ਕੂਟਨੀਤਕਾਂ ਨੂੰ ਕੱਢਣਾ, ਤਿੱਖੇ ਬਿਆਨਾਂ ਤੇ ਇਲਜ਼ਾਮਬਾਜ਼ੀਆਂ ਨੂੰ ਚਿੰਤਾ ਦਾ ਵਿਸ਼ਾ ਕਿਉਂ ਮੰਨਿਆ ਜਾ ਰਿਹਾ ਹੈ

ਤਸਵੀਰ ਸਰੋਤ, AFP
- ਲੇਖਕ, ਸੌਤਿਕ ਬਿਸਵਾਸ
- ਰੋਲ, ਬੀਬੀਸੀ ਪੱਤਰਕਾਰ
ਕੈਨੇਡਾ ਦੀ ਧਰਤੀ ʼਤੇ ਹੋਏ ਸਿੱਖ ਵੱਖਵਾਦੀ ਸਮਰਥਕ ਦੇ ਕਤਲ ਨੂੰ ਲੈ ਕੇ ਵਧਦੇ ਤਣਾਅ ਵਿਚਾਲੇ ਭਾਰਤ ਅਤੇ ਕੈਨੇਡਾ ਨੇ ਆਪਣੇ-ਆਪਣੇ ਦੇਸ਼ ਵਿੱਚੋਂ ਇੱਕ-ਦੂਜੇ ਦੇ ਮੋਹਰੀ ਕੂਟਨੀਤਕਾਂ ਨੂੰ ਕੱਢ ਦਿੱਤਾ ਹੈ, ਜਿਸ ਕਾਰਨ ਇਤਿਹਾਸਕ ਤੌਰ ʼਤੇ ਮਿੱਠੇ ਰਹੇ ਸਬੰਧ ਫਿੱਕੇ ਪੈ ਗਏ ਹਨ।
ਹਾਲਾਂਕਿ, ਪਿਛਲੀਆਂ ਅਸਹਿਮਤੀਆਂ ਨੇ ਵੀ ਰਿਸ਼ਤਿਆਂ ਵਿੱਚ ਤਣਾਅ ਪੈਦਾ ਕੀਤਾ ਸੀ ਪਰ ਕੋਈ ਵੀ ਦੇਸ਼ ਇਸ ਤਰ੍ਹਾਂ ਖੁੱਲ੍ਹੇਆਮ ਇਸ ਪੱਧਰ ʼਤੇ ਨਹੀਂ ਪਹੁੰਚਿਆ ਸੀ।
ਸਾਲ 1974 ਵਿੱਚ ਭਾਰਤ ਨੇ ਪਰਮਾਣੂ ਪ੍ਰੀਖਣ ਕਰ ਕੇ ਦੁਨੀਆਂ ਨੂੰ ਹੈਰਾਨ ਕਰ ਦਿੱਤਾ ਸੀ, ਜਿਸ ਕਾਰਨ ਕੈਨੇਡਾ ਵਿੱਚ ਨਾਰਾਜ਼ਗੀ ਫੈਲ ਗਈ ਸੀ।
ਉਸ ਵੇਲੇ ਕੈਨੇਡਾ ਨੇ ਰਿਏਕਟਰ ਤੋਂ ਪਲੂਟੋਨੀਅਮ ਕੱਢਣ ਦਾ ਇਲਜ਼ਾਮ ਲਗਾਇਆ ਸੀ, ਜੋ ਸਿਰਫ਼ ਸ਼ਾਂਤਮਈ ਢੰਗ ਨਾਲ ਵਰਤੋਂ ਕਰਨ ਲਈ ਸੀ।
ਇਸ ਤੋਂ ਬਾਅਦ ਦੋਵਾਂ ਦੇਸ਼ਾਂ ਵਿਚਾਲੇ ਰਿਸ਼ਤੇ ਕਾਫੀ ਫਿੱਕੇ ਪੈ ਗਏ ਸਨ ਅਤੇ ਕੈਨੇਡਾ ਨੇ ਭਾਰਤ ਦੇ ਪਰਮਾਣੂ ਊਰਜਾ ਪ੍ਰੋਗਰਾਮ ਨੂੰ ਸਮਰਥਨ ਦੇਣਾ ਬੰਦ ਕਰ ਦਿੱਤਾ ਸੀ।
ਪਰ ਉਦੋਂ, ਫਿਰ ਵੀ ਮੋਹਰੀ ਕੂਟਨੀਤਕਾਂ ਨੂੰ ਕੱਢਿਆ ਨਹੀਂ ਗਿਆ ਸੀ, ਜਿਵੇਂ ਬੀਤੇ ਸੋਮਵਾਰ ਨੂੰ ਕੀਤਾ ਗਿਆ ਹੈ।

ਤਸਵੀਰ ਸਰੋਤ, Reuters
ਦਰਅਸਲ, ਇਹ ਤਣਾਅ ਪਿਛਲੇ ਸਾਲ ਜੂਨ ਵਿੱਚ ਕੈਨੇਡਾ ਦੀ ਧਰਤੀ ʼਤੇ ਕਤਲ ਕੀਤੇ ਗਏ ਖ਼ਾਲਿਸਤਾਨੀ ਸਮਰਥਕ ਹਰਦੀਪ ਨਿੱਝਰ ਦੇ ਕਤਲ ਤੋਂ ਬਾਅਦ ਉਪਜੇ ਤਣਾਅ ਕਾਰਨ ਹੋਇਆ ਹੈ।
ਸਿੱਖ ਵੱਖਵਾਦੀ ਆਗੂ ਹਰਦੀਪ ਸਿੰਘ ਨਿੱਝਰ ਨੂੰ ਭਾਰਤ ਨੇ ਅੱਤਵਾਦੀ ਐਲਾਨਿਆ ਹੋਇਆ ਸੀ।
ਕੂਟਨੀਤਕਾਂ ਨੂੰ ਕੱਢਣ ਦਾ ਇਹ ਕਦਮ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਇਸ ਦਾਅਵੇ ਤੋਂ ਬਾਅਦ ਹੋਈ ਕਾਰਵਾਈ ਹੈ, ਜਿਸ ਵਿੱਚ ਉਨ੍ਹਾਂ ਨੇ ਕਿਹਾ ਸੀ ਕਿ ਕੈਨੇਡਾ ਦੀ ਪੁਲਿਸ ਜੂਨ 2023 ਦੇ ਕਤਲ ਵਿੱਚ ਭਾਰਤੀ ਏਜੰਟਾਂ ਦੀ ਸਿੱਧੀ ਸ਼ਮੂਲੀਅਤ ਦੇ ਇਲਜ਼ਾਮਾਂ ਦੀ ਜਾਂਚ ਕਰ ਰਹੀ ਹੈ।
ਕੈਨੇਡਾ ਦੀ ਪੁਲਿਸ ਨੇ ਭਾਰਤੀ ਏਜੰਟਾਂ ʼਤੇ ਭਾਰਤ ਵਿੱਚ ਵੱਖਰੇ ਸਿੱਖਾਂ ਦੇ ਮੁਲਕ ਦੀ ਵਕਾਲਤ ਕਰਨ ਵਾਲੇ ਖ਼ਾਲਿਸਤਾਨੀ ਸਮਰਥਕਾਂ ਨੂੰ ਨਿਸ਼ਾਨਾ ਬਣਾ ਕੇ, "ਕਤਲ, ਜਬਰਨ ਵਸੂਲੀ ਅਤੇ ਹਿੰਸਕ ਕਾਰਵਾਈਆਂ ਵਿੱਚ ਸ਼ਾਮਲ ਹੋਣ ਦਾ ਇਲਜ਼ਾਮ ਲਗਾਇਆ ਹੈ।
ਹਾਲਾਂਕਿ, ਭਾਰਤ ਨੇ ਇਨ੍ਹਾਂ ਇਲਜ਼ਾਮਾਂ ਨੂੰ ʻਬੇਤੁਕਾʼ ਦੱਸ ਕੇ ਰੱਦ ਕੀਤਾ ਹੈ।

ਵਿਸ਼ਲੇਸ਼ਕ ਕੀ ਕਹਿੰਦੇ ਹਨ
ਕੈਨੇਡਾ ਵਿੱਚ ਕਰੀਬ 7 ਲੱਖ 70 ਹਜ਼ਾਰ ਸਿੱਖ ਰਹਿੰਦੇ ਹਨ, ਜੋ ਭਾਰਤੀ ਪੰਜਾਬ ਤੋਂ ਬਾਹਰ ਕਿਸੇ ਜ਼ਮੀਨ ʼਤੇ ਵਸਣ ਵਾਲੇ ਸਿੱਖਾਂ ਦਾ ਵੱਡਾ ਡਾਇਸਪੋਰਾ ਹੈ।
1980ਵਿਆਂ ਦੇ ਦਹਾਕੇ ਅਤੇ 1990ਵਿਆਂ ਦੀ ਸ਼ੁਰੂਆਤ ਵੇਲੇ ਚੱਲੇ ਅੱਤਵਾਦ ਦੇ ਦੌਰ ਤੋਂ ਸ਼ੁਰੂ ਹੋਇਆ ਸਿੱਖ ਵੱਖਵਾਦ, ਦੋਵਾਂ ਦੇਸ਼ਾਂ ਵਿਚਾਲੇ ਤਣਾਅ ਦਾ ਕਾਰਨ ਬਣਦਾ ਰਿਹਾ ਹੈ।
ਕੈਨੇਡਾ ਨੂੰ ਆਪਣੀ ਹਦੂਦ ਅੰਦਰ ਖ਼ਾਲਿਸਤਾਨੀ ਅੰਦੋਲਨ ਦਾ ਵਿਰੋਧ ਕਰਨ ਵਿੱਚ ਅਸਫ਼ਲ ਰਹਿਣ ਕਾਰਨ ਦਿੱਲੀ ਦੀ ਤਿੱਖੀ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਹੈ।
ਭਾਰਤ ਦਾ ਕਹਿਣਾ ਹੈ ਕਿ ਕੈਨੇਡਾ ਦੇ ਸਥਾਨਕ ਖ਼ਾਲਿਸਤਾਨੀ ਸਮੂਹਾਂ ਤੋਂ ਜਾਣੂ ਹੈ ਅਤੇ ਸਾਲਾਂ ਤੋਂ ਇਸ ʼਤੇ ਨਜ਼ਰ ਰੱਖ ਰਿਹਾ ਹੈ।
ਅਮਰੀਕੀ ਥਿੰਕਟੈਂਕ, ਵਿਲਸਨ ਸੈਂਟਰ ਦੇ ਮਾਈਕਲ ਕੁਗੇਲਮਨ ਨੇ ਬੀਬੀਸੀ ਨੂੰ ਦੱਸਿਆ, "ਇਹ ਰਿਸ਼ਤੇ ਕਈ ਸਾਲਾਂ ਤੋਂ ਢਲਾਣ ਵੱਲ ਸਨ ਪਰ ਹੁਣ ਇਹ ਬਹੁਤ ਜ਼ਿਆਦਾ ਹੀ ਫਿੱਕੇ ਪੈ ਗਏ ਹਨ।"
"ਜਨਤਕ ਤੌਰ ʼਤੇ ਬੇਹੱਦ ਗੰਭੀਰ ਅਤੇ ਵਿਸਥਾਰਿਤ ਇਲਜ਼ਾਮ ਲਗਾਉਣਾ, ਸਫ਼ੀਰਾਂ ਤੇ ਮੋਹਰੀ ਕੂਟਨੀਤਕਾਂ ਨੂੰ ਵਾਪਸ ਬੁਲਾਉਣਾ, ਤਿੱਖੀ ਭਾਸ਼ਾ ਵਿੱਚ ਕੂਟਨੀਤਕ ਬਿਆਨ ਜਾਰੀ ਕਰਨਾ। ਇਹ ਸਭ ਜੋ ਹੋ ਰਿਹਾ ਹੈ ਉਹ ਸੋਚ ਤੋਂ ਪਰੇ ਦੀ ਗੱਲ ਹੈ ਅਤੇ ਚਿੰਤਾ ਦਾ ਵਿਸ਼ਾ ਹੈ।"
ਹੋਰ ਵਿਸ਼ਲੇਸ਼ਕ ਵੀ ਇਸ ਗੱਲ ਨਾਲ ਸਹਿਮਤ ਹਨ ਕਿ ਇਹ ਪਲ਼ ਇਤਿਹਾਸਕ ਬਦਲਾਅ ਦਾ ਸੰਕੇਤ ਦੇ ਰਿਹਾ ਹੈ।
ਕੋਨਫਲਿਕਟਿੰਗ ਵਿਜ਼ਨਸ, ਕੈਨੇਡਾ ਐਂਡ ਇੰਡੀਆ ਇਨ ਦਿ ਕੋਲਡ ਵਾਰ ਵਰਲਡ ਦੇ ਰਿਆਨ ਤੌਹੇ ਦਾ ਕਹਿਣਾ ਹੈ, "ਇਹ ਟਰੂਡੋ ਸਰਕਾਰ ਦੇ ਰਾਜ ਅਧੀਨ ਕੈਨੇਡਾ ਅਤੇ ਭਾਰਤ ਵਿਚਾਲੇ ਰਿਸ਼ਤਿਆਂ ਵਿੱਚ ਆਈ ਅਹਿਮ ਗਿਰਾਵਟ ਨੂੰ ਦਰਸਾਉਂਦਾ ਹੈ।"

ਤੌਹੇ ਵਾਟਰਲੂ ਯੂਨੀਵਰਸਿਟੀ ਵਿੱਚ ਇਤਿਹਾਸ ਦੇ ਪ੍ਰੋਫੈਸਰ ਹਨ।
ਉਹ ਕਹਿੰਦੇ ਹਨ ਕਿ ਸਾਬਕਾ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਸਰਕਾਰ ਦੀ ਇੱਕ ਅਹਿਮ ਸਫ਼ਲਤਾ ਇਹ ਸੀ ਕਿ ਉਨ੍ਹਾਂ ਨੇ ਖ਼ਾਲਿਸਤਾਨ ਅਤੇ ਪਰਮਾਣੂ ਪ੍ਰਸਾਰ ਦੀਆਂ ਸ਼ਿਕਾਇਤਾਂ ਨੂੰ ਪਿੱਛੇ ਛੱਡ ਕੇ ਭਾਰਤ-ਕੈਨੇਡਾ ਦੇ ਰਿਸ਼ਤੇ ਵਿਚਾਲੇ ʻਲੰਬੇ ਸਮੇਂ ਤੱਕ ਮੇਲ-ਜੋਲʼ ਨੂੰ ਵਧਾਇਆ।
"ਇਸ ਦੀ ਬਜਾਇ, ਕੈਨੇਡਾ ਨੇ ਵੱਡੀ ਗਿਣਤੀ ਵਿੱਚ ਭਾਰਤੀ ਪਰਵਾਸੀਆਂ ਦੀ ਗਿਣਤੀ ਨੂੰ ਦੇਖਦੇ ਹੋਏ, ਵਪਾਰ, ਸਿੱਖਿਆ ਅਤੇ ਲੋਕਾਂ ਦੇ ਮੇਲ-ਜੋਲ ਦੇ ਮਹੱਤਵ ʼਤੇ ਧਿਆਨ ਕੇਂਦਰਿਤ ਕੀਤਾ।"
"ਇਹ ਵੀ ਦੱਸਣਾ ਜ਼ਰੂਰੀ ਹੈ ਕਿ ਮਿਲੇਨੀਅਮ ਸਦੀ ਦੀ ਸ਼ੁਰੂਆਤ ਵਿੱਚ ਖ਼ਾਲਸਿਤਾਨ ਦੀ ਮੁੱਦਾ ਗਾਇਬ ਜਿਹਾ ਹੋ ਗਿਆ ਸੀ ਪਰ ਹੁਣ ਇਹ ਫਿਰ ਉਭਰ ਆਇਆ ਹੈ।"
ਕੈਨੇਡਾ ਦੇ ਇਲਜ਼ਾਮ ਅਜਿਹੇ ਸਮੇਂ ਸਾਹਮਣੇ ਆਏ ਹਨ ਜਦੋਂ ਟਰੂਡੋ ਆਪਣੇ ਦੇਸ਼ ਵਿੱਚ ਸੱਤਾ ਵਿਰੋਧੀ ਲਹਿਰ ਨਾਲ ਜੂਝ ਰਹੇ ਹਨ ਅਤੇ ਚੋਣਾਂ ਵਿੱਚ ਮੁਸ਼ਕਿਲ ਨਾਲ ਇੱਕ ਹੀ ਸਾਲ ਦਾ ਸਮਾਂ ਬਚਿਆ ਹੈ।
ਇਪਸੋਸ ਦੇ ਇੱਕ ਨਵੇਂ ਸਰਵੇਖਣ ਤੋਂ ਪਤਾ ਲੱਗਦਾ ਹੈ ਕਿ 28 ਫੀਸਦ ਵਿੱਚ ਲੋਕ ਟਰੂਡੋ ਦੇ ਹੱਕ ਵਿੱਚ ਹਨ ਅਤੇ 26 ਫੀਸਦ ਲੋਕ ਲਿਬਰਵਜ਼ ਨੂੰ ਵੋਟ ਦੇਣਗੇ।
ਭਾਰਤੀ ਵਿਦੇਸ਼ ਮੰਤਰਾਲੇ ਸੋਮਵਾਰ ਨੂੰ ਤਿੱਖੀ ਟਿੱਪਣੀ ਕਰਦੇ ਹੋਏ ਟਰੂਡੋ ਦੇ ਇਲਜ਼ਾਮਾਂ ਨੂੰ ʻਟਰੂਡੋ ਸਰਕਾਰ ਦੇ ਸਿਆਸੀ ਏਜੰਡਾʻ ਦੱਸਿਆ, ʻਜੋ ਵੋਟ ਬੈਂਕ ਸਿਆਸਤ ਤੋਂ ਪ੍ਰੇਰਿਤ ਹੈ।ʼ

ਸਾਲ 2016 ਵਿੱਟ ਟਰੂਡੋ ਨੇ ਪੱਤਰਕਾਰਾਂ ਨੂੰ ਦੱਸਿਆ ਸੀ ਕਿ ਉਨ੍ਹਾਂ ਦੀ ਕੈਬਨਿਟ ਵਿੱਚ ਚਾਰ ਸਿੱਖ ਹਨ, ਜੋ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਕੈਬਨਿਟ ਨਾਲੋਂ ਜ਼ਿਆਦਾ ਹਨ।
ਸਿੱਖ ਕੈਨੇਡਾ ਦੀ ਸਿਆਸਤ ਵਿੱਚ ਕਾਫੀ ਰਸੂਖ਼ ਰੱਖਦੇ ਹਨ, ਹਾਊਸ ਆਫ ਕਾਮਨਸ ਵਿੱਚ 15 ਸੀਟਾਂ ʼਤੇ ਸਿੱਖ ਬਿਰਾਜਮਾਨ ਹਨ।
ਇਸ ਲਿਹਾਜ਼ ਨਾਲ ਉਹ ਹਾਊਸਆਫ ਕਾਮਨਸ ਦਾ 4 ਫੀਸਦ ਹਿੱਸਾ ਬਣਦੇ ਹਨ ਅਤੇ ਜਦਕਿ ਆਬਾਦੀ ਦਾ ਉਹ ਕੇਵਲ 2 ਫੀਸਦ ਹਨ।
ਇਨ੍ਹਾਂ ਵਿੱਚੋਂ ਕਈ ਸੀਟਾਂ ਕੌਮੀ ਚੋਣਾਂ ਦੌਰਾਨ ਅਹਿਮ ਰਹੀਆਂ ਹਨ। ਸਾਲ 2020 ਵਿੱਚ ਟਰੂਡੋ ਨੇ ਭਾਰਤ ਵਿੱਚ ਕਿਸਾਨ ਅੰਦੋਲਨ ਨੂੰ ਲੈ ਕੇ ਆਪਣੀ ਚਿੰਤਾ ਜ਼ਾਹਿਰ ਕੀਤੀ ਸੀ, ਜਿਸ ਦੀ ਦਿੱਲੀ ਨੇ ਕਾਫੀ ਆਲੋਚਨਾ ਕੀਤੀ।
ਤੌਹੇ ਦਾ ਕਹਿਣਾ ਹੈ "ਮੋਟੇ ਤੌਰ ʼਤੇ ਮੈਨੂੰ ਇਸ ਸੰਕਟ ਤੋਂ ਇਹ ਅਹਿਸਾਸ ਹੋ ਗਿਆ ਹੈ ਕਿ ਇਹ ਪ੍ਰਧਾਨ ਮੰਤਰੀ ਦੂਜੀ ਵਾਰ ਹਾਰਨ ਦੇ ਰਾਹ ʼਤੇ ਹੈ। ਖ਼ਾਸ ਤੌਰ ʼਤੇ ਇੰਡੋ-ਕੈਨੇਡੀਅਨ ਭਾਈਚਾਰੇ ਵਿੱਚ ਇਸ ਨਾਲ ਜ਼ਿਆਦਾ ਦੁੱਖ ਪਹੁੰਚ ਸਕਦਾ ਹੈ।"
ਉਹ ਦੱਸਦੇ ਹਨ ਕਿ ਕੈਨੇਡਾ ਵਿੱਚ ਭਾਰਤੀ ਪਰਵਾਸੀ, ਜੋ ਮੁੱਖ ਤੌਰ ʼਤੇ ਕਦੇ ਸਿੱਖ ਤੇ ਪੰਜਾਬੀ ਹੁੰਦੇ ਸਨ, ਹੁਣ ਉਨ੍ਹਾਂ ਵਿੱਚ ਕਾਫੀ ਵਿਭਿੰਨਤਾ ਆਈ ਹੈ।

ਕੀ ਇਹ ਟਰੂਡੋ ਦੀ ਵੋਟ ਬੈਂਕ ਦੀ ਸਿਆਸਤ ਹੈ, ਮਾਹਰਾਂ ਦੀ ਰਾਇ
ਹੁਣ ਇਨ੍ਹਾਂ ਵਿੱਚ ਹਿੰਦੂ ਅਤੇ ਦੱਖਣੀ ਭਾਰਤ ਤੋਂ ਆਏ ਪਰਵਾਸੀਆਂ ਦੇ ਨਾਲ ਪੱਛਮੀ ਸੂਬੇ ਗੁਜਰਾਤ ਦੇ ਲੋਕ ਵੀ ਵੱਡੀ ਗਿਣਤੀ ਵਿੱਚ ਸ਼ਾਮਿਲ ਹਨ।
ਹਾਲਾਂਕਿ ਤੌਹੇ ਨੂੰ ਨਹੀਂ ਲੱਗਦਾ ਕਿ ਭਾਰਤ ਦੇ ਨਾਲ ਸੰਕਟ ਦਾ ਵੋਟ ਬੈਂਕ ਦੀ ਸਿਆਸਤ ਦਾ ਕੋਈ ਲੈਣਾ-ਦੇਣਾ ਹੈ।
ਉਹ ਆਖਦੇ ਹਨ, "ਉਨ੍ਹਾਂ ਨੂੰ 1990 ਦੇ ਦਹਾਕੇ ਤੋਂ ਭਾਰਤ ਆਏ ਆਰਥਿਕ ਬਦਲਾਅ ʼਤੇ ਮਾਣ ਹੈ ਅਤੇ ਸਿੱਖ ਵੱਖਵਾਦ ਪ੍ਰਤੀ ਹਮਦਰਦੀ ਨਹੀਂ ਰੱਖਣਗੇ। ਇਤਿਹਾਸਕ ਤੌਰ ʼਤੇ ਲਿਬਰਲਜ਼ ਨੂੰ ਸਿੱਖ ਵੋਟਾਂ ਕਾਫੀ ਮਿਲੀਆਂ ਹਨ, ਖ਼ਾਸ ਕਰ ਕੇ ਬ੍ਰਿਟਿਸ਼ ਕੋਲੰਬੀਆ ਵਿੱਚ।"
ਇਸ ਦੀ ਬਜਾਏ, ਉਨ੍ਹਾਂ ਦਾ ਮੰਨਣਾ ਹੈ ਕਿ ਮੌਜੂਦ ਤਣਾਅ ਦੀ ਵਜ੍ਹਾ ਕੈਨੇਡਾ ਸਰਕਾਰ ਵੱਲੋਂ "ਕੈਨੇਡਾ ਵਿੱਚ ਖ਼ਾਲਿਸਤਾਨ ਪੱਖੀ ਤੱਤਾਂ ਬਾਰੇ ਭਾਰਤੀ ਚਿੰਤਾਵਾਂ ਨੂੰ ਵਾਰ-ਵਾਰ ਨਜ਼ਰਅੰਦਾਜ਼ ਕਰਨਾ" ਕਾਰਨ ਹੈ।
ਤੌਹੇ ਆਖਦੇ ਹਨ, "ਮੇਰਾ ਮੰਨਣਾ ਹੈ ਕਿ ਕੈਨੇਡਾ ਵਿੱਚ ਖ਼ਾਲਿਸਤਾਨ ਪੱਖੀ ਤੱਤਾਂ ਬਾਰੇ ਵਿੱਚ ਭਾਰਤੀ ਚਿੰਤਾਵਾਂ ʼਤੇ ਧਿਆਨ ਦੇਣ ਲਈ ਕੈਨੇਡਾ ਦੀਆਂ ਸਰਕਾਰਾਂ ਨਾਲ ਦਹਾਕਿਆਂ ਤੱਕ ਬੇਨਤੀਆਂ ਕਰਨ ਤੋਂ ਬਾਅਦ, ਹੁਣ ਉਨ੍ਹਾਂ ਨੂੰ ਲੱਗਦਾ ਹੈ ਕਿ ਉਹ ਫਿਰ ਤੋਂ ਸ਼ੁਰੂਆਤੀ ਹਾਲਾਤ ਵਿੱਚ ਆ ਗਏ ਹਨ।"
ʻਸਿਵਾਏ ਇਸ ਦੇ ਇਸ ਵਾਰ ਦਿੱਲੀ ਵਿੱਚ ਸਰਕਾਰ ਬਹੁਤ ਵੱਖਰੀ ਹੈ। ਇਸ ਨੂੰ ਘਰੇਲੂ ਖ਼ਤਰਿਆਂ 'ਤੇ ਲਗਾਮ ਲਗਾਉਣ ਲਈ ਸਹੀ ਜਾਂ ਗ਼ਲਤ, ਸਖ਼ਤ ਕਾਰਵਾਈ ਕਰਨ ਨੂੰ ਤਿਆਰ ਹੈ।"

ਤਸਵੀਰ ਸਰੋਤ, Getty Images
ਕੁਗੇਲਮਨ ਦਾ ਵੀ ਕੁਝ ਅਜਿਹਾ ਹੀ ਮੰਨਣਾ ਹੈ।
ਉਨ੍ਹਾਂ ਦਾ ਕਹਿਣਾ ਹੈ "ਦੁਵੱਲੇ ਰਿਸ਼ਤਿਆਂ ਵਿੱਚ ਤੇਜ਼ੀ ਨਾਲ ਆਈ ਗਿਰਾਵਟ ਦੇ ਪਿੱਛੇ ਕਈ ਕਾਰਨ ਹਨ। ਇਸ ਵਿੱਚ ਇੱਕ ਬੁਨਿਆਦੀ ਤੌਰ ʼਤੇ ਵੱਖ ਹੋਣਾ ਵੀ ਸ਼ਾਮਲ ਹੈ।"
"ਭਾਰਤ ਜਿਸ ਨੂੰ ਇੱਕ ਖ਼ਤਰਨਾਕ ਖ਼ਤਰੇ ਵਜੋਂ ਪੇਸ਼ ਕਰਦਾ ਹੈ, ਕੈਨੇਡਾ ਉਸ ਨੂੰ ਸਿਰਫ਼ ਰੋਸ ਮੁਜ਼ਾਹਰੇ ਮੰਨਦਾ ਹੈ ਅਤੇ ਨੂੰ ਪ੍ਰਗਟਾਵੇ ਦੀ ਆਜ਼ਾਦੀ ਤਹਿਤ ਅਸਹਿਮਤੀ ਦੇ ਵਜੋਂ ਲੈਂਦਾ ਹੈ ਅਤੇ ਦੋਵਾਂ ਵਿੱਚੋਂ ਕੋਈ ਵੀ ਰਿਆਇਤ ਕਰਨ ਲਈ ਤਿਆਰ ਨਹੀਂ ਹੈ।"
ਅਜੇ ਸਭ ਕੁਝ ਖ਼ਤਮ ਨਾ ਵੀ ਹੋਵੇ। ਦੋਵਾਂ ਦੇਸ਼ਾਂ ਦਾ ਲੰਬਾ ਰਿਸ਼ਤਾ ਰਿਹਾ ਹੈ। ਕੈਨੇਡਾ ਵਿੱਚ ਭਾਰਤੀ ਮੂਲ ਦੇ ਭਾਈਚਾਰਿਆਂ ਵੱਡੀ ਆਬਾਦੀ ਹੈ, ਜਿਸ ਵਿੱਚ 13 ਲੱਖ ਨਿਵਾਸੀ ਅਤੇ ਇਹ ਕੈਨੇਡਾ ਦੀ ਕੁੱਲ ਆਬਾਦੀ ਦਾ 4 ਫੀਸਦ ਹਨ।
ਕੈਨੇਡਾ ਲਈ ਭਾਰਤ ਇੱਕ ਮੁੱਖ ਬਜ਼ਾਰ ਹੈ। ਇਹ ਇਸਦਾ 10ਵਾਂ ਸਭ ਤੋਂ ਵੱਡਾ ਵਪਾਰਕ ਭਾਈਵਾਲ ਹੈ।
ਭਾਰਤ 2018 ਤੋਂ ਕੈਨੇਡਾ ਲਈ ਕੌਮਾਂਤਰੀ ਵਿਦਿਆਰਥੀਆਂ ਵੱਡਾ ਸਰੋਤ ਵੀ ਰਿਹਾ ਹੈ।

ਤਸਵੀਰ ਸਰੋਤ, Getty Images
ਤੌਹੇ ਆਖਦੇ ਹਨ, "ਦੂਜੇ ਪਾਸੇ ਡਾਇਸਪੋਰਾ ਦੇ ਆਕਾਰ, ਡਾਇਸਪੋਰਾ ਦੀ ਵਿਭਿੰਨਤਾ ਅਤੇ ਦੁਵੱਲੇ ਵਪਾਰ ਵਿੱਚ ਵਾਧਾ, ਵਿਦਿਆਰਥੀਆਂ ਦੇ ਆਦਾਨ-ਪ੍ਰਦਾਨ ਵਿੱਚ ਵਾਧੇ ਕਾਰਨ ਰਿਸ਼ਤੇ ਪਹਿਲਾਂ ਹੀ ਕਿਤੇ ਵਿਆਪਕ ਹਨ।"
"ਹਾਲਾਂਕਿ ਇਹ ਆਖਰੀ ਬਿੰਦੂ ਟਰੂਡੋ ਸਰਕਾਰ ਲਈ ਵੀ ਇੱਕ ਸਮੱਸਿਆ ਦਾ ਮੁੱਦਾ ਬਣਦਾ ਜਾ ਰਿਹਾ ਹੈ।"
"ਇਸ ਲਈ, ਮੈਨੂੰ ਲੱਗਦਾ ਹੈ ਕਿ ਲੋਕਾਂ ਵਿਚਾਲੇ ਆਪਸੀ ਰਿਸ਼ਤੇ ਠੀਕ ਰਹਿਣਗੇ। ਉੱਚ ਦੁਵੱਲੇ ਪੱਧਰ 'ਤੇ, ਮੈਨੂੰ ਨਹੀਂ ਲੱਗਦਾ ਕਿ ਮੌਜੂਦਾ ਕੈਨੇਡਾ ਦੀ ਸਰਕਾਰ ਬਹੁਤ ਕੁਝ ਕਰ ਸਕਦੀ ਹੈ ਕਿਉਂਕਿ ਇਹ ਚੋਣਾਂ ਦੇ ਅੰਤਿਮ ਸਾਲ ਵਿੱਚ ਪ੍ਰਵੇਸ਼ ਕਰ ਰਹੀ ਹੈ। ਅਗਲੀਆਂ ਚੋਣਾਂ 2025 ਦੀ ਪਤਝੜ ਵਿੱਚ ਹੋਣ ਦੀ ਆਸ ਹੈ।"
ਪਰ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਹਾਲਾਤ ਕਾਫੀ ਮਾੜੇ ਨਜ਼ਰ ਆ ਰਹੇ ਹਨ।
ਕੁਗੇਲਮਨ ਦਾ ਕਹਿਣਾ ਹੈ, "ਹੁਣ ਦਿੱਲੀ ਕੈਨੇਡਾ ਦੇ ਖ਼ਿਲਾਫ਼ ਉਹੀ ਇਲਜ਼ਾਮ ਲਗਾ ਰਹੀ ਹੈ ਜੋ ਉਹ ਪਾਕਿਸਤਾਨ ਦੇ ਖ਼ਿਲਾਫ਼ ਲਗਾਤਾਰ ਲਗਾਉਂਦੀ ਰਹੀ ਹੈ।"
"ਉਹ ਓਟਵਾ ʼਤੇ ਭਾਰਤ ਵਿਰੋਧੀ ਅੱਤਵਾਦ ਨੂੰ ਸ਼ਰਨ ਦੇਣ ਅਤੇ ਸਪੌਂਸਰ ਕਰ ਦੇ ਇਲਜ਼ਾਮ ਲਗਾਉਂਦੀ ਰਹੀ ਹੈ। ਪਰ ਹਾਲ ਹੀ ਵਿੱਚ ਕੈਨੇਡਾ ਦੇ ਖ਼ਿਲਾਫ਼ ਇਨ੍ਹਾਂ ਇਲਜ਼ਾਮਾਂ ਦੀ ਭਾਸ਼ਾ ਪਾਕਿਸਤਾਨ ਦੇ ਖ਼ਿਲਾਫ਼ ਲੱਗੇ ਇਲਜ਼ਾਮਾਂ ਦੀ ਤੁਲਨਾ ਵਿੱਚ ਕਾਫੀ ਸਖ਼ਤ ਹੋ ਗਈ ਹੈ ਅਤੇ ਇਹ ਵਰਤਾਰਾ ਕਾਫੀ ਕੁਝ ਦੱਸਦਾ ਹੈ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ













