ਪਹਿਲੇ ਵਿਸ਼ਵ ਯੁੱਧ ਦੇ 2 ਸਿੱਖ ਫ਼ੌਜੀਆਂ ਦੀ 108 ਸਾਲ ਪੁਰਾਣੀ ਤਸਵੀਰ ਦੀ ਪਛਾਣ ਕਿਵੇਂ ਹੋਈ, ਖਡੂਰ ਸਾਹਿਬ ਨਾਲ ਕਿਵੇਂ ਜੁੜਿਆ ਰਿਸ਼ਤਾ

ਪਹਿਲੀ ਵਿਸ਼ਵ ਜੰਗ ਵਿੱਚ ਲੜੇ ਸਿੱਖ ਫ਼ੌਜੀ

ਤਸਵੀਰ ਸਰੋਤ, courtesy- Dr Amandeep Singh Madhra

    • ਲੇਖਕ, ਗੁਰਪ੍ਰੀਤ ਸਿੰਘ
    • ਰੋਲ, ਬੀਬੀਸੀ ਸਹਿਯੋਗੀ

ਪਹਿਲੇ ਵਿਸ਼ਵ ਯੁੱਧ ਦੌਰਾਨ ਬ੍ਰਿਟੇਨ ਵਾਸੀ ਐਂਗਲੋ-ਹੰਗਰੀਅਨ ਚਿੱਤਰਕਾਰ ਫਿਲਿਪ ਡੀ ਲਾਜ਼ਲੋ ਨੇ ਦੋ ਸਿੱਖ ਸੈਨਿਕਾਂ ਦੀ ਤਸਵੀਰ ਬਣਾਈ।

ਲੇਕਿਨ ਹੁਣ ਇਸਦਾ ਰਿਸ਼ਤਾ ਤਰਨ ਤਾਰਨ ਦੇ ਖਡੂਰ ਸਾਹਿਬ ਦੇ ਖਹਿਰਾ ਪਰਿਵਾਰ ਨਾਲ ਜਾ ਜੁੜਿਆ ਹੈ।

108 ਸਾਲਾਂ ਤੱਕ ਨਾ ਤਾਂ ਇਹ ਚਿੱਤਰ ਸਾਹਮਣੇ ਆਇਆ ਅਤੇ ਨਾ ਹੀ ਖਹਿਰਾ ਪਰਿਵਾਰ ਇਸ ਬਾਰੇ ਜਾਣਦਾ ਸੀ।

ਸਾਲ 2014 ਵਿੱਚ ਬ੍ਰਿਟੇਨ ਵਿੱਚ ਪੰਜਾਬੀ ਵਿਰਾਸਤ ਬਾਰੇ ਕੰਮ ਕਰਨ ਵਾਲੀ ਸੰਸਥਾ ਨੇ ਪਹਿਲੇ ਵਿਸ਼ਵ ਯੁੱਧ ਦੇ ਸ਼ਤਾਬਦੀ ਸਮਾਗਮਾਂ ਦੇ ਸਿਲਸਿਲੇ ਵਿੱਚ ਇੱਕ ਨੁਮਾਇਸ਼ ਲਾਈ।

ਉਸ ਵਿੱਚ ਇਹ ਤਸਵੀਰ ਵੀ ਰੱਖੀ ਗਈ। ਤਸਵੀਰ ਬਹੁਤ ਪਸੰਦ ਕੀਤੀ ਗਈ ਅਤੇ ਸੋਸ਼ਲ ਮੀਡੀਆ ਉੱਤੇ ਵੀ ਬਹੁਤ ਸਾਂਝੀ ਕੀਤੀ ਗਈ।

ਸੰਸਥਾ ਦੇ ਮੈਂਬਰ ਤੇਜਪਾਲ ਸਿੰਘ ਰਲਮਿਲ ਦੱਸਦੇ ਹਨ, “ਕਰੀਬ 6 ਸਾਲ ਪਹਿਲਾਂ ਇਹ ਪੇਂਟਿੰਗ ਜਦੋਂ ਸਿੱਖ ਮਿਲਟਰੀ ਹਿਸਟਰੀ ਫੋਰਮ ਦੇ ਫੇਸਬੁੱਕ ਉੱਤੇ ਸਾਹਮਣੇ ਆਈ ਤਾਂ ਇਸ ਬਾਰੇ ਬਹੁਤ ਚਰਚਾ ਹੋਈ ਸੀ। ਉਦੋਂ ਤੋਂ ਹੀ ਇਨ੍ਹਾਂ ਸਿੱਖ ਫੌਜੀਆਂ ਦੀ ਪਛਾਣ ਬਾਰੇ ਵੀ ਚਰਚਾ ਹੋ ਰਹੀ ਸੀ।”

ਉਹ ਦੱਸਦੇ ਹਨ, “ਸਮਾਂ ਬੀਤ ਰਿਹਾ ਸੀ ਅਤੇ ਮੇਰਾ ਵੀ ਇਸ ਤਸਵੀਰ ਵੱਲ ਧਿਆਨ ਸੀ ਅਤੇ ਖੋਜ ਵੀ ਕਰ ਰਿਹਾ ਸੀ। ਫਿਰ ਪੰਜਾਬ ਦੇ ਰਹਿਣ ਵਾਲੇ ਹਰਪ੍ਰੀਤ ਸਿੰਘ ਜੋ ਕਿ ਖ਼ੁਦ ਵੀ ਪਹਿਲੇ ਵਿਸ਼ਵ ਯੁੱਧ ’ਤੇ ਖੋਜ ਕਰ ਰਹੇ ਸਨ ਉਨ੍ਹਾਂ ਨੇ ਮੈਨੂੰ ਦੱਸਿਆ ਕੀ ਇਹ ਤਸਵੀਰ ਸ਼ਾਇਦ ਉਨ੍ਹਾਂ ਦੇ ਆਪਣੇ ਹੀ ਪਰਿਵਾਰ ਨਾਲ ਜੁੜਦੀ ਹੈ।”

ਤੇਜਪਾਲ ਸਿੰਘ ਰਲਮਿਲ ਦੱਸਦੇ ਹਨ, “ਇਹ ਪੇਂਟਿੰਗ ਪਿਛਲੇ ਸਾਲ 2023 ਵਿੱਚ ਵੀ ਮੁੜ ਚਰਚਾ ’ਚ ਆਈ ਜਦੋਂ ਇਹ ਸਾਹਮਣੇ ਆਇਆ ਕੀ ਇਸ ਚਿੱਤਰ ਦੀ ਬਰਾਮਦ ਉੱਤੇ ਅਸਥਾਈ ਪਾਬੰਦੀ ਲਾ ਦਿੱਤੀ ਗਈ ਹੈ ਤਾਂ ਜੋ ਇਸ ਨੂੰ ਦੇਸ਼ ਤੋਂ ਬਾਹਰ ਨਾ ਲਿਜਾਇਆ ਜਾ ਸਕੇ। ਉਦੋਂ ਵੀ ਇਹ ਇੰਗਲੈਂਡ ਦੇ ਵੱਖ-ਵੱਖ ਮੀਡੀਆ ਪਲੇਟਫਾਰਮਾਂ ਵਿੱਚ ਛਪੀ।”

ਪੰਜਾਬ ਦੇ ਪਰਿਵਾਰ ਨਾਲ ਰਿਸ਼ਤਾ

ਤਸਵੀਰ

ਤਸਵੀਰ ਸਰੋਤ, courtesy- Dr Amandeep Singh Madhra

ਪਹਿਲੇ ਵਿਸ਼ਵ ਯੁੱਧ ਵਿੱਚ ਹਿੱਸਾ ਲੈਣ ਵਾਲੇ ਦੋ ਭਾਰਤੀ ਸਿੱਖ ਫ਼ੌਜੀਆਂ ਦੇ ਐਂਗਲੋ-ਹੰਗਰੀ ਚਿੱਤਰਕਾਰ ਫਿਲਿਪ ਡੀ ਲਾਜ਼ਲੋ ਦੇ ਹੱਥ ਦਾ ਪੇਂਟ ਹੋਇਆ ਚਿੱਤਰ ਭਾਵੇਂ ਕਿ ਦੁਨੀਆਂ ਦੇ ਸਾਹਮਣੇ ਪ੍ਰਦਰਸ਼ਨੀ ਰਾਹੀ ਅਤੇ ਇੰਟਰਨੈੱਟ ਰਾਹੀਂ ਕਰੀਬ ਬੀਤੇ 10 ਤੋਂ 6 ਸਾਲ ਪਹਿਲਾਂ ਆਇਆ ਸੀ।

ਲੇਕਿਨ ਇਸ ਦੌਰਾਨ ਪੰਜਾਬ ਵਿੱਚ ਬੈਠੇ ਖੋਜਕਾਰ ਹਰਪ੍ਰੀਤ ਸਿੰਘ ਦੱਸਦੇ ਹਨ ਕੀ ਉਹ ਆਪਣੇ ਪੜਦਾਦਾ ਜੋ ਪਹਿਲੇ ਵਿਸ਼ਵ ਯੁੱਧ ਵਿੱਚ ਸ਼ਾਮਿਲ ਸਨ, ਦੀ ਖੋਜ ਪੂਰੀ ਕਰਨ ਤੋਂ ਬਾਅਦ ਆਪਣੀ ਸੱਸ ਦੇ ਕਹਿਣ ਉੱਤੇ ਸਾਲ 2018 ਦੇ ਅਖੀਰ ਤੋਂ ਉਨ੍ਹਾਂ ਦੇ ਦਾਦਾ ਰਿਸਾਲਦਾਰ ਜਗਤ ਸਿੰਘ ਬਾਰੇ ਖੋਜ ਵਿੱਚ ਲੱਗੇ ਹੋਏ ਸਨ।

ਜਗਤ ਸਿੰਘ ਦੀ ਕ੍ਰਿਪਾਨ

ਤਸਵੀਰ ਸਰੋਤ, Gurpreet Singh Chawla/BBC

ਜਦਕਿ ਖਹਿਰਾ ਪਰਿਵਾਰ ਕੋਲ ਜਗਤ ਸਿੰਘ ਦੀਆਂ ਦੋ ਨਿਸ਼ਾਨੀਆਂ ਸਨ। ਉਸ ਵਿੱਚੋਂ ਇੱਕ ਸਰਟੀਫਿਕੇਟ ਸੀ, ਜੋ ਦਸੰਬਰ 1915 ਦਾ ਹੈ, ਜੋ ਉਨ੍ਹਾਂ ਨੂੰ ਬਹਾਦਰੀ ਲਈ ਮਿਲਿਆ ਸੀ। ਉਸ ਸਰਟੀਫਿਕੇਟ ਤੋਂ ਹੀ ਉਨ੍ਹਾਂ ਨੂੰ ਜਗਤ ਸਿੰਘ ਦੀ ਰੈਜੀਮੈਂਟ ਬਾਰੇ ਜਾਣਕਾਰੀ ਮਿਲੀ। ਇਸ ਤੋਂ ਇਲਾਵਾ ਇੱਕ ਛੋਟੀ ਤਲਵਾਰ ਸੀ। ਇਹ ਦੋਵੇਂ ਨਿਸ਼ਾਨੀਆਂ ਅੱਜ ਵੀ ਉਸ ਪਰਿਵਾਰ ਕੋਲ ਮੌਜੂਦ ਹਨ।

ਹਰਪ੍ਰੀਤ ਸਿੰਘ ਇਹ ਵੀ ਦੱਸਦੇ ਹਨ ਕਿ ਜਦੋਂ ਉਨ੍ਹਾਂ ਨੇ ਇੰਟਰਨੈੱਟ ਉੱਤੇ ਖੋਜ ਸ਼ੁਰੂ ਕੀਤੀ ਤਾਂ ਵਾਰ-ਵਾਰ ਇਹ ਤਸਵੀਰ ਸਾਹਮਣੇ ਆਈ। ਹੁਣ ਉਨ੍ਹਾਂ ਨੇ ਯੂਕੇਪੀਐਚਏ ਦੇ ਇੰਚਾਰਜ ਡਾ. ਅਮਨਦੀਪ ਸਿੰਘ ਮਧਰਾ ਨਾਲ ਈਮੇਲ ਰਾਹੀਂ ਸੰਪਰਕ ਕੀਤਾ।

ਇਸ ਤਰ੍ਹਾਂ ਇਸ ਪੇਂਟਿੰਗ ਦੀ ਉਹ ਕਾਪੀ ਸਾਹਮਣੇ ਆਈ ਜਿਸ ਵਿੱਚ ਚਿੱਤਰਕਾਰ ਨੇ ਆਪਣੀ ਜਾਣਕਾਰੀ ਤੋਂ ਇਲਾਵਾ ਜਿਨ੍ਹਾਂ ਦੀਆਂ ਤਸਵੀਰਾਂ ਸਨ, ਉਨ੍ਹਾਂ ਦੇ ਦਸਤਖ਼ਤ ਅਤੇ ਉਨ੍ਹਾਂ ਦੇ ਹੱਥੀਂ ਲਿਖੇ ਆਪਣੇ ਪੂਰੇ ਪਤੇ ਵੀ ਸੀ।

ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਨਵਾਈਟ ਪੋਸਟਰ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

ਤਸਵੀਰ ਦੇ ਨਾਲ ਇੱਕ ਨੋਟ ਵੀ ਸੀ ਜਿਸ ਵਿੱਚ ਜਗਤ ਸਿੰਘ ਨੇ ਪੰਜਾਬੀ ਵਿੱਚ ਆਪਣੇ ਬੇਟੇ ਜਨਮੇਜਾ ਸਿੰਘ ਅਤੇ ਪਿੰਡ ਖਡੂਰ ਸਾਹਿਬ ਦਾ ਜ਼ਿਕਰ ਕੀਤਾ ਸੀ। ਇਹ ਵੇਰਵੇ ਹਰਪ੍ਰੀਤ ਸਿੰਘ ਦੀ ਖੋਜ ਨਾਲ ਪੂਰੀ ਤਰ੍ਹਾਂ ਮਿਲਦੇ ਸਨ। ਇਸਦੀ ਪੁਸ਼ਟੀ ਇੰਗਲੈਂਡ ਵਾਸੀ ਅਤੇ ਯੂਕੇਪੀਐਚਏ ਨਾਲ ਜੁੜੇ ਤੇਜਪਾਲ ਸਿੰਘ ਨੇ ਕੀਤੀ।

ਤੇਜਪਾਲ ਸਿੰਘ ਮੁਤਾਬਕ ਇਹ ਉਹੀ ਜਗਤ ਸਿੰਘ ਹਨ ਜਿਨ੍ਹਾਂ ਦੀ ਹਰਪ੍ਰੀਤ ਸਿੰਘ ਖੋਜ ਕਰ ਰਹੇ ਸਨ। ਬ੍ਰਿਟਿਸ਼ ਫੌਜ ਵੱਲੋਂ ਸਾਲ 1920 ਵਿੱਚ ਪਹਿਲੇ ਵਿਸ਼ਵ ਯੁੱਧ ਵਿੱਚ ਸ਼ਾਮਿਲ ਉਨ੍ਹਾਂ ਫ਼ੌਜੀਆਂ ਦੇ ਰਜਿਸਟਰ ਬਣਾਏ ਸਨ, ਜੋ ਭਾਵੇਂ ਜ਼ਿੰਦਾ ਮੁੜ ਆਏ ਸਨ ਅਤੇ ਜਾਂ ਜੰਗ ਦੀ ਭੇਟ ਚੜ੍ਹ ਗਏ ਸਨ।

ਵੀਡੀਓ ਕਾਲ ਰਾਹੀਂ ਗੱਲ ਕਰਦੇ ਤੇਜਪਾਲ ਸਿੰਘ ਦੱਸਦੇ ਹਨ ਕਿ ਪੁਰਾਣੇ ਰਜਿਸਟਰ ਵਿੱਚ ਜਗਤ ਸਿੰਘ ਦਾ ਵੀ ਨਾਮ ਸੀ।

ਪਹਿਲੇ ਵਿਸ਼ਵ ਯੁੱਧ ਵਿੱਚ ਲੜੇ ਸਿੱਖ ਫੌਜੀ

ਤਸਵੀਰ ਸਰੋਤ, Gurpreet Singh Chawla/BBC

ਰਜਿਸਟਰ ਵਿੱਚ ਖਡੂਰ ਸਾਹਿਬ ਤੋਂ ਕਰੀਬ 63 ਪੰਜਾਬੀ ਫ਼ੌਜੀ ਸਨ, ਜਿਨ੍ਹਾਂ ਨੇ ਉਸ ਯੁੱਧ ਵਿੱਚ ਹਿੱਸਾ ਲਿਆ ਸੀ। ਉਨ੍ਹਾਂ ਵਿੱਚੋਂ ਪੰਜ ਮਾਰੇ ਗਏ ਸਨ ਜਦਕਿ ਬਾਕੀ ਜਿਨ੍ਹਾਂ ਵਿੱਚ ਜਗਤ ਸਿੰਘ ਵੀ ਸ਼ਾਮਿਲ ਸਨ ਜ਼ਿੰਦਾ ਵਾਪਸ ਆ ਗਏ ਸਨ। ਉਨ੍ਹਾਂ ਨੂੰ ਬਹਾਦਰੀ ਇਨਾਮ ਵਜੋਂ ਜ਼ਮੀਨ ਵੀ ਅਲਾਟ ਹੋਈ ਸੀ ।

ਹਰਪ੍ਰੀਤ ਸਿੰਘ ਦੱਸਦੇ ਹਨ ਕਿ ਉਨ੍ਹਾਂ ਨੂੰ ਖੋਜ ਦੌਰਾਨ ਪਤਾ ਲੱਗਿਆ ਕਿ ਇਸ ਤਸਵੀਰ ਦੀ ਪਿਛਲੇ ਸਾਲ ਕੀਮਤ ਕਰੀਬ 6.5 ਕਰੋੜ ਰੁਪਏ ਲਾਈ ਗਈ ਸੀ। ਇਹ ਬਹੁਤ ਦੁਰਲੱਭ ਤਸਵੀਰ ਹੈ, ਜੋ ਪਹਿਲੇ ਵਿਸ਼ਵ ਯੁੱਧ ਵਿੱਚ ਭਾਰਤੀਆਂ ਦੀ ਸਰਗਰਮ ਹਿੱਸੇਦਾਰੀ ਦੀ ਗਵਾਹ ਹੈ।

ਪਿਛਲੇ ਸਾਲ ਬ੍ਰਿਟੇਨ ਦੇ ਮੀਡੀਆ ਵਿੱਚ ਛਪੀ ਖ਼ਬਰ ਮੁਤਾਬਕ ਕਲਾ ਅਤੇ ਵਿਰਾਸਤ ਮੰਤਰੀ ਲਾਰਡ ਸਟੀਫਨ ਪਾਰਕਿੰਸਨ ਨੇ ਇਸ ਤਸਵੀਰ ਨੂੰ ਬ੍ਰਿਟੇਨ ਦੇ “ਇਤਿਹਾਸ ਦੇ ਮਹੱਤਵਪੂਰਨ ਪਲ” ਨਾਲ ਸੰਬੰਧਿਤ ਕਿਹਾ ਸੀ।

ਉਨ੍ਹਾਂ ਨੇ ਤਸਵੀਰ ਬਾਰੇ ਕਿਹਾ ਸੀ ਕਿ, “ਇਹ ਸ਼ਾਨਦਾਰ ਅਤੇ ਸੰਵੇਦਨਸ਼ੀਲ ਤਸਵੀਰ ਸਾਡੇ ਇਤਿਹਾਸ ਦੇ ਮਹੱਤਵਪੂਰਨ ਪਲ ਨੂੰ ਦਰਸਾਉਂਦੀ ਹੈ, ਜਦੋਂ ਪਹਿਲੇ ਵਿਸ਼ਵ ਯੁੱਧ ਵਿੱਚ ਲੜਨ ਵਾਸਤੇ ਮਦਦ ਲਈ ਦੁਨੀਆਂ ਭਰ ਤੋਂ ਫੌਜਾਂ ਨੂੰ ਲਿਆਂਦਾ ਗਿਆ ਸੀ ਅਤੇ ਇਸੇ ਕਾਰਨ ਇਸ ਪੇਂਟਿੰਗ ਉੱਤੇ ਉੱਥੋਂ ਦੀ ਸਰਕਾਰ ਨੇ ਇੱਕ ਕਮੇਟੀ ਦੀ ਸਲਾਹ ਉੱਤੇ ਇਸ ਤਸਵੀਰ ਦੇ ਦੇਸ਼ ਤੋਂ ਬਾਹਰ ਭੇਜਣ ਉੱਤੇ ਆਰਜ਼ੀ ਪਾਬੰਦੀ ਲਾਈ ਹੈ।”

ਜਗਤ ਸਿੰਘ ਦਾ ਪਰਿਵਾਰ ਅਤੇ ਅਗਲੀ ਪੀੜ੍ਹੀ

ਰਿਸਾਲਦਾਰ ਜਗਤ ਸਿੰਘ ਦੇ ਪੋਤੇ- ( ਖੱਬੇ ਤੋਂ ਸੱਜੇ) ਬਲਬੀਰ ਸਿੰਘ, ਕਸ਼ਮੀਰ ਸਿੰਘ, ਕੁਲਵੰਤ ਸਿੰਘ, ਸੁਰਜੀਤ ਸਿੰਘ ਅਤੇ ਹਰਮੀਤ ਸਿੰਘ

ਤਸਵੀਰ ਸਰੋਤ, Gurpreet Singh Chawla/BBC

ਤਸਵੀਰ ਕੈਪਸ਼ਨ, ਰਿਸਾਲਦਾਰ ਜਗਤ ਸਿੰਘ ਦੇ ਪੋਤੇ- ( ਖੱਬੇ ਤੋਂ ਸੱਜੇ) ਬਲਬੀਰ ਸਿੰਘ, ਕਸ਼ਮੀਰ ਸਿੰਘ, ਕੁਲਵੰਤ ਸਿੰਘ, ਸੁਰਜੀਤ ਸਿੰਘ ਅਤੇ ਹਰਮੀਤ ਸਿੰਘ

ਜਗਤ ਸਿੰਘ ਜਿਨ੍ਹਾਂ ਦਾ ਜੱਦੀ ਪਿੰਡ ਖਡੂਰ ਸਾਹਿਬ ਸੀ ਅਤੇ ਤਸਵੀਰ ਨਾਲ ਲਿਖੇ ਨੋਟ ਵਿੱਚ ਵੀ ਉਨ੍ਹਾਂ ਨੇ ਆਪਣੇ ਪਿੰਡ ਦਾ ਨਾਮ ਇਹੀ ਦੱਸਿਆ ਹੈ। ਉਨ੍ਹਾਂ ਦੀ ਮਿਲਟਰੀ ਨੌਕਰੀ ਬਾਰੇ ਮਿਲਦੇ ਦਸਤਾਵੇਜ਼ਾਂ ਵਿੱਚ ਵੀ ਪਿੰਡ ਖਡੂਰ ਸਾਹਿਬ ਅੰਕਿਤ ਹੈ।

ਜਗਤ ਸਿੰਘ ਨੂੰ ਆਪਣੇ ਦਾਦਾ ਜੀ ਦੱਸਣ ਵਾਲੇ ਕੁਲਵੰਤ ਸਿੰਘ ਅਤੇ ਕਸ਼ਮੀਰ ਸਿੰਘ ਅਤੇ ਉਨ੍ਹਾਂ ਤੋਂ ਅਗਲੀ ਪੀੜ੍ਹੀ ਵਿੱਚ ਹਰਜਿੰਦਰ ਸਿੰਘ ਖਹਿਰਾ ਦੱਸਦੇ ਹਨ ਕਿ ਜਗਤ ਸਿੰਘ ਉਨ੍ਹਾਂ ਦੇ ਵੱਡ-ਵਡੇਰੇ ਸਨ।

ਕੁਲਵੰਤ ਸਿੰਘ ਦੱਸਦੇ ਹਨ ਕਿ ਉਨ੍ਹਾਂ ਦੇ ਪਿਤਾ ਜਨਮੇਜਾ ਸਿੰਘ ਸਨ ਜਿਨ੍ਹਾਂ ਦਾ ਜ਼ਿਕਰ ਉਨ੍ਹਾਂ ਦੇ ਦਾਦਾ ਜੀ ਨੇ ਉਸ ਪੇਂਟਿੰਗ ਦੇ ਨੋਟ ਵਿੱਚ ਕੀਤਾ ਸੀ। ਪਰਿਵਾਰ ਮੁਤਾਬਕ ਜਗਤ ਸਿੰਘ ਪੜ੍ਹਾਈ ਦੌਰਾਨ ਹੀ 1905 ਵਿੱਚ ਫ਼ੌਜ ਵਿੱਚ ਭਰਤੀ ਹੋਏ ਸਨ।

ਫਿਰ ਵਿਸ਼ਵ ਯੁੱਧ ਲਈ ਵਿਦੇਸ਼ ਚਲੇ ਗਏ। ਜਦੋਂ ਉਹ ਵਾਪਸ ਪਰਤੇ ਤਾਂ ਉਨ੍ਹਾਂ ਨੂੰ ਬਹਾਦਰੀ ਵਜੋਂ ਸਨਮਾਨਿਤ ਕਰਦੇ ਫ਼ੌਜ ਵਲੋਂ ਉਦੋਂ ਦੋ ਮੁਰੱਬੇ ਜ਼ਮੀਨ ਅਲਾਟ ਕੀਤੀ ਗਈ। ਇਹ ਜ਼ਮੀਨ ਜਿੱਥੇ ਅਲਾਟ ਹੋਈ ਉਹ ਹੁਣ ਪਾਕਿਸਤਾਨ ਦਾ ਹਿੱਸਾ ਹੈ।

ਹਾਲਾਂਕਿ ਉਨ੍ਹਾਂ ਨੇ ਮਿਹਨਤ ਕਰ ਉਹ ਦੋ ਮੁਰੱਬਿਆਂ ਤੋਂ ਪੰਜ ਮੁਰੱਬੇ ਜ਼ਮੀਨ ਕਰ ਲਈ ਸੀ। ਬਟਵਾਰੇ ਤੋਂ ਪਹਿਲਾਂ ਸੰਨ 1939 ਵਿੱਚ ਉਨ੍ਹਾਂ ਦਾ ਦੇਹਾਂਤ ਹੋ ਗਿਆ ਸੀ। ਦੇਸ਼ ਦੀ ਵੰਡ ਵਿੱਚ ਉਨ੍ਹਾਂ ਦਾ ਪੂਰਾ ਪਰਿਵਾਰ ਆਪਣੇ ਜੱਦੀ ਪਿੰਡ ਖਡੂਰ ਸਾਹਿਬ ਆ ਵਸਿਆ।

ਪਾਕਿਸਤਾਨ ਵਿੱਚ ਉਨ੍ਹਾਂ ਦੀ ਜੋ ਜ਼ਮੀਨ ਰਹਿ ਗਈ ਸੀ ਉਸਦੇ ਬਦਲੇ ਉਨ੍ਹਾਂ ਨੂੰ ਖਡੂਰ ਸਾਹਿਬ ਦੇ ਨੇੜਲੇ ਪਿੰਡ ਪਿੰਡੀਆ ਵਿੱਚ ਜ਼ਮੀਨ ਦਿੱਤੀ ਗਈ ਸੀ।

ਉਸ ਤੋਂ ਬਾਅਦ ਹੁਣ ਸਾਰਾ ਪਰਿਵਾਰ ਇੱਥੇ ਹੀ ਹੈ ਜਦਕਿ ਅੱਗੇ ਪਰਿਵਾਰ ਦੇ ਕੁਝ ਬੱਚੇ ਵਿਦੇਸ਼ ਵਿੱਚ ਵੀ ਹਨ। ਹੁਣ ਜੋ ਤਸਵੀਰ ਹਰਪ੍ਰੀਤ ਸਿੰਘ ਵਲੋਂ ਖੋਜ ਕੇ ਇਸ ਪਰਿਵਾਰ ਨੂੰ ਦੱਸੀ ਗਈ ਹੈ ਦੇਖਣ ਨੂੰ ਮਿਲਦੀ ਹੈ।

ਪਰਿਵਾਰ ਦਾ ਕਹਿਣਾ ਹੈ ਕੀ ਭਾਵੇ ਉਨ੍ਹਾਂ ਜਗਤ ਸਿੰਘ ਨੂੰ ਨਹੀਂ ਦੇਖਿਆ ਲੇਕਿਨ ਆਪਣੇ ਮਾਤਾ ਪਿਤਾ ਤੋਂ ਉਹਨਾਂ ਬਾਰੇ ਬਹੁਤ ਕੁਝ ਸੁਣਿਆ ਹੈ। ਇਸ ਪੂਰੇ ਇਲਾਕੇ ਵਿੱਚ ਵੀ ਜਗਤ ਸਿੰਘ ਜੀ ਦਾ ਨਾਮ ਇੱਕ ਵਿਲੱਖਣ ਪਛਾਣ ਰੱਖਦਾ ਹੈ। ਇਹ ਪਰਿਵਾਰ ਲਈ ਮਾਣ ਅਤੇ ਪ੍ਰੇਰਨਾ ਦੀ ਗੱਲ ਵੀ ਹੈ।

ਹਰਜਿੰਦਰ ਸਿੰਘ ਖਹਿਰਾ ਕਹਿੰਦੇ ਹਨ, “ਮੇਰੀ ਹੁਣ ਇਹ ਇੱਛਾ ਇਹ ਹੈ ਕੀ ਮੈਂ ਉਹ ਅਸਲ ਪੇਂਟਿੰਗ ਜ਼ਰੂਰ ਦੇਖਣ ਜਾਵਾਂ ਭਾਵੇਂ ਮੈਂ ਜਾਵਾਂ ਜਾਂ ਸਾਡੇ ਬੱਚੇ ਜੋ ਵਿਦੇਸ਼ ਬੈਠੇ ਹਨ ਉਹ ਜ਼ਰੂਰ ਜਾਣ।”

ਪਹਿਲਾ ਵਿਸ਼ਵ ਯੁੱਧ ਅਤੇ ਸਿੱਖ

ਪਹਿਲੇ ਵਿਸ਼ਵ ਯੁੱਧ ਦੌੌਰਾਨ ਸਿੱਖ ਫ਼ੌਜੀ

ਤਸਵੀਰ ਸਰੋਤ, IWM

ਪਹਿਲੇ ਵਿਸ਼ਵ ਯੁੱਧ ਦੀ 100ਵੀਂ ਬਰਸੀ ਦੇ ਸੰਬੰਧ ਵਿੱਚ ਬੀਬੀਸੀ ਦੀ ਇੱਕ ਰਿਪੋਰਟ ਮੁਤਾਬਕ ਵੀਹਵੀਂ ਸਦੀ ਦੇ ਸ਼ੁਰੂਆਤੀ ਸਾਲਾਂ ਤੱਕ ਤਤਕਾਲੀ ਬ੍ਰਿਟਿਸ਼ ਇੰਡੀਅਨ ਆਰਮੀ ਵਿੱਚ ਅੱਧੇ ਤੋਂ ਵੱਧ ਸੈਨਿਕ ਸਿੱਖ ਹੋਮਲੈਂਡ ਪੰਜਾਬ ਤੋਂ ਸਨ। ਹਾਲਾਂਕਿ ਉਸ ਸਮੇਂ ਭਾਰਤ ਦੀ ਅਬਾਦੀ ਵਿੱਚ ਸਿੱਖ ਮਹਿਜ਼ ਇੱਕ ਫੀਸਦੀ ਹੀ ਸਨ।

ਜਦੋਂ ਪਹਿਲਾ ਵਿਸ਼ਵ ਯੁੱਧ ਸ਼ੁਰੂ ਹੋਇਆ ਤਾਂ ਬ੍ਰਿਟੇਨ ਨੂੰ ਫ਼ੌਜੀ ਪੱਖ ਤੋਂ ਪੰਜਾਬ ਅਤੇ ਸਿੱਖਾਂ ਦੀ ਅਹਿਮੀਅਤ ਸਮਝ ਆਈ।

ਬ੍ਰਿਟਿਸ਼ ਫ਼ੌਜ 1914 ਵਿੱਚ ਫਰਾਂਸ ਤੱਕ ਗਈ ਅਤੇ ਵੱਡੀ ਗਿਣਤੀ ਵਿੱਚ ਜਾਨੀ ਨੁਕਸਾਨ ਹੋਇਆ। ਇਸ ਨੂੰ ਇੱਕ ਹੀ ਫ਼ੌਜ ਸਹਾਰਾ ਦੇ ਸਕਦੀ ਸੀ ਉਹ ਸੀ ਬ੍ਰਿਟਿਸ਼ ਭਾਰਤੀ ਫ਼ੌਜ।

ਇਸ ਜੰਗ ਵਿੱਚ ਕਰੀਬ ਇੱਕ ਲੱਖ ਸਿੱਖ ਫ਼ੌਜੀ ਬ੍ਰਿਟੇਨ ਵੱਲੋਂ ਲੜੇ। ਅਗਾਂਹ ਸਿੱਖ ਸੈਨਿਕਾਂ ਵੱਲੋਂ ਦਿਖਾਈ ਬਹਾਦਰੀ ਲਾਮਿਸਾਲ ਸੀ। ਇਸ ਜੰਗ ਵਿੱਚ 13 ਲੱਖ ਭਾਰਤੀ ਫ਼ੌਜੀ ਲੜੇ ਸਨ, ਜਿਨ੍ਹਾਂ ਵਿੱਚ 74000 ਇਸ ਜੰਗ ਦੀ ਭੇਂਟ ਚੜ੍ਹ ਗਏ ਸਨ।

ਭਾਰਤੀ ਫ਼ੌਜ ਖ਼ਾਸ ਕਰਕੇ ਸਿੱਖ ਸੈਨਿਕਾਂ ਦੇ ਯੋਗਦਾਨ ਤੋਂ ਬਿਨਾਂ ਪਹਿਲੇ ਵਿਸ਼ਵ ਯੁੱਧ ਦਾ ਨਤੀਜਾ ਸ਼ਾਇਦ ਕੁਝ ਹੋਰ ਹੀ ਹੋਣਾ ਸੀ।

ਜਿੱਤ ਤੋਂ ਬਾਅਦ ਸਿੱਖ ਸੈਨਿਕਾਂ ਨੂੰ ਵਿਕਟੋਰੀਆ ਕਰਾਸ ਵਰਗੇ ਫੌਜੀ ਸਨਮਾਨ ਦਿੱਤੇ ਗਏ। ਲੇਕਿਨ ਜੰਗ ਵਿੱਚ ਉਨ੍ਹਾਂ ਦੇ ਯੋਗਦਾਨ ਨੂੰ ਜੰਗ ਜਿੱਤਦੇ ਹੀ ਭੁਲਾ ਦਿੱਤਾ ਗਿਆ।

ਜ਼ਿਆਦਾਤਰ ਸਿੱਖ ਇਸ ਲਈ ਲੜਾਈ ਵਿੱਚ ਗਏ ਸਨ ਕਿ ਜੰਗ ਵਿੱਚ ਜਿੱਤਣ ਤੋਂ ਬਾਅਦ ਉਨ੍ਹਾਂ ਦੀ ਹੋਮ ਲੈਂਡ ਨੂੰ ਖ਼ੁਦਮੁਖ਼ਤਿਆਰੀ ਦਿੱਤੀ ਜਾਵੇਗੀ। ਲੇਕਿਨ ਅਜਿਹਾ ਨਹੀਂ ਹੋਇਆ। ਇਹ ਉਨ੍ਹਾਂ ਲਈ ਕਿਸੇ ਸਦਮੇ ਤੋਂ ਘੱਟ ਨਹੀਂ ਸੀ।

ਜੰਗ ਖ਼ਤਮ ਹੋਣ ਤੋਂ ਤੁਰੰਤ ਬਾਅਦ ਬ੍ਰਿਟਿਸ਼ ਸਰਕਾਰ ਨੇ ਪੰਜਾਬ ਵਿੱਚ ਮਾਰਸ਼ਲ ਲਾਅ ਦਿੱਤਾ ਗਿਆ ਅਤੇ 1919 ਵਿੱਚ ਹੀ ਜੱਲ੍ਹਿਆਂਵਾਲਾ ਬਾਗ ਦਾ ਸਾਕਾ ਕਰ ਦਿੱਤਾ ਗਿਆ।

ਪਹਿਲੇ ਵਿਸ਼ਵ ਯੁੱਧ ਵਿੱਚ ਕਿਸੇ ਹੋਰ ਦੇਸ ਲਈ ਸਵੈ-ਸੇਵੀ ਵਜੋਂ ਉਹ ਲੜਾਈ ਲੜੇ ਸਨ ਜਿਸ ਨਾਲ ਉਨ੍ਹਾਂ ਦਾ ਕੋਈ ਲੈਣ-ਦੇਣ ਨਹੀਂ ਸੀ।

(ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)