ਭਾਰਤ ਕੈਨੇਡਾ ਤਣਾਅ: ਸੰਜੇ ਵਰਮਾ ਬੋਲੇ, 'ਟਰੂਡੋ ਕਰਕੇ ਦੋਹਾਂ ਦੇਸ਼ਾਂ ਵਿਚਾਲੇ ਸਬੰਧ ਇਸ ਕਗਾਰ 'ਤੇ ਪੁੱਜੇ'

ਤਸਵੀਰ ਸਰੋਤ, @HCI_OTTAWA
ਕੈਨੇਡਾ ਵਿੱਚ ਰਹੇ ਭਾਰਤ ਹਾਈ ਕਮਿਸ਼ਨਰ ਸੰਜੇ ਵਰਮਾ ਨੇ ਇੱਕ ਵਾਰ ਫਿਰ ਦੁਹਰਾਇਆ ਕਿ ਕੈਨੇਡਾ ਨੇ ਕੋਈ ਵੀ ਅਜਿਹਾ ਸਬੂਤ ਪੇਸ਼ ਨਹੀਂ ਕੀਤਾ ਜਿਸ ਨਾਲ ਇਸ (ਨਿੱਝਰ ਕਤਲ ਕੇਸ) ਮਾਮਲੇ ਵਿੱਚ ਕੋਈ ਕਾਰਵਾਈ ਹੋ ਸਕੇ।
ਸੰਜੇ ਵਰਮਾ ਨੇ ਕਿਹਾ, "ਸਾਡੇ ਦੇਸ਼ ਵਿੱਚ ਕਾਨੂੰਨ ਦਾ ਪਾਲਣ ਹੁੰਦਾ ਹੈ ਅਤੇ ਕੈਨੇਡਾ ਵਿੱਚ ਵੀ ਅਜਿਹਾ ਹੀ ਹੁੰਦਾ ਹੈ, ਇਸ ਲਈ ਕੋਈ ਵੀ ਅਜਿਹੀ ਚੀਜ਼ ਜੋ ਕੈਨੇਡਾ ਦੀ ਅਦਾਲਤ ਵਿੱਚ ਸਵੀਕਾਰੀ ਜਾਂਦੀ, ਉਸ ਨੂੰ ਭਾਰਤੀ ਕੋਰਟ ਵੀ ਸਵੀਕਾਰ ਕਰਦੀ ਹੈ, ਇਸ ਲਈ ਉਹ ਸਬੂਤ ਇੱਥੇ ਵੀ ਕੰਮ ਕਰਦੇ।"
"ਪਰ ਬਦਕਿਸਮਤੀ ਨਾਲ ਸਾਨੂੰ ਕਿਸੇ ਕੈਨੇਡਾ ਦੇ ਅਧਿਕਾਰੀ ਕੋਲੋਂ ਅਜਿਹਾ ਕੁਝ ਨਹੀਂ ਮਿਲਿਆ ਜੋ ਸਾਨੂੰ ਕਿਸੇ ਮੁਕਾਮ ਤੱਕ ਲੈ ਕੇ ਜਾਂਦਾ।"
ਸੰਜੇ ਵਰਮਾ ਨੇ ਕੈਨੇਡਾ ਦੇ ਇੱਕ ਚੈਨਲ ਸੀਟੀਵੀ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਕੀਤਾ ਹੈ।

ਦਰਅਸਲ, ਪਿਛਲੇ ਸਾਲ ਜੂਨ ਵਿੱਚ ਸਿੱਖ ਵੱਖਵਾਦੀ ਆਗੂ ਹਰਦੀਪ ਸਿੰਘ ਨਿੱਝਰ ਦੇ ਕਤਲ ਤੋਂ ਬਾਅਦ ਕੈਨੇਡਾ ਅਤੇ ਭਾਰਤ ਵਿਚਾਲੇ ਤਲਖ਼ੀ ਕਾਫੀ ਵਧ ਗਈ ਹੈ।
ਕੈਨੇਡਾ ਵਿੱਚ 8 ਜੂਨ 2023 ਨੂੰ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਵਿੱਚ ਇੱਕ ਗੁਰਦੁਆਰੇ ਦੇ ਬਾਹਰ ਨਕਾਬਪੋਸ਼ ਬੰਦੂਕਧਾਰੀਆਂ ਨੇ ਖ਼ਾਲਿਸਤਾਨ ਸਮਰਥਕ ਹਰਦੀਪ ਸਿੰਘ ਨਿੱਝਰ ਦਾ ਕਤਲ ਕਰ ਦਿੱਤਾ ਸੀ।
ਹਾਲ ਵੀ ਵਿੱਚ ਵਧੀ ਤਲਖ਼ੀ ਦੌਰਾਨ ਦੋਵਾਂ ਮੁਲਕਾਂ ਨੇ ਇੱਕ ਦੂਜੇ ਦੇ ਕੂਟਨੀਤਕਾਂ ਨੂੰ ਆਪਣੇ-ਆਪਣੇ ਵਤਨ ਪਰਤਣ ਲਈ ਕਹਿ ਦਿੱਤਾ ਹੈ।
ਹਾਲਾਂਕਿ, ਭਾਰਤ ਦਾ ਕਹਿਣਾ ਹੈ ਉਸ ਨੇ ਸੰਜੇ ਵਰਮਾ ਸਣੇ 6 ਹੋਰ ਕੂਟਨੀਤਕਾਂ ਨੂੰ ਸੁਰੱਖਿਆ ਦੇ ਲਿਹਾਜ਼ ਨਾਲ ਪਹਿਲਾਂ ਹੀ ਵਾਪਸ ਬੁਲਾ ਲਿਆ ਸੀ।
ਕੈਨੇਡਾ ਵੱਲੋਂ ਹਾਲ ਹੀ ਵਿੱਚ ਦਿੱਤੇ ਗਏ ਬਿਆਨਾਂ ਵਿੱਚ ਕੈਨੇਡਾ ਨੇ ਨਿੱਝਰ ਕਤਲ ਕਾਂਡ ਨਾਲ ਭਾਰਤੀ ਹਾਈ ਕਮਿਸ਼ਨਰ ਸੰਜੇ ਵਰਮਾ ਅਤੇ ਹੋਰ ਕੂਟਨੀਤਕਾਂ ਦੇ ਨਾਂ ਵੀ ਜੋੜ ਦਿੱਤੇ ਹਨ।

ਸੰਜੇ ਵਰਮਾ ਨੇ ਹੋਰ ਕੀ ਕਿਹਾ
ਸੰਜੇ ਵਰਮਾ ਨੇ ਅੱਗੇ ਗੱਲਬਾਤ ਕਰਦਿਆਂ ਕਿਹਾ, "ਅਸੀਂ ਸਬੂਤ ਚਾਹੁੰਦੇ ਸੀ ਤਾਂ ਜੋ ਅਸੀਂ ਕੈਨੇਡਾ ਹਮਰੁਤਬਾ ਲੋਕਾਂ ਨਾਲ ਗੱਲਬਾਤ ਕਰ ਸਕਦੇ ਪਰ ਬਦਕਿਸਮਤੀ ਸਾਡੇ ਨਾਲ ਕੋਈ ਵੀ ਅਜਿਹਾ ਸਬੂਤ ਸਾਂਝਾ ਨਹੀਂ ਕੀਤਾ ਗਿਆ, ਜੋ ਕਾਨੂੰਨੀ ਤੌਰ ʼਤੇ ਸਵੀਕਾਰ ਕੀਤਾ ਜਾ ਸਕਦਾ।"
"ਸਭ ਤੋਂ ਪਹਿਲਾਂ ਤਾਂ ਮੈਂ ਸਪੱਸ਼ਟ ਕਰ ਦਿਆਂ ਕਿ ਮੈਂ ਭਾਰਤ ਦਾ ਹਾਈ ਕਮਿਸ਼ਨਰ ਹੁੰਦੇ ਹੋਏ ਅਜਿਹਾ ਕੁਝ ਵੀ ਨਹੀਂ ਕੀਤਾ। ਦੂਜਾ, ਮੇਰੇ ਸਹਿਯੋਗੀ ਕੈਨੇਡਾ ਦੀ ਧਰਤੀ ʼਤੇ ਖ਼ਾਲਿਸਤਾਨੀ ਤੱਤਾਂ ਬਾਰੇ ਜਾਣਨਾ ਚਾਹੁੰਦੇ ਹਨ ਕਿਉਂ ਕਿ ਇਹ ਸਾਡਾ ਕੌਮੀ ਮੁੱਦਾ ਹੈ। ਇਹ ਸਾਡਾ ਕੈਨੇਡਾ ਦੇ ਨਾਲ ਮੁੱਖ ਚਿੰਤਾ ਦਾ ਵਿਸ਼ਾ ਵੀ ਹੈ।"
ਇੰਟਰਵਿਊ ਵਿੱਚ ਪੁੱਛੇ ਗਏ ਸਵਾਲ ਕਿ ਕੈਨੇਡਾ ਦੇ ਕੁਝ ਅਧਿਕਾਰੀ ਭਾਰਤ ਸਬੂਤ ਲੈ ਕੇ ਆਉਣਾ ਚਾਹੁੰਦੇ ਸਨ, ਪਰ ਭਾਰਤ ਨੇ ਇਸ ਨੂੰ ਖਾਰਜ ਕੀਤਾ, ਇਸ ਦੇ ਜਵਾਬ ਵਿੱਚ ਸੰਜੇ ਵਰਮਾ ਨੇ ਕਿਹਾ, "ਉਹ 8 ਅਕਤੂਬਰ ਨੂੰ ਭਾਰਤ ਆਉਣਾ ਚਾਹੁੰਦੇ ਸਨ ਅਤੇ ਉਸੇ ਦਿਨ ਹੀ ਸਾਰੇ ਵੀਜ਼ਾ ਅਰਜ਼ੀ ਫਾਰਮ ਮੁਹੱਈਆ ਕਰਵਾ ਦਿੱਤੇ ਗਏ ਸੀ।"

ਵਰਮਾ ਨੇ ਅੱਗੇ ਕਿਹਾ, "ਕਿਸੇ ਵੀ ਵਫ਼ਦ ਲਈ ਵੀਜ਼ਾ ਲੋੜੀਂਦਾ ਹੁੰਦਾ ਹੈ। ਕਿਸੇ ਵੀ ਸਰਕਾਰੀ ਵਫ਼ਦ ਨੂੰ ਕਿਸੇ ਹੋਰ ਦੇਸ਼ ਦੀ ਯਾਤਰਾ ਕਰਨ ਲਈ ਏਜੰਡੇ ਦੀ ਲੋੜ ਹੁੰਦੀ ਹੈ। ਇੱਥੇ ਕੋਈ ਏਜੰਡਾ ਨਹੀਂ ਸੀ ਅਤੇ ਇਹ ਤਕਨੀਕੀ ਗੜਬੜੀ ਸੀ।"
"ਸਾਡੇ ਨਾਲ ਕੋਈ ਏਜੰਡਾ ਸਾਂਝਾ ਨਹੀਂ ਕੀਤਾ ਗਿਆ ਸੀ ਕਿ ਉਹ ਕਿਸ ਬਾਰੇ ਗੱਲਬਾਤ ਲਈ ਆ ਰਹੇ ਹਨ। ਏਜੰਡਾ ਆਖ਼ਰੀ ਮਿੰਟ 'ਤੇ ਸਾਂਝਾ ਕੀਤਾ ਗਿਆ ਸੀ, ਮੇਰੇ ਖ਼ਿਆਲ ਨਾਲ, ਫਲਾਈਟ ਉੱਡਣ ਮਗਰੋਂ।"
ਉਨ੍ਹਾਂ ਨੇ ਅੱਗੇ ਕਿਹਾ, "ਮੈਨੂੰ ਲੱਗਦਾ ਹੈ ਇਹ ਉਨ੍ਹਾਂ ਦੀ ਯੋਜਨਾ ਪਹਿਲਾਂ ਤੋਂ ਘੜੀ ਹੋਈ ਸੀ ਕਿਉਂਕਿ ਉਨ੍ਹਾਂ ਨੂੰ ਪਤਾ ਸੀ ਕਿ ਅੱਧੇ ਘੰਟੇ ਵਿੱਚ ਵੀਜ਼ਾ ਨਹੀਂ ਦਿੱਤਾ ਜਾ ਸਕਦਾ। ਮੈਨੂੰ ਲੱਗਦਾ ਹੈ ਇਹ ਪੂਰੀ ਤਰ੍ਹਾਂ ਨਾਲ ਸਿਆਸਤ ਨਾਲ ਪ੍ਰੇਰਿਤ ਹੈ।"
"ਅਸੀਂ ਕਰੀਬ ਪਿਛਲੇ ਇੱਕ ਸਾਲ ਤੋਂ ਸਬੂਤਾਂ ਦੀ ਮੰਗ ਕਰ ਰਹੇ ਹਾਂ। ਉਦੋਂ ਤੋਂ ਤਾਂ ਕੋਈ ਵੀ ਕਾਰਵਾਈ ਨਹੀਂ ਹੋਈ ਤੇ ਹੁਣ ਅਜਿਹੀ ਕਾਰਵਾਈ ਕਿਉ? ਸਾਨੂੰ ਜਾਣਕਾਰੀ ਤਾਂ ਦਿਓ ਕਿ ਤੁਸੀਂ ਆਉਣਾ ਚਾਹੁੰਦੇ ਹੋ, ਤੁਸੀਂ ਕਿਸ ਨੂੰ ਮਿਲਣਾ ਹੈ, ਸਾਨੂੰ ਕਿਵੇਂ ਪਤਾ ਲੱਗੇਗਾ।"

ਤਸਵੀਰ ਸਰੋਤ, @HCI_OTTAWA/bbc
ʻਇਲਜ਼ਾਮ ਸਿਆਸਤ ਤੋਂ ਪ੍ਰੇਰਿਤ ਹਨʼ
ਵਰਮਾ ਨੇ ਆਪਣੀ ਗੱਲਬਾਤ ਵਿੱਚ ਦੋਵਾਂ ਦੇਸ਼ਾਂ ਵਿਚਾਲੇ ਦੁਵੱਲੇ ਸਬੰਧਾਂ ਨੂੰ ਵਿਗਾੜਨ ਦਾ ਇਲਜ਼ਾਮ ਪ੍ਰਧਾਨ ਮੰਤਰੀ ਟਰੂਡੋ ʼਤੇ ਲਗਾਇਆ ਹੈ ਅਤੇ ਉਨ੍ਹਾਂ ਨੇ ਕਿਹਾ ਹੈ ਕਿ ਉਨ੍ਹਾਂ (ਟਰੂਡੋ) ਨੇ ਮੰਨਿਆ ਹੈ ਕਿ ਕੋਈ ਪੱਕੇ ਸਬੂਤ ਨਹੀਂ ਹਨ।
ਉਨ੍ਹਾਂ ਨੇ ਜ਼ੋਰ ਦੇ ਕੇ ਇਸ ਗੱਲ ਦਾ ਵਾਰ-ਵਾਰ ਖੰਡਨ ਕੀਤਾ ਕਿ ਉਨ੍ਹਾਂ ਦਾ ʻਖ਼ਾਲਿਸਤਾਨੀ ਸਮਰੱਥਕʼ ਦੇ ਕਤਲ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।
ਉਨ੍ਹਾਂ ਨੇ ਆਪਣੇ ਉੱਤੇ ਲੱਗੇ ਇਲਜ਼ਾਮਾਂ ਦਾ ਪੂਰੀ ਤਰ੍ਹਾਂ ਖੰਡਨ ਕੀਤਾ ਅਤੇ ਕਿਹਾ ਕਿ ਇਸ ਬਾਰੇ ਕੋਈ ਸਬੂਤ ਨਹੀਂ ਹੈ।
ਉਨ੍ਹਾਂ ਨੇ ਕਿਹਾ, "ਵੈਸੇ ਤਾਂ ਮੈਂ ਕੁਝ ਵੀ ਅਜਿਹਾ ਨਹੀਂ ਕੀਤਾ ਜੇਕਰ ਉਨ੍ਹਾਂ ਨੂੰ ਲੱਗਦਾ ਹੈ ਤਾਂ ਕੁਝ ਤਾਂ ਸਬੂਤ ਦੇਣ। ਜੇਕਰ ਮੈਨੂੰ ਉਹ ਪੁੱਛਗਿੱਛ ਲਈ ਸੱਦਣਾ ਚਾਹੁੰਦੇ ਹਨ ਤਾਂ ਮੈਨੂੰ ਜਾਣਕਾਰੀ ਹੋਣੀ ਚਾਹੀਦੀ ਹੈ ਕਿ ਇਹ ਕਿਸ ਬਾਰੇ ਹੈ।"
ਮੇਲਿਨਾ ਜੌਲੀ ਵੱਲੋਂ ਲਗਾਏ ਇਲਜ਼ਾਮਾਂ ਬਾਰੇ ਵਰਮਾ ਨੇ ਕਿਹਾ, "ਉਨ੍ਹਾਂ ਦੇ ਬਿਆਨ ਸਿਆਸਤ ਤੋਂ ਪ੍ਰੇਰਿਤ ਸਨ ਅਤੇ ਉਨ੍ਹਾਂ ਦੇ ਹੱਥ ਵਿੱਚ ਕੁਝ ਵੀ ਨਹੀਂ ਹੈ, ਜੇਕਰ ਕੋਈ ਸਬੂਤ ਹਨ ਤਾਂ ਪੇਸ਼ ਕਰਨ। ਮੈਨੂੰ ਇਹ ਤੱਕ ਨਹੀਂ ਦੱਸਿਆ ਕਿ ਮੈਂ ʻਪਰਸਨ ਆਫ ਇੰਟਰਸਟʼ ਕਿਵੇਂ ਹਾਂ।"

ਦਰਅਸਲ, ਕੈਨੇਡਾ ਦੀ ਵਿਦੇਸ਼ ਮੰਤਰੀ ਮੇਲਿਨਾ ਜੌਲੀ ਨੇ ਕਿਹਾ ਕਿ ਨਿੱਝਰ ਕਤਲ ਦੀ ਜਾਂਚ ਵਿੱਚ ਭਾਰਤੀ ਹਾਈ ਕਮਿਸ਼ਨਰ ਨੂੰ ʻਪਰਸਨ ਆਫ ਇੰਟਰਸਟʼ ਵਜੋਂ ਨਾਮਜ਼ਦ ਕੀਤੇ ਜਾਣ ਮਗਰੋਂ, ਕੈਨੇਡਾ ਵਿੱਚ ਬਚੇ ਹੋਏ ਭਾਰਤੀ ਕੂਟਨੀਤਕ ਸਪੱਸ਼ਟ ਤੌਰ ʼਤੇ ਨੋਟਿਸ ʼਤੇ ਹਨ।
ਉਨ੍ਹਾਂ ਨੇ ਕਿਹਾ, "ਮੈਂ ਕਿਸੇ ਵੀ ਕਤਲ ਵਾਂਗ ਇਸ ਦੀ ਨਿੰਦਾ ਕਰਦਾ ਹਾਂ ਅਤੇ ਤਾਂ ਹੀ ਕਹਿ ਰਹੇ ਹਾਂ ਕਿ ਮਾਮਲੇ ਦੀ ਤਹਿ ਤੱਕ ਜਾਈਏ। ਇਸ ਲਈ ਤੁਹਾਨੂੰ (ਕੈਨੇਡਾ) ਅਤੇ ਸਾਨੂੰ (ਭਾਰਤ) ਸਬੂਤ ਸਾਂਝੇ ਕਰਨੇ ਪੈਣਗੇ।"
"ਅਸੀਂ ਕੈਨੇਡਾ 26 ਹਵਾਲਗੀ ਦੇ ਡੋਜ਼ੀਅਰ ਭੇਜੇ ਹਨ, ਉਨ੍ਹਾਂ ਦਾ ਕੀ ਬਣਿਆ। ਸਾਡਾ ਦੇਸ਼ ਇੱਕ ਵੱਡਾ ਲੋਕਤਾਂਤਰਿਕ ਦੇਸ਼ ਹੈ ਅਤੇ ਇਸ ਲਈ ਕਿਸੇ ਵੀ ਦੇਸ਼ ਵਿੱਚ, ਕਿਸੇ ਵੀ ਤਰ੍ਹਾਂ ਦੇ ਗ਼ੈਰ-ਨਿਆਂਇਕ ਕਤਲ ਨਾ ਕਰਨ ਲਈ ਵਚਨਬੱਧ ਹੈ।"
ਵਰਮਾ ਨੇ ਕਿਹਾ ਕੈਨੇਡਾ ਭਾਰਤ ਦਾ ਦੋਸਤ ਰਿਹਾ ਹੈ ਅਤੇ ਅੱਗੇ ਵੀ ਰਹੇਗਾ ਪਰ "ਕੈਨੇਡਾ ਦੀ ਮੌਜੂਦਾ ਸਰਕਾਰ ਨੂੰ ਸਾਡੀਆਂ ਗੰਭੀਰ ਚਿੰਤਾਵਾਂ ਨੂੰ ਸਮਝਣਾ ਹੋਵੇਗਾ ਅਤੇ ਉਨ੍ਹਾਂ ਉੱਤੇ ਕਾਰਵਾਈ ਕਰਨੀ ਹੋਵੇਗੀ।"

ਤਸਵੀਰ ਸਰੋਤ, @HCI_OTTAWA
"ਮੈਂ ਯਾਦ ਕਰਵਾ ਦਿਆਂ ਕਿ ਦੁਨੀਆਂ ਵਿੱਚ ਸਿੱਖਾਂ ਦੀ ਵੱਡੀ ਗਿਣਤੀ ਭਾਰਤ ਵਿੱਚ ਰਹਿੰਦੀ ਹੈ। ਉਹ ਹਰ ਪੰਜਾਂ ਸਾਲਾਂ ਵਿੱਚ ਹੋਣ ਵਾਲੀਆਂ ਚੋਣਾਂ ਵਿੱਚ ਹਿੱਸਾ ਲੈਂਦੇ ਹਨ। ਉਨ੍ਹਾਂ ਦੀ ਗਿਣਤੀ ਕੈਨੇਡਾ ਵਿੱਚ ਪੈਣ ਵਾਲੀਆਂ ਵੋਟਾਂ ਦੀ ਗਿਣਤੀ ਨਾਲੋਂ ਕਿਤੇ ਵੱਧ ਹੈ।"
"ਭਾਰਤ ਵਿੱਚ ਕੀ ਹੋਵੇਗਾ, ਇਸ ਦਾ ਫ਼ੈਸਲਾ ਭਾਰਤ ਵਾਸੀ ਲੈਣਗੇ। ਕੈਨੇਡਾ ਵਿੱਚ ਰਹਿਣ ਵਾਲੇ ਖ਼ਾਲਿਸਤਾਨੀ, ਅੱਤਵਾਦੀ ਅਤੇ ਕੱਟੜਵਾਦੀ, ਭਾਰਤੀ ਨਹੀਂ ਹਨ, ਉਹ ਕੈਨੇਡਾ ਦੇ ਵਾਸੀ ਹਨ।"
"ਅਤੇ ਕੋਈ ਵੀ ਸਰਕਾਰ ਆਪਣੇ ਵਾਸੀਆਂ ਨੂੰ ਕਿਸੇ ਹੋਰ ਦੇਸ਼ ਦੀ ਪ੍ਰਭੂਸੱਤਾ ਅਤੇ ਅਖੰਡਤਾ ʼਤੇ ਹਮਲਾ ਕਰਨ ਲਈ ਉਤਸ਼ਾਹਿਤ ਨਹੀਂ ਕਰਦੀ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












