ਭਾਰਤ ਕੈਨੇਡਾ ਤਣਾਅ: ਭਾਰਤ ਨੇ ਟਰੂਡੋ ਸਰਕਾਰ ਵੱਲੋਂ ਲਾਰੈਂਸ ਬਿਸ਼ਨੋਈ ਗੈਂਗ ਖ਼ਿਲਾਫ਼ ਕਾਰਵਾਈ ਨਾ ਕਰਨ ਬਾਰੇ ਕੀ ਦਾਅਵਾ ਕੀਤਾ

ਕੈਨੇਡਾ

ਤਸਵੀਰ ਸਰੋਤ, Getty Images/ANI

ਭਾਰਤੀ ਵਿਦੇਸ਼ ਮੰਤਰਾਲੇ ਨੇ ਵੀਰਵਾਰ ਨੂੰ ਕੈਨੇਡਾ ਦੇ ਪ੍ਰਧਾਨ ਮੰਤਰੀ ਵੱਲੋਂ ਲਾਏ ਗਏ ਸਾਰੇ ਇਲਜ਼ਾਮਾਂ ਨੂੰ ਖਾਰਿਜ ਕੀਤਾ ਗਿਆ

ਭਾਰਤ ਅਤੇ ਕੈਨੇਡਾ ਵਿਚਕਾਰ ਚੱਲ ਰਹੇ ਕੁਟਨੀਤਿਕ ਵਿਵਾਦ ਤੇ ਭਾਰਤੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜਾਇਸਵਾਲ ਨੇ ਸਾਫ ਕਿਹਾ ਹੈ ਕਿ ਉਹਨਾਂ ਆਪਣੀ ਸਥਿਤੀ ਸਪੱਸ਼ਟ ਕਰ ਦਿੱਤੀ ਹੈ।

ਬੁਲਾਰੇ ਨੇ ਦਾਅਵਾ ਕੀਤਾ ਹੈ ਕਿ ਕੈਨੇਡਾ ਸਰਕਾਰ ਵੱਲੋਂ ਉਹਨਾਂ ਨਾਲ ਕੋਈ ਵੀ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ।

ਜੈਸਵਾਲ ਨੇ ਕਿਹਾ ਹੈ ਕਿ, "ਅਸੀਂ ਪ੍ਰਧਾਨ ਮੰਤਰੀ ਟਰੂਡੋ ਦੀਆਂ ਟਿੱਪਣੀਆਂ ਦੇਖੀਆਂ ਹਨ ਕਿ ਉਹ ਇੱਕ ਭਾਰਤ ਇੰਡੀਆ ਨੀਤੀ ਵਿੱਚ ਭਰੋਸਾ ਰੱਖਦੇ ਹਨ, ਪਰ ਹੁਣ ਤੱਕ ਅਸੀਂ ਭਾਰਤ ਵਿਰੋਧੀ ਅਨਸਰਾਂ ਵਿਰੁੱਧ ਜੋ ਕਾਰਵਾਈਆਂ ਦੀ ਬੇਨਤੀ ਕੀਤੀ ਹੈ, ਉਸ ʼਤੇ ਉਨ੍ਹਾਂ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ। ਇਥੋਂ ਉਨ੍ਹਾਂ ਦੀ ਕਰਨੀ ਅਤੇ ਕਥਨੀ ਵਿਚਲਾ ਫਰਕ ਪਤਾ ਲੱਗਦਾ ਹੈ।"

ਉਨ੍ਹਾਂ ਨੇ ਅੱਗੇ ਕਿਹਾ, "ਅਕਤੂਬਰ 2023 ਤੋਂ ਲੈ ਕੇ ਕੈਨੇਡਾ ਸਰਕਾਰ ਨੇ ਸਾਡੇ ਨਾਲ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਹੈ।"

ਲਾਰੈਂਸ ਬਿਸ਼ਨੋਈ ਗੈਂਗ ਬਾਰੇ ਕੀ ਕਿਹਾ

ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਲਾਰੈਂਸ ਬਿਸ਼ਨੋਈ ਗੈਂਗ ਬਾਰੇ ਬੋਲਦਿਆਂ ਕਿਹਾ, "ਅਸੀਂ ਲਾਰੈਂਸ ਬਿਸ਼ਨੋਈ ਦੇ ਗਿਰੋਹ ਦੇ ਲੋਕਾਂ ਦੀ ਗ੍ਰਿਫ਼ਤਾਰੀ ਲਈ ਕੈਨੇਡਾ ਨੂੰ ਕੁਝ ਬੇਨਤੀਆਂ ਸਾਂਝੀਆਂ ਕੀਤੀਆਂ ਸਨ। ਉਨ੍ਹਾਂ ਨੇ ਸਾਡੀਆਂ ਮੁੱਖ ਚਿੰਤਾਵਾਂ 'ਤੇ ਕੋਈ ਕਾਰਵਾਈ ਨਹੀਂ ਕੀਤੀ। ਇਸ ਪਿੱਛੇ ਇੱਕ ਸਿਆਸੀ ਮੰਤਵ ਵੀ ਹੈ।"

ਬੀਬੀਸੀ ਪੰਜਾਬੀ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ
ਜਸਟਿਨ

ਤਸਵੀਰ ਸਰੋਤ, Getty Images

ਭਾਰਤ-ਕੈਨੇਡਾ ਵਿਚਾਲੇ ਚੱਲ ਰਹੇ ਤਣਾਅ ਕਾਰਨ ਦੋਵੇਂ ਦੇਸ਼ਾਂ ਦੇ ਰਿਸ਼ਤਿਆਂ ਵਿੱਚ ਕਾਫੀ ਨਿਘਾਰ ਵੇਖਣ ਨੂੰ ਮਿਲ ਰਿਹਾ ਹੈ।

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਬੁੱਧਵਾਰ ਨੂੰ ਇਹ ਸਵੀਕਾਰ ਕੀਤਾ ਹੈ ਕਿ ਜਦੋਂ ਉਨ੍ਹਾਂ ਨੇ ਪਿਛਲੇ ਸਾਲ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਵਿੱਚ ਭਾਰਤੀ ਸਰਕਾਰੀ ਏਜੰਟਾਂ ਦੀ ਸ਼ਮੂਲੀਅਤ ਦਾ ਇਲਜ਼ਾਮ ਲਗਾਇਆ ਸੀ, ਉਦੋਂ ਉਨ੍ਹਾਂ ਕੋਲ ਸਿਰਫ ਖੁਫ਼ੀਆ ਜਾਣਕਾਰੀ ਸੀ ਅਤੇ ਕੋਈ ਠੋਸ ਸਬੂਤ ਨਹੀਂ ਸੀ।

ਜਸਟਿਨ ਟਰੂਡੋ ਵੱਲੋਂ ਪਬਲਿਕ ਇਨਕੁਆਇਰੀ ਅੱਗੇ ਪੇਸ਼ ਹੋ ਕੇ ਦਿੱਤੇ ਬਿਆਨ ਮਗਰੋਂ ਭਾਰਤ ਦੇ ਵਿਦੇਸ਼ ਮੰਤਰਾਲਾ ਦਾ ਵੀ ਬਿਆਨ ਸਾਹਮਣੇ ਆਇਆ ਹੈ।

ਭਾਰਤ ਦੇ ਵਿਦੇਸ਼ ਮੰਤਰਾਲਾ ਦੇ ਅਧਿਕਾਰਤ ਬੁਲਾਰੇ ਰਣਧੀਰ ਜੈਸਵਾਲ ਨੇ ਕਿਹਾ,“ਅੱਜ ਅਸੀਂ ਜੋ ਸੁਣਿਆ ਹੈ, ਉਹ ਇਸ ਗੱਲ ਦੀ ਪੁਸ਼ਟੀ ਕਰਦਾ ਹੈ, ਜੋ ਅਸੀਂ ਲਗਾਤਾਰ ਕਹਿੰਦੇ ਆ ਰਹੇ ਹਾਂ। ਕੈਨੇਡਾ ਨੇ ਭਾਰਤ ਅਤੇ ਭਾਰਤੀ ਕੂਟਨੀਤਕਾਂ ਦੇ ਖ਼ਿਲਾਫ਼ ਲਗਾਏ ਇਲਜ਼ਾਮਾਂ ਸਬੰਧੀ ਕੋਈ ਵੀ ਸਬੂਤ ਪੇਸ਼ ਨਹੀਂ ਕੀਤਾ ਹੈ। ਇਸ ਲਾਪਰਵਾਹੀ ਵਿਹਾਰ ਨੇ ਭਾਰਤ-ਕੈਨੇਡਾ ਸਬੰਧਾਂ ਨੂੰ ਜੋ ਨੁਕਸਾਨ ਪਹੁੰਚਾਇਆ ਹੈ, ਉਸ ਦੀ ਜ਼ਿੰਮੇਵਾਰੀ ਇਕੱਲੇ ਪ੍ਰਧਾਨ ਮੰਤਰੀ ਟਰੂਡੋ ਦੀ ਹੈ।”

ਜਸਟਿਨ ਟਰੂਡੋ ਨੇ ਹੋਰ ਕੀ ਕਿਹਾ

ਜਸਟਿਨ ਟਰੂਡੋ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਜਸਟਿਨ ਟਰੂਡੋ ਪਬਲਿਕ ਇਨਕੁਆਇਰੀ ਅੱਗੇ ਪੇਸ਼ ਹੋਏ ਹਨ

ਕੈਨੇਡਾ ਵਿੱਚ ਵਿਦੇਸ਼ੀ ਦਖ਼ਲਅੰਦਾਜ਼ੀ ਬਾਰੇ ਪਬਲਿਕ ਇਨਕੁਆਇਰੀ ਚੱਲ ਰਹੀ ਹੈ। ਇਸ ਅੱਗੇ ਹੀ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਬੁੱਧਵਾਰ ਨੂੰ ਪੇਸ਼ੀ ਸੀ। ਉਨ੍ਹਾਂ ਨੇ ਹਰਦੀਪ ਸਿੰਘ ਨਿੱਝਰ ਦੇ ਮਾਮਲੇ ਵਿੱਚ ਜਵਾਬ ਦਿੱਤੇ ਹਨ।

ਜਸਟਿਨ ਟਰੂਡੋ ਨੇ ਪਬਲਿਕ ਇਨਕੁਆਇਰੀ ਅੱਗੇ ਪੇਸ਼ ਹੋ ਕੇ ਕਿਹਾ, “ਪਿਛਲੇ ਸਾਲ ਭਾਰਤ ਵਿੱਚ ਜੀ-20 ਸੰਮੇਲਨ ਹੋਇਆ ਸੀ, ਜਿਸ ਦੀ ਮੇਜ਼ਬਾਨੀ ਕਰਨਾ ਭਾਰਤ ਲਈ ਵੱਡੀ ਗੱਲ ਸੀ। ਵਿਸ਼ਵ ਦੇ ਸਾਰੇ ਲੀਡਰ ਇਸ ਅਹਿਮ ਸਿਖਰ ਸੰਮੇਲਨ ਵਿੱਚ ਹਿੱਸਾ ਲੈਣ ਲਈ ਦਿੱਲੀ ਆਏ ਸਨ। ਇਸ ਦੌਰਾਨ ਅਸੀਂ ਦੋਸ਼ਾਂ ਨੂੰ ਜਨਤਕ ਕਰ ਕੇ ਭਾਰਤ ਲਈ ਅਸਹਿਜ ਮਾਹੌਲ ਪੈਦਾ ਕਰ ਸਕਦੇ ਸੀ ਪਰ ਅਸੀਂ ਅਜਿਹਾ ਕਰਨਾ ਸਹੀ ਨਹੀਂ ਸਮਝਿਆ। ਅਸੀਂ ਪਿੱਛੇ ਰਹਿ ਕੇ ਹੀ ਕੰਮ ਕਰਨਾ ਜਾਰੀ ਰੱਖਿਆ ਤੇ ਕੋਸ਼ਿਸ਼ ਕੀਤੀ ਕਿ ਭਾਰਤ ਸਾਡੇ ਨਾਲ ਸਹਿਯੋਗ ਕਰੇ।”

“ਉਹ (ਭਾਰਤ) ਸਾਨੂੰ ਪੁੱਛਦੇ ਸੀ ਕਿ ਤੁਸੀਂ ਕਿੰਨਾ ਕੁ ਜਾਣਦੇ ਹੋ? ਸਾਨੂੰ ਇਸ ਬਾਰੇ ਸਬੂਤ ਦਿਓ। ਅਸੀਂ ਕਿਹਾ ਕਿ ਤੁਹਾਨੂੰ ਇਹ ਦੇਖਣਾ ਚਾਹੀਦਾ ਹੈ ਕਿ ਤੁਹਾਡੀਆਂ ਸੁਰੱਖਿਆ ਏਜੰਸੀਆਂ ਦੇ ਅੰਦਰ ਕੀ ਚੱਲ ਰਿਹਾ ਹੈ ਤੇ ਉਹ ਕਿੰਨਾ ਕੁ ਜਾਣਦੀਆਂ ਹਨ। ਉਸ ਸਮੇਂ ਇਸ ਬਾਰੇ ਮੁੱਖ ਤੌਰ ’ਤੇ ਖੁਫ਼ੀਆ ਜਾਣਕਾਰੀ ਸੀ ਪਰ ਕੋਈ ਪੁਖ਼ਤਾ ਸਬੂਤ ਨਹੀਂ ਸਨ। ”

ਕੈਨੇਡਾ ਸਰਕਾਰ ਦੇ ਇਲਜ਼ਾਮ ਤੇ ਦਾਅਵੇ

ਕੈਨੇਡਾ ਸਰਕਾਰ

ਪਿਛਲੇ ਸਾਲ ਸਤੰਬਰ ਵਿੱਚ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਉਥੋਂ ਦੀ ਸੰਸਦ ’ਚ ਬਿਆਨ ਦਿੰਦੇ ਹੋਏ ਕਿਹਾ ਸੀ ਕਿ ਕੈਨੇਡਾ ਦੇ ਨਾਗਰਿਕ ਤੇ ਖਾਲਿਸਤਾਨ ਹਮਾਇਤੀ ਹਰਦੀਪ ਸਿੰਘ ਨਿੱਝਰ ਦੀ ਹੱਤਿਆ ’ਚ ਭਾਰਤ ਸਰਕਾਰ ਦੇ ਏਜੰਟਾਂ ਦੇ ਸ਼ਾਮਲ ਹੋਣ ਦੇ ਸਬੂਤ ਸਾਹਮਣੇ ਆਏ ਹਨ।

ਭਾਰਤ ਨੇ ਕੈਨੇਡਾ ਦੇ ਇਲਜ਼ਾਮਾਂ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ ਸੀ ਤੇ ਕੈਨੇਡਾ ਨੂੰ ਭਾਰਤ ਵਿਰੋਧੀ ਸ਼ਕਤੀਆਂ ਨੂੰ ਸ਼ਰਣ ਨਾ ਦੇਣ ਦੀ ਸਲਾਹ ਦਿੱਤੀ ਸੀ।

ਕੈਨੇਡਾ ਸਰਕਾਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਕੈਨੇਡਾ ਸਰਕਾਰ ਨੇ ‘ਨਿੱਝਰ ਹੱਤਿਆ’ ਮਾਮਲੇ ਵਿੱਚ ਭਾਰਤੀ ਹਾਈ ਕਮਿਸ਼ਨਰ ਅਤੇ ਹੋਰ ਕੂਟਨੀਤਕਾਂ ਦੇ ਨਾਂ ਵੀ ਜੋੜੇ ਸਨ।

ਇਸ ਤੋਂ ਬਾਅਦ ਇਸ ਮਾਮਲੇ ਕਾਰਨ ਦੋਵੇਂ ਦੇਸ਼ਾਂ ਦੇ ਰਿਸ਼ਤਿਆਂ ਵਿੱਚ ਦਰਾਰ ਪੈਣੀ ਸ਼ੁਰੂ ਹੋ ਗਈ ਸੀ।

ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਟਰੂਡੋ ਨੇ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਦੇ ਮਾਮਲੇ ’ਚ ਭਾਰਤ ਸਰਕਾਰ ’ਤੇ ਸਹਿਯੋਗ ਨਾ ਕਰਨ ਦਾ ਇਲਜ਼ਾਮ ਲਗਾਇਆ ਸੀ। ਨਾਲ ਹੀ ਟਰੂਡੋ ਨੇ ਸਖ਼ਤ ਲਹਿਜ਼ੇ ਵਿੱਚ ਭਾਰਤ ਨੂੰ ਕਿਹਾ ਸੀ ਕਿ ਉਹ ਜਾਂਚ ਵਿੱਚ ਸ਼ਾਮਲ ਹੋ ਕੇ ਗੁੰਮਰਾਹਕੁਨ ਬਿਆਨਬਾਜ਼ੀਆਂ ’ਤੇ ਰੋਕ ਲਗਾਏ।

ਇਸ ਤੋਂ ਇਲਾਵਾ ਕੈਨੇਡਾ ਦੀ ਰਾਇਲ ਮਾਊਂਟ ਪੁਲੀਸ ਨੇ ਵੀ ਬੀਤੇ ਸੋਮਵਾਰ ਨੂੰ ਇੱਕ ਪ੍ਰੈੱਸ ਕਾਨਫਰੰਸ ਵਿੱਚ ਇਹ ਦਾਅਵਾ ਕੀਤਾ ਸੀ ਕਿ ਭਾਰਤੀ ਏਜੰਟ ਅਪਰਾਧਿਕ ਸਮੂਹ ਬਿਸ਼ਨੋਈ ਗਰੁੱਪ ਦੀ ਮਦਦ ਨਾਲ ਕੈਨੇਡਾ ਵਿੱਚ ਦੱਖਣੀ ਏਸ਼ਿਆਈ ਮੂਲ ਦੇ ਲੋਕਾਂ, ਖਾਸਕਰ ਖਾਲਿਸਤਾਨ ਸਮਰਥਕਾਂ ਨੂੰ ਨਿਸ਼ਾਨਾ ਬਣਾ ਰਹੇ ਹਨ।

ਭਾਰਤ ਨੇ ਹੁਣ ਤੱਕ ਕੀ ਕਿਹਾ ਤੇ ਕੀ ਕੀਤਾ

ਰਣਧੀਰ ਜੈਸਵਾਲ

ਤਸਵੀਰ ਸਰੋਤ, www.mea.gov.in

ਤਸਵੀਰ ਕੈਪਸ਼ਨ, ਭਾਰਤ ਦੇ ਵਿਦੇਸ਼ ਮੰਤਰਾਲਾ ਦੇ ਬੁਲਾਰੇ ਰਣਧੀਰ ਜੈਸਵਾਲ
ਭਾਰਤ ਸਰਕਾਰ

ਕੈਨੇਡਾ ਦੀ ਸਰਕਾਰ ਨੇ ‘ਨਿੱਝਰ ਹੱਤਿਆ’ ਮਾਮਲੇ ਵਿੱਚ ਭਾਰਤੀ ਹਾਈ ਕਮਿਸ਼ਨਰ ਸੰਜੈ ਵਰਮਾ ਅਤੇ ਹੋਰ ਕੂਟਨੀਤਕਾਂ ਦੇ ਨਾਂ ਵੀ ਜੋੜੇ ਸਨ।

ਇਸ ਹਫ਼ਤੇ ਸੋਮਵਾਰ ਨੂੰ ਭਾਰਤ ਨੇ ਕਿਹਾ ਸੀ ਕਿ ਉਨ੍ਹਾਂ ਨੇ ਕੈਨੇਡਾ ਤੋਂ ਭਾਰਤੀ ਹਾਈ ਕਮਿਸ਼ਨਰ ਸੰਜੈ ਵਰਮਾ ਸਣੇ ਕਈ ਹੋਰ ਕੂਟਨੀਤਕਾਂ ਨੂੰ ਵਾਪਸ ਬੁਲਾ ਲਿਆ ਹੈ। ਇਸ ਦੇ ਨਾਲ ਹੀ ਭਾਰਤ ਨੇ ਕੈਨੇਡਾ ਦੇ ਛੇ ਕੂਟਨੀਤਕਾਂ ਨੂੰ ਦੇਸ਼ ਤੋਂ ਵਾਪਸ ਭੇਜ ਦਿੱਤਾ ਸੀ।

ਭਾਰਤੀ ਵਿਦੇਸ਼ ਮੰਤਰਾਲੇ ਦਾ ਕਹਿਣਾ ਸੀ ਕਿ ਕੈਨੇਡਾ ਵਿੱਚ ਭਾਰਤੀ ਹਾਈ ਕਮਿਸ਼ਨਰ ਅਤੇ ਹੋਰ ਕੂਟਨੀਤਕਾਂ ਨੂੰ ਨਿਸ਼ਾਨਾ ਬਣਾਉਣਾ ਅਸਵਿਕਾਰਨਯੋਗ ਹੈ।

ਭਾਰਤ ਸਰਕਾਰ ਨੇ ਕੈਨੇਡਾ ਸਰਕਾਰ ਵੱਲੋਂ ਲਾਏ ਗਏ ਇਲਜ਼ਾਮਾਂ ਨੂੰ ਬੇਤੁਕੇ ਦੱਸਦਿਆਂ ਉਨ੍ਹਾਂ ਦੀ ਨਿਖੇਧੀ ਕੀਤੀ ਅਤੇ ਇਲਜ਼ਾਮ ਲਗਾਇਆ ਕਿ ਟਰੂਡੋ ਸਰਕਾਰ ਵੋਟ ਬੈਂਕ ਬਣਾਉਣ ਲਈ ਅਜਿਹਾ ਕਰ ਰਹੀ ਹੈ।

ਪਰ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਰਾਜਧਾਨੀ ਓਟਵਾ ਵਿੱਚ ਪ੍ਰੈੱਸ ਕਾਨਫਰੰਸ ਕਰ ਕੇ ਦਾਅਵਾ ਕੀਤਾ ਸੀ ਕਿ ਉਨ੍ਹਾਂ ਦੀ ਸਰਕਾਰ ਨੇ ਛੇ ਭਾਰਤੀ ਕੂਟਨੀਤਕਾਂ ਨੂੰ ਦੇਸ਼ ਤੋਂ ਵਾਪਸ ਭੇਜ ਦਿੱਤਾ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)