ਕੈਨੇਡਾ ਦੀ ਖਾਲਿਸਤਾਨੀ ਲਹਿਰ: ‘‘ਸਾਨੂੰ ਤਾਂ ਸ਼ਿਫਟਾਂ ਤੋਂ ਹੀ ਵਿਹਲ ਨਹੀਂ ਮਿਲਦੀ, ਖ਼ਾਲਿਸਤਾਨ ਦੀ ਗੱਲ ਕਦੋਂ ਕਰਾਂਗੇ- ਗਰਾਊਂਡ ਰਿਪੋਰਟ

ਪ੍ਰਦਰਸ਼ਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਖ਼ਾਲਿਸਤਾਨ ਪੱਖੀ ਹਰਜੀਤ ਸਿੰਘ ਨਿੱਝਰ ਦੇ ਕਤਲ ਤੋਂ ਬਾਅਦ ਕੈਨੇਡਾ ਵਿੱਚ ਉਨ੍ਹਾਂ ਦੇ ਕਤਲ ਦੇ ਇਨਸਾਫ਼ ਦੀ ਮੰਗ ਕਰਦੀਆਂ ਸਿੱਖ ਜਥੇਬੰਦੀਆਂ ਨੇ ਪ੍ਰਦਰਸ਼ਨ ਕੀਤੇ ਸਨ
    • ਲੇਖਕ, ਖੁਸ਼ਹਾਲ ਲਾਲੀ
    • ਰੋਲ, ਬੀਬੀਸੀ ਪੱਤਰਕਾਰ, ਬਰੈਂਪਟਨ

‘‘ਸਾਨੂੰ ਤਾਂ ਸ਼ਿਫਟਾਂ ਤੋਂ ਹੀ ਵਿਹਲ ਨਹੀਂ ਮਿਲਦੀ, ਖ਼ਾਲਿਸਤਾਨ ਦੀ ਗੱਲ ਕਦੋਂ ਕਰਾਂਗੇ? ਇਹ ਸਿਰਫ਼ ਮੇਰਾ ਹਾਲ ਨਹੀ, ਮੇਰੇ ਆਲੇ-ਦੁਆਲੇ ਜਿੰਨਾ ਸਰਕਲ ਹੈ, ਸਭ ਇੱਕੋ ਜਿਹੇ ਕੋਹਲੂ ਦੇ ਬੈਲ ਹਨ।’’

ਇਹ ਸ਼ਬਦ ਬਰੈਂਪਟਨ ਦੇ 30 ਕੁ ਸਾਲਾ ਟੈਕਸੀ ਚਾਲਕ ਗੁਰਜੀਤ ਸਿੰਘ ਦੇ ਹਨ ਜੋ ਪਿਛਲੇ 4 ਸਾਲ ਤੋਂ ਇੱਥੇ ਰਹਿ ਰਹੇ ਹਨ।

ਭਾਰਤ ਕੈਨੇਡਾ ਵਿਚਾਲੇ ਕੂਟਨੀਤਕ ਤਲਖੀ ਤੋਂ ਬਾਅਦ ਕੈਨੇਡਾ ਵਿਚਲੀ ਜਿਸ ਕਥਿਤ ਖ਼ਾਲਿਸਤਾਨ ਪੱਖੀ ਲਹਿਰ ਦੀ ਚਰਚਾ ਹੋ ਰਹੀ ਹੈ, ਉਸ ਦੀ ਜ਼ਮੀਨੀ ਹਾਲਤ ਦਾ ਪਤਾ ਕਰਨ ਲਈ ਬਰੈਂਪਟਨ ਵਿੱਚ ਜਿਨ੍ਹਾਂ ਲੋਕਾਂ ਨਾਲ ਮੈਂ ਗੱਲ ਕੀਤੀ ਗੁਰਜੀਤ ਸਿੰਘ ਉਨ੍ਹਾਂ ਵਿੱਚੋਂ ਇੱਕ ਹਨ।

ਖ਼ਾਲਿਸਤਾਨ ਪੱਖੀ ਕਥਿਤ ਲਹਿਰ ਵਿੱਚ ਆਮ ਲੋਕਾਂ ਦੀ ਸ਼ਮੂਲੀਅਤ ਬਾਰੇ ਗੁਰਜੀਤ ਸਿੰਘ ਨੇ ਕਿਹਾ,‘‘ਅਸੀਂ ਉਸ ਸਮਾਜ ਵਿੱਚ ਰਹਿੰਦੇ ਹਾਂ, ਜਿਸ ਨੂੰ ਵੀਕਐਂਡ ਸਮਾਜ ਕਿਹਾ ਜਾਂਦਾ ਹੈ। ਸਾਡੇ ਜਨਮ-ਦਿਨ ਤੇ ਭੋਗ ਸਮਾਗਮ ਵੀ ਵੀਕਐਂਡ ਉੱਤੇ ਹੀ ਹੁੰਦੇ ਹਨ।’’

ਕੈਨੇਡਾ ਦਾ ਖ਼ਾਲਿਸਤਾਨੀ ਰੰਗ

ਪਿਛਲੇ ਸਾਲ ਮਈ 'ਚ ਸਰ੍ਹੀ ਵਿੱਚ ਵੱਖਵਾਦੀ ਸਿੱਖ ਆਗੂ ਹਰਦੀਪ ਸਿੰਘ ਨਿੱਝਰ ਦਾ ਕਤਲ ਹੋ ਗਿਆ ਸੀ ਜਿਸ ਤੋਂ ਬਾਅਦ ਜਸਟਿਨ ਟਰੂਡੋ ਵੱਲੋਂ ਇਸ ਪਿੱਛੇ ਭਾਰਤੀ ਏਜੰਟਾਂ ਦਾ ਹੱਥ ਹੋਣ ਦੇ ਇਲਜ਼ਾਮ ਲਾਏ ਗਏ ਸਨ। ਉਸ ਤੋਂ ਬਾਅਦ ਭਾਰਤ ਅਤੇ ਕੈਨੇਡਾ ਦੇ ਰਿਸ਼ਤੇ ਆਪਣੇ ਸਭ ਤੋਂ ਨੀਵੇਂ ਪੱਧਰ ਉੱਤੇ ਹਨ।

ਦੋਵਾਂ ਦੇਸਾਂ ਨੇ ਵੱਖ-ਵੱਖ ਮੌਕਿਆਂ ਉੱਤੇ ਇੱਕ ਦੂਜੇ ਦੇ ਕੂਟਨੀਤਕ ਸਟਾਫ਼ ਨੂੰ ਦੇਸ ਛੱਡਣ ਲਈ ਵੀ ਕਿਹਾ ਹੈ।

ਅਕਤੂਬਰ ਦੇ ਤੀਜੇ ਹਫ਼ਤੇ ਦੌਰਾਨ ਜਦੋਂ ਦੋਵਾਂ ਮੁਲਕਾਂ ਵਿੱਚ ਤਣਾਅ ਸਿਖ਼ਰ ਉੱਤੇ ਸੀ, ਮੈਂ ਓਂਟਾਰੀਓ ਸੂਬੇ ਵਿੱਚ ਦਰਜਨਾਂ ਲੋਕਾਂ ਨਾਲ ਗੱਲ ਕੀਤੀ, ਪਰ ਮੈਂ ਹੈਰਾਨ ਸੀ ਕਿ ਬਹੁਤੇ ਮੇਰੇ ਨਾਲ ਕੈਮਰੇ ਉੱਤੇ ਗੱਲ ਕਰਨ ਲਈ ਤਿਆਰ ਹੀ ਨਹੀਂ ਸਨ।

ਜਿਨ੍ਹਾਂ ਲੋਕਾਂ ਨਾਲ ਮੈਂ ਗੱਲਬਾਤ ਕੀਤੀ ਉਨ੍ਹਾਂ ਵਿੱਚੋਂ ਮੈਨੂੰ ਇੱਕ ਵੀ ਅਜਿਹਾ ਨਹੀਂ ਮਿਲਿਆ ਜੋ ਬਕਾਇਦਾ ਖ਼ਾਲਿਸਤਾਨੀ ਕਾਰਕੁਨ ਵਜੋਂ ਕਿਸੇ ਸਰਗਰਮੀ ਦਾ ਹਿੱਸਾ ਰਿਹਾ ਹੋਵੇ।

ਹਾਂ, ਇਹ ਸਾਰੇ ਗੁਰਦੁਆਰੇ ਜਾਂਦੇ ਹਨ ਅਤੇ ਨਗਰ ਕੀਰਤਨਾਂ ਅਤੇ ਸਮਾਗਮਾਂ ਵਿੱਚ ਹਾਜ਼ਰੀ ਭਰਦੇ ਹਨ। ਇੱਥੇ ਹੋਣ ਵਾਲੀਆਂ ਵੱਖਵਾਦੀ ਆਗੂਆਂ ਦੀਆਂ ਤਕਰੀਰਾਂ ਵੀ ਸੁਣਦੇ ਹਨ।

ਭਾਰਤ ਵਿੱਚ ਕੈਨੇਡਾ ਦੀ ਖ਼ਾਲਿਸਤਾਨੀ ਲਹਿਰ ਨੂੰ ਜਿਵੇਂ ਪੇਸ਼ ਕੀਤਾ ਜਾ ਰਿਹਾ ਹੈ, ਮੈਨੂੰ ਜ਼ਮੀਨੀ ਪੱਧਰ ਉੱਤੇ ਨਿੱਜੀ ਤੌਰ ’ਤੇ ਅਜਿਹਾ ਕੁਝ ਨਹੀਂ ਦਿਖਿਆ।

ਕਈ ਗੁਰਦੁਆਰਿਆਂ ਦੇ ਬਾਹਰ ਲੱਗੇ ਖ਼ਾਲਿਸਤਾਨੀ ਝੰਡੇ ਜਾਂ ਫਿਰ ਲੰਗਰ ਹਾਲਾਂ ਵਿੱਚ 1980 ਵਿਆਂ ਦੀ ਪੰਜਾਬ ਵਿੱਚ ਚੱਲੀ ਹਥਿਆਰਬੰਦ ਲਹਿਰ ਦੇ ਖਾੜਕੂਆਂ ਦੀਆਂ ਤਸਵੀਰਾਂ ਨੂੰ ਛੱਡ ਕੇ ਹੋਰ ਕੁਝ ਦਿਖਾਈ ਨਹੀਂ ਦਿੱਤਾ।

ਅਜਿਹੀਆਂ ਤਸਵੀਰਾਂ ਅਤੇ ਨਾਅਰੇ ਮੈਂ ਪੰਜਾਬ ਵਿੱਚ ਆਮ ਦੇਖੇ ਤੇ ਸੁਣੇ ਹਨ।

ਕੈਨੇਡਾ ਵਿੱਚ ਸਿੱਖ ਨੌਜਵਾਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਕੈਨੇਡਾ ਵਿੱਚ ਸਿੱਖ ਨੌਜਵਾਨ

ਕੈਨੇਡੀਅਨ ਗੁਰਦੁਆਰਿਆਂ ਵਿੱਚ ਹੋਣ ਵਾਲੇ ਸਮਾਗਮਾਂ ਦੌਰਾਨ 1984 ਦੇ ਸਿੱਖ ਕਤਲੇਆਮ ਦੇ ਮੁਲਜ਼ਮਾਂ ਨੂੰ ਸਜ਼ਾਵਾਂ ਨਾ ਮਿਲਣਾ, ਜੂਨ 1984 ਵਿੱਚ ਅਕਾਲ ਤਖ਼ਤ ਸਾਹਿਬ ਉੱਤੇ ਭਾਰਤੀ ਫੌਜ ਦੀ ਕਾਰਵਾਈ ਅਤੇ 2-3 ਦਹਾਕਿਆਂ ਤੋਂ ਜੇਲ੍ਹਾਂ ਵਿੱਚ ਬੰਦ ਸਿੱਖ ਕੈਦੀਆਂ ਦੀ ਰਿਹਾਈ ਵਰਗੇ ਮਸਲੇ ਗਰਮਜੋਸ਼ੀ ਨਾਲ ਜਰੂਰ ਚੁੱਕੇ ਜਾਂਦੇ ਹਨ।

ਗੁਰਦੁਆਰਿਆਂ ਦੇ ਨਗਰ ਕੀਰਤਨ, ਗੁਰਪੁਰਬ ਸਮਾਗਮ ਅਤੇ ਹੋਰ ਤਿੱਥ -ਤਿਓਹਾਰਾਂ ਦੇ ਇਕੱਠਾਂ ਦੌਰਾਨ ਇਨ੍ਹਾਂ ਮੁੱਦਿਆਂ ਦਾ ਰੰਗ ਵੀ ਸਾਫ਼ ਦਿਸਦਾ ਹੈ।

ਖ਼ਾਲਿਸਤਾਨ ਪੱਖੀ ਆਗੂ ਗਰਮ-ਸੁਰ ਵਿੱਚ ਬੋਲਦੇ ਵੀ ਦਿਸਦੇ ਹਨ ਅਤੇ ਨਾਅਰੇ ਵੀ ਲਾਉਂਦੇ ਹਨ। ਲੇਕਿਨ ਇਨ੍ਹਾਂ ਨੂੰ ਸਮਰਥਨ ਓਨਾ ਕੁ ਹੀ ਹੈ, ਜਿੰਨਾ ਪੰਜਾਬ ਵਿੱਚ ਦਿਸਦਾ ਹੈ।

ਇੱਕ ਪੱਖ ਇਹ ਵੀ ਹੈ ਕਿ ਜਿਵੇਂ ਖ਼ਾਲਿਸਤਾਨ ਲਹਿਰ ਨੂੰ ਵੱਡੀ ਹਮਾਇਤ ਨਹੀਂ ਦਿਸਦੀ ਉਵੇਂ ਹੀ ਇਸ ਲਹਿਰ ਦਾ ਕੋਈ ਵਿਰੋਧ ਕਰਦਾ ਵੀ ਨਹੀਂ ਦਿਸਦਾ।

ਖ਼ਾਲਿਸਤਾਨੀ ਪੱਖੀ ਲੋਕ ਹੀ ਗੁਰਦੁਆਰਿਆਂ ਦੇ ਵੱਡੇ ਸਮਾਗਮਾਂ ਵਿੱਚ ਦਿਸਦੇ ਹਨ। ਇਹੋ ਹੀ ਸਿਆਸੀ ਇਕੱਠਾਂ ਤੇ ਸਰਗਰਮੀਆਂ ਵਿੱਚ ਹੁੰਦੇ ਹਨ, ਇਸੇ ਲਈ ਇਹੀ ਸੁਰਖੀਆਂ ਦੇ ਕੇਂਦਰ ਵਿੱਚ ਰਹਿੰਦੇ ਹਨ।

ਖ਼ਾਲਿਸਤਾਨੀ

ਖ਼ਾਲਿਸਤਾਨ ਪੱਖੀ ਜਥੇਬੰਦੀ ਸਿੱਖਸ ਫਾਰ ਜਸਟਿਸ, ਜੋ ਭਾਰਤ ਵਿੱਚ ਦਹਿਸ਼ਤਗਰਦ ਜਥੇਬੰਦੀ ਵਜੋਂ ਪਾਬੰਦੀਸ਼ੁਦਾ ਹੈ, ਉਸ ਦੇ ਪ੍ਰਾਈਵੇਟ ਰੈਫਰੈਂਡਮ ਵਿੱਚ ਲੋਕਾਂ ਦੀ ਕੁਝ ਹੱਦ ਤੱਕ ਹੁੰਦੀ ਸ਼ਮੂਲੀਅਤ ਦਾ ਕਾਰਨ ਗੁਰਦੁਆਰਿਆਂ ਰਾਹੀਂ ਹੁੰਦਾ ਪ੍ਰਚਾਰ ਹੀ ਹੈ।

ਸਿਖਸ ਫਾਰ ਜਸਟਿਸ ਦੇ ਆਗੂ ਅਤੇ ਅਮਰੀਕਾ ਨੇ ਸਿੱਖ ਵੱਖਵਾਦੀ ਆਗੂ ਗੁਰਪਤਵੰਤ ਸਿੰਘ ਪੰਨੂ ਦੀ ਹੱਤਿਆ ਦੀ ਸਾਜਿਸ਼ ਆਪਣੇ ਏਜੰਟਾਂ ਤੋਂ ਕਰਵਾਉਣ ਦੇ ਇਲਜ਼ਾਮ ਅਮਰੀਕਾ ਵੀ ਭਾਰਤ ਉੱਤੇ ਲਾ ਚੁੱਕਿਆ ਹੈ।

ਇਸ ਸੰਬੰਧ ਵਿੱਚ ਅਮਰੀਕੀ ਨਿਆਂ ਵਿਭਾਗ ਨੇ ਭਾਰਤੀ ਨਾਗਰਿਕ ਵਿਕਾਸ ਯਾਦਵ ਉੱਤੇ ਮੁਕੱਦਮਾ ਵੀ ਦਰਜ ਕੀਤਾ ਹੈ।

ਇਸ ਨਾਲੋਂ ਕਿਤੇ ਜ਼ਿਆਦਾ ਅਸਰ ਪੰਜਾਬ ਵਿੱਚ ਸਾਬਕਾ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਅਤੇ ਮੌਜੂਦਾ ਸੰਸਦ ਮੈਂਬਰ ਅਮ੍ਰਿਤਪਾਲ ਸਿੰਘ ਦਾ ਹੈ। ਇਹ ਦੋਵੇਂ ਖੁੱਲ੍ਹੇਆਮ ਖ਼ਾਲਿਸਤਾਨੀ ਦੀ ਮੰਗ ਦੀ ਹਮਾਇਤ ਕਰਦੇ ਹਨ।

ਬੀਬੀਸੀ ਪੰਜਾਬੀ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

ਖ਼ਾਲਿਸਤਾਨੀਆਂ ਨਾਲ ਜੁੜੇ ਸਵਾਲ

ਸੰਕੇਤਕ ਤਸਵੀਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਵੈਨਕੂਵਰ ਏਅਰਪੋਰਟ ਉੱਤੇ ਪਰਵਾਸੀ ਪੰਜਾਬੀਆਂ ਦੀ ਕਤਾਰ (ਸੰਕੇਤਕ ਤਸਵੀਰ)

ਦਰਅਸਲ ਦੋਵਾਂ ਮੁਲਕਾਂ ਵਿਚਾਲੇ ਜਾਰੀ ਤਣਾਅ ਦੌਰਾਨ ਜਿਹੜੀ ਸਭ ਤੋਂ ਵੱਧ ਚਰਚਾ ਜਾਂ ਸਵਾਲਾਂ ਬਾਰੇ ਉਤਸੁਕਤਾ ਬਣੀ, ਉਹ ਹਨ ਕੈਨੇਡਾ ਦੀ ਖ਼ਾਲਿਸਤਾਨ ਲਹਿਰ ਅਤੇ ਇੱਥੋਂ ਦੇ ਗਰਮ ਖਿਆਲੀ ਖ਼ਾਲਿਸਤਾਨੀ ਆਗੂ।

ਇਸ ਦਾ ਸਭ ਤੋਂ ਵੱਡਾ ਕਾਰਨ ਇਹ ਕਿ ਭਾਰਤ ਨੇ ਕੈਨੇਡਾ ਤੋਂ ਸਰਗਰਮ ਖ਼ਾਲਿਸਤਾਨ ਪੱਖੀ ਜਥੇਬੰਦੀਆਂ ਉੱਤੇ ਭਾਰਤ ਵਿੱਚ ਹਿੰਸਕ ਵਾਰਦਾਤਾਂ ਕਰਵਾਉਣ ਦੇ ਇਲਜ਼ਾਮ ਲਾਏ ਹਨ।

ਹੁਣ ਜਦੋਂ ਦੁਨੀਆਂ ਭਰ ਵਿੱਚ ਖ਼ਾਲਿਸਤਾਨੀ ਲਹਿਰ ਸੁਰਖੀਆਂ ਬਣ ਰਹੀ ਸੀ, ਤਾਂ ਬੀਬੀਸੀ ਨੇ ਕੈਨੇਡਾ ਦੇ ਸਭ ਤੋਂ ਵੱਧ ਸਿੱਖ ਆਬਾਦੀ ਵਾਲੇ ਸੂਬੇ ਓਂਟਾਰੀਓ ਵਿੱਚ ਇਸ ਲਹਿਰ ਨਾਲ ਜੁੜੇ ਕਈ ਲੋਕਾਂ, ਕੁਝ ਸੀਨੀਅਰ ਪੱਤਰਕਾਰਾਂ ਅਤੇ ਸਮਾਜਿਕ ਕਾਰਕੁਨਾਂ ਨਾਲ ਵੀ ਗੱਲਬਾਤ ਕੀਤੀ।

ਇਸ ਗੱਲਬਾਤ ਦੌਰਾਨ ਅਸੀਂ ਜਾਣਨ ਦੀ ਕੋਸ਼ਿਸ਼ ਕੀਤੀ ਕਿ ਭਾਰਤ ਸਰਕਾਰ ਅਤੇ ਭਾਰਤੀ ਮੀਡੀਆ ਵਿੱਚ ਕੈਨੇਡਾ ਦੇ ਖ਼ਾਲਿਸਤਾਨੀ ਆਗੂਆਂ ਨੂੰ ਜਿਵੇਂ ਪੇਸ਼ ਕੀਤਾ ਜਾ ਰਿਹਾ ਹੈ, ਉਸ ਦੀ ਜ਼ਮੀਨੀ ਹਕੀਕਤ ਕੀ ਹੈ।

ਖ਼ਾਲਿਸਤਾਨੀ ਆਗੂਆਂ ਦੀ ਕਿੰਨੀ ਕੁ ਵੱਡੀ ਗਿਣਤੀ ਹੈ, ਇਹ ਕੈਨੇਡਾ ਦੀ ਸਿਆਸਤ ਉੱਤੇ ਕਿਹੋ-ਜਿਹਾ ਅਸਰ ਪਾਉਂਦੀ ਹੈ। ਕੀ ਇਨ੍ਹਾਂ ਦਾ ਪ੍ਰਭਾਵ ਇੰਨਾ ਹੈ ਕਿ ਇਨ੍ਹਾਂ ਦਾ ਸਮਰਥਨ ਲੈਣ ਲਈ ਜਸਟਿਨ ਟਰੂਡੋ ਭਾਰਤ ਵਰਗੇ ਵੱਡੇ ਮੁਲਕ ਨਾਲ ਕੂਟਨੀਤਕ ਸਬੰਧ ਵਿਗਾੜਨ ਦਾ ਖ਼ਤਰਾ ਮੁੱਲ ਲੈ ਰਹੇ ਹਨ?

ਪ੍ਰਦਰਸ਼ਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਅਕਤੂਬਰ, 2024 ਵਿੱਚ ਕੈਨੇਡਾ ਦੇ ਓਨਟਾਰੀਓ ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖ਼ਿਲਾਫ਼ ਨਾਅਰੇਬਾਜ਼ੀ ਹੋਈ

ਕੈਨੇਡਾ ਵਿੱਚ ਭਾਰਤੀ ਪਰਵਾਸੀ

ਕੈਨੇਡਾ ਦੀ 2021 ਦੀ ਜਨਗਣਨਾ ਮੁਤਾਬਕ ਇੱਥੇ ਭਾਰਤੀ ਪਰਵਾਸੀਆਂ ਦੀ ਅਬਾਦੀ 13 ਲੱਖ ਦੇ ਕਰੀਬ ਹੈ। ਜਿਨ੍ਹਾਂ ਵਿੱਚੋਂ 7.71 ਲੱਖ ਸਿੱਖ ਅਬਾਦੀ ਹੈ। ਇਹ ਅੰਕੜਾ ਤਿੰਨ ਸਾਲ ਪੁਰਾਣਾ ਹੈ।

ਜਾਣਕਾਰ ਦੱਸਦੇ ਹਨ ਕਿ ਪਿਛਲੇ ਤਿੰਨ-ਚਾਰ ਸਾਲਾਂ ਵਿੱਚ ਕੌਮਾਂਤਰੀ ਵਿਦਿਆਰਥੀਆਂ ਦੇ ਰੂਪ ਵਿੱਚ ਬਹੁਤ ਤੇਜੀ ਨਾਲ ਪਰਵਾਸ ਹੋਇਆ ਹੈ ਅਤੇ ਇਹ ਅੰਕੜਾ ਹੁਣ ਕਾਫੀ ਵੱਡਾ ਹੋ ਗਿਆ ਹੈ। ਲੇਕਿਨ ਅਧਿਕਾਰਿਤ ਅੰਕੜਾ ਅਜੇ ਵੀ 2021 ਜਨਗਣਨਾ ਵਾਲਾ ਹੀ ਮੰਨਿਆ ਜਾ ਸਕਦਾ ਹੈ।

ਮਾਹਰਾਂ ਮੁਤਾਬਕ ਪਿਛਲੇ ਕੁਝ ਸਾਲਾਂ ਦੌਰਾਨ ਭਾਰਤੀ ਪਰਵਾਸੀਆਂ ਦੀ ਅਬਾਦੀ ਵਿੱਚ ਦੋ ਤਰ੍ਹਾਂ ਦੇ ਮੁੱਖ ਬਦਲਾਅ ਦੇਖਣ ਨੂੰ ਮਿਲੇ ਹਨ। ਪਹਿਲਾਂ ਪੰਜਾਬ ਤੋਂ ਵੱਡੀ ਗਿਣਤੀ ਨੌਜਵਾਨਾਂ ਦਾ ਪਰਵਾਸ, ਦੂਜਾ ਪੰਜਾਬ ਤੋਂ ਇਲਾਵਾ ਗੁਜਰਾਤ ਅਤੇ ਹਰਿਆਣਾ ਵਰਗੇ ਸੂਬਿਆਂ ਤੋਂ ਲੋਕਾਂ ਦੀ ਕੈਨੇਡਾ ਵਿੱਚ ਆਮਦ।

ਇਸ ਵਰਤਾਰੇ ਨੇ ਕੈਨੇਡਾ ਦੇ ਭਾਰਤੀ ਪਰਵਾਸ ਭਾਈਚਾਰੇ ਨੂੰ ਨਵੀਂ ਦਿੱਖ ਪ੍ਰਦਾਨ ਕੀਤੀ ਹੈ।

ਅਮਰਜੀਤ ਸਿੰਘ ਮਾਨ
ਤਸਵੀਰ ਕੈਪਸ਼ਨ, ਅਮਰਜੀਤ ਸਿੰਘ ਮਾਨ ਦਾਅਵਾ ਕਰਦੇ ਹਨ ਕਿ ਕੈਨੇਡਾ ਵਿੱਚ ਖ਼ਾਲਿਸਤਾਨ ਪੱਖੀ ਲੋਕਾਂ ਦੀ ਵੱਡੀ ਗਿਣਤੀ ਹੈ

ਕੈਨੇਡਾ ਵਿੱਚ ਖ਼ਾਲਿਸਤਾਨੀ ਲਹਿਰ ਕਿੰਨੀ ਮਜ਼ਬੂਤ

ਕੈਨੇਡਾ ਵਿੱਚ ਜਦੋਂ ਵੱਖਵਾਦੀ ਸਿੱਖ ਲਹਿਰ ਦੀ ਗੱਲ ਤੁਰਦੀ ਹੈ ਤਾਂ ਇਸ ਬਾਰੇ ਕਈ ਤਰ੍ਹਾਂ ਦੇ ਵਿਚਾਰ ਸਾਹਮਣੇ ਆਉਂਦੇ ਹਨ।

ਓਂਟਾਰੀਓ ਗੁਰਦੁਆਰਾਜ਼ ਕਮੇਟੀ ਇੱਥੋਂ ਦੇ 19 ਮੁੱਖ ਗੁਰਦੁਆਰਿਆਂ ਦੀਆਂ ਕਮੇਟੀਆਂ ਦੀ ਸਾਂਝੀ ਜਥੇਬੰਦੀ ਹੈ। ਇਸ ਦੇ ਬੁਲਾਰੇ ਅਮਰਜੀਤ ਸਿੰਘ ਮਾਨ ਨੂੰ ਅਸੀਂ ਇਹ ਸਵਾਲ ਕੀਤਾ ਕਿ ਖ਼ਾਲਿਸਤਾਨੀ ਲਹਿਰ ਦਾ ਕੈਨੇਡਾ ਦੀ ਮੁੱਖਧਾਰਾ ਦੀ ਸਿਆਸਤ ਵਿੱਚ ਕਿੰਨਾ ਪ੍ਰਭਾਵ ਹੈ।

ਅਮਰਜੀਤ ਸਿੰਘ ਮਾਨ ਕਹਿੰਦੇ ਹਨ, ‘‘ਜਿਵੇਂ ਭਾਰਤੀ ਸਿਸਟਮ ਜਾਂ ਮੀਡੀਆ ਇਹ ਕਹਿੰਦਾ ਹੈ ਕਿ ਖ਼ਾਲਿਸਤਾਨੀ ਫਰਿੰਜ਼ ਐਲੀਮੈਂਟਸ (ਮੁੱਠੀ-ਭਰ) ਹਨ ਅਤੇ ਦੂਜੇ ਪਾਸੇ ਇਹ ਕਿਹਾ ਜਾ ਰਿਹਾ ਹੈ ਕਿ ਟਰੂਡੋ ਸਰਕਾਰ ਖ਼ਾਲਿਸਤਾਨੀਆਂ ਦੀਆਂ ਵੋਟਾਂ ਲਈ ਇਹ ਸਭ ਕੁਝ (ਭਾਰਤ ਨਾਲ ਵਿਵਾਦ) ਕਰ ਰਹੀ ਹੈ ਤਾਂ ਉਨ੍ਹਾਂ ਦਾ ਪਹਿਲਾ ਬਿਆਨ ਆਪੇ ਖ਼ਤਮ ਹੋ ਜਾਂਦਾ ਹੈ, ਕਿ ਖ਼ਾਲਿਸਤਾਨੀ ਥੋੜ੍ਹੀ ਜਿਹੀ ਗਿਣਤੀ ਵਿੱਚ ਹਨ।’’

ਭਾਰਤੀ ਵਿਦੇਸ਼ ਮੰਤਰਾਲੇ ਦਾ ਦਾਅਵਾ ਹੈ ਕਿ ਟਰੂਡੋ ਸਰਕਾਰ “ਖ਼ਾਲਿਸਤਾਨੀਆਂ ਦੀਆਂ ਵੋਟਾਂ ਲੈਣ ਲਈ” ਨਰਿੰਦਰ ਮੋਦੀ ਸਰਕਾਰ ਉੱਤੇ ਅਧਾਰਹੀਣ ਇਲਜ਼ਾਮ ਲਗਾ ਰਹੀ ਹੈ।

ਟਰੂਡੋ ਸਰਕਾਰ ਦਾ ਇਲਜ਼ਾਮ ਹੈ ਕਿ ਭਾਰਤ ਸਰਕਾਰ ਆਪਣੇ ''ਏਜੰਟਾਂ ਰਾਹੀਂ ਕੈਨੇਡਾ ਵਿੱਚ ਖ਼ਾਲਿਸਤਾਨ ਪੱਖੀ ਆਗੂਆਂ ਨੂੰ ਨਿਸ਼ਾਨਾਂ'' ਬਣਾ ਰਹੀ ਹੈ ਅਤੇ ''ਸੰਗਠਿਤ ਅਪਰਾਧ'' ਕਰਵਾ ਰਹੀ ਹੈ।

ਇਸ ਬਾਰੇ ਅਮਰਜੀਤ ਸਿੰਘ ਮਾਨ ਦਾਅਵਾ ਕਰਦੇ ਹਨ, ‘‘ਜੇ ਗਿਣਤੀ ਦੇ ਖ਼ਾਲਿਸਤਾਨੀ ਹੀ ਕੈਨੇਡਾ ਵਿੱਚ ਹਨ, ਤਾਂ ਟਰੂਡੋ ਨੇ ਉਨ੍ਹਾਂ ਤੋਂ ਕੀ ਲੈਣਾ, ਫੇਰ ਤਾਂ ਟਰੂਡੋ ਨੂੰ ਇੰਨਾ ਕੁਝ ਕਰਨ ਦੀ ਲੋੜ ਹੀ ਨਹੀਂ ਹੈ, ਜੇਕਰ ਸਾਡੀ ਗਿਣਤੀ ਜਿਆਦਾ ਹੈ ਤਾਂ ਹੀ ਉਨ੍ਹਾਂ ਉੱਤੇ ਇਹ ਇਲਜਾਮ ਲੱਗ ਸਕਦਾ ਹੈ।’’

ਜਦੋਂ ਮਾਨ ਨੂੰ ਇਹ ਪੁੱਛਿਆ ਗਿਆ ਕਿ ਕੈਨੇਡਾ ਦੀ ਵੋਟ ਸਿਆਸਤ ਉੱਤੇ ਖ਼ਾਲਿਸਤਾਨੀਆਂ ਦਾ ਕਿੰਨਾ ਕੁ ਅਸਰ ਹੈ, ਤਾਂ ਉਨ੍ਹਾਂ ਨੇ ਕਿਹਾ, ‘‘ਅਸੀਂ ਤਾਂ ਕਹਿੰਦੇ ਹਾਂ ਕਿ ਸਾਡਾ ਬਹੁਤ ਪ੍ਰਭਾਵ ਹੈ, ਸਾਡੀ ਗਿਣਤੀ ਪਹਿਲਾਂ ਨਾਲੋਂ ਬਹੁਤ ਵੱਧੀ ਹੈ। ਲੇਕਿਨ ਅਸੀਂ ਕਿਸੇ ਇੱਕ ਪਾਰਟੀ ਨਾਲ ਨਹੀਂ ਹੈ। ਜਗਮੀਤ ਸਿੰਘ ਦੀ ਪਾਰਟੀ ਐੱਨਡੀਪੀ ਨਾਲ ਸਾਡੇ ਬਹੁਤ ਚੰਗੇ ਸਬੰਧ ਹਨ, ਅਸੀਂ ਪੋਲੀਵਰ ਦੀ ਕੰਟਰਵੇਟਿਵ ਪਾਰਟੀ ਨਾਲ ਵੀ ਬੈਠਕਾਂ ਕਰਦੇ ਹਾਂ।’’

ਖ਼ਾਲਿਸਤਾਨ

ਖ਼ਾਲਿਸਤਾਨੀਆਂ ਦੇ ਅਧਾਰ ਦਾ ਦੂਜਾ ਪੱਖ

ਭਗਤ ਸਿੰਘ ਬਰਾੜ
ਤਸਵੀਰ ਕੈਪਸ਼ਨ, ਖ਼ਾਲਿਸਤਾਨੀ ਹਮਾਇਤੀ ਭਗਤ ਸਿੰਘ ਬਰਾੜ ਕਹਿੰਦੇ ਹਨ ਕਿ ਕੈਨੇਡਾ ਵਿੱਚ ਸਾਰੇ ਖ਼ਾਲਿਸਤਾਨੀ ਸਮਰਥਕ ਟਰੂਡੋ ਨਾਲ ਨਹੀਂ ਹੋਣਗੇ

ਖ਼ਾਲਿਸਤਾਨੀ ਕੈਨੇਡਾ ਵਿੱਚ ਇੰਨੇ ਮਜ਼ਬੂਤ ਹਨ ਕਿ ਟਰੂਡੋ ਆਪਣੇ ਸਿਆਸੀ ਲਾਹੇ ਲਈ, ਉਨ੍ਹਾਂ ਨੂੰ ਖੁਸ਼ ਕਰਨ ਲਈ ਭਾਰਤ ਉੱਤੇ ਗੰਭੀਰ ਇਲਜ਼ਾਮ ਲਾ ਰਹੇ ਹਨ।

ਇਸ ਸਵਾਲ ਦੇ ਜਵਾਬ ਵਿੱਚ ਖ਼ਾਲਿਸਤਾਨੀ ਲਹਿਰ ਨਾਲ ਜੁੜੇ ਇੱਕ ਹੋਰ ਆਗੂ ਭਗਤ ਸਿੰਘ ਬਰਾੜ ਅੰਕੜਿਆਂ ਰਾਹੀਂ ਸਮਝਾਉਂਦੇ ਹਨ।

ਭਗਤ ਸਿੰਘ ਬਰਾੜ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਵੱਡੇ ਭਰਾ ਜਗੀਰ ਸਿੰਘ ਜੋ ਆਪਰੇਸ਼ਨ ਬਲੂ ਸਟਾਰ ਦੌਰਾਨ ਮਾਰੇ ਗਏ ਸਨ, ਦੇ ਪੋਤਰੇ ਅਤੇ ਖ਼ਾਲਿਸਤਾਨੀ ਲਹਿਰ ਦੇ ਵੱਡੇ ਆਗੂ ਮਰਹੂਮ ਲਖਬੀਰ ਸਿੰਘ ਰੋਡੇ ਦੇ ਪੁੱਤਰ ਹਨ।

ਬਰੈਂਪਟਨ ਵਿੱਚ ਕਾਰ ਸਰਵਿਸ ਦੀ ਏਜੰਸੀ ਚਲਾ ਰਹੇ ਭਗਤ ਸਿੰਘ ਬਰਾੜ ਨੇ ਕਿਹਾ, “ਕੈਨੇਡਾ ਵਿੱਚ ਸਿੱਖਾਂ ਦੀ ਅਬਾਦੀ 7.71 ਲੱਖ ਹੈ। ਇਹ ਕੈਨੇਡਾ ਦੀ ਕੁੱਲ ਅਬਾਦੀ ਦਾ 2% ਬਣਦਾ ਹੈ। ਜੇ ਇੰਡੀਆ ਦੀ ਮੰਨੀਏ ਤਾਂ ਉਨ੍ਹਾਂ ਵਿੱਚੋਂ ਖ਼ਾਲਿਸਤਾਨੀ ਕਿੰਨੇ ਹੋਣਗੇ ਇੱਕ ਫੀਸਦੀ। ਕੀ ਟਰੂਡੋ ਦੂਨੀਆਂ ਦੀ ਤੀਜੀ ਸਭ ਤੋਂ ਵੱਡੀ ਸ਼ਕਤੀ ਨਾਲ ਪੰਗਾ ਲੈਣਗੇ ਕਿ ਉਨ੍ਹਾਂ ਨੂੰ ਇਹ ਵੋਟਾਂ ਚਾਹੀਦੀਆਂ ਹਨ।”

ਭਗਤ ਸਿੰਘ ਬਰਾੜ ਅੱਗੇ ਕਹਿੰਦੇ ਹਨ, ‘‘ਕੈਨੇਡਾ ਵਿੱਚ ਸਾਰੇ ਖ਼ਾਲਿਸਤਾਨੀ ਸਮਰਥਕ ਟਰੂਡੋ ਨਾਲ ਨਹੀਂ ਹੋਣਗੇ। ਐੱਨਡੀਪੀ, ਕੰਜ਼ਰਵੇਟਿਵ ਅਤੇ ਲਿਬਰਲ ਤਿੰਨ ਪਾਰਟੀਆਂ ਹਨ, ਕੁਝ ਨਾ ਕੁਝ ਦੂਜੇ ਪਾਸੇ ਵੀ ਜਾਂਦੇ ਹੋਣਗੇ। ਲਿਬਰਲ ਵਿੱਚ ਵੀ ਸਾਰੇ ਟਰੂਡੇ ਦੋ ਸਮਰਥਕ ਨਹੀਂ ਹਨ।’’

ਭਗਤ ਸਿੰਘ ਬਰਾੜ ਕਹਿੰਦੇ ਹਨ,”ਭਾਰਤ ਨੂੰ ਇਹ ਨਹੀਂ ਦਿਸ ਰਿਹਾ ਕਿ ਇੱਕ ਜਮਹੂਰੀ ਮੁਲਕ, ਜਿਸਦਾ ਇੱਕ ਰੂਲ ਆਫ਼ ਲਾਅ ਹੈ, ਜਿਸ ਦੇ ਇੱਕ ਨਾਗਰਿਕ ਹਰਦੀਪ ਸਿੰਘ ਨਿੱਝਰ ਦਾ, ਉਸ ਦੀ ਧਰਤੀ ਉੱਤੇ ਇੱਕ ਕਤਲ ਹੋਇਆ ਹੈ।”

“ਜਦੋਂ ਕੈਨੇਡੀਅਨ ਉੱਤੇ ਵਾਰ ਹੁੰਦਾ ਹੈ, ਤਾਂ ਦੇਸ ਦਾ ਇਹ ਫ਼ਰਜ਼ ਬਣਦਾ ਹੈ ਕਿ ਉਹ ਉਸ ਦੀ ਸੁਰੱਖਿਆ ਕਰੇ। ਕੈਨੇਡਾ ਉਹੀ ਕਰ ਰਿਹਾ ਹੈ।’’

ਭਗਤ ਸਿੰਘ ਬਰਾੜ ਕਹਿੰਦੇ ਹਨ, ‘‘ਕੈਨੇਡਾ ਦੀ ਟਰੂਡੋ ਸਰਕਾਰ ਕਿਸੇ ਖ਼ਾਲਿਸਤਾਨ ਦੀ ਸਪੋਰਟ ਨਹੀਂ ਕਰ ਰਹੀ, ਟਰੂਡੋ ਨੇ ਤਾਂ ਹਾਲ ਹੀ ਵਿੱਚ ਕਿਹਾ ਹੈ ਕਿ ਅਸੀਂ ਯੂਨਾਇਟਿਡ ਇੰਡੀਆ ਵਿੱਚ ਭਰੋਸਾ ਕਰਦੇ ਹਾਂ।”

“ਭਾਵੇਂ ਕਿ ਮੈਂ ਟਰੂਡੋ ਦਾ ਬਚਾਅ ਨਹੀਂ ਕਰ ਰਿਹਾ। ਮੇਰੇ ਉਨ੍ਹਾਂ ਨਾਲ ਕਈ ਇਤਰਾਜ਼ ਹੋ ਸਕਦੇ ਹਨ, ਉਨ੍ਹਾਂ ਨੇ ਇਹ ਕਦਮ ਸਿਰਫ਼ ਕੈਨੇਡੀਅਨ ਨਾਗਰਿਕਾਂ ਦੀ ਸੁਰੱਖਿਆ ਲਈ ਲਿਆ ਹੈ।’’

ਬਲਰਾਜ ਦਿਓਲ
ਤਸਵੀਰ ਕੈਪਸ਼ਨ, ਬਲਰਾਜ ਦਿਓਲ ਕਹਿੰਦੇ ਹਨ ਕਿ ਕੈਨੇਡਾ ਵਿੱਚ ਖ਼ਾਲਿਸਤਾਨੀ ਲਹਿਰ ਨੇ ਜੜ੍ਹਾਂ ਫੜ ਲਈਆਂ ਹਨ ਅਤੇ ਇੱਥੋਂ ਦੇ ਸਿਸਟਮ ਵਿੱਚ ਉਨ੍ਹਾਂ ਨੇ ਆਪਣੀ ਜਗ੍ਹਾ ਬਣਾ ਲਈ ਹੈ।

ਖ਼ਾਲਿਸਤਾਨੀਆਂ ਬਾਰੇ ਤੀਜਾ ਪੱਖ

ਬਲਰਾਜ ਦਿਓਲ ਕੈਨੇਡਾ ਵੱਸਦੇ ਪੰਜਾਬੀ ਮੂਲ ਦੇ ਪੱਤਰਕਾਰ ਹਨ ਅਤੇ ਖ਼ਾਲਿਸਤਾਨੀ ਲਹਿਰ ਦੇ ਆਲੋਚਕ ਵਜੋਂ ਜਾਣੇ ਜਾਂਦੇ ਹਨ।

ਬਲਰਾਜ ਦਿਓਲ ਕਹਿੰਦੇ ਹਨ, ‘‘ਕੈਨੇਡਾ ਵਿੱਚ ਖ਼ਾਲਿਸਤਾਨੀ ਲਹਿਰ ਨੇ ਜੜ੍ਹਾਂ ਫੜ ਲਈਆਂ ਹਨ ਅਤੇ ਇੱਥੋਂ ਦੇ ਸਿਸਟਮ ਵਿੱਚ ਉਨ੍ਹਾਂ ਨੇ ਆਪਣੀ ਜਗ੍ਹਾ ਬਣਾ ਲਈ ਹੈ। ਸਿਵਿਕ ਤੋਂ ਸੂਬਾਈ ਤੇ ਫੈਡਰਲ ਸਿਆਸਤ ਵਿੱਚ ਅਤੇ ਕੈਨੇਡਾ ਦੀਆਂ ਏਜੰਸੀਆਂ, ਖੁਫ਼ੀਆ ਏਜੰਸੀਆਂ, ਸਿਵਲ ਸਰਵਿਸ ਹੋਵੇ ਜਾਂ ਇੰਮੀਗ੍ਰੇਸ਼ਨ ਹੋਵੇ। ਉਨ੍ਹਾਂ ਵਿੱਚ ਪਿਛਲੇ ਸਾਲਾਂ ਦੌਰਾਨ ਖ਼ਾਲਿਸਤਾਨੀ ਸਮਰਥਕਾਂ ਨੇ ਕਾਫ਼ੀ ਜਗ੍ਹਾ ਬਣਾ ਲਈ ਹੈ।’’

ਬਲਰਾਜ ਦਿਓਲ ਕਹਿੰਦੇ ਹਨ ਕਿ ਜਦੋਂ ਤੁਸੀਂ ਸਿਸਟਮ ਵਿੱਚ ਬੈਠੇ ਹੁੰਦੇ ਹੋ ਤਾਂ ਉਸ ਦਾ ਅਸਰ ਦਿਸਦਾ ਹੈ, ਜਿਸ ਨੇ ਦੋਵਾਂ ਮੁਲਕਾਂ ਦੇ ਰਿਸ਼ਤਿਆ ਵਿੱਚ ਖਟਾਸ ਦੇ ਰੂਪ ਵਿੱਚ ਪ੍ਰਭਾਵ ਛੱਡਿਆ ਹੈ।

ਬਲਰਾਜ ਦਿਓਲ ਖ਼ਾਲਿਸਤਾਨੀਆਂ ਦੇ ‘‘ਮੁੱਠੀ ਭਰ ਹੋਣ’’ ਦੀ ਦਲੀਲ ਨਾਲੋਂ ਵੱਧ ਜ਼ੋਰ ਉਨ੍ਹਾਂ ਦੇ ਸਿਆਸੀ ਅਸਰ ਨੂੰ ਦਿੰਦੇ ਹਨ।

ਉਹ ਕਹਿੰਦੇ ਹਨ, ‘‘ਖ਼ਾਲਿਸਤਾਨੀ ਸਿੱਖ ਭਾਈਚਾਰੇ ਵਿੱਚ ਲਾਬਿੰਗ ਕਰਕੇ ਵੋਟ ਸਿਆਸਤ ਦੇ ਨਤੀਜਿਆਂ ਨੂੰ ਪ੍ਰਭਾਵਿਤ ਕਰਨ ਦਾ ਅਸਰ ਰੱਖਦੇ ਹਨ। ਲਿਬਰਲ ਪਾਰਟੀ ਵਿੱਚ 1990ਵਿਆਂ ਤੋਂ ਜੌਨ ਕ੍ਰਿਸਟੀਅਨ ਤੋਂ ਲੈ ਕੇ ਜਸਟਿਨ ਟਰੂਡੋ ਤੱਕ, ਖ਼ਾਲਿਸਤਾਨੀ ਸਿੱਖ ਭਾਈਚਾਰੇ ਦੇ ਡੈਲੀਗੇਟ ਬਣਵਾ ਕੇ ਉਨ੍ਹਾਂ ਨੂੰ ਪਾਰਟੀ ਦੇ ਆਗੂ ਦੇ ਤੌਰ ਉੱਤੇ ਅੱਗੇ ਲਿਆਉਣ ਵਿੱਚ ਭੂਮਿਕਾ ਨਿਭਾਉਂਦੇ ਰਹੇ ਹਨ।”

“ਇਸੇ ਤਰ੍ਹਾਂ ਐੱਨਡੀਪੀ ਵਿੱਚ ਜਗਮੀਤ ਸਿੰਘ ਨੂੰ ਪਾਰਟੀ ਪ੍ਰਧਾਨ ਬਣਾਉਣ ਵਿੱਚ ਖ਼ਾਲਿਸਤਾਨੀਆਂ ਦੀ ਭੂਮਿਕਾ ਰਹੀ ਹੈ।’’

‘‘ਜਗਮੀਤ ਸਿੰਘ ਤਾਂ ਪਾਰਟੀ ਪ੍ਰਧਾਨ ਬਣੇ ਹੀ ਖ਼ਾਲਿਸਤਾਨ ਲੌਬੀ ਦੇ ਸਿਰ ਉੱਤੇ ਹੈ, ਉਦੋਂ ਇਸ ਗੱਲ ਦਾ ਕਾਫੀ ਰੌਲ਼ਾ ਵੀ ਪਿਆ ਸੀ ਕਿ ਉਨ੍ਹਾਂ ਨੂੰ ਜਿਆਦਾ ਵੋਟਾਂ ਉੱਥੇ ਹੀ ਪਈਆਂ ਸਨ, ਜਿੱਥੇ-ਜਿੱਥੇ ਸਿੱਖ ਅਬਾਦੀ ਵੱਧ ਸੀ। ਜਿਵੇਂ ਬਰੈਂਪਟਨ, ਮਾਲਟਨ ਅਤੇ ਸਰੀ ਆਦਿ ਇਲਾਕੇ।’’

ਜਗਮੀਤ ਸਿੰਘ ਨੂੰ ਤਾਂ ਖ਼ਾਲਿਸਤਾਨ ਪੱਖੀ ਆਗੂ ਸਮਝਿਆ ਜਾਂਦਾ ਹੈ।

ਖ਼ਾਲਿਸਤਾਨੀਆਂ ਦੇ ਘੱਟ ਗਿਣਤੀ ਵਿੱਚ ਹੋਣ ਦੀ ਦਲੀਲ ਬਾਰੇ ਪੁੱਛੇ ਸਵਾਲ ਦੇ ਜਵਾਬ ਵਿੱਚ ਬਲਰਾਜ ਦਿਓਲ਼ ਕਹਿੰਦੇ ਹਨ, ''ਮਸਲਾ ਘੱਟ ਵੋਟਾਂ ਦਾ ਨਹੀਂ ਹੈ। ਘੱਟ ਵੋਟਾਂ ਦੇ ਅੰਕੜੇ ਦੀ ਦਲੀਲ ਨੂੰ ਆਪਣੇ ਹਿਸਾਬ ਨਾਲ ਵਰਤਿਆ ਜਾਂਦਾ ਹੈ। ਲੋਕਤੰਤਰ ਵਿੱਚ ਉਹ ਵੋਟਰ ਗਿਣਿਆ ਜਾਂਦਾ ਹੈ, ਜਿਹੜਾ ਵੋਟ ਪਾਉਣ ਸੜਕ ਉੱਤੇ ਉੱਤਰੇ।''

ਸਵਾਲ ਇਹ ਹੈ ਕਿ ਚਾਹੇ ਵੋਟਾਂ ਹੋਣ, ਸਿਆਸੀ ਐਕਟਵਿਜ਼ਮ ਹੋਵੇ ਜਾਂ ਸਮਾਜਿਕ। ਸਾਹਮਣੇ ਕੌਣ ਆਉਂਦਾ ਹੈ। ਡੈਲੀਗੇਟ ਬਣਾਉਣ ਲਈ ਕੌਣ ਅੱਗੇ ਆਉਂਦਾ ਹੈ ਅਤੇ ਕੌਣ ਵੋਟਾਂ ਭੁਗਤਾਉਂਦਾ ਹੈ, ਇਹ ਖ਼ਾਲਿਸਤਾਨੀ ਹੀ ਹਨ।

ਇਹ ਵੀ ਪੜ੍ਹੋ-

ਆਪਣੀ ਦਲੀਲ ਨੂੰ ਹੋਰ ਪੁਖ਼ਤਾ ਕਰਨ ਲਈ ਬਲਰਾਜ ਦਿਓਲ ਕਹਿੰਦੇ ਹਨ, ‘‘ਕਮਿਊਨਿਟੀ ਦੇ ਜਿੰਨੇ ਵੱਡੇ ਅਦਾਰੇ ਹਨ, ਉਹ ਗੁਰਦੁਆਰੇ ਹੀ ਹਨ। ਉਨ੍ਹਾਂ ਉੱਤੇ ਖ਼ਾਲਿਸਤਾਨੀਆਂ ਦਾ ਹੀ ਕਬਜਾ ਹੈ।”

ਉਹ ਕਹਿੰਦੇ ਹਨ, “ਜਦੋਂ ਵੱਡੇ-ਵੱਡੇ ਇਕੱਠਾਂ ਵਾਲੇ ਸਮਾਗਮ ਹੁੰਦੇ ਹਨ, ਵਿਸਾਖੀ ਸਿੱਖ ਪਰੇਡ ਹੋਵੇ, ਜਾਂ ਹੋਰ ਨਗਰ ਕੀਰਤਨ, ਉੱਥੇ ਜਦੋਂ ਕੈਨੇਡੀਅਨ ਮੁੱਖਧਾਰਾ ਦੀਆਂ ਸਿਆਸੀ ਪਾਰਟੀਆਂ ਦੇ ਆਗੂ ਆਉਂਦੇ ਹਨ, ਤਾਂ ਉਨ੍ਹਾਂ ਨੂੰ ਸਾਰੀ ਸਿੱਖ ਕਮਿਊਨਿਟੀ ਦੇ ਲੀਡਰ ਖ਼ਾਲਿਸਤਾਨ ਪੱਖੀ ਆਗੂ ਹੀ ਲੱਗਦੇ ਹਨ।’’

ਜਦੋਂ ਉਹ ਲੀਡਰ ਦਿਖਦੇ ਹਨ ਤਾਂ ਪ੍ਰਭਾਵ ਵੀ ਉਨ੍ਹਾਂ ਦਾ ਹੀ ਪੈਂਦਾ ਹੈ। ਅੰਦਰ ਸਮਾਗਮ ਵਿੱਚ ਜੋਂ ਲੋਕ ਬੈਠੇ ਹਨ, ਉਨ੍ਹਾਂ ਨੂੰ ਕੌਣ ਪੁੱਛਦਾ ਹੈ।

ਬਲਰਾਜ ਦਿਓਲ਼ ਕਹਿੰਦੇ ਹਨ, ‘‘ਮੈਂ ਇਹ ਨਹੀਂ ਕਹਿ ਰਿਹਾ ਕਿ ਖ਼ਾਲਿਸਤਾਨੀਆਂ ਦੀ ਗਿਣਤੀ ਬਹੁਤ ਘੱਟ ਹੈ ਅਤੇ ਖ਼ਾਲਿਸਤਾਨ ਵਿਰੋਧੀਆਂ ਦੀ ਗਿਣਤੀ ਬਹੁਤ ਜਿਆਦਾ ਹੈ।”

“ਮੈਂ ਇਹ ਕਹਿ ਰਿਹਾ ਹਾਂਂ ਕਿ ਖ਼ਾਲਿਸਤਾਨੀਆਂ ਦੀ ਗਿਣਤੀ ਜਿੰਨੀ ਵੀ ਹੈ, ਉਹ ਪੱਕੀ ਹੈ। ਖ਼ਾਲਿਸਤਾਨ ਦਾ ਸਰ੍ਹੇਆਮ ਵਿਰੋਧ ਕਰਨ ਵਾਲਾ ਸਿੱਖ ਤੁਹਾਨੂੰ ਇੱਕ ਵੀ ਨਹੀਂ ਲੱਭੇਗਾ।’’

‘‘ਹਾਂ ਇਹ ਜਰੂਰ ਹੈ ਬਹੁ ਗਿਣਤੀ ਅਜੇ ਵੀ ਉਨ੍ਹਾਂ ਸਿੱਖਾਂ ਦੀ ਹੈ, ਜਿਹੜੇ ਖ਼ਾਲਿਸਤਾਨ ਪੱਖੀ ਨਹੀਂ ਹਨ, ਪਰ ਉਹ ਚੁੱਪ ਹਨ। ਸੋ ਚੁੱਪ ਦੀ ਗਿਣਤੀ ਕੌਣ ਕਰਦਾ ਹੈ, ਜਿਸ ਨੇ ਸੜਕ ਉੱਤੇ ਨਹੀਂ ਆਉਣਾ, ਬੋਲਣਾ ਨਹੀਂ।’’

ਸਿੱਖ ਨੌਜਵਾਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਹਰਜੀਤ ਸਿੰਘ ਨਿੱਝਰ ਦੇ ਕਤਲ ਤੋਂ ਬਾਅਦ ਜੂਨ 2023 ਵਿੱਚ ਕੈਨੇਡਾ ਵਿੱਚ ਪ੍ਰਦਰਸ਼ਨ ਕਰਦੇ ਹੋਏ ਸਿੱਖ ਨੌਜਵਾਨ

ਖ਼ਾਲਿਸਤਾਨੀਆਂ ਦੀ ਭਾਰਤ ਵਿੱਚ ਹਿੰਸਾ ਬਾਰੇ

ਭਾਰਤ ਸਰਕਾਰ ਵਲੋਂ ਕੈਨੇਡਾ ਦੀਆਂ ਖ਼ਾਲਿਸਤਾਨੀ ਜਥੇਬੰਦੀਆਂ ਉੱਤੇ ਭਾਰਤ ਵਿੱਚ ਹਿੰਸਾ ਕਰਵਾਉਣ ਦੇ ਇਲਜਾਮਾਂ ਬਾਰੇ ਜਦੋਂ ਅਮਰਜੀਤ ਸਿੰਘ ਮਾਨ ਨੂੰ ਸਵਾਲ ਕੀਤਾ, ਤਾਂ ਉਨ੍ਹਾਂ ਕਿਹਾ, ਜਿਨ੍ਹਾਂ ਸੰਗਠਨਾਂ ਦੇ ਨਾਂ ਲਏ ਜਾ ਰਹੇ ਹਨ, ਅਸੀਂ ਤਾਂ ਉਨ੍ਹਾਂ ਬਾਰੇ ਕਦੇ ਸੁਣਿਆ ਨਹੀਂ।

ਉਹ ਕਹਿੰਦੇ ਹਨ, ''ਅਸੀਂ ਲੋਕਤੰਤਰੀ ਤਰੀਕੇ ਨਾਲ ਖ਼ਾਲਿਸਤਾਨ ਦੀ ਪ੍ਰਾਪਤੀ ਲਈ ਕੈਨੇਡੀਅਨ ਕਨੂੰਨ ਦੇ ਦਾਇਰੇ ਵਿੱਚ ਰਹਿ ਕੇ ਸੰਘਰਸ਼ ਕਰਦੇ ਹਾਂ।''

ਨਗਰ ਕੀਰਤਨਾਂ ਵਿੱਚ ਖ਼ਾਲਿਸਤਾਨੀ ਖਾੜਕੂਆਂ ਦੀਆਂ ਤਸਵੀਰਾਂ ਅਤੇ ਇੰਦਰਾ ਗਾਂਧੀ ਦੇ ਕਤਲ ਵਰਗੀਆਂ ਘਟਨਾਵਾਂ ਨੂੰ ਦਰਸਾਉਣ ਵਾਲੀਆਂ ਤਸਵੀਰਾਂ ਜ਼ਰੀਏ ਭਾਵਨਾਵਾਂ ਨੂੰ ਭੜਕਾਉਣ ਦੇ ਯਤਨਾਂ ਬਾਰੇ ਅਮਰਜੀਤ ਸਿੰਘ ਮਾਨ ਨੇ ਕਿਹਾ, ‘‘ਇਹ ਲੰਬੇ ਸਮੇਂ ਤੋਂ ਹੁੰਦੇ ਆਏ ਹਨ। ਪਹਿਲਾਂ ਅਮਰੀਕਾ ਵਿੱਚ ਹੀ ਅਜਿਹੀਆਂ ਝਾਕੀਆਂ ਦੇਖਣ ਨੂੰ ਮਿਲੀਆਂ ਹਨ।”

“ਪਰ ਸਵਾਲ ਹੁਣ ਖੜ੍ਹਾ ਹੋਣ ਲੱਗਿਆ ਹੈ। ਅਸੀਂ ਕੁਝ ਵੀ ਕਾਲਪਨਿਕ ਨਹੀਂ ਦਿਖਾਉਂਦੇ ਜੋ ਵਾਪਰਿਆ ਹੈ ਉਹੀ ਦਿਖਾਉਂਦੇ ਹਨ। ਇਹ ਸਾਡਾ ਇਤਿਹਾਸ ਹੈ ਅਤੇ ਖਾੜਕੂ ਸਾਡੇ ਹੀਰੋ ਹਨ।’’

ਅਮਰਜੀਤ ਸਿੰਘ ਮਾਨ ਵਾਂਗ ਭਗਤ ਸਿੰਘ ਬਰਾੜ ਨੇ ਅਜਿਹੇ ਸਾਰੇ ਇਲਜਾਮਾਂ ਨੂੰ ਰੱਦ ਕੀਤਾ ਅਤੇ ਕਿਹਾ ਜੇਕਰ ਭਾਰਤ ਸਰਕਾਰ ਕੋਲ ਅਜਿਹੇ ਸਬੂਤ ਹਨ, ਤਾਂ ਉਨ੍ਹਾਂ ਨੂੰ ਇਹ ਕੈਨੇਡਾ ਸਰਕਾਰ ਨੂੰ ਦੇ ਕੇ ਇਸ ਲਈ ਜਿੰਮੇਵਾਰ ਲੋਕਾਂ ਨੂੰ ਇੱਥੋਂ ਲੈ ਕੇ ਜਾਣਾ ਚਾਹੀਦਾ ਹੈ।

ਭਗਤ ਸਿੰਘ ਬਰਾੜ ਨੇ ਉਲਟਾ ਸਵਾਲ ਕੀਤਾ ਕਿ ਭਾਰਤ ਸਰਕਾਰ ਹੁਣ ਤੱਕ ਅਜਿਹਾ ਕਰਨ ਵਿੱਚ ਅਸਫ਼ਲ ਕਿਉਂ ਰਹੀ।

ਦੂਜੇ ਪਾਸੇ ਕੈਨੇਡਾ ਵਿੱਚ ਵਾਪਸ ਭੇਜੇ ਗਏ ਭਾਰਤੀ ਹਾਈ ਕਮਿਸ਼ਨਰ ਸੰਜੇ ਵਰਗਾ ਨੇ ਕੈਨੇਡੀਅਨ ਟੀਵੀ ਚੈਨਲ ਸੀ-ਟੀਵੀ ਨਾਲ ਗੱਲ ਕਰਦਿਆਂ ਜਾਣਕਾਰੀ ਸਾਂਝੀ ਕੀਤੀ ਕਿ ਭਾਰਤ ਨੇ 26 ਵਿਅਕਤੀਆਂ ਬਾਰੇ ਕੈਨੇਡਾ ਸਰਕਾਰ ਨੂੰ ਭਾਰਤ ਹਵਾਲੇ ਕਰਨ ਲਈ ਡੋਜੀਅਰ ਦਿੱਤੇ ਹਨ, ਪਰ ਕੈਨੇਡਾ ਸਰਕਾਰ ਇਸ ਉੱਤੇ ਗੌਰ ਹੀ ਨਹੀਂ ਕਰ ਰਹੀ।

ਇਸ ਮਸਲੇ ਉੱਤੇ ਬਲਰਾਜ ਦਿਓਲ ਕਹਿੰਦੇ ਹਨ, ਕੈਨੇਡਾ ਬੈਠ ਕੇ ਭਾਰਤ ਵਿੱਚ ਹਿੰਸਾ ਕਰਵਾਉਣ ਦੀ ਸਭ ਤੋਂ ਵੱਡੀ ਮਿਸਾਲ ਪੌਪ ਸਟਾਰ ਸਿੱਧੂ ਮੂਸੇਵਾਲਾ ਦਾ ਕਤਲ, ਜਿਸ ਲਈ ਜਿੰਮੇਵਾਰ ਲਾਰੈਂਸ ਬਿਸ਼ਨੋਈ ਗੈਂਗ ਦਾ ਸਰਗਨਾ ਗੋਲਡੀ ਬਰਾੜ ਕੈਨੇਡਾ ਵਿੱਚ ਬੈਠਾ ਹੈ।”

“ਭਾਵੇਂ ਕਿ ਕੈਨੇਡਾ ਲਾਰੈਸ਼ ਬਿਸਨੋਈ ਰਾਹੀਂ ਕੈਨੇਡਾ ਵਿੱਚ ਹਿੰਸਾ ਵਿੱਚ ਮਦਦ ਕਰਨ ਦੇ ‘‘ਭਾਰਤੀ ਏਜੰਟਾਂ’’ ਉੱਤੇ ਇਲਜਾਮ ਲਾ ਰਿਹਾ ਹੈ।”

ਬਲਰਾਜ ਦਿਓਲ ਸਵਾਲ ਕਰਦੇ ਹਨ ਕਿ ਇੱਕ ਪਾਸੇ ਜਦੋਂ ਕੈਨੇਡਾ ਕਹਿ ਰਿਹਾ ਹੈ ਕਿ ਲਾਰੈਂਸ ਬਿਸ਼ਨੋਈ ਗੈਂਗ ਇੱਥੇ ਵਾਰਦਾਤਾਂ ਕਰ ਰਿਹਾ ਹੈ, ਤਾਂ ਜਦੋਂ ਭਾਰਤ ਗੋਲਡੀ ਬਰਾੜ ਅਤੇ ਹੋਰ ਬੰਦਿਆਂ ਦੀ ਕਸਟੱਡੀ ਮੰਗਦਾ ਹੈ ਤਾਂ ਉਹ ਭਾਰਤ ਨੂੰ ਸੌਂਪੇ ਕਿਉਂ ਨਹੀਂ ਜਾਂਦੇ।

ਖ਼ਾਲਿਸਤਾਨੀ ਜਥੇਬੰਦੀਆਂ ਵਲੋਂ ਵਾਰਦਾਤਾਂ ਕਰਵਾਉਣ ਦੇ ਸਵਾਲ ਬਾਰੇ ਬਲਰਾਜ ਦਿਓਲ ਕਹਿੰਦੇ ਹਨ, ਜਦੋਂ ਕੋਈ ਲਹਿਰ ਚੱਲਦੀ ਹੈ ਤਾਂ ਆਮ ਕਰਕੇ ਅਜਿਹੇ ਸੰਗਠਨ ਜਾਂ ਬੰਦੇ ਘੁਸਪੈਠ ਕਰ ਜਾਂਦੇ ਹਨ, ਜੋ ਆਪਣੇ ਹਿੱਤਾਂ ਲ਼ਈ ਆਪਣੇ ਤਰੀਕੇ ਨਾਲ ਅਜਿਹਾ ਕੁਝ ਕਰ ਜਾਂਦੇ ਹਨ।

ਪਹਿਲਾਂ ਵੀ ਹੁੰਦਾ ਰਿਹਾ ਹੈ ਅਤੇ ਹੁਣ ਵੀ ਕਈ ਗੈਂਗਜ਼ ਦਾ ਸਬੰਧ ਵੀ ਖ਼ਾਲਿਸਤਾਨੀ ਸੰਗਠਨਾਂ ਨਾਲ ਜੁੜਦਾ ਹੈ।

ਪ੍ਰਦਰਸ਼ਨਕਾਰੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਹੱਥਾਂ ਵਿੱਚ ਖ਼ਾਲਿਸਤਾਨ ਪੱਖੀ ਝੰਡੇ ਫ਼ੜੀ ਮਾਰਚ ਕਰਦੇ ਹੋਏ ਪ੍ਰਦਰਸ਼ਨਕਾਰੀ

ਖ਼ਾਲਿਸਤਾਨ ਬਾਰੇ ਕੈਨੇਡਾ ਦੀ ਅਧਿਕਾਰਤ ਲਾਇਨ

ਭਾਰਤ ਦੀ ਕੈਨੇਡਾ ਵਿੱਚ ‘‘ਸਿੱਖ ਕੱਟੜਵਾਦ’’ ਬਾਰੇ ਚਿੰਤਾ ਕੋਈ ਨਵੀਂ ਨਹੀਂ ਹੈ, ਨਾ ਹੀ ਕੈਨੇਡਾ ਦਾ ਹੁੰਗਾਰਾ।

ਸੀਬੀਸੀ ਦੀ ਇੱਕ ਰਿਪੋਟਰ ਮੁਤਾਬਕ 2012 ਵਿੱਚ ਕੈਨੇਡਾ ਦੇ ਤਤਕਾਲੀ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਜਦੋਂ ਭਾਰਤ ਦੌਰੇ ਉੱਤੇ ਗਏ ਤਾਂ ਭਾਰਤੀ ਵਿਦੇਸ਼ ਮੰਤਰੀ ਨੇ ‘‘ਕੈਨੇਡਾ ਵਿੱਚ ਭਾਰਤ ਵਿਰੋਧੀ ਬਿਆਨਬਾਜੀ ਵਧਣ’’ ਦਾ ਮੁੱਦਾ ਚੁੱਕਿਆ ਸੀ। ਹਾਰਪਰ ਨੇ ਯੂਨਾਇਟਿਡ ਭਾਰਤ ਦੀ ਵਕਾਲਤ ਕੀਤੀ ਸੀ ਪਰ ਉਨ੍ਹਾਂ ਜਮਹੂਰੀ ਖ਼ਾਲਿਸਤਾਨੀ ਬਿਰਤਾਂਤ ਖਿਲਾਫ਼ ਕੋਈ ਵੀ ਕਾਰਵਾਈ ਤੋਂ ਇਨਕਾਰ ਕੀਤਾ ਸੀ।

2023 ਵਿੱਚ ਜੀ-20 ਸੰਮੇਲਨ ਵਿੱਚ ਸ਼ਾਮਲ ਹੋਣ ਗਏ ਜਸਟਿਨ ਟਰੂਡੋ ਨੂੰ ਜਦੋਂ ਕੈਨੇਡਾ ਵਿੱਚ ਸਿੱਖ ਕੱਟੜਵਾਦ ਬਾਰੇ ਸਵਾਲ ਕੀਤਾ ਸੀ, ਤਾਂ ਉਨ੍ਹਾਂ ਵੀ ਹਾਰਪਰ ਵਾਲਾ ਬਿਆਨ ਹੀ ਦੁਹਰਾਇਆ ਸੀ।

ਪ੍ਰਧਾਨ ਮੰਤਰੀ ਨੇ ਕਿਹਾ ਸੀ, ‘‘ਅਸੀਂ ਹਿੰਸਾ ਨੂੰ ਰੋਕਣ ਲਈ ਹਮੇਸ਼ਾ ਤਿਆਰ ਹਾਂ, ਅਤੇ ਨਫ਼ਰਤੀ ਏਜੰਡੇ ਖਿਲਾਫ਼ ਕੰਮ ਕਰ ਰਹੇ ਹਾਂ।’’

ਉਨ੍ਹਾਂ ਨੇ ਇਹ ਵੀ ਕਿਹਾ ਸੀ ਕਿ ਕੁਝ ਲੋਕਾਂ ਦੀਆਂ ਕਾਰਵਾਈਆਂ ਨੂੰ ਕੈਨੇਡਾ ਦੇ ਸਮੁੱਚੇ ਸਿੱਖ ਭਾਈਚਾਰੇ ਨਾਲ ਨਹੀਂ ਜੋੜਿਆ ਜਾ ਸਕਦਾ।

ਮਾਹਰ ਵੀ ਕਹਿੰਦੇ ਹਨ ਕਿ ਕੈਨੇਡਾ ਵਿੱਚ ਅਮਰੀਕਾ, ਯੂਕੇ, ਨਿਊਜੀਲੈਂਡ ਅਤੇ ਆਸਟ੍ਰੇਲੀਆ ਨਾਲੋਂ ਸੰਘਣੀ ਹੈ, ਪਰ ਖ਼ਾਲਿਸਤਾਨੀ (ਅਜਾਦ ਸਿੱਖ ਸ਼ਟੇਟ) ਬਾਰੇ ਭਾਈਚਾਰਾ ਹੀ ਇੱਕਮਤ ਨਹੀਂ ਹੈ।

ਹਰਮਿੰਦਰ ਢਿੱਲੋਂ ਕੈਨੇਡਾ ਵਿੱਚ ਪਿਛਲੇ 3 ਦਹਾਕਿਆਂ ਤੋਂ ਰਹਿੰਦੇ ਹਨ, ਉਹ ਜਾਣੇ-ਪਛਾਣੇ ਅਤੇ ਵਕੀਲ ਹਨ।

ਬੀਬੀਸੀ ਨਾਲ ਗੱਲਬਾਤ ਦੌਰਾਨ ਉਨ੍ਹਾਂ ਕਿਹਾ, “ਭਾਰਤ ਵਿੱਚ ਬੈਠੇ ਲੋਕਾਂ ਨੂੰ ਇਹ ਭੁਲੇਖਾ ਹੋ ਸਕਦਾ ਹੈ ਕਿ ਪਤਾ ਨਹੀਂ ਇੱਥੇ ਕਿੰਨੀ ਕੂ ਵੱਡੀ ਲਾਬੀ ਹੋਵੇਗੀ। ਅਸਲ ਵਿੱਚ ਤਾਂ 2-4 ਹਲਕੇ ਜਾਂ ਬਰੈਂਪਟਨ ਦੀਆਂ ਕੁਝ ਸੀਟਾਂ ਬਾਰੇ ਤੁਸੀਂ ਕਹਿ ਸਕਦੇ ਹੋ ਕਿ ਇੱਥੇ ਕੁਝ ਖ਼ਾਲਿਸਤਾਨੀ ਆਗੂਆਂ ਦਾ ਅਸਰ ਹੋ ਸਕਦਾ ਹੈ।”

“ਪਰ ਕੈਨੇਡਾ ਵਰਗੇ ਵਿਸ਼ਾਲ ਮੁਲਕ ਵਿੱਚ ਇਹ ਸੰਭਵ ਹੀ ਨਹੀਂ ਹੈ ਕਿ ਟੂਰਡੋ ਖ਼ਾਲਿਸਤਾਨ ਸਮਰਥਕਾਂ ਨੂੰ ਖੁਸ਼ ਕਰਕੇ ਚੋਣਾਂ ਵਿੱਚ ਆਪਣੀ ਹਾਰ ਨੂੰ ਜਿੱਤ ਵਿੱਚ ਬਦਲ ਸਕੇ।”

ਇਹ ਵੀ ਪੜ੍ਹੋ-

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)