ਕੇਸਰ ਦੀ ਖੇਤੀ ਲਈ ਇਸ ਭੈਣ-ਭਰਾ ਦੀ ਜੋੜੀ ਨੇ ਕਿਵੇਂ ਲੁਧਿਆਣੇ ਵਿੱਚ ਕਸ਼ਮੀਰ ਵਾਲਾ 'ਮੌਸਮ' ਬਣਾਇਆ

ਆਸਥਿਕਾ ਨਾਰੂਲਾ ਅਤੇ ਭਰਾ ਸ਼ੰਕਰ ਨਾਰੂਲਾ
ਤਸਵੀਰ ਕੈਪਸ਼ਨ, ਆਸਥਿਕਾ ਨਾਰੂਲਾ ਅਤੇ ਭਰਾ ਸ਼ੰਕਰ ਨਾਰੂਲਾ 2024 ਤੋਂ ਖੇਤੀ ਕਰ ਰਹੇ ਹਨ
    • ਲੇਖਕ, ਹਰਮਨਦੀਪ ਸਿੰਘ
    • ਰੋਲ, ਬੀਬੀਸੀ ਪੱਤਰਕਾਰ

ਕੇਸਰ ਦੀ ਖੇਤੀ ਵਾਸਤੇ ਕਸ਼ਮੀਰ ਸੰਸਾਰ ਭਰ ਵਿੱਚ ਪ੍ਰਸਿੱਧ ਹੈ। ਪਰ ਅੱਜ ਕੱਲ ਇਸ ਭੈਣ-ਭਰਾ ਦੀ ਜੋੜੀ ਦੀ ਬਦੌਲਤ ਲੁਧਿਆਣਾ ਵਿੱਚ ਵੀ ਕੇਸਰ ਦੀ ਖੇਤੀ ਹੋ ਰਹੀ ਹੈ।

ਲੁਧਿਆਣਾ ਦੀ ਰਹਿਣ ਵਾਲੀ ਆਸਥਿਕਾ ਨਾਰੂਲਾ ਅਤੇ ਉਸ ਦਾ ਭਰਾ ਸ਼ੰਕਰ ਨਾਰੂਲਾ ਕੇਸਰ ਦੀ 'ਕਮਰਾ ਬੰਦ' (ਇੰਨਡੋਰ ਫ਼ਾਰਮਿੰਗ) ਖੇਤੀ ਕਰਦੇ ਹਨ।

ਭਾਵੇਂ ਪੰਜਾਬ ਵਿੱਚ ਕੇਸਰ ਦੀ ਖੇਤੀ ਵਾਸਤੇ ਜਲਵਾਯੂ ਅਨਕੂਲ ਨਹੀਂ ਹੈ, ਪਰ ਇਸ ਭੈਣ-ਭਰਾ ਨੇ 'ਬਣਾਵਟੀ ਮੌਸਮ' ਦਾ ਪ੍ਰਬੰਧ ਕਰ ਕੇ ਸੂਬੇ ਵਿੱਚ ਕੇਸਰ ਦੀ ਖੇਤੀ ਕਰ ਕੇ ਮਿਸਾਲ ਪੈਦਾ ਕੀਤੀ ਹੈ।

ਬੀਬੀਸੀ ਪੰਜਾਬੀ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ 'ਤੇ ਕਲਿੱਕ ਕਰੋ

ਬਣਾਵਟੀ ਜਲਵਾਯੂ ਦੀ ਮਦਦ ਨਾਲ ਇੰਨ੍ਹਾਂ ਨੇ ਸਿਰਫ਼ ਮਿਸਾਲ ਹੀ ਪੈਦਾ ਨਹੀਂ ਕੀਤੀ ਸਗੋਂ ਇਹ ਕੋਸ਼ਿਸ਼ ਇਨ੍ਹਾਂ ਨੂੰ ਮੁਨਾਫਾ ਵੀ ਦੇ ਰਹੀ ਹੈ।

ਇਹ ਭੈਣ ਭਰਾ ਦਾਅਵਾ ਕਰਦੇ ਹਨ ਕਿ ਇੰਨ੍ਹਾਂ ਨੇ ਪਹਿਲੇ ਸਾਲ ਹੀ ਕੇਸਰ ਦੀ ਖੇਤੀ ਤੋਂ ਲੱਖਾਂ ਦਾ ਮੁਨਾਫ਼ਾ ਵੀ ਖੱਟਿਆ ਹੈ, ਉਹ ਵੀ ਸਿਰਫ਼ 616 ਵਰਗ ਫੁੱਟ ਦੇ ਖੇਤਰ ਵਿੱਚੋਂ।

ਵੀਡੀਓ ਕੈਪਸ਼ਨ, ਕੇਸਰ ਦੀ ਖੇਤੀ ਲਈ ਇਸ ਭੈਣ-ਭਰਾ ਦੀ ਜੋੜੀ ਨੇ ਕਿਵੇਂ ਲੁਧਿਆਣੇ 'ਚ ਠੰਡਾ 'ਮੌਸਮ' ਬਣਾਇਆ

ਉਨ੍ਹਾਂ ਨੇ ਕਿਹਾ, "ਅਸੀਂ ਸਾਲ 2024 ਤੋਂ ਕੇਸਰ ਦੀ ਖੇਤੀ ਕਰ ਰਹੇ ਹਾਂ। ਪਿਛਲੇ ਸਾਲ ਫ਼ਰਵਰੀ ਵਿੱਚ ਕੇਸਰ ਦੀ ਖੇਤੀ ਵਾਸਤੇ ਕਮਰਾ ਤਿਆਰ ਕਰਨਾ ਸ਼ੁਰੂ ਕਰ ਦਿੱਤਾ ਸੀ। ਅਸੀਂ ਪਿਛਲੇ ਸਾਲ ਅਗਸਤ ਵਿੱਚ ਕੇਸਰ ਦਾ ਬੀਜ ਬੀਜਿਆ ਸੀ।"

"ਅਸੀਂ 1800 ਕਿਲੋ ਬੀਜ ਬੀਜਿਆ ਸੀ ਜਿਸ ਤੋਂ 1.3 ਕਿਲੋ ਫ਼ਸਲ ਦੀ ਪੈਦਾਵਾਰ ਹੋਈ ਸੀ। ਉਮੀਦ ਹੈ ਕਿ ਇਸ ਸਾਲ ਕੇਸਰ ਦੀ ਪੈਦਾਵਾਰ ਵੱਧ ਕੇ ਢਾਈ ਕਿਲੋ ਹੋ ਜਾਵੇਗੀ। ਪਹਿਲੇ ਲਗਭਗ 15 ਲੱਖ ਦੀ ਆਮਦਨ ਹੋਈ ਸੀ ਅਤੇ ਇਸ ਸਾਲ ਇਹ ਆਮਦਨ ਵਧਣ ਦੀ ਸੰਭਾਵਨਾ ਹੈ।"

ਕੇਸਰ
ਤਸਵੀਰ ਕੈਪਸ਼ਨ, ਭੈਣ-ਭਰਾ ਦਾ ਦਾਅਵਾ ਹੈ ਕਿ ਉਨ੍ਹਾਂ ਨੂੰ ਇਸ ਵਿੱਚੋਂ ਲੱਖਾਂ ਦੀ ਕਮਾਈ ਹੋਈ

ਕੇਸਰ ਕਿੱਥੇ ਵਿਕਿਆ

ਸ਼ੰਕਰ ਨਰੂਲਾ ਦੱਸਦੇ ਹਨ ਕਿ ਕੇਸਰ ਦੀ ਮੰਗ ਦੇਸ਼ ਅਤੇ ਵਿਦੇਸ਼ਾਂ ਵਿੱਚ ਵੀ ਹੈ। ਵਿਦੇਸ਼ਾਂ ਵਿੱਚ ਭਾਰਤ ਦੇ ਮੁਕਾਬਲੇ ਵੱਧ ਕੀਮਤ ਮਿਲਦੀ ਹੈ। ਇਸ ਲਈ ਉਹ ਵਿਦੇਸ਼ਾਂ ਵਿੱਚ ਵੇਚਣ ਨੂੰ ਤਰਜੀਹ ਦਿੰਦੇ ਹਨ।

ਸ਼ੰਕਰ ਨਰੂਲਾ ਕਹਿੰਦੇ ਹਨ, "ਕੇਸਰ ਦੀ ਮੰਗ ਭਾਰਤ ਵਿੱਚ ਵੀ ਹੈ ਅਤੇ ਵਿਦੇਸ਼ਾਂ ਵਿੱਚ ਵੀ ਹੈ। ਇਹ ਖੇਤੀ ਕਰਨ ਵਾਲੇ ਕਿਸਾਨ ਦੀ ਇੱਛਾ ਹੈ ਕਿ ਉਹ ਕਿਸ ਨੂੰ ਕਿੱਥੇ ਵੇਚਣਾ ਚਾਹੁੰਦਾ ਹੈ। ਸਾਡੇ ਮੁਤਾਬਕ ਕੇਸਰ ਦੀ ਜ਼ਿਆਦਾ ਮੰਗ ਵਿਦੇਸ਼ਾਂ ਵਿੱਚ ਹੈ ਅਤੇ ਵਿਦੇਸ਼ਾਂ ਵਿੱਚ ਕੇਸਰ ਦੀ ਕੀਮਤ ਵੀ ਵੱਧ ਮਿਲਦੀ ਹੈ।"

"ਅਸੀਂ ਕੇਸਰ ਦਾ ਨਿਰਯਾਤ ਕੀਤਾ ਸੀ। ਸਾਨੂੰ ਇੱਕ ਆਰਡਰ ਕੈਨੇਡਾ ਅਤੇ ਇੱਕ ਆਸਟਰੇਲੀਆ ਤੋਂ ਮਿਲਿਆ ਸੀ। ਇਹ ਦੋਵੇਂ ਆਰਡਰ ਲਗਭਗ 15 ਲੱਖ ਰੁਪਏ ਦੇ ਸਨ।"

ਆਸਥਿਕਾ ਨਾਰੂਲਾ
ਤਸਵੀਰ ਕੈਪਸ਼ਨ, ਆਸਥਿਕਾ ਨਾਰੂਲਾ ਹਿਊਮੈਨਟੀਜ਼ ਵਿੱਚ ਗਰੈਜੂਏਟ ਹੈ
ਇਹ ਵੀ ਪੜ੍ਹੋ

ਇੰਨਡੋਰ ਫਾਰਮਿੰਗ ਕੀ ਹੈ ਅਤੇ ਕਿਵੇਂ ਸੰਭਵ ਹੋਈ

ਇਨਡੋਰ ਫਾਰਮਿੰਗ ਇੱਕ ਨਿਯੰਤਰਿਤ ਵਾਤਾਵਰਨ ਵਿੱਚ ਫ਼ਸਲਾਂ ਉਗਾਉਣ ਦੀ ਵਿਧੀ ਹੈ। ਆਮ ਤੌਰ 'ਤੇ ਇਹ ਕਿਸੇ ਇਮਾਰਤ ਜਾਂ ਢਾਂਚੇ ਦੇ ਅੰਦਰ ਹੁੰਦਾ ਹੈ।

ਦੋਵੇਂ ਭੈਣ ਭਰਾ ਵੀ ਕੇਸਰ ਦੀ ਇੰਨਡੋਰ ਫਾਰਮਿੰਗ ਕਰਦੇ ਹਨ। ਇਨ੍ਹਾਂ ਨੇ ਇੱਕ ਅਜਿਹਾ ਕਮਰਾ ਸਥਾਪਤ ਕੀਤਾ ਹੈ, ਜਿੱਥੇ ਇਨ੍ਹਾਂ ਨੇ ਚਿਲੱਰ, ਇਨਸੁਲੇਸ਼ਨ, ਲਾਈਟਾਂ, ਰੈਕ, ਟਰੇਅ ਅਤੇ ਹੋਰ ਉਪਕਰਣ ਲਗਾ ਕੇ ਕੇਸਰ ਦੀ ਖੇਤੀ ਵਾਸਤੇ ਲੋੜੀਂਦਾ ਵਾਤਾਵਰਨ ਮੁਹੱਈਆ ਕਰਵਾਇਆ ਹੈ।

ਪੰਜਾਬ ਦਾ ਮੌਸਮ ਕੇਸਰ ਦੀ ਖੇਤੀ ਵਾਸਤੇ ਢੁਕਵਾਂ ਨਹੀਂ ਹੈ। ਪਰ ਇਨ੍ਹਾਂ ਭੈਣ ਭਰਾਵਾਂ ਨੇ ਕਮਰੇ ਵਿੱਚ ਤਾਪਮਾਨ ਨੂੰ ਕੰਟਰੋਲ ਕਰਕੇ ਕੇਸਰ ਦੀ ਖੇਤੀ ਲਈ ਲੋੜੀਂਦੇ ਜਲਵਾਯੂ ਦਾ ਪ੍ਰਬੰਧ ਕੀਤਾ ਹੈ।

ਸ਼ੰਕਰ ਨੇ ਦੱਸਿਆ ਕਿ ਤਾਪਮਾਨ ਨੂੰ ਕੰਟਰੋਲ ਕਰਨ ਵਾਲਾ ਕਮਰਾ ਤਿਆਰ ਕਰਨ ਉੱਤੇ ਲਗਭਗ 50 ਤੋਂ 55 ਲੱਖ ਦਾ ਖਰਚਾ ਆਇਆ।

ਆਸਥਿਕਾ ਨਾਰੂਲਾ
ਤਸਵੀਰ ਕੈਪਸ਼ਨ, ਆਸਥਿਕਾ ਆਪਣੇ ਪਿਤਾ ਤੋਂ ਪ੍ਰੇਰਿਤ ਹੋ ਕੇ ਖੇਤੀ ਵੱਲ ਆਏ

ਕੇਸਰ ਦੀ ਖੇਤੀ ਵਾਸਤੇ ਕੀ ਚੁਣੌਤੀਆਂ ਹਨ

ਸ਼ੰਕਰ ਨੇ ਦੱਸਿਆ ਕਿ ਕੇਸਰ ਦੀ ਇੰਨਡੋਰ ਫਾਰਮਿੰਗ ਵਿੱਚ ਸਭ ਤੋਂ ਵੱਡੀ ਚੁਣੌਤੀ ਇਸ ਦੀ ਗੁਣਵੱਤਾ ਨੂੰ ਯਕੀਨੀ ਬਣਾਉਣਾ ਹੈ। ਇਹ ਧਿਆਨ ਰੱਖਣਾ ਪੈਂਦਾ ਹੈ ਕਿ ਫ਼ਸਲ ਨੂੰ ਕਿੰਨੇ ਡਿਗਰੀ ਤਾਪਮਾਨ, ਨਮੀ ਅਤੇ ਰੌਸ਼ਨੀ ਮੁਹੱਈਆ ਕਰਵਾਉਣੀ ਹੈ।

ਉਹ ਦੱਸਦੇ ਹਨ, "ਕੇਸਰ ਦੀ ਖੇਤੀ ਸਭ ਤੋਂ ਵੱਧ ਕਸ਼ਮੀਰ ਵਿੱਚ ਹੁੰਦੀ ਹੈ। ਉਥੇ ਕੁਦਰਤੀ ਤੌਰ ਉੱਤੇ ਸਭ ਮੌਜੂਦ ਹੈ ਜੋ ਕੇਸਰ ਦੀ ਫ਼ਸਲ ਵਾਸਤੇ ਲੋੜੀਂਦਾ ਹੈ। ਇਹ ਸਾਰੇ ਪ੍ਰਬੰਧ ਸਾਨੂੰ ਕਰਨੇ ਪੈਂਦੇ ਹਨ।"

"ਇਸ ਲਈ ਸਭ ਤੋਂ ਵੱਡੀ ਚੁਣੌਤੀ ਤਾਪਮਾਨ ਨੂੰ ਕੰਟਰੋਲ ਕਰਨਾ ਹੈ ਕਿਉਂਕਿ ਜੇਕਰ ਇੱਕ ਜਾਂ ਦੋ ਡਿਗਰੀ ਤਾਪਮਾਨ ਵੀ ਲੋੜ ਨਾਲੋਂ ਵੱਧ ਜਾਂ ਘੱਟ ਹੋ ਗਿਆ ਤਾਂ ਫ਼ਸਲ ਖ਼ਰਾਬ ਹੋ ਜਾਵੇਗੀ।"

ਦੋਹਾਂ ਦੀ ਪੜ੍ਹਾਈ ਅਤੇ ਪਰਿਵਾਰਕ ਪਿਛੋਕੜ ਕੀ ਹੈ

ਸ਼ੰਕਰ ਨਰੂਲਾ ਨੇ ਬੈਚਲਰ ਆਫ਼ ਕੰਪਿਊਟਰ ਐਪਲੀਕੇਸ਼ਨਜ਼ (ਬੀਸੀਏ) ਦੀ ਪੜ੍ਹਾਈ ਕੀਤੀ ਹੋਈ ਹੈ ਅਤੇ ਹੁਣ ਉਹ ਖੇਤੀ ਦੇ ਨਾਲ ਨਾਲ ਐੱਮਬੀਏ ਦੀ ਪੜ੍ਹਾਈ ਕਰ ਰਿਹਾ ਹੈ। ਆਸਥਿਕਾ ਨਾਰੂਲਾ ਹਿਊਮੈਨਟੀਜ਼ ਵਿੱਚ ਗਰੈਜੂਏਟ ਹੈ।

ਭੈਣ-ਭਰਾਵਾਂ ਦੇ ਪਿਛੋਕੜ ਦਾ ਖੇਤੀ ਨਾਲ ਕਦੇ ਵੀ ਕੋਈ ਵਾਹ ਵਾਸਤਾ ਨਹੀਂ ਰਿਹਾ। ਇਨ੍ਹਾਂ ਦੇ ਮਾਤਾ ਪਿਤਾ ਸਰਕਾਰੀ ਨੌਕਰੀ ਕਰਦੇ ਹਨ।

ਆਸਥਿਕਾ ਨਾਰੂਲਾ ਅਤੇ ਸ਼ੰਕਰ ਨਾਰੂਲਾ
ਤਸਵੀਰ ਕੈਪਸ਼ਨ, ਦੋਵਾਂ ਨੇ 1800 ਕਿਲੋ ਬੀਜ ਬੀਜੇ ਸਨ

ਖੇਤੀ ਵੱਲ ਰੁਝਾਨ ਕਿਵੇਂ ਹੋਇਆ

ਆਸਥਿਕਾ ਨਰੂਲਾ ਨੇ ਦੱਸਿਆ ਕਿ ਉਹਨਾਂ ਦਾ ਖੇਤੀ ਵੱਲ ਰੁਝਾਨ ਉਹਨਾਂ ਦੇ ਪਿਤਾ ਕਰਕੇ ਹੋਇਆ ਹੈ।

ਆਸਥਿਕਾ ਨੇ ਦੱਸਿਆ, "ਮੇਰੇ ਪਿਤਾ ਬੈਂਕਿੰਗ ਸੈਕਟਰ ਵਿੱਚ ਸਰਕਾਰੀ ਨੌਕਰੀ ਕਰਦੇ ਹਨ। ਉਹਨਾਂ ਦੀ ਰੁਚੀ ਕੇਸਰ ਦੀ ਖੇਤੀ ਵਿੱਚ ਸੀ। ਇਸ ਲਈ ਉਹਨਾਂ ਨੇ ਪਿਛਲੇ ਪੰਜ-ਛੇ ਸਾਲ ਕੇਸਰ ਦੀ ਖੇਤੀ ਬਾਰੇ ਰਿਸਰਚ ਕਰਨ ਵਿੱਚ ਬਤੀਤ ਕੀਤੇ।"

ਸ਼ੰਕਰ ਨਰੂਲਾ ਨੇ ਦੱਸਿਆ, "ਕੇਸਰ ਉੱਤੇ ਰਿਸਰਚ ਕਰਨ ਤੋਂ ਬਾਅਦ ਮੇਰੇ ਪਿਤਾ ਨੇ ਇਹ ਵਿਚਾਰ ਸਾਡੇ ਨਾਲ ਸਾਂਝਾ ਕੀਤਾ। ਸਾਨੂੰ ਇਹ ਵਿਚਾਰ ਬਹੁਤ ਵਧੀਆ ਲੱਗਾ। ਇਸ ਮਗਰੋਂ ਅਸੀਂ ਕੇਸਰ ਦੀ ਖੇਤੀ ਦੀ ਸਿਖਲਾਈ ਵੀ ਲਈ।"

ਆਸਥਿਕਾ ਦਾ ਕਹਿਣਾ ਹੈ, "ਖੇਤੀ ਵਿੱਚ ਕਈ ਨਵੀਆਂ ਤਕਨੀਕਾਂ ਆਈਆਂ ਹਨ। ਜਿਵੇਂ ਇਨਡੋਰ ਫਾਰਮਿੰਗ ਵੀ ਇਨ੍ਹਾਂ ਤਕਨੀਕਾਂ ਵਿੱਚੋਂ ਇੱਕ ਹੈ। ਇਸ ਲਈ ਅਜਿਹੇ ਖੇਤੀ ਵਿੱਚ ਉਨੀਆਂ ਚੁਨੌਤੀਆਂ ਨਹੀਂ ਹਨ ਜਿੰਨੀਆਂ ਰਵਾਇਤੀ ਖੇਤੀ ਵਿੱਚ ਸਨ। ਜਿਵੇਂ ਕੀ ਧੁੱਪ ਅਤੇ ਮਿੱਟੀ ਵਿੱਚ ਕੰਮ ਕਰਨਾ। ਨਵੀਂਆਂ ਤਕਨੀਕਾਂ ਕਰਕੇ ਜ਼ਿਆਦਾ ਸਰੀਰਕ ਤਾਕਤ ਦੀ ਲੋੜ ਨਹੀਂ ਰਹੀਂ। ਔਰਤਾਂ ਵੀ ਖੇਤੀ ਵਿੱਚ ਮੋਹਰੀ ਭੂਮਿਕਾ ਨਿਭਾ ਸਕਦੀਆਂ ਹਨ।"

ਕੇਸਰ
ਤਸਵੀਰ ਕੈਪਸ਼ਨ, ਭੈਣ-ਭਰਾ ਕਹਿੰਦੇ ਹਨ ਕਿ ਵਿਦੇਸ਼ਾਂ ਵਿੱਚ ਕੇਸਰ ਵਿਕਣ ਦਾ ਫਾਇਦਾ ਜ਼ਿਆਦਾ ਹੈ

ਕੇਸਰ ਦੀ ਖੇਤੀ ਕਿਵੇਂ ਕੀਤੀ ਜਾ ਸਕਦੀ ਹੈ

ਦੋਵਾਂ ਨੇ ਦੱਸਿਆ ਕਿ ਪੰਜਾਬ ਵਿੱਚ ਕੇਸਰ ਦੀ ਖੇਤੀ ਕਰਨ ਲਈ ਸਭ ਤੋਂ ਪਹਿਲਾਂ ਕੇਸਰ ਲਈ ਢੁਕਵੇਂ ਤਾਪਮਾਨ ਦਾ ਪ੍ਰਬੰਧ ਕਰਨਾ ਜ਼ਰੂਰੀ ਹੈ।

ਆਸਥਿਕਾ ਨੇ ਦੱਸਿਆ ਜਲਵਾਯੂ ਜਾਂ ਤਾਪਮਾਨ ਕੰਟਰੋਲ ਕਰਨ ਵਾਲਾ ਕਮਰਾ ਸਥਾਪਿਤ ਕਰਨ ਤੋਂ ਕਸ਼ਮੀਰ ਤੋਂ ਕੇਸਰ ਦਾ ਬੀਜ ਖ਼ਰੀਦ ਕੇ, ਐਂਟੀਫੰਗਲ ਟਰੀਟਮੈਂਟ ਕਰਕੇ ਬਿਜਾਈ ਕੀਤੀ ਜਾਂਦੀ ਹੈ। ਫਿਰ ਤਿੰਨ-ਚਾਰ ਮਹੀਨੇ ਸਾਂਭ ਸੰਭਾਲ ਕਰਨ ਮਗਰੋਂ ਫ਼ਸਲ ਮਿਲਦੀ ਹੈ।

ਆਸਥਿਕਾ ਨੇ ਜਾਣਕਾਰੀ ਦਿੱਤੀ ਕਿ ਕੇਸਰ ਦੀ ਇਨਡੋਰ ਖੇਤੀ ਵਿੱਚ ਇਸ ਦੀ ਬਿਜਾਈ ਜੁਲਾਈ ਦੇ ਆਖ਼ਰ ਜਾਂ ਅਗਸਤ ਦੀ ਸ਼ੁਰੂਆਤ ਵਿੱਚ ਕੀਤੀ ਜਾ ਸਕਦੀ ਹੈ।

ਉਹ ਆਖਦੇ ਹਨ, "ਅਸੀਂ ਜੁਲਾਈ ਦੇ ਆਖਿਰ ਵਿੱਚ ਕੇਸਰ ਦੀ ਬਜਾਈ ਕੀਤੀ ਸੀ ਅਤੇ ਨਵੰਬਰ ਮਹੀਨੇ ਫਲਾਵਰਿੰਗ ਸ਼ੁਰੂ ਹੋ ਜਾਂਦੀ ਹੈ।"

ਖੇਤੀਬਾੜੀ ਅਫ਼ਸਰ ਨੇ ਕੀ ਕਿਹਾ

ਲੁਧਿਆਣਾ ਦੇ ਖੇਤੀਬਾੜੀ ਅਫਸਰ ਗੁਰਦੀਪ ਸਿੰਘ ਨੇ ਕਿਹਾ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਜਾਂ ਪੰਜਾਬ ਦੇ ਖੇਤੀਬਾੜੀ ਵਿਭਾਗ ਵੱਲੋਂ ਕੇਸਰ ਦੀ ਖੇਤੀ ਬਾਰੇ ਕੋਈ ਵੀ ਸਿਫਾਰਸ਼ ਨਹੀਂ ਕੀਤੀ ਗਈ।

ਕੇਸਰ ਦੀ ਖੇਤੀ ਲਈ ਬਹੁਤ ਹੀ ਘੱਟ ਤਾਪਮਾਨ ਜਾਂ ਠੰਢੀ ਜਗ੍ਹਾ ਦੀ ਲੋੜ ਹੁੰਦੀ ਹੈ ਅਤੇ ਇਹ ਤਾਪਮਾਨ ਪੰਜਾਬ ਵਿੱਚ ਨਹੀਂ ਹੈ।

ਉਨ੍ਹਾਂ ਕਿਹਾ, "ਸਾਡੇ ਧਿਆਨ ਵਿੱਚ ਆਇਆ ਹੈ ਕਿ ਕੁਝ ਲੋਕ ਤਾਪਮਾਨ ਨੂੰ ਕੰਟਰੋਲ ਕਰ ਕੇ ਇਨਡੋਰ ਫਾਰਮਿੰਗ ਜ਼ਰੀਏ ਕੇਸਰ ਦੀ ਖੇਤੀ ਕਰ ਰਹੇ ਹਨ। ਇਹ ਬਹੁਤ ਮਹਿੰਗਾ ਕਾਰਜ ਹੈ।"

ਇਹ ਵੀ ਪੜ੍ਹੋ-

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)