਲਾਰਡ ਨੇ ਅੱਗੇ ਕਿਹਾ "ਇਹ ਕਹਾਣੀ ਇਸ ਗੱਲ ਨੂੰ ਉਜਾਗਰ ਕਰਦੀ ਹੈ ਕਿ ਸਾਡਾ ਸੂਰਜੀ ਸਿਸਟਮ ਕਿੰਨਾ ਵਿਅਸਤ ਹੈ ਅਤੇ ਉੱਥੇ ਕਿੰਨਾ ਕੁਝ ਹੈ ਜਿਸਦੀ ਅਸੀਂ ਖੋਜ ਨਹੀਂ ਕੀਤੀ ਹੈ, ਕਿਉਂਕਿ ਇਹ ਗ੍ਰਹਿ ਇਸ ਸਾਲ ਹੀ ਲੱਭਿਆ ਗਿਆ ਸੀ।
"ਉੱਥੇ ਲੱਖਾਂ ਨਹੀਂ ਤਾਂ ਹਜ਼ਾਰਾਂ ਵਸਤੂਆਂ ਹਨ, ਜਿਨ੍ਹਾਂ ਦੀ ਅਸੀਂ ਖੋਜ ਨਹੀਂ ਕੀਤੀ ਹੈ। ਇਸ ਲਈ ਮੈਂ ਸੋਚਦਾ ਹਾਂ ਕਿ ਇਹ ਘਟਨਾ ਸਾਡੇ ਦੁਆਰਾ ਰਾਤ ਦੇ ਅਸਮਾਨ ਦੀ ਨਿਰੰਤਰ ਨਿਗਰਾਨੀ ਕਰਨ ਅਤੇ ਇਹਨਾਂ ਸਾਰੀਆਂ ਵਸਤੂਆਂ ਨੂੰ ਲੱਭਣ ਦੇ ਯੋਗ ਹੋਣ ਦੇ ਮਹੱਤਵ ਨੂੰ ਉਜਾਗਰ ਕਰਦਾ ਹੈ।"
(ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ)












