ਭਾਰਤ ਕੈਨੇਡਾ ਤਣਾਅ ਵਿਚਾਲੇ ਸੁਰਖ਼ੀਆਂ 'ਚ ਆਏ ਭਾਰਤ ਦੇ ਹਾਈ ਕਮਿਸ਼ਨਰ ਸੰਜੇ ਵਰਮਾ ਕੌਣ ਹਨ

ਸੰਜੇ ਵਰਮਾ

ਤਸਵੀਰ ਸਰੋਤ, @HCI_OTTAWA

ਤਸਵੀਰ ਕੈਪਸ਼ਨ, ਕੈਨੇਡਾ ਵਿੱਚ ਭਾਰਤ ਦੇ ਹਾਈ ਕਮਿਸ਼ਨਰ ਸੰਜੇ ਵਰਮਾ

ਪਿਛਲੇ ਸਾਲ ਕੈਨੇਡਾ ਦੀ ਧਰਤੀ ਉੱਤੇ ਹੋਏ ਖ਼ਾਲਿਸਤਾਨ ਹਿਮਾਇਤੀ ਹਰਦੀਪ ਸਿੰਘ ਨਿੱਝਰ ਦੇ ਕਤਲ ਨੂੰ ਲੈ ਕੇ ਭਾਰਤ ਅਤੇ ਕੈਨੇਡਾ ਇੱਕ ਵਾਰ ਫਿਰ ਆਹਮੋ-ਸਾਹਮਣੇ ਹਨ।

ਇਸ ਵਾਰ ਕੈਨੇਡਾ ਨੇ ਨਿੱਝਰ ਕਤਲ ਕਾਂਡ ਨਾਲ ਭਾਰਤੀ ਹਾਈ ਕਮਿਸ਼ਨਰ ਸੰਜੇ ਵਰਮਾ ਅਤੇ ਹੋਰ ਕੂਟਨੀਤਕਾਂ ਦੇ ਨਾਂ ਵੀ ਜੋੜ ਦਿੱਤੇ ਹਨ।

ਹਾਲਾਂਕਿ ਭਾਰਤ ਨੇ ਕੈਨੇਡਾ ਦੇ ਇਲਜ਼ਾਮਾਂ ਨੂੰ ਖ਼ਾਰਜ ਕਰ ਦਿੱਤਾ ਅਤੇ ਦਿੱਲੀ ਸਥਿਤ ਉਸ ਦੇ ਮਿਸ਼ਨ ਦੇ ਛੇ ਕੈਨੇਡੀਅਨ ਕੂਟਨੀਤਕਾਂ ਨੂੰ ਆਪਣੇ ਦੇਸ਼ ਜਾਣ ਲਈ ਕਹਿ ਦਿੱਤਾ ਗਿਆ ਹੈ।

ਸੰਜੇ ਵਰਮਾ

ਤਸਵੀਰ ਸਰੋਤ, @HCI_OTTAWA

ਤਸਵੀਰ ਕੈਪਸ਼ਨ, ਸੰਜੇ ਵਰਮਾ 1988 ਬੈਚ ਦੇ ਆਈਐੱਫਐੱਸ ਅਧਿਕਾਰੀ ਹਨ

ਭਾਰਤ ਨੇ ਕਿਹਾ ਕਿ ਉਸ ਨੇ ਆਪਣੇ ਕੈਨੇਡੀਅਨ ਮਿਸ਼ਨ ਦੇ ਹਾਈ ਕਮਿਸ਼ਨਰ ਸੰਜੇ ਕੁਮਾਰ ਵਰਮਾ ਅਤੇ ਹੋਰ ਕੂਟਨੀਤਿਕਾਂ ਨੂੰ ਵਾਪਸ ਆਉਣ ਲਈ ਕਿਹਾ ਹੈ, ਜਦੋਂ ਕਿ ਕੈਨੇਡਾ ਦਾ ਕਹਿਣਾ ਹੈ ਕਿ ਉਸ ਨੇ ਛੇ ਭਾਰਤੀ ਕੂਟਨੀਤਕਾਂ ਨੂੰ ਕੱਢ ਦਿੱਤਾ ਹੈ।

ਭਾਰਤੀ ਵਿਦੇਸ਼ ਮੰਤਰਾਲੇ ਦਾ ਕਹਿਣਾ ਹੈ ਕਿ ਕੈਨੇਡਾ ਵਿੱਚ ਭਾਰਤੀ ਹਾਈ ਕਮਿਸ਼ਨਰ ਅਤੇ ਹੋਰ ਕੂਟਨੀਤਕਾਂ ਨੂੰ ਨਿਸ਼ਾਨਾ ਬਣਾਉਣਾ ਅਸਵੀਕਾਰਨਯੋਗ ਹੈ।

ਦੂਜੇ ਪਾਸੇ ਕੈਨੇਡਾ ਦਾ ਕਹਿਣਾ ਹੈ ਕਿ ਭਾਰਤ ਨੇ ਕੂਟਨੀਤਕਾਂ ਨੂੰ ਮਿਲੀ ਕੂਟਨੀਤਕ ਛੂਟ ਨੂੰ ਹਟਾਉਣ ਅਤੇ ਜਾਂਚ 'ਚ ਸਹਿਯੋਗ ਕਰਨ ਤੋਂ ਇਨਕਾਰ ਕਰ ਦਿੱਤਾ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਕੱਢਣ ਦਾ ਫ਼ੈਸਲਾ ਲਿਆ ਗਿਆ।

ਭਾਰਤ ਦੀ ਪ੍ਰਤੀਕਿਰਿਆ

ਦੋਵਾਂ ਦੇਸ਼ਾਂ ਵਿਚਾਲੇ ਪੈਦਾ ਹੋਏ ਇਸ ਤਣਾਅ ਦਰਮਿਆਨ ਇੱਕ ਨਾਂ ਸੁਰਖੀਆਂ 'ਚ ਬਣਿਆ ਹੋਇਆ ਹੈ। ਉਹ ਹਨ ਕੈਨੇਡਾ ਵਿੱਚ ਭਾਰਤ ਦੇ ਹਾਈ ਕਮਿਸ਼ਨਰ ਸੰਜੇ ਵਰਮਾ।

ਸੰਜੇ ਵਰਮਾ ਵੀ ਭਾਰਤ ਵੱਲੋਂ ਕੈਨੇਡਾ ਤੋਂ ਵਾਪਸ ਬੁਲਾਏ ਗਏ ਛੇ ਕੂਟਨੀਤਕਾਂ ਵਿੱਚ ਸ਼ਾਮਲ ਹਨ।

ਭਾਰਤ ਦੇ ਵਿਦੇਸ਼ ਮੰਤਰਾਲੇ ਦਾ ਕਹਿਣਾ ਹੈ ਕਿ ਹਾਈ ਕਮਿਸ਼ਨਰ ਸੰਜੇ ਵਰਮਾ ਭਾਰਤ ਦੇ ਸੀਨੀਅਰ ਕੂਟਨੀਤਕ ਹਨ, ਜਿਨ੍ਹਾਂ ਦਾ ਤਜ਼ਰਬਾ 36 ਸਾਲਾਂ ਦਾ ਹੈ।

ਉੱਥੇ ਹੀ ਕੈਨੇਡਾ ਦਾ ਕਹਿਣਾ ਹੈ ਕਿ ਭਾਰਤ ਨੇ ਕੂਟਨੀਤਕਾਂ ਨੂੰ ਮਿਲੀ ਡੀਪਲੋਮੈਟਿਕ ਇਮਿਊਨਿਟੀ ਹਟਾਉਣ ਅਤੇ ਜਾਂਚ ਵਿੱਚ ਸਹਿਯੋਗ ਕਰਨ ਤੋਂ ਇਨਕਾਰ ਕਰ ਦਿੱਤਾ ਸੀ, ਜਿਸ ਤੋਂ ਬਾਅਦ ਉਨ੍ਹਾਂ ਨੇ ਕੱਢਣ ਦਾ ਫ਼ੈਸਲਾ ਕੀਤਾ ਹੈ।

ਸੰਜੇ ਵਰਮਾ ਕੌਣ ਹਨ?

ਭਾਰਤੀ ਵਿਦੇਸ਼ ਮੰਤਰਾਲੇ ਅਨੁਸਾਰ, ਸੰਜੇ ਵਰਮਾ ਦਾ ਜਨਮ 1965 ਵਿੱਚ ਹੋਇਆ ਹੈ।

ਉਨ੍ਹਾਂ ਨੇ ਪਟਨਾ ਯੂਨੀਵਰਸਿਟੀ ਤੋਂ ਆਪਣੀ ਗ੍ਰੈਜੂਏਸ਼ਨ ਪੂਰੀ ਕੀਤੀ। ਇਸ ਤੋਂ ਬਾਅਦ ਉਹ ਅਗਲੇਰੀ ਪੜ੍ਹਾਈ ਲਈ ਆਈਆਈਟੀ ਦਿੱਲੀ ਆ ਗਏ। ਇੱਥੋਂ ਉਨ੍ਹਾਂ ਨੇ ਭੌਤਿਕ ਵਿਗਿਆਨ ਵਿੱਚ ਪੋਸਟ ਗ੍ਰੈਜੂਏਸ਼ਨ ਦੀ ਡਿਗਰੀ ਪ੍ਰਾਪਤ ਕੀਤੀ।

ਸਾਲ 1988 ਵਿੱਚ, ਉਹ ਭਾਰਤੀ ਵਿਦੇਸ਼ ਸੇਵਾ ਵਿੱਚ ਚੁਣੇ ਗਏ ਸਨ।

ਸੰਜੇ ਵਰਮਾ ਕੋਲ ਤਿੰਨ ਦਹਾਕਿਆਂ ਤੋਂ ਵੱਧ ਦਾ ਕੂਟਨੀਤਕ ਤਜ਼ਰਬਾ ਹੈ। ਉਨ੍ਹਾਂ ਦੀ ਕੂਟਨੀਤਕ ਯਾਤਰਾ ਹਾਂਗਕਾਂਗ ਵਿੱਚ ਭਾਰਤੀ ਹਾਈ ਕਮਿਸ਼ਨ ਤੋਂ ਸ਼ੁਰੂ ਹੋਈ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਚੀਨ, ਵੀਅਤਨਾਮ ਅਤੇ ਤੁਰਕੀ ਵਿੱਚ ਭਾਰਤੀ ਦੂਤਾਵਾਸ ਵਿੱਚ ਕੰਮ ਕੀਤਾ।

ਉਨ੍ਹਾਂ ਨੇ ਇਟਲੀ ਵਿੱਚ ਭਾਰਤ ਦੇ ਕੌਂਸਲ ਜਨਰਲ ਵਜੋਂ ਵੀ ਕੰਮ ਕੀਤਾ। ਇਸ ਤੋਂ ਪਹਿਲਾਂ, ਉਹ ਸੂਡਾਨ ਵਿੱਚ ਭਾਰਤ ਦੇ ਰਾਜਦੂਤ ਵਜੋਂ ਵੀ ਸੇਵਾਵਾਂ ਨਿਭਾਉਂਦੇ ਰਹੇ ਹਨ।

ਸੰਜੇ ਵਰਮਾ

ਤਸਵੀਰ ਸਰੋਤ, @HCI_OTTAWA

ਤਸਵੀਰ ਕੈਪਸ਼ਨ, ਸੰਜੇ ਵਰਮਾ ਕਈ ਦੇਸ਼ਾਂ ਵਿੱਚ ਭਾਰਤ ਦੇ ਰਾਜਦੂਤ ਰਹਿ ਚੁੱਕੇ ਹਨ

ਸੂਡਾਨ ਤੋਂ ਭਾਰਤ ਪਰਤਣ ਤੋਂ ਬਾਅਦ ਕੇਂਦਰ ਸਰਕਾਰ ਨੇ ਉਨ੍ਹਾਂ ਨੂੰ ਪਹਿਲਾ ਸੰਯੁਕਤ ਸਕੱਤਰ ਨਿਯੁਕਤ ਕੀਤਾ। ਇਸ ਤੋਂ ਬਾਅਦ ਫਿਰ ਉਨ੍ਹਾਂ ਨੂੰ ਵਿਦੇਸ਼ ਮੰਤਰਾਲੇ ਵਿੱਚ ਵਧੀਕ ਸਕੱਤਰ ਬਣਾਇਆ ਗਿਆ।

ਇਸ ਤੋਂ ਬਾਅਦ ਮਈ 2019 ਵਿੱਚ ਉਹ ਜਾਪਾਨ ਵਿੱਚ ਭਾਰਤ ਦੇ ਰਾਜਦੂਤ ਬਣੇ ਅਤੇ ਅਕਤੂਬਰ 2022 ਤੱਕ ਜਾਪਾਨ ਵਿੱਚ ਹੀ ਰਹੇ।

ਜਾਪਾਨ ਤੋਂ ਬਾਅਦ ਵਰਮਾ ਨੂੰ ਕੈਨੇਡਾ ਵਿੱਚ ਭਾਰਤ ਦਾ ਹਾਈ ਕਮਿਸ਼ਨਰ ਨਿਯੁਕਤ ਕੀਤਾ ਗਿਆ।

ਬੰਗਾਲੀ ਬੋਲਣ ਦੇ ਨਾਲ-ਨਾਲ ਸੰਜੇ ਵਰਮਾ ਦੀ ਹਿੰਦੀ, ਅੰਗਰੇਜ਼ੀ ਅਤੇ ਚੀਨੀ ਭਾਸ਼ਾ 'ਤੇ ਚੰਗੀ ਕਮਾਂਡ ਹੈ।

ਉਨ੍ਹਾਂ ਦੀ ਪਤਨੀ ਦਾ ਨਾਮ ਗੁੰਜਨ ਵਰਮਾ ਹੈ। ਉਨ੍ਹਾਂ ਦੇ ਇੱਕ ਪੁੱਤਰ ਅਤੇ ਇੱਕ ਧੀ ਹੈ।

ਭਾਰਤ-ਕੈਨੇਡਾ ਵਿਵਾਦ 'ਤੇ ਸੰਜੇ ਵਰਮਾ ਕੀ ਕਹਿੰਦੇ ਹਨ?

ਕੈਨੇਡਾ

ਜੂਨ 2024 ਵਿੱਚ ਆਈ ਇੱਕ ਕੈਨੇਡੀਅਨ ਸੰਸਦੀ ਕਮੇਟੀ ਦੀ ਰਿਪੋਰਟ ਮੁਤਾਬਕ ਚੀਨ ਤੋਂ ਬਾਅਦ ਭਾਰਤ ਨੂੰ ਕੈਨੇਡੀਅਨ ਲੋਕਤੰਤਰ ਲਈ ਦੂਜਾ ਸਭ ਤੋਂ ਵੱਡਾ ਵਿਦੇਸ਼ੀ ਖ਼ਤਰਾ ਦੱਸਿਆ ਗਿਆ ਸੀ।

ਨੈਸ਼ਨਲ ਸਕਿਓਰਿਟੀ ਐਂਡ ਇੰਟੈਲੀਜੈਂਸ ਕਮੇਟੀ ਆਫ ਪਾਰਲੀਮੈਂਟਰੀ ਰਿਪੋਰਟ 'ਚ ਇਲਜ਼ਾਮ ਲਗਾਇਆ ਗਿਆ ਸੀ ਕਿ ਕੈਨੇਡਾ 'ਚ ਭਾਰਤ ਦੀ ਦਖ਼ਲਅੰਦਾਜ਼ੀ ਹੌਲੀ-ਹੌਲੀ ਵਧੀ ਹੈ।

ਰਿਪੋਰਟ ਵਿੱਚ ਇਹ ਵੀ ਇਲਜ਼ਾਮ ਲਗਾਇਆ ਗਿਆ ਹੈ ਕਿ ਭਾਰਤ, ਕੈਨੇਡੀਅਨ ਆਗੂਆਂ, ਮੀਡੀਆ ਅਤੇ ਇੰਡੋ-ਕੈਨੇਡੀਅਨ ਸੱਭਿਆਚਾਰਕ ਭਾਈਚਾਰਿਆਂ ਨੂੰ ਨਿਸ਼ਾਨਾ ਬਣਾ ਰਿਹਾ ਹੈ।

ਹਾਲਾਂਕਿ ਉਸ ਸਮੇਂ ਨਿਊਜ਼ ਏਜੰਸੀ ਰਾਇਟਰਜ਼ ਨਾਲ ਗੱਲਬਾਤ ਕਰਦੇ ਹੋਏ ਕੈਨੇਡਾ 'ਚ ਭਾਰਤੀ ਰਾਜਦੂਤ ਸੰਜੇ ਕੁਮਾਰ ਨੇ ਇਸ ਰਿਪੋਰਟ ਨੂੰ ਰੱਦ ਕਰ ਦਿੱਤਾ ਸੀ।

ਉਨ੍ਹਾਂ ਕਿਹਾ ਸੀ ਕਿ ਭਾਰਤ ਨੂੰ ਨਿਰਪੱਖ ਸੁਣਵਾਈ ਦਾ ਮੌਕਾ ਨਹੀਂ ਦਿੱਤਾ ਗਿਆ ਅਤੇ ਗਵਾਹਾਂ ਕੋਲੋਂ (ਕਰਾਸ ਐਗਜ਼ਾਮਿਨ) ਸਵਾਲ-ਜਵਾਬ ਵੀ ਨਹੀਂ ਕਰਨ ਦਿੱਤੇ ਗਏ।

ਹਰਦੀਪ ਸਿੰਘ ਨਿੱਝਰ

ਸੰਜੇ ਵਰਮਾ ਨੇ ਉਦੋਂ ਇਹ ਵੀ ਕਿਹਾ ਸੀ, "ਇਹ (ਰਿਪੋਰਟ) ਭਾਰਤ ਵਿਰੋਧੀ ਤੱਤਾਂ ਤੋਂ ਪ੍ਰਭਾਵਿਤ ਹੈ... ਤੁਹਾਨੂੰ (ਕੈਨੇਡਾ ਨੂੰ) ਸਬੂਤਾਂ ਦੇ ਨਾਲ ਅੱਗੇ ਆਉਣਾ ਪਏਗਾ, ਪਰ ਮੈਨੂੰ ਅਜਿਹਾ ਕੁਝ ਨਹੀਂ ਦਿਖਾਈ ਦਿੰਦਾ।"

ਉਨ੍ਹਾਂ ਸਾਫ ਕਿਹਾ ਸੀ ਕਿ ਇਹ ਸਭ ਕੁਝ ਰਾਜਨੀਤੀ ਤੋਂ ਪ੍ਰੇਰਿਤ ਹੈ ਅਤੇ ਕੈਨੇਡੀਅਨ ਅਦਾਰੇ ਦੋਵਾਂ ਦੇਸ਼ਾਂ ਦੇ ਸਬੰਧਾਂ ਨੂੰ ਖ਼ਰਾਬ ਕਰਨਾ ਚਾਹੁੰਦੇ ਹਨ।

ਰਾਇਟਰਜ਼ ਨਾਲ ਗੱਲ ਕਰਦੇ ਹੋਏ, ਸੰਜੇ ਵਰਮਾ ਨੇ ਕਿਹਾ ਸੀ, "ਕੈਨੇਡਾ ਨੇ ਖ਼ਾਲਿਸਤਾਨੀ ਸਮਰਥਕਾਂ ਨੂੰ ਕਾਫੀ ਸਿਆਸੀ ਥਾਂ ਦਿੱਤੀ ਹੈ। ਇਸ ਲਈ ਮੈਨੂੰ ਲੱਗਦਾ ਹੈ ਕਿ ਉਨ੍ਹਾਂ ਨੇ ਆਪਣੇ ਪ੍ਰਤੀਨਿਧੀਆਂ ਦੁਆਰਾ ਇਸ ਪੂਰੀ ਪ੍ਰਕਿਰਿਆ ਨੂੰ ਪ੍ਰਭਾਵਿਤ ਕੀਤਾ ਹੋਵੇਗਾ।"

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)