ਭਾਰਤ ਕੈਨੇਡਾ ਤਣਾਅ: ਕੂਟਨੀਤਕਾਂ ਦੀ ਕੀ ਭੂਮਿਕਾ ਹੁੰਦੀ ਹੈ, ਕਿਸੇ ਦੇਸ਼ ਦੇ ਕੂਟਨੀਤਕਾਂ ਨੂੰ ਵਾਪਸ ਭੇਜਣ ਦੇ ਕੀ ਮਾਅਨੇ ਹਨ

ਭਾਰਤ-ਕੈਨੇਡਾ

ਤਸਵੀਰ ਸਰੋਤ, Getty Images

    • ਲੇਖਕ, ਰਾਜਵੀਰ ਕੌਰ ਗਿੱਲ
    • ਰੋਲ, ਬੀਬੀਸੀ ਪੱਤਰਕਾਰ

ਖ਼ਾਲਿਸਤਾਨ ਹਮਾਇਤੀ ਹਰਦੀਪ ਸਿੰਘ ਨਿੱਝਰ ਦੇ ਕਤਲ ਮਾਮਲੇ ਦੀ ਜਾਂਚ ਨੂੰ ਲੈ ਕੇ ਭਾਰਤ ਤੇ ਕੈਨੇਡਾ ਦਰਮਿਆਨ ਬੀਤੇ ਵਰ੍ਹੇ ਤੋਂ ਚਲ ਰਹੇ ਵਿਵਾਦ ਨੇ ਸੋਮਵਾਰ ਰਾਤ ਨੂੰ ਉਸ ਸਮੇਂ ਗੰਭੀਰ ਰੂਪ ਲੈ ਲਿਆ ਜਦੋਂ ਕੈਨੇਡਾ ਨੇ ਦਾਅਵਾ ਕੀਤਾ ਕਿ ਉਸ ਨੇ ਉੱਥੇ ਤੈਨਾਤ ਛੇ ਭਾਰਤੀ ਕੂਟਨੀਤਕਾਂ ਨੂੰ ਕੱਢਣ ਦਾ ਫ਼ੈਸਲਾ ਲਿਆ ਹੈ।

ਇਨ੍ਹਾਂ ਵਿੱਚ ਭਾਰਤੀ ਹਾਈ ਕਮਿਸ਼ਨਰ ਸੰਜੇ ਕੁਮਾਰ ਵਰਮਾ ਵੀ ਸ਼ਾਮਲ ਸਨ।

ਹਾਲਾਂਕਿ ਭਾਰਤ ਨੇ ਕੈਨੇਡਾ ਦੇ ਇਲਜ਼ਾਮਾਂ ਨੂੰ ਖ਼ਾਰਜ ਕਰਦਿਆਂ ਦਾਅਵਾ ਕੀਤਾ ਕਿ ਉਸ ਨੇ ਖ਼ੁਦ ਆਪਣੇ ਕੈਨੇਡੀਅਨ ਮਿਸ਼ਨ ਦੇ ਹਾਈ ਕਮਿਸ਼ਨਰ ਸੰਜੇ ਕੁਮਾਰ ਵਰਮਾ ਅਤੇ ਹੋਰ ਕੂਟਨੀਤਿਕਾਂ ਨੂੰ ਵਾਪਸ ਆਉਣ ਲਈ ਕਿਹਾ ਹੈ।

ਇਸ ਦੇ ਨਾਲ ਹੀ ਭਾਰਤ ਨੇ ਦਿੱਲੀ ਸਥਿਤ ਕੈਨੇਡਾ ਦੇ ਮਿਸ਼ਨ ਦੇ ਛੇ ਕੈਨੇਡੀਅਨ ਕੂਟਨੀਤਕਾਂ ਨੂੰ ਆਪਣੇ ਦੇਸ਼ ਜਾਣ ਲਈ ਕਿਹਾ ਹੈ।

ਸੰਜੇ ਵਰਮਾ

ਤਸਵੀਰ ਸਰੋਤ, @HCI_OTTAWA

ਤਸਵੀਰ ਕੈਪਸ਼ਨ, ਕੈਨੇਡਾ ਵਿੱਚ ਭਾਰਤ ਦੇ ਹਾਈ ਕਮਿਸ਼ਨਰ ਸੰਜੇ ਵਰਮਾ

ਭਾਰਤੀ ਵਿਦੇਸ਼ ਮੰਤਰਾਲੇ ਦਾ ਕਹਿਣਾ ਹੈ ਕਿ ਕੈਨੇਡਾ ਵਿੱਚ ਭਾਰਤੀ ਹਾਈ ਕਮਿਸ਼ਨਰ ਅਤੇ ਹੋਰ ਕੂਟਨੀਤਕਾਂ ਨੂੰ ਨਿਸ਼ਾਨਾ ਬਣਾਉਣਾ ਅਸਵਿਕਾਰਨਯੋਗ ਹੈ।

ਕੈਨੇਡਾ ਦਾ ਕਹਿਣਾ ਹੈ ਕਿ ਭਾਰਤ ਨੇ ਕੂਟਨੀਤਕਾਂ ਨੂੰ ਮਿਲੀ ਡੀਪਲੋਮੈਟਿਕ ਇਮਿਊਨਿਟੀ ਹਟਾਉਣ ਅਤੇ ਜਾਂਚ ਵਿੱਚ ਸਹਿਯੋਗ ਕਰਨ ਤੋਂ ਇਨਕਾਰ ਕਰ ਦਿੱਤਾ ਸੀ, ਜਿਸ ਤੋਂ ਬਾਅਦ ਉਨ੍ਹਾਂ ਨੇ ਭਾਰਤੀ ਕੂਟਨੀਤਕਾਂ ਨੂੰ ਕੱਢਣ ਦਾ ਫ਼ੈਸਲਾ ਲਿਆ ਹੈ।

ਦੋਵਾਂ ਦੇਸ਼ਾਂ ਦੇ ਦਾਅਵਿਆਂ ਨੇ ਕੂਟਨੀਤਕਾਂ ਦੀ ਭੂਮਿਕਾ, ਅਹਿਮੀਅਤ ਅਤੇ ਦੇਸ਼ਾਂ ਦੇ ਸਬੰਧਾਂ ਵਿੱਚ ਕੜੀ ਹੋਣ ਬਾਰੇ ਕਈ ਸਵਾਲ ਸਾਹਮਣੇ ਲਿਆਂਦੇ ਹਨ।

ਅਸੀਂ ਮਾਹਰਾਂ ਨਾਲ ਗੱਲਬਾਤ ਕਰਕੇ ਇਨ੍ਹਾਂ ਸਵਾਲਾਂ ਦੇ ਜਵਾਬ ਲੱਭਣ ਦੇ ਨਾਲ-ਨਾਲ ਇਹ ਵੀ ਸਮਝਣ ਦੀ ਕੋਸ਼ਿਸ਼ ਕੀਤੀ ਕਿ ਭਾਰਤ ਅਤੇ ਕੈਨੇਡਾ ਦੇ ਇਸ ਤਰ੍ਹਾਂ ਦੇ ਤਲਖ਼ੀ ਭਰੇ ਕੂਟਨੀਤਕ ਰਵੱਈਏ ਦਾ ਭਵਿੱਖ ਵਿੱਚ ਦੋਵਾਂ ਦੇਸ਼ਾਂ ਦੇ ਆਪਸੀ ਅਤੇ ਹੋਰ ਦੇਸ਼ਾਂ ਨਾਲ ਕੂਟਨੀਤਕ ਸਬੰਧਾਂ ਉੱਤੇ ਕੀ ਅਸਰ ਪੈ ਸਕਦਾ ਹੈ।

ਬੀਬੀਸੀ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

ਕੂਟਨੀਤਕ ਦਾ ਕੀ ਅਰਥ ਹੈ

ਜੇ ਸ਼ਾਬਦਿਕ ਅਰਥਾਂ ਦੀ ਗੱਲ ਕਰੀਏ ਤਾਂ ਇੱਕ ਕੂਟਨੀਤਕ ਜਾਂ ਡਿਪਲੋਮੈਟ ਉਹ ਪਬਲਿਕ ਸਰਵੈਂਟ (ਸਰਕਾਰੀ ਮੁਲਾਜ਼ਮ) ਹੈ ਜੋ ਕੌਮਾਂਤਰੀ ਸਬੰਧਾਂ ਨੂੰ ਵਿਕਸਿਤ ਕਰਨ ਦਾ ਕੰਮ ਕਰਦਾ ਹੈ।

ਕੂਟਨੀਤਕ ਆਪਣੇ ਦੇਸ਼ ਦੀ ਵਿਦੇਸ਼ੀ ਨੀਤੀ ਨੂੰ ਲਾਗੂ ਕਰਨ ਵਿੱਚ ਮਦਦ ਕਰਦੇ ਹਨ।

ਹਾਲਾਂਕਿ ਕਈ ਮੌਕਿਆਂ ਉੱਤੇ ਕੂਟਨੀਤਕ ਆਪਣੇ ਮੂਲ ਦੇਸ਼ ਵਿੱਚ ਵੀ ਸੇਵਾਵਾਂ ਨਿਭਾਉਂਦੇ ਹਨ ਪਰ ਬਹੁਤਾ ਕਰਕੇ ਉਹ ਵਿਦੇਸ਼ਾਂ ਵਿੱਚ ਖ਼ਾਸ ਤੌਰ 'ਤੇ, ਕਿਸੇ ਦੂਤਾਵਾਸ ਜਾਂ ਕੌਂਸਲੇਟ ਵਿੱਚ ਤੈਨਾਤ ਹੁੰਦੇ ਹਨ।

ਪੰਜਾਬ ਦੀ ਗੁਰੂ ਨਾਨਕ ਦੇਵ ਯੁਨੀਵਰਸਿਟੀ ਦੇ ਰਾਜਨੀਤੀ ਸ਼ਾਸ਼ਤਰ ਵਿਭਾਗ ਦੇ ਮੁਖੀ ਵਜੋਂ ਸੇਵਾਵਾਂ ਨਿਭਾ ਚੁੱਕੇ ਪ੍ਰੋਫ਼ੈਸਰ ਕੁਲਦੀਪ ਸਿੰਘ ਦੱਸਦੇ ਹਨ ਕਿ ਕੂਟਨੀਤੀ ਦਾ ਮੁੱਖ ਕੰਮ ਦੇਸ਼ਾਂ ਵਿਚਕਾਰ ਸ਼ਾਂਤੀਪੂਰਨ ਸਬੰਧਾਂ ਨੂੰ ਯਕੀਨੀ ਬਣਾਉਣਾ ਹੈ।

ਉਹ ਕਹਿੰਦੇ ਹਨ ਕਿ ਇਸ ਵਿੱਚ ਵਪਾਰਕ ਸੌਦਿਆਂ 'ਤੇ ਗੱਲਬਾਤ ਕਰਨਾ, ਆਪਸੀ ਸਮੱਸਿਆਵਾਂ 'ਤੇ ਚਰਚਾ ਕਰਨਾ, ਨਵੀਆਂ ਨੀਤੀਆਂ ਨੂੰ ਲਾਗੂ ਕਰਨਾ ਅਤੇ ਵਿਵਾਦਾਂ ਨਾਲ ਨਜਿੱਠਣਾ ਸ਼ਾਮਲ ਹੋ ਸਕਦਾ ਹੈ।

ਭਾਰਤ ਵਿੱਚ ਕੂਟਨੀਤਕ, ਸਰਕਾਰ ਦੀਆਂ ਕੇਂਦਰੀ ਸਿਵਲ ਸੇਵਾਵਾਂ ਦਾ ਹਿੱਸਾ ਹੁੰਦੇ ਹਨ, ਵਿਦੇਸ਼ਾਂ ਵਿੱਚ ਦੇਸ਼ ਦੀ ਨੁਮਾਇੰਦਗੀ ਕਰਨ ਅਤੇ ਪ੍ਰਮੁੱਖ ਵਿਦੇਸ਼ੀ ਗੱਲਬਾਤ, ਸਮਝੌਤਿਆਂ ਦਾ ਪ੍ਰਬੰਧਨ ਕਰਨ ਵਰਗੀਆਂ ਮੁੱਖ ਭੂਮਿਕਾਵਾਂ ਨਿਭਾਉਂਦੇ ਹਨ।

ਹਰਦੀਪ ਸਿੰਘ ਨਿੱਝਰ

ਕਿਸੇ ਦੇਸ਼ ਦੇ ਕੂਟਨੀਤਕ ਕੀ ਕਰਦੇ ਹਨ

ਕੁਲਦੀਪ ਸਿੰਘ ਦੱਸਦੇ ਹਨ ਕਿ ਭਾਰਤੀ ਕੂਟਨੀਤਕ ਵਿਦੇਸ਼ਾਂ ਨਾਲ ਭਾਰਤ ਦੇ ਸਬੰਧਾਂ ਨੂੰ ਬਿਹਤਰ ਬਣਾਉਣ ਵੱਲ ਕਦਮ ਚੁੱਕਣ ਅਤੇ ਭਾਰਤੀ ਵਿਦੇਸ਼ ਨੀਤੀ ਨੂੰ ਅਮਲੀ ਤੌਰ ’ਤੇ ਲਾਗੂ ਕਰਵਾਉਣ ਲਈ ਕੰਮ ਕਰਨ ਦੇ ਨਾਲ-ਨਾਲ ਹੋਰ ਵੀ ਜ਼ਿੰਮੇਵਾਰੀਆਂ ਨਿਭਾਉਂਦੇ ਹਨ।

ਉਹ ਸੰਯੁਕਤ ਰਾਸ਼ਟਰ ਵਰਗੀਆਂ ਬਹੁ-ਪੱਖੀ ਸੰਸਥਾਵਾਂ ਲਈ ਆਪਣੇ ਦੂਤਾਵਾਸ, ਹਾਈ ਕਮਿਸ਼ਨ, ਕੌਂਸਲੇਟ ਅਤੇ ਸਥਾਈ ਮਿਸ਼ਨ ਵਿੱਚ ਭਾਰਤ ਦੀ ਨੁਮਾਇੰਦਗੀ ਕਰਦੇ ਹਨ।

ਉਹ ਆਪਣੀ ਤੈਨਾਤੀ ਵਾਲੇ ਦੇਸ਼ ਵਿੱਚ ਭਾਰਤ ਦੇ ਰਾਸ਼ਟਰੀ ਹਿੱਤਾਂ ਦੀ ਰੱਖਿਆ ਕਰਨ ਦਾ ਕੰਮ ਕਰਦੇ ਹਨ।

ਵਿਦੇਸ਼ੀ ਧਰਤੀ ਉੱਤੇ ਵਸਦੇ ਆਪਣੇ ਲੋਕਾਂ ਨਾਲ ਦੋਸਤਾਨਾ ਸਬੰਧਾਂ ਨੂੰ ਵੀ ਉਤਸ਼ਾਹਿਤ ਕਰਦੇ ਹਨ, ਜਿਨ੍ਹਾਂ ਵਿੱਚ ਐੱਨਆਰਆਈ ਵੀ ਸ਼ਾਮਲ ਹੁੰਦੇ ਹਨ।

ਤੈਨਾਤੀ ਦੇ ਦੇਸ਼ ਦੇ ਅਧਿਕਾਰੀਆਂ ਨਾਲ ਵੱਖ-ਵੱਖ ਮੁੱਦਿਆਂ 'ਤੇ ਸਮਝੌਤਿਆਂ ਦੀ ਗੱਲਬਾਤ ਕਰਨਾ ਅਤੇ ਵਿਦੇਸ਼ੀਆਂ ਅਤੇ ਭਾਰਤੀ ਨਾਗਰਿਕਾਂ ਲਈ ਕੌਂਸਲਰ ਸਹੂਲਤਾਂ ਦਾ ਵਿਸਥਾਰ ਕਰਨ ਦਾ ਕੰਮ ਵੀ ਕਰਦੇ ਹਨ।

ਇਸੇ ਤਰ੍ਹਾਂ ਐਮਰਜੈਂਸੀ ਦੀ ਸਥਿਤੀ ਵਿੱਚ ਵਿਦੇਸ਼ਾਂ ਵਿੱਚ ਭਾਰਤੀ ਨਾਗਰਿਕਾਂ ਲਈ ਪਹਿਲੇ ਸੰਪਰਕ ਅਤੇ ਮੁੱਖ ਦਿਸ਼ਾ-ਨਿਰਦੇਸ਼ਕ ਵਜੋਂ ਭੂਮਿਕਾ ਵੀ ਨਿਭਾਉਂਦੇ ਹਨ।

ਭਾਰਤ ਦੀ ਪ੍ਰਤੀਕਿਰਿਆ

ਦੇਸ਼ ਦੇ ਕੂਟਨੀਤਕਾਂ ਨੂੰ ਵਾਪਸ ਸੱਦਣ ਜਾਂ ਭੇਜਣ ਦਾ ਅਰਥ ਹੈ

ਜੇ ਕੋਈ ਦੇਸ਼ ਆਪਣੇ ਕੂਟਨੀਤਕ ਕਿਸੇ ਦੇਸ਼ ਤੋਂ ਵਾਪਸ ਬੁਲਾਉਂਦਾ ਹੈ ਜਾਂ ਫ਼ਿਰ ਕਿਸੇ ਦੇਸ਼ ਦੇ ਕੂਟਨੀਤਕਾਂ ਨੂੰ ਵਾਪਸ ਭੇਜ ਦਿੰਦਾ ਹੈ ਤਾਂ ਇਸ ਨੂੰ ਕੌਮਾਂਤਰੀ ਸਬੰਧਾਂ ਵਜੋਂ ਕਿਵੇਂ ਦੇਖਿਆ ਜਾਂਦਾ ਹੈ।

ਇਸ ਸਵਾਲ ਦੇ ਜਵਾਬ ਵਿੱਚ ਚੇਨੱਈ ਤੋਂ ਅਜ਼ਾਦ ਤੌਰ ਉੱਤੇ ਕੰਮ ਕਰਨ ਵਾਲੇ ਸੀਨੀਅਰ ਪੱਤਰਕਾਰ ਨਿਰੂਪਮਾ ਸੁਬਰਾਮਨੀਅਨ ਕਹਿੰਦੇ ਹਨ ਕਿ ਦੋ ਦੇਸ਼ਾਂ ਦੇ ਸਬੰਧਾਂ ਦੇ ਮਾਮਲੇ ਵਿੱਚ ਇਹ ਕੋਈ ਆਮ ਕਾਰਵਾਈ ਨਹੀਂ ਹੈ।

“ਇਸ ਨੂੰ ਦੋ-ਦੇਸ਼ਾਂ ਦਰਮਿਆਨ ਇੱਕ ਸਖ਼ਤ ਰੁਖ਼ ਵਜੋਂ ਹੀ ਦੇਖਿਆ ਜਾਂਦਾ ਹੈ। ਕੂਟਨੀਤੀ ਦੇ ਮਾਹਰ ਜਾਣਦੇ ਹਨ ਕਿ ਮਾਮਲਾ ਮਹਿਜ਼ ਅਧਿਕਾਰੀਆਂ ਦੀ ਵਾਪਸੀ ਦਾ ਨਹੀਂ ਹੁੰਦਾ ਬਲਕਿ ਇਹ ਇੱਕ ਵੱਡੀ ਕਾਰਵਾਈ ਦਾ ਹਿੱਸਾ ਹੁੰਦਾ ਹੈ।”

“ਹਾਲਾਂਕਿ ਹੈ ਇਹ ਇੱਕ ਬਹੁਤ ਹੀ ਗੰਭੀਰ ਅਤੇ ਚੁਣੌਤੀਪੂਰਨ ਸੁਨੇਹਾ ਪਹੁੰਚਾਉਣ ਦੀ ਕਾਰਵਾਈ ਹੈ ਜਿਸ ਉੱਤੇ ਵਿਰੋਧੀ ਕਾਰਵਾਈ ਦੀ ਸੰਭਾਵਨਾ ਹਮੇਸ਼ਾ ਰਹਿੰਦੀ ਹੈ।”

ਉਹ ਕਹਿੰਦੇ ਹਨ ਕਿ ਅਸਲ ਵਿੱਚ ਮੁਲਕ ਵੱਡੀਆ ਤਾਕਤਾਂ ਪ੍ਰਤੀ ਅਜਿਹਾ ਰਵੱਈਆ ਅਪਣਾਉਣ ਤੋਂ ਮੁਕਾਬਲਤਨ ਬਹੁਤੀਵਾਰ ਝਿਜਕਦੇ ਹਨ।

ਜਿਵੇਂ ਕਿ ਭਾਰਤ ਦਾ ਵਿਸ਼ਵ ਤਾਕਤਾਂ ਨਾਲ ਅਜਿਹਾ ਰਵੱਈਆ ਆਮ ਨਹੀਂ ਹੈ ਪਰ ਭਾਰਤ ਤੇ ਪਾਕਿਸਤਾਨ ਦੇ ਮਾਮਲੇ ਵਿੱਚ ਅਜਿਹਾ ਕਈ ਵਾਰ ਹੋਇਆ ਪਰ ਉਹ ਵੀ ਕੁਝ ਅਹਿਮ ਹਾਲਾਤ ਵਿੱਚ ਹੀ ਹੋਇਆ।

ਕੈਨੇਡਾ ਦਾ ਰੁਖ਼

ਅਨੂਪਮਾ ਭਾਰਤ ਤੇ ਪਾਕਿਸਤਾਨ ਦਰਮਿਆਨ ਬਣੀਆਂ ਅਜਿਹੀਆਂ ਸਥਿਤੀਆਂ ਦੇ ਕੁਝ ਹਵਾਲੇ ਦਿੰਦੇ ਹਨ।

ਉਹ ਕਹਿੰਦੇ ਹਨ ਕਿ ਅਗਸਤ 2019, ਵਿੱਚ ਜਦੋਂ ਭਾਰਤ ਪ੍ਰਸ਼ਾਸਿਤ ਕਸ਼ਮੀਰ ਨੂੰ ਵਿਸ਼ੇਸ਼ ਸੂਬੇ ਦਾ ਦਰਜਾ ਦੇਣ ਵਾਲੇ ਆਰਟੀਕਲ 370 ਨੂੰ ਕੇਂਦਰ ਸਰਕਾਰ ਵਲੋਂ ਵਾਪਸ ਲਿਆ ਗਿਆ ਸੀ ਉਸ ਸਮੇਂ ਪਾਕਿਸਤਾਨ ਨੇ ਇਸਲਾਮਾਬਾਦ ਤੋਂ ਭਾਰਤੀ ਰਾਜਦੂਤ ਅਜੈ ਬਸਾਰੀਆ ਨੂੰ ਵਾਪਸ ਭੇਜ ਦਿੱਤਾ ਸੀ।

ਪਾਕਿਸਤਾਨ ਨੇ ਹਵਾਲਾ ਦਿੱਤਾ ਸੀ ਕਿ ਉਹ ਭਾਰਤ ਨਾਲ ਕੂਟਨੀਤਕ ਸਬੰਧ ਘਟਾਉਣਾ ਚਾਹੁੰਦੇ ਹਨ।

ਭਾਰਤ ਸਰਕਾਰ ਨੇ ਇਸ ਕਾਰਵਾਈ ਪਿੱਛੇ ਇਲਜ਼ਾਮ ਲਾਇਆ ਸੀ ਕਿ ਦਿੱਲੀ ਵਿੱਚ ਪਾਕਿਸਤਾਨੀ ਹਾਈ ਕਮਿਸ਼ਨ ਦੇ ਅਧਿਕਾਰੀ ‘ਜਾਸੂਸੀ’ ਅਤੇ ‘ਅੱਤਵਾਦ ਨਾਲ ਸਬੰਧਿਤ’ ਗਤੀਵਿਧੀਆਂ ਨਾਲ ਜੁੜੇ ਹੋਏ ਹਨ।

ਜਦੋਂ ਵੀ ਭਾਰਤ ਤੇ ਪਾਕਿਸਤਾਨ ਵਿੱਚ ਇਸ ਪੱਧਰ ਦਾ ਤਣਾਅ ਦੇਖਣ ਨੂੰ ਮਿਲਦਾ ਹੈ ਤਾਂ ਦੋਵੇਂ ਦੇਸ਼ ਇੱਕ ਦੂਜੇ ਨਾਲ ਵਪਾਰਕ ਸਬੰਧਾਂ ਉੱਤੇ ਮੁਕੰਮਲ ਪਾਬੰਦੀ ਲਾ ਦਿੰਦੇ ਹਨ।

ਵੀਡੀਓ ਕੈਪਸ਼ਨ, ਜਸਟਿਨ ਟਰੂਡੋ ਨੇ ਭਾਰਤ ’ਤੇ ਨਿੱਝਰ ਕਤਲ ਕਾਂਡ ’ਚ ਲਾਏ ਇਲਜ਼ਾਮ

ਕੈਨੇਡਾ ਤੇ ਭਾਰਤ ਦਰਮਿਆਨ ਬਣੇ ਕੂਟਨੀਤਿਕ ਤਣਾਅ ਦੇ ਕੀ ਮਾਅਨੇ ਹਨ

ਅਨੂਪਮਾ ਕਹਿੰਦੇ ਹਨ, “ਭਾਰਤ ਅਤੇ ਕੈਨੇਡਾ ਦੇ ਸਬੰਧ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਦੋਵੇਂ ਦੇਸ਼ ਕਿਸੇ ਵੀ ਤਰ੍ਹਾਂ ਜੰਗ ਵਰਗੀ ਸਥਿਤੀ ਵਿੱਚ ਨਹੀਂ ਹਨ।”

ਉਹ ਕਹਿੰਦੇ ਹਨ, “ਪਰ ਹਾਂ ਜੇ ਕੈਨੇਡਾ ਨੇ ਫ਼ਿਰ ਵੀ ਇਹ ਸਖ਼ਤ ਕਦਮ ਚੁੱਕਿਆ ਹੈ ਤਾਂ ਇਸ ਨੂੰ ਇੱਕ ਗੰਭੀਰ ਕੂਟਨੀਤਕ ਕਦਮ ਵਜੋਂ ਹੀ ਦੇਖਿਆ ਜਾਵੇਗਾ।”

“ਇਹ ਸਮਝਿਆ ਜਾਂਦਾ ਹੈ ਕਿ ਜੇ ਕੈਨੇਡਾ ਨੇ ਅਜਿਹਾ ਕੀਤਾ ਹੈ ਤਾਂ ਇਸ ਪਿੱਛੇ ਮਹਿਜ਼ ਸਿਆਸੀ ਸਰੋਕਾਰਾਂ ਦਾ ਹਵਾਲਾ ਦੇ ਕੇ ਇਸ ਤੋਂ ਪੱਲਾ ਨਹੀਂ ਝਾੜਿਆ ਜਾ ਸਕਦਾ।”

“ਕੈਨੇਡਾ ਅਤੇ ਭਾਰਤ ਦੋਵੇਂ ਆਪੋ ਆਪਣੀ ਪ੍ਰਤੀਕਰਮਾਂ ਦੇ ਨਤੀਜਿਆਂ ਤੋਂ ਭਲੀ-ਭਾਂਤੀ ਜਾਣੂ ਹੋਣਗੇ। ਜਦੋਂ ਕੈਨੇਡਾ ਨੇ ਇਹ ਕਦਮ ਚੁੱਕੇ ਉਸ ਨੂੰ ਇਸ ਦੇ ਨਤੀਜੇ ਅਤੇ ਉਸ ਦੇ ਸਾਥੀ ਅਮਰੀਕਾ ਅਤੇ ਬਰਤਾਨੀਆਂ ਵਰਗੇ ਮੁਲਕਾਂ ਤੋਂ ਮਿਲਣ ਵਾਲੇ ਸਹਿਯੋਗ ਦੀ ਸੰਭਾਵਨਾ ਬਾਰੇ ਵੀ ਪਤਾ ਹੀ ਹੋਵੇਗਾ।”

“ਇੰਨਾ ਹੀ ਨਹੀਂ ਉਸ ਨੂੰ ਭਾਰਤ ਨਾਲ ਸਬੰਧਾਂ ਅਤੇ ਭਾਰਤੀ ਮੂਲ ਦੇ ਕੈਨੇਡਾ ਵਸੇ ਲੋਕਾਂ ਦੀਆਂ ਚਿੰਤਾਵਾਂ ਦਾ ਵੀ ਸਮਝ ਹੋਵੇਗੀ।

“ਇਸੇ ਤਰ੍ਹਾਂ ਭਾਰਤ ਨੂੰ ਵੀ ਇਸ ਦੀ ਜਵਾਬੀ ਕਾਰਵਾਈ ਦੇ ਸੰਭਾਵਿਤ ਨਤੀਜਿਆਂ ਬਾਰੇ ਪਤਾ ਹੋਵੇਗਾ। ਪਰ ਭਾਰਤ ਨੂੰ ਫ਼ੌਰੀ ਪ੍ਰਭਾਵ ਨਾਲ ਫ਼ੈਸਲਾ ਲੈਣਾ ਪਿਆ, ਕਿਉਂਕਿ ਉਸ ਦੀ ਆਪਣੇ ਮੁਲਕ ਦੇ ਲੋਕਾਂ ਪ੍ਰਤੀ ਵੀ ਜਵਾਬਦੇਹੀ ਹੈ।”

ਅਨੂਪਮਾ ਕਹਿੰਦੇ ਹਨ, “ਪਰ ਇਸ ਸਾਰੇ ਘਟਨਾਕ੍ਰਮ ਦਾ ਆਮ ਲੋਕਾਂ ਉੱਤੇ ਕੋਈ ਪ੍ਰਭਾਵ ਪਵੇ ਅਜਿਹਾ ਨਹੀਂ ਲੱਗਦਾ। ਇਸ ਨੂੰ ‘ਲੈਂਗੂਏਜ਼ ਆਫ਼ ਸਟੇਟਸ’ ਯਾਨੀ ਮੁਲਕਾਂ ਦੀ ਆਪਸ ਵਿੱਚ ਸੰਕੇਤਕ ਸੁਨੇਹੇ ਦੇਣ ਦੀ ਭਾਸ਼ਾ ਵਜੋਂ ਹੀ ਦੇਖਿਆ ਜਾਣਾ ਚਾਹੀਦਾ ਹੈ।”

“ਅਜਿਹਾ ਨਹੀਂ ਹੋਵੇਗਾ ਜਿਸ ਤਰ੍ਹਾਂ ਭਾਰਤ ਤੇ ਪਾਕਿਸਤਾਨ ਦੇ ਸਬੰਧ ਵਿੱਚ ਹੁੰਦਾ ਹੈ ਕਿ ਆਉਣ ਜਾਣ ਦੇ ਰਾਹਾਂ ਦੇ ਨਾਲ-ਨਾਲ ਵਪਾਰਕ ਰਿਸ਼ਤਿਆਂ ਉੱਤੇ ਵੀ ਰੋਕ ਲਾ ਦਿੱਤੀ ਜਾਂਦੀ ਹੈ।”

“ਹਾਲ ਦੀ ਘੜੀ ਨਾ ਤਾਂ ਆਉਣ-ਜਾਣ ਉੱਤੇ ਪਾਬੰਦੀ ਦੀ ਸੰਭਾਵਨਾ ਨਜ਼ਰ ਆ ਰਹੀ ਹੈ ਅਤੇ ਨਾ ਹੀ ਵਪਾਰਕ ਰੋਕਾਂ ਦੀ।”

ਕੈਨੇਡਾ ਵਿੱਚ ਸਿੱਖ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸਿੱਖ ਪ੍ਰਦਰਸ਼ਨਕਾਰੀਆਂ ਨੇ ਪਿਛਲੇ ਸਾਲ ਟੋਰਾਂਟੋ ਵਿੱਚ ਭਾਰਤੀ ਕੌਂਸਲੇਟ ਦੇ ਬਾਹਰ ਪ੍ਰਦਰਸ਼ਨ ਕੀਤਾ

ਭਾਰਤ ਉੱਤੇ ਕੀ ਅਸਰ ਪਵੇਗਾ

ਅਨੂਪਮਾ ਕਹਿੰਦੇ ਹਨ ਕਿ ਬੇਸ਼ੱਕ ਭਾਰਤ ਨੂੰ ਇਸ ਦੇ ਲੰਬੇ ਸਮੇਂ ਦੀ ਨਤੀਜਿਆਂ ਲਈ ਤਿਆਰ ਹੋਣਾ ਪਵੇਗਾ।

“ਕੈਨੇਡਾ ਵਿੱਚ ਵੱਡੀ ਗਿਣਤੀ ਭਾਰਤੀ ਰਹਿੰਦੇ ਹਨ, ਜੋ ਉੱਥੇ ਨਾਗਰਿਕਤਾ ਹਾਸਿਲ ਕਰ ਚੁੱਕੇ ਹਨ ਉਹ ਅਤੇ ਨਾਲ ਹੀ ਉਹ ਜਿਨ੍ਹਾਂ ਕੋਲ ਭਾਰਤੀ ਪਾਸਪੋਰਟ ਅਤੇ ਨਾਗਰਿਕਤਾ ਹੈ ਪਰ ਉਹ ਉੱਥੇ ਅਸਥਾਈ ਤੌਰ ਉੱਤੇ ਕੰਮ ਕਰ ਰਹੇ ਹਨ।”

“ਫ਼ਿਲਹਾਲ ਜ਼ਰੂਰ ਹੈ ਕਿ ਦੋਵਾਂ ਦੇਸ਼ਾਂ ਦਰਮਿਆਨ ਵਪਾਰਕ ਜਾਂ ਡਾਇਸਪੋਰਾ ਪੱਖੋਂ ਸਬੰਧਾਂ ਉੱਤੇ ਨੇੜਲੇ ਭਵਿੱਖ ਵਿੱਚ ਅਸਰ ਪੈਂਦਾ ਨਜ਼ਰ ਨਹੀਂ ਆ ਰਿਹਾ। ਪਰ ਇਹ ਅਣਛੁਹਿਆ ਨਹੀਂ ਰਹੇਗਾ। ਇਸ ਦਾ ਅਸਰ ਤਾਂ ਜ਼ਰੂਰ ਹੋਵੇਗਾ।”

ਅਨੂਪਮਾ ਇਸ ਮਾਮਲੇ ਵਿੱਚ ‘ਦਿ ਫ਼ਾਈਵ ਆਈ ਕੰਟਰੀਜ਼’ ਦਾ ਜ਼ਿਕਰ ਕਰਦੇ ਹਨ। ਉਹ ਕਹਿੰਦੇ ਹਨ ਕਿ ਕੈਨੇਡਾ, ਅਮਰੀਕਾ, ਬਰਤਾਨੀਆਂ, ਨਿਊਜ਼ੀਲੈਂਡ ਅਤੇ ਆਸਟ੍ਰੇਲੀਆ ਇਸ ਦਾ ਹਿੱਸਾ ਹੈ ਅਤੇ ਉਨ੍ਹਾਂ ਦਾ ਇੱਕਮਤ ਹੋਣਾ ਸੁਭਾਵਿਕ ਹੈ।

ਇਸ ਦਾ ਅੰਦਾਜ਼ਾ ਅਮਰੀਕਾ ਦੇ ਭਾਰਤ ਕੈਨੇਡਾ ਵਿਚਲੇ ਤਣਾਅ ਬਾਰੇ ਆਏ ਪ੍ਰਤੀਕਰਮ ਤੋਂ ਵੀ ਲਾਇਆ ਜਾ ਸਕਦਾ ਹੈ।

ਮੰਗਲਵਾਰ ਨੂੰ ਅਮਰੀਕਾ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਮੈਥਿਊ ਮਿਲਰ ਨੇ ਕਿਹਾ ਕਿ ਭਾਰਤ ’ਤੇ ਲਾਏ ਗਏ ਇਲਜ਼ਾਮ ਬੇਹੱਦ ਗੰਭੀਰ ਹਨ। ਭਾਰਤ ਨੂੰ ਨਿੱਝਰ ਕਤਲ ਮਾਮਲੇ ਵਿੱਚ ਕੈਨੇਡਾ ਵਲੋਂ ਲਾਏ ਗਏ ਇਲਜ਼ਾਮਾਂ ਉੱਤੇ ਗੰਭੀਰਤਾ ਨਾਲ ਵਿਚਾਰ ਕਰਨਾ ਚਾਹੀਦਾ ਹੈ।

ਜ਼ਿਕਰਯੋਗ ਹੈ ਕਿ ਮੀਡੀਆ ਖ਼ਬਰਾਂ ਮੁਤਾਬਕ ਜਸਟਿਨ ਟਰੂਡੋ ਨੇ ਹਮਾਇਤ ਹਾਸਿਲ ਕਰਨ ਲਈ ਸੋਮਵਾਰ ਨੂੰ ਬਰਤਾਨਵੀਂ ਪ੍ਰਧਾਨ ਮੰਤਰੀ ਕੀਅਰ ਸਟਾਰਮਰ ਨਾਲ ਵੀ ਫ਼ੋਨ ਉੱਤੇ ਗੱਲਬਾਤ ਕੀਤੀ ਸੀ।

ਨਿਰੂਪਮਾ ਕਹਿੰਦੇ ਹਨ, “ਭਾਰਤ ਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਚਾਹੇ ਉਹ ਆਪਣੇ ਅਮਰੀਕਾ ਨਾਲ ਸਾਜ਼ਗਰ ਸਬੰਧਾਂ ਦਾ ਜ਼ਿਕਰ ਕਰਦਾ ਰਹੇ ਜਾਂ ਫ਼ਿਰ ਆਪਣੀ ਅੱਗੇ ਵੱਧਦੀ ਆਰਥਿਕਤਾ ਦੀ ਗੱਲ ਕਰ ਰਿਹਾ ਹੋਵੇ। ਪਰ ਜਦੋਂ ਇਹ ਦੁਨੀਆਂ ਦੀਆਂ ਵੱਡੀਆਂ ਤਾਕਤਾਂ ਖ਼ਿਲਾਫ਼ ਖੜੇ ਹੋਣ ਦੀ ਗੱਲ ਹੋਵੇਗੀ ਤਾਂ ਵੱਡੀਆ ਤਾਕਤਾਂ ਪਹਿਲਾਂ ਆਪਣੇ ਹਿੱਤ ਦੇਖਣਗੀਆਂ ਅਤੇ ਆਪਸ ਵਿੱਚ ਇੱਕਸੁਰ ਹੀ ਹੋਣਗੀਆਂ।”

“ਇੱਕ ਹੋਰ ਵੀ ਗੱਲ ਜੋ ਬਹੁਤ ਸਾਰੀਆਂ ਤਾਰਾਂ ਨੂੰ ਆਪਸ ਵਿੱਚ ਜੋੜਦੀ ਹੈ ਉਹ ਹੈ ਹਾਲ ਹੀ ਦੇ ਕੁਝ ਸਾਲਾਂ ਵਿੱਚ ਕੈਨੇਡਾ, ਅਮਰੀਕਾ ਅਤ ਆਸਟ੍ਰੇਲੀਆ ਸਣੇ ਫ਼ਾਈਵ ਆਈ ਦੇ ਬਾਕੀ ਮੁਲਕਾਂ ਵਿੱਚ ਵੀ ਅਸੀਂ ਕਥਿਤ ਤੌਰ ਉੱਤੇ ਸਿੱਖ ਕੱਟੜਪੰਥੀਆਂ ਦੀਆਂ ਗਤੀਵਿਧੀਆਂ ਦੀਆਂ ਖ਼ਬਰਾਂ ਦੇਖੀਆਂ ਹਨ।”

ਉਹ ਕਹਿੰਦੇ ਹਨ,“ਹਾਲਾਂਕਿ ਭਾਰਤ ਨੇ ਹਮੇਸ਼ਾਂ ਇਨ੍ਹਾਂ ਦੀ ਨਿਖੇਧੀ ਕੀਤੀ ਹੈ। ਪਰ ਇਸ ਘਟਨਾਕ੍ਰਮ ਨੂੰ ਹੌਲਿਆਂ ਨਹੀਂ ਲਿਆ ਜਾ ਸਕਦਾ ਅਤੇ ਇੱਕ-ਦੂਜੇ ਉੱਤੇ ਇਲਜ਼ਾਮ ਲਾ ਕੇ ਜਾਂ ਸਖ਼ਤ ਬਿਆਨਬਾਜ਼ੀ ਕਰਕੇ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ।”

ਨਿਰੂਪਮਾ ਕਹਿੰਦੇ ਹਨ ਕਿ ਭਾਰਤ ਨੂੰ ਆਪਣੇ ਕੂਟਨੀਤਕ ਸਬੰਧਾਂ ਬਾਰੇ ਰਣਨੀਤੀ ਨੂੰ ਘੋਖਣਾ ਪਵੇਗਾ ਅਤੇ ਕੁਝ ਵੀ ਕਹਿਣ ਜਾਂ ਕਰਨ ਤੋਂ ਪਹਿਲਾਂ ਗੰਭੀਰਤਾ ਨਾਲ ਉਸ ਦੇ ਨਤੀਜਿਆਂ ਬਾਰੇ ਵੀ ਦੂਰ-ਅੰਦੇਸ਼ੀ ਨਾਲ ਸਮਝਣਾ ਪਵੇਗਾ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)