ਭਾਰਤ ਕੈਨੇਡਾ ਤਣਾਅ: ਕੀ ਭਾਰਤ ਦੀ ਅਮਰੀਕਾ ਤੇ ਪੱਛਮੀ ਦੇਸ਼ਾਂ ਨਾਲ ਵੀ ਵਿਗੜ ਸਕਦੀ ਹੈ, ਕਿੱਥੇ-ਕਿੱਥੇ ਪੈ ਸਕਦਾ ਅਸਰ

ਤਸਵੀਰ ਸਰੋਤ, Getty Images
- ਲੇਖਕ, ਜੁਗਲ ਪੁਰੋਹਿਤ
- ਰੋਲ, ਬੀਬੀਸੀ ਸਹਿਯੋਗੀ
ਕੈਨੇਡਾ ਅਤੇ ਭਾਰਤ ਦੇ ਆਪਸੀ ਰਿਸ਼ਤੇ 14 ਅਕਤੂਬਰ ਨੂੰ ਹੁਣ ਤੱਕ ਦੇ ਆਪਣੇ ਸਭ ਤੋਂ ਮੁਸ਼ਕਲ ਦੌਰ ਵਿੱਚ ਪਹੁੰਚ ਗਏ ਹਨ।
ਇਕ ਪਾਸੇ ਭਾਰਤ ਨੇ ਕਿਹਾ ਕਿ ਕੈਨੇਡਾ ਸਰਕਾਰ ਦੀ ਕਾਨੂੰਨ ਵਿਵਸਥਾ ’ਤੇ ਭਰੋਸਾ ਨਾ ਹੋਣ ਦੇ ਕਾਰਨ ਉਹ ਆਪਣੇ ਕੂਟਨੀਤਿਕਾਂ ਨੂੰ ਵਾਪਸ ਬੁਲਾ ਰਿਹਾ ਹੈ, ਉਥੇ ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਆਪਣੇ ਬਿਆਨ ਵਿੱਚ ਕਿਹਾ ਹੈ ਕਿ ਉਨ੍ਹਾਂ ਦੇ ਦੇਸ਼ ਨੇ ਭਾਰਤ ਦੇ ਛੇ ਕੂਟਨੀਤਿਕਾਂ ਨੂੰ ਕੈਨੇਡਾ ਛੱਡਣ ਲਈ ਕਿਹਾ ਹੈ।
ਇਸ ਦੇ ਜਵਾਬ ਵਿੱਚ ਭਾਰਤ ਨੇ ਵੀ ਕੈਨੇਡਾ ਦੇ ਛੇ ਕੂਟਨੀਤਿਕਾਂ ਨੂੰ ਵੀ ਦੇਸ਼ ਤੋਂ ਵਾਪਸ ਭੇਜ ਦਿੱਤਾ।

ਇਹ ਮਾਮਲਾ ਕੈਨੇਡਾ ਦੇ ਨਾਗਰਿਕ ਹਰਦੀਪ ਸਿੰਘ ਨਿੱਝਰ ਦੀ ਪਿਛਲੇ ਸਾਲ ਹੋਈ ਹੱਤਿਆ ਤੋਂ ਸ਼ੁਰੂ ਹੋਇਆ ਸੀ, ਜਿਸ ’ਚ ਕੈਨੇਡਾ ਨੇ ਭਾਰਤ ਦੀ ਭੂਮਿਕਾ ’ਤੇ ਜਨਤਕ ਤੌਰ ’ਤੇ ਸਵਾਲ ਚੁੱਕੇ ਸਨ।
ਤੇਜ਼ੀ ਨਾਲ ਬਦਲਦੇ ਇਨ੍ਹਾਂ ਹਾਲਾਤਾਂ ਦਾ ਭਾਰਤ ’ਤੇ ਕਿਸ ਪ੍ਰਕਾਰ ਦਾ ਪ੍ਰਭਾਵ ਪਵੇਗਾ? ਕੀ ਕੈਨੇਡਾ ਨਾਲ ਵਿਗੜਦੇ ਸਬੰਧਾਂ ਕਾਰਨ ਭਾਰਤ ਅਤੇ ਅਮਰੀਕਾ ਦੇ ਰਿਸ਼ਤਿਆਂ ’ਚ ਵੀ ਉਲਝਣਾਂ ਪੈਦਾ ਹੋ ਸਕਦੀਆਂ ਹਨ?
ਇਨ੍ਹਾਂ ਸਵਾਲਾਂ ਦੇ ਜਵਾਬਾਂ ਲਈ ਅਸੀਂ ਕੁਝ ਅੰਕੜਿਆਂ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਹੈ ਅਤੇ ਕਈ ਮਾਹਿਰਾਂ ਨਾਲ ਗੱਲਬਾਤ ਕੀਤੀ ਹੈ।
ਕੈਨੇਡਾ ਵਿੱਚ ਕਿੰਨਾ ਵੱਡਾ ਹੈ ‘ਭਾਰਤੀ ਭਾਈਚਾਰਾ’

ਤਸਵੀਰ ਸਰੋਤ, @HCI_Ottawa
ਭਾਰਤ ਅਤੇ ਕੈਨੇਡਾ ਦੇ ਰਿਸ਼ਤਿਆਂ ਦਾ ਦਾਇਰਾ ਕਈ ਖੇਤਰਿਆਂ ਵਿੱਚ ਫੈਲਿਆ ਹੋਇਆ ਹੈ। ਇਹੀ ਕਾਰਨ ਹੈ ਕਿ ਇਨ੍ਹਾਂ ਸਬੰਧਾਂ ’ਚ ਆਈ ਖਟਾਸ ਦਾ ਅਸਰ ਇਨ੍ਹਾਂ ਖੇਤਰਿਆਂ ’ਤੇ ਵੀ ਪੈ ਸਕਦਾ ਹੈ।
ਭਾਰਤ ਦੇ ਵਿਦੇਸ਼ ਮੰਤਰਾਲਾ ਅਨੁਸਾਰ ਲਗਭਗ 4,27,000 ਭਾਰਤੀ ਵਿਦਿਆਰਥੀ ਕੈਨੇਡਾ ਵਿੱਚ ਪੜ੍ਹਾਈ ਕਰ ਰਹੇ ਹਨ।
ਹੋਰਾਂ ਦੇਸ਼ਾਂ ਦੀ ਤੁਲਨਾ ’ਚ ਭਾਰਤੀ ਵਿਦਿਆਰਥੀਆਂ ਦੀ ਗਿਣਤੀ ਕੈਨੇਡਾ ਵਿੱਚ ਸਭ ਤੋਂ ਵੱਧ ਹੈ। ਦਰਅਸਲ ਪਿਛਲੇ ਤਿੰਨ ਸਾਲਾਂ ’ਚ ਕੈਨੇਡਾ ਜਾਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਘਟੀ ਨਹੀਂ ਹੈ, ਬਲਕਿ ਸਰਕਾਰੀ ਅੰਕਰੇ ਦੱਸਦੇ ਹਨ ਕਿ ਇਸ ਵਿੱਚ ਵਾਧਾ ਹੋਇਆ ਹੈ।
ਕੈਨੇਡਾ ’ਚ ਲਗਭਗ 30 ਲੱਖ ਭਾਰਤੀ ਮੂਲ ਦੇ ਲੋਕ ਰਹਿੰਦੇ ਹਨ, ਜਿਸ ਨਾਲ ਇਹ ਪਰਵਾਸੀ ਭਾਰਤੀਆਂ ਲਈ ਇੱਕ ਵੱਡਾ ਟਿਕਾਣਾ ਬਣ ਗਿਆ ਹੈ।
ਆਰਥਿਕ ਸਬੰਧਾਂ ਦੀ ਗੱਲ ਕਰੀਏ ਤਾਂ ਕੈਨੇਡਾ ਦੇ ਪੈਨਸ਼ਨ ਫੰਡਾਂ ਨੇ ਭਾਰਤ ’ਚ ਵੱਡੇ ਪੈਮਾਨੇ ’ਤੇ ਨਿਵੇਸ਼ ਕੀਤਾ ਹੈ।
ਅੰਕੜੇ ਦੱਸਦੇ ਹਨ ਕਿ ਪੈਨਸ਼ਨ ਫੰਡਾਂ ਨਾਲ ਭਾਰਤ ’ਚ ਲਗਭਗ 75 ਅਰਬ ਕੈਨੇਡੀਅਨ ਡਾਲਰ ਦਾ ਨਿਵੇਸ਼ ਕੀਤਾ ਗਿਆ ਹੈ। ਭਾਰਤ ’ਚ 600 ਤੋਂ ਵੱਧ ਕੈਨੇਡੀਅਨ ਕੰਪਨੀਆਂ ਕੰਮ ਕਰ ਰਹੀਆਂ ਹਨ, ਜਦੋਂਕਿ 1,000 ਤੋਂ ਵੱਧ ਕੰਪਨੀਆਂ ਭਾਰਤੀ ਬਾਜ਼ਾਰਾਂ ਵਿੱਚ ਵਪਾਰ ਕਰਦੀਆਂ ਹਨ।
ਸਰਕਾਰੀ ਅੰਕੜਿਆਂ ਅਨੁਸਾਰ 2023 ’ਚ ਭਾਰਤ ਤੇ ਕੈਨੇਡਾ ਵਿਚਾਲੇ ਵਪਾਰ ’ਚ ਪਿਛਲੇ ਸਾਲ ਦੀ ਤੁਲਨਾ ’ਚ ਲਗਭਗ 19 ਫ਼ੀਸਦੀ ਵਾਧਾ ਦੇਖਿਆ ਗਿਆ।
ਇਸ ਤੋਂ ਇਲਾਵਾ ਕੈਨੇਡਾ ਤੋਂ ਭਾਰਤ ਦੇ ਬਰਾਮਦ ਦੀ ਦਰ ਵਿੱਚ ਵੀ ਨੌਂ ਫ਼ੀਸਦੀ ਦਾ ਵਾਧਾ ਹੋਇਆ ਹੈ।
ਕੈਨੇਡਾ ਦਾ ਇਲਜ਼ਾਮ ਅਤੇ ਰਿਸ਼ਤਿਆਂ ’ਚ ਤਲਖ਼ੀ

ਪਿਛਲੇ ਸਾਲ ਸਤੰਬਰ ਵਿੱਚ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਉਥੋਂ ਦੀ ਸੰਸਦ ’ਚ ਬਿਆਨ ਦਿੰਦੇ ਹੋਏ ਕਿਹਾ ਸੀ ਕਿ ਕੈਨੇਡਾ ਦੇ ਨਾਗਰਿਕ ਹਰਦੀਪ ਸਿੰਘ ਨਿੱਝਰ ਦੀ ਹੱਤਿਆ ’ਚ ਭਾਰਤ ਸਰਕਾਰ ਦੇ ਏਜੰਟਾਂ ਦੇ ਸ਼ਾਮਲ ਹੋਣ ਦੇ ਸਬੂਤ ਸਾਹਮਣੇ ਆਏ ਹਨ।
ਹਾਲਾਂਕਿ ਭਾਰਤ ਨੇ ਇਨ੍ਹਾਂ ਇਲਜ਼ਾਮਾਂ ਨੂੰ ਖਾਰਜ ਕਰ ਦਿੱਤਾ ਸੀ ਅਤੇ ਕੈਨੇਡਾ ਨੂੰ ਭਾਰਤ-ਵਿਰੋਧੀ ਸ਼ਕਤੀਆਂ ਨੂੰ ਸ਼ਰਣ ਨਾ ਦੇਣ ਦੀ ਸਲਾਹ ਦਿੱਤੀ ਸੀ।
ਕੁਝ ਹੀ ਦਿਨਾਂ ਬਾਅਦ ਭਾਰਤ ਨੇ ਕੈਨੇਡਾ ਦੇ ਨਾਗਰਿਕਾਂ ਲਈ ਵੀਜ਼ਾ ਪ੍ਰਕਿਰਿਆ ਨੂੰ ਮੁਅੱਤਲ ਕਰ ਦਿੱਤਾ ਸੀ।
ਪਿਛਲੇ ਸਾਲ ਅਕਤੂਬਰ ’ਚ ਕੈਨੇਡਾ ਨੇ ਕਿਹਾ ਸੀ ਕਿ ਉਨ੍ਹਾਂ ਦੇ ਕੂਟਨੀਤਿਕਾਂ ਨੂੰ ਕੱਢਣ ਕਾਰਨ ਭਾਰਤ ਨਾਲ ਵੀਜ਼ਾ ਪ੍ਰਕਿਰਿਆ ਵਿੱਚ ਰੁਕਾਵਟ ਆ ਰਹੀ ਹੈ।
ਹਾਲਾਂਕਿ ਭਾਰਤ ਨੇ ਅਗਲੇ ਮਹੀਨੇ ਕੈਨੇਡਾ ਦੇ ਨਾਗਰਿਕਾਂ ਲਈ ਚੋਣਵੀਂ ਈ-ਵੀਜ਼ਾ ਸਹੂਲਤ ਫਿਰ ਤੋਂ ਸ਼ੁਰੂ ਕਰ ਦਿੱਤੀ ਸੀ।
ਹੁਣ ਸਵਾਲ ਇਹ ਹੈ ਕਿ ਕੀ ਮੌਜੂਦਾ ਪ੍ਰਸਥਿਤੀਆਂ ਹੋਰ ਵੀ ਡੂੰਘੇ ਬਦਲਾਅ ਲੈ ਕੇ ਆਉਣਗੀਆਂ? ਅਤੇ ਕੀ ਇਨ੍ਹਾਂ ਦਾ ਅਸਰ ਭਾਰਤ-ਅਮਰੀਕਾ ਦੇ ਰਿਸ਼ਤਿਆਂ ’ਤੇ ਵੀ ਪਵੇਗਾ?
ਭਾਰਤ-ਅਮਰੀਕਾ ਦੇ ਰਿਸ਼ਤਿਆਂ ’ਤੇ ਅਸਰ

ਤਸਵੀਰ ਸਰੋਤ, Getty Images
ਮੀਰਾ ਸ਼ੰਕਰ ਅਮਰੀਕਾ ਵਿੱਚ ਭਾਰਤ ਦੇ ਰਾਜਦੂਤ ਰਹਿ ਚੁੱਕੇ ਹਨ।
ਉਨ੍ਹਾਂ ਦਾ ਮੰਨਣਾ ਹੈ ਕਿ ਇਸ ਸਮੇਂ ਭਾਰਤ ਅਤੇ ਪੱਛਮੀ ਦੇਸ਼ਾਂ ਨੂੰ ਆਪਸ ਵਿੱਚ ਗੱਲਬਾਤ ਕਰਨ ਦੀ ਜ਼ਰੂਰਤ ਹੈ।
ਉਹ ਕਹਿੰਦੇ ਹਨ,“ਮੇਗਾਫੋਨ ਡਿਪਲੋਮੇਸੀ ਦਾ ਨਹੀਂ ਹੈ। ਪਹਿਲਾਂ ਠੰਢੇ ਦਿਮਾਗ ਨਾਲ ਮਾਮਲਿਆਂ ਨੂੰ ਸੁਲਝਾਉਣ ਦੀ ਜ਼ਰੂਰਤ ਹੈ। ਹੁਣ ਤੱਕ ਭਾਰਤ ਤੇ ਕੈਨੇਡਾ ਨੇ ਸਾਰੀਆਂ ਪ੍ਰੇਸ਼ਾਨੀਆਂ ਦੇ ਬਾਵਜੂਦ ਆਪਣੇ ਆਰਥਿਕ ਰਿਸ਼ਤਿਆਂ ਨੂੰ ਸੰਭਾਲ ਕੇ ਰੱਖਿਆ ਹੈ ਅਤੇ ਮੈਂ ਉਮੀਦ ਕਰਦੀ ਹਾਂ ਕਿ ਅੱਗੇ ਵੀ ਅਜਿਹਾ ਹੀ ਹੋਵੇਗਾ।”
ਕੂਟਨੀਤੀ ਨੂੰ ਨੇੜੇ ਤੋਂ ਜਾਣਨ ਵਾਲੇ ਭਾਰਤ ਦੇ ਸਾਬਕਾ ਰਾਜਦੂਤ ਰਾਜੀਵ ਡੋਗਰਾ ਦਾ ਮੰਨਣਾ ਹੈ ਕਿ ਵਿਦੇਸ਼ ’ਚ ਭਾਰਤ ਦੇ ਖ਼ਿਲਾਫ਼ ਬਿਆਨ ਦੇਣ ਵਾਲੇ ਲੋਕਾਂ ’ਤੇ ਕਾਰਵਾਈ ਦੀ ਗੱਲ ਕਰਨਾ ਗਲਤ ਨਹੀਂ ਹੈ।
ਉਨ੍ਹਾਂ ਦਾ ਕਹਿਣਾ ਹੈ ਕਿ ਭਾਰਤ ਕੈਨੇਡਾ ਜਾਂ ਕਿਸੇ ਵੀ ਦੇਸ਼ ਤੋਂ ਅਜਿਹੀ ਕਾਰਵਾਈ ਦੀ ਉਮੀਦ ਰੱਖ ਸਕਦਾ ਹੈ।
“ਵਿਦੇਸ਼ ਵਿੱਚ ਆਪਣੇ ਕਾਰਜਕਾਲ ਦੌਰਾਨ ਮੈਂ ਦੇਖਿਆ ਹੈ ਕਿ ਭਾਰਤ ਨੂੰ ਦੁਸ਼ਮਣ ਮੰਨਣ ਵਾਲੇ ਦੇਸ਼ ਸ਼ਰੇਆਮ ਵੱਖਵਾਦੀ ਲੋਕਾਂ ਨੂੰ ਸਾਡੇ ਖ਼ਿਲਾਫ਼ ਭੜਕਾਉਂਦੇ ਹਨ।”
ਡੋਗਰਾ ਦਾ ਮੰਨਣਾ ਹੈ ਕਿ ਅਮਰੀਕੀ ਪ੍ਰਸ਼ਾਸਨ ਦਾ ਇੱਕ ਵਰਗ ਹਾਲੇ ਵੀ ਭਾਰਤ ਦੇ ਨਾਲ ਚੰਗੇ ਸਬੰਧ ਨਹੀਂ ਚਾਹੁੰਦਾ ਅਤੇ ਇਹੀ ਵਰਗ ਵਿਵਾਦ ਦੀ ਵਜ੍ਹਾ ਹੈ।

ਤਸਵੀਰ ਸਰੋਤ, Getty Images
“ਮੈਨੂੰ ਇਸ ਗੱਲ ਦੀ ਚਿੰਤਾ ਹੈ ਕਿ ਸਾਡੇ ਰਿਸ਼ਤੇ ਚਾਹੇ ਭਾਰਤ-ਕੈਨੇਡਾ ਹੋਵੇ ਜਾਂ ਭਾਰਤ-ਅਮਰੀਕਾ ਤੇ ਪੱਛਮੀ ਦੇਸ਼ਾਂ ਨਾਲ, ਸਹੀ ਦਿਸ਼ਾ ਵਿੱਚ ਨਹੀਂ ਜਾ ਰਹੇ। ਇਸ ਮਾਮਲੇ ’ਚ ਅਮਰੀਕਾ ਨੇ ਭਾਰਤ ਦਾ ਸਾਥ ਦੇਣ ਦੀ ਵਜ੍ਹਾ ਕੈਨੇਡਾ ਦਾ ਸਮਰਥਨ ਕੀਤਾ ਹੈ। ਅਮਰੀਕਾ ਵਿੱਚ ਵੀ ਹਰ ਦਿਨ ਵੱਖਵਾਦੀ ਲੋਕ ਬਿਆਨ ਦਿੰਦੇ ਰਹਿੰਦੇ ਹਨ, ਅਤੇ ਅਜਿਹਾ ਕਿਉਂ ਹੋ ਰਿਹਾ ਹੈ, ਇਹ ਸਮਝਣਾ ਮੁਸ਼ਕਲ ਹੈ। ਭਾਰਤ ਨੇ ਕੋਸ਼ਿਸ਼ ਕੀਤੀ ਹੈ ਕਿ ਇਨ੍ਹਾਂ ਇਲਜ਼ਾਮਾਂ ’ਤੇ ਆਪਣਾ ਪੱਖ ਸਾਫ਼ ਕਰੇ, ਪਰ ਇਸ ਦਾ ਕੋਈ ਖਾਸ ਨਤੀਜਾ ਨਹੀਂ ਦਿਖ ਰਿਹਾ।”
ਡੋਗਰਾ ਦਾ ਕਹਿਣਾ ਹੈ ਕਿ ਜੇ ਅਜਿਹਾ ਹੀ ਚੱਲਦਾ ਰਿਹਾ ਤਾਂ ਇਸ ਵਿਵਾਦ ਦਾ ਅਸਰ ਹੋਰ ਮੁੱਦਿਆਂ ’ਤੇ ਵੀ ਜਲਦ ਹੀ ਦਿਖਾਈ ਦੇਣ ਲੱਗੇਗਾ। ਉਨ੍ਹਾਂ ਕਿਹਾ,“ਇਹ ਜ਼ਿੰਮੇਵਾਰੀ ਅਮਰੀਕਾ ਅਤੇ ਕੈਨੇਡਾ ’ਤੇ ਵੀ ਹੈ ਕਿ ਉਹ ਭਾਰਤ ’ਤੇ ਬੇਬੁਨਿਆਦ ਇਲਜ਼ਾਮ ਲਗਾਉਣਾ ਬੰਦ ਕਰੇ।”
ਅਮਰੀਕਾ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਜੇਕ ਸੁਲਿਬਨ ਨੇ ਅਗਸਤ ਵਿੱਚ ਕੈਨੇਡਾ ’ਚ ਇੱਕ ਬਿਆਨ ਦਿੱਤਾ ਸੀ, ਜਿਸ ’ਚ ਉਨ੍ਹਾਂ ਕਿਹਾ ਸੀ ਕਿ ਅਮਰੀਕਾ ਕੈਨੇਡਾ ਦੇ ਨਾਲ ਹਰ ਪੱਧਰ ’ਤੇ ਸਹਿਯੋਗ ਕਰ ਰਿਹਾ ਹੈ। ਤਾਂਕਿ ਨਿੱਝਰ ਹੱਤਿਆਕਾਂਡ ਮਾਮਲੇ ਦੀ ਤਹਿ ਤੱਕ ਪਹੁੰਚਿਆ ਜਾ ਸਕੇ। ਉਨ੍ਹਾਂ ਨੇ ਨਿੱਝਰ ਦੀ ਹੱਤਿਆ ਨੂੰ ਇੱਕ ਤਰਾਸਦੀ ਦੱਸਿਆ ਸੀ। ਇਸ ਤੋਂ ਪਹਿਲਾ ਭਾਰਤ ਨੇ ਨਿੱਝਰ ਨੂੰ ਇੱਕ ਅਤਿਵਾਦੀ ਐਲਾਨ ਦਿੱਤਾ ਹੈ।
ਹਾਲਾਂਕਿ ਇਸ ਮੁੱਦੇ ਦਾ ਦੂਜਾ ਪੱਖ ਵੀ ਹੈ।
ਦੂਜਾ ਨਜ਼ਰੀਆ

ਤਸਵੀਰ ਸਰੋਤ, Getty Images
ਅਨਿਲ ਤ੍ਰਿਗੁਣਾਯ ਭਾਰਤ ਦੇ ਰਾਜਦੂਤ ਰਹਿ ਚੁੱਕੇ ਹਨ ਅਤੇ ਅਮਰੀਕਾ ’ਚ ਵੀ ਕੰਮ ਕਰ ਚੁੱਕੇ ਹਨ, ਉਨ੍ਹਾਂ ਦਾ ਮੰਨਣਾ ਹੈ ਕਿ ਕੈਨੇਡਾ ਦੇ ਨਾਲ ਰਿਸ਼ਤੇ ਚਾਹੇ ਜਿਵੇਂ ਦੇ ਵੀ ਹੋਣ, ਇਸ ਦਾ ਭਾਰਤ ਦੇ ਪੱਛਮੀ ਦੇਸ਼ਾਂ ਨਾਲ ਸਬੰਧਾਂ ’ਤੇ ਅਸਰ ਸ਼ਾਇਦ ਹੀ ਪਵੇਗਾ।
ਉਹ ਕਹਿੰਦੇ ਹਨ,“ਹੋਰਾਂ ਦੇਸ਼ਾਂ ਨਾਲ ਸਾਡੇ ਰਿਸ਼ਤੇ ਮਜ਼ਬੂਤ ਹਨ। ਮੇਰੀ ਉਮੀਦ ਹੈ ਕਿ ਆਪਸੀ ਸਨਮਾਨ ਅਤੇ ਸੰਵੇਦਨਸ਼ੀਲਤਾ ਦੇ ਨਾਲ ਚੱਲੀਏ ਤਾਂ ਰਿਸ਼ਤੇ ਬਣੇ ਰਹਿਣਗੇ। ਫਿਲਹਾਲ ਜੋ ਸਮੱਸਿਆ ਹੈ, ਉਹ ਭਾਰਤ ਤੇ ਕੈਨੇਡਾ ਦੀ ਮੌਜੂਦਾ ਲੀਡਰਸ਼ਿਪ ਦੇ ਵਿਚਾਲੇ ਦੀ ਹੈ। ਉਥੋਂ ਦੀ ਲੀਡਰਸ਼ਿਪ ਵਾਰ-ਵਾਰ ਭਾਰਤ ਨੂੰ ਉਕਸਾਉਣ ਦਾ ਕੰਮ ਕਰ ਰਹੀ ਹੈ।”
ਬੀਬੀਸੀ ਨਾਲ ਗੱਲ ਕਰਦੇ ਹੋਏ ਇੱਕ ਮਾਹਿਰ ਨੇ ਨਾਮ ਨਾ ਦੱਸਣ ਦੀ ਸ਼ਰਤ ’ਤੇ ਦੱਸਿਆ ਕਿ ਭਾਰਤ ਅਤੇ ਕੈਨੇਡਾ ਵਿਚਾਲੇ ਵਧਦੇ ਤਣਾਅ ਦੇ ਕਾਰਨ ਭਾਰਤ ਅਤੇ ਪੱਛਮੀ ਦੇਸ਼ਾਂ ਵਿੱਚ ਖੁਫ਼ੀਆ ਜਾਣਕਾਰੀ ਸਾਂਝੀ ਕਰਨ ਦੇ ਹਰ ਕਦਮ ’ਤੇ ਰੁਕਾਵਟ ਆ ਸਕਦੀ ਹੈ।
“ਕੈਨੇਡਾ ਫਾਈਵ ਆਈਜ਼ ਗੱਠਜੋੜ ਦਾ ਮੈਂਬਰ ਹੈ, ਜਿਸ ’ਚ ਅਮਰੀਕਾ, ਯੂਨਾਈਟਿਡ ਕਿੰਗਡਮ, ਆਸਟਰੇਲੀਆ ਅਤੇ ਨਿਊਜ਼ੀਲੈਂਡ ਵੀ ਸ਼ਾਮਲ ਹੈ। ਉਥੇ ਉਹ ਭਾਰਤ ਦੇ ਹੋਰਾਂ ਦੇਸ਼ਾਂ ਨਾਲ ਰਿਸ਼ਤੇ ਵਿਗਾੜਨ ਦੀ ਕੋਸ਼ਿਸ਼ ਕਰ ਸਕਦਾ ਹੈ।”
ਉਨ੍ਹਾਂ ਕਿਹਾ,“ਹੋ ਸਕਦਾ ਹੈ ਕਿ ਅੱਗੇ ਜਾ ਕੇ ਕੈਨੇਡਾ ਭਾਰਤ ਵਿੱਚ ਨਿਵੇਸ਼ ਘੱਟ ਕਰ ਦੇਵੇ ਜਾਂ ਭਾਰਤੀ ਵਿਦਿਆਰਥੀਆਂ ਦਾ ਉਥੇ ਆਉਣਾ ਘਟਾ ਦੇਵੇ। ਇਸ ਤੋਂ ਇਲਾਵਾ ਦੋਵੇਂ ਦੇਸ਼ ਅਸਲ ਵਿੱਚ ਇੱਕ-ਦੂਜੇ ਦੇ ਰਣਨੀਤਿਕ ਸਮੀਕਰਨ ਵਿੱਚ ਸ਼ਾਮਲ ਨਹੀਂ ਹਨ। ਭਾਰਤ ਦੇ ਸਬੰਧ ਹੋਰ ਪੱਛਮੀ ਸ਼ਕਤੀਆਂ, ਖਾਸ ਕਰਕੇ ਇੰਡੋ-ਪੈਸੀਫਿਕ ਵਿੱਚ ਸਾਂਝੇ ਰਣਨੀਤਿਕ ਹਿੱਤਾਂ ਵਾਲੇ ਦੇਸ਼ਾਂ ਨਾਲ ਆਪਣੇ ਪੈਰਾਂ 'ਤੇ ਹਨ।”
ਪ੍ਰਧਾਨ ਮੰਤਰੀ ਮੋਦੀ ਅਤੇ ਟਰੂਡੋ ਵਿਚਾਲੇ ਸਬੰਧਾਂ ’ਤੇ ਸਵਾਲ ਕਰਦੇ ਹੋਏ ਅਨਿਲ ਤ੍ਰਿਗੁਣਾਯ ਨੇ ਕਿਹਾ ਕਿ ਦੋਵਾਂ ਵਿਚਾਲੇ ਕੋਈ ਖਾਸ ਕੈਮਿਸਟਰੀ ਨਹੀਂ ਦਿਖਦੀ।
ਉਨ੍ਹਾਂ ਕਿਹਾ,“ਜਿਸ ਤਰ੍ਹਾਂ ਨਾਲ ਪ੍ਰਧਾਨ ਮੰਤਰੀ ਟਰੂਡੋ ਵਾਰ-ਵਾਰ ਭਾਰਤ ’ਤੇ ਜਨਤਕ ਰੂਪ ਨਾਲ ਇਲਜ਼ਾਮ ਲਗਾ ਰਹੇ ਹਨ, ਮੈਨੂੰ ਨਹੀਂ ਲੱਗਦਾ ਸਬੰਧ ਸੁਧਰਨਗੇ। ਦੋਵੇਂ ਆਗੂ ਆਪਸ ਵਿੱਚ ਸ਼ਿਸ਼ਟਾਚਾਰ ਨਾਲ ਪੇਸ਼ ਆਉਂਦੇ ਹਨ ਪਰ ਉਸ ਤੋਂ ਵੱਧ ਕੁਝ ਨਹੀਂ ਹੈ। ਫਿਲਹਾਲ ਉਨ੍ਹਾਂ ਦੇ ਪੱਧਰ ’ਤੇ ਕਿਸੇ ਦਖਲ ਦੀ ਉਮੀਦ ਨਹੀਂ ਹੈ। ਹਾਂ, ਸ਼ਾਇਦ ਕੈਨੇਡਾ ’ਚ ਚੋਣਾਂ ਤੋਂ ਬਾਅਦ ਬਦਲਾਅ ਹੋਵੇ, ਉਦੋਂ ਚੀਜ਼ਾਂ ਬਦਲ ਸਕਦੀਆਂ ਹਨ। ਇਹ ਵੀ ਦੇਖਣਾ ਪਵੇਗਾ।”
ਮੀਰਾ ਸ਼ੰਕਰ ਵੀ ਮੰਨਦੇ ਹਨ ਕਿ ਦੋਵੇਂ ਲੀਡਰਾਂ ਨੂੰ ਇਕੱਠੇ ਲਿਆਉਣ ਲਈ ਅਧਿਕਾਰੀਆਂ ਨੂੰ ਜ਼ਮੀਨੀ ਪੱਧਰ ’ਤੇ ਕੰਮ ਕਰਨਾ ਹੋਵੇਗਾ।
ਉਨ੍ਹਾਂ ਨੇ ਕਿਹਾ,“ਇਹ ਸੋਚਣਾ ਕਿ ਦੋਵੇਂ ਆਗੂ ਆਪਸ ਵਿੱਚ ਗੱਲਬਾਤ ਕਰ ਕੇ ਮਸਲਾ ਸੁਲਝਾ ਲੈਣਗੇ, ਸ਼ਾਇਦ ਉੱਚਿਤ ਨਾ ਹੋਵੇ। ਉਹ ਉਦੋਂ ਹੀ ਜਨਤਕ ਰੂਪ ’ਚ ਮਿਲਣਗੇ, ਜਦੋਂ ਇਸ ਰਿਸਤੇ ਵਿੱਚ ਆਈ ਦਰਾਰ ਨੂੰ ਭਰ ਦਿੱਤਾ ਜਾਵੇਗਾ।”












