ਐਨਕਾਊਂਟਰ ਕੀ ਹੈ, ਕੀ ਪੁਲਿਸ ਵਿੱਚ ‘ਐਨਕਾਊਂਟਰ ਸਪੈਸ਼ਲਿਸਟ’ ਦਾ ਵੀ ਕੋਈ ਖਾਸ ਅਹੁਦਾ ਹੁੰਦਾ ਹੈ

ਹਰਜੀਤ ਸਿੰਘ, ਜਸਪਿੰਦਰ ਸਿੰਘ ਅਤੇ ਲਖਵਿੰਦਰ ਸਿੰਘ
ਤਸਵੀਰ ਕੈਪਸ਼ਨ, 1992 ਵਿੱਚ ਪੰਜਾਬ ਪੁਲਿਸ ਦੇ ਝੂਠੇ ਮੁਕਾਬਲੇ ਵਿੱਚ ਮਾਰੇ ਗਏ ਹਰਜੀਤ ਸਿੰਘ, ਜਸਪਿੰਦਰ ਸਿੰਘ ਅਤੇ ਲਖਵਿੰਦਰ ਸਿੰਘ ਦੇ ਕੇਸ ਵਿੱਚ ਤਿੰਨ ਸਾਬਕਾ ਪੁਲਿਸ ਵਾਲਿਆਂ ਨੂੰ ਸਜ਼ਾ ਸੁਣਾਈ ਗਈ ਸੀ
    • ਲੇਖਕ, ਅਮਰੁਤਾ ਦੂਰਵੇ
    • ਰੋਲ, ਬੀਬੀਸੀ ਪੱਤਰਕਾਰ

ਬਦਲਾਪੁਰ ਵਿੱਚ ਨਾਬਾਲਿਗ ਕੁੜੀਆਂ ਦੇ ਜਿਨਸੀ ਸ਼ੋਸ਼ਣ ਦੇ ਮਾਮਲੇ ਦੇ ਮੁਲਜ਼ਮ ਅਕਸ਼ੇ ਸ਼ਿੰਦੇ ਦੀ ਪੁਲਿਸ ਹਿਰਾਸਤ ਵਿੱਚ ਮੌਤ ਹੋਣ ਨਾਲ ਪੁਲਿਸ ਮੁਕਾਬਲਿਆਂ ਬਾਰੇ ਚਰਚਾ ਗ਼ਰਮ ਹੋ ਗਈ ਹੈ।

ਇੱਕ ਪਾਸੇ ਜਿੱਥੇ ‘ਫ਼ੌਰੀ ਨਿਆਂ’ ਮਿਲਣ ਦੀ ਗੱਲ ਕੀਤੀ ਜਾ ਰਹੀ ਹੈ ਉੱਥੇ ਹੀ ਦੂਜੇ ਪਾਸੇ ਮੁਲਜ਼ਮਾਂ ਨੂੰ ਕਨੂੰਨ ਦੇ ਲਿਹਾਜ਼ ਨਾਲ ਸਜ਼ਾ ਮਿਲਣ ਦੇ ਹੱਕ ਬਾਰੇ ਵੀ ਆਵਾਜ਼ ਚੁੱਕੀ ਜਾ ਰਹੀ ਹੈ।

ਇਸ ਰਿਪੋਰਟ ਜ਼ਰੀਏ ਸਮਝਦੇ ਹਾਂ ਕਿ ਪੁਲਿਸ ਮੁਕਾਬਲਿਆਂ ਬਾਰੇ ਕਾਨੂੰਨ ਕੀ ਕਹਿੰਦਾ ਹੈ ਅਤੇ ਪਿਛਲੇ ਕਿਹੜੇ ਪੁਲਿਸ ਮੁਕਾਬਲੇ ਹਨ ਜੋ ਚਰਚਾ ਵਿੱਚ ਰਹੇ।

ਪੁਲਿਸ ਮੁਕਾਬਲਾ ਕੀ ਹੈ?

ਸ਼ਬਦਕੋਸ਼ ਵਿੱਚ ਅੰਗਰੇਜ਼ੀ ਦੇ ਸ਼ਬਦ ‘ਐਨਕਾਊਂਟਰ’ ਦਾ ਅਰਥ ਹੈ ਕਿ ਕਿਸੇ ਵਿਅਕਤੀ ਨਾਲ ਦੁਸ਼ਮਣੀ ਕਰਨਾ ਜਾਂ ਆਹਮੋ-ਸਾਹਮਣੇ ਆਉਣਾ ਜਾਂ ਬਹਿਸ ਕਰਨਾ। ਇਸਦਾ ਮਤਲਬ ਹੈ ਪੁਲਿਸ ਤੇ ਅਪਰਾਧਿਕ ਦੁਨੀਆਂ ਨਾਲ ਸੰਬੰਧਿਤ ਲੋਕਾਂ ਦਰਮਿਆਨ ਮੁਕਾਬਲਾ।

ਪਰ ਕਾਨੂੰਨ ਵਿੱਚ ਐਨਕਾਊਂਟਰ ਕੋਈ ਸ਼ਬਦ ਨਹੀਂ ਹੈ। ਇਸ ਨੂੰ ਬਿਨਾਂ ਕਿਸੇ ਨਿਆਂਇਕ ਜਾਂ ਕਨੂੰਨੀ ਪ੍ਰਕਿਰਿਆ ਦੇ ਪੁਲਿਸ ਵੱਲੋਂ ਕਿਸੇ ਵਿਅਕਤੀ ਕਤਲ ਕਰਨਾ ਕਿਹਾ ਜਾਂਦਾ ਹੈ।

ਇਸ ਬਾਰੇ ਬੀਬੀਸੀ ਮਰਾਠੀ ਨਾਲ ਗੱਲ ਕਰਦੇ ਹੋਏ ਸਾਬਕਾ ਆਈਪੀਐੱਸ ਅਫ਼ਸਰ ਸ਼ਿਰੀਸ਼ ਇਮਾਨਦਾਰ ਨੇ ਕਿਹਾ,“ਐਨਕਾਊਂਟਰ ਉਹ ਹੁੰਦਾ ਹੈ, ਜਿਸ ਦੇ ਪਿੱਛੇ ਖ਼ੁਫ਼ੀਆ ਜਾਣਕਾਰੀ ਹੁੰਦੀ ਹੈ। ਇਹ ਜਾਣਕਾਰੀ ਉਸ ਅਪਰਾਧੀ ਨਾਲ ਜੁੜੀ ਹੁੰਦੀ ਹੈ ਜੋ ਆਮ ਤੌਰ ਉੱਤੇ ਬਹੁਤ ਖ਼ਤਰਨਾਕ, ਦੇਸ਼ ਵਿਰੋਧੀ, ਗ਼ੈਰ-ਸਮਾਜਿਕ, ਸੰਗਠਿਤ ਅਪਰਾਧ ਨਾਲ ਜੁੜਿਆ ਹੋਵੇ ਅਤੇ ਉਸ ਨੇ ਅਪਰਾਧ ਕਰਨ ਲਈ ਹੀ ਕਿਸੇ ਸਥਾਨ ਉੱਤੇ ਆਉਣਾ ਹੋਵੇ।”

ਉਹ ਅੱਗੇ ਕਹਿੰਦੇ ਹਨ,“ਪੁਲਿਸ ਉੱਥੇ ਜਾਂਦੀ ਹੈ ਅਤੇ ਜਾਲ ਵਿਛਾਉਂਦੀ ਹੈ। ਉਸ ਦੇ ਆਉਣ ਤੋਂ ਬਾਅਦ ਉਸ ਦੀ ਪਛਾਣ ਕੀਤੀ ਜਾਂਦੀ ਹੈ ਅਤੇ ਆਤਮ ਸਮਰਪਣ ਲਈ ਪ੍ਰੇਰਿਤ ਕਰਨ ਲਈ ਅਵਾਜ਼ ਦਿੱਤੀ ਜਾਂਦੀ ਹੈ। ਜੇ ਉਹ ਉਦੋਂ ਆਤਮ ਸਮਰਪਣ ਕਰ ਦਿੰਦਾ ਹੈ ਤਾਂ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਜਾਂਦਾ ਹੈ। ਪਰ ਜੇ ਉਹ ਵਿਰੋਧ ਕਰਦਾ ਹੈ ਤਾਂ ਗੋਲੀਬਾਰੀ ਹੋ ਸਕਦੀ ਹੈ।”

ਇਮਾਨਦਾਰ ਕਹਿੰਦੇ ਹਨ ਕਿ ਅਕਸ਼ੇ ਸ਼ਿੰਦੇ ਦੀ ਘਟਨਾ ਵਿੱਚ ਇਸ ਪ੍ਰੀਕਿਰਿਆ ਦਾ ਪਾਲਣ ਨਹੀਂ ਹੋਇਆ ਸੀ।

ਪੰਜਾਬ ਪੁਲਿਸ

ਤਸਵੀਰ ਸਰੋਤ, ANI

ਤਸਵੀਰ ਕੈਪਸ਼ਨ, ਜ਼ੀਰਕਪੁਰ ਵਿੱਚ 2023 ਵਿੱਚ ਹੋਏ ਇੱਕ ਐਨਕਾਊਂਟਰ ਵਾਲੀ ਥਾਂ ਦੀ ਤਸਵੀਰ
ਬੀਬੀਸੀ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

ਕਾਨੂੰਨ ਕੀ ਕਹਿੰਦਾ ਹੈ?

ਭਾਰਤੀ ਸੰਵਿਧਾਨ ਦੇ ਅਨੁਛੇਦ 21 ਦੇ ਮੁਤਾਬਕ, ਕਿਸੇ ਵੀ ਵਿਅਕਤੀ ਨੂੰ ਉਸਦੇ ਜੀਵਨ ਜਾਂ ਨਿੱਜੀ ਆਜ਼ਾਦੀ ਤੋਂ ਵਾਂਝਿਆਂ ਨਹੀਂ ਕੀਤਾ ਜਾਵੇਗਾ, ਸਿਵਾਏ, ਕਨੂੰਨ ਮੁਤਾਬਕ ਕੀਤੀ ਗਈ ਕਾਰਵਾਈ ਦੇ।

ਭਾਰਤੀ ਨਿਆਂ ਸੰਹਿਤਾ 44 ਦੇ ਮੁਤਾਬਕ ਹਰੇਕ ਵਿਅਕਤੀ ਨੂੰ ਆਪਣੇ ਬਚਾਅ ਦਾ ਹੱਕ ਹੈ।

ਭਾਰਤੀ ਨਾਗਰਿਕ ਸੁਰੱਖਿਆ ਸੰਘਿਤਾ ਦੇ ਮੁਤਾਬਕ ਜੇ ਕੋਈ ਵਿਅਕਤੀ ਪੁਲਿਸ ਗ੍ਰਿਫ਼ਤਾਰੀ ਦੇ ਦੌਰਾਨ ਵਿਰੋਧ ਕਰਦਾ ਹੈ ਜਾਂ ਭੱਜਣ ਦੀ ਕੋਸ਼ਿਸ਼ ਕਰਦਾ ਹੈ ਤਾਂ ਪੁਲਿਸ ਹੱਥਕੜੀ ਦੀ ਵਰਤੋਂ ਕਰ ਸਕਦੀ ਹੈ।

ਪ੍ਰਦੀਪ ਸ਼ਰਮਾਂ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਪੁਲਿਸ ਅਧਿਕਾਰੀ ਪ੍ਰਦੀਪ ਸ਼ਰਮਾ ਨੂੰ ਐਨਕਾਉਂਟਰ ਸਪੈਸ਼ਲਿਸਟ ਕਿਹਾ ਜਾਂਦਾ ਸੀ

‘ਐਨਕਾਊਂਟਰ ਸਪੈਸ਼ਲਿਸਟ’ ਸ਼ਬਦ ਕਿੱਥੋਂ ਆਇਆ?

‘ਐਨਕਾਊਂਟਰ’ ਅਤੇ ‘ਐਨਕਾਊਂਟਰ ਸਪੈਸ਼ਲਿਸਟ’ ਸ਼ਬਦ 1980 ਦੇ ਦਹਾਕੇ ਵਿੱਚ ਸੁਣਨੇ ਸ਼ੁਰੂ ਹੋਏ ਅਤੇ ਆਮ ਬੋਲਚਾਲ ਦਾ ਹਿੱਸਾ ਬਣ ਗਏ।

1980-90 ਦੇ ਦਹਾਕੇ ਵਿੱਚ ਮੁੰਬਈ ਵਿੱਚ ਗੈਂਗਸਟਰਾਂ, ਮਾਫ਼ੀਆ ਅਤੇ ਅੰਡਰਵਰਲਡ ਦਾ ਬੋਲਬਾਲਾ ਸੀ। ਇਨ੍ਹਾਂ ਗਿਰੋਹਾਂ ਦੇ ਵਿੱਚ ਲਗਾਤਾਰ ਗੈਂਗਵਾਰ ਹੁੰਦੀ ਰਹਿੰਦੀ ਸੀ।

ਉਸ ਸਮੇਂ ਪੁਲਿਸ ਵਿਭਾਗ ਅਤੇ ਤਤਕਾਲੀ ਸਰਕਾਰ ਨੇ ਮੁੰਬਈ ਵਿੱਚ ਇਸ ਗੈਂਗਵਾਰ ਨੂੰ ਖ਼ਤਮ ਕਰਨ ਲਈ ਕੁਝ ਕਦਮ ਚੁੱਕੇ। ਕੁਝ ਦਸਤਿਆਂ ਦਾ ਨਿਰਮਾਣ ਕੀਤਾ ਗਿਆ।

1983 ਬੈਚ ਮੁੰਬਈ ਦੇ ਇਸ ਐਨਕਾਊਂਟਰ ਇਤਿਹਾਸ ਵਿੱਚ ਇੱਕ ਮੀਲ ਦਾ ਪੱਥਰ ਬਣ ਗਿਆ। ਸੀਨੀਅਰ ਪੱਤਰਕਾਰ ਹੁਸੈਨ ਜੈਦੀ ਨੇ ਇੱਕ ਲੇਖ ਵਿੱਚ 1983 ਦੇ ਪੁਲਿਸ ਬੈਚ ਨੂੰ ‘ਹਤਿਆਰਾ ਬੈਚ’ ਕਿਹਾ ਸੀ।

ਇਸ ਬੈਚ ਨੇ ਮੁੰਬਈ ਦੀ ਅਪਰਾਧਿਕ ਦੁਨੀਆਂ ਵਿੱਚ ਹਲਚਲ ਮਚਾ ਦਿੱਤੀ ਸੀ। ਪੁਲਿਸ ਅਧਿਕਾਰੀ ਪ੍ਰਦੀਪ ਸ਼ਰਮਾ, ਪਰਫੁੱਲ਼ ਭੋਸਲੇ, ਵਿਜੇ ਸਾਲਸਕਰ, ਰਵਿੰਦਰ ਆਂਗਰੇ, ਅਸਲਮ ਮੋਮਿਨ ਨੂੰ ਨਾਸਿਕ ਪੁਲਿਸ ਸਿਖਲਾਈ ਸਕੂਲ ਵਿੱਚ ਵਿਸ਼ੇਸ਼ ਸਿਖਲਾਈ ਦਿੱਤੀ ਗਈ।

ਇਸ ਬੈਚ ਨੇ 1984 ਵਿੱਚ ਸੇਵਾਵਾਂ ਨਿਭਾਉਣੀਆਂ ਸ਼ੁਰੂ ਕੀਤੀਆਂ ਸਨ। ਬਾਅਦ ਵਿੱਚ ਇਹ ਅਧਿਕਾਰੀ ‘ਐਨਕਾਊਂਟਰ ਸਪੈਸ਼ਲਿਸਟ’ ਦੇ ਨਾਮ ਨਾਲ ਜਾਣੇ ਗਏ।

ਲੇਕਿਨ ਮੁੰਬਈ ਦੇ ਸਾਬਕਾ ਪੁਲਿਸ ਕਮਿਸ਼ਨਰ ਜੂਲੀਓ ਰਿਬੇਰੋ ਨੇ ਦੱਸਿਆ ਕਿ ਪੁਲਿਸ ਵਿਭਾਗ ਵਿੱਚ ‘ਐਨਕਾਊਂਟਰ ਸਪੈਸ਼ਲਿਸਟ’ ਦਾ ਕੋਈ ਵੱਖਰਾ ਅਹੁਦਾ ਨਹੀਂ ਹੈ। ਸਾਰਿਆਂ ਨੂੰ ਇੱਕ ਬਰਾਬਰ ਸਿਖਲਾਈ ਦਿੱਤੀ ਜਾਂਦੀ ਹੈ।

ਪੰਜਾਬ ਵਿੱਚ ਐਨਕਾਊਂਟਰ ਸ਼ਬਦ ਅੱਤਵਾਦ ਦੇ ਦੌਰ ਵਿੱਚ ਕੰਨੀ ਪੈਣ ਲੱਗਿਆ। ਜਦੋਂ ਸੂਬੇ ਵਿੱਚ ਅਮਨ ਲਿਆਉਣ ਦੇ ਦਾਅਵੇ ਨਾਲ ਪੁਲਿਸ ਨੇ ਕਈ ਐਨਕਾਊਂਟਰ ਕੀਤੇ। ਜਿਨ੍ਹਾਂ ਨਾਲ ਹਾਲੇ ਤੱਕ ਕਈ ਅਣ ਸੁਲਝੇ ਸਵਾਲ ਵੀ ਜੁੜੇ ਹੋਏ ਹਨ।

ਸੰਕੇਤਕ ਤਸਵੀਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸੰਕੇਤਕ ਤਸਵੀਰ

ਭਾਰਤ ਵਿੱਚ ਮਸ਼ਹੂਰ ਮੁਕਾਬਲੇ ਕਿਹੜੇ ਹਨ?

ਨੱਬੇ ਦੇ ਦਹਾਕੇ ਤੋਂ ਪਹਿਲਾਂ ਮੁੰਬਈ ਵਿੱਚ ਮੁਕਾਬਲਿਆਂ ਦੀ ਗਿਣਤੀ ਕੁਝ ਘੱਟ ਸੀ। ਸਾਲ 1982 ਵਿੱਚ ਡਾਨ ਮਾਨਿਆ ਸੁਰਵੇ ਦੇ ਨਾਲ ਇਸਹਾਰਕ ਬਾਗਵਾਨ ਦਾ ਮੁਕਾਬਲਾ ਮੁੰਬਈ ਸਮੇਤ ਦੇਸ਼ ਦਾ ਪਹਿਲਾ ਪੁਲਿਸ ਮੁਕਾਬਲਾ ਮੰਨਿਆ ਜਾਂਦਾ ਹੈ।

ਸੰਨ 1987 ਵਿੱਚ ਪੁਲਿਸ ਸਬ-ਇੰਸਪੈਕਟਰ ਰਾਜੇਂਦਰ ਕਟਘਰੇ ਵੱਲੋਂ ਗੈਂਗਸਟਰ ਰਾਮ ਨਾਇਕ ਦਾ ਐਨਕਾਊਂਟਰ, 1987 ਵਿੱਚ ਪੁਲਿਸ ਸਬ-ਇੰਸਪੈਕਟਰ ਇਮੈਨੂਏਲ ਅਮੋਲਿਕ ਵੱਲੋਂ ਮਹਿਮੂਦ ਕਾਲੀਆ ਦਾ ਐਨਕਾਊਂਟਰ ਅਜਿਹੇ ਮਾਮਲੇ ਹਨ ਜੋ ਸੁਰਖੀਆਂ ਵਿੱਚ ਰਹੇ ਸਨ।

ਨੱਬੇ ਦੇ ਦਹਾਕੇ ਤੋਂ ਬਾਅਦ ਅਤੇ ਖ਼ਾਸ ਕਰਕੇ 1993 ਦੇ ਧਮਾਕਿਆਂ ਤੋਂ ਬਾਅਦ ਮੁੰਬਈ ਵਿੱਚ ਮੁਕਾਬਲੇ ਆਮ ਹੋ ਗਏ।

ਫਿਰ 1995 ਵਿੱਚ ਪੁਲਿਸ ਅਫ਼ਸਰ ਆਰ.ਡੀ. ਤਿਆਗੀ ਨੇ ਅਪਰਾਧ ਸ਼ਾਖਾ ਅਤੇ ਡਿਵੀਜ਼ਨਲ ਡਿਪਟੀ ਕਮਿਸ਼ਨਰਾਂ ਨੂੰ ਹਰੇਕ ਡਿਵੀਜ਼ਨ ਦੇ ਲੋੜੀਂਦੇ ਅਪਰਾਧੀਆਂ ਦੀ ਸੂਚੀ ਬਣਾਉਣ ਨੂੰ ਕਿਹਾ ਗਿਆ।

ਦੇਸ਼ ਦੀ ਗੱਲ ਕਰੀਏ ਤਾਂ 2008 ਵਿੱਚ ਦਿੱਲੀ ਦੇ ਬਾਟਲਾ ਹਾਊਸ ਐਨਕਾਊਂਟਰ, 2006 ਵਿੱਚ ਸੋਹਰਾਬੂਦੀਨ ਸ਼ੇਖ ਅਤੇ ਤੁਲਸੀਰਾਮ ਪ੍ਰਜਾਪਤੀ ਐਨਕਾਊਂਟਰ, 2004 ਵਿੱਚ ਗੁਜਰਾਤ ਪੁਲਿਸ ਵੱਲੋਂ ਕੀਤਾ ਗਿਆ ਇਸ਼ਰਤ ਜਹਾਂ ਐਨਕਾਊਂਟਰ ਕਾਫ਼ੀ ਵਿਵਾਦਿਤ ਰਹੇ ਹਨ।

ਪੰਜਾਬ ਪੁਲਿਸ

ਤਸਵੀਰ ਸਰੋਤ, ANI

ਤਸਵੀਰ ਕੈਪਸ਼ਨ, 21 ਦਸੰਬਰ, 2023 ਨੂੰ ਮੋਹਾਲੀ ਵਿੱਚ ਇੱਕ ਐਨਕਾਊਂਟਰ ਹੋਇਆ ਸੀ (ਸੰਕੇਤਕ)
ਇਹ ਵੀ ਪੜ੍ਹੋ-

ਭਾਰਤ ਵਿੱਚ ਮੁਕਾਬਲਿਆਂ ਦੇ ਆਂਕੜੇ

ਪਿਛਲੀ ਸਰਕਾਰ ਵਿੱਚ ਕੇਂਦਰੀ ਗ੍ਰਹਿ ਰਾਜ ਮੰਤਰੀ ਨਿਤਿਆ ਨੰਦ ਰਾਏ ਨੇ ਰਾਜ ਸਭਾ ਵਿੱਚ ਇੱਕ ਸਵਾਲ ਦਾ ਜਵਾਬ ਦਿੰਦੇ ਹੋਏ ਭਾਰਤ ਵਿੱਚ ਹੋਏ ਪੁਲਿਸ ਮੁਕਾਬਲਿਆਂ ਦੀ ਆਂਕੜੇ ਦੱਸੇ ਸਨ।

ਕੋਵਿਡ ਦੇ ਸਾਲਾਂ ਦੌਰਾਨ, ਮੁਕਾਬਲਿਆਂ ਵਿੱਚ ਮੌਤਾਂ ਦੀ ਸੰਖਿਆ ਘੱਟ ਗਈ ਸੀ। ਪਰ ਉਸ ਤੋਂ ਬਾਅਦ ਇਹ ਗਿਣਤੀ ਮੁੜ ਵੱਦ ਗਈ।

ਇਨ੍ਹਾਂ ਛੇ ਸਾਲਾਂ ਵਿੱਚ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਨੇ ਸਿਰਫ਼ ਇੱਕ ਵਾਰ ਕਾਰਵਾਈ ਦੀ ਸਿਫਾਰਿਸ਼ ਕੀਤੀ।

ਜਦਕਿ ਅਪ੍ਰੈਲ 2016 ਤੋਂ ਮਾਰਚ 2022 ਦੇ ਦੌਰਾਨ ਪੁਲਿਸ ਮੁਕਾਬਲਿਆਂ ਵਿੱਚ ਮੌਤ ਦੇ 107 ਮਾਮਲਿਆਂ ਵਿੱਚ ਕਮਿਸ਼ਨ ਨੇ ਕੁੱਲ 7,16,50,000 ਰੁਪਏ ਦੇ ਮੁਆਵਜ਼ੇ ਦਾ ਸੁਝਾਅ ਦਿੱਤਾ।

ਸੁਖਪਾਲ ਸਿੰਘ

ਤਸਵੀਰ ਸਰੋਤ, Gurpreet Chawla/BBC

ਤਸਵੀਰ ਕੈਪਸ਼ਨ, ਗੁਰਦਾਸਪੁਰ ਜ਼ਿਲ੍ਹੇ ਦੇ ਸੁਖਪਾਲ ਸਿੰਘ ਇੱਕ ਕਥਿਤ ਝੂਠੇ ਪੁਲਿਸ ਮੁਕਾਬਲੇ ਵਿੱਚ ਮਾਰੇ ਗਏ ਸਨ

ਕੀ ਐਨਕਾਊਂਟਰ ਕਰਨ ਵਾਲਿਆਂ ਉੱਤੇ ਕਦੇ ਕਾਰਵਾਈ ਹੋਈ?

1992 ਵਿੱਚ ਪੰਜਾਬ ਪੁਲਿਸ ਦੇ ਝੂਠੇ ਮੁਕਾਬਲੇ ਵਿੱਚ ਮਾਰੇ ਗਏ ਹਰਜੀਤ ਸਿੰਘ ਕੇਸ ਵਿੱਚ ਤਿੰਨ ਸਾਬਕਾ ਪੁਲਿਸ ਵਾਲਿਆਂ ਨੂੰ ਉਮਰ ਕੈਦ ਅਤੇ ਜੁਰਮਾਨੇ ਦੀ ਸਜ਼ਾ ਸੁਣਾਈ ਗਈ ਸੀ।

ਮੁਹਾਲੀ ਦੀ ਸੀਬੀਆਈ ਅਦਾਲਤ ਨੇ ਸਤੰਬਰ, 2023 ਨੂੰ ਪੁਲਿਸ ਦੇ ਤਿੰਨ ਸਾਬਕਾ ਕਰਮਚਾਰੀਆਂ ਧਰਮ ਸਿੰਘ (ਰਿਟਾ. ਡੀਐੱਸਪੀ), ਸੁਰਿੰਦਰ ਸਿੰਘ ਅਤੇ ਗੁਰਦੇਵ ਸਿੰਘ ਨੂੰ ਉਮਰ ਕੈਦ ਅਤੇ ਦੋ ਲੱਖ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਗਈ।

ਤਿੰਨਾਂ ਪੁਲਿਸ ਕਰਮੀਆਂ ਨੂੰ ਸਜ਼ਾ ਹਰਜੀਤ ਸਿੰਘ ਨਾਮ ਦੇ ਨੌਜਵਾਨ ਨੂੰ ਕਤਲ ਕਰਨ ਦੇ ਮਾਮਲੇ ਵਿੱਚ ਸੁਣਾਈ ਗਈ।

ਸੀਬੀਆਈ ਨੇ 2000 ਵਿੱਚ 9 ਪੁਲਿਸ ਕਰਮਚਾਰੀਆਂ ਖ਼ਿਲਾਫ਼ ਅਦਾਲਤ ਵਿੱਚ ਚਾਰਜਸ਼ੀਟ ਦਾਖ਼ਲ ਕੀਤੀ। ਪਰ ਇਸ ਵਿੱਚ ਸ਼ਾਮਲ ਚਾਰ ਪੁਲਿਸ ਕਰਮੀਆਂ ਦੀ ਮੌਤ ਕੇਸ ਦੀ ਸੁਣਵਾਈ ਦੌਰਾਨ ਹੀ ਹੋ ਚੁੱਕੀ ਸੀ।

ਇਸ ਕੇਸ ਵਿੱਚ 58 ਗਵਾਹਾਂ ਦੀ ਗਵਾਹੀ ਹੋਈ ਜਿਸ ਵਿੱਚੋਂ 27 ਗਵਾਹਾਂ ਦੀ ਮੌਤ ਕੇਸ ਦੀ ਸੁਣਵਾਈ ਦੌਰਾਨ ਹੋ ਗਈ ਸੀ।

ਦਰਅਸਲ, 1980-90 ਦੇ ਦਹਾਕੇ ਦੌਰਾਨ ਪੰਜਾਬ ਵਿੱਚ ਪੁਲਿਸ ਉੱਤੇ ਇਹ ਆਮ ਇਲਜ਼ਾਮ ਲੱਗੇ ਕਿ ਖਾੜਕੂਵਾਦ ਦੇ ਨਾਮ ਉੱਤੇ ਕਈ ਬੇਕਸੂਰ ਨੌਜਵਾਨਾਂ ਨੂੰ ਪੁਲਿਸ ਨੇ ਚੁੱਕਿਆ ਅਤੇ ਉਨ੍ਹਾਂ ਨੂੰ ਝੂਠੇ ਪੁਲਿਸ ਮੁਕਾਬਲੇ ਵਿੱਚ ਮਾਰ ਦਿੱਤਾ।

ਭਾਵੇਂ ਕਿ ਪੁਲਿਸ ਅਤੇ ਪੰਜਾਬ ਸਰਕਾਰ ਅਜਿਹੇ ਇਲਜ਼ਾਮਾਂ ਨੂੰ ਰੱਦ ਕਰਦੀ ਰਹੀ ਹੈ।

ਇਸੇ ਤਰ੍ਹਾਂ 2009 ਦਾ ਰਾਮ ਨਾਰਾਇਣ ਗੁਪਤਾ ਉਰਫ਼ ਲਾਖਨ ਭਈਆ ਐਨਕਾਊਂਟਰ ਬੇਹੱਦ ਵਿਵਾਦ ਵਿੱਚ ਰਿਹਾ ਸੀ।

ਉਸ ਸਮੇਂ ਪੁਲਿਸ ਸੇਵਾ ਵਿੱਚ ਰਹੇ ਪ੍ਰਦੀਪ ਸ਼ਰਮਾ ਦਾ ਇਹ ਇੰਟਰਵਿਊ ਮੁੰਬਈ ਦੇ ਵਰਸੋਵਾ ਦੇ ਨਾਨਾ-ਨਾਨੀ ਪਾਰਕ ਵਿੱਚ ਹੋਇਆ ਸੀ। ਇਸ ਨੂੰ ਫਰਜ਼ੀ ਮੁਕਾਬਲਾ ਦੱਸਿਆ ਗਿਆ।

2019 ਵਿੱਚ, ਹੈਦਰਾਬਾਦ ਵਿੱਚ ਇੱਕ ਨੌਜਵਾਨ ਵੈਟਨਰੀ ਡਾਕਟਰ ਦੇ ਨਾਲ ਬਲਾਤਕਾਰ ਕੀਤਾ ਗਿਆ ਅਤੇ ਉਸ ਦਾ ਕਤਲ ਕਰ ਦਿੱਤਾ ਗਿਆ ਸੀ।

ਜਦੋਂ ਇਸ ਮਾਮਲੇ ਦੇ ਚਾਰੇ ਮੁਲਜ਼ਮਾਂ ਨੂੰ ਮੌਕਾ-ਏ-ਵਾਰਦਾਤ ਉੱਤੇ ਪੜਤਾਲ ਕਰਨ ਲਈ ਲਿਜਾਇਆ ਗਿਆ ਤਾਂ ਉਨ੍ਹਾਂ ਨੇ ਪੁਲਿਸ ਵਾਲਿਆਂ ਦੇ ਪਿਸਤੌਲ ਖੋਹਣ ਦੀ ਕੋਸ਼ਿਸ਼ ਕੀਤੀ। ਇਸ ਤੋਂ ਬਾਅਦ ਕਿਹਾ ਗਿਆ ਕਿ ਇਹ ਚਾਰੇ ਪੁਲਿਸ ਮੁਕਾਬਲੇ ਵਿੱਚ ਮਾਰੇ ਗਏ।

ਇਸ ਮਾਮਲੇ ਵਿੱਚ ਸੁਪਰੀਮ ਕੋਰਟ ਦੇ ਸਾਬਕਾ ਜੱਜ ਵੀ.ਐੱਸ. ਸ਼ਿਰਪੁਰਕਰ ਦੀ ਅਗਵਾਈ ਵਿੱਚ ਇੱਕ ਕਮੇਟੀ ਬਣਾਈ ਗਈ।

ਕਮੇਟੀ ਨੇ ਆਪਣੀ ਰਿਪੋਰਟ ਵਿੱਚ ਕਿਹਾ ਕਿ ਇਨ੍ਹਾਂ ਮੁਲਜ਼ਮਾਂ ਉੱਤੇ ਜਾਨ ਲੈਣ ਦੇ ਇਰਾਦੇ ਨਾਲ ਗੋਲੀਆਂ ਚਲਾਈਆਂ ਗਈਆਂ।

ਉਹ ਵੀ ਇਹ ਜਾਣਕਾਰੀ ਹੋਣ ਦੇ ਬਾਵਜੂਦ ਕਿ ਗੋਲੀ ਚਲਾਉਣ ਨਾਲ ਮੌਤ ਹੋ ਜਾਵੇਗੀ।

ਪੰਜਾਬ ਵਿੱਚ 4 ਮਹੀਨਿਆਂ ਵਿੱਚ 55 ਤੋਂ ਵੱਧ ਪੁਲਿਸ ਮੁਕਾਬਲੇ

ਬੀਬੀਸੀ ਪੱਤਰਕਾਰ ਸਰਬਜੀਤ ਸਿੰਘ ਧਾਲੀਵਾਲ ਦੀ ਰਿਪੋਰਟ ਮੁਤਾਬਕ, ਪੰਜਾਬ ਵਿੱਚ ਨਵੰਬਰ 2023 ਤੋਂ ਮਾਰਚ 2024 ਤੱਕ ਚਾਰ ਮਹੀਨਿਆਂ ਵਿੱਚ 55 ਤੋਂ ਵੱਧ ਪੁਲਿਸ ਮੁਕਾਬਲੇ ਹੋਏ ਹਨ ਜਿਸ ਵਿੱਚ ਪੁਲਿਸ ਨੇ 15 ਗੈਂਗਸਟਰਾਂ ਨੂੰ ਮਾਰਨ ਦਾ ਦਾਅਵਾ ਕੀਤਾ ਹੈ।

ਪੰਜਾਬ ਵਿੱਚ ਗੈਂਗਸਟਰਾਂ ਦੀ ਵਧਦੀਆਂ ਵਾਰਦਾਤਾਂ ਉੱਤੇ ਕਾਬੂ ਪਾਉਣ ਦੇ ਲਈ ਸਰਕਾਰ ਵੱਲੋਂ ਐਂਟੀ ਗੈਂਗਸਟਰ ਟਾਸਕ ਫੋਰਸ (ਏਜੀਟੀਐੱਫ਼) ਦਾ ਗਠਨ ਕੀਤਾ ਗਿਆ ਹੈ।

ਪੰਜਾਬ ਪੁਲਿਸ ਵੱਲੋਂ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਕ ਜ਼ਿਆਦਾਤਰ ਪੁਲਿਸ ਮੁਕਾਬਲੇ ਮੁਹਾਲੀ ਜ਼ਿਲ੍ਹੇ ਵਿੱਚ ਹੋਏ ਹਨ।

ਇਕੱਲੇ ਮੁਹਾਲੀ ਜ਼ਿਲ੍ਹੇ ਵਿੱਚ ਮੁਹਾਲੀ ਪੁਲੀਸ ਨਾਲ ਹੀ ਹੋਏ ਮੁਕਾਬਲਿਆਂ ਵਿੱਚ 19 ਗੈਂਗਸਟਰ ਜ਼ਖ਼ਮੀ ਹੋਏ ਹਨ ਅਤੇ 21 ਗ੍ਰਿਫ਼ਤਾਰ ਕੀਤੇ ਗਏ ਹਨ।

ਏਜੀਟੀਐੱਫ਼ ਦਾ ਗਠਨ 6 ਅਪ੍ਰੈਲ 2022 ਨੂੰ ਹੋਇਆ ਸੀ ਇਸ ਵੱਲੋਂ ਮਾਰਚ 2024 ਤੱਕ 10 ਕਥਿਤ ਗੈਂਗਸਟਰਾਂ ਨੂੰ ਮਾਰ ਮੁਕਾਉਣ ਦਾ ਦਾਅਵਾ ਕੀਤਾ ਗਿਆ।

ਗੈਂਗਸਟਰਾਂ ਦੀਆਂ ਵਧਦੀਆਂ ਗਤੀਵਿਧੀਆਂ ਉੱਤੇ ਕਾਬੂ ਪਾਉਣ ਲਈ ਪੰਜਾਬ ਪੁਲਿਸ ਨੇ ਨਵੰਬਰ 2023 ਵਿੱਚ ਇੱਕ ਖ਼ਾਸ ਮੁਹਿੰਮ ਸ਼ੁਰੂ ਕੀਤੀ। ਇਸ ਮੁਹਿੰਮ ਵਿੱਚ ਲੁਧਿਆਣਾ ਦੇ ਉਦਯੋਗਪਤੀ ਸੰਭਵ ਜੈਨ ਅਗਵਾ ਕਾਂਡ ਵਿੱਚ ਲੋੜੀਂਦੇ ਦੋ ਗੈਂਗਸਟਰਾਂ ਸੰਜੀਵ ਕੁਮਾਰ ਅਤੇ ਸ਼ੁਭਮ ਗੋਪੀ ਨੂੰ ਲੁਧਿਆਣਾ-ਦੋਰਾਹਾ ਰੋਡ 'ਤੇ ਟਿੱਬਾ ਪੁਲ 'ਤੇ ਪੁਲਿਸ ਮੁਕਾਬਲੇ ਵਿੱਚ ਮਾਰ ਦਿੱਤਾ ਗਿਆ।

18 ਫਰਵਰੀ 2024 ਨੂੰ ਪੰਜਾਬ ਪੁਲਿਸ ਵੱਲੋਂ ਕਥਿਤ ਗੈਂਗਸਟਰ ਕਾਲਾ ਧਨੌਲਾ ਦਾ ਵੀ ਐਨਕਾਊਂਟਰ ਕੀਤਾ ਗਿਆ।

ਇਸੇ ਤਰਾਂ 21 ਦਸੰਬਰ 2023 ਨੂੰ ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਜੰਡਿਆਲਾ ਗੁਰੂ ਵਿਖੇ ਕਥਿਤ ਗੈਂਗਸਟਰ ਅੰਮ੍ਰਿਤਪਾਲ ਸਿੰਘ ਉਰਫ਼ ਅਮਰੀ ਨੂੰ ਕਥਿਤ ਮੁਕਾਬਲੇ ਵਿੱਚ ਮਾਰਨ ਦਾ ਦਾਅਵਾ ਕੀਤਾ।

ਜ਼ਿਕਰਯੋਗ ਹੈ ਕਿ ਅੰਮ੍ਰਿਤਪਾਲ ਸਿੰਘ ਪਹਿਲਾਂ ਹੀ ਪੁਲਿਸ ਦੀ ਹਿਰਾਸਤ ਵਿੱਚ ਸੀ ਅਤੇ ਜਿਸ ਸਮੇਂ ਉਸ ਦਾ ਐਨਕਾਊਂਟਰ ਕੀਤਾ ਗਿਆ ਉਸ ਸਮੇਂ ਉਸ ਦੇ ਹੱਥਕੜੀ ਲੱਗੀ ਹੋਈ ਸੀ।

ਇਸ ਤੋਂ ਇਲਾਵਾ 20 ਜੁਲਾਈ 2022 ਨੂੰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਵਿੱਚ ਸ਼ਾਮਲ ਕਥਿਤ ਗੈਂਗਸਟਰ ਮਨਪ੍ਰੀਤ ਸਿੰਘ ਉਰਫ਼ ਮੰਨੂ ਕੁੱਸਾ ਅਤੇ ਜਗਰੂਪ ਸਿੰਘ ਉਰਫ਼ ਰੂਪਾ ਦਾ ਅੰਮ੍ਰਿਤਸਰ ਜ਼ਿਲ੍ਹੇ ਦੇ ਇੱਕ ਪਿੰਡ ਵਿੱਚ ਐਨਕਾਊਂਟਰ ਕਰਨ ਦਾ ਦਾਅਵਾ ਕੀਤਾ ਗਿਆ।

ਹਾਲਾਂਕਿ ਪੰਜਾਬ ਵਿੱਚ ਵਲੋਂ ਕੀਤੇ ਗਏ ਪੁਲਿਸ ਮੁਕਾਬਲੇ ਸਵਾਲਾਂ ਦੇ ਘੇਰੇ ਵਿੱਚ ਵੀ ਰਹੇ ਹਨ।

ਖ਼ਾਸ ਤੌਰ ਉੱਤੇ 1984 ਤੋਂ 95 ਸਾਲਾਂ ਦੌਰਾਨ ਪੰਜਾਬ ਪੁਲਿਸ ਨੇ ਕਈਆਂ ਨੂੰ ਐਨਕਾਊਂਟਰ ਵਿੱਚ ਖ਼ਤਮ ਕਰਨ ਦਾ ਦਾਅਵਾ ਕੀਤਾ ਪਰ ਇਸ ਵਿੱਚ ਕਈ ਬੇਕਸੂਰ ਲੋਕ ਵੀ ਮਾਰ ਗਏ ਜਿਸ ਵਿੱਚ ਕਈ ਕੇਸਾਂ ਵਿੱਚ ਪੁਲਿਸ ਅਧਿਕਾਰੀਆਂ ਅਤੇ ਕਰਮੀਆਂ ਨੂੰ ਸਜਾਵਾਂ ਹੋ ਚੁੱਕੀਆਂ ਹਨ।

ਇਹ ਵੀ ਪੜ੍ਹੋ-

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)