ਜਲੰਧਰ ਦੇ ਇਸ ਸਕੂਲ 'ਚ ਹਨ 60 ਜੌੜੇ ਬੱਚੇ, ਜਾਣੋ ਹਮਸ਼ਕਲ ਬੱਚੇ ਕਿਵੇਂ ਪੈਦਾ ਹੁੰਦੇ ਹਨ

- ਲੇਖਕ, ਨਵਜੋਤ ਕੌਰ
- ਰੋਲ, ਬੀਬੀਸੀ ਪੱਤਰਕਾਰ
ਜਲੰਧਰ ਦਾ ਪੁਲਿਸ ਡੀਏਵੀ ਸਕੂਲ ਹਮਸ਼ਕਲ ਵਿਦਿਆਰਥੀਆਂ ਕਰ ਕੇ ਚਰਚਾ ਵਿੱਚ ਹੈ।
ਇਸ ਸਕੂਲ ਵਿੱਚ ਇੱਕ ਨਹੀਂ, ਦੋ ਨਹੀਂ, ਬਲਕਿ 60 ਦੇ ਕਰੀਬ ਜੌੜੇ ਬੱਚੇ ਹਨ, ਜਿਨ੍ਹਾਂ ਦੀ ਗਿਣਤੀ 120 ਬਣਦੀ ਹੈ ਅਤੇ ਇਸ ਤੋਂ ਇਲਾਵਾ ਦੋ ਟ੍ਰਿਪਲਟਸ ਹਨ ਯਾਨਿ ਇੱਕੋ ਵੇਲੇ ਪੈਦਾ ਹੋਏ ਤਿੰਨ ਜਣੇ, ਅਜਿਹੇ ਵਿਦਿਆਰਥੀਆਂ ਦੀ ਗਿਣਤੀ 6 ਹੈ।
ਇਹ ਸਕੂਲ, ਜਲੰਧਰ ਦੇ ਪੰਜਾਬ ਆਰਮਡ ਪੁਲਿਸ ਦੇ ਜਵਾਨਾਂ ਦੇ ਹੈੱਡ ਕੁਆਟਰ (ਪੀਏਪੀ) ਵਿੱਚ ਬਣਿਆ ਹੋਇਆ ਹੈ।
ਇੱਥੇ ਪੜ੍ਹਨ ਵਾਲੇ ਕਈ ਜੌੜਿਆਂ ਦੀ ਸ਼ਕਲ ਤਾਂ ਬਿਲਕੁਲ ਇੱਕ-ਦੂਜੇ ਵਰਗੀ ਹੈ ਕਿ ਕਈ ਵਾਰ ਟੀਚਰਾਂ ਨੂੰ ਫਰਕ ਕਰਨਾ ਔਖਾ ਹੋ ਜਾਂਦਾ ਹੈ।

ਪ੍ਰਿੰਸੀਪਲ ਡਾ. ਰਸ਼ਮੀ ਵਿੱਜ ਮੁਤਾਬਕ, ਇਸ ਸਮੇਂ ਸਕੂਲ ਵਿੱਚ ਪੜ੍ਹਦੇ 120 ਦੇ ਕਰੀਬ ਜੌੜੇ ਬੱਚਿਆਂ ਵਿੱਚੋਂ ਬਹੁਤ ਘੱਟ ਬੱਚੇ ਆਈਡੈਂਟੀਕਲ ਟਵਿੰਨ ਹਨ ਜਿਹੜੇ ਕਿ ਬਿਲਕੁਲ ਇੱਕੋ ਜਿਹੇ ਦਿਖਦੇ ਹਨ ਪਰ ਜ਼ਿਆਦਾਤਰ ਨਾਨ-ਇਡੈਂਟਿਕਲ ਟਵਿੰਨ ਹਨ, ਜਿਨ੍ਹਾਂ ਦੀਆਂ ਸ਼ਕਲਾਂ ਇੱਕ-ਦੂਜੇ ਨਾਲ ਬਹੁਤ ਘੱਟ ਮਿਲਦੀਆਂ ਹਨ।
ਬਾਹਰਵੀਂ ਜਮਾਤ ਵਿੱਚ ਪੜ੍ਹਦੇ ਹਰਜਾਪ ਸਿੰਘ ਅਤੇ ਗੁਰਜਾਪ ਸਿੰਘ ਆਈਡੈਂਟੀਕਲ ਟਵਿੰਨ ਹਨ, ਜਿਨ੍ਹਾਂ ਦੀਆਂ ਸ਼ਕਲਾਂ ਇੱਕ-ਦੂਜੇ ਨਾਲ ਹੂ-ਬ-ਹੂ ਮਿਲਦੀਆਂ ਹਨ।
ਹਰਜਾਪ ਕਹਿੰਦਾ ਹਨ, "ਪਹਿਲੇ ਦਿਨ ਤਾਂ ਸਾਡੇ ਅਧਿਆਪਕ ਸਾਨੂੰ ਦੇਖ ਕੇ ਬਹੁਤ ਹੈਰਾਨ ਹੋਏ। ਇੱਕ ਵਾਰ ਸਾਡੇ ਵਿੱਚੋਂ ਇੱਕ ਨੇ ਕਲਾਸ ਛੱਡੀ ਤਾਂ ਦੂਜੇ ਦੇ ਝਿੜਕਾਂ ਪੈ ਗਈਆਂ। ਪਹਿਲਾਂ ਪਹਿਲਾਂ ਅਜਿਹਾ ਬਹੁਤ ਹੋਇਆ ਪਰ ਹੁਣ ਅਧਿਆਪਕ ਸਮਝ ਗਏ ਹਨ।"
ਇਸੇ ਸਕੂਲ ਵਿੱਚ ਪੜ੍ਹਨ ਵਾਲੀਆਂ ਧਰਿਤੀ ਅਤੇ ਦਿਵਿਜਾ ਦਾ ਕਹਿਣਾ ਹੈ ਕਿ ਉਹ ਇੱਕੇ ਸੈਕਸ਼ਨ ਵਿੱਚ ਹਨ ਅਤੇ ਕਈ ਵਾਰ ਇੰਝ ਹੁੰਦਾ ਹੈ ਕਿ ਟੀਚਰ ਨੂੰ ਪਤਾ ਹੀ ਨਹੀਂ ਲੱਗਦਾ ਕਿ ਸਵਾਲ ਕੌਣ ਪੁੱਛ ਕੇ ਗਿਆ।
ਧਰਿਤੀ ਕਹਿੰਦੀ ਹੈ, "ਜੇ ਮੈਂ ਕੋਈ ਸਵਾਲ ਪੁੱਛ ਕੇ ਆਵਾਂ ਤਾਂ ਫਿਰ ਦਿਵਿਜਾ ਜਾਵੇ ਤਾਂ ਟੀਚਰ ਕਹਿੰਦੇ ਹਨ ਕਿ ਹੁਣੇ ਤਾਂ ਪੁੱਛ ਕੇ ਗਏ ਹੋ।"
ਉੱਥੇ ਹੀ ਦਿਵਿਜਾ ਕਹਿੰਦੀ ਹੈ, "ਟੀਚਰ ਤਾਂ ਕਈ ਵਾਰ ਸਾਨੂੰ ਇੱਕ-ਦੂਜੇ ਦੇ ਨਾਮ ਨਾਲ ਸੱਦ ਲੈਂਦੇ ਹਨ। ਉਨ੍ਹਾਂ ਨੂੰ ਪਤਾ ਹੀ ਨਹੀਂ ਲੱਗਦਾ।"

ਹਮਸ਼ਕਲਾਂ ਦੀ ਉਲਝਣ ਨੂੰ ਇੰਝ ਸੁਲਝਾਇਆ
ਹਾਲਾਂਕਿ, ਸਕੂਲ ਦੇ ਪ੍ਰਿੰਸੀਪਲ ਨੇ ਜ਼ਿਆਦਾਤਰ ਬੱਚਿਆਂ ਨੂੰ ਵੱਖ-ਵੱਖ ਸੈਕਸ਼ਨਾਂ ਵਿੱਚ ਰੱਖਿਆ ਹੈ ਅਤੇ ਇਸ ਲਈ ਉਹ ਇੱਕ ਵਾਜਿਬ ਕਾਰਨ ਵੀ ਦਿੰਦੇ ਹਨ।
ਪ੍ਰਿੰਸੀਪਲ ਡਾਕਟਰ ਰਸ਼ਮੀ ਵਿੱਜ ਕਹਿੰਦੇ ਹਨ, "ਸਾਡੇ ਕੋਲ ਬਹੁਤ ਸਾਰੇ ਅਜਿਹੇ ਮਾਪੇ ਆਉਂਦੇ ਹਨ, ਜਿਹੜੇ ਚਾਹੁੰਦੇ ਹਨ ਕਿ ਉਨ੍ਹਾਂ ਦੇ ਬੱਚਿਆਂ ਨੂੰ ਇੱਕੋ ਸੈਕਸ਼ਨ ਵਿੱਚ ਰੱਖਿਆ ਜਾਵੇ। ਪਰ ਮੈਂ ਉਨ੍ਹਾਂ ਨੂੰ ਸਾਫ਼ ਮਨਾ ਕਰ ਦਿੰਦੀ ਹਾਂ ਕਿ ਅਜਿਹਾ ਨਹੀਂ ਹੋਵੇਗਾ।”
“99 ਫ਼ੀਸਦ ਜੌੜੇ ਬੱਚੇ ਵੱਖੋ-ਵੱਖਰੇ ਸੈਕਸ਼ਨ ਵਿੱਚ ਰੱਖੇ ਗਏ ਹਨ, ਸਿਰਫ ਇਸ ਲਈ ਕਿ ਉਨ੍ਹਾਂ ਦਾ ਮਾਨਸਿਕ ਅਤੇ ਸਰੀਰਕ ਵਿਕਾਸ ਵੱਖੋ-ਵੱਖਰਾ ਹੋਵੇ।"
“ਘਰ ਵਿੱਚ ਵੀ ਉਹ ਆਪਣੇ ਭੈਣ ਭਰਾਵਾਂ ਨਾਲ ਹੀ ਰਹਿੰਦੇ ਹਨ। ਇਸ ਲਈ ਜ਼ਰੂਰੀ ਹੈ ਕਿ ਸਕੂਲ ਵਿੱਚ ਉਹ ਹੋਰ ਬੱਚਿਆਂ ਨੂੰ ਆਪਣੇ ਦੋਸਤ ਬਣਾਉਣ ਤਾਂ ਜੋ ਉਨ੍ਹਾਂ ਦਾ ਆਪਣਾ ਵਿਅਕਤੀਗਤ ਵਿਕਾਸ ਹੋ ਸਕੇ।"

ਪ੍ਰਿੰਸੀਪਲ ਡਾਕਟਰ ਰਸ਼ਮੀ ਵਿੱਜ ਕਹਿੰਦੇ ਹਨ, "ਕਦੇ ਵੀ ਅਜਿਹਾ ਨਹੀਂ ਰਿਹਾ ਕਿ ਅਸੀਂ ਜੌੜੇ ਬੱਚਿਆਂ ਨੂੰ ਕੋਈ ਖ਼ਾਸ ਸਹੂਲਤਾਂ ਦਿੱਤੀਆਂ ਹੋਣ ਜਾਂ ਕਿਹਾ ਹੋਵੇ ਕਿ ਸਾਡੇ ਸਕੂਲ ਵਿੱਚ ਜੌੜੇ ਬੱਚੇ ਦਾਖ਼ਲਾ ਲੈਣ।"
ਉਹ ਅੱਗੇ ਕਹਿੰਦੇ ਹਨ, "ਸਾਡੇ ਲਈ ਵੀ ਇਹ ਵੱਡਾ ਸਰਪ੍ਰਾਈਜ਼ ਸੀ। ਫ਼ੀਸ ਵੀ ਉਨ੍ਹਾਂ ਦੀ ਬਾਕੀ ਬੱਚਿਆਂ ਵਾਂਗ ਇੱਕੋ ਹੀ ਹੈ। ਹਾਂ, ਟ੍ਰਿਪਲੇਟ ਕੇਸ ਵਿੱਚ ਹੋ ਜਾਂਦਾ ਕਿ ਇੱਕ ਬੱਚੇ ਦੀ ਫੀਸ ਥੋੜ੍ਹੀ ਘੱਟ ਕਰ ਦਿੱਤੀ ਜਾਵੇ ਕਿਉਂਕਿ ਤਿੰਨ ਬੱਚਿਆਂ ਨੂੰ ਇੱਕੋ ਸਮੇਂ ਪੜ੍ਹਾਉਣਾ ਮਾਪਿਆਂ ਲਈ ਵੀ ਔਖਾ ਹੁੰਦਾ ਹੈ।"
ਬੱਚਿਆਂ ਨੂੰ ਅੰਗਰੇਜ਼ੀ ਪੜ੍ਹਾਉਂਦੇ ਅਧਿਆਪਕ ਸਿਲਕੀ ਕੌਰ ਕਹਿੰਦੇ ਹਨ, "ਮੇਰੇ ਕੋਲ ਇਸ ਵਾਰ ਪਹਿਲੀ ਵਾਰ ਜੌੜੇ ਬੱਚੇ ਆਏ ਹਨ। ਜੌੜੇ ਬੱਚਿਆਂ ਨੂੰ ਪੜ੍ਹਾਉਣ ਵਿੱਚ ਇੱਕ ਵੱਖਰਾ ਮਜ਼ਾ ਹੈ। ਇਹ ਪੜ੍ਹਾਈ ਦੇ ਨਾਲ-ਨਾਲ ਆਪਣੀ ਛੋਟੀ-ਛੋਟੀ ਨੋਕਝੋਕ ਵੀ ਮੇਰੇ ਨਾਲ ਸਾਂਝੀ ਕਰਦੇ ਹਨ।”
"ਕਈ ਵਾਰ ਤਾਂ ਉਹ ਮਾਪਿਆਂ ਦੀਆਂ ਸ਼ਿਕਇਤਾਂ ਸਾਡੇ ਨਾਲ ਸਾਂਝੀਆਂ ਕਰ ਜਾਂਦੇ ਹਨ।"
“ਮੈਂ ਜਿਹੜੇ ਜੌੜੇ ਬੱਚਿਆਂ ਨੂੰ ਪੜ੍ਹਾ ਰਹੀ ਹਾਂ ਉਨ੍ਹਾਂ ਦੀ ਕਾਬਲੀਅਤ ਅਲੱਗ-ਅਲੱਗ ਹੈ, ਕੋਈ ਪੜ੍ਹਨ ਵਿੱਚ ਤੇਜ਼ ਹੈ ਤੇ ਕੋਈ ਖੇਡਾਂ ਵਿੱਚ।"

ਜੌੜੇ ਬੱਚਿਆਂ ਦੇ ਆਪਣੇ ਨਫ਼ੇ-ਨੁਕਸਾਨ
ਦਿਲਰਾਜ ਅਤੇ ਸੁਖਰਾਜ ਦੋਵੇਂ ਜੌੜੀਆਂ ਭੈਣਾਂ ਹਨ ਅਤੇ ਇਸੇ ਸਕੂਲ ਵਿੱਚ ਹੀ ਪੜ੍ਹਦੀਆਂ ਹਨ।
ਦਿਲਰਾਜ ਦਾ ਕਹਿਣਾ ਹੈ, "ਮੈਨੂੰ ਮੇਰੀ ਜੌੜੀ ਭੈਣ ਹੋਣ ਕਾਰਨ ਲੱਗਦਾ ਹੈ ਕਿ ਉਹ ਹਰ ਵੇਲੇ ਮੇਰੇ ਨਾਲ, ਮੇਰੇ ਹੱਕ ਵਿੱਚ ਰਹੇਗੀ। ਭਰੋਸਾ ਟੁੱਟਣ ਦਾ ਵੀ ਕੋਈ ਡਰ ਨਹੀਂ ਹੈ। ਅਸੀਂ ਸਾਰੀ ਜਗ੍ਹਾ ਇਕੱਠੀਆਂ ਜਾਂਦੀਆਂ ਹਾਂ ਪਰ ਪਹਿਰਾਵੇ ਵੱਖ-ਵੱਖ ਹੁੰਦੇ ਹਨ।
ਉੱਥੇ ਹੀ ਗੁਰਜਾਪ ਦੱਸਦੇ ਹਨ, "ਕਈ ਵਾਰ ਮੰਮੀ ਨੂੰ ਵੀ ਪਤਾ ਨਹੀਂ ਲੱਗਦਾ ਸੀ ਕਿ ਕਿੰਨੇ ਰੋਟੀ ਖਾ ਲਈ ਤੇ ਕੌਣ ਭੁੱਖਾ ਰਹਿ ਗਿਆ। ਕਈ ਵਾਰ ਤਾਂ ਮੰਮੀ ਨੂੰ ਦੋ-ਦੋ ਵਾਰ ਦੁੱਧ ਦੇ ਦਿੰਦੀ ਸੀ ਤੇ ਦੂਜਾ ਭੁੱਖਾ ਰਹਿ ਜਾਂਦਾ ਸੀ।"
ਉਹ ਅੱਗੇ ਹੱਸਦੇ ਹੋਏ ਦੱਸਦੇ ਹਨ, "ਇੱਕ ਵਾਰ ਤਾਂ ਮੇਰੀ ਫੋਟੋ ਹਰਜਾਪ ਦੇ ਅਧਾਰ ਕਾਰਡ ਉੱਤੇ ਲੱਗ ਗਈ ਸੀ, ਉਹ ਵੀ ਉਲਝ ਗਏ।"
ਨੁਕਸਾਨ ਬਾਰੇ ਬੋਲਦੇ ਦੋਵੇਂ ਭਰਾ ਹੱਸ ਕੇ ਦੱਸ ਦੇ ਹਨ ਕਿ ਉਨ੍ਹਾਂ ਦੇ ਫੋਨਾਂ ਦੇ ਲੌਕ ਵੀ ਇੱਕ-ਦੂਜੇ ਫੇਸ ਨਾਲ ਖੁੱਲ੍ਹ ਜਾਂਦੇ ਹਨ ਅਤੇ ਕੋਈ ਪ੍ਰਾਈਵੇਸੀ ਨਹੀਂ ਰਹਿ ਜਾਂਦੀ। ਭਾਵੇਂ ਫਿੰਗਰ ਪ੍ਰਿੰਟ ਲੌਕ ਹੋਣ ਜਾਂ ਫੇਸ ਲੌਕ ਹੋਵੇ।

ਆਈਡੈਂਟੀਕਲ ਟਵਿੰਨ ਅਤੇ ਨਾਨ ਆਈਡੈਂਟੀਕਲ ਟਵਿੰਨ ਕਿਵੇਂ ਹੁੰਦੇ
ਆਈਵੀਐੱਫ ਅਤੇ ਇੰਫਰਟੀਲਿਟੀ ਮਾਹਰ ਡਾ. ਪੈਰੀ ਪਰਖੀਆ ਕਹਿੰਦੇ ਹਨ, "ਆਈਡੈਂਟੀਕਲ ਟਵਿੰਨ ਉਹ ਹੁੰਦੇ ਹਨ ਜਿਨ੍ਹਾਂ ਦਾ ਜਨਮ ਇੱਕ ਸ਼ੁਕ੍ਰਾਣੂ ਅਤੇ ਅੰਡਾਣੂ ਰਾਹੀਂ ਭਰੂਣ ਬਣਨ ਨਾਲ ਹੁੰਦਾ ਹੈ।"
"ਇਹ ਫੇਰ ਅੱਗੇ ਦੋ ਭਰੂਣਾਂ ਵਿੱਚ ਵੰਡਿਆ ਜਾਂਦਾ ਹੈ। ਆਈਡੈਂਟੀਕਲ ਟਵਿੰਨ ਤਕਰੀਬਨ ਹਮੇਸ਼ਾ ਇੱਕੋ ਲਿੰਗ ਦੇ ਹੁੰਦੇ ਹਨ ਜਾਂ ਤਾਂ ਦੋਵੇਂ ਕੁੜੀਆਂ ਹੀ ਹੋਣਗੀਆਂ ਜਾਂ ਦੋਵੇਂ ਮੁੰਡੇ। ਉਨ੍ਹਾਂ ਦੀਆਂ ਸ਼ਕਲਾਂ ਵੀ ਇੱਕੋ-ਜਿਹੀਆਂ ਹੀ ਹੁੰਦੀਆਂ ਹਨ।"
ਉਹ ਅੱਗੇ ਦੱਸਦੇ ਹਨ, "ਨਾਨ ਇਡੈਂਟਿਕਲ ਟਵਿੰਨ ਉਹ ਜੌੜੇ ਹੁੰਦੇ ਹਨ ਜੋ ਇੱਕੋ ਗਰਭ ਦੌਰਾਨ ਦੋ ਵੱਖ-ਵੱਖ ਸ਼ੁਕ੍ਰਾਣੂਆਂ ਤੋਂ ਵੱਖ-ਵੱਖ ਅੰਡਾਣੂਆਂ ਤੋਂ ਅਲੱਗ-ਅਲੱਗ ਭਰੂਣ ਬਣ ਜਾਂਦਾ ਹੈ। ਇਸ ਕੇਸ ਵਿੱਚ ਬੱਚਿਆਂ ਦੀ ਸ਼ਕਲ ਇੱਕੋ ਜਹੀ ਹੋਣਾ ਲਗਭਗ ਬਹੁਤ ਘੱਟ ਸੰਭਵ ਹੈ।"
ਕਾਰਨ ਭਾਵੇਂ ਕੋਈ ਵੀ ਹੋਵੇ ਸਕੂਲ ਦੇ ਪ੍ਰਿੰਸੀਪਲ ਡਾ. ਵਿੱਜ ਕਹਿੰਦੇ ਹਨ ਕਿ ਕੁਦਰਤ ਦੇ ਕਈ ਕ੍ਰਿਸ਼ਮੇ ਹੁੰਦੇ ਹਨ ਅਤੇ ਇਨ੍ਹਾਂ ਹੀ ਕ੍ਰਿਸ਼ਮਿਆਂ ਵਿੱਚ ਇੱਕ ਕ੍ਰਿਸ਼ਮਾ ਜੌੜੇ ਬੱਚਿਆਂ ਦਾ ਹੋਣਾ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ













