ਨਵੇਂ ਅਧਿਐਨ ਨੇ ਨਵਜੰਮੇ ਬੱਚਿਆਂ ਦੀਆਂ ਅੰਤੜੀਆਂ ਦੇ ਕਿਹੜੇ ਭੇਦ ਖੋਲ੍ਹੇ ਹਨ

ਤਸਵੀਰ ਸਰੋਤ, Getty Images
- ਲੇਖਕ, ਸਮਿਤਾ ਮੁੰਡਾਸਾਦ
- ਰੋਲ, ਸਿਹਤ ਪੱਤਰਕਾਰ
ਬਰਤਾਨਵੀ ਵਿਗਿਆਨੀਆਂ ਨੇ ਬੱਚਿਆਂ ਦੇ ਮਲ ਦੇ ਦੋ ਹਜ਼ਾਰ ਤੋਂ ਵੱਧ ਨਮੂਨੇ ਇਕੱਠੇ ਕੀਤੇ ਅਤੇ ਉਨ੍ਹਾਂ ਦਾ ਅਧਿਐਨ ਕੀਤਾ।
ਉਨ੍ਹਾਂ ਨੇ ਇਨ੍ਹਾਂ ਨਮੂਨਿਆਂ ਦੇ ਰਾਹੀਂ ਇਹ ਸਮਝਣ ਦੀ ਕੋਸ਼ਿਸ਼ ਕੀਤੀ ਕਿ ਆਖਿਰ ਕਿਸ ਪ੍ਰਕਾਰ ਦੇ ਬੈਕਟੀਰੀਆ ਨਵਜੰਮੇ ਬੱਚੇ ਦੀਆਂ ਅੰਤੜੀਆਂ ’ਚ ਸਭ ਤੋਂ ਪਹਿਲਾਂ ਵਧਦੇ ਹਨ।
ਖੋਜਕਰਤਾਵਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਹ ਜਾਣ ਕੇ ਹੈਰਾਨੀ ਹੋਈ ਕਿ ਬੱਚਿਆਂ ਦਾ ਮਲ ਤਿੰਨ ਵੱਖ-ਵੱਖ ਮਾਈਕਰੋਬਾਇਓਲੋਜੀਕਲ ਆਧਾਰ ’ਤੇ ਤਿੰਨ ਵਰਗਾਂ ’ਚ ਵੰਡਿਆਂ ਜਾਂਦਾ ਹੈ।
ਇਨ੍ਹਾਂ ਵਰਗਾਂ ’ਚ ਵੱਖ-ਵੱਖ ‘ਪਾਇਨੀਅਰ ਬੈਕਟੀਰੀਆ’ ਵੱਡੀ ਮਾਤਰਾ ’ਚ ਪਾਏ ਜਾਂਦੇ ਹਨ।
ਪਾਇਨੀਅਰ ਬੈਕਟੀਰੀਆ ਉਹ ਹੁੰਦਾ ਹੈ, ਜੋ ਕਿਸੇ ਵੀ ਨਵੇਂ ਵਾਤਾਵਰਨ ’ਚ ਸਭ ਤੋਂ ਪਹਿਲਾ ਵਸ ਸਕਦੇ ਹਨ ਅਤੇ ਵਧ ਸਕਦੇ ਹਨ।

1288 ਬੱਚਿਆਂ ਦੇ ਮਲ ਦੇ ਨਮੂਨਿਆਂ ਦਾ ਅਧਿਐਨ
ਸ਼ੁਰੂਆਤੀ ਖੋਜ ’ਚ ਪਤਾ ਚੱਲਿਆ ਹੈ ਕਿ ਇਨ੍ਹਾਂ ’ਚੋਂ ਇੱਕ ਵਿਸ਼ੇਸ਼ ਬੈਕਟੀਰੀਆ ਹੈ, ਜਿਸ ਨੂੰ ਬੀ. ਬਰੇਵ (ਬਿਫਿਡੋਬੈਕਟੀਰੀਅਮ ਬ੍ਰੇਵ) ਕਹਿੰਦੇ ਹਨ।
ਇਹ ਬੱਚਿਆਂ ਨੂੰ ਦੁੱਧ ਵਿੱਚ ਮੌਜੂਦ ਪੌਸ਼ਟਿਕ ਤੱਤਾਂ ਨੂੰ ਹਜ਼ਮ ਕਰਨ ਅਤੇ ਛਾਤੀ ਦਾ ਦੁੱਧ ਚੁੰਘਾਉਣ ਦੌਰਾਨ ਕੀਟਾਣੂਆਂ ਤੋਂ ਬਚਾਉਣ ਵਿੱਚ ਮਦਦ ਕਰ ਸਕਦਾ ਹੈ।
ਨੇਚਰ ਮਾਈਕਰੋਬਾਇਓਲੋਜੀ ’ਚ ਪ੍ਰਕਾਸ਼ਿਤ ਇੱਕ ਸ਼ੁਰੂਆਤੀ ਰਿਪੋਰਟ ਦਰਸਾਉਂਦੀ ਹੈ ਕਿ ਇਸ ਬੈਕਟੀਰੀਆ ਦਾ ਦੂਜਾ ਪ੍ਰਕਾਰ ਹਾਨੀਕਾਰਕ ਹੋ ਸਕਦਾ ਹੈ ਅਤੇ ਇਸ ਨਾਲ ਬੱਚਿਆਂ ’ਚ ਇਨਫੈਕਸ਼ਨ ਦਾ ਖਤਰਾ ਵੱਧ ਜਾਂਦਾ ਹੈ।
ਇਸ ਗੱਲ ਦੇ ਕਈ ਸਬੂਤ ਮਿਲੇ ਹਨ ਕਿ ਕਿਸੇ ਇਨਸਾਨ ਦੇ ਮਾਈਕ੍ਰੋਬਾਇਓਮ, ਯਾਨੀ ਉਸਦੀ ਅੰਤੜੀ ਵਿੱਚ ਰਹਿਣ ਵਾਲੇ ਲੱਖਾਂ ਵੱਖ-ਵੱਖ ਸੂਖਮ ਜੀਵ, ਉਸ ਵਿਅਕਤੀ ਦੀ ਸਿਹਤ ’ਤੇ ਬਹੁਤ ਪ੍ਰਭਾਵ ਪਾਉਂਦੇ ਹਨ।
ਪਰ ਬੱਚਿਆਂ ਦੇ ਮਾਈਕ੍ਰੋਬਾਇਓਮ ਦੀ ਬਣਾਵਟ ’ਤੇ ਬਹੁਤ ਘੱਟ ਕੰਮ ਹੋਇਆ ਹੈ ਕਿਉਂਕਿ ਇਹ ਜੀਵਨ ਦੇ ਸ਼ੁਰੂਆਤੀ ਦਿਨਾਂ ’ਚ ਵਿਕਸਿਤ ਹੁੰਦੇ ਹਨ।
ਵੈਲਕਮ ਸੇਂਗਰ ਇੰਸਟੀਚਿਊਟ, ਯੂਨੀਵਰਸਿਟੀ ਕਾਲਜ ਲੰਡਨ ਅਤੇ ਬਰਮਿੰਘਮ ਯੂਨੀਵਰਸਿਟੀ ਦੇ ਵਿਗਿਆਨੀਆਂ ਨੇ 1,288 ਸਿਹਤਮੰਦ ਬੱਚਿਆਂ ਦੇ ਮਲ ਦੇ ਨਮੂਨਿਆਂ ਦੀ ਜਾਂਚ ਕੀਤੀ ਹੈ।

ਤਸਵੀਰ ਸਰੋਤ, Wellcome Sanger Institute
ਇਹ ਸਾਰੇ ਬੱਚੇ ਬ੍ਰਿਟੇਨ ਦੇ ਹਸਪਤਾਲਾਂ ’ਚ ਪੈਦਾ ਹੋਏ ਸਨ ਅਤੇ ਉਨ੍ਹਾਂ ਦੀ ਉਮਰ ਇੱਕ ਮਹੀਨੇ ਤੋਂ ਘੱਟ ਸੀ।
ਇਨ੍ਹਾਂ ਵਿਗਿਆਨੀਆਂ ਨੇ ਪਾਇਆ ਕਿ ਜ਼ਿਆਦਾਤਰ ਨਮੂਨੇ ਤਿੰਨ ਵਿਆਪਕ ਸਮੂਹਾਂ ’ਚ ਆਉਂਦੇ ਹਨ, ਜਿਨ੍ਹਾਂ ’ਚ ਵੱਖ-ਵੱਖ ਬੈਕਟੀਰੀਆ ਪ੍ਰਮੁੱਖ ਹਨ।
ਬੀ. ਬ੍ਰੇਵ ਅਤੇ ਬੀ. ਲੌਂਗਮ ਬੈਕਟੀਰੀਆ ਸਮੂਹ ਲਾਭਕਾਰੀ ਮੰਨੇ ਜਾਂਦੇ ਹਨ।
ਉਨ੍ਹਾਂ ਦੇ ਜੈਨੇਟਿਕ ਪ੍ਰੋਫਾਇਲ ਤੋਂ ਪਤਾ ਚਲਦਾ ਹੈ ਕਿ ਉਹ ਬੱਚਿਆਂ ਨੂੰ ਮਾਂ ਦੇ ਦੁੱਧ ’ਚ ਮੌਜੂਦ ਪੌਸ਼ਟਿਕ ਤੱਤਾਂ ਦਾ ਇਸਤੇਮਾਲ ਕਰਨ ਵਿੱਚ ਉਨ੍ਹਾਂ ਦੀ ਮਦਦ ਕਰ ਸਕਦੇ ਹਨ।
ਜਦੋਂਕਿ ਸ਼ੁਰੂਆਤੀ ਟੈਸਟਾਂ ਤੋਂ ਪਤਾ ਚਲਦਾ ਹੈ ਕਿ ਈ.ਫੇਕੇਲਿਸ ਤੋਂ ਕਦੇ-ਕਦੇ ਬੱਚਿਆਂ ਨੂੰ ਇਨਫੈਕਸ਼ਨ ਹੋਣ ਦਾ ਡਰ ਵੀ ਹੋ ਸਕਦਾ ਹੈ।
ਕਈ ਕਾਰਕ ਕਰਦੇ ਹਨ ਕੰਮ
ਵਿਗਿਆਨੀਆਂ ਨੇ ਜਿਨ੍ਹਾਂ ਬੱਚਿਆਂ ਨੂੰ ਸਟੱਡੀ ਵਿੱਚ ਸ਼ਾਮਲ ਕੀਤਾ ਸੀ, ਉਨ੍ਹਾਂ ਨੂੰ ਪੈਦਾ ਹੋਣ ਦੇ ਸ਼ੁਰੂਆਤੀ ਦਿਨਾਂ ’ਚ ਕੁਝ ਹਫ਼ਤਿਆਂ ਤੱਕ ਦੁੱਧ ਚੁੰਘਾਇਆ ਗਿਆ ਸੀ।
ਪਰ ਖੋਜਕਰਤਾਵਾਂ ਦਾ ਇਹ ਵੀ ਕਹਿਣਾ ਹੈ ਕਿ ਬੱਚੇ ਨੂੰ ਮਾਂ ਦਾ ਦੁੱਧ ਪਿਲਾਉਣ ਜਾਂ ਫਾਰਮੂਲਾ ਦੁੱਧ ਦੇਣ ਨਾਲ ਉਸ ਦੀ ਅੰਤੜੀ ਵਿੱਚ ਰਹਿਣ ਵਾਲੇ ਪਾਇਨੀਅਰ ਬੈਕਟੀਰੀਆ ’ਤੇ ਕੋਈ ਅਸਰ ਨਹੀਂ ਹੁੰਦਾ।
ਇਸ ਦੌਰਾਨ ਇਹ ਵੀ ਦੇਖਿਆ ਗਿਆ ਕਿ ਜਿਨ੍ਹਾਂ ਮਾਵਾਂ ਨੂੰ ਡਿਲਵਰੀ ਦੇ ਦੌਰਾਨ ਐਂਟੀਬਾਇਓਟਿਕ ਦਿੱਤਾ ਗਿਆ ਸੀ, ਉਨ੍ਹਾਂ ਦੇ ਬੱਚਿਆਂ ’ਚ ਈ.ਫੇਕੇਲਿਸ (ਐਂਟਰੋਕੋਕਸ ਫੇਕੇਲਿਸ) ਹੋਣ ਦੀ ਸੰਭਾਵਨਾ ਜ਼ਿਆਦਾ ਸੀ।
ਇਹ ਹਾਲੇ ਤੱਕ ਸਪੱਸ਼ਟ ਨਹੀਂ ਹੋ ਸਕਿਆ ਕਿ ਇਸ ਦਾ ਸਿਹਤ ’ਤੇ ਕੋਈ ਲੰਮੇ ਸਮੇਂ ਲਈ ਪ੍ਰਭਾਵ ਪੈਂਦਾ ਹੈ ਜਾਂ ਨਹੀਂ।
ਦੂਜੇ ਕਾਰਕ, ਜਿਵੇਂ ਕਿ ਮਾਂ ਦੀ ਉਮਰ, ਨਸਲ ਅਤੇ ਮਾਂ ਨੇ ਕਿੰਨੀ ਵਾਰ ਬੱਚਿਆਂ ਨੂੰ ਜਨਮ ਦਿੱਤਾ ਹੈ, ਇਹ ਸਾਰੇ ਵੀ ਮਾਈਕ੍ਰੋਬਾਓਮ ਦੇ ਵਿਕਾਸ ’ਚ ਇੱਕ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ।
ਬੱਚਿਆਂ ਦੀ ਲੰਬੀ ਸਮੇਂ ਤੱਕ ਸਿਹਤ ’ਤੇ ਇਨ੍ਹਾਂ ਮਾਈਕ੍ਰੋਬਾਓਮ ਦੇ ਪ੍ਰਭਾਵ ਨੂੰ ਜਾਣਨ ਲਈ ਕੰਮ ਕੀਤੇ ਜਾ ਰਹੇ ਹਨ।
ਵੈਲਕਮ ਸੇਂਗਰ ਇੰਸਟੀਚਿਊਟ ਦੇ ਡਾ. ਯਾਨ ਸ਼ਾਓ ਦਾ ਕਹਿਣਾ ਹੈ,“ਅਸੀਂ 1,200 ਤੋਂ ਵੱਧ ਬੱਚਿਆਂ ਤੋਂ ਮਿਲੇ ਉੱਚ-ਰੈਜ਼ੋਲੂਸ਼ਨ ਜੀਨੋਮਿਕ ਜਾਣਕਾਰੀ ਦਾ ਵਿਸ਼ਲੇਸ਼ਣ ਕਰ ਕੇ ਤਿੰਨ ਪਾਇਨੀਅਰ ਬੈਕਟੀਰੀਆ ਦੀ ਪਛਾਣ ਕੀਤੀ ਹੈ।
ਇਹ ਉਹ ਬੈਕਟੀਰੀਆ ਹਨ ਜੋ ਅੰਤੜੀਆਂ ਦੇ ਮਾਈਕ੍ਰੋਬਾਇਓਟਾ ਦੇ ਵਿਕਾਸ ਨੂੰ ਚਲਾਉਂਦੇ ਹਨ ਅਤੇ ਜਿਸ ’ਚ ਅਸੀਂ ਉਨ੍ਹਾਂ ਨੂੰ ਬਾਲ ਮਾਈਕ੍ਰੋਬਾਇਓਮ ਪ੍ਰੋਫਾਇਲ ’ਚ ਸ਼੍ਰੇਣੀਬੱਧ ਕਰ ਸਕਦੇ ਹਾਂ।
“ਇਨ੍ਹਾਂ ਈਕੋ ਸਿਸਟਮਾਂ ਦੀ ਬਣਤਰ ਅਤੇ ਉਨ੍ਹਾਂ ’ਚ ਅੰਤਰ ਨੂੰ ਦੇਖ ਅਤੇ ਸਮਝਣਾ, ਸਿਹਤਮੰਦ ਮਾਈਕ੍ਰੋਬਾਇਓਮ ਨੂੰ ਸਹਾਰਾ ਦੇਣ ਲਈ ਪ੍ਰਭਾਵੀ ਵਿਅਕਤੀਗਤ ਇਲਾਜ ਦੇ ਵਿਕਾਸ ਕਰਨ ਵੱਲ ਪਹਿਲਾ ਕਦਮ ਹੈ।”
ਮਾਹਰ ਕੀ ਕਹਿੰਦੇ ਹਨ?

ਤਸਵੀਰ ਸਰੋਤ, Getty Images
ਸੀ ਬੀਚ ਕੁਈਨ ਮੈਰੀ ਯੂਨੀਵਰਸਿਟੀ ਆਫ ਲੰਡਨ ਵਿੱਚ ਮਾਈਕ੍ਰੋਬਾਇਓਮ ਵਿਗਿਆਨ ਦੇ ਲੈਕਚਰਾਰ, ਡਾ. ਰੂਆਰੀ ਰਾਬਟਰਸਨ ਨੇ ਕਿਹਾ ਕਿ,“ਇਹ ਅਧਿਐਨ ਜੀਵਨ ਦੇ ਪਹਿਲੇ ਮਹੀਨੇ ’ਚ ਅੰਤੜੀਆਂ ਦੇ ਮਾਈਕ੍ਰੋਬਾਇਓਮ ਦੇ ਨਿਰਮਾਣ ਦੇ ਬਾਰੇ ’ਚ ਮੌਜੂਦਾ ਜਾਣਕਾਰੀ ਨੂੰ ਕਾਫੀ ਹੱਦ ਤੱਕ ਵਧਾਉਂਦਾ ਹੈ।”
ਹਾਲਾਂਕਿ ਉਹ ਇਸ ਖੋਜ ’ਚ ਸ਼ਾਮਲ ਨਹੀਂ ਸਨ।
ਉਹ ਕਹਿੰਦੇ ਹਨ,“ਅਸੀਂ ਹਾਲ ਹੀ ’ਚ ਅੰਤੜੀਆਂ ਦੇ ਮਾਈਕ੍ਰੋਬਾਇਓਮ ਰਚਨਾ ਬਾਰੇ ਅਤੇ ਦਮੇ ਤੇ ਐਲਰਜੀ ਵਰਗੀਆਂ ਬਿਮਾਰੀਆਂ ’ਤੇ ਜਨਮ ਦੇ ਤਰੀਕੇ ਅਤੇ ਦੁੱਧ ਚੁੰਘਾਉਣ ਦੇ ਪ੍ਰਭਾਵ ਨਾਲ ਜੁੜੀ ਕਾਫੀ ਜਾਣਕਾਰੀ ਪ੍ਰਾਪਤ ਕਰ ਲਈ ਹੈ।”
“ਪਰ ਇਸ ਨੂੰ ਹਾਲੇ ਤੱਕ ਪ੍ਰਭਾਵੀ ਮਾਈਕ੍ਰੋਬਾਇਓਮ ਕੇਂਦਰਿਤ ਇਲਾਜ ’ਚ ਬਦਲਿਆ ਨਹੀਂ ਜਾ ਸਕਿਆ ਹੈ।”
ਲਿਵਰਪੂਲ ਯੂਨੀਵਰਸਿਟੀ ਦੇ ਪ੍ਰੋ. ਲੁਈਸ ਕੇਨੀ ਦਾ ਕਹਿਣਾ ਹੈ ਕਿ ਬੱਚੇ ਦੇ ਜਨਮ ਅਤੇ ਦੁੱਧ ਚੁੰਘਾਉਣ ਨਾਲ ਜੁੜੀਆਂ ਚੁਣੌਤੀਆਂ ਗੁੰਝਲਦਾਰ ਹੁੰਦੀਆਂ ਹਨ ਅਤੇ ਜਦੋਂ ਗੱਲ ਚੰਗੇ ਬਦਲਾਅ ਦੀ ਆਉਂਦੀ ਹੈ ਤਾਂ ਸਾਰਿਆਂ ਦੇ ਲਈ ਇੱਕ ਹੀ ਪਹੁੰਚ ਨਹੀਂ ਅਪਣਾਈ ਜਾ ਸਕਦੀ।
ਉਨ੍ਹਾਂ ਨੇ ਕਿਹਾ,“ਸਾਡੇ ਕੋਲ ਹਾਲੇ ਵੀ ਇਸ ਗੱਲ ਦੀ ਅੱਧੀ ਜਾਣਕਾਰੀ ਹੈ ਕਿ ਜਨਮ ਦੇ ਤਰੀਕੇ ਅਤੇ ਬੱਚੇ ਨੂੰ ਦੁੱਧ ਪਿਲਾਉਣ ਦੇ ਵੱਖ-ਵੱਖ ਤਰੀਕੇ ਮਾਈਕ੍ਰੋਬਾਇਓਮ ਦੇ ਵਿਕਾਸ ਨੂੰ ਕਿਸ ਤਰ੍ਹਾਂ ਪ੍ਰਭਾਵਿਤ ਕਰਦੇ ਹਨ ਅਤੇ ਇਹ ਬਾਅਦ ’ਚ ਉਨ੍ਹਾਂ ਦੀ ਸਿਹਤ ’ਤੇ ਕਿਸ ਤਰ੍ਹਾਂ ਪ੍ਰਭਾਵ ਪਾਉਂਦੇ ਹਨ। ਇਸ ਲਈ ਇਹ ਖੋਜ ਮਹੱਤਵਪੂਰਨ ਹੈ।”
ਇਹ ਖੋਜ ਯੂਕੇ ਬੈਬੀ ਬਾਇਓਮ ’ਤੇ ਚੱਲ ਰਹੀ ਸਟੱਡੀ ਦਾ ਹਿੱਸਾ ਹਨ ਅਤੇ ਇਸ ਦੀ ਫੰਡਿੰਗ ਵੈਲਕਮ ਅਤੇ ਵੈਲਕਮ ਸੇਂਗਰ ਇੰਸਟੀਚਿਊਟ ਨੇ ਕੀਤੀ ਹੈ।
ਇਨ੍ਹਾਂ ਲੇਖਕਾਂ ’ਚੋਂ ਇੱਕ, ਡਾ. ਟਰੇਵਰ ਲੌਲੀ, ਬਾਲਗ ਪ੍ਰੋਬਾਇਓਟਿਕਸ ’ਤੇ ਕੰਮ ਕਰਨ ਵਾਲੀ ਇੱਕ ਕੰਪਨੀ ਦੇ ਸਹਿ-ਸੰਸਥਾਪਕ ਹੋਣ ਦੇ ਨਾਲ ਹੀ ਵੈਲਕਮ ਸੇਂਗਰ ਇੰਸਟੀਚਿਊਟ ’ਚ ਖੋਜਕਰਤਾ ਵੀ ਹਨ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












