ਕਸ਼ਮੀਰੀ ਐਪਲ ਬੇਰ: ਦੋਸਤ ਦੀ ਇੱਕ ਸਲਾਹ ਨੇ ਬਦਲੀ ਕਿਸਾਨ ਦੀ ਕਿਸਮਤ, ਵਿਦੇਸ਼ਾਂ ਤੋਂ ਵੀ ਲੋਕ ਆਉਂਦੇ ਨੇ ਬਾਗ ਦੇਖਣ

ਤਸਵੀਰ ਸਰੋਤ, Kamal Saini/BBC
- ਲੇਖਕ, ਕਮਲ ਸੈਣੀ
- ਰੋਲ, ਬੀਬੀਸੀ ਸਹਿਯੋਗੀ
ਬਦਲਦੇ ਸਮੇਂ ਦੇ ਨਾਲ ਕਿਸਾਨਾਂ ਨੇ ਖੇਤੀ ਕਰਨ ਦੇ ਤਰੀਕਿਆਂ ਵਿੱਚ ਵੀ ਬਦਲਾਅ ਲਿਆਂਦਾ ਹੈ। ਜਿੱਥੇ ਇੱਕ ਪਾਸੇ ਹਰਿਆਣਾ ਦੇ ਕਿਸਾਨ ਰਵਾਇਤੀ ਖੇਤੀ ਵਿੱਚ ਹੀ ਆਪਣੀ ਦਿਲਚਸਪੀ ਰੱਖਦੇ ਸਨ ਤਾਂ ਉੱਥੇ ਹੀ ਹੁਣ ਖੇਤੀ ਵਿੱਚ ਪ੍ਰਯੋਗ ਵੀ ਕਰਨ ਲੱਗੇ ਹਨ।
ਇਸੇ ਦੇ ਹਿੱਸੇ ਵਜੋਂ ਕਿਸਾਨਾਂ ਨੇ ਬਾਗ਼ਬਾਨੀ ਵੱਲ ਰੁਖ਼ ਕੀਤਾ ਹੈ ਅਤੇ ਉਸ ਵਿੱਚ ਚੰਗਾ ਮੁਨਾਫ਼ਾ ਵੀ ਕਮਾ ਰਹੇ ਹਨ।
ਇਸ ਰਿਪੋਰਟ ਵਿੱਚ ਅਸੀਂ ਗੱਲ ਕਰਾਂਗੇ ਹਰਿਆਣਾ ਦੇ ਕਰਨਾਲ ਜ਼ਿਲ੍ਹੇ ਦੇ ਰਹਿਣ ਵਾਲੇ ਵਿਮਲ ਕੀਰਤੀ ਦੀ, ਜੋ ਰਵਾਇਤੀ ਫ਼ਸਲੀ ਗੇੜ ਵਿੱਚੋਂ ਨਿਕਲ ਕੇ ʻਕਸ਼ਮੀਰੀ ਐਪਲ ਬੇਰʼ ਦੀ ਖੇਤੀ ਕਰ ਰਹੇ ਹਨ।
ਦਰਅਸਲ, ਵਿਮਲ ਕੀਰਤੀ ਸਾਲ 2020 ਤੋਂ 2 ਏਕੜ ਜ਼ਮੀਨ ਵਿੱਚ 'ਕਸ਼ਮੀਰੀ ਐਪਲ ਬੇਰ' ਨਾਂ ਦੇ ਬੇਰ ਉਗਾ ਰਹੇ ਹਨ।
ਉਹ ਦੱਸਦੇ ਹਨ ਕਿ ਇਸ ਖੇਤੀ ਵਿੱਚ ਖਰਚਾ ਰਵਾਇਤੀ ਫ਼ਸਲਾਂ ਨਾਲੋਂ ਘੱਟ ਹੈ ਅਤੇ ਪਾਣੀ ਦੀ ਵੀ ਬੱਚਤ ਹੁੰਦੀ ਹੈ।
ਉਹ ਦਾਅਵਾ ਕਰਦੇ ਹਨ ਕਿ ਉਹ ਪ੍ਰਤੀ ਏਕੜ ਕਰੀਬ ਚਾਰ ਲੱਖ ਰੁਪਏ ਮੁਨਾਫ਼ਾ ਕਮਾ ਰਹੇ ਹਨ।

ਦੋਸਤ ਦੀ ਸਲਾਹ ʼਤੇ ਸ਼ੁਰੂ ਕੀਤੀ ਐਪਲ ਬੇਰ ਦੀ ਖੇਤੀ
ਵਿਮਲ ਕੀਰਤੀ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੇ ਦੋਸਤ ਦੀ ਸਲਾਹ ʼਤੇ ਜੂਨ 2020 ਵਿੱਚ ਐਪਲ ਬੇਰ ਦੀ ਖੇਤੀ ਸ਼ੁਰੂ ਕੀਤੀ ਸੀ ਅਤੇ ਕਰੀਬ 8 ਮਹੀਨੇ ਬਾਅਦ ਫਰਵਰੀ 2021 ਵਿੱਚ ਪਹਿਲੀ ਵਾਰ ਪੌਦੇ ਨੇ ਫ਼ਲ ਦੇਣਾ ਸ਼ੁਰੂ ਕਰ ਦਿੱਤਾ ਸੀ।
ਉਨ੍ਹਾਂ ਨੇ ਦੱਸਿਆ, "ਇਹ ਇੱਕ ਥਾਈਲੈਂਡ ਦੀ ਕਿਸਮ ਹੈ। ਇਸ ਨੂੰ ਕਸ਼ਮੀਰੀ ਐਪਲ ਬੇਰ ਵੀ ਕਹਿੰਦੇ ਹਨ ਅਤੇ ਰੈੱਡ ਥਾਈ ਬੇਰ ਵੀ ਕਹਿੰਦੇ ਹਨ। ਇਹ ਬਹੁਤ ਸੋਹਣਾ ਹੁੰਦਾ ਹੈ, ਜਿਵੇਂ ਲਾਲ ਰੰਗ ਦਾ ਸੇਬ ਹੁੰਦਾ ਹੈ, ਉਵੇਂ ਹੀ ਲਾਲ ਰੰਗ ਦਾ ਬੇਰ ਹੁੰਦਾ ਹੈ। ਇਹ ਖਾਣ ਵਿੱਚ ਬਹੁਤ ਹੀ ਸਵਾਦ ਹੁੰਦਾ ਹੈ।"
ਵਿਮਲ ਦੱਸਦੇ ਹਨ ਕਿ 50-100 ਰੁਪਏ ਦਾ ਪੌਦਾ ਆ ਜਾਂਦਾ ਹੈ। ਪੌਦੇ ਦਾ ਮੁੱਲ ਉਸ ਦੇ ਸਾਈਜ਼ ʼਤੇ ਨਿਰਭਰ ਕਰਦਾ ਹੈ। ਇਹੀ ਇਸ ਦੀ ਲਾਗਤ ਹੈ।

ਇਸ ਤੋਂ ਇਲਾਵਾ ਉਹ ਦੱਸਦੇ ਹਨ, "ਪੌਦੇ ਲਗਾਉਣ ਵਿੱਚ ਕੋਈ ਖ਼ਾਸ ਖਰਚਾ ਨਹੀਂ ਆਉਂਦਾ। ਇਸ ਪੌਦੇ ਦੀ ਖ਼ਾਸ ਗੱਲ ਇਹ ਹੈ ਕਿ ਜੇਕਰ ਇਸ ਨੂੰ ਜੂਨ ਵਿੱਚ ਲਗਾਓ ਤਾਂ ਅਗਲੇ ਸਾਲ ਇਹ ਫਰਵਰੀ ਵਿੱਚ ਫ਼ਲ ਦੇ ਦਿੰਦਾ ਹੈ। ਇਹ ਬਹੁਤ ਜਲਦੀ ਫ਼ਲ ਦੇ ਦਿੰਦਾ ਹੈ।"
"ਅਸੀਂ ਇਸ ਦੇ ਫ਼ਲ ਫਰਵਰੀ ਤੋਂ ਤੋੜਨਾ ਸ਼ੁਰੂ ਕਰ ਦਿੰਦੇ ਹਾਂ ਅਤੇ ਅਪ੍ਰੈਲ ਦੇ ਅੱਧ ਤੱਕ ਇਹ ਚੱਲਦਾ ਹੈ। ਇਸ ਨੂੰ ਜ਼ਿਆਦਾ ਦੇਖ-ਰੇਖ ਦੀ ਵੀ ਲੋੜ ਨਹੀਂ ਹੁੰਦੀ। ਬੱਸ, ਇੰਨਾ ਧਿਆਨ ਰੱਖਣਾ ਹੁੰਦਾ ਹੈ ਕਿ ਜਦੋਂ ਫੁੱਲ ਲੱਗਣ ਤਾਂ ਪਾਣੀ ਨਹੀਂ ਦੇਣਾ ਚਾਹੀਦਾ ਹੈ, ਨਹੀਂ ਤਾਂ ਫੁੱਲ ਡਿੱਗ ਜਾਂਦੇ ਹਨ।"
ਉਹ ਦੱਸਦੇ ਹਨ, "ਇਸ ਵਿੱਚ ਨਾ ਕਿਸੇ ਕਿਸਮ ਦੀ ਖਾਦ ਦੀ ਲੋੜ ਹੁੰਦੀ, ਨਾ ਜ਼ਿਆਦਾ ਪਾਣੀ ਦੀ ਅਤੇ ਨਾ ਹੀ ਇਸ ਨੂੰ ਕੋਈ ਬਿਮਾਰੀ ਲੱਗਦੀ ਹੈ। ਇਹ ਘੱਟ ਪਾਣੀ ਵਿੱਚ ਵੀ ਬਹੁਤ ਛੇਤੀ ਉੱਗਦਾ ਹੈ।"
ਵਿਮਲ ਦੱਸਦੇ ਹਨ ਪਹਿਲੀ ਵਾਰ ਉਨ੍ਹਾਂ ਨੇ ਪੌਦਾ ਕੋਲਕਾਤਾ ਤੋਂ ਮੰਗਵਾਇਆ ਸੀ ਪਰ ਹੁਣ ਇਹ ਇੱਥੇ ਵੀ ਉਪਲੱਬਧ ਹਨ।
ਵਿਮਲ ਦਾ ਮੰਨਣਾ ਹੈ ਕਿ ਐਪਲ ਬੇਰ ਦੀ ਖੇਤੀ ਲਈ ਹਰਿਆਣਾ ਦਾ ਤਾਪਮਾਨ ਸਹੀ ਹੈ ਕਿਉਂਕਿ ਇਸ ਖੇਤੀ ਲਈ ਖੁਸ਼ਕ ਤਾਪਮਾਨ ਦੀ ਲੋੜ ਹੁੰਦੀ ਹੈ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਤਾਪਮਾਨ ਜਿੰਨਾ ਖੁਸ਼ਕ ਹੋਵੇਗਾ ਫ਼ਲ ਓਨਾਂ ਹੀ ਮਿੱਠਾ ਹੋਵੇਗਾ।

ਤਸਵੀਰ ਸਰੋਤ, Kamal Saini/BBC
ਹੋਰਨਾਂ ਕਿਸਾਨਾਂ ਨੂੰ ਹਦਾਇਤ
ਵਿਮਲ ਦੱਸਦੇ ਹਨ ਇੱਥੇ ਵੀ ਕਸ਼ਮੀਰੀ ਐਪਲ ਬੇਰ ਦੀਆਂ ਕਈ ਕਿਸਮਾਂ ਹਨ ਅਤੇ ਆਕਾਰ ਵਿੱਚ ਫ਼ਰਕ ਹੈ।
ਉਹ ਦੱਸਦੇ ਹਨ, "ਇਸ ਵਿੱਚ ਜਿਵੇਂ ਕਿਸੇ ਵੀ ਤਰ੍ਹਾਂ ਦੀ ਖਾਦ ਨਹੀਂ ਪੈਂਦੀ, ਕੋਈ ਰਸਾਇਣ ਨਹੀਂ ਪੈਂਦਾ, ਇਸ ਲਈ ਇੱਕ ਤਰ੍ਹਾਂ ਦੀ ਜੈਵਿਕ ਖੇਤੀ ਵੀ ਕਹੀ ਜਾ ਸਕਦੀ ਹੈ। ਪੱਕਣ ਤੋਂ ਬਾਅਦ ਅਸੀਂ ਇਨ੍ਹਾਂ ਨੂੰ ਭਾਰਤ ਦੇ ਸਾਰੇ ਜੈਵਿਕ ਸਟੋਰਾਂ ʼਤੇ ਭੇਜ ਦਿੰਦੇ ਹਾਂ।"
ਵਿਮਲ ਕੀਰਤੀ ਐਪਲ ਬੇਰ ਦੀ ਖੇਤੀ ਕਰਨ ਵਾਲੇ ਕਿਸਾਨਾਂ ਨੂੰ ਹਦਾਇਤ ਦਿੰਦਿਆਂ ਕਹਿੰਦੇ ਹਨ ਕਿ ਜਦੋਂ ਉਹ ਪੌਦੇ ਲਗਾਉਣ, ਉਦੋਂ 20-20 ਫੁੱਟ ਦੇ ਵਕਫ਼ੇ ਦੇ ਲਗਾਉਣ, ਕਿਉਂਕਿ ਇਹ ਪੌਦਾ ਬੜੀ ਤੇਜ਼ੀ ਨਾਲ ਫੈਲਦਾ ਹੈ।
ਉਨ੍ਹਾਂ ਨੇ ਕਿਹਾ ਹੈ ਕਿ ਜਦੋਂ ਉਨ੍ਹਾਂ ਸ਼ੁਰੂਆਤ ਕੀਤੀ ਸੀ ਤਾਂ 10-10 ਫੁੱਟ ਦੇ ਵਕਫ਼ੇ ʼਤੇ ਪੌਦੇ ਲਗਾਏ ਸਨ, ਜਿਸ ਕਾਰਨ ਉਨ੍ਹਾਂ ਨੂੰ ਵਿਚਕਾਰੋਂ ਕੁਝ ਪੌਦਿਆਂ ਨੂੰ ਕੱਢਣਾ ਪਿਆ।
ਵਿਮਲ ਕੀਰਤੀ ਫਿਲਹਾਲ 2 ਏਕੜ ਦੀ ਜ਼ਮੀਨ ʼਤੇ ਕਸ਼ਮੀਰੀ ਐਪਲ ਬੇਰ ਦੀ ਖੇਤੀ ਕਰ ਰਹੇ ਹਨ।

ਤਸਵੀਰ ਸਰੋਤ, Kamal Saini/BBC
ਵਿਦੇਸ਼ੀ ਵੀ ਪਹੁੰਚ ਰਹੇ ਐਪਲ ਬੇਰ ਦੀ ਖੇਤੀ ਨੂੰ ਦੇਖਣ
ਵਿਮਲ ਕੀਰਤੀ ਵੱਲੋਂ ਕੀਤੀ ਜਾ ਰਹੀ ਖੇਤੀ ਨੂੰ ਦੇਖਣ ਲਈ ਵਿਦੇਸ਼ਾਂ ਤੋਂ ਵੀ ਲੋਕ ਪਹੁੰਚ ਰਹੇ ਹਨ।
ਫਰਾਂਸ ਤੋਂ ਆਈ ਲਿਲੀ ਦਾ ਕਹਿਣਾ ਉਨ੍ਹਾਂ ਨੂੰ ਸੋਸ਼ਲ ਮੀਡੀਆ ਰਹੀਂ ਇਸ ਦੀ ਜਾਣਕਾਰੀ ਮਿਲੀ ਸੀ ਅਤੇ ਉਹ ਇਸ ਨੂੰ ਦੇਖਣ ਲਈ ਆਏ ਹਨ।
ਉਨ੍ਹਾਂ ਦਾ ਕਹਿਣਾ ਹੈ ਉਹ ਫਰਾਂਸ ਜਾ ਕੇ ਇਸ ਨੂੰ ਲਗਾਉਣ ਬਾਰੇ ਸੋਚ ਰਹੇ ਹਨ ਕਿਉਂਕਿ ਫਰਾਂਸ ਵਿੱਚ ਖੇਤੀ ਕਰਨ ਦਾ ਤਰੀਕਾ ਵੱਖਰਾ ਅਤੇ ਨਾਲ ਹੀ ਵਾਤਾਵਰਨ ਵੀ ਵੱਖਰਾ ਹੈ।

ਤਸਵੀਰ ਸਰੋਤ, Kamal Saini/BBC
ਮਾਹਰਾਂ ਦੀ ਰਾਇ
ਅਧਿਕਾਰੀਆਂ ਦਾ ਮੰਨਣਾ ਹੈ ਕਿ ਬਾਗ਼ਬਾਨੀ ਕਿਸਾਨਾਂ ਲਈ ਚੰਗਾ ਬਦਲ ਹੈ, ਵਾਤਾਵਰਨ ਨੂੰ ਧਿਆਨ ਵਿੱਚ ਰੱਖ ਕੇ ਬਾਗ਼ਬਾਨੀ ਕੀਤੀ ਜਾਣੀ ਚਾਹੀਦੀ ਹੈ।
ਕਰਨਾਲ ਦੇ ਜ਼ਿਲ੍ਹਾ ਬਾਗ਼ਬਾਨੀ ਅਧਿਕਾਰੀ ਮਦਨ ਲਾਲ ਦਾ ਕਹਿਣਾ ਹੈ ਕਿ ਕਸ਼ਮੀਰੀ ਐਪਲ ਬੇਰ ਦੀ ਖੇਤੀ ਲਈ ਖੁਸ਼ਕ ਤਾਪਮਾਨ ਦੀ ਲੋੜ ਹੁੰਦੀ ਹੈ ਅਤੇ ਹਰਿਆਣਾ ਦੇ ਕੁਝ ਜ਼ਿਲ੍ਹੇ ਅਜਿਹੇ ਹਨ, ਜਿੱਥੇ ਐਪਲ ਬੇਰ ਦੀ ਖੇਤੀ ਕਿਸਾਨਾਂ ਲਈ ਵਰਦਾਨ ਸਾਬਿਤ ਹੋ ਸਕਦੀ ਹੈ।
ਉਨ੍ਹਾਂ ਦਾ ਕਹਿਣਾ ਹੈ, "ਕਰਨਾਲ ਦਾ ਤਾਪਮਾਨ ਓਨਾ ਖੁਸ਼ਕ ਨਹੀਂ ਹੈ ਜੋ ਬੇਰ ਦੀ ਖੇਤੀ ਲਈ ਲਾਭਕਾਰੀ ਮੰਨਿਆ ਜਾਂਦਾ ਹੈ ਪਰ ਕੁਝ ਕਿਸਾਨ ਕਰਨਾਲ ਵਿੱਚ ਵੀ ਬੇਰ ਦੀ ਖੇਤੀ ਕਰ ਰਹੇ ਹਨ ਅਤੇ ਚੰਗਾ ਮੁਨਾਫ਼ਾ ਕਮਾ ਰਹੇ ਹਨ।"
"ਨਾ ਕੇਵਲ ਬੇਰ ਬਲਕਿ ਬਾਗ਼ਬਾਨੀ ਵਾਲੇ ਕਿਸਾਨਾਂ ਲਈ ਸਰਕਾਰ ਸਹਾਇਤਾ ਉਪਲਬਧ ਕਰਵਾਉਂਦੀ ਹੈ ਬਲਕਿ ਉਨ੍ਹਾਂ ਅਨੁਸਾਰ ਖੇਤੀ 6-6 ਇੰਚ ਦੇ ਵਕਫ਼ੇ ʼਤੇ ਕੀਤੀ ਜਾ ਰਹੀ ਹੈ ਤਾਂ ਪਹਿਲੇ ਸਾਲ 23 ਹਜ਼ਾਰ ਪ੍ਰਤੀ ਏਕੜ ਤੇ ਉੱਥੇ ਹੀ ਦੂਜੇ ਅਤੇ ਤੀਜੇ ਸਾਲ 10-10 ਹਜ਼ਾਰ ਰੁਪਏ ਦੀ ਰਾਸ਼ੀ ਕਿਸਾਨਾਂ ਨੂੰ ਦਿੱਤੀ ਜਾਂਦੀ ਹੈ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ













