ਖਾਲਿਸਤਾਨ ਸਮਰਥਕਾਂ ਦੀ ਰੈਲੀ ਤੋਂ ਪਹਿਲਾਂ ਭਾਰਤ ਦਾ ਸਖ਼ਤ ਰੁਖ਼, ਜਾਣੋਂ ਕੈਨੇਡਾ ਸਰਕਾਰ ਕਦੋਂ ਤੱਕ ਨਹੀਂ ਕਰ ਸਕਦੀ ਕਾਰਵਾਈ

ਤਸਵੀਰ ਸਰੋਤ, Getty Images
- ਲੇਖਕ, ਰਾਜਵੀਰ ਕੌਰ ਗਿੱਲ
- ਰੋਲ, ਬੀਬੀਸੀ ਪੱਤਰਕਾਰ
ਭਾਰਤੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਵੀਰਵਾਰ ਸ਼ਾਮ ਨੂੰ ਕੈਨੇਡਾ 'ਚ ਭਾਰਤੀ ਡਿਪਲੋਮੈਟਾਂ ਖਿਲਾਫ ਹਿੰਸਾ ਦੀ ਮੰਗ ਵਾਲੇ ਖਾਲਿਸਤਾਨੀ ਪੋਸਟਰਾਂ 'ਤੇ ਇਤਰਾਜ਼ ਦਰਜ ਕਰਵਾਇਆ ਹੈ।
ਸਮਾਚਾਰ ਏਜੰਸੀ ਪੀਟੀਆਈ ਦੀ ਮੁਤਾਬਕ ਅਰਿੰਦਮ ਬਾਗਚੀ ਨੇ ਕਿਹਾ ਹੈ ਕਿ ਪ੍ਰਗਟਾਵੇ ਦੀ ਆਜ਼ਾਦੀ ਦੇ ਨਾਂ 'ਤੇ ਕੱਟੜਪੰਥੀ ਅਤੇ ਅੱਤਵਾਦੀ ਤੱਤਾਂ ਨੂੰ ਵਧਣ-ਫੁੱਲਣ ਦੀ ਇਜਾਜ਼ਤ ਨਹੀਂ ਦਿੱਤੀ ਜਾਣੀ ਚਾਹੀਦੀ।
ਉਨ੍ਹਾਂ ਕਿਹਾ ਕਿ ਡਿਪਲੋਮੈਟਾਂ ਦੀ ਸੁਰੱਖਿਆ ਅਤੇ ਦੂਤਾਵਾਸਾਂ ਦੀ ਸੁਰੱਖਿਆ ਭਾਰਤ ਸਰਕਾਰ ਲਈ ਬਹੁਤ ਅਹਿਮ ਹੈ।
ਇਸ ਮੁੱਦੇ 'ਤੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਸੋਮਵਾਰ ਨੂੰ ਪੱਤਰਕਾਰਾਂ ਨੂੰ ਕਿਹਾ, "ਅਸੀਂ ਯਕੀਨੀ ਤੌਰ 'ਤੇ ਇਸ (ਪੋਸਟਰ) ਦਾ ਮੁੱਦਾ ਉਠਾਵਾਂਗੇ, ਇਹ (ਪੋਸਟਰ) ਕੱਲ੍ਹ ਹੀ ਸਾਹਮਣੇ ਆਇਆ ਸੀ, ਹੋ ਸਕਦਾ ਹੈ ਕਿ ਹੁਣ ਤੱਕ ਵੀ ਦਿੱਤਾ ਗਿਆ ਹੈ)।
ਰਿਪੋਰਟਾਂ ਮੁਤਾਬਕ ਕੈਨੇਡਾ ਵਿੱਚ ਇੱਕ ਖਾਲਿਸਤਾਨ ਪੱਖੀ ਗਰੁੱਪ ਨੇ 8 ਜੁਲਾਈ ਨੂੰ ਟੋਰਾਂਟੋ ਵਿੱਚ ਰੈਲੀ ਬੁਲਾਈ ਹੈ। ਇਸ ਸਬੰਧੀ ਤਿਆਰ ਕੀਤੇ ਗਏ ਪੋਸਟਰ ਵਿੱਚ ਭਾਰਤੀ ਡਿਪਲੋਮੈਟਾਂ ਦੀਆਂ ਤਸਵੀਰਾਂ ਸਨ ਅਤੇ ਉਨ੍ਹਾਂ ਦੇ ਫ਼ੋਨ ਨੰਬਰ ਵੀ ਦਰਜ ਸਨ।
ਵਿਦੇਸ਼ ਮੰਤਰੀ ਨੇ ਕਿਹਾ, "ਸਾਡੇ ਭਾਈਵਾਲ ਦੇਸ਼ ਜਿਵੇਂ ਕੈਨੇਡਾ, ਅਮਰੀਕਾ, ਯੂਕੇ, ਆਸਟ੍ਰੇਲੀਆ ਵਰਗੇ ਭਾਈਵਾਲ ਦੇਸ਼ ਹਨ, ਜਿੱਥੇ ਕਈ ਵਾਰ ਖਾਲਿਸਤਾਨੀ ਗਤੀਵਿਧੀਆਂ ਹੁੰਦੀਆਂ ਹਨ। ਅਸੀਂ ਉਨ੍ਹਾਂ ਨੂੰ ਖਾਲਿਸਤਾਨੀਆਂ ਨੂੰ ਜਗ੍ਹਾ ਨਾ ਦੇਣ ਦੀ ਬੇਨਤੀ ਕੀਤੀ ਹੈ।"
ਵਿਦੇਸ਼ ਮੰਤਰੀ ਜੈਸ਼ੰਕਰ ਨੇ ਕਿਹਾ ਕਿ ਅਜਿਹੀ ਵਿਚਾਰਧਾਰਾ ਕਿਸੇ ਵੀ ਦੇਸ਼ ਜਾਂ ਆਪਸੀ ਸਬੰਧਾਂ ਲਈ ਚੰਗੀ ਨਹੀਂ ਹੈ।
ਉਨ੍ਹਾਂ ਕਿਹਾ, "ਉਨ੍ਹਾਂ ਦੀ ਸੋਚ ਜੋ ਵੀ ਹੋਵੇ, ਪਰ ਜੋ ਕੱਟੜਪੰਥੀ ਵਿਚਾਰਧਾਰਾ ਹੈ, ਉਹ ਨਾ ਤਾਂ ਸਾਡੇ ਲਈ ਚੰਗੀ ਹੈ, ਨਾ ਉਨ੍ਹਾਂ ਲਈ ਅਤੇ ਨਾ ਹੀ ਸਾਡੇ ਰਿਸ਼ਤਿਆਂ ਲਈ।"
ਜ਼ਿਕਰਯੋਗ ਹੈ ਕਿ ਇਸ ਸਾਲ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਤਿੰਨ ਅਜਿਹੀਆਂ ਘਟਨਾਵਾਂ ਸਾਹਮਣੇ ਆਈਆਂ ਹਨ ਜਿਨ੍ਹਾਂ ਵਿੱਚ ਖਾਲਿਸਤਾਨ ਪੱਖੀ ਸਮੂਹਾਂ ਨੇ ਜਨਤਕ ਤੌਰ ’ਤੇ ਗਤੀਵਿਧੀਆਂ ਕੀਤੀਆਂ ਹਨ।
ਪੋਸਟਰ ਵਿੱਚ ਇਹ ਇਲਜ਼ਾਮ ਲਗਾਇਆ ਗਿਆ ਹੈ ਕਿ ਇਹ ਡਿਪਲੋਮੈਟ 'ਖਾਲਿਸਤਾਨੀ ਆਗੂ ਹਰਦੀਪ ਸਿੰਘ ਨਿੱਝਰ ਦੇ ਕਤਲ ਲਈ ਜ਼ਿੰਮੇਵਾਰ ਹਨ'।
45 ਸਾਲਾ ਨਿੱਝਰ ਦਾ ਬੀਤੇ ਮਹੀਨੇ ਕੈਨੇਡਾ ਵਿੱਚ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।
ਇਸ ਪੋਸਟਰ ਦੇ ਸਾਹਮਣੇ ਆਉਣ 'ਤੇ ਕੈਨੇਡਾ 'ਚ ਰਹਿੰਦੇ ਕਈ ਭਾਰਤੀ ਮੂਲ ਦੇ ਲੋਕਾਂ ਨੇ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ ਸੀ।
ਪੋਸਟਰ ਵਿੱਚ ਇਹ ਇਲਜ਼ਾਮ ਲਗਾਇਆ ਗਿਆ ਹੈ ਕਿ ਇਹ ਡਿਪਲੋਮੈਟ 'ਖਾਲਿਸਤਾਨੀ ਆਗੂ ਹਰਦੀਪ ਸਿੰਘ ਨਿੱਝਰ ਦੇ ਕਤਲ ਲਈ ਜ਼ਿੰਮੇਵਾਰ ਹਨ'।
45 ਸਾਲਾ ਨਿੱਝਰ ਦਾ ਬੀਤੇ ਮਹੀਨੇ ਕੈਨੇਡਾ ਵਿੱਚ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।
ਇਸ ਪੋਸਟਰ ਦੇ ਸਾਹਮਣੇ ਆਉਣ 'ਤੇ ਕੈਨੇਡਾ 'ਚ ਰਹਿੰਦੇ ਕਈ ਭਾਰਤੀ ਮੂਲ ਦੇ ਲੋਕਾਂ ਨੇ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ ਸੀ।
ਇਹ ਪਹਿਲੀ ਵਾਰ ਨਹੀਂ ਜਦੋਂ ਕੈਨੇਡਾ ਵਿੱਚ ਕੋਈ ਖਾਲਿਸਤਾਨ ਪੱਖੀ ਗਤੀਵਿਧੀ ਹੋਈ ਹੋਵੇ ਤੇ ਭਾਰਤ ਨੇ ਉਸ ’ਤੇ ਆਪਣਾ ਪ੍ਰਤੀਕਰਮ ਦਿੱਤਾ ਹੋਵੇ।
ਜਾਣਦੇ ਹਾਂ ਹਾਲ ਵਿੱਚ ਵਾਪਰੀਆ ਉਨ੍ਹਾਂ ਘਟਨਾਵਾਂ ਬਾਰੇ ਜਿਨ੍ਹਾਂ ਤੋਂ ਬਾਅਦ ਕੈਨੇਡਾ ਵਸਦਾ ਭਾਰਤੀ ਭਾਈਚਾਰਾ ਵੀ ਦੋ-ਰਾਇ ਰੱਖਣ ਲੱਗਿਆ।
ਆਖ਼ਿਰ ਅਜਿਹੀਆਂ ਗਤੀਵਿਧੀਆਂ ਨੂੰ ਕੈਨੇਡਾ ਵਿੱਚ ਥਾਂ ਕਿਵੇਂ ਮਿਲਦੀ ਹੈ।

ਤਸਵੀਰ ਸਰੋਤ, ANI
ਕੈਨੇਡਾ ਵਿੱਚ ਕੱਟੜਪੰਥੀ ਘਟਨਾਵਾਂ ’ਤੇ ਭਾਰਤ ਦੇ ਪ੍ਰਤੀਕਰਮ
ਕੈਨੇਡਾ ਵਿੱਚ ਲਗਾਏ ਗਏ ਪੋਸਟਰਾਂ ਤੋਂ ਬਾਅਦ ਭਾਰਤ ਨੇ ਸਖ਼ਤ ਇਤਰਾਜ਼ ਜਤਾਇਆ ਹੈ।
ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਸੋਮਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ, ''ਅਸੀਂ ਯਕੀਨੀ ਤੌਰ 'ਤੇ (ਪੋਸਟਰ ਦਾ) ਮੁੱਦਾ ਚੁੱਕਾਂਗੇ, ਇਹ (ਪੋਸਟਰ) ਕੱਲ-ਪਰਸੋਂ ਹੀ ਕੱਢਿਆ ਗਿਆ ਸੀ, ਹੋ ਸਕਦਾ ਹੈ ਕਿ ਅਜਿਹਾ ਹੋ ਵੀ ਗਿਆ ਹੋਵੇ। (ਇਹ ਮੁੱਦਾ ਉਠਾਇਆ ਜਾ ਚੁੱਕਿਆ ਹੋਵੇ)।"
ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਸੋਮਵਾਰ ਨੂੰ ਕੈਨੇਡਾ ਦੇ ਨਾਲ ਨਾਲ ਹੋਰ ਦੇਸ਼ਾਂ ਨੂੰ ਵੀ ਖਾਲਿਸਤਾਨੀ ਗਤੀਵਿਧੀਆਂ ਵਿੱਚ ਸ਼ਮੂਲੀਅਤ ਨਾ ਕਰਨ ਦੀ ਸਲਾਹ ਦਿੱਤੀ ਹੈ।
ਵਿਦੇਸ਼ ਮੰਤਰੀ ਨੇ ਕਿਹਾ, "ਸਾਡੇ ਕੋਲ ਕੈਨੇਡਾ, ਅਮਰੀਕਾ, ਬ੍ਰਿਟੇਨ, ਆਸਟ੍ਰੇਲੀਆ ਵਰਗੇ ਭਾਈਵਾਲ ਦੇਸ਼ ਹਨ, ਜਿੱਥੇ ਕਈ ਵਾਰ ਖਾਲਿਸਤਾਨੀ ਗਤੀਵਿਧੀਆਂ ਹੁੰਦੀਆਂ ਹਨ। ਅਸੀਂ ਉਨ੍ਹਾਂ ਨੂੰ ਖਾਲਿਸਤਾਨੀਆਂ ਨੂੰ ਜਗ੍ਹਾ ਨਾ ਦੇਣ ਦੀ ਬੇਨਤੀ ਕੀਤੀ ਹੈ।"
ਵਿਦੇਸ਼ ਮੰਤਰੀ ਜੈਸ਼ੰਕਰ ਨੇ ਕਿਹਾ ਕਿ ਅਜਿਹੀ ਵਿਚਾਰਧਾਰਾ ਕਿਸੇ ਵੀ ਦੇਸ਼ ਜਾਂ ਆਪਸੀ ਸਬੰਧਾਂ ਲਈ ਚੰਗੀ ਨਹੀਂ ਹੈ।
ਉਨ੍ਹਾਂ ਕਿਹਾ, "ਉਨ੍ਹਾਂ ਦੀ ਸੋਚ ਜੋ ਵੀ ਹੋਵੇ, ਕੱਟੜਪੰਥੀ ਵਿਚਾਰਧਾਰਾ ਕੋਈ ਵੀ ਹੋਵੇ, ਇਹ ਨਾ ਤਾਂ ਸਾਡੇ ਲਈ ਚੰਗੀ ਹੈ, ਨਾ ਉਨ੍ਹਾਂ ਲਈ ਅਤੇ ਨਾ ਹੀ ਸਾਡੇ ਆਪਸੀ ਰਿਸ਼ਤਿਆਂ ਲਈ।"
ਜ਼ਿਕਰਯੋਗ ਹੈ ਕਿ ਇਹ ਪੋਸਟਰ 8 ਜੁਲਾਈ ਨੂੰ ਕੱਢੀ ਜਾਣ ਵਾਲੀ ਇੱਕ ਰੈਲੀ ਨਾਲ ਸਬੰਧਿਤ ਸੀ।
ਦਿ ਇੰਡੀਅਨ ਐਕਸਪ੍ਰੈਸ ਦੀ ਇੱਕ ਖ਼ਬਰ ਮੁਤਾਬਕ 8 ਜੁਲਾਈ ਨੂੰ ਹੋਣ ਵਾਲੀ ਇਸ ਰੈਲੀ ਨੂੰ ‘ਖਾਲਿਸਤਾਨ ਫ਼ਰੀਡਮ ਰੈਲੀ’ ਨਾਮ ਦਿੱਤਾ ਗਿਆ ਸੀ।
ਰੈਲੀ ਹਰਜੀਤ ਸਿੰਘ ਨਿੱਝਰ ਦੇ ਕਤਲ ਦੇ ਵਿਰੋਧ ਵਿੱਚ ਕੱਢੀ ਜਾਣੀ ਸੀ।
ਇਹ ਰੈਲੀ ਗ੍ਰੇਟ ਪੰਜਾਬ ਬਿਜ਼ਨੈਸ ਸੈਂਟਰ ਮਾਲਟਨ ਤੋਂ ਸ਼ੁਰੂ ਹੋ ਕੇ ਟੋਰਾਂਟੋ ਸਥਿਤ ਭਾਰਤੀ ਦੂਤਾਵਾਸ ਘਰ ਤੱਕ ਕੱਢੀ ਜਾਣੀ ਸੀ।
ਪੋਸਟਰ ਵਿੱਚ ਖਾਲਿਸਤਾਨ ਹਮਾਇਤੀ ਸੰਸਥਾ ਸਿੱਖਸ ਫ਼ਾਰ ਜਸਟਿਸ ਦਾ ਨਾਮ ਵੀ ਲਿਖਿਆ ਗਿਆ ਸੀ। ਇਸ ਪੋਸਟਰ ਵਿੱਚ ਕੈਨੇਡਾ ਵਿੱਚ ਤਾਇਨਾਤ ਭਾਰਤੀ ਰਾਜਦੂਤਾਂ ਦੇ ਨਾਮ ਵੀ ਦਰਜ ਸਨ।

ਤਸਵੀਰ ਸਰੋਤ, FB/VIRSA SINGH VALTOHA
ਹਰਜੀਤ ਸਿੰਘ ਨਿੱਝਰ ਦਾ ਕਤਲ
ਖਾਲਿਸਤਾਨ ਹਮਾਇਤੀ ਤੇ ਭਾਰਤ ਸਰਕਾਰ ਵੱਲੋਂ ਕਈ ਮਾਮਲਿਆਂ ਵਿੱਚ ਲੋੜੀਂਦੇ 45 ਸਾਲਾ ਹਰਦੀਪ ਸਿੰਘ ਨਿੱਝਰ ਦਾ ਕੈਨੇਡਾ ਦੇ ਸਰੀ ਵਿਖੇ ਕਤਲ ਕਰ ਦਿੱਤਾ ਗਿਆ ਹੈ।
ਕਤਲ ਦੀ ਇਹ ਵਾਰਦਾਤ 18 ਜੂਨ ਦੀ ਰਾਤ ਨੂੰ ਸਰੀ ਦੇ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਦੇ ਪਾਰਕਿੰਗ ਵਿੱਚ ਵਾਪਰੀ ਸੀ।
ਪੁਲਿਸ ਨੇ ਇਸ ਕਤਲ ਦੀ ਵਾਰਦਾਤ ਦੀ ਪੁਸ਼ਟੀ ਕਰਦਿਆਂ ਦੱਸਿਆ ਹੈ ਕਿ ਨਿੱਝਰ ਨੂੰ ਦੋ ਅਣਪਛਾਤੇ ਹਮਲਾਵਰਾਂ ਨੇ ਗੋਲੀ ਮਾਰ ਕੇ ਕਤਲ ਕੀਤਾ ਹੈ।
ਨਿੱਝਰ ਸਰੀ ਦੇ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸਨ।
ਜਲੰਧਰ ਦੇ ਪਿੰਡ ਭਾਰ ਸਿੰਘ ਪੁਰਾ ਨਾਲ ਸਬੰਧਤ ਨਿੱਝਰ ਬਾਰੇ ਭਾਰਤ ਸਰਕਾਰ ਦੇ ਰਿਕਾਰਡ ਵਿੱਚ ਦੱਸਿਆ ਗਿਆ ਹੈ ਕਿ ਉਹ ਖਾਲਿਸਤਾਨ ਟਾਈਗਰ ਫੋਰਸ ਦੇ ਮੁਖੀ ਸੀ ਅਤੇ ਖਾਲਿਸਤਾਨ ਟਾਈਗਰ ਫੋਰਸ ਦੇ ਮਾਡਿਊਲ ਮੈਂਬਰਾਂ ਨੂੰ ਸੰਚਾਲਨ, ਨੈੱਟਵਰਕਿੰਗ, ਸਿਖਲਾਈ ਅਤੇ ਵਿੱਤੀ ਮਦਦ ਪ੍ਰਦਾਨ ਕਰਨ ਵਿੱਚ ਸਰਗਰਮੀ ਨਾਲ ਸ਼ਾਮਲ ਸਨ।
ਨਿੱਝਰ 1997 ਵਿੱਚ ਕੈਨੇਡਾ ਗਏ ਸਨ।
ਭਾਰਤੀ ਦੀ ਕੌਮੀ ਜਾਂਚ ਏਜੰਸੀ (ਐੱਨਆਈਏ) ਮੁਤਾਬਕ ਨਿੱਝਰ ’ਤੇ ਇਲਜ਼ਾਮ ਸਨ ਕਿ ਉਹ ਕਥਿਤ ਤੌਰ 'ਤੇ ਕੇਟੀਐੱਫ਼ (ਖਾਲਿਸਤਾਨ ਟਾਈਗਰ ਫੋਰਸ) ਦੇ ਮੁਖੀ ਜਗਤਾਰ ਸਿੰਘ ਤਾਰਾ ਨਾਲ ਮੁਲਾਕਾਤ ਕਰਨ ਲਈ 2013-14 ਵਿੱਚ ਪਾਕਿਸਤਾਨ ਗਏ ਸੀ।
ਤਾਰਾ ਨੂੰ 2015 ਵਿੱਚ ਥਾਈਲੈਂਡ ਵਿੱਚ ਗ੍ਰਿਫ਼ਤਾਰ ਕਰਕੇ ਭਾਰਤ ਲਿਆਂਦਾ ਗਿਆ ਸੀ।
ਏਜੰਸੀ ਮੁਤਾਬਕ ਨਿੱਝਰ ਭਾਰਤ ਵਿੱਚ ਪਾਬੰਦੀਸ਼ੁਦਾ ਸੰਗਠਨ ਸਿੱਖਸ ਫਾਰ ਜਸਟਿਸ ਨਾਲ ਵੀ ਜੁੜੇ ਹੋਏ ਸੀ।
ਭਾਰਤੀ ਦੀ ਕੌਮੀ ਜਾਂਚ ਏਜੰਸੀ (ਐੱਨਆਈਏ) ਨੇ ਨਿੱਝਰ ’ਤੇ 10 ਲੱਖ ਰੁਪਏ ਦਾ ਨਕਦ ਇਨਾਮ ਐਲਾਨਿਆ ਸੀ।

ਤਸਵੀਰ ਸਰੋਤ, ANI
ਇੰਦਰਾ ਗਾਂਧੀ ਦੇ ਕਤਲ ਦੀ ਝਾਕੀ ਕੱਢਣਾ
ਸਾਕਾ ਨੀਲਾ ਤਾਰਾ ਦੀ 39ਵੀਂ ਬਰਸੀ (6 ਜੂਨ) ਤੋਂ ਕੁਝ ਦਿਨ ਪਹਿਲਾਂ ਕੈਨੇਡਾ ਦੇ ਬਰੈਂਪਟਨ ਸ਼ਹਿਰ ਵਿੱਚ ਸਿੱਖ ਭਾਈਚਾਰੇ ਵਲੋਂ ਪੰਜ ਕਿਲੋਮੀਟਰ ਲੰਬਾ ਨਗਰ ਕੀਰਤਨ ਕੱਢਿਆ ਗਿਆ।
ਇਸ ਦੌਰਾਨ ਇੰਦਰਾ ਗਾਂਧੀ ਦਾ ਕਤਲ ਦਰਸਾਉਂਦੀ ਇੱਕ ਝਾਕੀ ਕੱਢੀ ਗਈ ਸੀ ਜਿਸ ਵਿੱਚ ਖੂਨ ਨਾਲ ਲੱਥਪੱਥ ਸਾੜੀ ਪਹਿਨੀ ਇੰਦਰਾ ਗਾਂਧੀ ਦਾ ਪੁਤਲਾ ਸੀ ਅਤੇ ਦੋ ਸਿੱਖ ਨੌਜਵਾਨਾਂ ਦੇ ਪੁਤਲੇ ਇੰਦਰਾ ਗਾਂਧੀ ਦੇ ਪੁਤਲੇ ਵੱਲ ਤੋਪਾਂ ਕਰਦੇ ਨਜ਼ਰ ਆ ਰਹੇ ਹਨ।
ਇਸ ਝਾਂਕੀ ਵਿੱਚ ਇੱਕ ਪੋਸਟਰ ਵੀ ਲਗਾਇਆ ਗਿਆ ਸੀ, ਜਿਸ ਵਿੱਚ ਲਿਖਿਆ ਗਿਆ ਸੀ ਕਿ ਦਰਬਾਰ ਸਾਹਿਬ 'ਤੇ ਹਮਲੇ ਦਾ ਬਦਲਾ ਲਿਆ ਜਾਵੇਗਾ।
ਭਾਰਤ ਸਰਕਾਰ ਨੇ ਇਹ ਦ੍ਰਿਸ਼ ਪੇਸ਼ ਕੀਤੇ ਜਾਣ ਦਾ ਸਖ਼ਤ ਨੋਟਿਸ ਲਿਆ ਸੀ।
ਭਾਰਤ ਦੇ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਕੈਨੇਡਾ 'ਚ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਦਾ ਜਸ਼ਨ ਮਨਾਉਣ 'ਤੇ ਸਖ਼ਤ ਟਿੱਪਣੀਆਂ ਕੀਤੀਆਂ ਸਨ।
ਜੈਸ਼ੰਕਰ ਨੇ ਇਸ ਘਟਨਾ ਨੂੰ ਇੱਕ ਵੱਡੀ ਸਮੱਸਿਆ ਨਾਲ ਜੁੜੀ ਹੋਈ ਦੱਸਿਆ ਸੀ।
ਉਨ੍ਹਾਂ ਨੇ ਕਿਹਾ, “ਕੈਨੇਡਾ ਲਗਾਤਰਾ ਵੱਖਵਾਦੀਆਂ, ਕੱਟੜਪੰਥੀਆਂ ਅਤੇ ਹਿੰਸਾ ਦਾ ਸਮਰਥਨ ਕਰਨ ਵਾਲਿਆਂ ਨੂੰ ਵਧਣ-ਫੁੱਲਣ ਦੀ ਇਜਾਜ਼ਤ ਦਿੰਦਾ ਹੈ। ਸਾਨੂੰ ਇਸ ਦਾ ਕਾਰਨ ਸਮਝ ਨਹੀਂ ਆਉਂਦਾ... ਸਿਵਾਏ ਇਸ ਕਿ ਇਹ ਵੋਟ ਬੈਂਕ ਦੀ ਲੋੜ ਹੈ। ਮੈਨੂੰ ਲੱਗਦਾ ਹੈ ਕਿ ਇਹ ਆਪਸੀ ਸਬੰਧਾਂ ਅਤੇ ਕੈਨੇਡਾ ਲਈ ਚੰਗਾ ਨਹੀਂ ਹੈ।
ਭਾਰਤ ਵਿੱਚ ਕੈਨੇਡੀਅਨ ਹਾਈ ਕਮਿਸ਼ਨ ਨੇ ਇਸ ਘਟਨਾ ਦੀ ਨਿੰਦਾ ਕਰਦਿਆਂ ਕਿਹਾ ਹੈ ਕਿ ਨਫ਼ਰਤ ਅਤੇ ਹਿੰਸਾ ਦੀ ਪ੍ਰਫ਼ੁੱਲਤਾ ਲਈ ਕੈਨੇਡਾ ਵਿੱਚ ਕੋਈ ਥਾਂ ਨਹੀਂ ਹੈ।
ਕੈਨੇਡੀਅਨ ਹਾਈ ਕਮਿਸ਼ਨਰ ਕੈਮਰਨ ਮੈਕੇ ਨੇ ਆਪਣੇ ਟਵਿੱਟਰ ਅਕਾਊਂਟ 'ਤੇ ਲਿਖਿਆ, "ਮੈਂ ਮਰਹੂਮ ਭਾਰਤੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਦਾ ਜਸ਼ਨ ਮਨਾਉਣ ਵਾਲੇ ਕੈਨੇਡਾ ਵਿੱਚ ਹੋਏ ਇੱਕ ਸਮਾਗਮ ਦੀ ਖ਼ਬਰ ਸੁਣ ਕੇ ਹੈਰਾਨ ਹਾਂ।"
“ਕੈਨੇਡਾ ਵਿੱਚ ਨਫ਼ਰਤ ਅਤੇ ਹਿੰਸਾ ਦੀ ਪ੍ਰਫੁੱਲਤਾ ਦੀ ਕੋਈ ਥਾਂ ਨਹੀਂ ਹੈ। ਮੈਂ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਦੀ ਸਖ਼ਤ ਨਿੰਦਾ ਕਰਦਾ ਹਾਂ।"

ਤਸਵੀਰ ਸਰੋਤ, SOCIAL MEDIA
ਮੰਦਰਾਂ ਦੀਆਂ ਕੰਧਾਂ ’ਤੇ ਖਾਲਿਸਤਾਨ ਪੱਖੀ ਨਾਅਰੇ ਲਿਖਣਾ
ਕੈਨੇਡਾ ਦੇ ਬਰੈਂਪਟਨ ਸ਼ਹਿਰ ਵਿੱਚ ਸਥਿਤ ਗੌਰੀ ਸੰਕਰ ਮੰਦਰ ਦੀਆਂ ਕੰਧਾਂ ਉੱਤੇ ਖ਼ਾਲਿਸਤਾਨੀ ਨਾਅਰੇ ਲਿਖੇ ਗਏ ਸਨ ਤੇ ਭੰਨਤੋੜ ਦਾ ਮਾਮਲਾ ਸਾਹਮਣੇ ਆਇਆ ਸੀ।
ਇਹ ਘਟਨਾ ਇਸੇ ਸਾਲ ਜਨਵਰੀ ਮਹੀਨੇ ਵਾਪਰੀ ਸੀ।
ਟੋਰਾਂਟੋ ਸਥਿਤ ਭਾਰਤੀ ਵਿਦੇਸ਼ ਮੰਤਰਾਲੇ ਨੇ ਇਸ ਘਟਨਾ ਦੀ ਨਿੰਦਾ ਕਰਦਿਆਂ ਇੱਕ ਬਿਆਨ ਜਾਰੀ ਕਰਕੇ ਕਿਹਾ ਸੀ ਕਿ ਇਸ ਨਾਲ ਕੈਨੇਡਾ ਰਹਿਣ ਵਾਲੇ ਭਾਰਤੀ ਭਾਈਚਾਰੇ ਨੂੰ ਡੂੰਘਾ ਦੁੱਖ ਪਹੁੰਚਿਆ ਹੈ।
ਭਾਰਤੀ ਵਿਦੇਸ਼ ਮੰਤਰਾਲੇ ਦੇ ਦੂਤਾਵਾਸ ਨੇ ਕਿਹਾ, “ਇਸ ਨਫ਼ਰਤ ਭਰੀ ਹਰਕਤ ਨਾਲ ਕੈਨੇਡਾ ਵਿੱਚ ਰਹਿਣ ਵਾਲੇ ਭਾਰਤੀ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਗਹਿਰੀ ਸੱਟ ਲੱਗੀ ਹੈ। ਅਸੀਂ ਇਸ ਮਾਮਲੇ ’ਤੇ ਕੈਨੇਡਾ ਦੇ ਅਧਿਕਾਰੀਆਂ ਕੋਲ ਚਿੰਤਾ ਜ਼ਾਹਿਰ ਕੀਤੀ ਹੈ।”

ਕੈਨੇਡਾ ਵਿੱਚ ਖਾਲਿਸਤਾਨ ਪੱਖੀ ਗਤੀਵਿਧੀਆਂ
- ਭਾਰਤੀ ਡਿਪਲੋਮੈਟਾਂ ਖਿਲਾਫ਼ ਪੋਸਟਰ ਸਾਹਮਣੇ ਆਏ ਹਨ ਜਿਸ ਤੋਂ ਬਾਅਦ ਮੁੜ ਵਿਵਾਦ ਪੈਦਾ ਹੋ ਗਿਆ ਹੈ।
- ਕੈਨੇਡਾ ਦੇ ਬਰੈਂਪਟਨ ਸ਼ਹਿਰ ਵਿੱਚ ਸਿੱਖ ਭਾਈਚਾਰੇ ਵਲੋਂ ਨਗਰ ਕੀਰਤਨ ਕੱਢਿਆ ਗਿਆ, ਇਸ ਦੌਰਾਨ ਭਾਰਤ ਦੀ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਕਤਲ ਦਰਸਾਉਂਦੀ ਇੱਕ ਝਾਕੀ ਕੱਢੀ ਗਈ ਸੀ
- ਕੈਨੇਡਾ ਦੇ ਬਰੈਂਪਟਨ ਸ਼ਹਿਰ ਵਿੱਚ ਸਥਿਤ ਗੌਰੀ ਸੰਕਰ ਮੰਦਰ ਦੀਆਂ ਕੰਧਾਂ ਉੱਤੇ ਖ਼ਾਲਿਸਤਾਨੀ ਨਾਅਰੇ ਲਿਖੇ ਗਏ ਸਨ ਤੇ ਭੰਨਤੋੜ ਦਾ ਮਾਮਲਾ ਸਾਹਮਣੇ ਆਇਆ ਸੀ।
- ਮੀਡੀਆ ਰਿਪੋਰਟਾਂ ਮੁਤਾਬਕ ਕੈਨੇਡਾ ਵਿੱਚ ਇੱਕ ਖਾਲਿਸਤਾਨ ਪੱਖੀ ਗਰੁੱਪ ਨੇ 8 ਜੁਲਾਈ ਨੂੰ ਟੋਰਾਂਟੋ ਵਿੱਚ ਰੈਲੀ ਸੱਦੀ ਹੈ।


ਤਸਵੀਰ ਸਰੋਤ, Getty Images
ਕੈਨੇਡਾ ਇਨ੍ਹਾਂ ਘਟਨਾਵਾਂ ਦੇ ਨਾ ਰੁਕਣ ਦਾ ਕਾਰਨ
ਕੈਨੇਡਾ ਵਿੱਚ ਵਾਪਰ ਰਹੀਆਂ ਖਾਲਿਸਤਾਨ ਪੱਖੀ ਘਟਨਾਵਾਂ ਦਾ ਭਾਰਤ ਸਰਕਾਰ ਵਲੋਂ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ।
ਦੋਵਾਂ ਦੇਸ਼ਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਆਪਸੀ ਸਬੰਧ ਸਕਾਰਾਤਮਕ ਹਨ ਪਰ ਇਸ ਦੇ ਬਾਵਜੂਦ ਵਿਚਾਰਕ ਤੌਰ ’ਤੇ ਵਿਰੋਧੀ ਗਤੀਵਿਧੀਆਂ ਦੀ ਥਾਂ ਕਿਵੇਂ ਮੌਜੂਦ ਹੈ।
ਇਸ ਮਾਮਲੇ ’ਤੇ ਰੈੱਡਐੱਫ਼ਐੱਮ ਦੇ ਸੀਨੀਅਰ ਪੱਤਰਕਾਰ ਸ਼ਮੀਲ ਕਹਿੰਦੇ ਹਨ ਕਿ ਕੈਨੇਡਾ ਦੇ ਕਾਨੂੰਨ ਵਲੋਂ ਦਿੱਤੀ ਆਜ਼ਾਦੀ ਇਸ ਦਾ ਮੁੱਢਲਾ ਕਾਰਨ ਹੈ।
ਕੈਨੇਡਾ ਵਿੱਚ ਵੀ ਖਾਲਿਸਤਾਨੀ ਸਮਰਥਕਾਂ ਦੇ ਉਨ੍ਹੇਂ ਹੀ ਗਰੁੱਪ ਹਨ ਜਿੰਨੇ ਪੰਜਾਬ ਵਿੱਚ ਪਰ ਇਥੇ ਉਨ੍ਹਾਂ ਨੂੰ ਆਪਣੇ ਵਿਚਾਰ ਖੁੱਲ਼੍ਹ ਕੇ ਰੱਖਣ ਦਾ ਮੌਕਾ ਮਿਲਦਾ ਹੈ।
“ਇਥੇ ਕਿਸੇ ਵੀ ਵਿਅਕਤੀ ਦੇ ਵਿਚਾਰਾਂ, ਸਿਆਸੀ ਗਤੀਵਿਧੀਆਂ, ਮੁਜ਼ਾਹਰਿਆਂ ਨੂੰ ਉਦੋਂ ਤੱਕ ਨਹੀਂ ਰੋਕਿਆਂ ਜਾਂਦਾ ਜਦੋਂ ਤੱਕ ਉਹ ਹਿੰਸਕ ਨਾ ਹੋਣ। ਇਥੋਂ ਤੱਕ ਕਿ ਜੋ ਕੋਈ ਵਿਰੋਧ ਵਿੱਚ ਕੈਨੇਡਾ ਦਾ ਝੰਡਾ ਵੀ ਸਾੜ ਦੇਵੇ ਤਾਂ ਵੀ ਉਸ ਨੂੰ ਪ੍ਰਦਰਸ਼ਨ ਦੀ ਆਜ਼ਾਦੀ ਹੈ।”
“ਯਾਨੀ ਜਦੋਂ ਤੱਕ ਕੋਈ ਕੈਨੀਡੀਅਨ ਕਾਨੂੰਨ ਦੀ ਉਲੰਘਣਾ ਨਹੀਂ ਕਰਦਾ ਉਦੋਂ ਤੱਕ ਤੁਸੀਂ ਆਪਣਾ ਪੱਖ ਰੱਖਣ ਲਈ ਆਜ਼ਾਦ ਹੋ।”
ਇਥੇ ਏਜੰਸੀਆਂ ਵੀ ਸਰਕਾਰ ਦੇ ਕੰਟਰੋਲ ਵਿੱਚ ਨਹੀਂ ਹਨ। ਕੈਨੇਡਾ ਵਿੱਚ ਤਿੰਨ ਪੜ੍ਹਾਵਾਂ ਦੀ ਸਰਕਾਰ ਹੈ, ਸਿਟੀ, ਸੂਬਾਈ ਤੇ ਕੇਂਦਰੀ ਸਰਕਾਰ। ਇਹ ਸਭ ਆਪੋ ਆਪਣਾ ਕੰਮ ਆਜ਼ਾਦ ਤੌਰ ’ਤੇ ਕਰਦੀਆਂ ਹਨ ਤੇ ਪੁਲਿਸ ਤੇ ਹੋਰ ਏਜੰਸੀਆਂ ਦੇ ਕੰਮ ਵਿੱਚ ਦਖ਼ਲਅੰਦਾਜ਼ੀ ਨਹੀਂ ਕਰਦੀਆਂ।
ਭਾਰਤ ਵਿੱਚ ਕੁਝ ਵੱਖਰਾ ਤਰੀਕਾ ਹੈ ਇਥੇ ਏਜੰਸੀਆਂ ਸਰਕਾਰਾਂ ਦੇ ਹੁਕਮ ਅਧੀਨ ਕੰਮ ਕਰਦੀਆਂ ਹਨ। ਪਰ ਕੈਨੇਡਾ ਵਿੱਚ ਇਹ ਸਰਕਾਰੀ ਕੰਟਰੋਲ ਤੋਂ ਬਾਹਰ ਹਨ।
ਕੈਨੇਡਾ ਵਿੱਚ ਸਿਆਸੀ ਤੌਰ ’ਤੇ ਵਿਚਾਰਧਾਰਕ ਆਜ਼ਾਦੀ ਬਾਰੇ ਸ਼ਮੀਲ ਇੱਕ ਉਦਾਹਰਣ ਦਿੰਦੇ ਹਨ। ਉਹ ਕਿਊਬਿਕ ਸੂਬੇ ਬਾਰੇ ਦੱਸਦੇ ਹਨ ਕਿ ਉਸ ਖਿੱਤੇ ਦੇ ਲੋਕ ਵੱਖਰਾ ਸੂਬਾ ਬਣਾਉਣ ਦੀ ਮੰਗ ਰੱਖਦੇ ਹਨ ਤੇ ਇਸ ਬਾਰੇ ਦੋ ਵਾਰ ਰੈਫ਼ਰੈਂਡਮ ਵੀ ਹੋ ਚੁੱਕਿਆ ਹੈ।
“ਫ਼ਿਰ ਵੀ ਉਨ੍ਹਾਂ ਦੇ ਨੁਮਾਇੰਦੇ ਕੈਨੇਡੀਅਨ ਪਾਰਲੀਮੈਂਟ ਵਿੱਚ ਮੌਜੂਦ ਹਨ। ਉਨ੍ਹਾਂ ਨੂੰ ਕੋਈ ਸਿਆਸੀ ਅਛੂਤ ਨਹੀਂ ਕਹਿੰਦਾ।”

ਤਸਵੀਰ ਸਰੋਤ, Getty Images
ਕੈਨੇਡਾ ਦੇ ਵਸਦੇ ਆਮ ਭਾਰਤੀ ਮੂਲ ਦੇ ਲੋਕ ਕੀ ਕਹਿੰਦੇ ਹਨ
ਬੀਬੀਸੀ ਨੇ ਕੈਨੇਡਾ ਵਿੱਚ ਰਹਿਣ ਵਾਲੇ ਕਈ ਪਰਵਾਸੀਆਂ ਨਾਲ ਗੱਲਬਾਤ ਕੀਤੀ। ਇਨ੍ਹਾਂ ਵਿੱਚ ਕੁਝ ਵਿਦਿਆਰਥੀ ਤੇ ਕੁਝ ਪੁਰਾਣੇ ਵਸੇ ਹੋਏ ਭਾਰਤੀ ਲੋਕ ਸ਼ਾਮਲ ਹਨ।
ਖਾਲਿਸਤਾਨ ਦੇ ਮੁੱਦੇ ਉੱਤੇ ਇਨ੍ਹਾਂ ਦੀ ਰਾਇ ਵੰਡੀ ਹੋਈ ਹੈ।
ਬਰੈਂਪਟਨ ਵਿੱਚ ਰਹਿਣ ਵਾਲੇ ਗੁਰਜੀਤ ਸਿੰਘ ਇੱਕ ਟੈਕਸੀ ਡਰਾਈਵਰ ਹਨ। ਉਹ ਕਹਿੰਦੇ ਹਨ ਕਿ ਕੈਨੇਡਾ ਵਿੱਚ ਖਾਲਿਸਤਾਨ ਆਮ ਲੋਕਾਂ ਦਾ ਮੁੱਦਾ ਨਹੀਂ ਹੈ। ਆਮ ਲੋਕਾਂ ਦੇ ਮੁੱਦਿਆਂ ਵਿੱਚ ਤਾਂ ਮਹਿੰਗਾਈ, ਰੋਜ਼ਗਾਰ ਅਤੇ ਰੋਜ਼ਮਰ੍ਰਾ ਦੀਆਂ ਲੋੜਾ ਪੂਰਿਆਂ ਕਰਨਾ ਸ਼ਾਮਲ ਹੈ।
“ਆਮ ਲੋਕ ਸ਼ਾਂਤ ਭਵਿੱਖ ਲਈ ਜਿਉਂਦੇ ਹਨ।”
ਦੂਜੇ ਪਾਸੇ ਮਾਲਟਨ ਵਿੱਚ ਰਹਿੰਦੇ ਰਵਦੀਪ ਸਿੰਘ ਦਾ ਕਹਿਣਾ ਸੀ ਕਿ ਖਾਲਿਸਤਾਨ ਇੱਕ ਸਿਆਸੀ ਮੁੱਦਾ ਹੈ ਤੇ ਇਸ ਦੇ ਸਮਰਥਕ ਅਜਿਹੇ ਲੋਕ ਹਨ ਜੋ ਸਿਆਸੀ ਗਤੀਵਿਧੀਆਂ ਵਿੱਚ ਸਾਮਲ ਹੁੰਦੇ ਹਨ।
ਕਿਉਂਕਿ ਕੈਨੇਡੈ ਵਿੱਚ ਸਭ ਨੂੰ ਆਪਣੀ ਗੱਲ ਕਹਿਣ ਦੀ ਆਜ਼ਾਦੀ ਹੈ ਤੇ ਇਹ ਕਾਨੂੰਨ ਦੀ ਨਿਗ੍ਹਾ ਵਿੱਚ ਸਹੀ ਵੀ ਹੈ। ਇਸ ਕਰਕੇ ਕੁਝ ਇੱਕ ਸਮੂਹ ਬਹੁਤੇ ਸਰਗਰਮੀ ਨਾਲ ਆਪਣੇ ਵਿਚਾਰ ਰੱਖਦੇ ਹਨ।
ਉਹ ਕਹਿੰਦੇ ਹਨ ਕਿ ਭਾਵੇਂ 1984 ਦੇ ਕਤਲੇਆਮ ਦੀ ਵਰੇਗੰਡ ਹੋਵੇ ਜਾਂ ਦਰਬਾਰ ਸਾਹਿਬ ਉੱਤੇ ਫ਼ੌਜੀ ਕਾਰਵਾਈ ਦੀ, ਅਜਿਹੇ ਮੌਕੇ ’ਤੇ ਖਾਲਿਸਤਾਨ ਪੱਖੀ ਸਮਰਥਕਾਂ ਨੂੰ ਧਾਰਮਿਕ ਸਮਾਗਮਾਂ ਦੌਰਾਨ ਆਪਣੀਆਂ ਗਤੀਵਿਧੀਆਂ ਨੂੰ ਅੰਜਾਮ ਦੇਣ ਦਾ ਮੌਕਾ ਮਿਲ ਜਾਂਦਾ ਹੈ।












