ਕੈਨੇਡਾ: ਪਰਵਾਸ 'ਤੇ ‘ਰੋਕ’ ਦੇ ਐਲਾਨ ਦਾ ਪੱਕੇ ਹੋਣ ਦੀ ਚਾਹ ਰੱਖਦੇ ਵਿਦਿਆਰਥੀਆਂ ਤੇ ਕਾਮਿਆਂ 'ਤੇ ਕੀ ਅਸਰ ਪਵੇਗਾ

ਕੈਨੇਡਾ ਕੌਮਾਂਤਰੀ ਵਿਦਿਆਰਥੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਕੈਨੇਡਾ ਵਿੱਚ ਅਸਥਾਈ ਕਾਮਿਆਂ ਵੱਲੋਂ ਕੀਤੇ ਜਾ ਰਹੇ ਪ੍ਰਦਰਸ਼ਨ ਦੀ ਇੱਕ ਤਸਵੀਰ
    • ਲੇਖਕ, ਗੁਰਜੋਤ ਸਿੰਘ
    • ਰੋਲ, ਬੀਬੀਸੀ ਪੱਤਰਕਾਰ

ਕੈਨੇਡਾ ਨੇ ਆਪਣੀ ਪਰਵਾਸ ਨੀਤੀ ’ਚ ਅਹਿਮ ਬਦਲਾਅ ਕਰਦਿਆਂ ਆਉਂਦੇ ਤਿੰਨ ਸਾਲਾਂ ਲਈ ਪੀਆਰ ਟੀਚਿਆਂ ’ਚ ਵੱਡੀ ਕਟੌਤੀ ਕੀਤੀ ਹੈ।

ਮਾਹਰਾਂ ਮੁਤਾਬਕ ਜਿੱਥੇ ਇਸ ਨਾਲ ਕੈਨੇਡਾ ਵਿੱਚ ਰਹਿ ਰਹੇ ਕੌਮਾਂਤਰੀ ਵਿਦਿਆਰਥੀਆਂ ਲਈ ਕੈਨੇਡਾ ਦੀ ਪੀਆਰ ਲੈਣਾ ਹੋਰ ਮੁਸ਼ਕਲ ਹੋ ਜਾਵੇਗਾ, ਉੱਥੇ ਹੀ ਭਾਰਤ ਵਿੱਚੋਂ ਕੈਨੇਡਾ ਜਾ ਕੇ ਪੜ੍ਹਨ ਦੀ ਚਾਹ ਰੱਖਦੇ ਵਿਦਿਆਰਥੀਆਂ ਦੀਆਂ ਉਮੀਦਾਂ 'ਤੇ ਵੀ ਇਸ ਦਾ ਅਸਰ ਪਵੇਗਾ।

ਸਰਕਾਰੀ ਬਿਆਨ ਮੁਤਾਬਕ ਇਹ ਪਹਿਲੀ ਵਾਰ ਹੈ ਕਿ ਕੈਨੇਡਾ ਵੱਲੋਂ ਅਸਥਾਈ ਵਿਦੇਸ਼ੀ ਕਾਮਿਆਂ ਤੇ ਕੌਮਾਂਤਰੀ ਵਿਦਿਆਰਥੀਆਂ ਬਾਰੇ ਵੀ ਟੀਚੇ ਜਾਰੀ ਕੀਤੇ ਗਏ ਹਨ।

ਪੰਜਾਬ, ਹਰਿਆਣਾ ਅਤੇ ਗੁਜਰਾਤ ਸਣੇ ਭਾਰਤ ਦੇ ਵੱਖ-ਵੱਖ ਸੂਬਿਆਂ ਤੋਂ ਵੱਡੀ ਗਿਣਤੀ ’ਚ ਵਿਦਿਆਰਥੀ ਕੈਨੇਡਾ ਪੜ੍ਹਦੇ ਹਨ।

ਕੈਨੇਡਾ ਵਿੱਚ ਰਹਿ ਰਹੇ ਅਸਥਾਈ ਕਾਮਿਆਂ ਵਿੱਚ ਵੱਡੀ ਗਿਣਤੀ ਵਿੱਚ ਭਾਰਤੀ ਹਨ ਜਿਨ੍ਹਾਂ ਵਿੱਚ ਪੰਜਾਬੀਆਂ ਦੀ ਇੱਕ ਵੱਡੀ ਗਿਣਤੀ ਹੈ।

ਬੀਬੀਸੀ ਪੰਜਾਬੀ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

ਜਸਟਿਨ ਟਰੂਡੋ ਨੇ ਸਥਾਈ ਵਸਨੀਕਾਂ ਦੇ ਟੀਚਿਆਂ ਬਾਰੇ ਇਹ ਐਲਾਨ ਕਰਦਿਆਂ ਆਪਣੇ ਐਕਸ ਅਕਾਊਂਟ ’ਤੇ ਲਿਖਿਆ, “ਅਸੀਂ ਕੈਨੇਡਾ ਵਿੱਚ ਆ ਰਹੇ ਪਰਵਾਸੀਆਂ ਦੀ ਗਿਣਤੀ ਵੱਡੇ ਪੱਧਰ ਉੱਤੇ ਘਟਾਉਣ ਜਾ ਰਹੇ ਹਾਂ।”

“ਅਸੀਂ ਅਸਥਾਈ ਤੌਰ ਉੱਤੇ ਆਪਣੀ ਆਬਾਦੀ ਵਿੱਚ ਵਾਧੇ ਉੱਤੇ ਰੋਕ ਲਾਉਣ ਜਾ ਰਹੇ ਹਾਂ ਤਾਂ ਜੋ ਸਾਡੀ ਆਰਥਿਕਤਾ ਲੀਹਾਂ ’ਤੇ ਆ ਸਕੇ।”

ਇਸ ਰਿਪੋਰਟ 'ਚ ਅਸੀਂ ਗੱਲ ਕਰਾਂਗੇ ਕਿ ਇਸ ਕਟੌਤੀ ਦਾ ਭਾਰਤ ਤੋਂ ਕੈਨੇਡਾ ਜਾਣ ਦੀ ਚਾਹ ਰੱਖਦੇ ਵਿਦਿਆਰਥੀਆਂ ਤੇ ਕੈਨੇਡਾ ਵਿੱਚ ਰਹਿ ਰਹੇ ਕੌਮਾਂਤਰੀ ਵਿਦਿਆਰਥੀਆਂ ਉੱਤੇ ਕੀ ਅਸਰ ਪਵੇਗਾ।

ਕੈਨੇਡਾ ਕੌਮਾਂਤਰੀ ਵਿਦਿਆਰਥੀ

ਪੀਆਰ ਦਾ ਰਾਹ ਕਿਵੇਂ ਔਖਾ ਹੋਵੇਗਾ

ਕੈਨੇਡਾ ਵੱਲੋਂ ਹਰ ਸਾਲ ਦੇ ਆਖ਼ਰੀ ਮਹੀਨਿਆਂ ਵਿੱਚ ਅਗਲੇ ਤਿੰਨ ਸਾਲਾਂ ਲਈ ‘ਇਮੀਗ੍ਰੇਸ਼ਨ’ ਪਲਾਨ ਜਾਰੀ ਕੀਤੇ ਜਾਂਦੇ ਹਨ।

2023 ਵਿੱਚ ਸਾਲ 2024 ਲਈ ਟੀਚਾ 4,85,000 ਮਿੱਥਿਆ ਗਿਆ ਸੀ।

ਕੈਨੇਡਾ ਵੱਲੋਂ 24 ਅਕਤੂਬਰ ਨੂੰ ਜਾਰੀ ਕੀਤੇ ਗਏ ‘ਇਮੀਗ੍ਰੇਸ਼ਨ ਲੈਵਲ ਪਲਾਨ’ ਵਿੱਚ ਪੀਆਰ ਅੰਕੜਿਆਂ ਨੂੰ ਵੀ ਅੱਗੇ ਵੱਖ-ਵੱਖ ਸ਼੍ਰੇਣੀਆਂ ਵਿੱਚ ਵੰਡਿਆ ਗਿਆ ਹੈ।

ਇਨ੍ਹਾਂ ਸ਼੍ਰੇਣੀਆਂ ਵਿੱਚ ਕੈਨੇਡਾ ਵਿੱਚ ਰਹਿ ਰਹੇ ਅਸਥਾਈ ਵਸਨੀਕਾਂ, ਸਥਾਈ ਵਸਨੀਕਾਂ ਦੇ ਸਪਾਉਸ (ਸਾਥੀ), ਬੱਚਿਆਂ, ਮਾਪਿਆਂ ਲਈ ਵੀ ਅੰਕੜੇ ਹਨ।

ਨਵੇਂ ਅੰਕੜਿਆਂ ਮੁਤਾਬਕ ਕੈਨੇਡਾ ਵਿੱਚ ਪੀਆਰ ਲਈ ਚੁਣੇ ਜਾਣ ਵਾਲਿਆਂ ਵਿੱਚ 40 ਫ਼ੀਸਦ ਅਜਿਹੇ ਲੋਕ ਹੋਣਗੇ ਜੋ ਪਹਿਲਾਂ ਹੀ ਕੈਨੇਡਾ ਵਿੱਚ ਅਸਥਾਈ ਕਾਮਿਆਂ ਵਜੋਂ ਰਹਿ ਰਹੇ ਹਨ।

ਇਹ ਗਿਣਤੀ ‘ਇੰਨ-ਕੈਨੇਡਾ ਫੋਕਸ’ ਤਹਿਤ ਆਉਂਦੀ ਹੈ। ਇਸ ਸ਼੍ਰੇਣੀ ਦੇ ਤਹਿਤ ਸਾਲ 2025 ਵਿੱਚ 82,980 ਜਣਿਆਂ ਨੂੰ ਪੀਆਰ ਦਿੱਤੀ ਜਾਵੇਗੀ।

ਕੈਨੇਡਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਰਤਨਦੀਪ ਮੁਤਾਬਕ ਬੀਤੇ ਸਮੇਂ ਵਿੱਚ ਕੈਨੇਡਾ ਆਉਣ ਵਾਲੇ ਕੌਮਾਂਤਰੀ ਵਿਦਿਆਰਥੀਆਂ ਵਿੱਚੋਂ ਪੀਆਰ ਹਾਸਲ ਕਰਨ ਵਾਲਿਆਂ ਦੀ ਦਰ ਕਾਫੀ ਘੱਟ ਰਹੀ ਹੈ

ਓਂਟਾਰੀਓ ਵਿੱਚ ਰਹਿੰਦੇ ਇਮੀਗ੍ਰੇਸ਼ਨ ਮਾਹਰ ਰਤਨਦੀਪ ਸਿੰਘ ਕਹਿੰਦੇ ਹਨ ਕਿ ਇਸ ਨਾਲ ਕੈਨੇਡਾ ਵਿੱਚ ਰਹਿ ਰਹੇ ਅਸਥਾਈ ਕਾਮਿਆਂ ਨੂੰ ਫਾਇਦਾ ਹੋਵੇਗਾ ਅਤੇ ਉਹ ਪੀਆਰ ਹਾਸਲ ਕਰ ਸਕਣਗੇ।

ਬੀਤੇ ਕੁਝ ਮਹੀਨਿਆਂ ਤੋਂ ਕੈਨੇਡਾ ਵਿੱਚ ਰਹਿ ਰਹੇ ਕੌਮਾਂਤਰੀ ਵਿਦਿਆਰਥੀਆਂ ਤੇ ਅਸਥਾਈ ਕਾਮਿਆਂ ਵੱਲੋਂ ‘ਵਰਕ ਵੀਜ਼ਾ’ ਵਿੱਚ ਵਾਧੇ ਅਤੇ ਪੀਆਰ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ ਕੀਤੇ ਜਾ ਰਹੇ ਹਨ।

ਰਤਨਦੀਪ ਕਹਿੰਦੇ ਹਨ ਕਿ ਅਸਥਾਈ ਕਾਮੇ ਇਸ ਸ਼੍ਰੇਣੀ ਦੇ ਤਹਿਤ ਪੀਆਰ ਲਈ ਅਪਲਾਈ ਕਰ ਸਕਦੇ ਹਨ।

ਇਸ ਦੇ ਨਾਲ ਹੀ ਉਹ ਇਹ ਵੀ ਦੱਸਦੇ ਹਨ ਕਿ ਕੈਨੇਡਾ ਵੱਲੋਂ ਪੀਆਰ ਲਈ ਜਾਰੀ ਕੀਤੇ ਗਏ ਅੰਕੜਿਆਂ ਦੇ ਮੁਕਾਬਲੇ ਅਸਥਾਈ ਵਸਨੀਕਾਂ ਦੀ ਗਿਣਤੀ ਕਾਫੀ ਵੱਧ ਹੈ ਜਿਸ ਦਾ ਮਤਲਬ ਹੈ ਕਿ ਹਰੇਕ ਦੇ ਲਈ ਪੀਆਰ ਹਾਸਲ ਕਰਨਾ ਮੁਸ਼ਕਲ ਹੋਵੇਗਾ।

ਕੈਨੇਡਾ

ਭਾਰਤ ਤੋਂ ਪੀਆਰ ਲਈ ਅਪਲਾਈ ਕਰਨ ਵਾਲਿਆਂ ’ਤੇ ਕੀ ਅਸਰ ਹੋਵੇਗਾ

ਰਤਨਦੀਪ ਕਹਿੰਦੇ ਹਨ, “ਇਸ ਕਟੌਤੀ ਨਾਲ ਭਾਰਤ ਵਿੱਚ ਰਹਿ ਕੇ ਐਕਸਪ੍ਰੈੱਸ ਐਂਟਰੀ ਤਹਿਤ ਪੀਆਰ ਅਪਲਾਈ ਕਰਨ ਵਾਲੇ ਲੋਕਾਂ ਲਈ ਰਾਹ ਹੋਰ ਵੀ ਔਖਾ ਹੋ ਗਿਆ ਹੈ।”

ਉਹ ਦੱਸਦੇ ਹਨ ਕਿ ਪੀਆਰ ਲਈ ‘ਐੱਫਈਪੀ’(ਫੈੱਡਰਲ ਇਕੌਨੌਮਿਕ ਪਰਾਇਓਰਿਟੀਜ਼) ਤਹਿਤ ਕੋਟਾ ਘਟਾ ਕੇ 41,700 ਤੱਕ ਹੀ ਕਰ ਦਿੱਤਾ ਗਿਆ ਹੈ ਜੋ ਕਿ ਕਾਫੀ ਘੱਟ ਹੈ, ਇਸ ਨਾਲ ਭਾਰਤ ਰਹਿੰਦੇ ਉਮੀਦਵਾਰਾਂ ਲਈ ਮੌਕੇ ਘੱਟ ਜਾਣਗੇ।

ਰਤਨਦੀਪ ਸਿੰਘ ਦੱਸਦੇ ਹਨ ਜਦਕਿ ਫ਼ਰੈਂਚ ਕੈਟੇਗਰੀ ਦੇ ਅੰਕੜੇ ਉਵੇਂ ਹੀ ਬਰਕਰਾਰ ਹਨ ਜੋ ਕਿ ਫਰੈਂਚ ਭਾਸ਼ਾ ਜਾਣਨ ਵਾਲਿਆਂ ਲਈ ਫਾਇਦੇਮੰਦ ਹੋਣਗੇ।

ਕੌਮਾਂਤਰੀ ਵਿਦਿਆਰਥੀਆਂ ਤੇ ਕੈਨੇਡਾ ਵਿਚਲੇ ਅਸਥਾਈ ਕਾਮਿਆਂ ’ਤੇ ਕੀ ਅਸਰ ਹੋਵੇਗਾ

ਕੈਨੇਡਾ ਵਿੱਚ ਵਿਦਿਆਰਥੀਆਂ ਦਾ ਧਰਨਾ

ਤਸਵੀਰ ਸਰੋਤ, Getty Images

ਰਤਨਦੀਪ ਸਿੰਘ ਕਹਿੰਦੇ ਹਨ ਕਿ ਕੈਨੇਡਾ ਦੀ ਪਰਵਾਸ ਨੀਤੀ ’ਚ ਹੋਏ ਮੌਜੂਦਾ ਬਦਲਾਅ ਪਿਛਲੇ ਕਈ ਸਾਲਾਂ ਤੋਂ ਬਣੇ ਹਾਲਾਤ ਦਾ ਨਤੀਜਾ ਹਨ।

ਉਹ ਦੱਸਦੇ ਹਨ, “ਪਿਛਲੇ ਕੁਝ ਸਾਲਾਂ ਦੌਰਾਨ ਕੈਨੇਡਾ ਵਿੱਚ ਵੱਡੀ ਗਿਣਤੀ ਵਿੱਚ ਅਸਥਾਈ ਕਾਮੇ ਅਤੇ ਕੌਮਾਂਤਰੀ ਵਿਦਿਆਰਥੀਆਂ ਦੀ ਆਮਦ ਹੋਈ ਹੈ। ਕੈਨੇਡਾ ਵਿੱਚ ਸਿਆਸੀ ਅਤੇ ਸਮਾਜਿਕ ਪੱਧਰ ਉੱਤੇ ਵੀ ਪਰਵਾਸ ਇੱਕ ਵੱਡਾ ਮੁੱਦਾ ਬਣਿਆ ਹੋਇਆ ਹੈ ਤੇ ਅੰਕੜਿਆਂ ਵਿੱਚ ਇਹ ਕਟੌਤੀ ਇਸੇ ਦਾ ਹੀ ਨਤੀਜਾ ਹਨ।”

ਰਤਨਦੀਪ ਮੁਤਾਬਕ ਬੀਤੇ ਸਮੇਂ ਵਿੱਚ ਕੈਨੇਡਾ ਆਉਣ ਵਾਲੇ ਕੌਮਾਂਤਰੀ ਵਿਦਿਆਰਥੀਆਂ ਵਿੱਚੋਂ ਪੀਆਰ ਹਾਸਲ ਕਰਨ ਵਾਲਿਆਂ ਦੀ ਦਰ ਕਾਫੀ ਘੱਟ ਰਹੀ ਹੈ।

ਉਹ ਕਹਿੰਦੇ ਹਨ, “ਦਰਅਸਲ ਕੌਮਾਂਤਰੀ ਵਿਦਿਆਰਥੀਆਂ ਦਾ ਵਰਕ ਪਰਮਿਟ ਖ਼ਤਮ ਹੋਣ ਤੋਂ ਬਾਅਦ ਕੋਵਿਡ ਦੌਰਾਨ ਉਨ੍ਹਾਂ ਦੇ ਵਰਕ ਪਰਮਿਟ ਵਿੱਚ ਵਾਧਾ ਕੀਤਾ ਗਿਆ ਸੀ, ਪਰ ਹੁਣ ਸਰਕਾਰ ਨੇ ਵਰਕ ਪਰਮਿਟ ਵਿੱਚ ਵਾਧਾ ਕਰਨ ਤੋਂ ਨਾਂਹ ਕਰ ਦਿੱਤੀ ਹੈ।”

ਕੈਨੇਡਾ

ਰਤਨਦੀਪ ਦੱਸਦੇ ਹਨ ਕਿ ਸਕੂਲੀ ਪੜ੍ਹਾਈ ਖ਼ਤਮ ਕਰਕੇ ਕੈਨੇਡਾ ਸਿਰਫ਼ ਪੀਆਰ ਹਾਸਲ ਕਰਨ ਲਈ ਆਉਣ ਵਾਲੇ ਵਿਦਿਆਰਥੀਆਂ ਲਈ ਹਾਲਾਤ ਹੋਰ ਵੀ ਨਾਸਾਜ਼ ਹੋਣਗੇ।

ਉਹ ਕਹਿੰਦੇ ਹਨ ਕਿ ਅਜਿਹੇ ਬਹੁਤੇ ਵਿਦਿਆਰਥੀ ਅਕਸਰ ਕੰਮ ਦੇ ਤਜਰਬੇ ਅਤੇ ਲੋੜੀਂਦੇ ਹੁਨਰ ਦੀ ਘਾਟ ਕਾਰਨ ਮੁਸ਼ਕਲਾਂ ਦਾ ਸਾਹਮਣਾ ਕਰਦੇ ਹਨ।

ਬ੍ਰਿਟਿਸ਼ ਕੋਲੰਬੀਆ ਵਿੱਚ ਰਹਿੰਦੇ ਇਮੀਗ੍ਰੇਸ਼ਨ ਮਾਹਰ ਨਿਰਮਲਜੋਤ ਸਿੰਘ ਕਹਿੰਦੇ ਹਨ ਕਿ ਕੈਨੇਡਾ ਆਉਣ ਵਾਲੇ ਬਹੁਤੇ ਬੱਚੇ ਇੱਥੇ ਪੀਆਰ ਹਾਸਲ ਕਰਨ ਦਾ ਸੁਪਨਾ ਲੈ ਕੇ ਆਉਂਦੇ ਹਨ ਪਰ ਨਿਯਮਾਂ ਮੁਤਾਬਕ ਪੀਆਰ ਉਨ੍ਹਾਂ ਦਾ ਹੱਕ ਨਹੀਂ ਹੈ।

ਉਹ ਕਹਿੰਦੇ ਹਨ ਕਿ ਬੀਤੇ ਸਮੇਂ ਵਿੱਚ ਕੈਨੇਡਾ ਵਿੱਚ ਆਉਣ ਵਾਲੇ ਪਰਵਾਸੀਆਂ ਦੇ ਜੀਵਨ ਪੱਧਰ ਵਿੱਚ ਨਿਘਾਰ ਆਇਆ ਹੈ ਤੇ ਰੁਜ਼ਗਾਰ ਦੇ ਮੌਕੇ ਘਟੇ ਹਨ।

ਕੈਨੇਡਾ ਦੀ ਪਰਵਾਸ ਨੀਤੀ ’ਚ ਕੀ-ਕੀ ਬਦਲਾਅ ਹੋਏ

ਇਸ ਬਿਆਨ ਵਿੱਚ ਕਿਹਾ ਗਿਆ ਸੀ ਕਿ ਕੈਨੇਡਾ ਦਾ ਟੀਚਾ ਹੈ ਕਿ ਸਾਲ 2026 ਤੱਕ ਕੈਨੇਡਾ ਵਿੱਚ ਅਸਥਾਈ ਵਸਨੀਕਾਂ ਦੀ ਆਬਾਦੀ 6.5 ਫ਼ੀਸਦ ਤੋਂ ਘਟਾ ਕੇ 5 ਫ਼ੀਸਦ ਕਰ ਦਿੱਤੀ ਜਾਵੇਗੀ।

ਹੁਣ ਆਏ ਨਵੇਂ ਅਧਿਕਾਰਤ ਬਿਆਨ ਮੁਤਾਬਕ ਕੈਨੇਡਾ ਵਿੱਚ ਅਸਥਾਈ ਵਸਨੀਕਾਂ ਦੀ ਆਬਾਦੀ ਸਾਲ 2025 ਵਿੱਚ 4,45,901 ਘਟੇਗੀ, ਸਾਲ 2026 ’ਚ 4,45,662 ਘਟੇਗੀ ਅਤੇ ਸਾਲ 2027 ਵਿੱਚ ਇਸ ਵਿੱਚ 17,439 ਦਾ ਵਾਧਾ ਹੋਵੇਗਾ।

ਇਸੇ ਬਿਆਨ ਮੁਤਾਬਕ ਅਸਥਾਈ ਵਸਨੀਕਾਂ ਦੇ ਅੰਕੜੇ ਵਰਕ ਪਰਮਿਟ ਖ਼ਤਮ ਹੋਣ ਤੋਂ ਬਾਅਦ ਵਾਪਸੀ, ਪੀਆਰ, ਜਿਹੇ ਕਾਰਕਾਂ ਨੂੰ ਧਿਆਨ ਵਿੱਚ ਰੱਖ ਕੇ ਜੋੜੇ ਗਏ ਹਨ।

ਕੈਨੇਡਾ ਵਿੱਚ ਪਰਵਾਸ ਦਾ ਮੁੱਦਾ ਤੇ ਸਿਆਸਤ

ਪੀਅਰ ਪੋਲੀਏਵ

ਤਸਵੀਰ ਸਰੋਤ, X/Pierre Poilievre

ਇਸ ਐਲਾਨ ਮਗਰੋਂ ਕੰਜ਼ਰਵੇਟਿਵ ਪਾਰਟੀ ਦੇ ਆਗੂ ਪੀਅਰ ਪੋਲੀਏਵ ਨੇ ਕਿਹਾ, “ਅੱਜ ਦੇ ਫ਼ੈਸਲੇ ਨਾਲ ਜਸਟਿਨ ਟਰੂਡੋ ਨੇ ਆਪਣੀ ਅਸਫ਼ਲਤਾ ਕਬੂਲੀ ਹੈ।”

ਕੰਜ਼ਰਵੇਟਿਵ ਪਾਰਟੀ ਦੇ ਆਗੂ ਨੇ ਕਿਹਾ ਕਿ ਟਰੂਡੋ ਨੇ ਮੰਨਿਆ ਹੈ ਕਿ ਪਰਵਾਸ ਵਿੱਚ ਬੇਕਾਬੂ ਵਾਧਾ ਤੇ ਇਸ ਨਾਲ ਜੁੜੀਆਂ ਨੀਤੀਆਂ ਬੇਰੁਜ਼ਗਾਰੀ, ਘਰਾਂ ਦੀ ਘਾਟ ਤੇ ਸਿਹਤ ਖੇਤਰ ਵਿੱਚ ਸੰਕਟ ਲਈ ਕੁਝ ਹੱਦ ਤੱਕ ਜ਼ਿੰਮੇਵਾਰ ਹਨ।

ਇਸ ਕਟੌਤੀ ਬਾਰੇ ਐਲਾਨ ਕਰਦਿਆਂ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਪ੍ਰੈੱਸ ਕਾਨਫਰੰਸ 'ਚ ਕਿਹਾ, “ਕਈ ਕਾਰਪੋਰੇਸ਼ਨਾਂ ਨੇ ਸਾਡੇ ਅਸਥਾਈ ਫ਼ੈਸਲਿਆਂ ਦਾ ਫਾਇਦਾ ਚੁੱਕਦਿਆਂ ਵਿਦੇਸ਼ੀ ਕਾਮਿਆਂ ਦਾ ਸ਼ੋਸ਼ਣ ਕੀਤਾ ਅਤੇ ਕੈਨੇਡੀਆਈ ਲੋਕਾਂ ਨੂੰ ਵਾਜਿਬ ਤਨਖਾਹ ਉੱਤੇ ਨੌਕਰੀਆਂ ਦੇਣ ਤੋਂ ਨਾਂਹ ਕਰ ਦਿੱਤੀ।”

ਉਨ੍ਹਾਂ ਅੱਗੇ ਕਿਹਾ, “ਸੂਬਿਆਂ ਦੀ ਨਿਗਰਾਨੀ ਹੇਠ ਕਈ ਕਾਲਜ ਅਤੇ ਯੂਨੀਵਰਸਿਟੀਆਂ ਲੋੜ ਨਾਲੋਂ ਵੱਧ ਕੌਮਾਂਤਰੀ ਵਿਦਿਆਰਥੀਆਂ ਨੂੰ ਲਿਆ ਰਹੀਆਂ ਹਨ ਤੇ ਉਨ੍ਹਾਂ ਨੂੰ ਕਮਾਈ ਲਈ ਵਰਤ ਰਹੀਆਂ ਹਨ ਜੋ ਪ੍ਰਵਾਨ ਨਹੀਂ ਹੈ, ਵਪਾਰਕ ਅਦਾਰਿਆਂ ਨੂੰ ਸਸਤੀ ਵਿਦੇਸ਼ੀ ਲੇਬਰ ਉੱਤੇ ਨਿਰਭਰ ਨਹੀਂ ਰਹਿਣਾ ਚਾਹੀਦਾ।”

ਲਿਬਰਲ ਸਰਕਾਰ ਵੱਲੋਂ ਪਰਵਾਸ ਬਾਰੇ ਲਿਆ ਗਿਆ ਵੱਡਾ ਫ਼ੈਸਲਾ ਬੁੱਧਵਾਰ ਨੂੰ ਲਿਬਰਲ ਪਾਰਟੀ ਦੀ ‘ਕੌਕਸ’ ਮੀਟਿੰਗ ਵਿੱਚ ਜਸਟਿਨ ਟਰੂਡੋ ਦੇ ਹੀ ਵਿਰੁੱਧ ਉੱਠੀ ਬਗਾਵਤ ਤੋਂ ਬਾਅਦ ਆਇਆ ਹੈ।

ਜਸਟਿਨ ਟਰੂਡੋ

ਤਸਵੀਰ ਸਰੋਤ, Getty Images

ਸੀਬੀਸੀ ਦੀ ਰਿਪੋਰਟ ਦੇ ਮੁਤਾਬਕ ਕੁਝ ਲਿਬਰਲ ਪਾਰਲੀਮੈਂਟ ਮੈਂਬਰਾਂ ਵੱਲੋਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਬੁੱਧਵਾਰ ਨੂੰ ਇੱਕ ਡੈੱਡਲਾਈਨ ਦਿੱਤੀ ਗਈ ਸੀ। ਇਹ ਡੈੱਡਲਾਈਨ 28 ਅਕਤੂਬਰ ਹੈ।

ਟਰੂਡੋ ਨੂੰ ਕਿਹਾ ਗਿਆ ਹੈ ਕਿ ਉਹ ਆਉਂਦੇ ਦਿਨਾਂ ਵਿੱਚ ਦੱਸਣ ਕਿ ਉਹ ਆਗੂ ਵਜੋਂ ਬਣੇ ਰਹਿਣਾ ਚਾਹੁੰਦੇ ਹਨ ਨਹੀਂ ਤਾਂ ਉਨ੍ਹਾਂ ਨੂੰ ਕੁਝ ਨਤੀਜਿਆਂ ਦਾ ਸਾਹਮਣਾ ਕਰਨਾ ਪਵੇਗਾ।

ਵੱਖ-ਵੱਖ ਕੈਨੇਡੀਆਈ ਮੀਡੀਆ ਅਦਾਰਿਆਂ ਵਿੱਚ ਛਪੀਆਂ ਖ਼ਬਰਾਂ ਦੇ ਮੁਤਾਬਕ ਟਰੂਡੋ ਦੇ ਵਿਰੋਧੀ ਮੈਂਬਰ ਪਾਰਲੀਮੈਂਟਾਂ ਵੱਲੋਂ ਪਿਛਲੇ ਹਫਤਿਆਂ ਤੋਂ ਗੁਪਤ ਮੀਟਿੰਗਾਂ ਕੀਤੀਆਂ ਜਾ ਰਹੀਆਂ ਸਨ ਤਾਂ ਜੋ ਉਹ ਕੌਕਸ ਮੈਂਬਰਾਂ ਨੂੰ ਟਰੂਡੋ ਨੂੰ ਲੀਡਰਸ਼ਿਪ ਦੇ ਅਹੁਦੇ ਤੋਂ ਹਟਾਉਣ ਲਈ ਮਨਾ ਸਕਣ।

ਟਰੂਡੋ ਤੋਂ ਖ਼ਫਾ ਐੱਮਪੀ ਇਹ ਮੰਨਦੇ ਹਨ ਕਿ ਟਰੂਡੋ ਦੀ ਲੀਡਰਸ਼ਿਪ ਚੋਣਾਂ ਵਿੱਚ ਪਾਰਟੀ ਲਈ ਨੁਕਸਾਨਦਾਇਕ ਸਿੱਧ ਹੋ ਸਕਦੀ ਹੈ।

ਕੈਨੇਡਾ ਦੇ ਤਿੰਨ ਮੈਂਬਰ ਪਾਰਲੀਮੈਂਟ ਜਨਤਕ ਤੌਰ ਉੱਤੇ ਟਰੂਡੋ ਦੀ ਅਗਵਾਈ ਦੇ ਵਿਰੋਧ ਵਿੱਚ ਆ ਚੁੱਕੇ ਹਨ। ਹਾਲਾਂਕਿ ਕਈ ਐੱਮਪੀ ਟਰੂਡੋ ਦੇ ਸਮਰਥਨ ਵਿੱਚ ਵੀ ਆਏ।

ਲਿਬਰਲ ਪਾਰਟੀ ਦੀ ਬੁੱਧਵਾਰ ਨੂੰ ਹੋਈ ਕੌਕਸ ਮੀਟਿੰਗ ਤੋਂ ਬਾਹਰ ਆਉਣ ਮਗਰੋਂ ਜਸਟਿਨ ਟਰੂਡੋ ਨੇ ਮੀਡੀਆ ਨੂੰ ਦਿੱਤੇ ਆਪਣੇ ਬਿਆਨ ਵਿੱਚ ਕਿਹਾ ਕਿ ‘ਲਿਬਰਲ ਪਾਰਟੀ ਤਾਕਤਵਰ ਹੈ ਅਤੇ ਇਕੱਠੀ ਹੈ’।

(ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)