ਸਵੀਟ ਬੌਬੀ: ‘ਕੈਟਫਿਸ਼ਿੰਗ’ ਦੀ ਪੀੜਤ ਪੰਜਾਬੀ ਔਰਤ ਦੀ ਕਹਾਣੀ, ਜਿਸ ਨੇ ਨੌਂ ਸਾਲ ਠੱਗੇ ਜਾਣ ਮਗਰੋਂ ਆਵਾਜ਼ ਬੁਲੰਦ ਕੀਤੀ

ਕੀਰਤ

ਤਸਵੀਰ ਸਰੋਤ, netflix

    • ਲੇਖਕ, ਅੰਬਰ ਸੰਧੂ ਤੇ ਮਨੀਸ਼ ਪਾਂਡੇ
    • ਰੋਲ, ਬੀਬੀਸੀ ਪੱਤਰਕਾਰ

ਇਹ ਸਾਰਾ ਕੁਝ ਇੱਕ ‘ਫਰੈਂਡ ਰਿਕੂਐਸਟ’ ਨਾਲ ਸ਼ੁਰੂ ਹੋਇਆ।

ਕੀਰਤ ਅੱਸੀ ਜਦੋਂ 2009 ਵਿੱਚ ਸੋਹਣੇ ਸੁਨੱਖੇ ਇੱਕ ਕਾਰਡੀਓਲੋਜਿਸਟ ਬੌਬੀ ਦੇ ਸੰਪਰਕ ਵਿੱਚ ਆਈ ਤਾਂ ਉਸਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ।

ਉਹ ਕੋਈ ਅਜਨਬੀ ਨਹੀਂ ਸੀ। ਉਹ ਦੋਵੇਂ ਜਣੇ ਪੱਛਮ ਲੰਡਨ ਵਿੱਚ ਵੱਸਦੇ ਸਿੱਖ ਭਾਈਚਾਰੇ ਵਿੱਚੋਂ ਸਨ ਅਤੇ ਉਨ੍ਹਾਂ ਦੇ ਦੋਸਤ ਸਾਂਝੇ ਸਨ।

ਇਸ ਕਰ ਕੇ ਕੀਰਤ ਨੇ ਆਈ ਫਰੈਂਡ ਰਿਕੂਐਸਟ ਸਵਿਕਾਰ ਕਰ ਲਈ ਅਤੇ ਉਸ ਨੇ ਆਨਲਾਈਨ ਚੈਟ ਸ਼ੁਰੂ ਕਰ ਦਿੱਤੀ।

ਉਨ੍ਹਾਂ ਦੋਵਾਂ ਵਿਚਾਲੇ ਡੁੰਘੀਆਂ ਗੱਲਾਂ-ਬਾਤਾਂ ਹੋਣ ਲੱਗੀਆਂ ਅਤੇ ਇਹ ਸਭ ਇੱਕ ਪ੍ਰੇਮ ਕਹਾਣੀ ਵਿੱਚ ਬਦਲ ਗਿਆ।

ਬੀਬੀਸੀ ਪੰਜਾਬੀ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

ਦੋਵੇਂ ਜਣੇ ਇੱਕ-ਦੂਜੇ ਦੀ ਜ਼ਿੰਦਗੀ ਵਿੱਚ ਪੂਰੀ ਤਰ੍ਹਾਂ ਖੁੱਭ ਗਏ ਪਰ ਕਈ ਸਾਲ ਇੱਕ-ਦੂਜੇ ਨਾਲ ਪਿਆਰ ਭਰੀਆਂ ਗੱਲਾਂ-ਬਾਤਾਂ ਸਾਂਝੀਆਂ ਕਰਨ ਦੇ ਬਾਵਜੂਦ ਉਹ ਕਦੇ ਮਿਲੇ ਨਹੀਂ।

ਬੌਬੀ ਦੇਸ਼ ਤੋਂ ਬਾਹਰ ਹੋਣ ਦੇ ਕਈ ਬਹਾਨੇ ਲਗਾਉਂਦਾ, ਜਿਵੇਂ ਕਿ ਉਸ ਨੂੰ ਦੌਰਾ ਪਿਆ, ਉਸ ਨੂੰ ਗੋਲੀ ਮਾਰ ਦਿੱਤੀ ਗਈ ਸੀ ਅਤੇ ਉਹ ਗਵਾਹ ਦੀ ਸੁਰੱਖਿਆ ਵਿੱਚ ਸ਼ਾਮਲ ਹੋਇਆ।

ਹਾਲਾਂਕਿ ਇਸ ਬਾਰੇ ਹਮੇਸ਼ਾ ਬੌਬੀ ਦਾ ਕੋਈ ਨਜ਼ਦੀਕੀ, ਕਹਾਣੀ ਸੁਣਾ ਕੇ ਪਰਦਾ ਪਾ ਦਿੰਦਾ ਜਾਂ ਕਹਿ ਲਵੋ ਕੀਰਤ ਇਸ ਤਰ੍ਹਾਂ ਸੋਚਦੀ ਸੀ।

ਅਸਲ ਵਿੱਚ ਪਿੱਛੇ ਕੌਣ ਸੀ

ਕੀਰਤ

ਤਸਵੀਰ ਸਰੋਤ, netflix

ਤਸਵੀਰ ਕੈਪਸ਼ਨ, ਪੌਡਕਾਸਟ ਮੇਕਰ ਟੌਰਟਸ ’ਤੇ 2021 ਵਿੱਚ ਕੀਰਤ ਦੀ ਹੈਰਾਨ ਕਰਨ ਵਾਲੀ ਕਹਾਣੀ ਸਾਹਮਣੇ ਆਈ ਸੀ

ਅਸਲ ਵਿੱਚ ਉਹ ਇੱਕ ਸੋਚੀ ਸਮਝੀ ਸਾਜਿਸ਼ ਦਾ ਸ਼ਿਕਾਰ ਸੀ ਅਤੇ ‘ਕੈਟਫਿਸ਼ਿੰਗ ਘਪਲੇ’ ਨੇ ਉਸ ਨੂੰ ਦੁੱਖਾਂ ਦੇ ਪਹਾੜਾਂ ਹੇਠ ਦੱਬ ਦਿੱਤਾ ਸੀ।

ਨੌਂ ਸਾਲਾਂ ਬਾਅਦ ਜਦੋਂ ਇਹ ਬਹਾਨੇ ਚੱਲਣੇ ਬੰਦ ਹੋ ਗਏ ਤਾਂ ਕੀਰਤ ਤੇ ਬੌਬੀ ਆਹਮੋ-ਸਾਹਮਣੇ ਹੋਏ।

ਪਰ ਉਸ ਨੇ ਆਪਣੇ ਸਾਹਮਣੇ ਆਏ ਵਿਅਕਤੀ ਨੂੰ ਨਹੀਂ ਪਛਾਣਿਆ।

ਜਿਸ ਨੂੰ ਉਹ ਆਨਲਾਈਨ ਸੰਦੇਸ਼ ਭੇਜ ਰਹੀ ਸੀ ਉਹ ਉਸ ਦੀ ਚਚੇਰੀ ਭੈਣ ਸਿਮਰਨ ਸੀ, ਜੋ ਇਸ ਸਭ ਦੇ ਪਿੱਛੇ ਸ਼ਾਮਲ ਸੀ।

ਸਾਰੀ ਅਸਲੀਅਤ ਜਾਣਨ ਤੋਂ ਬਾਅਦ ਕੀਰਤ ਖੁਦ ਨੂੰ ਸਵਾਲ ਕਰ ਰਹੀ ਹੈ ਕਿ ਉਹ ਇੰਨੀ ਮੂਰਖ ਕਿਵੇਂ ਹੋ ਸਕਦੀ ਹੈ?

ਪੌਡਕਾਸਟ ਮੇਕਰ ਟੌਰਟਸ ’ਤੇ 2021 ਵਿੱਚ ਕੀਰਤ ਦੀ ਹੈਰਾਨ ਕਰਨ ਵਾਲੀ ਕਹਾਣੀ ਸਾਹਮਣੇ ਆਈ ਸੀ।

ਇਸ ਦੇ ਹੁਣ ਤਿੰਨ ਸਾਲਾਂ ਬਾਅਦ ਹਾਲ ਹੀ ਵਿੱਚ ਓਟੀਟੀ ਪਲੇਟਫਾਰਮ ਨੈੱਟਫਲਿਕਸ ’ਤੇ ਇੱਕ ਦਸਤਾਵੇਜ਼ੀ ਰਿਲੀਜ਼ ਕੀਤੀ ਗਈ ਹੈ, ਜਿਸ ਵਿੱਚ ਕੀਰਤ ਆਪਣਾ ਤਜਰਬਾ ਸਾਂਝਾ ਕਰਦੀ ਹੈ।

ਉਹ ਕਹਿੰਦੀ ਹੈ ਕਿ ਉਸ ਦੀ ਕਹਾਣੀ ਨੇ ਸਭ ਨੂੰ ਇਹ ਪੁੱਛਣ ਲਈ ਪ੍ਰੇਰਿਆ ਹੈ ਕਿ ਕੋਈ ਇਸ ਲਈ ਕਿਵੇਂ ਡਿੱਗ ਸਕਦਾ ਹੈ?

ਉਸ ਨੇ ਆਨਲਾਈਨ ਕੀਤੇ ਜਾਂਦੇ ਦੁਰਵਿਹਾਰ ਲਈ ਵੀ ਲੋਕਾਂ ਤੋਂ ਪੁੱਛਿਆ ਹੈ।

ਉਸ ਨੇ ਬੀਬੀਸੀ ਏਸ਼ੀਅਨ ਨੈੱਟਵਰਕ ਨਿਊਜ਼ ਨੂੰ ਦੱਸਿਆ, “ਇਹ ਉਨ੍ਹਾਂ ਲੋਕਾਂ ਲਈ ਹੈ, ਜੋ ਅਜੇ ਵੀ ਸੋਚਦੇ ਹਨ ਕਿ ਮੈਂ ਮੂਰਖ ਹਾਂ। ਠੀਕ ਹੈ, ਤੁਹਾਨੂੰ ਆਪਣੀ ਰਾਏ ਦੇਣ ਦੀ ਇਜਾਜ਼ਤ ਹੈ।”

ਪਰ ਕੀਰਤ ਦਾ ਕਹਿਣਾ ਹੈ ਕਿ ਲੋਕਾਂ ਨੂੰ ਧਾਰਨਾਵਾਂ ਨਹੀਂ ਬਣਾਉਣੀਆਂ ਚਾਹੀਦੀਆਂ ਅਤੇ ਇਸ ਸਭ ਦਾ ਵਿਰੋਧ ਕਰਨਾ ਹੀ ਉਸ ਨੂੰ ਆਪਣੀ ਕਹਾਣੀ ਦੱਸਣ ਲਈ ਪ੍ਰੇਰਿਤ ਕਰਦਾ ਸੀ।

ਉਹ ਕਹਿੰਦੇ ਹਨ, "ਮੈਂ ਮੂਰਖ ਨਹੀਂ ਹਾਂ, ਮੈਂ ਗੂੰਗੀ ਨਹੀਂ ਹਾਂ, ਮੈਂ ਉਹ ਹਾਂ ਜਿਸ ਨੇ ਬੋਲਣਾ ਚੁਣਿਆ।”

“ਮੈਂ ਉਹ ਹਾਂ ਜਿਸ ਨੇ ਆਪਣੇ ਆਪ ਨੂੰ ਪਹਿਲੀ ਕਤਾਰ ਵਿੱਚ ਰੱਖਿਆ ਹੈ ਤੇ ਮੈਨੂੰ ਉਮੀਦ ਹੈ ਕਿ ਹੋਰ ਵੀ ਅੱਗੇ ਆਉਣਗੇ।”

ਇੱਕ ਸਵਾਲ ਇਹ ਵੀ ਖੜ੍ਹਾ ਹੁੰਦਾ ਹੈ ਕਿ ਜਿਸ ਨੂੰ ਇਸ ਤਰੀਕੇ ਨਾਲ ਠੱਗਿਆ ਗਿਆ ਹੋਵੇ, ਉਹ ਲੋਕਾਂ ਦੀਆਂ ਨਜ਼ਰਾਂ ਵਿੱਚ ਆਪਣੇ ਆਪ ਨੂੰ ਕਿਉਂ ਲਿਆਵੇਗਾ?

“ਆਪਣੇ ਭਾਈਚਾਰੇ ਪ੍ਰਤੀ ਸਾਡੀਆਂ ਜ਼ਿੰਮੇਵਾਰੀਆਂ ਹਨ”

ਕੀਰਤ ਪੰਜਾਬੀ ਪਿਛੋਕੜ ਤੋਂ ਹਨ। ਉਹ ਕਹਿੰਦੇ ਹਨ ਕਿ ਇਸ ਬਾਰੇ ਬੋਲਣਾ ਬਹੁਤ ਜ਼ਰੂਰੀ ਸੀ ਕਿਉਂਕਿ ਜਿਸ ਨੂੰ ਦੱਖਣੀ ਏਸ਼ਿਆਈ ਭਾਈਚਾਰੇ ਵਿੱਚ ਕਲੰਕ ਸਮਝਿਆ ਜਾਂਦਾ ਹੈ, ਉਹ ਉਸ ਨੂੰ ਚੁਣੌਤੀ ਦੇਣਾ ਚਾਹੁੰਦੇ ਸਨ।

ਉਹ ਕਹਿੰਦੇ ਹਨ, “ਅਸੀਂ ਅਜਿਹਿਆਂ ਮੁੱਦਿਆਂ ਬਾਰੇ ਬੋਲਣ ਤੋਂ ਬਹੁਤ ਡਰਦੇ ਹਾਂ।”

“ਸਾਡੇ ਭਾਈਚਾਰਿਆਂ ਵਿੱਚ ਪੀੜਤਾਂ ਨੂੰ ਬਹੁਤ ਦੁੱਖ ਝੱਲਣਾ ਪੈਂਦਾ ਹੈ ਕਿਉਂਕਿ ਇਹ ਸੋਚਿਆਂ ਜਾਂਦਾ ਹੈ ਕਿ ਸਮਾਜ ਇਸ ਬਾਰੇ ਕੀ ਸੋਚੇਗਾ।”

ਕੀਰਤ ਦਾ ਕਹਿਣਾ ਹੈ ਕਿ ਉਸ ਦੀ ਕਹਾਣੀ ’ਤੇ ਉਸ ਦੇ ਪਿਤਾ ਦੀ ਪ੍ਰਤੀਕਿਰਿਆ ਇੱਕ ਚੰਗੀ ਉਦਾਹਰਣ ਹੈ।

ਉਹ ਕਹਿੰਦੇ ਹਨ, “ਉਹ ਨਹੀਂ ਜਾਣਨਾ ਚਾਹੁੰਦੇ ਸੀ ਕਿ ਕੀ ਹੋਇਆ...”

“ਕਿਉਂਕਿ ਜੋ ਹੋਇਆ ਉਹ ਇੰਨਾ ਭਿਆਨਕ ਸੀ ਕਿ ਉਸ ਦਾ ਸਾਹਮਣਾ ਕਰਨਾ ਬਹੁਤ ਦੁੱਖ ਦੇਣ ਵਾਲਾ ।”

ਉਹ ਕਹਿੰਦੇ ਹਨ ਕਿ ਉਨ੍ਹਾਂ ਨੂੰ ਵੱਖਰੇ ਮੂਲ ਸਿਧਾਂਤਾਂ ਨਾਲ ਪਾਲਿਆ ਗਿਆ ਹੈ।

ਉਹ ਅੱਗੇ ਕਹਿੰਦੇ ਹਨ, “ਮੈਂ ਆਪਣੇ ਪਿਤਾ ਨੂੰ ਪਿਆਰ ਕਰਦੀ ਹਾਂ ਅਤੇ ਮੈਂ ਜਾਣਦੀ ਹਾਂ ਕਿ ਮੇਰੇ ਪਿਤਾ ਵੀ ਮੈਨੂੰ ਪਿਆਰ ਕਰਦੇ ਹਨ।”

ਕੀਰਤ ਕਹਿੰਦੇ ਹੈ ਕਿ ਉਸ ਨੇ ‘ਅਸਲ ਬੌਬੀ’ ਨਾਲ ਸਿੱਧੇ ਤੌਰ ’ਤੇ ਗੱਲ ਨਹੀਂ ਕੀਤੀ ਕਿ ਕੀ ਹੋਇਆ ਹੈ ਅਤੇ ਭਾਈਚਾਰੇ ਦੀ ਝਿੱਜਕ ਕਾਰਨ ਇਸ ਮੁਸ਼ਕਲ ਗੱਲਬਾਤ ਨੂੰ ਦਬਾਅ ਦਿੱਤਾ।

ਉਹ ਹੈਰਾਨ ਹੁੰਦੀ ਹੈ ਕਿ ਜੇ ਉਹ ਕਿਸੇ ਹੋਰ ਪਿਛੋਕੜ ਤੋਂ ਹੁੰਦੀ ਤਾਂ ਕੀ ਉਸ ਦਾ ਰਵੱਈਆ ਫਿਰ ਵੀ ਇਹੀ ਹੋਣਾ ਸੀ।

ਉਹ ਕਹਿੰਦੇ ਹਨ, “ਮੈਂ ਵੱਖੋ-ਵੱਖਰੇ ਫ਼ੈਸਲੇ ਕਰਾਂਗੀ।”

“ਤੁਹਾਡੇ ’ਤੇ ਪਰਿਵਾਰ ਦਾ ਦਬਾਅ ਹੁੰਦਾ ਹੈ ਕਿਉਂਕਿ ਸਾਡੇ ਭਾਈਚਾਰੇ ਪ੍ਰਤੀ ਸਾਡੀਆਂ ਜ਼ਿੰਮੇਵਾਰੀਆਂ ਹਨ।”

“ਮੈਂ ਪੀੜਤ ਮਾਨਸਿਕਤਾ ਨੂੰ ਨਾਲ ਲੈ ਕੇ ਨਹੀਂ ਚੱਲਾਂਗੀ”

ਕੀਰਤ

ਤਸਵੀਰ ਸਰੋਤ, netflix

ਕੀਰਤ ਕਹਿੰਦੇ ਹਨ ਕਿ ਦੁਬਾਰਾ ਸਵੀਟ ਬੌਬੀ ਕਹਿਣ ’ਤੇ ਆਉਣ ਵਾਲੀਆਂ ਨਾਕਾਰਾਤਮਕ ਪ੍ਰਤੀਕਿਰਿਆਵਾਂ ਦਾ ਸਾਹਮਣਾ ਕਰਨਾ ਉਹ ਪਸੰਦ ਕਰਨਗੇ।

ਉਹ ਕਹਿੰਦੇ ਹਨ, “ਜੇ ਤੁਸੀਂ ਮੈਨੂੰ ਦੇਖ ਲਿਆ ਤਾਂ ਮੇਰੇ ਕੋਲ ਆਉਣ ਤੋਂ ਨਾ ਡਰੋ।”

“ਜੇ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ, ਜੋ ਮੇਰੇ ਬਾਰੇ ਵਿਵਾਦਪੂਰਨ ਹੈ ਤਾਂ ਕੋਈ ਗੱਲ ਨਹੀਂ।”

ਉਹ ਕਹਿੰਦੇ ਹਨ, “ਆਓ ਇਸ ਬਾਰੇ ਚਰਚਾ ਕਰਦੇ ਹਾਂ।”

ਜਦੋਂ ਕੀਰਤ ਨੂੰ ਪੁੱਛਿਆ ਗਿਆ ਕਿ ਕੀ ਪੋਡਕਾਸਟ ਜਾਂ ਦਸਤਾਵੇਜ਼ੀ ਨਿਰਮਾਤਾਵਾਂ ਨਾਲ ਆਪਣੀਆਂ ਭਾਵਨਾਵਾਂ ਸਾਂਝੀਆਂ ਕਰ ਸਕੇ ਹੋ ਤਾਂ ਉਹ ਉਸ ਲਈ ਪਰਪੱਖ ਸੀ।

ਸਿਮਰਨ ਨੇ ਦਸਤਾਵੇਜ਼ੀ ਵਿੱਚ ਸ਼ਾਮਲ ਹੋਣ ਲਈ ਇਨਕਾਰ ਕਰ ਦਿੱਤਾ ਸੀ। ਉਸ ਦੀ ਭੂਮਿਕਾ ਨੂੰ ਇੱਕ ਅਦਾਕਾਰਾ ਵੱਲੋਂ ਨਿਭਾਇਆ ਗਿਆ।

ਕੀਰਤ ਨੇ ਆਪਣੀ ਚਚੇਰੀ ਭੈਣ ਵਿਰੁੱਧ ਸਫਲਤਾਪੂਰਵਕ ਸਿਵਲ ਕਾਰਵਾਈ ਲੜੀ, ਮੁਆਵਜ਼ਾ ਪ੍ਰਾਪਤ ਕੀਤਾ ਅਤੇ ਕੇਸ ਦੇ ਅੰਤ ਵਿੱਚ ਉਸ ਨੇ ਮੁਆਫੀ ਵੀ ਮੰਗੀ।

ਦਸਤਾਵੇਜ਼ੀ ਵਿੱਚ ਸਿਮਰਨ ਦੇ ਇੱਕ ਬਿਆਨ ਨੂੰ ਸ਼ਾਮਲ ਕੀਤਾ ਗਿਆ। ਜਿਸ ਵਿੱਚ ਉਸ ਦਾ ਕਹਿਣਾ ਹੈ, “ਇਸ ਮਾਮਲੇ ਵਿੱਚ ਸਾਰਾ ਕੁਝ ਉਦੋਂ ਸ਼ੁਰੂ ਹੋਇਆ ਜਦੋਂ ਉਹ ਇੱਕ ਸਕੂਲੀ ਵਿਦਿਆਰਥਣ ਸੀ। ਉਹ ਇਸ ਨੂੰ ਇੱਕ ਨਿੱਜੀ ਮਾਮਲਾ ਮੰਨਦੀ ਹੈ ਅਤੇ ਇਲਜ਼ਾਮਾਂ ਨੂੰ ਬੇਬੁਨਿਆਦ ਤੇ ਨੁਕਸਾਨਦੇਹ ਵਜੋਂ ਸਖ਼ਤ ਇਤਰਾਜ਼ ਪ੍ਰਗਟਾਉਂਦੀ ਹੈ।”

ਕੀਰਤ ਦਾ ਕਹਿਣਾ ਹੈ ਕਿ ਸਿਮਰਨ ਨੇ ਕਿਸੇ ਵੀ ਅਪਰਾਧਿਕ ਦੋਸ਼ ਦਾ ਸਾਹਮਣਾ ਨਹੀਂ ਕੀਤਾ ਅਤੇ ਉਹ ਚਾਹੁੰਦੀ ਹੈ ਕਿ ਉਸ ਨੂੰ ਜਵਾਬਦੇਹ ਠਹਿਰਾਇਆ ਜਾਵੇ।

ਉਹ ਕਹਿੰਦੇ ਹਨ, “ਉਸ ਦੇ ਇਸ ਸਾਰੇ ਮਾਮਲੇ ਤੋਂ ਬਾਹਰ ਹੋਣਾ ਠੀਕ ਨਹੀਂ ਹੈ।”

ਕੀਰਤ ਕਹਿੰਦੀ ਹੈ ਕਿ ਉਸ ਨੂੰ ਨਹੀਂ ਲੱਗਦਾ ਕਿ ਉਹ ਕਦੇ ਸੱਚਮੁੱਚ ਇਹ ਪਤਾ ਲਗਾ ਸਕੇਗੀ ਕਿ ਉਸ ਵਿਰੁੱਧ ਇਹ ਸਭ ਕਿਉਂ ਕੀਤਾ ਗਿਆ।

ਉਹ ਕਹਿੰਦੇ ਹਨ, “ਮੈਨੂੰ ਲੱਗਦਾ ਹੈ ਕਿ ਮੈਂ ਲੰਬੇ ਸਮੇਂ ਤੋਂ ਹਾਰ ਮੰਨ ਚੁੱਕੀ ਹਾਂ।”

“ਜੋ ਹੱਦ ਉਸ ਨੇ ਪਾਰ ਕੀਤੀ, ਤੁਸੀਂ ਕਦੇ ਵੀ ਉਸ ਨੂੰ ਜਾਇਜ਼ ਨਹੀਂ ਠਹਿਰਾਅ ਸਕਦੇ।”

“ਮੈਨੂੰ ਸਮਝ ਨਹੀਂ ਆਉਂਦੀ ਤੁਸੀਂ ਇਹ ਸਭ ਕਿਉਂ ਕਰਦੇ ਰਹੇ..ਕਿਸੇ ਨੂੰ ਦਰਦ ਵਿੱਚ ਦੇਖ ਕੇ ਤੁਹਾਨੂੰ ਕੀ ਖੁਸ਼ੀ ਮਿਲੀ ਹੈ।”

ਪਰ ਇਸ ਸਭ ਦਾ ਜਵਾਬ ਨਾ ਮਿਲਣਾ ਉਸ ਨੂੰ ਜ਼ਿੰਦਗੀ ਵਿੱਚ ਅੱਗੇ ਵਧਣ ਤੋਂ ਨਹੀਂ ਰੋਕ ਸਕਦਾ।

ਉਹ ਕਹਿੰਦੇ ਹਨ, “ਮੈਂ ਆਪਣੇ ਜੀਵਨ ਅਤੇ ਕਰੀਅਰ ਨੂੰ ਦੁਬਾਰਾ ਖੜ੍ਹਾ ਕਰਨ ਲਈ ਸਖ਼ਤ ਮਿਹਨਤ ਕਰ ਰਹੀ ਹਾਂ। ਇਸ ਲਈ ਮੈਨੂੰ ਸਖ਼ਤ ਮਿਹਨਤ ਕਰਨੀ ਚਾਹੀਦੀ ਹੈ।”

“ਮੈਂ ਉਹ ਨਹੀਂ ਬਣਨਾ ਚਾਹੁੰਦਾ, ਜੋ ਪੀੜਤ ਮਾਨਸਿਕਤਾ ਨੂੰ ਆਪਣੇ ਨਾਲ ਲੈ ਕੇ ਜਾਵੇ।”

“ਮੈਂ ਆਪਣੇ ਟੀਚਿਆਂ ਅਤੇ ਸੁਪਨਿਆਂ ਲਈ ਕੰਮ ਕਰਨਾ ਜਾਰੀ ਰੱਖਾਂਗੀ।”

ਨੈੱਟਫਲਿਕਸ ’ਤੇ ਦਸਤਾਵੇਜ਼ੀ “ਸਵੀਟ ਬੌਬੀ: ਮਾਈ ਕੈਟਫਿਸ਼ ਨਾਈਟਮੇਅਰ” ਦੇਖਣ ਲਈ ਉਪਲਬਧ ਹੈ।

ਕੈਟਫਿਸ਼ਿੰਗ ਕੀ ਹੁੰਦੀ ਹੈ

ਕੈਟਫਿਸ਼ਿੰਗ ਇੱਕ ਤਰ੍ਹਾਂ ਦਾ ਆਨਲਾਈਨ ਫਰੌਡ ਹੁੰਦਾ ਹੈ ਜਿਸ ਵਿੱਚ ਇੱਕ ਇਨਸਾਨ ਕਿਸੇ ਨੂੰ ਰਿਸ਼ਤੇ ਵਿੱਚ ਧੋਖਾ ਦੇਣ ਲਈ ਜਾਂ ਪੈਸੇ ਦੀ ਠੱਗੀ ਕਰਨ ਲਈ ਸੋਸ਼ਲ ਮੀਡੀਆ ਉੱਤੇ ਫੇਕ ਆਈਡੀ ਬਣਾਉਂਦਾ ਹੈ।

ਫੇਕ ਆਈਡੀ ਬਣਾਉਣ ਵਾਲੇ ਸ਼ਖ਼ਸ ਨੂੰ ਕੈਟਫਿਸ਼ ਕਿਹਾ ਜਾਂਦਾ ਹੈ। ਕੈਟਫਿਸ਼ਰ ਜ਼ਿਆਦਾਤਰ ਦੂਜੇ ਲੋਕਾਂ ਦੀ ਤਸਵੀਰਾਂ ਅਤੇ ਡੀਟੇਲਸ ਲੈ ਕੇ ਸੋਸ਼ਲ ਮੀਡੀਆ ਅਕਾਊਂਟ ਬਣਾਉਂਦੇ ਹਨ ਅਤੇ ਦੂਜੇ ਬੰਦੇ ਨੂੰ ਗਲਤ ਜਾਣਕਾਰੀ ਦਿੰਦੇ ਹਨ।

(ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)