ਸਕਰਦੂ: ਭਾਰਤ-ਪਾਕਿਸਤਾਨ ਜਿਸ ਸ਼ਹਿਰ ਉੱਤੇ ਕਬਜ਼ੇ ਲਈ ਛੇ ਮਹੀਨਿਆਂ ਤੱਕ ਲੜਦੇ ਰਹੇ

ਸਕਰਦੂ ਸ਼ਹਿਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸਕਰਦੂ ਸ਼ਹਿਰ ਅੱਜ ਪਾਕਿਸਤਾਨ ਪ੍ਰਸ਼ਾਸਿਤ ਗਿਲਗਿਤ-ਬਾਲਟਿਸਤਾਨ ਬਣ ਗਿਆ ਹੈ।
    • ਲੇਖਕ, ਵਕਾਰ ਮੁਸਤਫ਼ਾ
    • ਰੋਲ, ਪੱਤਰਕਾਰ ਅਤੇ ਖੋਜਕਾਰ

ਮੇਜਰ ਵਿਲੀਅਮ ਬ੍ਰਾਊਨ ਸਾਲ 1947 ਵਿੱਚ ਗਿਲਗਿਤ ਸਕਾਊਟਸ ਦੇ ਬ੍ਰਿਟਿਸ਼ ਕਮਾਂਡਰ ਸਨ।

ਉਹ ਇੱਕ ਅਜਿਹੀ ਬਗ਼ਾਵਤ ਦਾ ਹਿੱਸਾ ਬਣਨ ਵਾਲੇ ਸਨ, ਜਿਸ ਦੇ ਨਤੀਜੇ ਵਜੋਂ ਆਜ਼ਾਦ ਹੋਣ ਵਾਲੀ ਰਿਆਸਤ ਪਾਕਿਸਤਾਨ ਵਿੱਚ ʻਆਜ਼ਾਦ ਕਸ਼ਮੀਰʼ ਅਖਵਾਉਣ ਵਾਲੀ ਸੀ।

ਉਨ੍ਹਾਂ ਅਨੁਸਾਰ, "ਗਿਲਗਿਤ ਵਿੱਚ ਇੱਕ ਅਫ਼ਵਾਹ ਫੈਲ ਗਈ ਸੀ ਕਿ ਕਸ਼ਮੀਰ ਦਾ ਮਹਾਰਾਜਾ ਆਪਣੀ ਰਿਆਸਤ ਨੂੰ ਭਾਰਤ ਵਿੱਚ ਮਿਲਾਉਣ ਜਾ ਰਹੇ ਹਨ। ਇਸ ਦੇ ਨਾਲ ਹੀ, ਸਕਾਊਟਸ ਦੀ ਸੰਭਾਵਿਤ ਬਗ਼ਾਵਤ ਬਾਰੇ ਵੀ ਗੱਲ ਸ਼ੁਰੂ ਹੋ ਗਈ ਸੀ।"

ਗਵਰਨਰ ਹਾਊਸ ਦੇ ਗੇਟ ਸਮੇਤ ਕੰਧਾਂ 'ਤੇ ਹਰ ਪਾਸੇ 'ਪਾਕਿਸਤਾਨ ਜ਼ਿੰਦਾਬਾਦ' ਅਤੇ 'ਕਸ਼ਮੀਰ ਦੇ ਮਹਾਰਾਜਾ ਮੁਰਦਾਬਾਦ' ਵਰਗੇ ਨਾਅਰੇ ਲਿਖੇ ਹੋਏ ਸਨ।"

"ਮੈਂ ਉਨ੍ਹਾਂ (ਰਾਜਪਾਲ) ਨੂੰ ਖ਼ੁਦ ਨਾਅਰੇ ਨੂੰ ਮਿਟਾਉਂਦੇ ਦੇਖਿਆ। ਪਰ ਅਗਲੀ ਸਵੇਰ ਮੇਰੇ ਘਰ ਦੇ ਗੇਟ 'ਤੇ ਵੀ ਇਹ ਨਾਅਰੇ ਦੁਬਾਰਾ ਲਿਖੇ ਗਏ ਸਨ।"

ਇਸ ਖੇਤਰ ਵਿੱਚ ਗਿਲਗਿਤ ਦੇ ਨਾਲ-ਨਾਲ ਸਕਰਦੂ ਸ਼ਹਿਰ ਵੀ ਸ਼ਾਮਲ ਸੀ, ਜੋ ਅੱਜ ਪਾਕਿਸਤਾਨ ਸ਼ਾਸਿਤ ਗਿਲਗਿਤ-ਬਾਲਟਿਸਤਾਨ ਬਣ ਗਿਆ ਹੈ। ਪਰ ਇਹ ਕਹਾਣੀ 1947 ਵਿੱਚ ਗਿਲਗਿਤ ਤੋਂ ਸ਼ੁਰੂ ਹੁੰਦੀ ਹੈ।

ਇਹ ਉਹ ਸਮਾਂ ਸੀ ਜਦੋਂ ਪਾਕਿਸਤਾਨ ਅਤੇ ਭਾਰਤ ਆਜ਼ਾਦ ਹੋ ਗਏ ਸਨ ਪਰ ਜੰਮੂ-ਕਸ਼ਮੀਰ ਦੀ ਰਿਆਸਤ ਸਮੇਤ ਕੁਝ ਹੋਰ ਰਿਆਸਤਾਂ ਦੇ ਰਲੇਵੇਂ ਦਾ ਮੁੱਦਾ ਵਿਵਾਦਾਂ ਵਿੱਚ ਘਿਰ ਗਿਆ ਸੀ।

ਉਸ ਸਮੇਂ ਗਿਲਗਿਤ ਵਿੱਚ ਮੌਜੂਦ ਮੇਜਰ ਬ੍ਰਾਊਨ ਆਪਣੀ ਕਿਤਾਬ 'ਗਿਲਗਿਤ ਰਿਬੇਲੀਅਨʼ ਯਾਨਿ ʻਗਿਲਗਿਤ ਵਿਦਰੋਹʼ ਵਿੱਚ ਲਿਖਦੇ ਹਨ ਕਿ 25 ਅਕਤੂਬਰ 1947 ਦੀ ਸ਼ਾਮ ਨੂੰ ਖ਼ਬਰਾਂ ਤੋਂ ਪਤਾ ਲੱਗਾ ਕਿ ਭਾਰਤ ਸਰਕਾਰ ਨੇ ਕਸ਼ਮੀਰ ਵਿੱਚ ਫੌਜ ਭੇਜਣ ਦਾ ਫ਼ੈਸਲਾ ਕਰ ਲਿਆ ਹੈ।

ਕੁਝ ਦਿਨ ਪਹਿਲਾਂ 'ਕਬਾਇਲੀ ਲੜਾਕਿਆਂ' ਨੇ ਮੁਜ਼ੱਫਰਾਬਾਦ ਰਾਹੀਂ ਕਸ਼ਮੀਰ 'ਤੇ ਹਮਲਾ ਕਰ ਦਿੱਤਾ ਸੀ ਅਤੇ ਸ੍ਰੀਨਗਰ ਦੇ ਨੇੜੇ ਪਹੁੰਚ ਗਏ ਸਨ। ਉਦੋਂ ਗਿਲਗਿਤ-ਬਾਲਟਿਸਤਾਨ ਜੰਮੂ-ਕਸ਼ਮੀਰ ਦੀ ਰਿਆਸਤ ਦਾ ਹਿੱਸਾ ਸੀ।

ਸਮਾਜ ਸ਼ਾਸਤਰ ਦੇ ਅਧਿਆਪਕ ਸਈਦ ਅਹਿਮਦ ਆਪਣੀ ਕਿਤਾਬ ‘ਦਿ ਗਿਲਗਿਤ-ਬਾਲਟਿਸਤਾਨ ਕੌਨਡ੍ਰਮ: ਡਾਇਲੇਮਾਜ਼ ਆਫ਼ ਪੋਲੀਟਿਕਲ ਇੰਟੀਗ੍ਰੇਸ਼ਨ’ ਵਿੱਚ ਲਿਖਦੇ ਹਨ ਕਿ ਉਸ ਵੇਲੇ ਜੰਮੂ-ਕਸ਼ਮੀਰ ਦੇ ਚਾਰ ਹਿੱਸੇ ਸਨ, ਜ਼ਿਲ੍ਹਾ ਜੰਮੂ, ਜ਼ਿਲ੍ਹਾ ਕਸ਼ਮੀਰ, ਜ਼ਿਲ੍ਹਾ ਗਿਲਗਿਤ ਅਤੇ ਜ਼ਿਲ੍ਹਾ ਲੱਦਾਖ।

ਪਰ ਸੰਨ 1935 ਵਿਚ ਅੰਗਰੇਜ਼ਾਂ ਨੇ ਗਿਲਗਿਤ ਦਾ ਪ੍ਰਬੰਧ ਡੋਗਰਾ ਸ਼ਾਸਕ ਤੋਂ 60 ਸਾਲ ਦੀ ਲੀਜ਼ 'ਤੇ ਲੈ ਲਿਆ ਸੀ, ਜਦੋਂ ਕਿ ਬਾਲਟਿਸਤਾਨ ਦਾ ਇਲਾਕਾ ਡੋਗਰਾ ਸਰਕਾਰ ਦੇ ਸਿੱਧੇ ਰਾਜ ਅਧੀਨ ਰਿਹਾ।

ਬੀਬੀਸੀ ਪੰਜਾਬੀ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

ਗਵਰਨਰ ਘਨਸਾਰਾ ਸਿੰਘ ਅਤੇ ਮੇਜਰ ਬ੍ਰਾਊਨ

ਸਈਦ ਅਹਿਮਦ ਲਿਖਦੇ ਹਨ ਕਿ ਭਾਰਤ ਅਤੇ ਪਾਕਿਸਤਾਨ ਦੀ ਆਜ਼ਾਦੀ ਤੋਂ ਦੋ ਹਫ਼ਤੇ ਪਹਿਲਾਂ ਅੰਗਰੇਜ਼ਾਂ ਨੇ ਅਚਾਨਕ ਇਹ ਲੀਜ਼ ਰੱਦ ਕਰ ਦਿੱਤੀ ਸੀ। ਉਸ ਤੋਂ ਬਾਅਦ, 30 ਜੁਲਾਈ 1947 ਨੂੰ ਕਸ਼ਮੀਰ ਦੀ ਫੌਜ ਦੇ ਬਰਤਾਨਵੀ ਕਮਾਂਡਰ ਇਨ ਚੀਫ ਮੇਜਰ ਜਨਰਲ ਸਕਾਟ ਗਿਲਗਿਤ ਪਹੁੰਚੇ।

ਉਨ੍ਹਾਂ ਦੇ ਨਾਲ ਬ੍ਰਿਗੇਡੀਅਰ ਘਨਸਾਰਾ ਸਿੰਘ ਵੀ ਸਨ, ਜਿਨ੍ਹਾਂ ਨੂੰ ਕਸ਼ਮੀਰ ਦੇ ਮਹਾਰਾਜਾ ਨੇ ਗਵਰਨਰ ਬਣਾ ਕੇ ਗਿਲਗਿਤ ਭੇਜਿਆ ਸੀ।

ਉਦੋਂ ਤੱਕ ਕਸ਼ਮੀਰ ਦੇ ਮਹਾਰਾਜੇ ਨੇ ਆਪਣੀ ਰਿਆਸਤ ਨੂੰ ਪਾਕਿਸਤਾਨ ਜਾਂ ਭਾਰਤ ਨਾਲ ਮਿਲਾਉਣ ਦਾ ਫ਼ੈਸਲਾ ਨਹੀਂ ਕੀਤਾ ਸੀ।

ਪਰ ਬਰਤਾਨਵੀ ਰਾਜ ਦੇ ਖ਼ਾਤਮੇ ਦੇ ਨਾਲ ਹੀ ਕਸ਼ਮੀਰ ਦੇ ਵੱਖ-ਵੱਖ ਇਲਾਕਿਆਂ ਵਿੱਚ ਮਹਾਰਾਜੇ ਦੇ ਖ਼ਿਲਾਫ਼ ਪ੍ਰਦਰਸ਼ਨ ਸ਼ੁਰੂ ਹੋ ਗਏ।

ਇਸ ਦੌਰਾਨ, ਆਦਿਵਾਸੀਆਂ ਦੇ ਸ੍ਰੀਨਗਰ ਵੱਲ ਕੂਚ ਕਰਨ ਤੋਂ ਬਾਅਦ, ਮਹਾਰਾਜਾ ਨੇ 27 ਅਕਤੂਬਰ 1947 ਨੂੰ ਕਸ਼ਮੀਰ ਦੇ ਭਾਰਤ ਵਿੱਚ ਰਲੇਵੇਂ ਦਾ ਐਲਾਨ ਕਰ ਦਿੱਤਾ।

ਮੇਜਰ ਬ੍ਰਾਊਨ

ਤਸਵੀਰ ਸਰੋਤ, THE GILGIT REBELLION/BOOK

ਤਸਵੀਰ ਕੈਪਸ਼ਨ, ਮੇਜਰ ਵਿਲੀਅਮ ਬ੍ਰਾਊਨ ਸਾਲ 1947 ਵਿੱਚ ਗਿਲਗਿਤ ਸਕਾਊਟਸ ਦੇ ਬ੍ਰਿਟਿਸ਼ ਕਮਾਂਡਰ ਸਨ

ਮੇਜਰ ਬ੍ਰਾਊਨ ਦੀ ਕਿਤਾਬ ਦੇ ਅਨੁਸਾਰ, ਗਿਲਗਿਤ ਸਕਾਊਟਸ ਨੇ ਪਹਿਲਾਂ ਹੀ ਇੱਕ ਕ੍ਰਾਂਤੀਕਾਰੀ ਕੌਂਸਲ ਬਣਾ ਲਈ ਸੀ। ਇਨ੍ਹਾਂ ਹਾਲਾਤਾਂ ਵਿੱਚ 31 ਅਕਤੂਬਰ 1947 ਨੂੰ ‘ਅਪਰੇਸ਼ਨ ਦਿਤਾ ਖੇਲ’ ਦੇ ਨਾਂ ’ਤੇ ਬਗ਼ਾਵਤ ਸ਼ੁਰੂ ਕਰ ਦਿੱਤੀ ਸੀ।

ਇਸ ਬਗ਼ਾਵਤ ਦੀ ਸ਼ੁਰੂਆਤ ਗਿਲਗਿਤ ਦੇ ਨੇੜੇ ਬੋਂਜੀ ਤੋਂ ਸ਼ੁਰੂ ਹੋਈ ਸੀ। ਜਿੱਥੇ ਮਿਰਜ਼ਾ ਹਸਨ ਖ਼ਾਨ ਦੀ ਅਗਵਾਈ ਵਿੱਚ ਕਸ਼ਮੀਰ ਦੀ ਰਿਆਸਤ ਦੀ ਫੌਜ ਦੇ ਮੁਸਲਮਾਨ ਸਿਪਾਹੀਆਂ ਨੇ 6ਵੀਂ ਕਸ਼ਮੀਰ ਇਨਫੈਂਟਰੀ ਦੀਆਂ ਸਿੱਖ ਕੰਪਨੀਆਂ 'ਤੇ ਹਮਲਾ ਕਰ ਦਿੱਤਾ।

ਇੱਥੇ ਗਿਲਗਿਤ ਵਿੱਚ, ਗਵਰਨਰ ਘਨਸਾਰਾ ਸਿੰਘ ਨੇ ਕੁਝ ਵਿਰੋਧ ਤੋਂ ਬਾਅਦ ਸੂਬੇਦਾਰ ਮੇਜਰ ਬਾਬਰ ਅੱਗੇ ਹਥਿਆਰ ਸੁੱਟ ਦਿੱਤੇ। ਮੇਜਰ ਬ੍ਰਾਊਨ ਨੇ ਵੀ ਇਸ ਦਸਤਾਵੇਜ਼ 'ਤੇ ਦਸਤਖ਼ਤ ਕਰਨ ਦਾ ਦਾਅਵਾ ਕੀਤਾ ਹੈ।

ਇੱਕ ਨਵੰਬਰ, 1947 ਨੂੰ ਗਿਲਗਿਤ ਵਿੱਚ ਅਸਥਾਈ ਸਰਕਾਰ ਬਣਾਈ ਗਈ ਸੀ, ਜੋ ਬਿਨਾਂ ਸ਼ਰਤ ਪਾਕਿਸਤਾਨ ਨਾਲ ਮਿਲ ਗਈ ਸੀ।

16 ਨਵੰਬਰ 1947 ਨੂੰ ਪਾਕਿਸਤਾਨ ਸਰਕਾਰ ਦੇ ਨੁਮਾਇੰਦੇ ਸਰਦਾਰ ਮੁਹੰਮਦ ਆਲਮ ਖ਼ਾਨ ਸਿਆਸੀ ਏਜੰਟ ਵਜੋਂ ਗਿਲਗਿਤ ਪਹੁੰਚੇ।

ਸਕਰਦੂ ਦੀ ਜੰਗ

ਰਿਟਾਇਰਡ ਪਾਕਿਸਤਾਨੀ ਬ੍ਰਿਗੇਡੀਅਰ ਮਸੂਦ ਅਹਿਮਦ ਖ਼ਾਨ ਲਿਖਦੇ ਹਨ ਕਿ ਉਸ ਵੇਲੇ ਮੇਜਰ ਅਸਲਮ ਖ਼ਾਨ (ਬਾਅਦ ਵਿੱਚ ਬ੍ਰਿਗੇਡੀਅਰ) ਨੂੰ ਗਿਲਗਿਤ ਵਿੱਚ ਤੈਨਾਤ ਕੀਤਾ ਗਿਆ। ਜਿਨ੍ਹਾਂ ਨੇ ਸਥਿਤੀ ਦਾ ਅੰਦਾਜ਼ਾ ਲਗਾਉਂਦੇ ਹੋਏ, ਸਥਾਨਕ ਸਕਾਊਟਸ ਸਮੇਤ ਰਜ਼ਾਕਾਰਾਂ ਨੂੰ ਸਿਖਲਾਈ ਦੇਣੀ ਸ਼ੁਰੂ ਕਰ ਦਿੱਤੀ।

ਇਸ ਦੇ ਤਹਿਤ ਚਾਰ ਵੱਖ-ਵੱਖ ਲਸ਼ਕਰ ਤਿਆਰ ਕੀਤੇ ਗਏ ਸਨ, ਜਿਨ੍ਹਾਂ ਵਿੱਚੋਂ ਇੱਕ ਦਾ ਨਾਂ ‘ਆਈ ਬੇਕਸ ਫੋਰਸ’ ਰੱਖਿਆ ਗਿਆ ਸੀ।

ਅਸਲਮ ਖ਼ਾਨ ਅੱਠ ਭੈਣ-ਭਰਾਵਾਂ ਵਿੱਚੋਂ ਇੱਕ ਸੀ, ਜਿਸ ਵਿੱਚ ਅਜ਼ਗਰ ਖ਼ਾਨ ਵੀ ਸ਼ਾਮਲ ਸੀ, ਜੋ ਬਾਅਦ ਵਿੱਚ ਏਅਰ ਚੀਫ ਮਾਰਸ਼ਲ ਅਤੇ ਪਾਕਿਸਤਾਨੀ ਹਵਾਈ ਫੌਜ ਦੇ ਮੁਖੀ ਬਣੇ।

ਮਸੂਦ ਅਹਿਮਦ ਖਾਨ ਦੇ ਅਨੁਸਾਰ, ਸਕਾਰਦੂ ਸਿੰਧ ਨਦੀ ਦੇ ਕੰਢੇ ਸਮੁੰਦਰੀ ਤਲ ਤੋਂ 7400 ਫੁੱਟ ਦੀ ਉਚਾਈ 'ਤੇ ਸਥਿਤ ਸੀ ਅਤੇ ਰਣਨੀਤਕ ਤੌਰ 'ਤੇ ਵੀ ਮਹੱਤਵਪੂਰਨ ਸੀ।

ਅਜਿਹੀ ਸਥਿਤੀ ਵਿੱਚ ਪਾਕਿਸਤਾਨ ਅਤੇ ਭਾਰਤ ਦੋਵਾਂ ਨੇ ਮਹਿਸੂਸ ਕੀਤਾ ਕਿ ਸਕਰਦੂ ਨੂੰ ਕੰਟਰੋਲ ਕਰਨਾ ਜ਼ਰੂਰੀ ਹੈ।

ਹਾਲਾਂਕਿ, ਉਸ ਜ਼ਮਾਨੇ ਵਿੱਚ ਗਿਲਗਿਤ ਤੋਂ ਸਕਰਦੂ ਤੱਕ 160 ਮੀਲ ਦੀ ਦੂਰੀ 20 ਦਿਨਾਂ ਦੇ ਸਫ਼ਰ ਵਿੱਚ ਤੈਅ ਹੁੰਦੀ ਸੀ।

ਗਵਰਨਰ ਘਨਸਾਰਾ ਸਿੰਘ ਅਤੇ ਸੂਬੇਦਾਰ ਮੇਜਰ ਬਾਬਰ

ਤਸਵੀਰ ਸਰੋਤ, THE GILGIT REBELLION/BOOK

ਤਸਵੀਰ ਕੈਪਸ਼ਨ, ਗਵਰਨਰ ਘਨਸਾਰਾ ਸਿੰਘ ਅਤੇ ਸੂਬੇਦਾਰ ਮੇਜਰ ਬਾਬਰ

ਸਕਰਦੂ ਬਾਲਟਿਸਤਾਨ ਦਾ ਸਿਆਸੀ ਕੇਂਦਰ ਅਤੇ ਕਸ਼ਮੀਰ ਵਿੱਚ ਲੱਦਾਖ ਦੀ ਇੱਕ ਤਹਿਸੀਲ ਦਾ ਹੈੱਡਕੁਆਰਟਰ ਸੀ।

ਜਿੱਥੇ ਮੰਤਰਾਲੇ ਦਾ ਅਮਲਾ ਹਰ ਸਾਲ ਛੇ ਮਹੀਨੇ ਗੁਜ਼ਾਰਦਾ ਸੀ ਜਦ ਕਿ ਬਾਕੀ ਛੇ ਮਹੀਨੇ ਲੇਹ ਵਿੱਚ ਤੈਨਾਤ ਰਹਿੰਦਾ ਸੀ।

‘ਡਿਬੇਕਲ ਇਨ ਬਾਲਟਿਸਤਾਨ’ ਨਾਮ ਦੀ ਕਿਤਾਬ ਦੇ ਲੇਖਕ ਐੱਸ ਕੁਮਾਰ ਮਹਾਜਨ ਅਨੁਸਾਰ ਮੇਜਰ ਸ਼ੇਰ ਜੰਗ ਥਾਪਾ ਦੀ ਅਗਵਾਈ ਵਿੱਚ ਛੇ ਬਟਾਲੀਅਨਾਂ ਦੀ ਇੱਕ ਕੰਪਨੀ ਲੇਹ ਵਿੱਚ ਮੌਜੂਦ ਸੀ।

ਜਿਵੇਂ ਹੀ ਉਨ੍ਹਾਂ ਨੂੰ ਗਿਲਗਿਤ ਵਿੱਚ ਬਗ਼ਾਵਤ ਦੀ ਖ਼ਬਰ ਮਿਲੀ, ਉਨ੍ਹਾਂ ਨੂੰ ਲੈਫਟੀਨੈਂਟ ਕਰਨਲ ਦੇ ਅਹੁਦੇ 'ਤੇ ਤਰੱਕੀ ਦਿੱਤੀ ਗਈ ਅਤੇ ਸਕਰਦੂ ਦੀ ਸੁਰੱਖਿਆ ਲਈ ਰਵਾਨਾ ਹੋਣ ਦਾ ਹੁਕਮ ਦਿੱਤਾ ਗਿਆ।

ਮਹਾਜਨ ਅਨੁਸਾਰ ਜਦੋਂ ਸ਼ੇਰ ਜੰਗ ਥਾਪਾ 3 ਦਸੰਬਰ 1947 ਨੂੰ ਸਕਰਦੂ ਪਹੁੰਚੇ ਤਾਂ ਉਨ੍ਹਾਂ ਨੇ ਮਹਿਸੂਸ ਕੀਤਾ ਕਿ ਉਨ੍ਹਾਂ ਦੀ ਸਥਿਤੀ ਮਜ਼ਬੂਤ ਨਹੀਂ ਹੈ। ਉਨ੍ਹਾਂ ਨੇ ਹੋਰ ਫੌਜ ਦੀ ਬੇਨਤੀ ਕੀਤੀ, ਜਿਸ ਨੂੰ ਰੱਦ ਕਰ ਦਿੱਤਾ ਗਿਆ।

ਉਨ੍ਹਾਂ ਨੂੰ ਆਖ਼ਰੀ ਆਦਮੀ ਅਤੇ ਆਖ਼ਰੀ ਦਮ ਤੱਕ ਮੁਕਾਬਲਾ ਕਰਨ ਲਈ ਕਿਹਾ ਗਿਆ ਸੀ। ਸ਼ੇਰ ਜੰਗ ਥਾਪਾ ਨੇ ਇਸ ਲਈ ਸ਼ਹਿਰ ਦੇ ਬਾਹਰ ਘੇਰਾਬੰਦੀ ਕਰ ਦਿੱਤੀ।

ਗਿਲਗਿਤ ਸਕਾਊਟਸ

ਤਸਵੀਰ ਸਰੋਤ, THE GILGIT REBELLION

ਤਸਵੀਰ ਕੈਪਸ਼ਨ, ਗਿਲਗਿਤ ਸਕਾਊਟਸ

ਸਕਰਦੂ ਦੀ ਘੇਰਾਬੰਦੀ

ਮਹਾਜਨ ਦੇ ਅਨੁਸਾਰ, ਉਸ ਵੇਲੇ ਸਕਰਦੂ ਵਿੱਚ ਮੌਜੂਦ ਲੱਦਾਖ ਦੇ ਜ਼ਿਲ੍ਹਾ ਮੈਜਿਸਟਰੇਟ ਅਮਰਨਾਥ ਨੇ ਦੱਸਿਆ ਸੀ ਕਿ ਭਾਰਤੀ ਫੌਜ ਨੂੰ ਤੁਰੰਤ ਲੱਦਾਖ, ਕਾਰਗਿਲ ਅਤੇ ਸਕਰਦੂ ਤੱਕ ਪਹੁੰਚਾਉਣ ਲਈ ਜਹਾਜ਼ ਕਿੱਥੇ ਉਤਰ ਸਕਦੇ ਹਨ।

ਪਰ ਭਾਰਤੀ ਫੌਜ ਉਸ ਸਮੇਂ ਕਸ਼ਮੀਰ ਦੇ ਦੂਜੇ ਮੋਰਚਿਆਂ 'ਤੇ ਲੱਗੀ ਹੋਈ ਸੀ ਅਤੇ ਮਹਾਜਨ ਦੇ ਅਨੁਸਾਰ, ਇੱਕ ਸਮੱਸਿਆ ਇਹ ਸੀ ਕਿ ਭਾਰਤੀ ਹਵਾਈ ਸੈਨਾ ਕੋਲ ਉਪਲਬਧ ਜਹਾਜ਼ ਉਨ੍ਹਾਂ ਥਾਵਾਂ 'ਤੇ ਨਹੀਂ ਉਤਰ ਸਕਦੇ ਸਨ।

ਅਹਿਮਦ ਹਸਨ ਦਾਨੀ ਦੀ ਪੁਸਤਕ ‘ਤਰੀਖ-ਏ-ਸ਼ੁਮਾਲੀ ਇਲਾਕਾਜਾਤ’ (ਉੱਤਰੀ ਖੇਤਰਾਂ ਦਾ ਇਤਿਹਾਸ) ਅਨੁਸਾਰ ਇਸ ਗੱਲ ਦਾ ਅੰਦਾਜ਼ਾ ਮੇਜਰ ਅਸਲਮ ਖ਼ਾਨ ਨੂੰ ਵੀ ਸੀ ਕਿ ਜੇਕਰ ਭਾਰਤੀ ਫ਼ੌਜ ਸ੍ਰੀਨਗਰ ਵਾਂਗ ਜਹਾਜ਼ ਰਾਹੀਂ ਸਕਰਦੂ ਪਹੁੰਚ ਗਈ ਤਾਂ ਇਹ ਸ਼ਹਿਰ ਉਨ੍ਹਾਂ ਦੇ ਹੱਥੋਂ ਨਿਕਲ ਜਾਵੇਗਾ।

ਅਜਿਹੇ 'ਚ ਉਸ ਕੋਲ ਸਮਾਂ ਘੱਟ ਸੀ।

ਪਰ ਸਕਰਦੂ ਦੇ ਨੇੜੇ ਸਥਿਤ ਰੋਂਦੋ ਦੇ ਰਾਜੇ ਦੀ ਮਦਦ ਅਤੇ ਯੋਜਨਾਬੱਧ ਵਿਉਂਤਬੰਦੀ ਨਾਲ ਮੇਜਰ ਅਹਿਸਾਨ ਦੀ ਅਗਵਾਈ ਹੇਠ ਆਈ ਬੈਕਸ ਫੋਰਸ ਪਹਿਲੀ ਰੱਖਿਆ ਘੇਰਾਬੰਦੀ ਪਾਰ ਕਰਨ ਅਤੇ ਸਕਰਦੂ ਤੱਕ ਪਹੁੰਚਣ ਵਿੱਚ ਸਫ਼ਲ ਹੋਈ।

ਬੋਂਜੀ ਭੱਜਣ ਵਾਲੇ 6ਵੀਂ ਜੰਮੂ-ਕਸ਼ਮੀਰ ਲਾਈਟ ਇਨਫੈਂਟਰੀ ਬਟਾਲੀਅਨ ਦੇ ਦਸਤੇ ਸਕਰਦੂ ਸ਼ਹਿਰ ਦੇ ਖਾਰਪੋਚੋ ਕਿਲ੍ਹੇ ਵਿੱਚ ਗਰਾਊਂਡ ਪੁਆਇੰਟ 8853 'ਤੇ ਅਤੇ ਛਾਉਣੀ ਦੇ ਅੰਦਰ ਤੇ ਆਲੇ-ਦੁਆਲੇ ਤੈਨਾਤ ਸਨ।

ਅਜਿਹੀ ਸਥਿਤੀ ਵਿੱਚ ਭਾਰਤੀ ਹਾਈ ਕਮਾਂਡ ਨੇ ਦੋ ਵਾਧੂ ਕੰਪਨੀਆਂ ਸ੍ਰੀਨਗਰ ਤੋਂ ਸਕਰਦੂ ਲਈ ਕੁਮਕ ਵਜੋਂ ਭੇਜੀਆਂ, ਜਿਨ੍ਹਾਂ ਦੀ ਅਗਵਾਈ ਬ੍ਰਿਗੇਡੀਅਰ ਫਕੀਰ ਸਿੰਘ ਕਰ ਰਹੇ ਸਨ।

ਸਕਰਦੂ ਛਾਉਣੀ 'ਤੇ ਪਹਿਲਾ ਹਮਲਾ 11 ਫਰਵਰੀ 1948 ਨੂੰ ਕੀਤਾ ਗਿਆ ਸੀ, ਜਿਸ ਵਿੱਚ ਦੋਵਾਂ ਪਾਸਿਆਂ ਤੋਂ ਭਾਰੀ ਫਾਇਰਿੰਗ ਹੋਈ ਸੀ।

ਬੀ ਚੱਕਰਵਰਤੀ ਦੀ ਕਿਤਾਬ 'ਸਟੋਰੀਜ਼ ਆਫ਼ ਹੀਰੋਇਜ਼ਮ' ਦੇ ਅਨੁਸਾਰ, 11 ਫਰਵਰੀ, 1948 ਨੂੰ ਆਈ ਬੈਕਸ ਫੋਰਸ ਅਤੇ ਕਿਲਾਬੰਦ ਫੌਜਾਂ ਵਿਚਕਾਰ ਛੇ ਘੰਟੇ ਦੀ ਲੜਾਈ ਤੋਂ ਬਾਅਦ, ਹਮਲਾਵਰ ਪਿੱਛੇ ਹਟ ਗਏ।

ਇੱਥੇ ਫਰਵਰੀ ਅਤੇ ਮਾਰਚ ਦੌਰਾਨ ਹੋਰ ਹਮਲੇ ਕੀਤੇ ਗਏ, ਜਿਸ ਵਿੱਚ ਮਸੂਦ ਖ਼ਾਨ ਅਨੁਸਾਰ ਪੁਆਇੰਟ 8853 ਸਮੇਤ ਅੱਧੀਆਂ ਪੁਜ਼ੀਸ਼ਨਾਂ ਉੱਤੇ ਕਬਜ਼ਾ ਕਰ ਲਿਆ ਗਿਆ।

ਉਨ੍ਹਾਂ ਦੇ ਅਨੁਸਾਰ, “ਇਸੇ ਦੌਰਾਨ, ਖ਼ਬਰ ਆਈ ਕਿ ਬ੍ਰਿਗੇਡੀਅਰ ਫਕੀਰ ਸਿੰਘ ਦੀ ਅਗਵਾਈ ਵਿੱਚ ਇੱਕ ਬ੍ਰਿਗੇਡ ਘੇਰੀ ਹੋਈ ਫੌਜ ਨੂੰ ਛੁਡਾਉਣ ਲਈ ਸਕਰਦੂ ਆ ਰਹੀ ਹੈ।"

"ਇਸ ਦੇ ਲਈ ਦੋ ਪਲਾਟੂਨ ਕਾਰਗਿਲ-ਸਕਰਦੂ ਰੋਡ ਤੋਂ ਆ ਰਹੀਆਂ ਸਨ, ਜਿੱਥੇ ਭਾਰਤੀ ਸੈਨਿਕਾਂ ʼਤੇ ਘਾਤ ਲਗਾ ਕੇ ਗੋਲੀਬਾਰੀ ਕੀਤੀ।"

ਭਾਰਤੀ ਸੈਨਿਕਾਂ 'ਤੇ ਉੱਚਾਈ ਤੋਂ ਭਾਰੀ ਪੱਥਰ ਵੀ ਸੁੱਟੇ ਗਏ।

"ਬ੍ਰਿਗੇਡੀਅਰ ਫਕੀਰ ਸਿੰਘ ਅਤੇ ਉਨ੍ਹਾਂ ਦੇ ਸਲਾਹਕਾਰ ਘੱਟ ਰੋਸ਼ਨੀ ਕਾਰਨ ਕੁਝ ਸਿਪਾਹੀਆਂ ਨਾਲ ਭੱਜਣ ਵਿੱਚ ਕਾਮਯਾਬ ਹੋ ਗਏ, ਜਦਕਿ ਕਈ ਸਿੰਧ ਨਦੀ ਵਿੱਚ ਛਾਲ ਮਾਰ ਕੇ ਡੁੱਬ ਗਏ।"

ਸ਼ੇਰ ਜੰਗ ਥਾਪਾ

ਤਸਵੀਰ ਸਰੋਤ, DEBACLE IN BALTISTAN/BOOK

ਤਸਵੀਰ ਕੈਪਸ਼ਨ, ਸ਼ੇਰ ਜੰਗ ਥਾਪਾ 3 ਦਸੰਬਰ 1947 ਨੂੰ ਸਕਰਦੂ ਪਹੁੰਚੇ ਤਾਂ ਉਨ੍ਹਾਂ ਨੇ ਮਹਿਸੂਸ ਕੀਤਾ ਕਿ ਉਨ੍ਹਾਂ ਦੀ ਸਥਿਤੀ ਮਜ਼ਬੂਤ ਨਹੀਂ ਹੈ

ਜਦੋਂ ਸ਼ੇਰ ਜੰਗ ਥਾਪਾ ਨੇ ਹਥਿਆਰ ਸੁੱਟੇ

ਮਹਾਜਨ ਅਨੁਸਾਰ ਅਜਿਹੀ ਸਥਿਤੀ 'ਚ ਸਕਰਦੂ 'ਚ ਘਿਰੇ ਭਾਰਤੀ ਸੈਨਿਕਾਂ ਅਤੇ ਉਨ੍ਹਾਂ ਦੇ ਕਮਾਂਡਰ ਸ਼ੇਰ ਜੰਗ ਥਾਪਾ ਦਾ ਮਨੋਬਲ ਅਤੇ ਸਪਲਾਈ ਦੋਵੇਂ ਹੀ ਘੱਟ ਹੁੰਦੇ ਜਾ ਰਹੇ ਸਨ।

ਇਸ ਸਮੇਂ ਦੌਰਾਨ, ਭਾਰਤੀ ਹਵਾਈ ਸੈਨਾ ਨੇ ਕਿਲ੍ਹੇ ਨੂੰ ਕੁਝ ਹੱਦ ਤੱਕ ਰਸਦ ਪਹੁੰਚਾਈ।

ਇਸ ਦੌਰਾਨ ਮੇਜਰ ਅਹਿਸਾਨ ਨੇ ਕੁਝ ਲਸ਼ਕਰ ਸਕਰਦੂ ਤੋਂ ਅੱਗੇ ਕਾਰਗਿਲ ਅਤੇ ਜ਼ੋਜਿਲਾ ਵੱਲ ਭੇਜੇ ਅਤੇ ਮਈ 1948 ਵਿੱਚ ਆਈ ਬੈਕਸ ਫੋਰਸ ਦੇ ਜਵਾਨ ਐਸਕੀਮੋ ਫੋਰਸ ਰਾਹੀਂ ਕਾਰਗਿਲ ਅਤੇ ਦਰਾਸ 'ਤੇ ਕਬਜ਼ਾ ਕਰਨ ਵਿੱਚ ਸਫ਼ਲ ਹੋ ਗਏ।

ਬਾਅਦ ਵਿੱਚ ਭਾਰਤੀ ਫੌਜ ਵੱਲੋਂ ਕੀਤੀਆਂ ਗਈਆਂ ਕਾਰਵਾਈਆਂ ਤੋਂ ਬਾਅਦ ਉਨ੍ਹਾਂ ਨੂੰ ਪਿੱਛੇ ਹਟਣਾ ਪਿਆ।

ਇਸ ਸਮੇਂ ਦੌਰਾਨ ਚਿਤਰਾਲ ਸਕਾਊਟਸ ਅਤੇ ਚਿਤਰਾਲ ਬਾਡੀਗਾਰਡਜ਼ ਦੇ 300 ਸਿਪਾਹੀ ਸ਼ਹਿਜ਼ਾਦਾ ਮਤਾਉਲ ਮੁਲਕ ਅਤੇ ਮੇਜਰ ਬੁਰਹਾਨੁਦੀਨ ਦੀ ਅਗਵਾਈ ਵਿੱਚ ਸਕਰਦੂ ਪਹੁੰਚੇ, ਜਿੱਥੇ ਮਤਾਉਲ ਮੁਲਕ ਨੇ ਹਥਿਆਰ ਸੁੱਟਣ ਦਾ ਸੁਨੇਹਾ ਭੇਜਿਆ ਪਰ ਕੋਈ ਜਵਾਬ ਨਹੀਂ ਮਿਲਿਆ।

ਚੰਦਰ ਬੀ ਖੰਡੂਰੀ ਲਿਖਦੇ ਹਨ ਕਿ ਅਗਸਤ 1948 ਦੇ ਅੱਧ ਤੱਕ ਸਕਰਦੂ ਗੜ੍ਹੀ ਦਾ ਬੁਰਾ ਹਾਲ ਸੀ।

ਚੰਦਰ ਬੀ ਖੰਡੂਰੀ ਮੁਤਾਬਕ, "13 ਅਗਸਤ 1948 ਨੂੰ, ਸਕਰਦੂ ਵਿੱਚ ਮੌਜੂਦ ਕਸ਼ਮੀਰੀ ਅਤੇ ਭਾਰਤੀ ਫੌਜਾਂ ਨੇ ਛੋਟੇ ਸਮੂਹਾਂ ਵਿੱਚ ਕਿਲ੍ਹੇ ਨੂੰ ਛੱਡ ਦਿੱਤਾ।"

"14 ਅਗਸਤ 1948 ਨੂੰ ਪੰਜ ਮਹੀਨਿਆਂ ਦੀ ਲੰਬੀ ਘੇਰਾਬੰਦੀ ਤੋਂ ਬਾਅਦ ਲੈਫਟੀਨੈਂਟ ਕਰਨਲ ਥਾਪਾ, ਕੈਪਟਨ ਗੰਗਾ ਸਿੰਘ, ਕੈਪਟਨ ਪੀ ਸਿੰਘ ਅਤੇ ਲੈਫਟੀਨੈਂਟ ਅਜੀਤ ਸਿੰਘ ਨੇ ਢਾਈ ਸੌ ਸਿਪਾਹੀਆਂ ਸਮੇਤ ਆਤਮ ਸਮਰਪਣ ਕਰ ਦਿੱਤਾ।"

ਇਤਿਹਾਸਕਾਰ ਡਾ.ਅਹਿਮਦ ਹਸਨ ਦਾਨੀ ਅਨੁਸਾਰ ਆਖ਼ਰੀ ਜਿੱਤ ਚਿਤਰਾਲ ਦੇ ਸਿਪਾਹੀਆਂ ਦੀ ਮਦਦ ਨਾਲ ਹਾਸਿਲ ਹੋਈ, ਜਿਨ੍ਹਾਂ ਨੇ ਕਰਨਲ ਮਤਾਉਲ ਮੁਲਕ ਦੀ ਕਮਾਨ ਨੂੰ ਅੰਤਿਮ ਝਟਕਾ ਦਿੱਤਾ।

14 ਅਗਸਤ, 1948 ਨੂੰ ਰਾਤ ਦੇ ਇੱਕ ਵਜੇ ਪਾਕਿਸਤਾਨ ਦਾ ਝੰਡਾ ਪਹਾੜ ਦੀ ਚੋਟੀ 'ਤੇ ਸਥਿਤ ਇਤਿਹਾਸਕ ਕਿਲ੍ਹੇ ਖਾਰਪੋਚੋ 'ਤੇ ਲਹਿਰਾਇਆ ਗਿਆ ਅਤੇ ਸਕਰਦੂ ਦੱਖਣੀ ਬਾਲਟਿਸਤਾਨ ਦੇ ਨਾਲ ਪਾਕਿਸਤਾਨ ਪ੍ਰਸ਼ਾਸਿਤ ਉੱਤਰੀ ਖੇਤਰ ਦਾ ਹਿੱਸਾ ਬਣ ਗਿਆ।

ਮੇਜਰ ਅਹਿਸਾਨ ਅਲੀ ਨੂੰ ਪਾਕਿਸਤਾਨ ਸਰਕਾਰ ਦੁਆਰਾ ਸਿਤਾਰਾ-ਏ-ਜੁਰੱਤ ਨਾਲ ਸਨਮਾਨਿਤ ਕੀਤਾ ਗਿਆ ਸੀ ਜਦਕਿ ਲੈਫਟੀਨੈਂਟ ਕਰਨਲ ਸ਼ੇਰ ਜੰਗ ਥਾਪਾ ਨੂੰ ਬਾਅਦ ਵਿੱਚ ਭਾਰਤ ਵਿੱਚ ਮਹਾਵੀਰ ਚੱਕਰ ਪ੍ਰਾਪਤ ਹੋਇਆ ਸੀ।

ਜੰਗ ਖ਼ਤਮ ਹੋਣ ਤੋਂ ਬਾਅਦ, ਉਨ੍ਹਾਂ ਨੂੰ ਅਤੇ ਹੋਰ ਕੈਦੀਆਂ ਨੂੰ ਭਾਰਤ ਵਾਪਸ ਭੇਜ ਦਿੱਤਾ ਗਿਆ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)