ਟਰੂਡੋ ਨੇ ਕੈਨੇਡਾ ’ਚ ਪਰਵਾਸੀ ਕਾਮਿਆਂ ਦੀ ਗਿਣਤੀ ਘਟਾਉਣ ਬਾਰੇ ਕੀ ਐਲਾਨ ਕੀਤਾ, ਪ੍ਰਵਾਸੀਆਂ ਬਾਰੇ ਸਰਕਾਰੀ ਅੰਕੜੇ ਕੀ ਕਹਿੰਦੇ ਹਨ

ਤਸਵੀਰ ਸਰੋਤ, Getty Images
ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਹੈ ਕਿ ਉਹ ਕੈਨੇਡਾ ਵਿੱਚ ਆਰਜ਼ੀ ਤੌਰ ʼਤੇ ਪਰਵਾਸੀ ਕਾਮਿਆਂ ਦੀ ਗਿਣਤੀ ਘੱਟ ਕਰਨਗੇ।
ਕੈਨੇਡਾ ਵਿੱਚ ਕੌਮਾਂਤਰੀ ਵਿਦਿਆਰਥੀਆਂ ਲਈ ਸਟੱਡੀ ਪਰਮਿਟ ਦੀ ਗਿਣਤੀ ਨੂੰ ਸੀਮਤ ਕਰਨ ਤੋਂ ਇੱਕ ਮਹੀਨੇ ਬਾਅਦ, ਟਰੂਡੋ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ 2025 ਤੋਂ ਸ਼ੁਰੂ ਹੋਣ ਵਾਲੇ ਇਮੀਗ੍ਰੇਸ਼ਨ ਨੰਬਰਾਂ ਵਿੱਚ ਕਟੌਤੀ ਕਰੇਗੀ ਅਤੇ ਕੰਪਨੀਆਂ ਲਈ ਸਖ਼ਤ ਨਿਯਮਾਂ ਦਾ ਐਲਾਨ ਕਰੇਗੀ।
ਉਨ੍ਹਾਂ ਨੇ ਇੱਕ ਟਵੀਟ ਕਰ ਕੇ ਇਹ ਕਿਹਾ ਹੈ, "ਅਸੀਂ ਕੈਨੇਡਾ ਵਿੱਚ ਆਰਜ਼ੀ ਤੌਰ ʼਤੇ ਕੰਮ ਕਰਨ ਵਾਲਿਆਂ ਦੀ ਗਿਣਤੀ ਘੱਟ ਕਰਾਂਗੇ।"
"ਅਸੀਂ ਕੰਪਨੀਆਂ ਲਈ ਸਖ਼ਤ ਨਿਯਮ ਲੈ ਕੇ ਆ ਰਹੇ ਹਾਂ ਕਿ ਉਹ ਪਹਿਲਾਂ ਸਾਬਤ ਕਰਨ ਕਿ ਉਹ ਸਥਾਨਕ ਕਾਮਿਆਂ ਨੂੰ ਕਿਉਂ ਨਹੀਂ ਰੱਖ ਸਕਦੀਆਂ।"

ਤਸਵੀਰ ਸਰੋਤ, @JUSTINTRUDEAU/X
ਖ਼ਬਰ ਏਜੰਸੀ ਰਾਇਟਰਜ਼ ਨੇ ਇੱਕ ਸਰਕਾਰੀ ਸਰੋਤ ਦੇ ਹਵਾਲੇ ਨਾਲ ਜਾਣਕਾਰੀ ਦਿੱਤੀ ਹੈ ਕਿ ਕੈਨੇਡਾ 2025 ਵਿੱਚ 3,95,000 ਨਵੇਂ ਸਥਾਈ ਨਿਵਾਸੀ, 2026 ਵਿੱਚ 3,80,000 ਅਤੇ 2027 ਵਿੱਚ 3,65,000 ਨਵੇਂ ਸਥਾਈ ਨਿਵਾਸੀ ਲਿਆਏਗਾ।
ਜਦਕਿ 2024 ਵਿੱਚ ਆਉਣ ਵਾਲੇ ਕਾਮਿਆਂ ਦੀ ਗਿਣਤੀ 4,85,000 ਹੈ।
ਰਾਇਟਰਜ਼ ਦੇ ਸ੍ਰੋਤ ਮੁਤਾਬਕ ਅਸਥਾਈ ਨਿਵਾਸੀਆਂ ਦੀ ਗਿਣਤੀ 2025 ਵਿੱਚ ਲਗਭਗ 30,000 ਤੋਂ 3,00,000 ਦੇ ਵਿਚਕਾਰ ਘੱਟ ਹੋ ਸਕਦੀ ਹੈ।
ਕੈਨੇਡਾ ਵਿੱਚ ਅਗਲੇ ਸਾਲ ਚੋਣਾਂ ਹਨ ਅਤੇ ਇਸ ਦੌਰਾਨ ਇਹ ਮੁੱਦਾ ਅਹਿਮ ਮੁੱਦਾ ਬਣ ਗਿਆ ਹੈ।
ਖ਼ਬਰ ਏਜੰਸੀ ਮੁਤਾਬਕ, ਕੈਨੇਡਾ ਦੀ ਆਬਾਦੀ ਦਾ ਇੱਕ ਵੱਡਾ ਹਿੱਸਾ ਇਹ ਸੋਚਦਾ ਹੈ ਕਿ ਕੈਨੇਡਾ ਵਿੱਚ ਬਹੁਤ ਸਾਰੇ ਪਰਵਾਸੀ ਹਨ।
ਵਕੀਲਾਂ ਅਤੇ ਕਮਿਊਨਿਟੀ ਮੈਂਬਰਾਂ ਦਾ ਕਹਿਣਾ ਹੈ ਕਿ ਨਵੇਂ ਆਉਣ ਵਾਲੇ ਲੋਕਾਂ ਪ੍ਰਤੀ ਨਕਾਰਾਤਮਕ ਪ੍ਰਤੀਕਿਰਿਆ ਅਤੇ ਘੱਟ ਗਿਣਤੀਆਂ ਖ਼ਿਲਾਫ਼ ਹਿੰਸਾ ਵਧੀ ਹੈ।
ਪਰਵਾਸੀ ਵਕੀਲਾਂ ਨੇ ਇਸ ਦੀ ਨਿੰਦਾ ਕੀਤੀ ਹੈ।

ਮਾਈਗਰੈਂਟਸ ਰਾਈਟਜ਼ ਨੈੱਟਵਰਕ ਸੈਕਰੇਟੈਰੀਏਟ ਦੇ ਬੁਲਾਰੇ ਸੈਯਦ ਹੁਸੈਨ ਨੇ ਇੱਕ ਬਿਆਨ ਵਿੱਚ ਕਿਹਾ ਹੈ, "ਅਸੀਂ ਕੈਨੇਡਾ ਦੇ ਇਤਿਹਾਸ ਵਿੱਚ ਪਰਵਾਸੀ ਅਧਿਕਾਰਾਂ ਦੀ ਸਭ ਤੋਂ ਭਿਆਨਕ ਉਲੰਘਣਾ ਦੇ ਗਵਾਹ ਹਾਂ।"
ਉਹਨਾਂ ਕਿਹਾ, "ਸਥਾਈ ਨਿਵਾਸੀਆਂ ਦੀ ਗਿਣਤੀ ਵਿੱਚ ਕਟੌਤੀ ਉਨ੍ਹਾਂ ਪਰਵਾਸੀਆਂ 'ਤੇ ਸਿੱਧਾ ਧਾਵਾ ਹੈ ਜੋ ਅਸਥਾਈ ਤੌਰ ʼਤੇ ਰਹਿਣ ਲਈ ਜਾਂ ਗ਼ੈਰ-ਦਸਤਾਵੇਜ਼ੀ ਬਣਨ ਲਈ ਮਜ਼ਬੂਰ ਹੋਣਗੇ, ਸ਼ੋਸ਼ਣ ਵਾਲੀਆਂ ਨੌਕਰੀਆਂ ਵਿੱਚ ਮਜ਼ਬੂਰ ਹੋਣਗੇ।"
ਨਵੇਂ ਇਮੀਗ੍ਰੇਸ਼ਨ ਟੀਚੇ ਮਹਾਂਮਾਰੀ ਦੇ ਦੌਰ ਦੀ ਇੱਕ ਤਬਦੀਲੀ ਨੂੰ ਵੀ ਦਰਸਾਉਂਦੇ ਹਨ ਜਦੋਂ ਸਰਕਾਰ ਨੇ ਮਜ਼ਦੂਰਾਂ ਦੀ ਘਾਟ ਨੂੰ ਪੂਰਾ ਕਰਨ ਲਈ ਅਸਥਾਈ ਨਿਵਾਸੀਆਂ 'ਤੇ ਨਿਯਮਾਂ ਵਿੱਚ ਢਿੱਲ ਦਿੱਤੀ ਸੀ।

ਤਸਵੀਰ ਸਰੋਤ, Getty Images
ਪਿਛਲੇ ਸਾਲ, ਕੈਨੇਡਾ ਨੇ 2025 ਵਿੱਚ 5,00,000 ਨਵੇਂ ਸਥਾਈ ਨਿਵਾਸੀ ਅਤੇ 2026 ਵਿੱਚ ਇੰਨੇ ਹੀ ਨਵੇਂ ਸਥਾਈ ਨਿਵਾਸੀ ਲੈ ਕੇ ਆਉਣ ਦੀ ਯੋਜਨਾ ਬਣਾਈ ਸੀ।
ਸਟੈਟਿਸਟਿਕਸ ਕੈਨੇਡਾ ਦੇ ਮੁਤਾਬਕ, 2024 ਦੀ ਦੂਜੀ ਤਿਮਾਹੀ ਤੱਕ, ਕਾਮਿਆਂ ਅਤੇ ਵਿਦਿਆਰਥੀਆਂ ਸਮੇਤ, ਕੈਨੇਡਾ ਵਿੱਚ 28 ਲੱਖ ਅਸਥਾਈ ਨਿਵਾਸੀ ਸਨ, ਜਿਨ੍ਹਾਂ ਵਿੱਚ ਕਾਮੇ ਅਤੇ ਵਿਦਿਆਰਥੀ ਵੀ ਸ਼ਾਮਲ ਸਨ।

ਤਸਵੀਰ ਸਰੋਤ, Getty Images
ਪਹਿਲਾਂ ਕੀਤੇ ਬਦਲਾਅ
ਹਾਲਾਂਕਿ, ਅਜਿਹਾ ਪਹਿਲੀ ਵਾਰ ਨਹੀਂ ਹੈ ਜਦੋਂ ਕੈਨੇਡਾ ਪਰਵਾਸੀਆਂ ਲਈ ਨਿਯਮਾਂ ਵਿੱਚ ਤਬਦੀਲੀਂ ਜਾਂ ਸਖ਼ਤੀ ਕਰਨ ਬਾਰੇ ਕਿਹਾ ਹੋਵੇ।
ਇਸ ਤੋਂ ਪਹਿਲਾਂ 19 ਸਤੰਬਰ ਨੂੰ ਕੈਨੇਡਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵਿਦਿਆਰਥੀ ਵੀਜ਼ੇ ਨੂੰ ਲੈ ਕੇ ਅਹਿਮ ਐਲਾਨ ਕੀਤਾ ਸੀ।
ਉਨ੍ਹਾਂ ਨੇ ਕਿਹਾ ਹੈ ਕਿ ਉਹ ਅਗਲੇ ਸਾਲ ਵਿਦੇਸ਼ੀ ਵਿਦਿਆਰਥੀਆਂ ਦੇ ਵੀਜ਼ਾ ਵਿੱਚ ਹੋਰ ਕਟੌਤੀ ਕਰਨਗੇ।
ਜਸਟਿਨ ਟਰੂਡੋ ਨੇ ਆਪਣੇ ਐਕਸ (ਪਹਿਲਾ ਟਵਿੱਟਰ) ʼਤੇ ਲਿਖਿਆ ਸੀ, "ਇਸ ਸਾਲ ਅਸੀਂ 35 ਫੀਸਦ ਘੱਟ ਕੌਮਾਂਤਰੀ ਵਿਦਿਆਰਥੀਆਂ ਨੂੰ ਪਰਮਿਟ ਦਿੱਤੇ ਹਨ। ਅਗਲੇ ਸਾਲ ਇਹ ਗਿਣਤੀ 10 ਫੀਸਦ ਹੋਰ ਘਟਾਈ ਜਾਵੇਗੀ।"
"ਇਮੀਗ੍ਰੇਸ਼ਨ ਸਾਡੇ ਅਰਥਚਾਰੇ ਲਈ ਲਾਹੇਵੰਦ ਹੈ ਪਰ ਜਦੋਂ ਬੁਰੇ ਤੱਤ ਪ੍ਰਣਾਲੀ ਦੀ ਦੁਰਵਰਤੋਂ ਕਰਨ ਅਤੇ ਵਿਦਿਆਰਥੀਆਂ ਦਾ ਫਾਇਦਾ ਚੁੱਕਣਗੇ ਤਾਂ ਅਸੀਂ ਕਾਰਵਾਈ ਕਰਾਂਗੇ।"
ਇਸ ਦੇ ਨਾਲ ਹੀ ਉਨ੍ਹਾਂ ਨੇ ਅਸਥਾਈ ਨਿਵਾਸੀਆਂ ਦੀ ਗਿਣਤੀ ਨੂੰ ਘਟਾਉਣ ਲਈ ਵਿਦੇਸ਼ੀ ਕਾਮਿਆਂ ਦੇ ਨਿਯਮਾਂ ਨੂੰ ਸਖ਼ਤ ਕਰਨ ਬਾਰੇ ਵੀ ਐਲਾਨ ਕੀਤਾ ਸੀ।
ਉਨ੍ਹਾਂ ਨੇ ਕਿਹਾ ਸੀ, "ਅਸੀਂ ਘੱਟ ਤਨਖਾਹ ਵਾਲੇ, ਅਸਥਾਈ ਵਿਦੇਸ਼ੀ ਕਾਮਿਆਂ ਦੀ ਗਿਣਤੀ ਨੂੰ ਘਟਾ ਰਹੇ ਹਾਂ ਅਤੇ ਉਨ੍ਹਾਂ ਦੇ ਕੰਮ ਦੀਆਂ ਸ਼ਰਤਾਂ ਦੀ ਮਿਆਦ ਨੂੰ ਘਟਾ ਰਹੇ ਹਾਂ।"

ਜੀਆਈਸੀ ਵਿੱਚ ਵਾਧਾ

ਤਸਵੀਰ ਸਰੋਤ, Getty Images
ਜੀਆਈਸੀ 10,000 ਡਾਲਰ ਤੋਂ ਵਧਾ ਕੇ 20,635 ਡਾਲਰ ਕਰ ਦਿੱਤੀ ਗਈ ਸੀ।
ਸਟੱਡੀ ਵੀਜ਼ੇ ਉੱਤੇ ਕੈਨੇਡਾ ਜਾਣ ਵਾਲੇ ਵਿਦਿਆਰਥੀਆਂ ਤੋਂ ਉੱਥੇ ਰਹਿਣ ਲਈ ਜੋ ਲਾਗਤ ਲਈ ਜਾਂਦੀ ਹੈ, ਉਸ ਨੂੰ ਜੀਆਈਸੀ ਕਿਹਾ ਜਾਂਦਾ ਹੈ। ਜੀਆਈਸੀ ਸਬੰਧੀ ਨਵੇਂ ਨਿਯਮ 1 ਜਨਵਰੀ 2024 ਤੋਂ ਲਾਗੂ ਹੋ ਗਏ ਹਨ।
ਜੀਆਈਸੀ ਦੇ ਨਾਂ ਤਹਿਤ ਜਮ੍ਹਾ ਹੋਣ ਵਾਲੀ ਰਕਮ ਇਸ ਗੱਲ ਦਾ ਸਬੂਤ ਦੇਣ ਲਈ ਹੁੰਦੀ ਹੈ ਕਿ ਵਿਦਿਆਰਥੀ ਕੋਲ ਕੈਨੇਡਾ ਜਾ ਕੇ ਆਪਣੇ ਰਹਿਣ-ਸਹਿਣ ਦਾ ਖ਼ਰਚਾ ਕਰਨ ਲਈ ਲੋੜੀਂਦੀ ਰਕਮ ਹੈ।
ਇਸ ਵਿੱਚ ਟਿਊਸ਼ਨ ਫ਼ੀਸ ਸ਼ਾਮਲ ਹੁੰਦੀ ਹੈ, ਇਹ ਵਿਦਿਆਰਥੀਆਂ ਨੂੰ ਕਿਸ਼ਤਾਂ ਵਿੱਚ ਮੋੜੀ ਜਾਂਦੀ ਹੈ।

ਤਸਵੀਰ ਸਰੋਤ, Getty Images
ਸਪਾਊਸ ਵੀਜ਼ਾ ਵਿੱਚ ਬਦਲਾਅ
ਇਸੇ ਤਰ੍ਹਾਂ ਕੈਨੇਡਾ ਨੇ ਕਿਹਾ ਹੈ ਕਿ ਉਹ ਹੁਣ ਸਿਰਫ਼ ਉਨ੍ਹਾਂ ਕੌਮਾਂਤਰੀ ਵਿਦਿਆਰਥੀਆਂ ਦੇ ਪਤੀ ਜਾਂ ਪਤਨੀ ਨੂੰ ਹੀ ਵੀਜ਼ਾ ਦੇਵੇਗਾ ਜਿਹੜੇ ਉੱਥੇ ਮਾਸਟਰਜ਼ ਜਾਂ ਡਾਕਟਰੇਟ ਪੱਧਰ ਦੀ ਪੜ੍ਹਾਈ ਕਰਨ ਜਾ ਰਹੇ ਹਨ।
ਹੇਠਲੇ ਪੱਧਰ ਦੇ ਕੋਰਸ ਕਰ ਰਹੇ ਵਿਦਿਆਰਥੀ ਸਪਾਊਸ ਵੀਜ਼ੇ ਉੱਪਰ ਆਪਣੇ ਪਤੀ ਜਾਂ ਪਤਨੀ ਨੂੰ ਕੈਨੇਡਾ ਨਹੀਂ ਬੁਲਾ ਸਕਣਗੇ। ਜਦਕਿ ਪਹਿਲਾਂ ਡਿਪਲੋਮਾ ਕੋਰਸ ਕਰਨ ਵਾਲੇ ਕੌਮਾਂਤਰੀ ਵਿਦਿਆਰਥੀ ਵੀ ਆਪਣੇ ਪਤੀ- ਪਤਨੀ ਨੂੰ ਆਪਣੇ ਕੋਲ ਬੁਲਾ ਸਕਦੇ ਸਨ।
ਸਪਾਊਸ ਵੀਜ਼ਾ ਇੱਕ ਤਰਾਂ ਦਾ ਡਿਪੈਂਡੇਂਟ ਵੀਜ਼ਾ ਹੈ। ਇਸ ਵੀਜ਼ੇ ਦਾ ਇਸਤੇਮਾਲ ਵਿਦੇਸ਼ਾਂ ਵਿੱਚ ਰਹਿੰਦੇ ਲੋਕ ਆਪਣੇ ਪਰਿਵਾਰ ਨੂੰ ਨਾਲ ਰੱਖਣ ਲਈ ਕੀਤਾ ਜਾਂਦਾ ਹੈ।

ਤਸਵੀਰ ਸਰੋਤ, Getty Images
ਕੰਮ ਕਰਨ ਦੇ ਘੰਟਿਆਂ ਵਿੱਚ ਕਟੌਤੀ
ਇਸੇ ਸਾਲ ਕੈਨੇਡਾ ਨੇ ਕੌਮਾਂਤਰੀ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਕੰਮ ਕਰਨ ਦੀ ਇਜ਼ਾਜਤ ਦਿੰਦੇ ਘੰਟਿਆਂ ਵਿੱਚ ਵੀ ਕਟੌਤੀ ਕੀਤੀ ਹੈ।
ਕੈਨੇਡਾ ਸਰਕਾਰ ਦੇ ਮੌਜੂਦਾ ਫ਼ੈਸਲੇ ਮੁਤਾਬਕ ਵਿਦਿਆਰਥੀਆਂ ਨੂੰ ਹਫ਼ਤੇ ਵਿੱਚ 24 ਘੰਟੇ ਤੱਕ ਕੰਮ ਕਰਨ ਦੀ ਇਜਾਜ਼ਤ ਹੈ।
ਸਰਕਾਰ ਨੇ ਇਹ ਯਕੀਨੀ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਕੌਮਾਂਤਰੀ ਵਿਦਿਆਰਥੀ ਮੁੱਖ ਤੌਰ 'ਤੇ ਆਪਣਾ ਧਿਆਨ ਪੜ੍ਹਾਈ 'ਤੇ ਕੇਂਦਰਿਤ ਕਰਨ ਅਤੇ ਲੋੜ ਪੈਣ ਉੱਤੇ ਹੀ ਕੰਮ ਕਰਨ ਦੇ ਬਦਲ ਉੱਤੇ ਜਾਣ।
ਯਾਦ ਰਹੇ ਕਿ ਕੈਨੇਡਾ ਸਰਕਾਰ ਨੇ ਪਹਿਲਾਂ ਪੜ੍ਹਾਈ ਦੌਰਾਨ ਵਿਦਿਆਰਥੀਆਂ ਨੂੰ ਦਿਨ ਦੇ 8 ਘੰਟੇ ਤੱਕ ਕੰਮ ਕਰਨ ਦੀ ਆਗਿਆ ਦੇ ਦਿੱਤੀ ਸੀ ਅਤੇ ਇਹ ਨਿਯਮ 31 ਦਸੰਬਰ 2023 ਤੱਕ ਸੀ।
ਸਭ ਤੋਂ ਵੱਧ ਕਿੱਥੇ ਜਾਂਦੇ ਹਨ ਭਾਰਤੀ ਵਿਦਿਆਰਥੀ
ਹਰ ਸਾਲ ਵੱਡੀ ਗਿਣਤੀ ਵਿੱਚ ਭਾਰਤੀ ਵਿਦਿਆਰਥੀ ਪੜ੍ਹਾਈ ਲਈ ਵਿਦੇਸ਼ ਜਾਂਦੇ ਹਨ। ਭਾਰਤੀ ਵਿਦੇਸ਼ ਮੰਤਰਾਲੇ ਦੇ ਇੱਕ ਬਿਆਨ ਮੁਤਾਬਕ ਭਾਰਤ ਤੋਂ ਸਭ ਤੋਂ ਜ਼ਿਆਦਾ ਵਿਦਿਆਰਥੀ ਕੈਨੇਡਾ ਪੜ੍ਹਨ ਜਾਂਦੇ ਹਨ।
ਅਜਿਹੇ 'ਚ ਕੈਨੇਡਾ ਸਰਕਾਰ ਦਾ ਇਹ ਫ਼ੈਸਲਾ ਉਨ੍ਹਾਂ ਵਿਦਿਆਰਥੀਆਂ ਲਈ ਹੋਰ ਮੁਸ਼ਕਿਲਾਂ ਪੈਦਾ ਕਰ ਸਕਦਾ ਹੈ।
ਵਿਦੇਸ਼ ਮੰਤਰਾਲੇ ਵੱਲੋਂ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਕ ਸਾਲ 2024 ਵਿੱਚ ਕੈਨੇਡਾ ਜਾਣ ਵਾਲੇ ਵਿਦਿਆਰਥੀਆਂ ਦੀ ਗਿਣਤੀ 4,27,000 ਹੈ।
ਦੂਜੇ ਨੰਬਰ ’ਤੇ ਆਉਂਦਾ ਹੈ ਅਮਰੀਕਾ ਜਿੱਥੇ ਇਸ ਸਾਲ 3,37,630 ਵਿਦਿਆਰਥੀ ਉਚੇਰੀ ਸਿੱਖਿਆ ਲਈ ਗਏ ਹਨ। ਤੀਜੇ ਨੰਬਰ ’ਤੇ ਆਉਂਦਾ ਹੈ ਯੂਕੇ, ਜਿੱਥੇ 1,85,000 ਵਿਦਿਆਰਥੀ ਪੜ੍ਹਣ ਲਈ ਗਏ ਹਨ। ਚੌਥੇ ਨੰਬਰ ’ਤੇ 1,22,202 ਵਿਦਿਆਰਥੀਆਂ ਨਾਲ ਆਸਟ੍ਰੇਲੀਆ ਹੈ ਅਤੇ ਪੰਜਵੇ ਨੰਬਰ ’ਤੇ ਜਰਮਨੀ ਹੈ ਜਿੱਥੇ 42,997 ਵਿਦਿਆਰਥੀ ਗਏ ਸਨ।
ਰਾਜ ਸਭਾ ਵਿੱਚ ਜਾਰੀ ਕੀਤੇ ਗਏ ਇਨ੍ਹਾਂ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਸਾਲ 2019 ਵਿੱਚ 6,75,541 ਵਿਦਿਆਰਥੀ ਵਿਦੇਸ਼ਾਂ ਵਿੱਚ ਪੜ੍ਹਣ ਲਈ ਗਏ ਸਨ ਜਦੋਂ ਕਿ 2024 ਵਿੱਚ 13,35,878 ਵਿਦਿਆਰਥੀ ਹੋਰ ਦੇਸ਼ਾਂ ਪੜ੍ਹਾਈ ਲਈ ਗਏ ਹੈ। ਯਾਨਿ ਤਕਰੀਬਨ ਦੁੱਗਣਾ ਵਾਧਾ ਹੋਇਆ ਹੈ।
ਹਾਲਾਂਕਿ ਮੰਤਰਾਲੇ ਕੋਲ ਸੂਬੇ ਦੇ ਆਧਾਰ 'ਤੇ ਕੋਈ ਡਾਟਾ ਨਹੀਂ ਹੈ ਕਿ ਕਿਸ ਸੂਬੇ ਤੋਂ ਕਿੰਨੇ ਨੌਜਵਾਨ ਪੜ੍ਹਾਈ ਲਈ ਬਾਹਰੇ ਮੁਲਕਾਂ ਵਿੱਚ ਗਏ ਹਨ।
ਕੌਮਾਂਤਰੀ ਵਿਦਿਆਰਥੀਆਂ ਨੂੰ ਔਸਤ ਕੈਨੇਡੀਅਨ ਵਿਦਿਆਰਥੀ ਨਾਲੋਂ ਤਿੰਨ ਗੁਣਾ ਵੱਧ ਫੀਸ ਅਦਾ ਕਰਨੀ ਪੈਂਦੀ ਹੈ।
ਕੈਨੇਡਾ ਸਰਕਾਰ ਦੀ 2022 ਦੀ ਰਿਪੋਰਟ ਅਨੁਸਾਰ ਕੌਮਾਂਤਰੀ ਵਿਦਿਆਰਥੀਆਂ ਨੇ ਇੱਥੋਂ ਦੀ ਆਰਥਿਕਤਾ ਵਿੱਚ 22 ਅਰਬ ਕੈਨੇਡੀਅਨ ਡਾਲਰ ਦਾ ਯੋਗਦਾਨ ਪਾਇਆ ਹੈ। ਇਸ ਤੋਂ ਇਲਾਵਾ ਲਗਭਗ 2.2 ਲੱਖ ਨਵੀਆਂ ਨੌਕਰੀਆਂ ਪੈਦਾ ਕੀਤੀਆਂ ਹਨ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












