ਆਲੂ ਦਾ ਉਤਪਾਦਨ ਵਧਿਆ, ਬਜ਼ਾਰ 'ਚ ਭਾਅ ਘਟਿਆ ਨਹੀਂ, ਪਰ ਕਿਸਾਨਾਂ ਦੀ ਬਜਾਇ ਕੌਣ ਚੁੱਕ ਰਿਹਾ ਫ਼ਾਇਦਾ

ਆਲੂ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਕਈ ਮਹੀਨਿਆਂ ਤੋਂ ਆਲੂ ਦੀਆਂ ਕੀਮਤਾਂ ਵਿੱਚ ਵਾਧਾ ਹੋ ਰਿਹਾ ਹੈ
    • ਲੇਖਕ, ਗੋਪਾਲ ਕਾਤੇਸ਼ੀਆ
    • ਰੋਲ, ਬੀਬੀਸੀ ਪੱਤਰਕਾਰ

ਪਿਛਲੇ 10 ਮਹੀਨਿਆਂ ਤੋਂ ਦੇਸ਼ ਭਰ ਦੇ ਪ੍ਰਚੂਨ ਬਾਜ਼ਾਰਾਂ ਵਿੱਚ ਆਲੂ ਦੀਆਂ ਕੀਮਤਾਂ 40 ਰੁਪਏ ਪ੍ਰਤੀ ਕਿਲੋਗ੍ਰਾਮ ਦੇ ਨੇੜੇ ਹਨ।

ਪਿਛਲੇ ਸਾਲ ਔਸਤਨ ਕੀਮਤ 15 ਰੁਪਏ ਪ੍ਰਤੀ ਕਿਲੋ ਸੀ। 2023-24 ਦੀ ਸਰਦ ਰੁੱਤ ਦੀ ਫ਼ਸਲ ਦੀ ਮੰਡੀ ਵਿੱਚ ਆਮਦ ਦੇ ਬਾਵਜੂਦ ਆਮ ਲੋਕਾਂ ਦੀ ਖੁਰਾਕ ਦਾ ਅਹਿਮ ਹਿੱਸਾ ਆਲੂ ਦੀ ਕੀਮਤ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ।

ਹਾਲ ਹੀ ਦੇ ਹਫ਼ਤਿਆਂ ਵਿੱਚ ਇਸ ਦੀ ਕੀਮਤ ਔਸਤਨ 40 ਰੁਪਏ ਪ੍ਰਤੀ ਕਿਲੋਗ੍ਰਾਮ ਤੱਕ ਪਹੁੰਚ ਗਈ ਹੈ।

ਉੱਤਰ ਪ੍ਰਦੇਸ਼ ਦੀ ਆਗਰਾ ਐਗਰੀਕਲਚਰਲ ਪ੍ਰੋਡਿਊਸ ਮਾਰਕੀਟ ਕਮੇਟੀ (ਆਗਰਾ ਏਪੀਐੱਮਸੀ) ਨੂੰ ਭਾਰਤ ਵਿੱਚ ਆਲੂਆਂ ਦਾ ਸਭ ਤੋਂ ਵੱਡਾ ਥੋਕ ਬਾਜ਼ਾਰ ਮੰਨਿਆ ਜਾਂਦਾ ਹੈ।

ਉੱਥੇ ਮਾਡਲ ਦੀ ਕੀਮਤ (ਉਸ ਦਿਨ ਵੇਚੇ ਗਏ ਲਾਟ ਦੀ ਗਿਣਤੀ ਵਿੱਚੋਂ ਸਭ ਤੋਂ ਵੱਧ ਵਿਕਣ ਵਾਲੀ ਕੀਮਤ ਨੂੰ ਮਾਡਲ ਕੀਮਤ ਕਿਹਾ ਜਾਂਦਾ ਹੈ) ਅਪ੍ਰੈਲ 2024 ਤੋਂ 13.25 ਰੁਪਏ ਪ੍ਰਤੀ ਕਿਲੋਗ੍ਰਾਮ ਤੋਂ ਉੱਪਰ ਹੈ।

ਦਸੰਬਰ 2024 ਦੇ ਆਖ਼ਰੀ ਹਫ਼ਤੇ ਆਲੂ ਦੀ ਮਾਡਲ ਕੀਮਤ 16 ਤੋਂ 20 ਰੁਪਏ ਦੇ ਵਿਚਕਾਰ ਰਹੀ ਹੈ।

ਅਜਿਹੇ 'ਚ ਇਹ ਖ਼ਬਰ ਵੀ ਸਾਹਮਣੇ ਆ ਰਹੀ ਹੈ ਕਿ ਇਸ ਸਾਲ ਗੁਜਰਾਤ 'ਚ ਆਲੂ ਦੀ ਕਾਸ਼ਤ ਹੇਠ ਕਰੀਬ 20,000 ਹੈਕਟੇਅਰ ਰਕਬਾ ਵੀ ਵਧਿਆ ਹੈ।

ਪੰਜਾਬ ਵਿੱਚ ਵੀ 1.07 ਲੱਖ ਹੈਕਟੇਅਰ ਕਰਬਾ ਆਲੂ ਦੀ ਕਾਸ਼ਤ ਹੇਠ ਹੈ, ਸਾਲ 2023-24 ਦੌਰਾਨ ਇੱਥੇ ਵੀ 32.80 ਲੱਖ ਟਨ ਉਤਪਾਦਨ ਹੋਇਆ ਸੀ।

ਪੰਜਾਬ ਦਾ ਆਲੂ 70-80 ਫੀਸਦ ਬੀਜ ਦੇ ਰੂਪ ਵਿੱਚ ਵਿਕਦਾ ਹੈ, ਪੂਰੇ ਭਾਰਤ ਵਿੱਚ ਪੰਜਾਬ ਆਲੂ ਉਤਾਪਦਨ ਦੇ ਮਾਮਲੇ ਵਿੱਚ ਪੰਜਾਬ ਦਾ 6 ਵਾਂ ਰੈਂਕ ਹੈ। ਪੰਜਾਬ ਭਾਰਤ ਦੇ ਕੁੱਲ ਆਲੂ ਉਤਾਪਦਨ ਦਾ 5.6% ਪੈਦਾ ਕਰਦਾ ਹੈ।

ਸਰਕਾਰੀ ਅਧਿਕਾਰੀਆਂ ਅਨੁਸਾਰ ਮੌਜੂਦਾ ਹਾਲਾਤ ਵਿੱਚ ਕਿਸਾਨਾਂ ਨੂੰ ਚੰਗੀ ਪੈਦਾਵਾਰ ਮਿਲਦੀ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਲੋਹੜੀ ਤੋਂ ਬਾਅਦ ਆਲੂਆਂ ਦੀ ਨਵੀਂ ਫ਼ਸਲ ਮੰਡੀ ਵਿੱਚ ਆਉਣੀ ਸ਼ੁਰੂ ਹੋ ਜਾਵੇਗੀ।

ਤਾਂ ਕੀ ਅਜਿਹੇ ਵਿੱਚ ਬਾਜ਼ਾਰ 'ਚ ਕੀਮਤਾਂ ਘਟਣਗੀਆਂ?

ਬੀਬੀਸੀ ਪੰਜਾਬੀ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

ਗੁਜਰਾਤ ਵਿੱਚ ਆਲੂ ਦਾ ਉਤਪਾਦਨ ਵਧਿਆ

ਚੀਨ ਤੋਂ ਬਾਅਦ ਭਾਰਤ ਦੁਨੀਆ ਵਿੱਚ ਆਲੂ ਉਤਪਾਦਨ ਨੂੰ ਲੈ ਕੇ ਦੂਜੇ ਨੰਬਰ 'ਤੇ ਹੈ। ਭਾਰਤ ਸਰਕਾਰ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ 2021-22 ਦੇ ਤੀਜੇ ਅਗਾਊਂ ਅਨੁਮਾਨ ਦੇ ਅਨੁਸਾਰ, ਭਾਰਤ ਵਿੱਚ ਆਲੂ ਦੀ ਕਾਸ਼ਤ 22 ਲੱਖ ਹੈਕਟੇਅਰ ਤੋਂ ਵੱਧ ਦਰਜ ਕੀਤੀ ਗਈ ਸੀ ਅਤੇ ਕੁੱਲ ਉਤਪਾਦਨ ਦਾ ਅਨੁਮਾਨ 5.33 ਕਰੋੜ ਟਨ ਸੀ।

ਉੱਤਰ ਪ੍ਰਦੇਸ਼ ਸੂਬਾ ਭਾਰਤ ਦਾ ਸਭ ਤੋਂ ਵੱਡਾ ਆਲੂ ਉਤਪਾਦਕ ਸੂਬਾ ਹੈ ਜਿੱਥੇ ਉਸ ਸਾਲ 6.22 ਲੱਖ ਹੈਕਟੇਅਰ ਰਕਬੇ ਤੋਂ 1.61 ਕਰੋੜ ਟਨ ਆਲੂ ਪੈਦਾ ਹੋਣ ਦਾ ਅੰਦਾਜ਼ਾ ਲਗਾਇਆ ਗਿਆ ਸੀ।

ਪੱਛਮੀ ਬੰਗਾਲ (4.47 ਲੱਖ ਹੈਕਟੇਅਰ ਕਾਸ਼ਤ ਖੇਤਰ, 1.24 ਕਰੋੜ ਟਨ ਆਲੂ) ਅਤੇ ਬਿਹਾਰ (3.30 ਲੱਖ ਹੈਕਟੇਅਰ, 91.25 ਲੱਖ ਟਨ ਆਲੂ) ਤੋਂ ਬਾਅਦ ਗੁਜਰਾਤ ਸੂਚੀ ਵਿੱਚ ਚੌਥੇ ਨੰਬਰ 'ਤੇ ਹੈ।

ਅਨੁਮਾਨ ਹੈ ਕਿ ਗੁਜਰਾਤ ਦੇ ਕਿਸਾਨਾਂ ਨੇ ਉਸ ਸਾਲ 1.27 ਲੱਖ ਹੈਕਟੇਅਰ ਆਲੂ ਬੀਜੇ ਸਨ ਅਤੇ 37 ਲੱਖ ਟਨ ਆਲੂ ਮਿਲੇ ਸਨ।

ਗੁਜਰਾਤ ਸੂਬੇ ਦੇ ਖੇਤੀਬਾੜੀ ਨਿਰਦੇਸ਼ਕ ਦਫ਼ਤਰ ਦੇ ਅੰਕੜਿਆਂ ਅਨੁਸਾਰ ਸਾਲ 2023-24 ਵਿੱਚ 1.34 ਹੈਕਟੇਅਰ ਰਕਬੇ ਵਿੱਚ ਆਲੂ ਦੀ ਬਿਜਾਈ ਕੀਤੀ ਗਈ ਸੀ ਅਤੇ ਕੁੱਲ ਉਤਪਾਦਨ 43 ਲੱਖ ਟਨ ਸੀ।

ਆਲੂ ਖਰੀਦਦੇ ਲੋਕ

ਤਸਵੀਰ ਸਰੋਤ, BIPIN TANKARIYA

ਤਸਵੀਰ ਕੈਪਸ਼ਨ, ਕੇਂਦਰ ਸਰਕਾਰ ਦੇ ਅਨੁਮਾਨਾਂ ਅਨੁਸਾਰ 2022-23 ਵਿੱਚ ਆਲੂ ਦੀ ਕਾਸ਼ਤ ਹੇਠ ਰਕਬਾ 23.32 ਲੱਖ ਹੈਕਟੇਅਰ ਸੀ ਅਤੇ ਉਤਪਾਦਨ 6.01 ਕਰੋੜ ਮੀਟ੍ਰਿਕ ਟਨ ਸੀ

ਕਿਹੜੇ ਇਲਾਕਿਆਂ ਵਿੱਚ ਵਧਿਆ ਉਤਪਾਦਨ

ਗੁਜਰਾਤ ਵਿੱਚ, ਉੱਤਰੀ ਗੁਜਰਾਤ ਦੇ ਬਨਾਸਕਾਂਠਾ, ਸਾਬਰਕਾਂਠਾ, ਅਰਾਵਲੀ, ਗਾਂਧੀਨਗਰ ਅਤੇ ਮੇਹਸਾਣਾ ਜ਼ਿਲ੍ਹਿਆਂ ਅਤੇ ਮੱਧ ਗੁਜਰਾਤ ਵਿੱਚ ਖੇੜਾ ਵਿੱਚ ਆਲੂ ਦੀ ਕਾਸ਼ਤ ਕੀਤੀ ਜਾਂਦੀ ਹੈ, ਜਿਨ੍ਹਾਂ ਵਿੱਚ ਰੇਤਲੀ ਮਿੱਟੀ ਹੁੰਦੀ ਹੈ ਅਤੇ ਸਿੰਚਾਈ ਦੀਆਂ ਲੋੜੀਂਦੀਆਂ ਸਹੂਲਤਾਂ ਹੁੰਦੀਆਂ ਹਨ।

ਖੇਤੀਬਾੜੀ ਨਿਰਦੇਸ਼ਕ, ਗੁਜਰਾਤ ਸੂਬੇ ਦੇ ਦਫ਼ਤਰ ਵਿੱਚ ਉਪਲਬਧ ਅੰਕੜਿਆਂ ਅਨੁਸਾਰ, ਗੁਜਰਾਤ ਵਿੱਚ 23 ਦਸੰਬਰ, 2024 ਤੱਕ 1.52 ਲੱਖ ਹੈਕਟੇਅਰ ਰਕਬੇ ਵਿੱਚ ਆਲੂ ਦੀ ਕਾਸ਼ਤ ਦਰਜ ਕੀਤੀ ਗਈ ਹੈ।

ਇਹ ਰਕਬਾ ਪਿਛਲੇ ਤਿੰਨ ਸਾਲਾਂ ਵਿੱਚ ਦਰਜ ਕੀਤੇ ਗਏ 1.31 ਲੱਖ ਹੈਕਟੇਅਰ ਨਾਲੋਂ ਲਗਭਗ 21,000 ਹੈਕਟੇਅਰ ਵੱਧ ਹੈ। ਫੀਸਦ ਦੇ ਹਿਸਾਬ ਨਾਲ ਇਹ 16.28 ਫੀਸਦੀ ਦਾ ਵਾਧਾ ਦਰਸਾਉਂਦਾ ਹੈ।

ਇਸ ਸਾਲ ਵੀ ਪਿਛਲੇ ਸਾਲ ਦੀ ਇਸੇ ਮਿਆਦ ਦੌਰਾਨ ਦਰਜ ਕੀਤੇ ਗਏ 1.33 ਲੱਖ ਹੈਕਟੇਅਰ ਰਕਬੇ ਦੇ ਮੁਕਾਬਲੇ ਲਗਭਗ 19,000 ਹੈਕਟੇਅਰ ਰਕਬਾ ਵਧਿਆ ਹੈ।

ਖੇਤੀਬਾੜੀ ਨਿਰਦੇਸ਼ਕ ਦਫ਼ਤਰ ਦੇ ਅੰਕੜਿਆਂ ਅਨੁਸਾਰ ਇਸ ਸਾਲ ਆਲੂਆਂ ਦੀ ਸਭ ਤੋਂ ਵੱਧ ਬਿਜਾਈ ਬਨਾਸਕਾਂਠਾ ਜ਼ਿਲ੍ਹੇ ਵਿੱਚ ਹੋਈ ਹੈ। ਇਸ ਜ਼ਿਲ੍ਹੇ ਵਿੱਚ ਖੇਤੀ ਪਿਛਲੇ ਸਾਲ 52,100 ਹੈਕਟੇਅਰ ਤੋਂ ਵਧ ਕੇ 61,000 ਹੈਕਟੇਅਰ ਹੋ ਗਈ ਹੈ।

ਇਸੇ ਤਰ੍ਹਾਂ ਸਾਬਰਕਾਂਠਾ ਜ਼ਿਲ੍ਹੇ ਵਿੱਚ ਖੇਤੀ 26,900 ਹੈਕਟੇਅਰ ਤੋਂ ਵਧ ਕੇ 38,000 ਹੈਕਟੇਅਰ ਹੋ ਗਈ ਹੈ। ਅਰਾਵਲੀ ਵਿੱਚ ਵੀ ਆਲੂ ਦਾ ਰਕਬਾ 20,300 ਹੈਕਟੇਅਰ ਤੋਂ ਵਧ ਕੇ 20,400 ਹੈਕਟੇਅਰ ਹੋ ਗਿਆ ਹੈ।

ਇਸ ਤਰ੍ਹਾਂ ਇਨ੍ਹਾਂ ਤਿੰਨਾਂ ਜ਼ਿਲ੍ਹਿਆਂ ਵਿੱਚ ਚਾਲੂ ਹਾੜੀ ਸੀਜ਼ਨ ਦੌਰਾਨ ਆਲੂਆਂ ਹੇਠ ਰਕਬਾ ਕ੍ਰਮਵਾਰ 8900, 11100 ਅਤੇ 100 ਹੈਕਟੇਅਰ ਦੇ ਕਰੀਬ ਵਧਿਆ ਹੈ।

ਆਲੂ

ਪਾਟਨ ਵਿੱਚ ਵੀ ਖੇਤੀ 1000 ਹੈਕਟੇਅਰ ਤੋਂ ਵਧ ਕੇ 1200 ਹੈਕਟੇਅਰ ਹੋ ਗਈ ਹੈ ਪਰ ਗਾਂਧੀਨਗਰ, ਮੇਹਸਾਣਾ ਅਤੇ ਖੇੜਾ ਵਿੱਚ ਆਲੂ ਦੀ ਕਾਸ਼ਤ ਘਟੀ ਹੈ।

ਬੀਬੀਸੀ ਗੁਜਰਾਤੀ ਨਾਲ ਗੱਲ ਕਰਦੇ ਹੋਏ, ਬਨਾਸਕਾਂਠਾ ਦੇ ਜ਼ਿਲ੍ਹਾ ਖੇਤੀਬਾੜੀ ਅਧਿਕਾਰੀ ਮਯੂਰ ਪਟੇਲ ਦਾ ਕਹਿਣਾ ਹੈ ਕਿ ਇਸ ਸਾਲ ਜਿਹੜੇ ਕਿਸਾਨ ਆਮ ਤੌਰ 'ਤੇ ਆਲੂ ਨਹੀਂ ਬੀਜਦੇ ਹਨ, ਉਨ੍ਹਾਂ ਨੇ ਵੀ ਇਸ ਫ਼ਸਲ ਵੱਲ ਰੁਖ਼ ਕੀਤਾ ਹੈ।

ਬਨਾਸਕਾਂਠਾ ਦੇ ਜ਼ਿਲ੍ਹਾ ਖੇਤੀਬਾੜੀ ਅਧਿਕਾਰੀ ਮਯੂਰ ਪਟੇਲ ਦਾ ਕਹਿਣਾ ਹੈ ਕਿ ਇਸ ਸਾਲ ਜਿਹੜੇ ਕਿਸਾਨ ਆਮ ਤੌਰ 'ਤੇ ਆਲੂ ਨਹੀਂ ਬੀਜਦੇ ਹਨ, ਉਨ੍ਹਾਂ ਨੇ ਵੀ ਇਸ ਫ਼ਸਲ ਵੱਲ ਰੁਖ਼ ਕੀਤਾ ਹੈ।

ਉਹ ਕਹਿੰਦੇ ਹਨ, "ਬਨਾਸਕਾਂਠਾ ਵਿੱਚ ਡੀਸਾ ਤਾਲੁਕਾ ਆਲੂ ਦੀ ਕਾਸ਼ਤ ਦਾ ਮੁੱਖ ਕੇਂਦਰ ਹੈ। ਇਸ ਤੋਂ ਇਲਾਵਾ ਪਾਲਨਪੁਰ, ਦੇਵਦਰ ਅਤੇ ਦਾਂਤੀਵਾੜਾ ਵਿੱਚ ਵੀ ਆਲੂਆਂ ਦੀ ਖੇਤੀ ਕੀਤੀ ਜਾਂਦੀ ਹੈ।"

"ਇਸ ਸਾਲ ਮੰਡੀ ਵਿੱਚ ਚੰਗੇ ਭਾਅ ਮਿਲਣ ਕਾਰਨ ਕਿਸਾਨਾਂ ਨੇ ਆਲੂ ਦੀ ਖੇਤੀ ਨੂੰ ਤਰਜੀਹ ਦਿੱਤੀ ਹੈ।"

"ਆਮ ਤੌਰ ʼਤੇ ਥਰਾਡ ਤਾਲੁਕਾ ਵਿੱਚ ਆਲੂਆਂ ਦੀ ਖੇਤੀ ਨਹੀਂ ਕੀਤੀ ਜਾਂਦੀ ਪਰ ਚੰਗੇ ਭਾਅ ਅਤੇ ਨਰਮਦਾ ਦੇ ਪਾਣੀ ਦੀ ਉਪਲਬਧਤਾ ਦੀ ਉਮੀਦ ਵਿੱਚ ਉੱਥੇ ਆਲੂ ਦੀ ਕਾਸ਼ਤ ਵੀ ਵਧ ਗਈ ਹੈ।"

ਉਹ ਕਹਿੰਦੇ ਹਨ, "ਗੁਜਰਾਤ ਵਿੱਚ, ਆਲੂ ਅਕਤੂਬਰ-ਨਵੰਬਰ ਵਿੱਚ ਬੀਜੇ ਜਾਂਦੇ ਹਨ ਅਤੇ ਜਨਵਰੀ ਦੇ ਦੂਜੇ ਪੰਦਰਵਾੜੇ ਤੋਂ ਫਰਵਰੀ-ਮਾਰਚ ਤੱਕ ਕਟਾਈ ਕੀਤੀ ਜਾਂਦੀ ਹੈ ਜਦੋਂ ਫਸਲ ਲਗਭਗ 100 ਦਿਨਾਂ ਵਿੱਚ ਤਿਆਰ ਹੋ ਜਾਂਦੀ ਹੈ।"

ਆਲੂ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਦਸੰਬਰ, 2024 ਦੇ ਆਖਰੀ ਹਫ਼ਤੇ ਆਲੂ ਦੀ ਮਾਡਲ ਕੀਮਤ 16 ਤੋਂ 20 ਰੁਪਏ ਵਿਚਾਲੇ ਰਹੀ

ਕਿਸਾਨਾਂ ਦੀ ਕੀ ਕਹਿਣਾ ਹੈ

ਡੀਸਾ ਵਿੱਚ ਰਹਿਣ ਵਾਲੇ ਪਰੇਸ਼ਭਾਈ ਮਾਲੀ, ਸਾਂਝੇ ਟੱਬਰ ਵਿੱਚ ਰਹਿੰਦੇ ਹਨ ਅਤੇ ਲਗਭਗ 700 ਵਿੱਘੇ (6.25 ਵਿੱਘੇ ਪ੍ਰਤੀ ਹੈਕਟੇਅਰ) ਵਿੱਚ ਖੇਤੀ ਕਰਦੇ ਹਨ। ਉਨ੍ਹਾਂ ਦੀ ਡੀਸਾ ਤਾਲੁਕਾ ਦੇ ਨਾਲ-ਨਾਲ ਬਨਾਸਕਾਂਠਾ ਨੇੜੇ ਪਾਟਨ ਜ਼ਿਲ੍ਹੇ ਦੇ ਵੇਜਵਾੜਾ ਪਿੰਡ ਵਿੱਚ ਜ਼ਮੀਨ ਵੀ ਸ਼ਾਮਲ ਹੈ।

ਉਹ ਕਹਿੰਦੇ ਹਨ, "ਆਲੂ ਇੱਕ ਵਧੀਆ ਆਮਦਨੀ ਵਾਲੀ ਫ਼ਸਲ ਹੈ। ਉੱਤਰੀ ਗੁਜਰਾਤ ਵਿੱਚ ਕੈਸਟਰ ਅਤੇ ਹੌਰਸਰੇਡਿਸ਼ ਦੀ ਵੀ ਖੇਤੀ ਹੁੰਦੀ ਹੈ ਪਰ ਆਲੂ ਦੀ ਕਾਸ਼ਤ ਵਧੇਰੇ ਮੁਨਾਫ਼ੇ ਵਾਲੀ ਹੈ, ਕਿਉਂਕਿ ਇੱਕ ਸਾਲ ਵਿੱਚ 400 ਮਣ ਆਲੂ ਪੈਦਾ ਹੁੰਦੇ ਹਨ।"

ਪਰੇਸ਼ਭਾਈ ਬੀਬੀਸੀ ਗੁਜਰਾਤੀ ਨੂੰ ਦੱਸਦੇ ਹਨ, "ਪਿਛਲੇ ਸਾਲ ਖ਼ਰਾਬ ਮੌਸਮ ਕਾਰਨ ਸਾਡੇ 350 ਮਣ ਆਲੂ ਦਾ ਉਤਪਾਦਨ ਹੋਇਆ ਸੀ ਪਰ ਪਿਛਲੇ ਸਾਲ ਕੀਮਤ ਚੰਗੀ ਸੀ ਅਤੇ ਮੁਨਾਫ਼ਾ ਹੋਇਆ ਸੀ।"

ਇਸ ਸਾਲ ਵੀ ਉਨ੍ਹਾਂ ਨੇ ਸਾਰੀ ਜ਼ਮੀਨ ʼਤੇ ਆਲੂਆਂ ਦੀ ਕਾਸ਼ਤ ਕੀਤੀ ਹੈ।"

ਪਰੇਸ਼ ਮਾਲੀ ਅਨੁਸਾਰ ਸਾਲ 2024 'ਚ ਹਾੜੀ ਦੇ ਸੀਜ਼ਨ 'ਚ ਦੇਸ਼ 'ਚ ਆਲੂ ਦੀ ਕਾਸ਼ਤ ਕਰੀਬ ਛੇ ਤੋਂ ਸੱਤ ਫੀਸਦੀ ਵਧੀ ਹੈ।

ਡੀਸਾ ਸ਼ਹਿਰ ਨੇੜੇ ਪਿੰਡ ਲੋਰਵਾਲਾ ਦਾ ਕਿਸਾਨ ਈਸ਼ਵਰਦਾਨ ਵੀ ਪਿਛਲੇ 30 ਸਾਲਾਂ ਤੋਂ ਆਲੂਆਂ ਦੀ ਖੇਤੀ ਕਰ ਰਹੇ ਹਨ ਅਤੇ ਇਸ ਸਾਲ ਵੀ ਉਨ੍ਹਾਂ ਨੇ ਛੇ ਵਿੱਘੇ ਵਿੱਚ ਆਲੂ ਬੀਜੇ ਹਨ।

ਉਨ੍ਹਾਂ ਦਾ ਕਹਿਣਾ ਹੈ, "ਬੀਜਾਂ, ਖਾਦਾਂ, ਕੀਟਨਾਸ਼ਕਾਂ ਅਤੇ ਮਜ਼ਦੂਰੀ ਦੀ ਲਾਗਤ ਕਾਰਨ ਆਲੂਆਂ ਦੀ ਪੈਦਾਵਾਰ ਦੀ ਲਾਗਤ ਵਧ ਗਈ ਹੈ। ਨਾਲ ਹੀ, ਪ੍ਰਚੂਨ ਆਲੂਆਂ ਦੀ ਮੰਡੀ ਵਿੱਚ ਵੱਧ ਕੀਮਤਾਂ ਦਾ ਫਾਇਦਾ ਕਿਸ ਨੂੰ ਹੁੰਦਾ ਹੈ? ਕਿਸਾਨਾਂ ਨੂੰ? ਨਹੀਂ।"

"ਮੇਰੇ ਵਰਗੇ ਹਜ਼ਾਰਾਂ ਕਿਸਾਨ ਫਰਵਰੀ-ਮਾਰਚ ਵਿੱਚ ਜਦੋਂ ਆਲੂਆਂ ਦੀ ਫ਼ਸਲ ਤਿਆਰ ਹੁੰਦੀ ਹੈ ਤਾਂ ਕੋਲਡ ਸਟੋਰਾਂ 'ਤੇ ਚੱਲ ਰਹੇ ਵਪਾਰੀਆਂ ਨੂੰ ਆਪਣੇ ਆਲੂ ਵੇਚਦੇ ਹਨ, ਕਿਉਂਕਿ ਸਾਡੇ ਕੋਲ ਇਨ੍ਹਾਂ ਆਲੂਆਂ ਨੂੰ ਸਟੋਰ ਕਰਨ ਅਤੇ ਹੌਲੀ-ਹੌਲੀ ਮੰਡੀ ਵਿੱਚ ਵੇਚਣ ਲਈ ਵਿੱਤੀ ਸਾਧਨ ਨਹੀਂ ਹਨ।"

ਉਹ ਦੱਸਦੇ ਹਨ, "ਇਹ ਵਪਾਰੀ ਆਲੂਆਂ ਨੂੰ ਪੰਜ-ਛੇ ਮਹੀਨਿਆਂ ਲਈ ਕੋਲਡ ਸਟੋਰੇਜ ਵਿੱਚ ਰੱਖਦੇ ਹਨ ਅਤੇ ਫਿਰ ਹੌਲੀ-ਹੌਲੀ ਉਨ੍ਹਾਂ ਨੂੰ ਮੰਡੀ ਵਿੱਚ ਵੇਚ ਕੇ ਮੁਨਾਫਾ ਕਮਾਉਂਦੇ ਹਨ। ਆਲੂ ਦੀ ਮੰਡੀ ਵਿੱਚ ਦੋ ਸਾਲ ਮੰਦੀ ਅਤੇ ਇੱਕ ਸਾਲ ਵਿੱਚ ਉਛਾਲ ਆਉਂਦਾ ਹੈ ਪਰ, ਆਲੂ ਦੀ ਖੇਤੀ, ਜੂਆ ਖੇਡਣ ਵਾਂਗ ਹੁੰਦੀ ਹੈ।"

ਆਲੂ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਗੁਜਰਾਤ ਕੋਲਡ ਸਟੋਰੇਜ ਐਸੋਸੀਏਸ਼ਨ ਦੇ ਅਨੁਸਾਰ, ਉਨ੍ਹਾਂ ਦੀਆਂ 213 ਕੋਲਡ ਸਟੋਰੇਜ ਯੂਨਿਟਾਂ ਆਲੂਆਂ ਨੂੰ ਸਟੋਰ ਕਰਦੀਆਂ ਹਨ

ਕੀ ਕਿਸਾਨ ਸਿੱਧਾ ਕੰਪਨੀਆਂ ਨੂੰ ਆਲੂ ਵੇਚਦੇ ਹਨ

ਬਾਜ਼ਾਰ ਮਾਹਿਰਾਂ ਦਾ ਇਹ ਵੀ ਕਹਿਣਾ ਹੈ ਕਿ ਆਲੂ ਦੀਆਂ ਕੀਮਤਾਂ ਨੂੰ ਲੈ ਕੇ ਫਿਲਹਾਲ ਆਸ਼ਾਵਾਦੀ ਮੌਜੂਦਾ ਸਥਿਤੀ ਦਾ ਖ਼ਾਸ ਅਸਰ ਨਹੀਂ ਦਿਖ ਰਿਹਾ ਹੈ, ਕਿਉਂਕਿ ਲੋਕਾਂ ਦੀਆਂ ਖਾਣ-ਪੀਣ ਦੀਆਂ ਆਦਤਾਂ ਵਿੱਚ ਬਦਲਾਅ ਕਾਰਨ ਪਿਛਲੇ ਕੁਝ ਸਾਲਾਂ ਤੋਂ ਇਸ ਸਬਜ਼ੀ ਦੀ ਮੰਗ ਵਧੀ ਹੋਈ ਹੈ।

ਗੁਜਰਾਤ ਵਿੱਚ ਕਰੀਬ 300 ਕੋਲਡ ਸਟੋਰੇਜ ਹਨ ਅਤੇ ਉਨ੍ਹਾਂ ਵਿੱਚੋਂ ਜ਼ਿਆਦਾ ਗੁਜਰਾਤ ਕੋਲਡ ਸਟੋਰੇਜ ਐਸੋਸੀਏਸ਼ਨ ਦੇ ਮੈਂਬਰ ਹਨ ਅਤੇ ਇਸ ਐਸੋਸੀਏਸ਼ਨ ਮੁਤਾਬਕ ਉਨ੍ਹਾਂ ਦੀ 213 ਕੋਲਡ ਸਟੋਰੇਜ ਇਕਾਈਆਂ ਆਲੂ ਦਾ ਭੰਡਾਰਨ ਕਰਦੀਆਂ ਹਨ।

ਐਸੋਸੀਏਸ਼ਨ ਦੇ ਸਕੱਤਰ ਗਣਪਤਭਾਈ ਕੱਛਾ ਨੇ ਬੀਬੀਸੀ ਨੂੰ ਦੱਸਿਆ, "2024 ਸਾਉਣੀ ਸੀਜ਼ਨ ਦੀ ਆਲੂ ਦੀਆਂ ਕੀਮਤਾਂ ਵਿੱਚ ਵੱਡਾ ਉਲਟਫੇਰ ਹੁੰਦਾ ਨਹੀਂ ਦਿਖ ਰਿਹਾ ਹੈ। ਪਿਛਲੇ ਸਾਲ ਦਸੰਬਰ ਤੋਂ ਅਤੇ 2023 ਦੀ ਸਾਉਣੀ ਫ਼ਸਲ ਦੇ ਆਉਣ ਦੇ ਬਾਵਜੂਦ ਆਲੂ ਦੀਆਂ ਕੀਮਤਾਂ ਵਧੀਆਂ ਹਨ।"

"ਕੀਮਤਾਂ ਘੱਟ ਨਹੀਂ ਹੋਈਆਂ ਹਨ ਕਿਉਂਕਿ ਵੱਡੀਆਂ ਕੰਪਨੀਆਂ ਵੱਡੇ ਪੈਮਾਨੇ ʼਤੇ ਆਲੂ ਫ੍ਰੈਂਚ ਫ੍ਰਾਈਜ਼ ਅਤੇ ਵੈਫਰਸ ਬਣਾਉਂਦੀਆਂ ਉਹ ਇਨ੍ਹਾਂ ਆਲੂਆਂ ਨੂੰ ਹਾਸਲ ਕਰਨ ਲਈ ਕਿਸਾਨਾਂ ਦੇ ਨਾਲ ਠੇਕਾ ਕਰਦੀਆਂ ਹਨ।"

ਗਣਪਤਭਾਈ ਅਨੁਸਾਰ, ਸਾਬਰਕਾਂਠਾ ਵਿੱਚ ਲਗਭਗ 90 ਫੀਸਦ ਕਿਸਾਨ ਅਤੇ ਬਨਾਸਕਾਂਠਾ ਵਿੱਚ ਲਗਭਗ 70 ਫੀਸਦ ਕਿਸਾਨ ਇਸ ਕਿਸਮ ਦੀ ਕੰਟਰੈਕਟ ਫਾਰਮਿੰਗ ਰਾਹੀਂ ਆਲੂਆਂ ਦੀ ਖੇਤੀ ਕਰਦੇ ਹਨ।

ਆਲੂ

ਤਸਵੀਰ ਸਰੋਤ, BIPIN TANKARIYA

ਤਸਵੀਰ ਕੈਪਸ਼ਨ, ਕਿਸਾਨ ਈਸ਼ਵਰਦਾਨ ਵੀ ਪਿਛਲੇ 30 ਸਾਲਾਂ ਤੋਂ ਆਲੂਆਂ ਦੀ ਖੇਤੀ ਕਰ ਰਹੇ ਹਨ

ਅਜਿਹੇ ਕਿਸਾਨ ਦੇ ਖੇਤ ਵਿੱਚ ਜਦੋਂ ਆਲੂ ਤਿਆਰ ਹੋ ਜਾਂਦੇ ਹਨ ਤਾਂ ਕੰਪਨੀ ਉਨ੍ਹਾਂ ਨੂੰ ਲੈ ਜਾਂਦੀ ਹੈ। ਇਸ ਵਿੱਚ ਕਿਸਾਨਾਂ ਨੂੰ ਫਾਇਦਾ ਹੁੰਦਾ ਹੈ ਕਿਉਂਕਿ ਕੰਪਨੀਆਂ ਕਿਸਾਨਾਂ ਨੂੰ ਵੱਧ ਭਾਅ ਦਿੰਦੀਆਂ ਹਨ ਪਰ ਖੇਤੀ ਦੀ ਇਸ ਵਿਧੀ ਨੇ ਰਾਸ਼ਨ ਲਈ ਲੋੜੀਂਦੇ ਆਲੂਆਂ ਦੀ ਸਪਲਾਈ ਘਟਾ ਦਿੱਤੀ ਹੈ।

ਉਹ ਕਹਿੰਦੇ ਹਨ, "ਕੁੱਲ ਆਲੂ ਉਤਪਾਦਨ ਦਾ ਸਿਰਫ਼ 25 ਫੀਸਦ ਹੀ ਕਿਸਾਨਾਂ ਵੱਲੋਂ ਸਿੱਧਾ ਮੰਡੀ ਵਿੱਚ ਵੇਚਿਆ ਜਾਂਦਾ ਹੈ, ਜਦਕਿ ਬਾਕੀ ਕੰਪਨੀਆਂ ਦੁਆਰਾ ਖਰੀਦਿਆ ਜਾਂਦਾ ਹੈ ਜਾਂ ਕੋਲਡ ਸਟੋਰੇਜ ਵਿੱਚ ਚਲਿਆ ਜਾਂਦਾ ਹੈ। ਇਸ ਦੌਰਾਨ, ਪਿਛਲੇ ਸਾਲ ਖ਼ਰਾਬ ਮੌਸਮ ਅਤੇ ਮਹਾਂਮਾਰੀ ਕਾਰਨ ਆਲੂ ਦੀਆਂ ਕੀਮਤਾਂ ਉੱਚੀਆਂ ਰਹੀਆਂ।"

ਅਜਿਹੇ 'ਚ ਉਤਪਾਦਨ 'ਚ ਇੱਕ ਜਾਂ ਦੋ ਫੀਸਦੀ ਦਾ ਬਦਲਾਅ ਵੀ ਕੀਮਤਾਂ 'ਤੇ ਡੂੰਘਾ ਅਸਰ ਪਾ ਸਕਦਾ ਹੈ। ਇਸ ਲਈ ਅਜਿਹਾ ਨਹੀਂ ਲੱਗਦਾ ਹੈ ਕਿ ਇਸ ਸਾਲ ਨਵੀਂ ਫ਼ਸਲ ਆਉਣ ਨਾਲ ਕੀਮਤਾਂ 'ਚ ਕੋਈ ਖ਼ਾਸ ਗਿਰਾਵਟ ਆਵੇਗੀ।"

ਕੇਂਦਰ ਸਰਕਾਰ ਅਨੁਸਾਰ 2022-23 ਵਿੱਚ ਆਲੂ ਦੀ ਖੇਤੀ ਦਾ ਰਕਬਾ 23.32 ਲੱਖ ਹੈਕਟੇਅਰ ਅਤੇ ਉਤਪਾਦਨ 6.01 ਕਰੋੜ ਮੀਟ੍ਰਿਟ ਟਨ ਸੀ।

2023-24 ਵਿੱਚ ਖੇਤੀ ਦਾ ਕਕਬਾ ਘਟ ਕੇ 23.22 ਲੱਖ ਹੈਕਟੇਅਰ ਅਤੇ ਉਤਪਾਦਨ ਵੀ 5.70 ਕਰੋੜ ਮੀਟ੍ਰਿਕ ਟਨ ਰਹਿ ਗਿਆ ਹੈ।

ਗਣਪਤਭਾਈ ਕਹਿੰਦੇ ਹਨ ਕਿ ਕੋਲਡ ਸਟੇਰਜ ਵਿੱਚ ਹੁਣ ਜ਼ਿਆਦਾ ਸਟੌਕ ਨਹੀਂ ਹੈ। ਕੋਲਡ ਸਟੋਰੇਜ ਵਿੱਚ ਸਾਢੇ ਤਿੰਨ ਤੋਂ ਚਾਰ ਲੱਖ ਪੈਕੇਟ (ਹਰੇਕ ਵਿੱਚ 50 ਕਿਲੋ ਆਲੂ) ਹਨ।

"ਇਹ ਕਾਫ਼ੀ ਹੱਦ ਤੱਕ ਇਸ ਗੱਲ 'ਤੇ ਨਿਰਭਰ ਕਰਦਾ ਹੈ ਕਿ ਅਗਲੇ ਮਹੀਨੇ ਮੌਸਮ ਕਿਹੋ ਜਿਹਾ ਹੈ ਅਤੇ ਆਗਰਾ ਵਿੱਚ ਬਾਜ਼ਾਰ ਦੀ ਸਥਿਤੀ ਕੀ ਹੈ।"

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)