ਗਰਭ ਅਵਸਥਾ ਦੌਰਾਨ ਔਰਤ ਦੇ ਦਿਮਾਗ ਵਿੱਚ ਕੀ ਤਬਦੀਲੀਆਂ ਆਉਂਦੀਆਂ ਹਨ, ਪੋਸਟਪਾਰਟਮ ਕਿਵੇਂ ਹੁੰਦਾ ਹੈ

ਤਸਵੀਰ ਸਰੋਤ, Daniela Cossio
- ਲੇਖਕ, ਫਿਲਿਪਾ ਰੌਕਸਬੀ
- ਰੋਲ, ਸਿਹਤ ਰਿਪੋਰਟਰ, ਬੀਬੀਸੀ ਨਿਊਜ਼
ਗਰਭ ਅਵਸਥਾ ਦੇ ਮਹੱਤਵਪੂਰਨ ਨੌਂ ਮਹੀਨਿਆਂ ਤੋਂ ਪਹਿਲਾਂ, ਦੌਰਾਨ ਅਤੇ ਬਾਅਦ ਵਿੱਚ ਮਨੁੱਖੀ ਦਿਮਾਗ ਵਿੱਚ ਹੋਣ ਵਾਲੇ ਬਦਲਾਅ ਬਹੁਤ ਮਹੱਤਵਪੂਰਨ ਹਨ।
ਇੱਕ ਸਿਹਤਮੰਦ 38-ਸਾਲਾ ਔਰਤ ਦੇ ਦਿਮਾਗ ਦੇ 26 ਸਕੈਨਾਂ ਦੇ ਆਧਾਰ 'ਤੇ, ਵਿਗਿਆਨੀਆਂ ਨੇ ਦੇਖਿਆ ਹੈ ਕਿ ਦਿਮਾਗ ਦੇ ਸਮਾਜਿਕ ਅਤੇ ਭਾਵਨਾਤਮਕ ਪ੍ਰਕਿਰਿਆ ਨਾਲ ਜੁੜੇ ਖੇਤਰਾਂ ਵਿੱਚ ਗਰਭ ਅਵਸਥਾ ਦੌਰਾਨ "ਕਮਾਲ ਦੇ ਬਦਲਾਅ" ਹੁੰਦੇ ਹਨ, ਜਿਨ੍ਹਾਂ ਵਿੱਚੋਂ ਕੁਝ ਜਨਮ ਦੇਣ ਤੋਂ ਦੋ ਸਾਲ ਬਾਅਦ ਤੱਕ ਵੀ ਬਣੇ ਰਹਿੰਦੇ ਹਨ।
ਉਨ੍ਹਾਂ ਦਾ ਕਹਿਣਾ ਹੈ ਕਿ ਇਨ੍ਹਾਂ ਦਿਮਾਗੀ ਤਬਦੀਲੀਆਂ ਦੇ ਸੰਭਾਵੀ ਪ੍ਰਭਾਵ ਨੂੰ ਨਿਰਧਾਰਤ ਕਰਨ ਲਈ ਅੱਜ ਵੀ ਬਹੁਤ ਸਾਰੀਆਂ ਔਰਤਾਂ ਵਿੱਚ ਹੋਰ ਅਧਿਐਨਾਂ ਦੀ ਲੋੜ ਹੈ।
ਇਨ੍ਹਾਂ ਅਧਿਐਨਾਂ ਦੇ ਸਿੱਟਿਆ ਰਾਹੀਂ ਮਾਂ ਨੂੰ ਬੱਚੇ ਦੇ ਜਨਮ ਤੋਂ ਬਾਅਦ ਹੋਣ ਵਾਲੇ ਡਿਪਰੈਸ਼ਨ ਅਤੇ ਪ੍ਰੀ-ਐਕਲੈਂਪਸੀਆ ਵਰਗੀਆਂ ਸਥਿਤੀਆਂ ਦੇ ਸ਼ੁਰੂਆਤੀ ਸੰਕੇਤਾਂ ਦਾ ਪਤਾ ਲਗਾਇਆ ਜਾ ਸਕਦਾ ਹੈ।

ਕੈਲੀਫੋਰਨੀਆ ਯੂਨੀਵਰਸਿਟੀ, ਸੈਂਟਾ ਬਾਰਬਰਾ ਤੋਂ ਅਧਿਐਨ ਲੇਖਕ ਅਤੇ ਨਿਊਰੋਸਾਇੰਟਿਸਟ ਐਮਿਲੀ ਜੈਕਬਜ਼ ਕਹਿੰਦੇ ਹਨ, "ਇਹ ਗਰਭ ਦੌਰਾਨ ਮਨੁੱਖੀ ਦਿਮਾਗ ਦਾ ਪਹਿਲਾ ਵਿਸਤ੍ਰਿਤ ਸਕੈਨ ਹੈ।"
"ਅਸੀਂ ਦਿਮਾਗ ਨੂੰ ਇਸ ਤਰ੍ਹਾਂ ਦੇ ਰੂਪਾਂਤਰਣ ਦੀ ਪ੍ਰਕਿਰਿਆ ਵਿੱਚ ਕਦੇ ਨਹੀਂ ਦੇਖਿਆ ਸੀ।"
"ਆਖ਼ਰਕਾਰ ਹੁਣ ਅਸੀਂ ਅਸਲ ਸਮੇਂ ਵਿੱਚ ਦਿਮਾਗ ਵਿੱਚ ਗਰਭ ਅਵਸਥਾ ਵੇਲੇ ਹੋ ਰਹੀਆਂ ਤਬਦੀਲੀਆਂ ਨੂੰ ਵੇਖਣ ਦੇ ਯੋਗ ਹਾਂ।"
ਗਰਭ ਅਵਸਥਾ ਦੌਰਾਨ ਸਰੀਰ ਵਿੱਚ ਹੋਣ ਵਾਲੀਆਂ ਵੱਡੀਆਂ ਸਰੀਰਕ ਤਬਦੀਲੀਆਂ ਬਾਰੇ ਸਮਝ ਕਾਫੀ ਹੱਦ ਤਕ ਸਪਸ਼ਟ ਹੈ, ਪਰ ਦਿਮਾਗ ਕਿਵੇਂ ਅਤੇ ਕਿਉਂ ਬਦਲਦਾ ਹੈ, ਇਸ ਬਾਰੇ ਬਹੁਤ ਘੱਟ ਜਾਣਕਾਰੀ ਉਪਲੱਭਧ ਹੈ।
ਬਹੁਤ ਸਾਰੀਆਂ ਔਰਤਾਂ "ਪ੍ਰੈਗਨੈਂਸੀ ਬ੍ਰੇਨ" ਜਾਂ "ਬੇਬੀ ਬ੍ਰੇਨ" ਹੋਣ ਬਾਰੇ ਗੱਲ ਕਰਦੀਆਂ ਹਨ- ਭੁੱਲਣਾ, ਗੈਰਹਾਜ਼ਰ-ਦਿਮਾਗ ਜਾਂ ਦਿਮਾਗੀ ਧੁੰਦ ਮਹਿਸੂਸ ਕਰਨਾ।
ਪਿਛਲੇ ਅਧਿਐਨਾਂ ਨੇ ਗਰਭ ਅਵਸਥਾ ਤੋਂ ਪਹਿਲਾਂ ਅਤੇ ਤੁਰੰਤ ਬਾਅਦ ਦਿਮਾਗ ਦੇ ਸਕੈਨ 'ਤੇ ਧਿਆਨ ਕੇਂਦਰਿਤ ਕੀਤਾ ਸੀ, ਨਾ ਕਿ ਪੂਰੇ ਸਮੇਂ ਦੌਰਾਨ।

ਤਸਵੀਰ ਸਰੋਤ, Elizabeth Chrastil
ਨੇਚਰ ਨਿਊਰੋਸਾਇੰਸ ਵਿੱਚ ਪ੍ਰਕਾਸ਼ਿਤ ਖੋਜ ਵਿੱਚ ਅਧਿਐਨ ਕੀਤਾ ਗਿਆ ਦਿਮਾਗ, ਕੈਲੀਫੋਰਨੀਆ ਯੂਨੀਵਰਸਿਟੀ ਦੀ ਵਿਗਿਆਨੀ ਐਲਿਜ਼ਾਬੈਥ ਕ੍ਰਿਸਟਿਲ ਦਾ ਹੈ।
ਜਦੋਂ ਖੋਜ ਬਾਰੇ ਚਰਚਾ ਕੀਤੀ ਜਾ ਰਹੀ ਸੀ ਤਾਂ ਉਹ ਇੱਕ ਆਈਵੀਐਫ (ਇਨ-ਵਿਟਰੋ ਫਰਟੀਲਾਈਜ਼ੇਸ਼ਨ) ਗਰਭ ਅਵਸਥਾ ਦੀ ਯੋਜਨਾ ਬਣਾ ਰਹੀ ਸੀ ਅਤੇ ਹੁਣ ਉਸਦਾ ਇੱਕ ਚਾਰ ਸਾਲ ਦਾ ਪੁੱਤਰ ਹੈ।
ਡਾਕਟਰ ਕ੍ਰਿਸਟਿਲ ਦਾ ਕਹਿਣਾ ਹੈ ਕਿ ਉਨ੍ਹਾਂ ਲਈ ਆਪਣੇ ਦਿਮਾਗ ਦਾ ਵਿਸਥਾਰ ਨਾਲ ਅਧਿਐਨ ਕਰਨਾ ਅਤੇ ਇਸਦੀ ਤੁਲਨਾ ਉਨ੍ਹਾਂ ਔਰਤਾਂ ਨਾਲ ਕਰਨਾ ਜੋ ਗਰਭਵਤੀ ਨਹੀਂ ਹਨ, ਇੱਕ ਰੋਮਾਂਚਕ ਚੀਜ਼ ਸੀ।
ਉਹ ਕਹਿੰਦੇ ਹਨ, "ਤੁਹਾਡੇ ਆਪਣੇ ਦਿਮਾਗ ਨੂੰ ਇਸ ਤਰ੍ਹਾਂ ਬਦਲਦਾ ਦੇਖਣਾ ਨਿਸ਼ਚਿਤ ਤੌਰ 'ਤੇ ਥੋੜ੍ਹਾ ਅਜੀਬ ਹੈ - ਪਰ ਮੈਂ ਇਹ ਵੀ ਜਾਣਦੀ ਹਾਂ ਕਿ ਇਸ ਉੱਤੇ ਖੋਜ ਨੂੰ ਸ਼ੁਰੂ ਕਰਨ ਲਈ ਇਹ ਕਰਨ ਲਈ ਇੱਕ ਨਿਊਰੋਸਾਇੰਟਿਸਟ ਦੀ ਲੋੜ ਸੀ।"

ਤਸਵੀਰ ਸਰੋਤ, Laura Pritschet
ਡਾਕਟਰ ਕ੍ਰਿਸਟਿਲ ਦੇ ਦਿਮਾਗ ਦੇ ਲਗਭਗ 80% ਹਿੱਸੇ ਵਿੱਚ, ਟਿਸ਼ੂ ਜੋ ਹਿਲਜੁੱਲ, ਭਾਵਨਾਵਾਂ ਅਤੇ ਯਾਦਦਾਸ਼ਤ ਨੂੰ ਕਾਬੂ ਕਰਦੇ ਹਨ - ਲਗਭਗ 4% ਤੱਕ ਘੱਟ ਗਏ।
ਅਧਿਐਨ ਮੁਤਾਬਕ ਦਿਮਾਗ ਵਿੱਚ ਮੌਜੂਦ ਚਿੱਟੇ ਪਦਾਰਥਾਂ ਦੀ ਇਕਸਾਰਤਾ ਵਿੱਚ ਪਹਿਲੀ ਅਤੇ ਦੂਜੀ ਤਿਮਾਹੀ ਦੌਰਾਨ ਵਾਧਾ ਹੋਇਆ ਸੀ, ਜੋ ਜਨਮ ਤੋਂ ਤੁਰੰਤ ਬਾਅਦ ਆਮ ਪੱਧਰ 'ਤੇ ਵਾਪਸ ਆ ਗਿਆ ਸੀ।
ਖੋਜਕਰਤਾਵਾਂ ਦਾ ਕਹਿਣਾ ਹੈ ਕਿ ਇਹ ਬਦਲਾਅ ਜਵਾਨੀ ਦੇ ਸਮੇਂ ਹੋਣ ਵਾਲੇ ਬਦਲਾਵਾਂ ਦੇ ਸਮਾਨ ਹਨ।
ਚੂਹਿਆਂ ਉੱਤੇ ਹੋਏ ਅਧਿਐਨਾਂ ਤੋਂ ਪਤਾ ਚੱਲਦਾ ਹੈ ਕਿ ਹੋਣ ਵਾਲੀਆਂ ਮਾਵਾਂ ਗੰਧ ਪ੍ਰਤੀ ਵਧੇਰੇ ਸੰਵੇਦਨਸ਼ੀਲ ਬਣ ਜਾਂਦੀਆਂ ਹਨ। ਉਨ੍ਹਾਂ ਨੂੰ ਸ਼ਿੰਗਾਰ ਕਰਨ ਅਤੇ ਗ੍ਰਹਿਸਥੀ ਦੇ ਕਈ ਕੰਮਾਂ ਨੂੰ ਕਰਨ ਵਿੱਚ ਦਿੱਕਤਾਂ ਆਉਂਦੀਆਂ ਹਨ।
ਡਾ. ਕ੍ਰਿਸਟਿਲ ਕਹਿੰਦੇ ਹਨ, "ਪਰ ਇਨਸਾਨ ਹੋਰ ਵੀ ਗੁੰਝਲਦਾਰ ਹਨ।"
ਉਹ ਕਹਿੰਦੇ ਹਨ ਕਿ ਉਨ੍ਹਾਂ ਨੇ ਆਪਣੀ ਗਰਭ ਅਵਸਥਾ ਦੌਰਾਨ ਨਿੱਜੀ ਤੌਰ 'ਤੇ ਕਿਸੇ ਵੀ "ਪ੍ਰੈਗਨੈਂਸੀ ਬ੍ਰੇਨ" ਦਾ ਅਨੁਭਵ ਨਹੀਂ ਕੀਤਾ, ਪਰ ਤੀਜੀ ਤਿਮਾਹੀ ਵਿੱਚ ਨਿਸ਼ਚਿਤ ਤੌਰ 'ਤੇ ਵਧੇਰੇ ਥੱਕੀ ਅਤੇ ਭਾਵਨਾਤਮਕ ਮਹਿਸੂਸ ਕਰ ਰਹੀ ਸਨ।
ਅਗਲਾ ਕਦਮ 10 ਤੋਂ 20 ਔਰਤਾਂ ਦੇ ਵਿਸਤ੍ਰਿਤ ਦਿਮਾਗ ਦੀਆਂ ਤਸਵੀਰਾਂ ਅਤੇ ਖਾਸ ਸਮਾਂ ਬਿੰਦੂਆਂ 'ਤੇ ਬਹੁਤ ਵੱਡੇ ਨਮੂਨੇ ਤੋਂ ਡਾਟਾ ਇਕੱਠਾ ਕਰਨਾ ਹੈ ਅਤੇ ਵੱਖ-ਵੱਖ ਤਜ਼ਰਬਿਆਂ ਦੀ ਵਿਸ਼ਾਲ ਸ਼੍ਰੇਣੀ ਨੂੰ ਹਾਸਲ ਕਰਨ ਲਈ।
ਇਸ ਤਰ੍ਹਾਂ, ਡਾਕਟਰ ਕ੍ਰਿਸਟਿਲ ਕਹਿੰਦੇ ਹਨ, "ਅਸੀਂ ਇਹ ਨਿਰਧਾਰਤ ਕਰ ਸਕਦੇ ਹਾਂ ਕਿ ਕੀ ਇਹਨਾਂ ਵਿੱਚੋਂ ਕੋਈ ਵੀ ਤਬਦੀਲੀ ਪੋਸਟਪਾਰਟਮ ਡਿਪਰੈਸ਼ਨ ਵਰਗੀਆਂ ਚੀਜ਼ਾਂ ਦੀ ਭਵਿੱਖਬਾਣੀ ਕਰਨ ਵਿੱਚ ਮਦਦ ਕਰ ਸਕਦੀ ਹੈ ਜਾਂ ਇਹ ਸਮਝਣ ਵਿੱਚ ਮਦਦ ਕਰ ਸਕਦੀ ਹੈ ਕਿ ਪ੍ਰੀ-ਐਕਲੈਂਪਸੀਆ ਵਰਗੀ ਕੋਈ ਚੀਜ਼ ਦਿਮਾਗ ਨੂੰ ਕਿਵੇਂ ਪ੍ਰਭਾਵਿਤ ਕਰ ਸਕਦੀ ਹੈ।"
(ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ)












