ਕੀ ਤੁਸੀਂ ਵੀ ਟੀਵੀ ਦੇਖਦੇ ਹੋਏ ਖਾਣਾ ਖਾਂਦੇ ਹੋ? ਜਾਣੋ ਕਿੰਨਾ ਗੰਭੀਰ ਤੇ ਕਿਹੋ ਜਿਹਾ ਹੁੰਦਾ ਹੈ ਸਿਹਤ 'ਤੇ ਅਸਰ

ਤਸਵੀਰ ਸਰੋਤ, Getty Images
- ਲੇਖਕ, ਰਾਜਵੀਰ ਕੌਰ ਗਿੱਲ
- ਰੋਲ, ਬੀਬੀਸੀ ਪੱਤਰਕਾਰ
“ਖਾਣਾ ਖਾਣ ਲੱਗਿਆਂ ਮੈਨੂੰ ਤਾਂ ਪਤਾ ਵੀ ਨਹੀਂ ਲੱਗਦਾ ਕਿ ਮੈਂ ਟੀਵੀ ਕਦੋਂ ਚਲਾ ਲਿਆ ਤੇ ਨਾ ਹੀ ਇਹ ਪਤਾ ਲੱਗਦਾ ਹੈ ਕਿ ਖਾਣਾ ਕਦੋਂ ਮੁਕਾ ਲਿਆ।”
15 ਸਾਲਾਂ ਦੀ ਪ੍ਰਿਅੰਸ਼ੀ ਨੂੰ ਮੈਂ ਇੰਨਾ ਹੀ ਪੁੱਛਿਆ ਸੀ ਕਿ ਉਹ ਖਾਣਾ ਖਾਣ ਲੱਗਿਆਂ ਟੀਵੀ ਤਾਂ ਨਹੀਂ ਦੇਖਦੀ।
ਪ੍ਰਿਅੰਸ਼ੀ ਨੇ ਸਹਿਜੇ ਹੀ ਜਵਾਬ ਦਿੱਤਾ, ਹਾਂ। ਜਿਵੇਂ ਇਹ ਵਰਤਾਰਾ ਇੰਨਾ ਸੁਭਾਵਕ ਹੋ ਗਿਆ ਹੋਵੇ ਕਿ ਉਸ ਲਈ ਸੁਚੇਤ ਕੋਸ਼ਿਸ਼ ਨਾ ਕਰਨੀ ਪੈਂਦੀ ਹੋਵੇ।
ਵੱਡੀ ਗਿਣਤੀ ਬੱਚੇ ਅਕਸਰ ਹੀ ਦੁਪਿਹਰ ਦਾ ਖਾਣਾ ਜਾਂ ਰਾਤ ਦਾ ਖਾਣਾ ਟੀਵੀ ਦੇਖਦਿਆਂ ਖਾਂਦੇ ਹਨ ਅਤੇ ਹੁਣ ਤਾਂ ਨਾਲ ਫ਼ੋਨ ਦੇਖਣ ਦੀ ਆਦਤ ਵੀ ਜੁੜ ਗਈ ਹੈ।
ਇਹ ਸਭ ਬੱਚਿਆਂ ਤੱਕ ਹੀ ਸੀਮਿਤ ਨਹੀਂ ਅਸੀਂ ਵੱਡੇ ਵੀ ਖਾਣਾ ਖਾਣ ਲੱਗਿਆਂ ਆਪਣਾ ਪਸੰਦੀਦਾ ਚੈਨਲ ਚਲਾਉਣਾ ਨਹੀਂ ਭੁੱਲਦੇ। ਪਰ ਸਵਾਲ ਪੈਦਾ ਹੁੰਦਾ ਹੈ ਕਿ ਕੀ ਇਹ ਸਭ ਠੀਕ ਹੈ?
ਇਸ ਮਸਲੇ ਉੱਤੇ ਹੋਏ ਅਧਿਐਨ ਦਰਸਾਉਂਦੇ ਹਨ ਕਿ ਟੀਵੀ ਦੇਖਦਿਆਂ ਖਾਣਾ ਸਾਡੇ ਲਈ ਕੋਈ ਬਹੁਤੀ ਚੰਗੀ ਆਦਤ ਨਹੀਂ ਹੈ, ਫ਼ਿਰ ਚਾਹੇ ਤੁਸੀਂ ਸੋਚੋਂ ਕਿ ਤੁਸੀਂ ਫ਼ਲ ਜਾਂ ਸਬਜ਼ੀਆਂ ਵਰਗੀ ਪੋਸ਼ਕ ਖ਼ੁਰਾਕ ਦਾ ਸੇਵਨ ਕਰ ਰਹੇ ਹੋ।
ਮਾਨਸਿਕ ਰੋਗਾਂ ਦੇ ਮਾਹਰ ਡਾਕਟਰ ਹਰਦੀਪ ਸਿੰਘ ਇਸ ਤੋਂ ਬਚਣ ਦੇ ਕੁਝ ਤਰੀਕੇ ਦੱਸਦੇ ਹਨ।

ਭੁੱਖ ਤੋਂ ਵੱਧ ਖਾਣਾ
ਪ੍ਰਿਅੰਸ਼ੀ ਦੀ ਮਾਂ ਰਿਚਾ ਮਹਾਜਨ ਆਪਣੇ ਬੱਚਿਆਂ ਦੀ ਸਿਹਤ ਨੂੰ ਲੈ ਕੇ ਕੁਝ ਫ਼ਿਕਰਮੰਦ ਨਜ਼ਰ ਆਏ।
ਉਹ ਕਹਿੰਦੇ ਹਨ,“ਜਦੋਂ ਟੀਵੀ ਦੇਖਦਿਆਂ, ਇੱਕ ਹੱਥ ਵਿੱਚ ਫ਼ੋਨ ਲਈ ਖਾਣਾ ਖਾਂਦੇ ਹਨ, ਨਾ ਤਾਂ ਬੱਚਿਆਂ ਨੂੰ ਸੁਰਤ ਹੁੰਦੀ ਹੈ ਕਿ ਉਹ ਕੀ ਖਾ ਰਹੇ ਹਨ ਅਤੇ ਨਾ ਹੀ ਕਿ ਕਿੰਨਾ ਖਾ ਰਹੇ ਹਨ।”
ਬੀਬੀਸੀ ਪੱਤਰਕਾਰ ਜੈਸਿਕਾ ਬਰਾਊਨ ਦੀ ਇੱਕ ਰਿਪੋਰਟ ਮੁਤਾਬਕ, ਯੁਨੀਵਰਸਿਟੀ ਆਫ਼ ਐਮਸਟਰਡਮ ਵਿੱਚ ਵਿਵਹਾਰਿਕ ਸਾਇੰਸਿਜ਼ ਦੇ ਅਸਿਸਟੈਂਟ ਪ੍ਰੋਫ਼ੈਸਰ ਮੋਨੀਕ ਅਲਬਲਾਸ ਕਹਿੰਦੇ ਹਨ,“ਕਈ ਸਿਧਾਂਤ ਇਹ ਦਰਸਾਉਂਦੇ ਹਨ ਕਿ ਜਦੋਂ ਅਸੀਂ ਜਦੋਂ ਟੀਵੀ ਦੇਖਦਿਆਂ ਖਾਂਦੇ ਹਾਂ ਤਾਂ ਕਈ ਵਾਰ ਆਪਣੇ ਸਰੀਰ ਦੀ ਜ਼ਰੂਰਤ ਤੋਂ ਵੱਧ ਖਾ ਜਾਂਦੇ ਹਾਂ।”
ਅਲਬਲਾਸ ਵਧੇਰੇ ਖਾਣ ਦੀ ਸੰਭਾਵਨਾ ਬਾਰੇ ਕਹਿੰਦੇ ਹਨ,“ਜਦੋਂ ਧਿਆਨ ਕਿਸੇ ਹੋਰ ਪਾਸੇ ਹੋਵੇ ਤਾਂ ਇਸ ਗੱਲ ਦੀ ਸੰਭਾਵਨਾ ਰਹਿੰਦੀ ਹੈ ਕਿ ਤੁਸੀਂ ਲੋੜ ਨਾਲੋਂ ਵੱਧ ਖਾ ਲਵੋਂ, ਕਾਰਨ ਹੈ ਤੁਸੀਂ ਤੁਹਾਡੇ ਸਰੀਰ ਵੱਲੋਂ ਦਿੱਤੇ ਜਾਣ ਵਾਲੇ ਇਸ਼ਾਰਿਆਂ ਨੂੰ ਅਣਗੌਲਿਆਂ ਕਰ ਦਿੰਦੇ ਹੋ ਕਿਉਂਕਿ ਧਿਆਨ ਤਾਂ ਕਿਸੇ ਹੋਰ ਪਾਸੇ ਕੇਂਦਰਿਤ ਹੈ।”
“ਅਜਿਹੀਆਂ ਖੋਜਾਂ ਵੀ ਹਨ ਜੋ ਇਹ ਸੁਝਾਅ ਦਿੰਦੀਆਂ ਹਨ ਬਹੁਤੀ ਵਾਰੀ ਜਦੋਂ ਅਸੀਂ ਟੀਵੀ ਦੇਖਦਿਆਂ ਖਾਂਦੇ ਹਾਂ, ਉਦੋਂ ਸਾਨੂੰ ਬਾਅਦ ਵਿੱਚ ਯਾਦ ਨਹੀਂ ਰਹਿੰਦਾ ਕਿ ਖਾਧਾ ਕੀ ਹੈ।”
ਅਲਬਲਾਸ ਕਹਿੰਦੇ ਹਨ,“ਇੱਕ ਮਸਲਾ ਹੋਰ ਵੀ ਹੈ, ਵੱਧ ਖਾਣ ਦੇ ਨਾਲ-ਨਾਲ ਸਾਡਾ ਖਾਣਾ ਖਾਣ ਦਾ ਸਮਾਂ ਵੀ ਵਧ ਜਾਂਦਾ ਹੈ। ਟੀਵੀ ਦੇ ਲਾਲਚ ਵਿੱਚ ਇੱਕ ਪਾਸੇ ਤਾਂ ਅਸੀਂ ਵੱਧ ਸਮਾਂ ਲਗਾਉਂਦੇ ਹਾਂ ਦੂਜੇ ਪਾਸੇ ਭੋਜਨ ਚਬਾਉਣ ਉੱਤੇ ਵੀ ਧਿਆਨ ਨਹੀਂ ਦਿੰਦੇ।”
ਉਹ ਕਹਿੰਦੇ ਹਨ ਕਿ ਟੀਵੀ ਦੇਖਦਿਆਂ ਭੋਜਣ ਖਾਣ ਦਾ ਮਸਲਾ ਬੇਧਿਆਨੀ ਨਾਲ ਵਧੇਰੇ ਜੁੜਿਆ ਹੋਇਆ ਹੈ।
ਮਨੋਰੋਗ ਮਾਹਰ ਡਾਕਟਰ ਹਰਦੀਪ ਸਿੰਘ ਕਹਿੰਦੇ ਹਨ ਕਿ ਬੱਚਾ ਪਹਿਲਾਂ ਤਾਂ ਵੱਧ ਖਾਣ ਲੱਗਦਾ ਹੈ ਪਰ ਕਿਉਂਕਿ ਉਸ ਸਵਾਦ ਲਏ ਬਿਨ੍ਹਾਂ ਖਾਂਦਾ ਹੈ, ਇਕ ਸਮਾਂ ਅਜਿਹਾ ਆਉਂਦਾ ਹੈ ਜਦੋਂ ਉਹ ਲੋੜ ਤੋਂ ਘੱਟ ਖਾਣ ਲੱਗਦਾ ਹੈ। ਜਿਸ ਦਾ ਬੱਚਿਆਂ ਦੇ ਵਿਕਾਸ ਉੱਤੇ ਅਸਰ ਪੈਂਦਾ ਹੈ, ਇਸ ਦਾ ਵੱਡੀ ਉਮਰ ਦੇ ਲੋਕਾਂ ਦੀ ਸਰੀਰਕ ਅਤੇ ਮਾਨਸਿਕ ਸਿਹਤ ਦੋਵਾਂ ਉੱਤੇ ਮਾੜਾ ਪ੍ਰਭਾਵ ਪੈਂਦਾ ਹੈ।

ਤਸਵੀਰ ਸਰੋਤ, Getty Images
ਬੇਧਿਆਨੀ ਦਾ ਸਿਧਾਂਤ
ਟੀਵੀ ਦੇਖਦਿਆਂ ਅਸੀਂ ਵੱਧ ਖਾਣਾ ਕਿਉਂ ਖਾ ਲੈਂਦੇ ਹਾਂ। ਇਸ ਸਵਾਲ ਦੇ ਜਵਾਬ ਵਿੱਚ ਮਾਹਰ ਇੱਕ ਹੋਰ ਸਿਧਾਂਤ ਦਾ ਹਵਾਲਾ ਦਿੰਦੇ ਹਨ। ਜਿਸ ਮੁਤਾਬਕ ਅਜਿਹੀ ਸਥਿਤੀ ਵਿੱਚ ਖਾਣੇ ਦੇ ਸਵਾਦ ਹੋਣ ਜਾਂ ਨਾ ਹੋਣ ਦਾ ਅਹਿਸਾਸ ਨਹੀਂ ਹੁੰਦਾ।
ਨੀਦਰਲੈਂਡ ਦੀ ਲੇਡਨ ਯੁਨੀਵਰਸਿਟੀ ਦੇ ਸੋਸ਼ਲ, ਆਰਗੇਨਾਜ਼ੇਸ਼ਨਲ ਅਤੇ ਇਕਨੌਮਿਕਸ ਮਨੋਵਿਗਿਆਨ ਵਿਭਾਗ ਵਿੱਚ ਖੋਜ ਕਰਤਾ ਰਹੇ ਫਲੂਰ ਵੈਨ ਮੀਰ ਨੇ ''ਡਿਟਰੈਕਟਿਡ ਇਟਿੰਗ'' ਯਾਨੀ ਬੇਧਿਆਨੀ ਵਿੱਚ ਖਾਣ ਦੇ ਮਸਲੇ ਉੱਤੇ ਲੰਬਾ ਸਮਾਂ ਅਧਿਐਨ ਕੀਤਾ ਹੈ।
ਮੀਰ ਇਸ ਸਵਾਲ ਦਾ ਜਵਾਬ ਦਿੰਦਿਆਂ ਕਹਿੰਦੇ ਹਨ, “ਜਦੋਂ ਅਸੀਂ ਖਾਣਾ ਧਿਆਨ ਨਾਲ ਖਾਂਦੇ ਹਾਂ ਤਾਂ ਉਸ ਸਮੇਂ ਖਾਣੇ ਦੇ ਸਵਾਦ ਉਸ ਦੇ ਪੱਕੇ ਹੋਣ ਅਤੇ ਉਸ ਵਿੱਚ ਮੌਜੂਦ ਤੱਤਾਂ ਨੂੰ ਮਹਿਸੂਸ ਕਰਦੇ ਹਾਂ। ਭੋਜਨ ਦੀ ਸੁਗੰਧ ਅਤੇ ਉਸ ਦਾ ਸਵਾਦ ਸਾਨੂੰ ਭੋਜਨ ਵੱਲ ਜਾਂ ਤਾਂ ਆਕਰਸ਼ਿਤ ਕਰਦਾ ਹੈ ਜਾਂ ਫ਼ਿਰ ਜੇ ਉਹ ਮਨ ਨਹੀਂ ਭਾਉਂਦਾ ਅਤੇ ਖਾਣ ਤੋਂ ਕਤਰਾਉਂਦੇ ਹਾਂ।”
ਮੀਰ ਨੇ ਨਿਊਰੋਸਾਇੰਟਿਸਟ ਹੋਣ ਵੱਜੋਂ ਮਨੁੱਖੀ ਦਿਮਾਗ ਦੀ ਗਤੀਵਿਧੀ ਨਾਲ ਜੁੜੀਆਂ ਕੁਝ ਪੜਤਾਲਾਂ ਉਸ ਸਮੇਂ ਕੀਤੀਆਂ ਜਦੋਂ ਸਟੱਡੀ ਦਾ ਹਿੱਸਾ ਬਣੇ ਲੋਕ, ਕੁਝ ਖਾ ਰਹੇ ਸਨ।
ਇੱਕ ਸਟੱਡੀ ਦੌਰਾਨ ਕੁਝ ਲੋਕਾਂ ਨੂੰ ਖਾਣਾ ਖਾਂਦੇ ਹੋਏ, ਇੱਕ ਛੋਟਾ ਨੰਬਰ ਯਾਦ ਰੱਖਣ ਨੂੰ ਕਿਹਾ ਗਿਆ ਤਾਂ ਕਈਆਂ ਨੂੰ ਇੱਕ ਵੱਡਾ ਨੰਬਰ। ਅਧਿਐਨ ਵਿੱਚ ਸਾਹਮਣੇ ਆਇਆ ਕਿ ਜਿਨ੍ਹਾਂ ਲੋਕਾਂ ਨੇ ਵੱਡਾ ਨੰਬਰ ਯਾਦ ਰੱਖਣ ਦੀ ਕੋਸ਼ਿਸ਼ ਕੀਤੀ ਉਨ੍ਹਾਂ ਨੂੰ ਖਾਣਾ ਘੱਟ ਮਿੱਠਾ ਲੱਗਿਆ।
ਮੀਰ ਨੇ ਦਿਮਾਗ ਦੇ ਉਨ੍ਹਾਂ ਹਿੱਸਾਂ ਵਿੱਚ ਘੱਟ ਗਤੀਵਿਧੀ ਦੇਖੀ ਜਿਹੜੇ ਸਵਾਦ ਦੇ ਖਿਆਲ ਨਾਲ ਜੁੜੇ ਹੋਏ ਸਨ।
ਉਹ ਕਹਿੰਦੇ ਹਨ ਕਿ ਇੱਕ ਸਿਧਾਂਤ ਹੈ, ਜਿਸ ਮੁਤਾਬਕ ਮਨੁੱਖ ਹਮੇਸ਼ਾਂ ‘ਹੈਡੋਨਿਕ ਗੋਲ’ ਹਾਸਿਲ ਕਰਨ ਦੀ ਕੋਸ਼ਿਸ਼ ਕਰਦਾ ਹੈ। ਯਾਨੀ ਅਸੀਂ ਹਰ ਰੋਜ਼, ਹਰ ਗਤੀਵਿਧੀ ਵਿੱਚੋਂ ਇੱਕ ਨਿਸ਼ਚਿਤ ਘੱਟੋ- ਘੱਟ ਅਨੰਦ ਦੀ ਪੂਰਤੀ ਚਾਹੁੰਦੇ ਹਾਂ।
ਜੇ ਉਹ ਕਿਤੇ ਨਹੀਂ ਮਿਲਦਾ ਤਾਂ ਅਸੀਂ ਕਿਸੇ ਹੋਰ ਗਤੀਵਿਧੀ ਵੱਲ ਵੱਧਦੇ ਹਾਂ। ਇਸੇ ਤਰ੍ਹਾਂ ਜਦੋਂ ਟੀਵੀ ਦੇਖਦਿਆਂ ਖਾਂਦੇ ਹਾਂ ਤਾਂ ਜੇ ਟੀਵੀ ਪ੍ਰੋਗਰਾਮ ਤੋਂ ਉਸ ਪੱਧਰ ਦਾ ਸਕੂਨ ਨਾ ਮਿਲ ਰਿਹਾ ਹੋਵੇ ਤਾਂ ਅਸੀਂ ਵਧੇਰੇ ਖਾਣਾ ਖਾਣ ਵੱਲ ਵਧਦੇ ਹਾਂ।
ਇੱਕ ਹੋਰ ਅਧਿਐਨ ਦਰਸਾਉਂਦਾ ਹੈ ਕਿ ਸਾਡੀ ਭਾਵੁਕ ਸਥਿਤੀ ਵੀ ਖਾਣ-ਪੀਣ ਨੂੰ ਪ੍ਰਭਾਵਿਤ ਕਰਦੀ ਹੈ। ਇਸ ਮੁਤਾਬਕ ਜਦੋਂ ਅਸੀਂ ਕੁਝ ਉਦਾਸ ਕਰਨ ਵਾਲਾ ਕੋਈ ਪ੍ਰੋਗਰਾਮ ਦੇਖਦੇ ਹਾਂ ਤਾਂ ਚਾਕਲੇਟ ਜਾਂ ਪਾਪਕੌਨ ਵਰਗੀਆਂ ਚੀਜ਼ਾਂ ਖਾਂਦੇ ਹਾਂ, ਜਿਨ੍ਹਾਂ ਨਾਲ ਹੈਡੋਨਿਕ ਗੋਲ ਪੂਰਾ ਹੋ ਸਕੇ।

ਤਸਵੀਰ ਸਰੋਤ, Getty Images
ਭੋਜਨ ਪ੍ਰਤੀ ਨੀਰਸਤਾ
ਮੀਰ ਕਹਿੰਦੇ ਹਨ ਕਿ ਖਾਣੇ ਅਤੇ ਟੀਵੀ ਦੇਖਣ ਦਾ ਮਸਲਾ ਬਹੁਤ ਗੁੰਝਲਦਾਰ ਹੈ। ਇੱਕ ਖੋਜ ਇਹ ਵੀ ਦਰਸਾਉਂਦੀ ਹੈ ਕਿ ਜਦੋਂ ਸਾਡਾ ਧਿਆਨ ਨਹੀਂ ਹੁੰਦਾ ਅਸੀਂ ਘੱਟ ਖਾਂਦੇ ਹਾਂ।
ਸ਼ਾਇਦ ਇਹ ਸੱਚ ਹੀ ਹੈ। ਇੱਕ ਮਾਂ ਨੇ ਦੱਸਿਆ ਕਿ ਜਦੋਂ ਉਸ ਦਾ ਬੱਚਾ ਟੀਵੀ ਦੇਖਣ ਵਿੱਚ ਖੁੱਭ ਜਾਵੇ ਤਾਂ ਉਸ ਨੂੰ ਖਾਣੇ ਦਾ ਵੀ ਭੁੱਲ ਜਾਂਦਾ ਹੈ। ਇੱਥੋਂ ਤੱਕ ਕਿ ਕਈ ਵਾਰ ਮੂੰਹ ਵਿੱਚ ਪਾਈ ਬੁਰਕੀ ਵੀ ਛੱਬਣੀ ਭੁੱਲ ਜਾਂਦਾ ਹੈ।
ਡਾਕਟਰ ਹਰਦੀਪ ਵੀ ਇਸ ਗੱਲ ਨਾਲ ਇਤਫ਼ਾਕ ਰੱਖਦੇ ਹਨ। ਉਨ੍ਹਾਂ ਦੱਸਿਆ ਕਿ ਕਈ ਮਾਮਲੇ ਅਜਿਹੇ ਵੀ ਸਾਹਮਣੇ ਆਏ ਹਨ ਕਿ ਅਲੱੜ੍ਹ ਉਮਰ ਦੇ ਬੱਚਿਆਂ ਨੂੰ ਵੀ ਉਨ੍ਹਾਂ ਦੇ ਮਾਪੇ ਆਪਣੇ ਹੱਥ ਨਾਲ ਖਾਣਾ ਖਵਾਉਂਦੇ ਹਨ ਕਿਉਂਕਿ ਬੱਚੇ ਦਾ ਧਿਆਨ ਸਕਰੀਨ ਵੱਲ ਹੈ ਅਤੇ ਉਹ ਖ਼ੁਦ ਖਾਣਾ ਹੀ ਨਹੀਂ ਚਾਹੁੰਦਾ, ਇਹ ਉਸ ਦੀ ਤਰਜ਼ੀਹ ਹੀ ਨਹੀਂ ਹੈ।
ਉਹ ਕਹਿੰਦੇ ਹਨ,“ਜਦੋਂ ਕੋਈ ਖਾਣੇ ਦਾ ਸਵਾਦ ਲਏ ਬਿਨ੍ਹਾਂ ਭੋਜਨ ਨਿਗਲੇਗਾ ਤਾਂ ਅੰਤ ਨੂੰ ਉਸ ਦੀ ਖਾਣੇ ਵਿੱਚ ਰੁਚੀ ਘੱਟ ਜਾਵੇਗੀ।”

ਤਸਵੀਰ ਸਰੋਤ, Hardeep Singh
ਮਾਨਸਿਕ ਸਿਹਤ ਉੱਤੇ ਅਸਰ
ਜੇ ਕੋਈ ਬੱਚਾ ਜਾਂ ਵੱਡਾ ਰੋਜ਼ਾਨਾ ਟੀਵੀ ਜਾਂ ਫ਼ੋਨ ਕੋਈ ਵੀ ਸਕਰੀਨ ਦੇਖਦਿਆਂ ਖਾਣਾ ਖਾਂਦਾ ਹੈ ਤਾਂ ਇਸ ਦਾ ਉਨ੍ਹਾਂ ਦੀ ਸਿਹਤ ਉੱਤੇ ਅਸਰ ਪੈਣਾ ਸੁਭਾਵਿਕ ਹੈ।
ਹਾਲਾਂਕਿ ਇਸ ਮਸਲੇ ਉੱਤੇ ਕਈ ਮਾਵਾਂ ਇਸ ਤੋਂ ਕੁਝ ਸਕੂਨ ਵਿੱਚ ਹਨ ਕਿ ਬੱਚਿਆਂ ਦਾ ਧਿਆਨ ਹੋਰ ਪਾਸੇ ਹੁੰਦਾ ਹੈ ਤਾਂ ਕੁਝ ਪੋਸ਼ਕ ਸਬਜੀਆਂ ਤਾਂ ਖਾ ਲੈਂਦੇ ਹਨ। ਪਰ ਦੂਜੇ ਪਾਸੇ ਕੁਝ ਮਾਵਾਂ ਚਿੰਤਤ ਹਨ ਕਿ ਇਨ੍ਹਾਂ ਨੂੰ ਸੁਰਤ ਹੀ ਨਹੀਂ ਰਹਿੰਦੀ ਕਿ ਕੀ ਖਾ ਰਹੇ ਹਨ।
ਡਾਕਟਰ ਹਰਦੀਪ ਸਿੰਘ ਕਹਿੰਦੇ ਹਨ ਕਿ ਅਜਿਹੀ ਸਥਿਤੀ ਵਿੱਚ ਵੱਧ ਖਾਣਾ ਤਾਂ ਸੁਭਾਵਿਕ ਹੀ ਹੈ। ਬੱਚੇ ਬੇਧਿਆਨੀ ਵਿੱਚ ਰਹਿੰਦੇ ਹਨ। ਉਨ੍ਹਾਂ ਦੇ ਭਾਰ ਅਤੇ ਪਾਚਣ ਸ਼ਕਤੀ ਉੱਤੇ ਅਸਰ ਪੈਂਦਾ ਹੈ। ਸਰੀਰ ਸੁਸਤ ਹੋ ਜਾਂਦਾ ਹੈ।
ਉਹ ਕਹਿੰਦੇ ਹਨ,“ਜੀਵਨ ਸ਼ੈਲੀ ਸੁਸਤ ਹੋਵੇਗੀ ਤਾਂ ਮੈਟਾਬੋਲਿਜ਼ਮ ਹੌਲੀ ਹੋ ਜਾਵੇਗਾ। ਜਿਸ ਨਾਲ ਮਨ ਦੀ ਰਫ਼ਤਾਰ ਹੌਲੀ ਹੋਵੇਗੀ, ਸਰੀਰ ਸੁਸਤ ਹੋਵੇਗਾ ਅਤੇ ਚਿੜਚਿੜਾਪਨ ਵਧੇਗਾ।”
ਇਸ ਗੱਲ ਦੀਆਂ ਗਵਾਹ ਉਹ ਮਾਵਾਂ ਵੀ ਬਣੀਆਂ ਹਨ, ਜਿਨ੍ਹਾਂ ਨਾਲ ਅਸੀਂ ਗੱਲ ਕੀਤੀ। ਕਈਆਂ ਦੀ ਪਰੇਸ਼ਾਨੀ ਸੀ ਕਿ ਜਦੋਂ ਵੀ ਬੱਚੇ ਨੂੰ ਸਕਰੀਨ ਤੋਂ ਦੂਰ ਕਰਨ ਦੀ ਕੋਸ਼ਿਸ਼ ਕਰੋ ਉਹ ਲੜਦੇ ਹਨ ਅਤੇ ਖਿੱਝਦੇ ਹਨ।
ਡਾਕਟਰ ਹਰਦੀਪ ਸਿੰਘ ਗੱਲ ਨੂੰ ਅੱਗੇ ਵਧਾਉਂਦਿਆਂ ਦੱਸਦੇ ਹਨ ਕਿ ਸੁਸਤ ਜੀਵਨ ਸ਼ੈਲੀ ਮੁਟਾਪੇ ਦਾ ਕਾਰਨ ਬਣਦੀ ਹੈ, ਜੋ ਬਾਅਦ ਵਿੱਚ ਬਾਡੀ-ਸ਼ੇਮਿੰਗ ਯਾਨੀ ਖ਼ੁਦ ਨੂੰ ਹੀ ਪਸੰਦ ਨਾ ਕਰਨ ਦਾ ਕਾਰਨ ਬਣਦੀ ਹੈ।
ਉਹ ਕਹਿੰਦੇ ਹਨ ਕਿ ਇਹ ਇੱਕ ਚੱਕਰਵਿਊ ਹੈ ਜਿਸ ਵਿੱਚ ਇਕਾਗਰਤਾ ਦੀ ਘਾਟ, ਫ਼ੈਸਲਾ ਲੈਣ ਦੀ ਹਿੰਮਤ ਦਾ ਘਟਨਾ, ਮਨ ਦਾ ਕੁਝ ਬੁਝਿਆ ਜਿਹਾ ਰਹਿਣਾ ਸ਼ੁਰੂ ਹੁੰਦਾ ਹੈ ਅਤੇ ਬਾਅਦ ਵਿੱਚ ਡਿਪਰੈਸ਼ਨ ਦੇ ਹਾਲਾਤ ਤੱਕ ਪਹੁੰਚ ਸਕਦਾ ਹੈ।”

ਤਸਵੀਰ ਸਰੋਤ, Getty Images
ਬਚਾਅ ਲਈ ਪਰਿਵਾਰ ਮਿਲ ਕੇ ਕੋਸ਼ਿਸ਼ ਕਰਨ
ਇਹ ਪੁੱਛੇ ਜਾਣ ਉੱਤੇ ਕਿ ਇਸ ਰਵੱਈਏ ਤੋਂ ਬਚਾਅ ਦੇ ਕੀ ਤਰੀਕੇ ਹਨ ਤਾਂ ਡਾਕਟਰ ਹਰਦੀਪ ਸਿੰਘ ਦਾ ਕਹਿਣਾ ਸੀ, “ਬੱਚਿਆਂ ਦੇ ਮਾਮਲੇ ਵਿੱਚ ਤਾਂ ਮੈਂ ਇਸ ਨੂੰ ਗ਼ਲਤ ਪਾਲਣ-ਪੋਛਣ ਦਾ ਹਿੱਸਾ ਮੰਨਦਾ ਹਾਂ। ਮਾਪਿਆਂ ਨੂੰ ਜ਼ਿੰਦਗੀ ਵਿੱਚ ਅਨੁਸਾਸ਼ਨ ਦੀ ਲੋੜ ਸਮਝਣੀ ਚਾਹੀਦੀ ਹੈ।”
“ਜਿਵੇਂ ਕਿ ਹਰ ਇੱਕ ਸੰਸਥਾ ਦੇ ਕੁਝ ਨਿਯਮ ਹੁੰਦੇ ਹਨ, ਇਸੇ ਤਰ੍ਹਾਂ ਘਰ ਵਿੱਚ ਵੀ ਕੁਝ ਨਿਯਮ ਨਿਰਧਾਰਿਤ ਕਰਨੇ ਚਾਹੀਦੇ ਹਨ। ਘਰ ਵਿੱਚ ਖਾਣੇ ਦਾ ਸਮਾਂ ਨਿਸ਼ਚਿਤ ਕਰਨਾ ਚਾਹੀਦਾ ਹੈ ਅਤੇ ਉਸ ਸਮੇਂ ਸਕਰੀਨ ਦੇਖਣ ਦੀ ਮੁਕੰਮਲ ਮਨਾਹੀ ਹੋਣੀ ਚਾਹੀਦੀ ਹੈ।”
ਉਨ੍ਹਾਂ ਕਿਹਾ ਕਿ ਇਸ ਆਦਤ ਤੋਂ ਬਾਚਅ ਦਾ ਤਰੀਕਾ ਇੱਕ ਹੀ ਹੈ, ਵੱਡਿਆਂ ਦੇ ਮਾਮਲੇ ਵਿੱਚ ਉਨ੍ਹਾਂ ਨੂੰ ਖ਼ੁਦ ਨੂੰ ਅਤੇ ਛੋਟਿਆਂ ਦੇ ਮਾਮਲੇ ਵਿੱਚ ਮਾਪਿਆਂ ਨੂੰ ਥੋੜ੍ਹਾ ਸਖ਼ਤ ਹੋਣ ਦੀ ਲੋੜ ਹੈ।
ਡਾਕਟਰ ਹਰਦੀਪ ਕਹਿੰਦੇ ਹਨ, “ਪਰਿਵਾਰ ਵਿੱਚ ਅਜਿਹਾ ਨਹੀਂ ਹੋਣਾ ਚਾਹੀਦਾ ਕਿ ਜੇ ਬੱਚਾ ਖਾਣ ਦੇ ਸਮੇਂ ਵਿੱਚ ਸਕਰੀਨ ਛੱਡਕੇ ਨਹੀਂ ਆਇਆ ਤਾਂ ਮਾਪੇ ਉਸ ਨੂੰ ਜ਼ਬਰਦਸਤੀ ਖਵਾਉਣ ਦੀ ਕੋਸ਼ਿਸ਼ ਕਰਨ ਬਲਕਿ ਸਖ਼ਤੀ ਨਾਲ ਖਾਣਾ ਨਾ ਮਿਲਣ ਦੀ ਸੰਭਾਵਨਾ ਤੋਂ ਜਾਣੂ ਕਰਵਾਉਣਾ ਚਾਹੀਦਾ ਹੈ।”
ਉਨ੍ਹਾਂ ਕਿਹਾ ਕਿ ਜ਼ਿੰਦਗੀ ਵਿੱਚ ਕੁਝ ਵੀ ਗਰਾਂਟਿਡ ਯਾਨੀ ਹਮੇਸ਼ਾਂ ਲਈ ਸਥਾਈ ਨਹੀਂ ਹੁੰਦਾ ਤੇ ਇਹ ਗੱਲ ਮਾਪਿਆਂ ਨੂੰ ਸਮਝਣ ਦੀ ਲੋੜ ਹੈ ਉਹ ਹਮੇਸ਼ਾਂ ਸਪੂਨ-ਫ਼ੀਡਿੰਗ (ਹਰ ਕੰਮ ’ਚ ਮਦਦ) ਨਹੀਂ ਕਰ ਸਕਦੇ ਇਸ ਲਈ ਬੱਚਿਆਂ ਨੂੰ ਆਤਮ-ਨਿਰਭਰ ਬਣਨ ਵਿੱਚ ਮਦਦਗਾਰ ਸਾਬਤ ਹੋਣ ਦੀ ਲੋੜ ਹੈ।












