ਕੀ ਤੁਸੀਂ ਬਿਨਾਂ ਮਿੱਟੀ ਤੋਂ ਫ਼ਸਲ ਉੱਗਦੀ ਦੇਖੀ ਹੈ, ਜਾਣੋ ਕਰੋੜਾਂ ਦਾ ਪੈਕੇਜ ਛੱਡ ਕੇ ਇਸ ਨੌਜਵਾਨ ਕਿਸਾਨ ਨੇ ਇਹ ਖੇਤੀ ਕਿਉਂ ਸ਼ੁਰੂ ਕੀਤੀ

ਪ੍ਰਿਤਪਾਲ ਸਿੰਘ
ਤਸਵੀਰ ਕੈਪਸ਼ਨ, ਪ੍ਰਿਤਪਾਲ ਸਿੰਘ ਰੋਪੜ ਜ਼ਿਲ੍ਹੇ ਦੇ ਪਿੰਡ ਨੂਰਪੁਰ ਬੇਦੀ ਨੇੜੇ ਰਹਿੰਦੇ ਹਨ
    • ਲੇਖਕ, ਨਵਜੋਤ ਕੌਰ
    • ਰੋਲ, ਬੀਬੀਸੀ ਪੱਤਰਕਾਰ

ਕੀ ਤੁਸੀਂ ਬਿਨਾਂ ਮਿੱਟੀ ਤੋਂ ਫਸਲ ਉਗਦੀ ਦੇਖੀ ਹੈ?

ਜੇਕਰ ਨਹੀਂ ਤਾਂ ਬੀਬੀਸੀ ਤੁਹਾਡੇ ਲਈ ਲੈ ਕੇ ਆਇਆ ਇਹ ਖ਼ਾਸ ਰਿਪੋਰਟ ਜਿਸ ਦੇ ਵਿੱਚ ਤੁਸੀਂ ਪੜ੍ਹੋਗੇ ਕਿ ਕਿਵੇਂ ਬਿਨਾਂ ਮਿੱਟੀ ਤੋਂ ਕਿਸਾਨ ਫ਼ਸਲ ਉਗਾ ਸਕਦੇ ਹਨ ਅਤੇ ਮਹੀਨੇ ਦੇ ਲੱਖਾਂ ਰੁਪਏ ਵੀ ਕਮਾ ਸਕਦੇ ਹਨ।

ਬਿਨਾਂ ਮਿੱਟੀ ਤੋਂ ਫ਼ਸਲ ਉਗਾ ਕੇ ਲੱਖਾਂ ਰੁਪਏ ਕਮਾਉਣ ਦਾ ਦਾਅਵਾ ਕਰਦੇ ਹਨ ਨੌਜਵਾਨ ਕਿਸਾਨ ਪ੍ਰਿਤਪਾਲ ਸਿੰਘ।

ਪ੍ਰਿਤਪਾਲ ਸਿੰਘ ਰੋਪੜ ਜ਼ਿਲ੍ਹੇ ਦੇ ਪਿੰਡ ਨੂਰਪੁਰ ਬੇਦੀ ਨੇੜੇ ਰਹਿੰਦੇ ਹਨ। ਉਹ ਬਾਕੀ ਕਿਸਾਨਾਂ ਤੋਂ ਹੱਟ ਕੇ ਹਾਈਡ੍ਰੋਪੋਨਿਕ ਖੇਤੀ ਕਰਦੇ ਹਨ। ਜਿਸ ਦੇ ਵਿੱਚ ਉਹ ਬਿਨਾਂ ਮਿੱਟੀ ਤੋਂ ਲੈਟਿਸ (ਸਲਾਦ ਪੱਤਾ) ਉਗਾਉਂਦੇ ਹਨ।

ਹਾਈਡ੍ਰੋਪੋਨਿਕ ਖੇਤੀ ਕੀ ਹੈ?

ਖੇਤੀਬਾੜੀ ਮਾਹਰ ਦਵਿੰਦਰ ਸ਼ਰਮਾ ਮੁਤਾਬਕ ਹਾਈਡ੍ਰੋਪੋਨਿਕ ਦਾ ਮਤਲਬ ਹੈ ਪਾਣੀ ਵਿੱਚ ਉੱਗਣ ਵਾਲੀਆਂ ਫਸਲਾਂ। ਇਨ੍ਹਾਂ ਲਈ ਮਿੱਟੀ ਦੀ ਲੋੜ ਨਹੀਂ ਹੁੰਦੀ।"

ਦਵਿੰਦਰ ਸ਼ਰਮਾ ਕਹਿੰਦੇ ਹਨ, "ਇਹ ਆਧੁਨਿਕ ਤਰੀਕਾ ਹੈ। ਅਜੇ ਬਹੁਤ ਘੱਟ ਲੋਕ ਇਹ ਤਰੀਕਾ ਅਪਨਾ ਰਹੇ ਹਨ। ਇਸ ਵਿਧੀ ਦੀ ਵਰਤੋਂ ਜ਼ਿਆਦਾਤਰ ਵਿਦੇਸ਼ ਵਿੱਚ ਕੀਤੀ ਜਾਂਦੀ ਹੈ ਪਰ ਹੁਣ ਸਮੇਂ ਦੇ ਨਾਲ-ਨਾਲ ਭਾਰਤ ਅਤੇ ਪੰਜਾਬ ਵਿੱਚ ਵੀ ਲੋਕ ਹਾਈਡ੍ਰੋਪੋਨਿਕ ਤਕਨੀਕ ਵੱਲ ਵੱਧ ਰਹੇ ਹਨ।"

ਬੀਬੀਸੀ ਪੰਜਾਬੀ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

ਕਰੋੜਾਂ ਦੀ ਨੌਕਰੀ ਛੱਡ ਖੇਤੀ ਕਰਨ ਲੱਗੇ ਪ੍ਰਿਤਪਾਲ

ਵੀਡੀਓ ਕੈਪਸ਼ਨ, ਕੀ ਤੁਸੀਂ ਬਿਨਾਂ ਮਿੱਟੀ ਤੋਂ ਫ਼ਸਲ ਉੱਗਦੀ ਦੇਖੀ ਹੈ

ਪ੍ਰਿਤਪਾਲ ਸਿੰਘ ਆਈਐੱਮਟੀ ਨਾਗਪੁਰ ਤੋਂ ਐੱਮਬੀਏ ਗ੍ਰੈਜੂਏਟ ਹਨ। ਉਹ ਦੱਸਦੇ ਹਨ, "ਮੈਂ ਵੀ ਆਮ ਨੌਜਵਾਨਾਂ ਵਾਂਗ ਮੁੰਬਈ ਅਤੇ ਦਿੱਲੀ ਵਿੱਚ ਕਾਰਪੋਰੇਟ ਨੌਕਰੀ ਕੀਤੀ। ਪਰ ਬਚਪਨ ਤੋਂ ਖੇਤੀ ਨਾਲ ਜੁੜਿਆ ਹੋਣ ਕਰ ਕੇ ਮੇਰਾ ਮਨ ਖੇਤੀ, ਆਪਣੀ ਜ਼ਮੀਨ ਵੱਲ ਹਮੇਸ਼ਾ ਰਹਿੰਦਾ। ਮੇਰੇ ਖੂਨ ਵਿੱਚ ਖੇਤੀ ਹਮੇਸ਼ਾ ਦੌੜਦੀ ਸੀ।"

"ਇਸ ਕਰਕੇ 2020 ਵਿੱਚ ਮੈਂ ਨੌਕਰੀ ਛੱਡ ਕੇ ਖੇਤੀ ਵਿੱਚ ਆਪਣਾ ਕੰਮ ਸ਼ੁਰੂ ਕਰਨ ਦਾ ਸੋਚਿਆ। ਮੈਂ ਰਵਾਇਤੀ ਖੇਤੀ ਨਹੀਂ ਕਰਨਾ ਚਾਹੁੰਦਾ ਸੀ, ਇਸ ਲਈ ਮੈਂ ਪਹਿਲਾਂ ਫੁੱਲਾਂ ਦੀ ਖੇਤੀ ਸ਼ੁਰੂ ਕੀਤੀ।"

"ਹੌਲੀ ਹੌਲੀ ਮੈਨੂੰ ਸਮਝ ਆਉਣ ਲੱਗਿਆ ਕਿ ਮਿੱਟੀ ਰਾਹੀਂ ਫਸਲਾਂ ਨੂੰ ਕਈ ਬਿਮਾਰੀਆਂ ਦਾ ਸਾਹਮਣਾ ਕਰਨਾ ਪੈਂਦਾ। ਫੇਰ ਇਸ ਤੋਂ ਬਾਅਦ ਹਾਈਡ੍ਰੋਪੋਨਿਕ ਤਕਨੀਕ ਬਾਰੇ ਖੋਜ ਕੀਤੀ। ਮੈਂ ਦੇਖਿਆ ਕਿ ਵਿਦੇਸ਼ ਵਿੱਚ ਕਿਸਾਨ ਬਿਨਾਂ ਮਿੱਟੀ ਤੋਂ ਖੇਤੀ ਕਰ ਰਹੇ ਹਨ ਇਸ ਲਈ ਫੇਰ ਮੈਂ ਵੀ ਹਾਈਡ੍ਰੋਪੋਨਿਕ ਨੂੰ ਜ਼ਮੀਨੀ ਪੱਧਰ ਉੱਤੇ ਅਪਣਾ ਲਿਆ ਅਤੇ ਆਪਣੀ ਕੰਪਨੀ ਫਾਰਮਕਲਟ ਦੀ ਸਥਾਪਨਾ ਕੀਤੀ।"

ਲੈਟਸ

ਕਿਵੇਂ ਕੰਮ ਕਰਦਾ ਹੈ ਹਾਈਡ੍ਰੋਪੋਨਿਕ ਫਾਰਮ?

ਪ੍ਰਿਤਪਾਲ ਦੱਸਦੇ ਹਨ, "ਜਦੋਂ ਅਸੀਂ ਕੋਈ ਵੀ ਪੌਦਾ ਲਗਾਉਂਦੇ ਹਾਂ ਤਾਂ ਉਸ ਨੂੰ 17-18 ਪੌਸ਼ਟਿਕ ਤੱਤ ਚਾਹੀਦੇ ਹੁੰਦੇ ਹਨ। ਅਸੀਂ ਇਹ ਤੱਤ ਪੌਦੇ ਨੂੰ ਪਾਣੀ ਰਾਹੀਂ ਉਪਲਬਧ ਕਰਵਾਉਂਦੇ ਹਾਂ। ਜਿਵੇਂ ਕੈਲਸ਼ੀਅਮ ਨਾਈਟਰੇਟ, ਪੋਟਾਸ਼ੀਅਮ ਨਾਈਟਰੇਟ ਆਦਿ ਪਾਣੀ ਵਿਚੋਂ ਹੀ ਮਿਲ ਜਾਂਦਾ ਹੈ।"

ਉਹ ਅੱਗੇ ਕਹਿੰਦੇ ਹਨ, "ਹਾਈਡ੍ਰੋਪੋਨਿਕ ਵਿੱਚ ਖੀਰਾ, ਟਮਾਟਰ, ਸ਼ਿਮਲਾ ਮਿਰਚ ਵੀ ਉਗਾਈ ਜਾ ਸਕਦੀ ਹੈ ਪਰ ਮੈਂ ਪੱਤੇ ਵਾਲੀ ਸਲਾਦ (ਲੈਟਿਸ) ਉਗਾ ਰਿਹਾ ਹਾਂ। ਇਹ ਐਨਐੱਫਟੀ ਮਤਲਬ ਨਿਊਟ੍ਰੀਐਂਟ ਫਿਲਮ ਤਕਨੀਕ ਹੈ।"

"ਮੈਂ ਇੱਕ ਕਨਾਲ ਵਿੱਚ ਹਾਈਡ੍ਰੋਪੋਨਿਕ ਫਾਰਮ ਲਗਾਇਆ ਹੋਇਆ ਹੈ। ਇਸ ਨੂੰ ਨਿਯੰਤ੍ਰਿਤ ਕਰਨ ਲਈ ਔਟੋਮੈਟਿਕ ਮਸ਼ੀਨਾਂ ਲਗਾਈਆਂ ਹੋਈਆਂ ਹਨ ਜੋ ਫਾਰਮ ਦੇ ਅੰਦਰ ਵੈਂਟੀਲੇਸ਼ਨ, ਤਾਪਮਾਨ ਹਰ ਚੀਜ਼ ਆਪਣੇ ਆਪ ਕੰਟਰੋਲ ਕਰ ਲੈਂਦੀਆਂ ਹਨ।"

"ਪਾਣੀ ਦੇ ਰਾਹੀਂ ਅਸੀਂ ਸਾਰੇ ਪੌਸ਼ਟਿਕ ਤੱਤ ਆਰਟੀਫੀਸ਼ਲ ਤੌਰ ਉੱਤੇ ਪੌਦੇ ਨੂੰ ਦਿੰਦੇ ਹਾਂ। ਪਲਾਂਟ ਵਿੱਚ ਇੱਕ ਪਾਸੇ ਤੋਂ ਪਾਣੀ ਪੌਦਿਆਂ ਨੂੰ ਪਾਇਆ ਜਾਂਦਾ ਤੇ ਜੋ ਪਾਣੀ ਬਾਹਰ ਨਿਕਲਦਾ ਉਹ ਰੀਸਾਈਕਲ ਹੋ ਕੇ ਮੁੜ ਵਰਤ ਲਿਆ ਜਾਂਦਾ ਹੈ। ਅਸੀਂ ਰਵਾਇਤੀ ਖੇਤੀ ਨਾਲੋਂ 90% ਘੱਟ ਪਾਣੀ ਵਰਤ ਰਹੇ ਹਾਂ।"

ਪ੍ਰਿਤਪਾਲ ਸਿੰਘ
ਤਸਵੀਰ ਕੈਪਸ਼ਨ, ਪ੍ਰਿਤਪਾਲ ਸਿੰਘ ਫ਼ਸਲੀ ਚੱਕਰ ਤੋਂ ਮੁਕਤ ਹਨ

ਸਾਰਾ ਸਾਲ ਹੁੰਦੀ ਕਮਾਈ

ਪ੍ਰਿਤਪਾਲ ਸਿੰਘ ਦੱਸਦੇ ਹਨ, "ਹਾਈਡ੍ਰੋਪੋਨਿਕ ਖੇਤੀ ਕਰਦੇ ਵੇਲੇ ਸਭ ਤੋਂ ਜ਼ਿਆਦਾ ਧਿਆਨ ਤਾਪਮਾਨ ਦਾ ਰੱਖਣਾ ਪੈਂਦਾ ਹੈ। ਪੱਤੇ ਵਾਲੀਆਂ ਸਬਜ਼ੀਆਂ ਜੋ ਅਸੀਂ ਉਗਾਉਂਦੇ ਹਾਂ, ਉਹਨਾਂ ਨੂੰ ਬਹੁਤ ਘੱਟ ਤਾਪਮਾਨ ਚਾਹੀਦਾ ਹੁੰਦਾ ਹੈ। ਇਸ ਲਈ ਅਸੀਂ ਆਪਣੇ ਫਾਰਮ ਵਿੱਚ ਤਾਪਮਾਨ ਨੂੰ ਨਿਯੰਤਰਣ ਕਰਨ ਵਾਲੀਆਂ ਮਸ਼ੀਨਾਂ ਲਗਾਈਆਂ ਹੋਈਆਂ ਹਨ।"

"ਇਨ੍ਹਾਂ ਮਸ਼ੀਨਾਂ ਦੀ ਮਦਦ ਨਾਲ ਫਾਰਮ ਦੇ ਅੰਦਰ ਸਾਰਾ ਸਾਲ ਤਾਪਮਾਨ ਸਥਿਰ ਰਹਿੰਦਾ ਹੈ। ਮਾਨਸੂਨ, ਗਰਮੀਆਂ ਵੇਲੇ ਵੀ ਅਸੀਂ ਫਸਲਾਂ ਦੀ ਚੰਗੀ ਪੈਦਾਵਾਰ ਕਰਦੇ ਹਾਂ। ਮੌਸਮ ਸਾਡੇ ਆਮਦਨ ਵਿੱਚ ਕਦੇ ਰੁਕਾਵਟ ਨਹੀਂ ਬਣਿਆ। ਅਸੀਂ ਮਈ, ਜੂਨ ਦੇ ਮਹੀਨੇ ਵੀ ਚੰਗਾ ਮੁਨਾਫ਼ਾ ਕਮਾ ਲੈਂਦੇ ਹਾਂ।"

"ਮਈ, ਜੂਨ ਮਹੀਨੇ ਵਿੱਚ ਲੈਟਿਸ ਬਜ਼ਾਰ ਵਿੱਚ ਉਪਲਬੱਧ ਨਹੀਂ ਹੁੰਦੀ ਪਰ ਡਿਮਾਂਡ ਹਮੇਸ਼ਾ ਹੀ ਹੁੰਦੀ ਹੈ। ਇਸ ਲਈ ਇਸ ਮਹੀਨੇ ਵੀ ਅਸੀਂ ਲੈਟਿਸ ਚੰਗੇ ਭਾਅ ਉੱਤੇ ਬਜ਼ਾਰ ਵਿੱਚ ਵੇਚ ਦਿੰਦੇ ਹਾਂ।"

ਪ੍ਰਿਤਪਾਲ ਸਿੰਘ

ਫ਼ਸਲੀ ਚੱਕਰ ਤੋਂ ਮੁਕਤੀ ਦਿਵਾਉਂਦੀ ਇਹ ਤਕਨੀਕ

ਪ੍ਰਿਤਪਾਲ ਸਿੰਘ ਇਹ ਵੀ ਦਾਅਵਾ ਕਰਦੇ ਹਨ, "ਹਾਈਡ੍ਰੋਪੋਨਿਕ ਤਕਨੀਕ ਨਾਲ ਮੈਂ ਕਣਕ-ਝੋਨਾ ਫਸਲੀ ਚੱਕਰ ਤੋਂ ਮੁਕਤ ਹਾਂ। ਮੈਨੂੰ ਝੋਨੇ ਦੀ ਤਰ੍ਹਾਂ ਵਾਧੂ ਪਾਣੀ ਦੀ ਜ਼ਰੂਰਤ ਨਹੀਂ ਹੈ। ਖਾਦਾਂ ਦੀ ਜ਼ਰੂਰਤ ਨਹੀਂ ਹੈ। ਜਿਵੇਂ ਬਾਕੀ ਕਿਸਾਨ ਕਣਕ-ਝੋਨੇ ਦੇ ਫ਼ਸਲੀ ਚੱਕਰ ਵਿੱਚ ਉਲਝੇ ਹੋਏ ਹਨ, ਅਸੀਂ ਸਲਾਦ ਵਾਲੀਆਂ ਸਬਜ਼ੀਆਂ ਉਗਾ ਕੇ ਚੰਗਾ ਮੁਨਾਫ਼ਾ ਕਮਾ ਲੈਂਦੇ ਹਾਂ।"

ਉਹ ਇਹ ਵੀ ਕਹਿੰਦੇ ਹਨ, "ਹਾਈਡ੍ਰੋਪੋਨਿਕ ਖੇਤੀ ਵਿੱਚ ਫ਼ਸਲ ਨੂੰ ਬਿਮਾਰੀਆਂ ਤੋਂ ਬਚਾਉਣ ਦਾ ਕੋਈ ਡਰ ਨਹੀਂ ਹੁੰਦਾ। ਪਲਾਂਟ ਵਿੱਚ ਮਿੱਟੀ ਨਾ ਹੋਣ ਕਰਕੇ ਕੀੜੇ ਮਕੌੜੇ ਨਹੀਂ ਆਉਂਦੇ। ਮੱਛਰ ਤੋਂ ਫਸਲ ਨੂੰ ਬਚਾਉਣ ਲਈ ਅਸੀਂ ਪੂਰੇ ਪਲਾਂਟ ਵਿੱਚ ਟ੍ਰੈਪ ਲਗਾਏ ਹੋਏ ਹਨ। ਅੱਜ ਤੱਕ ਅਸੀਂ ਇੱਕ ਵਾਰ ਵੀ ਪਲਾਂਟ ਵਿੱਚ ਕੋਈ ਕੀਟਨਾਸ਼ਕ ਸਪਰੇਅ ਨਹੀਂ ਕੀਤੀ।"

ਪ੍ਰਿਤਪਾਲ ਸਿੰਘ
ਤਸਵੀਰ ਕੈਪਸ਼ਨ, ਪ੍ਰਿਤਪਾਲ ਸਿੰਘ ਆਈਐੱਮਟੀ ਨਾਗਪੁਰ ਤੋਂ ਐੱਮਬੀਏ ਗ੍ਰੈਜੂਏਟ ਹਨ

ਹਾਈਡ੍ਰੋਪੋਨਿਕ ਪਲਾਂਟ ਲਈ ਕਿੰਨਾ ਖਰਚਾ ਆਉਂਦਾ ਹੈ?

ਪ੍ਰਿਤਪਾਲ ਸਿੰਘ ਦੱਸਦੇ ਹਨ, "ਇੱਕ ਕਨਾਲ ਦੇ ਹਾਈਡ੍ਰੋਪੋਨਿਕ ਪਲਾਂਟ ਨੂੰ ਲਗਾਉਣ ਲਈ 40-45 ਲੱਖ ਰੁਪਏ ਦਾ ਖਰਚਾ ਆਉਂਦਾ ਹੈ। ਪਰ ਹਰ ਮਹੀਨੇ ਇੱਕ ਪਲਾਂਟ ਤੋਂ ਡੇਢ ਲੱਖ ਰੁਪਏ ਦਾ ਮੁਨਾਫ਼ਾ ਦੇ ਕੇ ਜਾਂਦੀ ਹੈ। ਜਿਸ ਦੇ ਨਾਲ ਤਿੰਨ ਸਾਲ ਵਿੱਚ ਸਾਡਾ ਸਾਰਾ ਖਰਚਾ ਨਿਕਲ ਜਾਂਦਾ ਹੈ।"

ਲੈਟਸ
ਤਸਵੀਰ ਕੈਪਸ਼ਨ, ਇੱਕ ਕਨਾਲ ਵਿੱਚ ਹਾਈਡ੍ਰੋਪੋਨਿਕ ਪਲਾਂਟ ਨੂੰ ਲਗਾਉਣ ਲਈ 40-45 ਲੱਖ ਰੁਪਏ ਦਾ ਖਰਚਾ ਆਉਂਦਾ ਹੈ

ਹਾਈਡ੍ਰੋਪੋਨਿਕ ਖੇਤੀ ਬਾਰੇ ਮਾਹਰ ਕੀ ਕਹਿੰਦੇ ਹਨ?

ਖੇਤੀਬਾੜੀ ਮਾਹਰ ਦਵਿੰਦਰ ਸ਼ਰਮਾ ਕਹਿੰਦੇ ਹਨ, "ਹਾਈਡ੍ਰੋਪੋਨਿਕ ਵਿਦੇਸ਼ੀ ਤਕਨੀਕ ਹੈ। ਇਸ ਨੂੰ ਬਿਜ਼ਨਸ ਲਈ ਵਰਤਿਆ ਜਾਂਦਾ ਹੈ। ਇਹ ਰਵਾਇਤੀ ਖੇਤੀ ਦੀ ਸੂਚੀ ਵਿੱਚ ਸ਼ਾਮਲ ਨਹੀਂ ਹੈ। ਹਾਈਡਰੋਪੋਨਿਕ ਤਕਨੀਕ ਪੰਜਾਬ ਵਿੱਚ ਕਿੰਨੀ ਕਾਮਯਾਬ ਹੋਵੇਗੀ ਉਹ ਸਮਾਂ ਦੱਸੇਗਾ। ਕਿਉਂਕਿ ਇਸ ਤਕਨੀਕ ਨੂੰ ਆਮ ਕਿਸਾਨ ਨਹੀਂ ਅਪਣਾ ਸਕਦੇ।"

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)