ਪਹਿਲੀ ਵਿਸ਼ਵ ਜੰਗ ’ਚ ਮਾਰੇ ਗਏ ਪੜਦਾਦੇ ਦੀ ਖਿੱਚ ਜਦੋਂ ਦੋ ਭਰਾਵਾਂ ਨੂੰ ਪਟਿਆਲਾ ਤੋਂ ਫ਼ਰਾਂਸ ਲੈ ਗਈ, ਪੜਦਾਦੇ ਬਾਰੇ ਕੀ ਪਤਾ ਲੱਗਾ

ਤਸਵੀਰ ਸਰੋਤ, Inderpal Singh Sandhu
- ਲੇਖਕ, ਨਵਜੋਤ ਕੌਰ
- ਰੋਲ, ਬੀਬੀਸੀ ਪੱਤਰਕਾਰ
ਇੱਕ ਔਰਤ ਜੰਗ ’ਤੇ ਗਏ ਪਤੀ ਨੂੰ ਉਡੀਕਦੀ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਂਦੀ ਦੁਨੀਆਂ ਨੂੰ ਅਲਵਿਦਾ ਕਹਿ ਗਈ ਤੇ ਬੱਚੇ ਬਾਪ ਦੀ ਛੋਹ ਨੂੰ ਮਹਿਸੂਸ ਕੀਤੇ ਬਿਨ੍ਹਾਂ ਹੀ ਵੱਡੇ ਹੋ ਗਏ।
ਜੰਗ ’ਤੇ ਗਏ ਹਜ਼ਾਰਾ ਸਿੰਘ ਦੇ ਪਰਿਵਾਰ ਦੀ ਉਡੀਕ ਇੰਨੀ ਲੰਬੀ ਸੀ ਕਿ ਇਹ ਉਨ੍ਹਾਂ ਦੇ ਇੱਕਲੌਤੇ ਪੁੱਤ ਤੋਂ ਪੋਤਿਆਂ ਤੇ ਫ਼ਿਰ ਪੜਪੋਤਿਆਂ ਤੱਕ ਇੱਕ ਪੀੜ ਬਣ ਕੇ ਪਹੁੰਚ ਗਈ।
ਪੁਰਖਿਆਂ ਤੇ ਆਪਣੀਆਂ ਜੜ੍ਹਾਂ ਦੀ ਅਹਿਮੀਅਤ ਨੂੰ ਦਰਸਾਉਂਦੀ ਇਸ ਕਹਾਣੀ ਦੀਆਂ ਤੰਦਾਂ ਪਹਿਲੀ ਵਿਸ਼ਵ ਜੰਗ ਦੌਰਾਨ ਫ਼ਰਾਂਸ 'ਚ ਹੋਈ ਇੱਕ ਲੜਾਈ ਅਤੇ ਪੰਜਾਬ ਦੇ ਪਟਿਆਲਾ ਜ਼ਿਲ੍ਹੇ ’ਚ ਪੈਂਦੇ ਪਿੰਡ ਸਮਾਣਾ ਦੇ ਇੱਕ ਪਰਿਵਾਰ ਨਾਲ ਜੁੜਦੀਆਂ ਹਨ।
ਇਹ ਪਰਿਵਾਰ ਹੁਣ ਇੱਕ ਸਦੀ ਤੋਂ ਵੀ ਵੱਧ ਸਮਾਂ ਬੀਤਣ ਬਾਅਦ ਆਪਣੇ ਪੁਰਖਿਆਂ ਦੀ ਉੱਘ-ਸੁੱਘ ਲੱਗਣ ਦੀ ਆਸ ਅਤੇ ਭਾਲ ਵਿੱਚ ਪੰਜਾਬ ਤੋਂ ਫ਼ਰਾਂਸ ਤੱਕ ਹਜ਼ਾਰਾਂ ਕਿਲੋਮੀਟਰ ਦਾ ਸਫ਼ਰ ਤੈਅ ਕਰਨ ਨੂੰ ਰਾਜੀ ਹੋ ਗਿਆ।
ਹਜ਼ਾਰਾ ਸਿੰਘ ਦੇ ਪੜਪੋਤੇ ਇੰਦਰਪਾਲ ਸਿੰਘ ਸੰਧੂ ਅਤੇ ਤੇਜਵਿੰਦਰ ਸਿੰਘ ਸੰਧੂ ਆਪਣੇ ਪੜਦਾਦਾ ਸਣੇ ਪਹਿਲੀ ਵਿਸ਼ਵ ਜੰਗ ਵਿੱਚ ਮਾਰੇ ਗਏ ਕਈ ਹੋਰ ਫ਼ੌਜੀਆਂ ਦੀ ਫ਼ਰਾਂਸ ਵਿੱਚ ਬਣੀ ਸਮਾਰਕ ਉੱਤੇ ਨਤਮਸਤਕ ਹੋਣ ਗਏ।
ਇੰਦਰਪਾਲ ਦਾ ਕਹਿਣਾ ਹੈ ਕਿ, “ਉਨ੍ਹਾਂ ਦੀ ਯਾਦਗਾਰ ਨੂੰ ਛੂਹਣਾ ਆਪਣੇ ਪੜਦਾਦੇ ਦੇ ਪੈਰੀਂ ਹੱਥ ਲਾਉਣ ਵਰਗਾ ਸੀ। ਇਸ ਅਹਿਸਾਸ ਨੂੰ ਸ਼ਬਦਾਂ ਵਿੱਚ ਬਿਆਨ ਕਰਨਾ ਔਖਾ ਹੈ।”
ਪਰਿਵਾਰ ਇਸ ਗੱਲ ਉੱਤੇ ਤਸੱਲੀ ਜ਼ਾਹਰ ਕਰਦਾ ਹੈ ਕਿ ਹੁਣ ਉਹ ਜਾਣਦੇ ਹਨ ਕਿ ਉਨ੍ਹਾਂ ਦੇ ਪੜਦਾਦੇ ਹਜ਼ਾਰਾ ਸਿੰਘ ਨੇ ਪਹਿਲੀ ਵਿਸ਼ਵ ਜੰਗ ਲੜਦਿਆਂ ਆਪਣੀ ਜਾਨ ਦਿੱਤੀ ਸੀ।
ਸਮਾਣਾ ਰਹਿੰਦੇ ਇੰਦਰਪਾਲ ਸਿੰਘ ਨੇ ਬੀਬੀਸੀ ਪੰਜਾਬੀ ਨਾਲ ਇਸ ਤਲਾਸ਼ ਦੇ ਸ਼ੁਰੂ ਹੋਣ ਤੋਂ ਲੈ ਉਨ੍ਹਾਂ ਦੀ ਯਾਦਗਰ ਤੱਕ ਪਹੁੰਚਣ ਦੀ ਕਹਾਣੀ ਵੀ ਸਾਂਝੀ ਕੀਤੀ।

ਪੜਦਾਦੇ ਦੀ ਭਾਲ ਕਿਵੇਂ ਸ਼ੁਰੂ ਹੋਈ?
ਆਮ ਤੌਰ ਉੱਤੇ ਸਾਨੂੰ ਬਹੁਤਿਆਂ ਨੂੰ ਆਪਣੇ ਦਾਦੇ ਤੋਂ ਅਗਾਂਹ ਨਾਮ ਤੱਕ ਵੀ ਪਤਾ ਨਹੀਂ ਹੁੰਦੇ। ਫ਼ਿਰ ਇੰਦਰਪਾਲ ਤੇ ਤੇਜਵਿੰਦਰ ਨੇ ਆਪਣੇ ਪੜਦਾਦੇ ਬਾਰੇ ਜਾਣਨ ਲਈ ਫ਼ਰਾਂਸ ਤੱਕ ਦਾ ਸਫ਼ਰ ਕਰਨ ਦਾ ਫ਼ੈਸਲਾ ਕਿਵੇਂ ਲਿਆ? ਉਹ ਕੀ ਸੀ ਜੋ ਉਨ੍ਹਾਂ ਨੂੰ ਹਜ਼ਾਰਾ ਸਿੰਘ ਦੀ ਸਮਾਰਕ ਤੱਕ ਲੈ ਗਿਆ?
ਇਸ ਬਾਰੇ ਸੋਚਦਿਆਂ ਇੰਦਰਪਾਲ ਕੁਝ ਭਾਵੁਕ ਹੁੰਦਿਆਂ ਕਹਿੰਦੇ ਹਨ,“ਸਾਡੇ ਘਰ ਵਿੱਚ ਅਕਸਰ ਉਨ੍ਹਾਂ ਬਾਰੇ ਗੱਲ ਹੁੰਦੀ ਸੀ। ਹਮੇਸ਼ਾ ਮਨ ਵਿੱਚ ਰਹਿੰਦਾ ਸੀ ਕਿ ਉਹ ਘਰੋਂ ਤਾਂ ਫ਼ੌਜ ਵਿੱਚ ਭਰਤੀ ਹੋਣ ਗਏ ਸਨ, ਫ਼ਿਰ ਕਿੱਥੇ ਚਲੇ ਗਏ। ਉਹ ਕਿਸ ਤਰ੍ਹਾਂ ਦੇ ਦਿੱਖਦੇ ਸਨ। ਮਨ ਵਿੱਚ ਵਾਰ-ਵਾਰ ਆਉਂਦੇ ਇਹ ਸਵਾਲ ਹੀ ਸਨ ਜਿਨ੍ਹਾਂ ਨੇ ਸਾਨੂੰ ਇਸ ਭਾਲ ਲਈ ਪ੍ਰੇਰਿਤ ਕੀਤਾ।”
ਪਰਿਵਾਰ ਦੱਸਦਾ ਹੈ ਕਿ ਕਰੀਬ 22-23 ਸਾਲ ਦੀ ਉਮਰ ਵਿੱਚ ਹਜ਼ਾਰਾ ਸਿੰਘ ਭਾਰਤੀ ਫੌਜ ਵਿੱਚ ਭਰਤੀ ਹੋਏ ਸਨ। ਜਿੱਥੇ ਉਹ ਬਰਤਾਨਵੀਂ ਸਰਕਾਰ ਵਲੋਂ ਪਹਿਲੀ ਵਿਸ਼ਵ ਜੰਗ ਦਾ ਹਿੱਸਾ ਬਣੇ।
ਜਦੋਂ ਹਜ਼ਾਰਾ ਸਿੰਘ 1914 ਤੋਂ 1917 ਦਰਮਿਆਨ ਜੰਗ ਦਾ ਹਿੱਸਾ ਬਣੇ ਤਾਂ ਉਸ ਸਮੇਂ ਸਾਂਝੇ ਪੰਜਾਬ ਵਿੱਚ ਅੰਮ੍ਰਿਤਸਰ ਦੇ ਮੁੱਛਲ ਪਿੰਡ ਵਿੱਚ ਵਸੇ ਹੋਏ ਉਨ੍ਹਾਂ ਦੇ ਪਰਿਵਾਰ ਵਿੱਚ ਪਤਨੀ ਤੇ ਪੁੱਤ ਸਨ। ਹਜ਼ਾਰਾ ਸਿੰਘ ਦੇ ਇੱਕ ਪੁੱਤ ਦਾ ਜਨਮ ਉਨ੍ਹਾਂ ਦੇ ਜਾਣ ਤੋਂ ਬਾਅਦ ਹੋਇਆ ਸੀ।
ਹਜ਼ਾਰਾ ਸਿੰਘ ਦੇ ਫ਼ੌਜ ਵਿੱਚ ਭਰਤੀ ਹੋਣ ਦੀ ਤਸਦੀਕ ਪਰਿਵਾਰ ਦੇ ਬਜ਼ੁਰਗਾਂ ਅਤੇ ਵਿਸ਼ਵ ਜੰਗ ਦੇ ਤੱਥਾਂ ਬਾਰੇ ਵੱਡੇ ਪੱਧਰ ਉੱਤੇ ਖੋਜ ਕਰਨ ਵਾਲੇ ਖੋਜਕਾਰ ਹਰਪ੍ਰੀਤ ਸਿੰਘ ਵੀ ਕਰਦੇ ਹਨ।
ਹਰਪ੍ਰੀਤ ਸਿੰਘ ਮੁਤਾਬਕ 1914 ਵਿੱਚ ਜਦੋਂ ਪਹਿਲੀ ਸੰਸਾਰ ਜੰਗ ਲੱਗੀ ਉਦੋਂ ਹਜ਼ਾਰਾ ਸਿੰਘ ਨੇ ਵੀ ਜਰਮਨ ਵਿਰੁੱਧ ਲੜੀ ਜੰਗ ਵਿੱਚ ਹਿੱਸਾ ਲਿਆ ਸੀ। ਉਹ ਆਪਣੀ ਖੋਜ ਦੇ ਆਧਾਰ ਉੱਤੇ ਦਾਅਵਾ ਕਰਦੇ ਹਨ ਕਿ ਹਜ਼ਾਰਾ ਸਿੰਘ 1914 ਤੋਂ 1917 ਤੱਕ ਫਰਾਂਸ ਵਿੱਚ ਹੀ ਰਹਿੰਦੇ ਸਨ।

ਤਸਵੀਰ ਸਰੋਤ, Inderpal Singh Sandhu
ਵਿਸ਼ਵ ਜੰਗ ਨਾਲ ਜੁੜੇ ਹਵਾਲਿਆਂ ਅਤੇ ਦਸਤਾਵੇਜ਼ਾਂ ਬਾਰੇ ਜਦੋਂ ਹਰਪ੍ਰੀਤ ਸਿੰਘ ਨੇ ਘੋਖਿਆ ਤਾਂ ਇਹ ਪੁਖਤਾ ਹੋਇਆ ਕਿ 1 ਦਸੰਬਰ, 1917 ਨੂੰ ਫਰਾਂਸ ਦੇ ਕੈਂਬਰਾਏ ਵਿੱਚ ਜਰਮਨਾਂ ਵਿਰੁੱਧ ਜੰਗ ਲੜ੍ਹਦਿਆਂ ਹਜ਼ਾਰਾ ਸਿੰਘ ਦੀ ਮੌਤ ਹੋਈ ਸੀ।
ਇੰਦਰਪਾਲ ਸਿੰਘ ਕਹਿੰਦੇ ਹਨ, "ਸਾਨੂੰ ਤਾਂ ਇੰਨਾ ਹੀ ਪਤਾ ਹੈ ਕਿ ਉਦੋਂ ਸਾਡੇ ਘਰ ਤਾਂ ਬਸ ਕਿਸੇ ਨੇ ਆ ਕੇ ਹੀ ਦੱਸਿਆ ਸੀ ਕਿ ਹੁਣ ਹਜ਼ਾਰਾ ਸਿੰਘ ਨਹੀਂ ਰਹੇ। ਮੇਰੇ ਦਾਦਾ ਸਰਦਾਰ ਊਧਮ ਸਿੰਘ ਦੀ ਉਮਰ ਉਸ ਵੇਲੇ ਮਹਿਜ਼ 3 ਸਾਲ ਸੀ।”
“ਜਦੋਂ ਉਹ ਜੰਗ ਲਈ ਗਏ ਸਨ, ਉਦੋਂ ਮੇਰੇ ਦਾਦਾ ਜੀ ਦਾ ਜਨਮ ਵੀ ਨਹੀਂ ਹੋਇਆ ਸੀ। ਮੇਰੇ ਦਾਦੇ ਨੇ ਕਦੇ ਆਪਣੇ ਬਾਪ ਨੂੰ ਨਹੀਂ ਦੇਖਿਆ, ਉਹ ਇਸ ਦੁਨੀਆਂ ਤੋਂ ਆਪਣੇ ਪਿਓ ਨੂੰ ਬਿਨ੍ਹਾਂ ਮਿਲਿਆਂ ਹੀ ਤੁਰ ਗਏ।"
"ਸਾਡੀ ਪੜਦਾਦੀ ਹਜ਼ਾਰਾ ਸਿੰਘ ਦੀ ਪਤਨੀ ਨੇ ਸਾਰੀ ਉਮਰ ਇਕੱਲਿਆਂ ਹੀ ਗੁਜ਼ਾਰੀ। ਆਪਣੇ ਤਿੰਨ ਸਾਲ ਦੇ ਪੁੱਤਰ ਨੂੰ ਇਕੱਲੇ ਪਾਲਿਆ। ਉਸ ਤੋਂ ਅੱਗੇ ਸਾਡੀਆਂ ਪੀੜ੍ਹੀਆਂ ਤੁਰੀਆਂ। ਫੇਰ 1970 ਵਿੱਚ ਜਦੋਂ ਸਾਡਾ ਪਰਿਵਾਰ ਇੱਥੇ ਸਮਾਣਾ ਆ ਕੇ ਵੱਸ ਗਿਆ ਸੀ, ਉਦੋਂ ਸਾਡੀ ਪੜਦਾਦੀ ਦੀ ਮੌਤ ਹੋਈ।"
ਇੰਦਰਪਾਲ ਸਿੰਘ ਦੱਸਦੇ ਹਨ,“ਸਾਡਾ ਪਰਿਵਾਰ ਵੰਡ ਵੇਲੇ ਪਾਕਿਸਤਾਨ ਤੋਂ ਇੱਧਰ ਆਇਆ ਸੀ। ਪਹਿਲਾਂ ਅਸੀਂ ਤਰਨਤਾਰਨ ਵਿੱਚ ਰਹੇ ਅਤੇ ਫਿਰ ਸਮਾਣਾ ਆ ਕੇ ਵੱਸ ਗਏ।”
“ਹਜ਼ਾਰਾ ਸਿੰਘ ਦੇ ਸ਼ਹੀਦ ਹੋਣ ਮਗਰੋਂ ਸਾਡੇ ਪਰਿਵਾਰ ਨੂੰ ਸਰਕਾਰ ਵੱਲੋਂ ਮੁਆਵਜ਼ੇ ਵਿੱਚ ਜ਼ਮੀਨ ਮਿਲੀ ਸੀ। ਜੋ ਪਹਿਲਾਂ ਪਾਕਿਸਤਾਨ ਵਿੱਚ ਦਿੱਤੀ ਗਈ ਫ਼ਿਰ ਇੱਧਰ ਆਉਣ ਤੋਂ ਬਾਅਦ ਭਾਰਤ ਵਿੱਚ ਅਲਾਟ ਕੀਤੀ ਗਈ।”
ਇੰਦਰਪਾਲ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਪਰਿਵਾਰ ਦਾ ਅਸਲ ਸਹਾਰਾ ਤਾਂ ਪੜਦਾਦਾ ਹਜ਼ਾਰਾ ਸਿੰਘ ਹੀ ਰਹੇ, ਮੌਤ ਤੋਂ ਪਹਿਲਾਂ ਵੀ ਤੇ ਬਾਅਦ ਵੀ। ਉਨ੍ਹਾਂ ਦੀ ਬਦੌਲਤ ਹੀ ਪਰਿਵਾਰ ਆਰਥਿਕ ਤੰਗੀਆਂ ਤੋਂ ਦੂਰ ਰਿਹਾ।

ਤਸਵੀਰ ਸਰੋਤ, Inderpal Singh Sandhu
ਹਜ਼ਾਰਾ ਸਿੰਘ ਬਾਰੇ ਪਹਿਲੀ ਜਾਣਕਾਰੀ ਮਿਲਣਾ
ਇੰਦਰਪਾਲ ਸਿੰਘ ਕਹਿੰਦੇ ਹਨ, "ਕਰੀਬ 5 ਸਾਲ ਪਹਿਲਾਂ ਅਸੀਂ ਆਪਣੇ ਬਾਪੂ ਜੀ (ਹਜ਼ਾਰਾ ਸਿੰਘ) ਬਾਰੇ ਪਤਾ ਲਾਉਣ ਦੀ ਇੱਛਾ ਨਾਲ ਵਿਸ਼ਵ ਜੰਗ ਦੇ ਸਿੱਖ ਖੋਜੀ ਹਰਪ੍ਰੀਤ ਸਿੰਘ ਨਾਲ ਰਾਬਤਾ ਕਾਇਮ ਕੀਤਾ।"
ਖੋਜਕਾਰ ਹਰਪ੍ਰੀਤ ਸਿੰਘ ਕਹਿੰਦੇ ਹਨ, "ਮੈਂ 2011-12 ਤੋਂ ਲਗਾਤਾਰ ਵਿਸ਼ਵ ਜੰਗ ਬਾਰੇ ਖੋਜ ਕਰ ਰਿਹਾ ਸੀ। ਇਸ ਬਾਰੇ ਭੁਪਿੰਦਰ ਸਿੰਘ ਹੌਲੈਂਡ ਦੀ ਕਿਤਾਬ 'ਹੌਅ ਯੂਰਪ ਇਜ਼ ਇਨਡੈਪਟਿਡ ਟੂ ਸਿੱਖਸ' ਦੇ ਹਵਾਲੇ ਨਾਲ ਮੈਨੂੰ ਸਿੱਖ ਫੌਜੀਆਂ ਬਾਰੇ ਜਾਣਕਾਰੀ ਮਿਲਣੀ ਸ਼ੁਰੂ ਹੋ ਗਈ ਸੀ।"
"ਹਜ਼ਾਰਾ ਸਿੰਘ ਮੁੱਛਲ ਪਿੰਡ ਦੇ ਸਨ ਤੇ ਇਹ ਉਨ੍ਹਾਂ ਬਾਰੇ ਹੋਰ ਜਾਣਕਾਰੀ ਹਾਸਿਲ ਕਰਨ ਲਈ ਬਹੁਤ ਸੀ।"
ਹਰਪ੍ਰੀਤ ਸਿੰਘ ਅੱਗੇ ਦੱਸਦੇ ਹਨ, "ਕਾਮਨਵੈਲਥ ਵਾਰ ਗ੍ਰੇਵ ਕਮਿਸ਼ਨ ਪਹਿਲੀ ਸੰਸਾਰ ਜੰਗ ਦੇ ਸ਼ਹੀਦਾਂ ਦੀਆਂ ਯਾਦਗਾਰਾਂ ਨੂੰ ਸੰਭਾਲਣ ਦਾ ਕੰਮ ਕਰਦਾ ਸੀ। ਉਨ੍ਹਾਂ ਨੇ ਹਰ ਸ਼ਹੀਦ ਫ਼ੌਜੀ ਲਈ ਇੱਕ ਖ਼ਾਸ ਸਰਟੀਫਿਕੇਟ ਜਾਰੀ ਕੀਤਾ ਹੋਇਆ ਹੈ। ਜਿਸ ਉੱਤੇ ਮਰਨ ਵਾਲੇ ਦਾ ਨਾਮ, ਉਸ ਦਾ ਰੈਂਕ, ਮੌਤ ਦੀ ਤਰੀਕ ਅਤੇ ਇਹ ਜਾਣਕਾਰੀ ਕਿ ਉਨ੍ਹਾਂ ਦਾ ਯਾਦਗਾਰ ਕਿੱਥੇ ਬਣਾਈ ਗਈ ਹੈ, ਸਭ ਲਿਖਿਆ ਹੋਇਆ ਹੈ।"
"ਸੰਧੂ ਪਰਿਵਾਰ ਨੇ ਮੇਰੇ ਨਾਲ ਜੋ ਵੀ ਜਾਣਕਾਰੀ ਹਜ਼ਾਰਾ ਸਿੰਘ ਬਾਰੇ ਸਾਂਝੀ ਕੀਤੀ ਸੀ ਉਹ ਕਾਮਨਵੈਲਥ ਵਾਰ ਗ੍ਰੇਵ ਕਮਿਸ਼ਨ ਦੇ ਸਰਟੀਫਿਕੇਟ ਨਾਲ ਮੇਲ ਖਾਂਦੀ ਸੀ, ਜਿਸ ਤੋਂ ਇਹ ਪੁਖਤਾ ਹੋਇਆ ਕਿ ਹਜ਼ਾਰਾ ਸਿੰਘ ਦੀ ਮੌਤ ਫ਼ਰਾਂਸ ਵਿੱਚ ਹੋਈ ਸੀ ਤੇ ਉਨ੍ਹਾਂ ਦੀ ਯਾਦਗਾਰ ਵੀ ਉੱਥੇ ਹੀ ਬਣਾਈ ਗਈ ਸੀ।"

ਤਸਵੀਰ ਸਰੋਤ, Inderpal Singh Sandhu
ਪਛਾਣ ਕਿਵੇਂ ਹੋਈ
ਹਰਪ੍ਰੀਤ ਸਿੰਘ ਕਹਿੰਦੇ ਹਨ, "ਸਰਟੀਫਿਕੇਟ ਤੋਂ ਮਿਲੀ ਜਾਣਕਾਰੀ ਤੋਂ ਬਾਅਦ ਮੈਂ ਬੈਲਜੀਅਮ ਤੋਂ ਦੁਨੀਆਂ ਦੇ ਮੰਨੇ-ਪ੍ਰਮੰਨੇ ਮਿਲਟਰੀ ਇਤਿਹਾਸਕਾਰ ਡਾਕਟਰ ਡੌਮੀਨਿਕ ਡੈਨਡੂਵਨ ਨਾਲ ਗੱਲ ਕੀਤੀ। ਉਨ੍ਹਾਂ ਨੇ ਭਾਰਤੀ ਫੌਜ ਦੇ ਯੂਰਪ ਦੀਆਂ ਲੜਾਈਆਂ ਵਿੱਚ ਪਾਏ ਯੋਗਦਾਨ ਉੱਤੇ ਕੰਮ ਕੀਤਾ ਹੈ।”
ਉਨ੍ਹਾਂ ਨੇ ਹੀ ਇਹ ਤਸਦੀਕ ਕੀਤਾ ਸੀ ਕਿ ਹਜ਼ਾਰਾ ਸਿੰਘ ਦੀ ਮੌਤ ਫਰਾਂਸ ਦੇ ਕੈਂਬਰਾਏ ਵਿੱਚ ਹੋਈ ਹੈ।
"ਡੈਨਡੂਵਨ ਨੇ ਹੀ ਦੱਸਿਆ ਕਿ 2018 ਵਿੱਚ ਭਾਰਤ ਸਰਕਾਰ ਨੇ ਫਰਾਂਸ ਵਿੱਚ ਪਹਿਲੀ ਵਿਸ਼ਵ ਜੰਗ ਦੇ ਸ਼ਹੀਦਾਂ ਦੀ ਯਾਦ ਵਿੱਚ ਯਾਦਗਾਰ ਬਣਾਈ ਹੈ।”
ਹਰਪ੍ਰੀਤ ਸਿੰਘ ਇਹ ਵੀ ਦੱਸਦੇ ਹਨ ਕਿ, "ਹਜ਼ਾਰਾ ਸਿੰਘ ਦਾ ਨਾਮ ਫਰਾਂਸ ਵਿੱਚ ਬਣੀ ਹੋਈ ਫੋਜੀਆਂ ਦੀ ਸਭ ਤੋਂ ਵੱਡੀ ਯਾਦਗਾਰ ਨਵ-ਚੈਪਲੇ ਵਿੱਚ ਲੱਗੇ ਪੱਥਰ ਉੱਤੇ ਵੀ ਲਿਖਿਆ ਹੋਇਆ ਹੈ।”
“ਵਿਸ਼ਵ ਜੰਗ ਵਿੱਚ ਜਿੰਨੇ ਵੀ ਸ਼ਹੀਦ ਹੋਏ ਸਨ, ਤਤਕਾਲੀ ਸਰਕਾਰਾਂ ਨੇ ਉਨ੍ਹਾਂ ਦੀ ਵਫ਼ਾਦਾਰੀ ਨੂੰ ਦੇਖਦਿਆਂ ਹੋਇਆਂ ਪਰਿਵਾਰਾਂ ਨੂੰ ਜ਼ਮੀਨਾਂ ਵੀ ਅਲਾਟ ਕੀਤੀਆਂ ਸਨ। ਜ਼ਮੀਨਾਂ ਦੇ ਦਸਤਾਵੇਜ਼ ਵੀ ਇਹ ਪੁਸ਼ਟੀ ਕਰ ਦਿੰਦੇ ਹਨ ਕਿ ਹਜ਼ਾਰਾ ਸਿੰਘ ਜੰਗ ਦੌਰਾਨ ਹੀ ਮਾਰੇ ਗਏ ਸਨ।”

ਤਸਵੀਰ ਸਰੋਤ, Inderpal Singh Sandhu
ਫ਼ਰਾਂਸ ਜਾਣ ਦਾ ਫ਼ੈਸਲਾ
ਇੰਦਰਪਾਲ ਸਿੰਘ ਕਹਿੰਦੇ ਹਨ,"ਜਦੋਂ ਸਾਨੂੰ ਪਤਾ ਲੱਗਿਆ ਕਿ ਸੰਸਾਰ ਜੰਗ ਦੇ ਸ਼ਹੀਦ ਫੌਜੀਆਂ ਦੇ ਨਾਮ ਦਾ ਇੱਕ ਮੈਮੋਰੀਅਲ ਫਰਾਂਸ ਵਿੱਚ ਬਣਿਆ ਹੋਇਆ ਹੈ, ਉੱਥੇ ਮੇਰੇ ਪੜਦਾਦਾ ਹਜ਼ਾਰਾ ਸਿੰਘ ਦਾ ਵੀ ਨਾਮ ਲਿਖਿਆ ਹੋਇਆ ਤਾਂ ਅਸੀਂ ਸੋਚਿਆ ਕਿ ਇੱਕ ਦਿਨ ਫਰਾਂਸ ਜਾ ਕੇ ਆਪਣੇ ਪੜਦਾਦਾ ਦੀ ਛੋਹ ਨੂੰ ਮਹਿਸੂਸ ਜ਼ਰੂਰ ਕਰਨਾ ਹੈ।"
"ਫੇਰ ਅਸੀਂ ਤਕਰੀਬਨ ਡੇਢ-ਦੋ ਸਾਲ ਦੀ ਮਿਹਨਤ ਤੋਂ ਬਾਅਦ ਅਗਸਤ ਮਹੀਨੇ ਫਰਾਂਸ ਪਹੁੰਚ ਗਏ। ਉੱਥੇ ਕੈਂਬਰਾਈ ਸ਼ਹਿਰ ਵਿੱਚ ਹਜ਼ਾਰਾ ਸਿੰਘ ਪੂਰੇ ਹੋਏ ਸਨ। ਪਰ ਉਨ੍ਹਾਂ ਦੀ ਯਾਦਗਾਰ ਨੀਵ-ਚੈਪਲ ਵਿੱਚ ਬਣੀ ਹੋਈ ਹੈ, ਜਿੱਥੇ ਸਾਨੂੰ ਜਾਣ ਦਾ ਮੌਕਾ ਮਿਲਿਆ।"
ਉਹ ਭਾਵੁਕ ਹੁੰਦਿਆਂ ਦੱਸਦੇ ਹਨ, "ਅਸੀਂ ਜਦੋਂ ਯਾਦਗਾਰ ਉੱਤੇ ਸਿਜਦਾ ਕੀਤਾ, ਉਸ ਵੇਲੇ ਅੱਖਾਂ ਨਮ ਸਨ, ਅੰਦਰ ਇੱਕ ਭਾਵਨਾ ਸੀ ਕਿ ਅਸੀਂ ਬਹਾਦਰ ਫੌਜੀ ਦੇ ਪੜਪੋਤੇ ਹਾਂ।”

ਤਸਵੀਰ ਸਰੋਤ, Inderpal Singh Sandhu
ਹਜ਼ਾਰਾ ਸਿੰਘ ਦੀ ਕੋਈ ਤਸਵੀਰ ਮਿਲਣ ਦੀ ਆਸ
ਹਜ਼ਾਰਾ ਸਿੰਘ ਦਾ ਪਰਿਵਾਰ ਹੁਣ ਉਨ੍ਹਾਂ ਦੀ ਫ਼ੋਟੋ ਲੱਭਣ ਦੀ ਕੋਸ਼ਿਸ਼ ਕਰ ਰਿਹਾ ਹੈ।
ਇਸ ਬਾਰੇ ਹਰਪ੍ਰੀਤ ਸਿੰਘ ਦੱਸਦੇ ਹਨ, "ਫ਼ੌਜ ਵਿੱਚ ਜਿਹੜੇ ਕਮਿਸ਼ਨਡ ਅਫ਼ਸਰ ਹੁੰਦੇ ਹਨ ਉਨ੍ਹਾਂ ਦੀ ਫੋਟੋਆਂ ਮਿਲ ਜਾਂਦੀਆਂ ਹਨ ਪਰ ਜਿਹੜੇ ਛੋਟੇ ਅਹੁਦਿਆਂ ਉੱਤੇ ਹੁੰਦੇ ਹਨ, ਉਨ੍ਹਾਂ ਦੀਆਂ ਤਸਵੀਰਾਂ ਲੱਭਣਾ ਬਹੁਤ ਮੁਸ਼ਕਲ ਹੁੰਦਾ ਹੈ। ਕੋਸ਼ਿਸ਼ ਕੀਤੀ ਜਾ ਸਕਦੀ ਹੈ, ਜੇਕਰ ਕਿਤੇ ਕੋਈ ਦਸਤਾਵੇਜ਼ ਪਏ ਹੋਣਗੇ ਤਾਂ ਜ਼ਰੂਰ ਕੁਝ ਮਿਲੇਗਾ। ਫੋਟੋਆਂ ਲੱਭ ਵੀ ਸਕਦੀਆਂ ਹਨ ਪਰ ਇਹ ਬਹੁਤ ਲੰਬਾ ਸੰਘਰਸ਼ ਹੈ।"
ਹਰਪ੍ਰੀਤ ਸਿੰਘ ਆਪਣੀ ਖੋਜ ਦੇ ਹਵਾਲੇ ਨਾਲ ਦੱਸਦੇ ਹਨ, "ਬਰਤਾਨਵੀਂ ਸਰਕਾਰ ਨੇ ਵਿਸ਼ਵ ਜੰਗ ਦੇ ਸ਼ਹੀਦਾਂ ਦਾ ਰਿਕਾਰਡ ਪ੍ਰਿੰਟ ਕਰਵਾ ਕੇ ਸੰਭਾਲ ਕੇ ਰੱਖਿਆ ਹੋਇਆ ਹੈ, ਪਰ ਇਹ ਭਾਰਤ ਵਿੱਚ ਮੌਜੂਦ ਨਹੀਂ ਹੈ। ਹੁਣ ਜੇਕਰ ਅਸੀਂ ਪਿੰਡਾਂ ਵਿੱਚ ਲੱਭਣ ਵੀ ਜਾਂਦੇ ਹਾਂ ਤਾਂ ਕਈਆਂ ਨੂੰ ਨਹੀਂ ਪਤਾ ਵੀ ਨਹੀਂ ਹੁੰਦਾ ਕਿ ਉਨ੍ਹਾਂ ਦੇ ਪੁਰਖੇ ਕਦੇ ਕਿਸੇ ਜੰਗ ਵਿੱਚ ਵੀ ਗਏ ਸਨ।"
"ਹਾਂ ਕਈ ਪਰਿਵਾਰਾਂ ਕੋਲ ਨਿੱਕੀਆਂ-ਨਿੱਕੀਆਂ ਚੀਜ਼ਾਂ ਪਈਆਂ ਹਨ, ਉਹ ਵੀ ਆਪਣਿਆਂ ਨੂੰ ਲੱਭਣ ਦੀ ਤਾਂਘ ਰੱਖਦੇ ਹਨ। ਪਰ ਬਹੁਤ ਸਾਰਾ ਰਿਕਾਰਡ ਹੁਣ ਤੱਕ ਗਵਾਚ ਚੁੱਕਿਆ ਹੈ, ਇਸੇ ਕਰਕੇ ਬਹੁਤ ਸਾਰੇ ਭਾਰਤੀ ਤੇ ਸਿੱਖ ਫੌਜੀ ਹੁਣ ਤੱਕ ਗੁੰਮਨਾਮ ਹੋ ਚੁੱਕੇ ਹਨ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












