ਭਾਰਤ ਕੈਨੇਡਾ ਤਣਾਅ: ਕੈਨੇਡਾ ਦੇ ਵੀਜ਼ਾ ਦੀ ਉਡੀਕ ’ਚ ਪੰਜਾਬੀ, ‘ਵੀਜ਼ਾ ਲੇਟ ਹੋਣ ਦਾ ਡਰ ਤਾਂ ਸੀ ਹੀ ਹੁਣ ਨਵੇਂ ਵਿਵਾਦ ਨੇ ਫ਼ਿਕਰ ਹੋਰ ਵਧਾਈ’

- ਲੇਖਕ, ਹਰਮਨਦੀਪ ਸਿੰਘ
- ਰੋਲ, ਬੀਬੀਸੀ ਪੱਤਰਕਾਰ
ਭਾਰਤ ਅਤੇ ਕੈਨੇਡਾ ਦੇ ਕੂਟਨੀਤਕ ਸੰਬੰਧਾਂ ਵਿੱਚ ਤਣਾਅ ਵਧਣ ਕਾਰਨ ਪੰਜਾਬ ਰਹਿੰਦੇ ਕੁਝ ਲੋਕਾਂ ਲਈ ਚਿੰਤਾ ਦਾ ਮਾਹੌਲ ਬਣ ਗਿਆ ਹੈ।
ਇਹ ਅਜਿਹੇ ਲੋਕ ਹਨ, ਜਿਨ੍ਹਾਂ ਦੇ ਪਰਿਵਾਰਕ ਮੈਂਬਰ ਅਤੇ ਰਿਸ਼ਤੇਦਾਰ ਕੈਨੇਡਾ ਵਿੱਚ ਰਹਿੰਦੇ ਹਨ ਅਤੇ ਉਹ ਉਨ੍ਹਾਂ ਨੂੰ ਮਿਲਣ ਜਾਣ ਲਈ ਵੀਜ਼ੇ ਦੀ ਉਡੀਕ ਕਰ ਰਹੇ ਹਨ।
ਉਨ੍ਹਾਂ ਨੂੰ ਚਿੰਤਾ ਇਸ ਗੱਲ ਦੀ ਹੈ ਕਿ ਕਿਤੇ ਇਸ ਤਲਖ਼ੀ ਦਾ ਅਸਰ ਉਨ੍ਹਾਂ ਦੀ ʻਵੀਜ਼ਾ ਅਰਜ਼ੀʼ ਉੱਤੇ ਨਾ ਪੈ ਜਾਵੇ।
ਇਹ ਜ਼ਿਕਰਯੋਗ ਹੈ ਕਿ ਮੌਜੂਦਾ ਤਣਾਅ ਦੇ ਦੌਰ ਵਿਚਾਲੇ ਨਾ ਤਾਂ ਕੈਨੇਡਾ ਨੇ ਤੇ ਨਾ ਹੀ ਭਾਰਤ ਵੱਲੋਂ ਵੀਜ਼ਾ ਦੇਣ ਦੀ ਪ੍ਰਕਿਰਿਆ ਵਿੱਚ ਕੋਈ ਬਦਲਾਅ ਦਾ ਐਲਾਨ ਕੀਤਾ ਗਿਆ ਹੈ।
ਹਾਲਾਂਕਿ, ਕੈਨੇਡਾ ਦੀ ਵੀਜ਼ਾ ਪ੍ਰਕਿਰਿਆ ਵਿੱਚ ਦੇਰੀ ਹਮੇਸ਼ਾ ਚਿੰਤਾ ਦਾ ਵਿਸ਼ਾ ਰਹੀ ਹੈ ਪਰ ਦੋਵਾਂ ਦੇਸ਼ਾਂ ਦੇ ਸਬੰਧਾਂ ਵਿੱਚ ਹਾਲ ਹੀ ਵਿੱਚ ਆਈ ਤਣਾਅ ਦੀ ਸਥਿਤੀ ਨੇ ਇਸ ਉਡੀਕ ਵਿੱਚ ਅਨਿਸ਼ਚਿਤਤਾ ਅਤੇ ਤਣਾਅ ਦੀ ਇੱਕ ਪਰਤ ਜੋੜ ਦਿੱਤੀ ਹੈ।
ਖ਼ਾਲਿਸਤਾਨ ਹਮਾਇਤੀ ਹਰਦੀਪ ਸਿੰਘ ਨਿੱਝਰ ਦੇ ਕਤਲ ਮਾਮਲੇ ਦੀ ਜਾਂਚ ਨੂੰ ਲੈ ਕੇ ਭਾਰਤ ਤੇ ਕੈਨੇਡਾ ਦਰਮਿਆਨ ਬੀਤੇ ਵਰ੍ਹੇ ਤੋਂ ਚਲ ਰਹੇ ਵਿਵਾਦ ਨੇ ਸੋਮਵਾਰ ਰਾਤ ਨੂੰ ਉਸ ਸਮੇਂ ਗੰਭੀਰ ਰੂਪ ਲੈ ਲਿਆ ਜਦੋਂ ਕੈਨੇਡਾ ਨੇ ਦਾਅਵਾ ਕੀਤਾ ਕਿ ਉਸ ਨੇ ਉੱਥੇ ਤੈਨਾਤ ਛੇ ਭਾਰਤੀ ਕੂਟਨੀਤਕਾਂ ਨੂੰ ਕੱਢਣ ਦਾ ਫ਼ੈਸਲਾ ਲਿਆ ਹੈ।
ਇਨ੍ਹਾਂ ਵਿੱਚ ਭਾਰਤੀ ਹਾਈ ਕਮਿਸ਼ਨਰ ਸੰਜੇ ਕੁਮਾਰ ਵਰਮਾ ਵੀ ਸ਼ਾਮਲ ਸਨ।
ਹਾਲਾਂਕਿ ਭਾਰਤ ਨੇ ਕੈਨੇਡਾ ਦੇ ਇਲਜ਼ਾਮਾਂ ਨੂੰ ਖ਼ਾਰਜ ਕਰਦਿਆਂ ਦਾਅਵਾ ਕੀਤਾ ਕਿ ਉਸ ਨੇ ਖ਼ੁਦ ਆਪਣੇ ਕੈਨੇਡੀਅਨ ਮਿਸ਼ਨ ਦੇ ਹਾਈ ਕਮਿਸ਼ਨਰ ਸੰਜੇ ਕੁਮਾਰ ਵਰਮਾ ਅਤੇ ਹੋਰ ਕੂਟਨੀਤਿਕਾਂ ਨੂੰ ਵਾਪਸ ਆਉਣ ਲਈ ਕਿਹਾ ਹੈ।
ਇਸ ਦੇ ਨਾਲ ਹੀ ਭਾਰਤ ਨੇ ਦਿੱਲੀ ਸਥਿਤ ਕੈਨੇਡਾ ਦੇ ਮਿਸ਼ਨ ਦੇ ਛੇ ਕੈਨੇਡੀਅਨ ਕੂਟਨੀਤਕਾਂ ਨੂੰ ਆਪਣੇ ਦੇਸ਼ ਜਾਣ ਲਈ ਕਿਹਾ ਹੈ।

ਭਰਾ ਮਿਲਣ ਲਈ ਵੀਜ਼ੇ ਦੀ ਉਡੀਕ
ਫ਼ਿਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਫੈਰੋਕੇ ਦੀ ਰਹਿਣ ਵਾਲੀ 38 ਸਾਲਾ ਸੁਖਵੀਰ ਕੌਰ ਨੇ ਦੱਸਿਆ ਕਿ ਉਨ੍ਹਾਂ ਦਾ ਭਰਾ ਪਿਛਲੇ ਪੰਜ ਸਾਲਾਂ ਤੋਂ ਕੈਨੇਡਾ ਦੇ ਸਰੀ ਸ਼ਹਿਰ ਵਿੱਚ ਰਹਿੰਦਾ ਹੈ।
ਉਨ੍ਹਾਂ ਨੇ ਦੱਸਿਆ, "ਆਪਣੇ ਭਰਾ ਨੂੰ ਮਿਲਣ ਵਾਸਤੇ ਜੁਲਾਈ ਮਹੀਨੇ ਵਿੱਚ ਵੀਜ਼ਾ ਅਪਲਾਈ ਕੀਤਾ ਸੀ। ਪਰ ਵੀਜ਼ਾ ਅੱਜ ਤੱਕ ਨਹੀਂ ਆਇਆ।"
ਸੁਖਵੀਰ ਦੇ 17 ਸਾਲਾ ਦੇ ਬੇਟੇ ਗੁਰਸ਼ਰਨਪ੍ਰੀਤ ਸਿੰਘ ਨੇ ਵੀ ਵੀਜ਼ੇ ਵਾਸਤੇ ਉਨ੍ਹਾਂ ਦੇ ਨਾਲ ਹੀ ਅਰਜ਼ੀ ਦਿੱਤੀ ਸੀ।
ਸੁਖਵੀਰ ਦਾ ਕਹਿਣਾ ਹੈ, “ਵੀਜ਼ਾ ਲੇਟ ਹੋਣ ਦਾ ਡਰ ਪਹਿਲਾਂ ਹੀ ਸੀ ਪਰ ਹੁਣ ਇਸ ਨਵੇਂ ਛਿੜੇ ਵਿਵਾਦ ਨੇ ਮੇਰੀ ਚਿੰਤਾ ਹੋਰ ਵਧਾ ਦਿੱਤੀ ਹੈ। ਵੀਜ਼ਾ ਜਾਰੀ ਕਰਨ ਲਈ ਕੈਨੇਡਾ ਪਹਿਲਾਂ ਨਾਲੋਂ ਹੁਣ ਵੱਧ ਸਮਾਂ ਲੈ ਰਿਹਾ ਹੈ। ਮੈਨੂੰ ਡਰ ਹੈ ਕਿ ਹੁਣ ਹੋਰ ਇੰਤਜ਼ਾਰ ਕਰਨਾ ਪੈ ਸਕਦਾ ਹੈ।”
ਉਨ੍ਹਾਂ ਅੱਗੇ ਕਿਹਾ, “ਇਸ ਚਿੰਤਾ ਕਾਰਨ ਮੈਂ ਆਪਣੇ ਟਰੈਵਲ ਏਜੰਟ ਨਾਲ ਵੀ ਸੰਪਰਕ ਕੀਤਾ ਸੀ ਪਰ ਉਨ੍ਹਾਂ ਵਿਸ਼ਵਾਸ ਦਿਵਾਇਆ ਕਿ ਭਾਰਤ-ਕੈਨੇਡਾ ਤਣਾਅ ਦਾ ਵੀਜ਼ਾ ਪ੍ਰਕਿਰਿਆ ਉੱਤੇ ਕੋਈ ਅਸਰ ਨਹੀਂ ਪਵੇਗਾ।”
ਦਰਅਸਲ, ਪਿਛਲੀ ਵਾਰ ਇਸ ਮੁੱਦੇ ਨੂੰ ਲੈ ਕੇ ਜਦੋਂ ਦੋਵਾਂ ਦੇਸ਼ਾਂ ਵਿਚਾਲੇ ਤਣਾਅ ਉਪਜਿਆ ਸੀ ਤਾਂ ਇਸ ਦਾ ਅਸਰ ਵੀਜ਼ਾ ਅਰਜ਼ੀਆਂ ʼਤੇ ਵੀ ਪਿਆ ਸੀ।
ਇਸ ਮਗਰੋਂ ਦੋਵਾਂ ਦੇਸਾਂ ਵਿਚਾਲੇ ਵੱਧਦੇ ਕੂਟਨੀਤਕ ਤਣਾਅ ਦੇ ਦੌਰਾਨ ਭਾਰਤ ਸਰਕਾਰ ਵੱਲੋਂ ਕੈਨੇਡੀਆਈ ਨਾਗਰਿਕਾਂ ਲਈ ਵੀਜ਼ਾ ਸੇਵਾਵਾਂ ਉੱਤੇ ਰੋਕ ਲਾਈ ਗਈ ਸੀ।
ਹਾਲਾਂਕਿ, ਬਾਅਦ ਵਿੱਚ ਇਹ ਰੋਕ ਹਟਾ ਦਿੱਤੀ ਗਈ ਸੀ ਅਤੇ ਹਾਲਾਤ ਆਮ ਵਾਂਗ ਹੋ ਗਏ ਸਨ।
ਪਰ ਹੁਣ ਫਿਰ ਉਪਜੇ ਤਣਾਅ ਵਿਚਾਲੇ ਪੰਜਾਬੀਆਂ ਵਿੱਚ ਚਿੰਤਾ ਦਾ ਮਾਹੌਲ ਭਖਿਆ ਹੋਇਆ ਹੈ।

ਭਾਣਜੇ ਨੂੰ ਮਿਲਣ ਦੀ ਉਡੀਕ ਲੰਬੀ ਹੋਣ ਦਾ ਡਰ
ਫ਼ਿਰੋਜ਼ਪੁਰ ਜ਼ਿਲ੍ਹੇ ਦੇ ਹੀ ਧੰਨਾ ਸ਼ਹੀਦ ਪਿੰਡ ਦੇ ਵਸਨੀਕ ਸਿਮਰਤਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਭੈਣ ਕਨੇਡਾ ਦੇ ਸਰੀ ਸ਼ਹਿਰ ਵਿੱਚ ਰਹਿੰਦੀ ਹੈ। ਪਿਛਲੇ ਸਾਲ ਉਨ੍ਹਾਂ ਦੀ ਭੈਣ ਦੇ ਘਰ ਮੁੰਡੇ ਨੇ ਜਨਮ ਲਿਆ ਸੀ ਅਤੇ ਉਨ੍ਹਾਂ ਨੇ ਪਹਿਲੀ ਵਾਰ ਮੁੰਡੇ ਨੂੰ ਦੇਖਣ ਲਈ ਕੈਨੇਡਾ ਜਾਣਾ ਹੈ।
ਉਹ ਕਹਿੰਦੇ ਹਨ, “ਮੈਂ ਪਿਛਲੇ ਤਿੰਨ ਮਹੀਨਿਆਂ ਤੋਂ ਵੀਜ਼ੇ ਦਾ ਇੰਤਜ਼ਾਰ ਕਰ ਰਿਹਾ ਹਾਂ। ਕੈਨੇਡਾ ਦਾ ਵੀਜ਼ਾ ਲੈਣਾ ਪਹਿਲਾਂ ਵਾਂਗ ਸੌਖਾ ਨਹੀਂ ਰਿਹਾ ਅਤੇ ਹੁਣ ਇਹ ਦੋਵਾਂ ਦੇਸ਼ਾਂ ਵਿਚਾਲੇ ਇਹ ਤਣਾਅ ਰਾਹ ਹੋਰ ਔਖਾ ਕਰ ਦੇਵੇਗਾ। ਸਿੱਧੇ ਜਾਂ ਅਸਿੱਧੇ ਰੂਪ ਵਿੱਚ ਇਸ ਦਾ ਵੀਜ਼ਾ ਪ੍ਰਕਿਰਿਆ ਉੱਤੇ ਪ੍ਰਭਾਵ ਜ਼ਰੂਰ ਪਵੇਗਾ।"
ਸਿਮਰਤਪਾਲ ਨੇ ਕਿਹਾ, “ਮੈਂ ਪਿਛਲੇ ਇੱਕ ਸਾਲ ਤੋਂ ਆਪਣੇ ਭਾਣਜੇ ਨੂੰ ਪਹਿਲੀ ਵਾਰ ਮਿਲਣ ਦਾ ਇੰਤਜ਼ਾਰ ਕਰ ਰਿਹਾ ਹਾਂ ਪਰ ਮੈਨੂੰ ਡਰ ਹੈ ਕਿ ਇਹ ਤਣਾਅਪੂਰਨ ਸਥਿਤੀ ਇਸ ਵਿੱਚ ਅੜਿੱਕਾ ਨਾ ਬਣ ਜਾਵੇ।"

ਫ਼ਿਰੋਜ਼ਪੁਰ ਦੇ ਜ਼ੀਰਾ ਤਹਿਸੀਲ ਦੇ ਪਿੰਡ ਸੋਢੀਵਾਲਾ ਦੀ ਰਹਿਣ ਵਾਲੀ ਅਮਰਜੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਦੀ ਬ੍ਰਿਟਿਸ਼ ਕੋਲੰਬੀਆ ਵਿੱਚ ਰਹਿੰਦੀ ਧੀ ਦੇ ਇਸ ਮਹੀਨੇ ਬੱਚਾ ਹੋਣ ਵਾਲਾ ਹੈ।
ਇਸ ਲਈ ਜੱਚਾ-ਬੱਚਾ ਦੀ ਦੇਖਭਾਲ ਅਤੇ ਉਨ੍ਹਾਂ ਨੂੰ ਮਿਲਣ ਵਾਸਤੇ ਅਕਤੂਬਰ ਤੱਕ ਕੈਨੇਡਾ ਪਹੁੰਚਣਾ ਸੀ। ਪਹਿਲਾਂ ਹੀ ਫਾਈਲ ਪ੍ਰੋਸੈਸਿੰਗ ਦਾ ਸਮਾਂ ਵੱਧ ਹੋਣ ਕਰਕੇ ਅਜੇ ਤੱਕ ਵੀਜ਼ਾ ਨਹੀਂ ਆਇਆ ਅਤੇ ਹੁਣ ਦੋਵਾਂ ਦੇਸ਼ਾਂ ਦੇ ਤਣਾਅ ਕਰ ਕੇ ਉਸ ਦੇ ਵੀਜ਼ਾ ਦੀ ਅਰਜ਼ੀ ਉੱਤੇ ਕੋਈ ਅਸਰ ਨਾ ਪੈ ਜਾਵੇ।
ਉਸ ਨੇ ਕਿਹਾ, “ਇਸ ਮਹੀਨੇ ਮੇਰਾ ਆਪਣੀ ਧੀ ਕੋਲ ਪਹੁੰਚਣਾ ਬਹੁਤ ਜ਼ਰੂਰੀ ਹੈ। ਮੈਨੂੰ ਡਰ ਹੈ ਕਿ ਇਸ ਨਵੇਂ ਵਿਵਾਦ ਕਰਕੇ ਮੇਰਾ ਵੀਜ਼ਾ ਲੇਟ ਨਾ ਹੋ ਜਾਵੇ।”
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












