'ਮੇਰੇ ਗੋਲੀ ਲੱਗੀ ਹੈ...' ਕਸ਼ਮੀਰ 'ਚ ਮਾਰੇ ਗਏ ਗੁਰਮੀਤ ਸਿੰਘ ਨੇ ਜਦੋਂ ਪਤਨੀ ਨੂੰ ਫੋਨ 'ਤੇ ਕੱਟੜਵਾਦੀਆਂ ਦੇ ਹਮਲੇ ਦਾ ਹਾਲ ਦੱਸਿਆ

ਤਸਵੀਰ ਸਰੋਤ, Gurpreet Chawla/BBC
- ਲੇਖਕ, ਗੁਰਪ੍ਰੀਤ ਸਿੰਘ
- ਰੋਲ, ਬੀਬੀਸੀ ਸਹਿਯੋਗੀ
"ਪਟਾਕਿਆਂ ਦੀ ਆਵਾਜ਼ ਆ ਰਹੀ ਹੈ...ਮੈਨੂੰ ਗੋਲੀ ਲੱਗ ਗਈ ਹੈ...ਗੋਲੀ ਬਾਂਹ 'ਤੇ ਵੱਜੀ ਹੈ।"
ਗੁਰਦਾਸਪੁਰ ਜ਼ਿਲ੍ਹੇ ਦੇ ਗੁਰਮੀਤ ਸਿੰਘ ਦੇ ਇਹ ਆਖ਼ਰੀ ਬੋਲ ਸਨ।
ਇਸ ਤੋਂ ਬਾਅਦ ਫ਼ੋਨ ਬੰਦ ਹੋ ਗਿਆ।
ਜੰਮੂ-ਕਸ਼ਮੀਰ ਦੇ ਗੰਦਰਬਲ ਜ਼ਿਲ੍ਹੇ 'ਚ ਬੀਤੀ ਰਾਤ ਹੋਏ ਅੱਤਵਾਦੀ ਹਮਲੇ 'ਚ 6 ਨਿਰਮਾਣ ਮਜ਼ਦੂਰਾਂ ਅਤੇ ਇਕ ਡਾਕਟਰ ਦੀ ਮੌਤ ਹੋ ਗਈ।
ਐਤਵਾਰ ਨੂੰ ਜੰਮੂ-ਕਸ਼ਮੀਰ ਦੇ ਗੰਦਰਬਲ ਜ਼ਿਲ੍ਹੇ ਵਿੱਚ ਇੱਕ ਨਿਰਮਾਣ ਅਧੀਨ ਸੁਰੰਗ ਦੇ ਕੋਲ ਕੱਟੜਪੰਥੀ ਹਮਲਾ ਹੋਇਆ।
ਸਮਾਚਾਰ ਏਜੰਸੀ ਪੀਟੀਆਈ ਨੇ ਅਧਿਕਾਰੀਆਂ ਦੇ ਹਵਾਲੇ ਨਾਲ ਦੱਸਿਆ ਹੈ ਕਿ ਹਮਲੇ ਵਿੱਚ ਇੱਕ ਡਾਕਟਰ ਅਤੇ 6 ਮਜ਼ਦੂਰਾਂ ਸਣੇ ਕੁੱਲ 7 ਲੋਕਾਂ ਦੀ ਮੌਤ ਹੋ ਗਈ ਹੈ।
ਅਧਿਕਾਰੀਆਂ ਨੇ ਦੱਸਿਆ ਹੈ ਕਿ ਅਣਜਾਣ ਕੱਟੜਪੰਥੀਆਂ ਨੇ ਇਹ ਹਮਲਾ ਉਸ ਵੇਲੇ ਕੀਤਾ, ਜਦੋਂ ਗੰਦਰਬਲ ਵਿੱਚ ਸੋਨਮਰਗ ਇਲਾਕੇ ਦੇ ਗੁੰਡ ਵਿੱਚ ਸੁਰੰਗ ਪ੍ਰੋਜੈਕਟ ʼਤੇ ਕੰਮ ਕਰ ਰਹੇ ਮਜ਼ਦੂਰ ਅਤੇ ਹੋਰ ਕਰਮਚਾਰੀ ਦੇਰ ਸ਼ਾਮ ਆਪਣੇ ਕੈਂਪ ਵਿੱਚ ਵਾਪਸ ਆਏ ਸਨ।

ਤਸਵੀਰ ਸਰੋਤ, Getty Images
ਪੀਟੀਆਈ ਨੇ ਅਧਿਕਾਰੀਆਂ ਦੇ ਹਵਾਲੇ ਨੇ ਕਿਹਾ ਹੈ, "ਦੋ ਮਜ਼ਦੂਰਾਂ ਦੀ ਮੌਕੇ ʼਤੇ ਹੀ ਮੌਤ ਗਈ ਸੀ, ਜਦੋਂਕਿ ਡਾਕਟਰ ਅਤੇ ਹੋਰ ਚਾਰ ਮਜ਼ਦੂਰਾਂ ਦੀ ਹਸਪਤਾਲ ਵਿੱਚ ਇਲਾਜ ਦੌਰਾਨ ਮੌਤ ਹੋ ਗਈ।"
ਇਸ ਦੌਰਾਨ ਕਈ ਹੋਰ ਲੋਕ ਜ਼ਖ਼ਮੀ ਵੀ ਹੋਏ ਹਨ, ਜੋ ਹਸਪਤਾਲ ਵਿੱਚ ਜ਼ੇਰੇ ਇਲਾਜ ਹਨ।
ਪੀਟੀਆਈ ਨੇ ਦੱਸਿਆ ਕਿ ਅੱਤਵਾਦੀ ਹਮਲੇ ਵਿੱਚ ਮਾਰੇ ਗਏ ਵਿਅਕਤੀਆਂ ਦੀ ਪਛਾਣ ਡਾਕਟਰ ਸ਼ਾਹਨਵਾਜ਼, ਫਹੀਮ ਨਜ਼ੀਰ, ਕਲੀਮ, ਮੁਹੰਮਦ ਹਨੀਫ਼, ਸ਼ਸ਼ੀ ਅਬਰੋਲ, ਅਨਿਲ ਸ਼ੁਕਲਾ ਅਤੇ ਗੁਰਮੀਤ ਸਿੰਘ ਵਜੋਂ ਹੋਈ ਹੈ।
ਗੁਰਮੀਤ ਸਿੰਘ ਵੀ ਮਾਰੇ ਗਏ ਮਜ਼ਦੂਰਾਂ ਵਿੱਚੋਂ ਇੱਕ ਸਨ। ਪੰਜਾਬ ਦੇ ਗੁਰਦਾਸਪੁਰ ਵਿੱਚ ਪੈਂਦੇ ਪਿੰਡ ਸੱਖੋਵਾਲ ਵਿੱਚ ਬੀਤੀ ਸ਼ਾਮ ਤੋਂ ਹੀ ਮਾਹੌਲ ਗਮਗੀਨ ਹੈ।
ਹਮਲੇ ਸਮੇਂ ਗੁਰਮੀਤ ਸਿੰਘ ਆਪਣੀ ਪਤਨੀ ਚਰਨਜੀਤ ਕੌਰ ਨਾਲ ਫੋਨ ਉਪਰ ਗੱਲ ਕਰ ਰਹੇ ਸਨ।
ਫਿਰ ਉਨ੍ਹਾਂ ਦੇ ਸਾਥੀਆਂ ਵੱਲੋਂ ਪਰਿਵਾਰ ਨੂੰ ਦੱਸਿਆ ਗਿਆ ਕਿ ਗੁਰਮੀਤ ਨੂੰ ਗੋਲੀ ਲੱਗੀ ਹੈ ਅਤੇ ਉਹ ਗੰਭੀਰ ਰੂਪ ਨਾਲ ਜ਼ਖਮੀ ਹਨ।
ਸੂਚਨਾ ਮਿਲਣ 'ਤੇ ਪਰਿਵਾਰ ਸ੍ਰੀਨਗਰ ਲਈ ਰਵਾਨਾ ਹੋ ਗਿਆ, ਪਰ ਰਸਤੇ ਵਿੱਚ ਹੀ ਉਨ੍ਹਾਂ ਨੂੰ ਮੰਦਭਾਗੀ ਖ਼ਬਰ ਮਿਲੀ ਕਿ ਗੁਰਮੀਤ ਸਿੰਘ ਦੀ ਮੌਤ ਹੋ ਗਈ ਹੈ।

ਗੁਰਮੀਤ ਦੇ ਪਿੱਛੇ ਪਰਿਵਾਰ ਵਿੱਚ ਕੌਣ-ਕੌਣ ਹਨ
ਗੁਰਮੀਤ ਸਿੰਘ ਦੇ ਪਰਿਵਾਰ ਵਿੱਚ ਉਹਨਾਂ ਦੇ ਮਾਂ-ਬਾਪ ਤੋਂ ਇਲਾਵਾ ਪਤਨੀ, ਦੋ ਧੀਆਂ ਅਤੇ ਇੱਕ ਪੁੱਤਰ ਰਹਿ ਗਏ ਹਨ।
ਗੁਰਮੀਤ ਦੇ ਪਿਤਾ ਧਰਮ ਸਿੰਘ ਫੌਜ ਵਿੱਚ ਸੇਵਾਵਾਂ ਨਿਭਾਅ ਚੁੱਕੇ ਹਨ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤ ਮਿਹਨਤ ਮਜ਼ਦੂਰੀ ਕਰਦਾ ਸੀ।
ਧਰਮ ਸਿੰਘ ਮੁਤਾਬਕ, "ਉਹ ਤਾਂ ਕੋਈ ਫ਼ੌਜੀ ਨਹੀਂ ਸੀ ਲੇਕਿਨ ਬੀਤੀ ਸ਼ਾਮ ਉਹ ਜੰਮੂ ਕਸ਼ਮੀਰ 'ਚ ਹਮਲੇ ਦਾ ਸ਼ਿਕਾਰ ਹੋ ਗਿਆ।"

ਤਸਵੀਰ ਸਰੋਤ, Gurpreet Chawla/BBC
ਘਟਨਾ ਬਾਰੇ ਕਿਵੇਂ ਪਤਾ ਲੱਗਿਆ ?
ਗੁਰਮੀਤ ਦੇ ਪਿਤਾ ਭਾਵੁਕ ਹੁੰਦਿਆਂ ਦੱਸਦੇ ਹਨ ਕਿ ਰੋਜ਼ਾਨਾ ਦੀ ਤਰ੍ਹਾ ਗੁਰਮੀਤ ਹਾਲ ਚਾਲ ਪੁੱਛਣ ਲਈ ਬੀਤੀ ਸ਼ਾਮ ਵੀ ਪਰਿਵਾਰ ਨਾਲ ਫੋਨ ਉਪਰ ਗੱਲ ਕੀਤੀ ਸੀ।
ਉਨ੍ਹਾਂ ਕਿਹਾ, ''ਨੂੰਹ ਨਾਲ ਗੱਲ ਕਰਦੇ ਉਸ ਨੇ ਪਹਿਲਾ ਕਿਹਾ ਕੀ ਪਟਾਕੇ ਦੀ ਆਵਾਜ਼ ਆ ਰਹੀ ਹੈ। ਫਿਰ ਕਿਹਾ ਕੀ ਮੈਨੂੰ ਗੋਲੀ ਲੱਗ ਗਈ ਹੈ ਅਤੇ ਗੋਲੀ ਬਾਹ 'ਤੇ ਵੱਜੀ ਹੈ।''
ਗੁਰਮੀਤ ਦੇ ਪਿਤਾ ਨੇ ਦੱਸਿਆ, "ਬੱਸ ਇਹ ਕਹਿਣ ਤੋਂ ਬਾਅਦ ਫ਼ੋਨ ਬੰਦ ਹੋ ਗਿਆ ਅਤੇ ਮੁੜ ਉਸਦਾ ਤਾ ਫ਼ੋਨ ਨਹੀਂ ਮਿਲਿਆ ਪਰ ਉਸ ਦੇ ਸਾਥੀ ਜੋ ਉਸ ਨਾਲ ਕੰਮ ਕਰਦੇ ਹਨ, ਉਨ੍ਹਾਂ ਨਾਲ ਫ਼ੋਨ 'ਤੇ ਸੰਪਰਕ ਕੀਤਾ ਗਿਆ। ਉਹਨਾਂ ਦੱਸਿਆ ਕਿ ਗੁਰਮੀਤ ਗੰਭੀਰ ਰੂਪ ਨਾਲ ਜ਼ਖਮੀ ਹੈ। ਮੁੜ ਰਾਤ ਇਹ ਮੰਦਭਾਗਾ ਫ਼ੋਨ ਆਇਆ ਕੀ ਗੁਰਮੀਤ ਦੀ ਮੌਤ ਹੋ ਗਈ ਹੈ। "

ਤਸਵੀਰ ਸਰੋਤ, ਬੀਬੀਸੀ/ ਗੁਰਪ੍ਰੀਤ ਸਿੰਘ
15 ਦਿਨ ਪਹਿਲਾਂ ਘਰ ਛੁੱਟੀ ਆਏ ਸੀ ਗੁਰਮੀਤ
ਗੁਰਮੀਤ ਸਿੰਘ ਦੇ ਭਰਾ ਰਣਜੀਤ ਸਿੰਘ ਨੇ ਦੱਸਿਆ ਕਿ ਉਹ ਹਾਲੇ 15 ਦਿਨ ਪਹਿਲਾਂ ਛੁੱਟੀ 'ਤੇ ਆਇਆ ਸੀ।
ਉਹਨਾਂ ਕਿਹਾ, ''ਪਤਾ ਨਹੀਂ ਸੀ ਕਿ ਉਸਦਾ ਘਰ ਪਰਿਵਾਰ ਨਾਲ ਆਖਰੀ ਮੇਲ ਹੋਣਾ ਤਹਿ ਸੀ।"
ਮ੍ਰਿਤਕ ਗੁਰਮੀਤ ਸਿੰਘ ਦੇ ਭਾਣਜੇ ਨਿਹਾਲ ਸਿੰਘ ਨੇ ਦੱਸਿਆ ਪਰਿਵਾਰ ਵਿੱਚੋਂ ਕੁਝ ਜੀਅ ਜੋ ਕਸ਼ਮੀਰ ਜਾ ਰਹੇ ਸਨ, ਉਨ੍ਹਾਂ ਤੋਂ ਪਤਾ ਲੱਗਾ ਕਿ ਉਸ ਦੇ ਪੇਟ ਵਿੱਚ ਗੋਲੀ ਲੱਗਣ ਨਾਲ ਮੌਤ ਹੋਈ ਹੈ।
ਉਹ ਕਹਿੰਦੇ ਹਨ ਕਿ ਹਾਲੇ ਉੱਥੇ ਹਸਪਤਾਲ 'ਚ ਪੋਸਟਮਾਰਟਮ ਹੋ ਰਿਹਾ ਹੈ ਜਿਸ ਤੋਂ ਬਾਅਦ ਹੀ ਮ੍ਰਿਤਕ ਦੇਹ ਘਰ ਆਵੇਗੀ ।

ਤਸਵੀਰ ਸਰੋਤ, ਬੀਬੀਸੀ/ ਗੁਰਪ੍ਰੀਤ ਸਿੰਘ
ਗੁਰਮੀਤ ਜੰਮੂ-ਕਸ਼ਮੀਰ ਕਿਵੇਂ ਪਹੁੰਚੇ ?
ਮ੍ਰਿਤਕ ਦੇ ਵੱਡੇ ਭਰਾ ਨੇ ਦੱਸਿਆ ਕੀ ਉਹ ਲੰਬੇ ਸਮੇ ਤੋਂ ਇੱਕ ਨਿੱਜੀ ਕੰਪਨੀ ਵਿੱਚ ਮਜ਼ਦੂਰ ਵਜੋਂ ਕੰਮ ਕਰ ਰਿਹਾ ਸੀ।
ਇਹ ਕੰਪਨੀ ਵਿਸ਼ੇਸ਼ ਤੌਰ 'ਤੇ ਸੁਰੰਗ ਬਣਾਉਣ ਦੇ ਪ੍ਰੋਜੈਕਟ ਉਪਰ ਕੰਮ ਕਰਦੀ ਹੈ।
ਗੁਰਮੀਤ ਦੇ ਭਰਾ ਨੇ ਦੱਸਿਆ, "ਪਹਿਲਾਂ ਗੁਰਮੀਤ ਨੇ ਜੰਮੂ 'ਚ ਵੈਸ਼ਨੋ ਦੇਵੀ ਦੇ ਰਾਹ ਬਣਾਉਣ ਵਾਲੇ ਪ੍ਰੋਜੈਕਟ 'ਤੇ ਕੰਮ ਕੀਤਾ ਪਰ ਹੁਣ ਕਰੀਬ ਦੋ ਸਾਲਾਂ ਤੋਂ ਐਫਕੋ ਨਾਮੀ ਕੰਪਨੀ ’ਚ ਕਸ਼ਮੀਰ ਘਾਟੀ ਅੰਦਰ ਕੰਮ ਕਰ ਰਿਹਾ ਸੀ। ਕੰਪਨੀ ਦਾ ਉੱਥੇ ਵੀ ਸੁਰੰਗ ਦੇ ਪ੍ਰੋਜੈਕਟ ਉਪਰ ਕੰਮ ਚੱਲ ਰਿਹਾ ਹੈ। "

ਤਸਵੀਰ ਸਰੋਤ, Gurpreet Chawla/BBC
ਸਰਕਾਰ ਨੂੰ ਮਦਦ ਦੀ ਗੁਹਾਰ
ਗੁਰਮੀਤ ਸਿੰਘ ਦੀ ਮੌਤ ਪਿੱਛੋਂ ਪਰਿਵਾਰ ਦਾ ਰੋ-ਰੋ ਬੁਰਾ ਹਾਲ ਹੈ।
ਮ੍ਰਿਤਕ ਦੇ ਤਿੰਨ ਬੱਚੇ ਹਨ ਅਤੇ ਵੱਡੀ ਧੀ ਦਾ ਵਿਆਹ ਹਾਲੇ ਕਰੀਬ ਢੇਡ ਸਾਲ ਪਹਿਲਾਂ ਹੀ ਹੋਇਆ ਸੀ।
ਦੂਸਰੀ ਬੇਟੀ 12ਵੀਂ ਜਮਾਤ 'ਚ ਹੈ ਅਤੇ ਪੁੱਤਰ 9ਵੀਂ ਜਮਾਤ 'ਚ ਪੜ੍ਹਦਾ ਹੈ। ਗੁਰਮੀਤ ਸਿੰਘ ਦੇ ਵੱਡੇ ਭਰਾ ਰਣਜੀਤ ਸਿੰਘ ਨੇ ਭਾਵੁਕ ਹੁੰਦਿਆਂ ਦੱਸਿਆ ਕਿ ਉਹ ਇਕੱਲਾ ਪਰਿਵਾਰ ਦਾ ਕਮਾਉਣ ਵਾਲਾ ਜੀਅ ਸੀ।
ਰਣਜੀਤ ਸਿੰਘ ਨੇ ਕਿਹਾ, "ਬੱਚੇ ਵੀ ਛੋਟੇ ਹਨ।"
ਪਰਿਵਾਰ ਨੇ ਸਰਕਾਰ ਨੂੰ ਮਦਦ ਦੀ ਅਪੀਲ ਕੀਤੀ ਹੈ।
ਪਿੰਡ ਦੇ ਸਰਪੰਚ ਸਤਨਾਮ ਸਿੰਘ ਦੱਸਦੇ ਹਨ ਕਿ ਗੁਰਮੀਤ ਮਿਹਨਤ ਕਰ ਪਰਿਵਾਰ ਪਾਲਣ ਵਾਲਾ ਇੱਕ ਸ਼ਰੀਫ਼ ਵਿਅਕਤੀ ਸੀ।
ਸਤਨਾਮ ਸਿੰ ਮੁਤਾਬਕ, "ਪਿਤਾ ਨੇ ਦੇਸ਼ ਦੀ ਫੌਜ 'ਚ ਸੇਵਾ ਕੀਤੀ ਅਤੇ ਗੁਰਮੀਤ ਸਿੰਘ ਨੇ ਪਰਿਵਾਰ ਦੀ ਰੋਜ਼ੀ ਰੋਟੀ ਲਈ ਨਿੱਜੀ ਕੰਪਨੀ 'ਚ ਲੰਬੇ ਸਮੇਂ ਤੱਤ ਘਰ ਤੋਂ ਦੂਰ ਰਹਿ ਕੇ ਕੰਮ ਕੀਤਾ। ਉਸਦੀ ਮੌਤ ਹੋਣ ਨਾਲ ਜਿੱਥੇ ਪੂਰੇ ਇਲਾਕੇ ਵਿੱਚ ਸੋਗ ਹੈ ਉੱਥੇ ਹੀ ਪਰਿਵਾਰ ਲਈ ਵੱਡਾ ਸਦਮਾ ਹੈ। ਬੱਚਿਆ ਦੇ ਸਿਰ ਤੋਂ ਬਾਪ ਦਾ ਸਾਇਆ ਉੱਠ ਗਿਆ ਅਤੇ ਸੂਬਾ ਸਰਕਾਰ ਇਸ ਪਰਿਵਾਰ ਦੀ ਮਦਦ ਲਈ ਆਗੇ ਆਵੇ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












