ਨੈਨੋ ਯੂਰੀਆ ʼਤੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਨੂੰ ਕੀ ਇਤਰਾਜ਼ ਹੈ, ਫਸਲ ਦੇ ਝਾੜ 'ਤੇ ਇਸ ਦਾ ਕੀ ਅਸਰ ਹੁੰਦਾ ਹੈ

ਕਿਸਾਨ
ਤਸਵੀਰ ਕੈਪਸ਼ਨ, (ਸੰਕੇਤਕ ਤਸਵੀਰ)
    • ਲੇਖਕ, ਹਰਮਨਦੀਪ ਸਿੰਘ
    • ਰੋਲ, ਬੀਬੀਸੀ ਪੱਤਰਕਾਰ

ਕਿਸਾਨਾਂ ਅਤੇ ਸਰਕਾਰ ਨੂੰ ਹਰ ਸਾਲ ਰਵਾਇਤੀ ਦਾਣੇਦਾਰ ਯੂਰੀਆ ਖਾਦ ਦੀ ਘਾਟ ਨਾਲ ਜੂਝਣਾ ਪੈਂਦਾ ਹੈ। ਸ਼ਾਇਦ ਹੀ ਕੋਈ ਅਜਿਹਾ ਸਾਲ ਹੋਵੇ ਜਦੋਂ ਯੂਰੀਆ ਦੀ ਨਿਰਵਿਘਨ ਸਪਲਾਈ ਹੋਈ ਹੋਵੇ।

ਅਜਿਹੇ ਵਿੱਚ ਨੈਨੋ ਯੂਰੀਆ ਨੂੰ ਰਵਾਇਤੀ ਯੂਰੀਆ ਦੇ ਬਦਲ ਵਜੋਂ ਵੀ ਵੇਖਿਆ ਗਿਆ। ਇਸ ਵਾਸਤੇ ਇੰਡੀਅਨ ਫਾਰਮਰਜ਼ ਫਰਟੀਲਾਈਜ਼ਰ ਕੋਆਪਰੇਟਿਵ ਲਿਮਟਿਡ (ਇਫਕੋ) ਵੱਲੋਂ ਪਹਿਲਾਂ ਨੈਨੋ ਯੂਰੀਆ, ਫਿਰ ਸੁਪਰ ਨੈਨੋ ਯੂਰੀਆ ਅਤੇ ਨੈਨੋ ਪਲੱਸ ਉਤਪਾਦ ਲਾਂਚ ਕੀਤੇ ਗਏ।

ਪਰ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਦੇ ਮਿੱਟੀ ਵਿਗਿਆਨ ਵਿਭਾਗ ਵੱਲੋਂ ਵੱਖ-ਵੱਖ ਸਮਿਆਂ ਉੱਤੇ ਨੈਨੋ ਯੂਰੀਆ, ਸੁਪਰ ਨੈਨੋ ਯੂਰੀਆ ਦੇ ਕੀਤੇ ਗਏ ਟ੍ਰਾਇਲ ਉਮੀਦਾਂ ਉੱਤੇ ਖਰੇ ਨਹੀਂ ਉੱਤਰੇ।

ਯੂਨੀਵਰਸਿਟੀ ਨੇ ਕੀ ਸਵਾਲ ਖੜ੍ਹੇ ਕੀਤੇ

ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਨੇ 'ਨੈਨੋ ਯੂਰੀਆ' ਅਤੇ 'ਸੁਪਰ ਨੈਨੋ ਯੂਰੀਆ' ਦੇ ਫਾਇਦਿਆਂ ਉੱਤੇ ਸਵਾਲ ਖੜੇ ਕੀਤੇ ਹਨ, ਕਿਉਂਕਿ ਇਨ੍ਹਾਂ ਦੀ ਵਰਤੋਂ ਨਾਲ ਫਸਲਾਂ ਦਾ ਝਾੜ ਘਟਿਆ।

ਯੂਨੀਵਰਸਿਟੀ ਦੇ ਮਿੱਟੀ ਵਿਗਿਆਨ ਵਿਭਾਗ ਦੇ ਸੀਨੀਅਰ ਮਿੱਟੀ ਰਸਾਇਣ ਵਿਗਿਆਨੀ ਡਾ. ਰਾਜੀਵ ਸਿੱਕਾ ਨੇ ਜਾਣਕਾਰੀ ਦਿੱਤੀ ਕਿ ਨੈਨੋ ਯੂਰੀਆ ਉੱਤੇ ਰਿਸਰਚ ਕਰਨ ਵਾਲੀ ਟੀਮ ਵਿੱਚ ਉਨ੍ਹਾਂ ਤੋਂ ਇਲਾਵਾ ਡਾ. ਅਨੂ ਕਾਲੀਆ, ਡਾ. ਰਾਧਾ ਆਹੂਜਾ, ਸਿਮਰਨਪ੍ਰੀਤ ਕੌਰ ਢਿੱਲੋਂ ਅਤੇ ਪੀ. ਚਾਤੀਰਾ ਸ਼ਾਮਲ ਸਨ।

ਇਸ ਤੋਂ ਇਲਾਵਾ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਹੁਣ ਇਫਕੋ ਦੇ ਇੱਕ ਨਵੇਂ ਉਤਪਾਦ 'ਨੈਨੋ ਪਲੱਸ' ਦੇ ਫੀਲਡ ਟ੍ਰਾਇਲ ਵੀ ਕਰ ਰਹੀ ਹੈ। ਨੈਨੋ ਪਲੱਸ ਦੇ ਹੁਣ ਤੱਕ ਦੇ ਟ੍ਰਾਇਲ ਵੀ ਸਕਾਰਾਤਮਕ ਨਹੀਂ ਹਨ।

ਬੀਬੀਸੀ ਪੰਜਾਬੀ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ 'ਤੇ ਕਲਿੱਕ ਕਰੋ

ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਨੇ ਕੀ ਦਾਅਵਾ ਕੀਤੇ

ਯੂਨੀਵਰਸਿਟੀ ਦਾ ਦਾਅਵਾ ਹੈ ਕਿ ਇਫਕੋ ਦੇ ਉਤਪਾਦਾਂ, ਨੈਨੋ ਯੂਰੀਆ ਅਤੇ ਸੁਪਰ ਨੈਨੋ ਯੂਰੀਆ ਦੀ ਵਰਤੋਂ ਕਰਨ ਤੋਂ ਬਾਅਦ ਫਸਲਾਂ ਅਤੇ ਅਨਾਜ ਵਿੱਚ ਪ੍ਰੋਟੀਨ ਦੀ ਪੈਦਾਵਾਰ ਵਿੱਚ ਭਾਰੀ ਗਿਰਾਵਟ ਆਈ ਹੈ।

ਡਾ. ਰਾਜੀਵ ਸਿੱਕਾ ਨੇ ਕਿਹਾ ਹੈ ਕਿ ਪਹਿਲਾਂ ਇਫਕੋ ਨੇ ਨੈਨੋ ਯੂਰੀਆ ਲਾਂਚ ਕੀਤਾ ਹੈ ਅਤੇ ਉਨ੍ਹਾਂ ਨੇ ਦੋ ਸਾਲਾਂ ਲਈ ਇਸ 'ਤੇ ਟ੍ਰਾਇਲ ਕੀਤੇ।

ਡਾ. ਸਿੱਕਾ ਨੇ ਕਿਹਾ, "ਨੈਨੋ ਯੂਰੀਆ ਦੇ ਨਤੀਜੇ ਉਤਸ਼ਾਹਜਨਕ ਨਹੀਂ ਸਨ। ਨਤੀਜਿਆਂ ਤੋਂ ਪਤਾ ਲੱਗਾ ਕਿ ਝਾੜ ਅਤੇ ਪ੍ਰੋਟੀਨ ਵਿੱਚ 15 ਤੋਂ 20% ਦੀ ਕਮੀ ਆਈ ਹੈ। ਬਾਅਦ ਵਿੱਚ ਉਨ੍ਹਾਂ ਨੇ ਸੁਪਰ ਨੈਨੋ ਯੂਰੀਆ ਲਾਂਚ ਕੀਤਾ।"

"ਇਫਕੋ ਨੇ ਦਾਅਵਾ ਕੀਤਾ ਕਿ ਇਸ ਵਿੱਚ 8% ਨਾਈਟ੍ਰੋਜਨ ਹੁੰਦਾ ਹੈ ਜਦੋਂ ਕਿ ਨੈਨੋ ਯੂਰੀਆ ਵਿੱਚ 4% ਨਾਈਟ੍ਰੋਜਨ ਹੁੰਦਾ ਹੈ।"

ਉਨ੍ਹਾਂ ਦੱਸਿਆ ਕੀ ਸੁਪਰ ਨੈਨੋ ਦੀ ਵਰਤੋਂ ਨਾਲ ਵੀ ਝਾੜ ਵਿੱਚ 20 ਤੋਂ 32% ਕਮੀ ਆਈ ਜਦਕਿ ਫਸਲਾਂ ਦੇ ਦਾਣੇ ਵਿੱਚ 15 ਤੋਂ 20 ਫ਼ੀਸਦੀ ਪ੍ਰੋਟੀਨ ਵੀ ਘਟਿਆ।

ਯੂਰੀਆ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਡਾ. ਸਿੱਕਾ ਨੇ ਕਿਹਾ ਹੈ ਕਿ ਨੈਨੋ ਯੂਰੀਆ ਦੇ ਨਤੀਜੇ ਉਤਸ਼ਾਹਜਨਕ ਨਹੀਂ ਸਨ (ਸੰਕੇਤਕ ਤਸਵੀਰ)

ਇਫਕੋ ਕੀ ਹੈ

ਇਫਕੋ ਜਾਂ ਇੰਡੀਅਨ ਫਾਰਮਰਜ਼ ਫਰਟੀਲਾਈਜ਼ਰ ਕੋਆਪਰੇਟਿਵ ਲਿਮਟਿਡ, ਇੱਕ ਖਾਦ ਸਹਿਕਾਰੀ ਸੰਸਥਾ ਹੈ ਜੋ ਭਾਰਤ ਵਿੱਚ ਖਾਦ ਬਣਾਉਂਦੀ ਹੈ ਅਤੇ ਕਿਸਾਨਾਂ ਨੂੰ ਵੇਚਦੀ ਹੈ। ਇਹ ਭਾਰਤ ਵਿੱਚ ਸਭ ਤੋਂ ਵੱਡਾ ਖਾਦ ਨਿਰਮਾਤਾ ਹੈ। ਇਸ ਦਾ ਮੁੱਖ ਦਫ਼ਤਰ ਦਿੱਲੀ ਵਿਖੇ ਸਥਿਤ ਹੈ।

ਇਫਕੋ ਕਿਸਾਨਾਂ ਨੂੰ ਰਵਾਇਤੀ ਖਾਦ ਦੀ ਬਜਾਏ ਆਪਣੀਆਂ ਸੰਖੇਪ ਨੈਨੋ ਯੂਰੀਆ ਖਾਦ ਵਰਤਣ ਲਈ ਪੂਰਾ ਜ਼ੋਰ ਲਾ ਰਿਹਾ ਹੈ।

ਟ੍ਰਾਇਲ ਕਿਹੜੀਆਂ ਫਸਲਾਂ ਉੱਤੇ ਕਦੋਂ ਅਤੇ ਕਿੰਨਾ ਸਮਾਂ ਹੋਏ

ਪੀਏਯੂ ਨੇ ਝੌਨੇ, ਕਣਕ, ਆਲੂਆਂ ਅਤੇ ਹੋਰ ਫਸਲਾਂ 'ਤੇ ਨੈਨੋ ਯੂਰੀਆ ਦੇ ਟ੍ਰਾਇਲ ਕੀਤੇ ਸਨ ਜਦਕਿ ਸੁਪਰ ਨੈਨੋ ਦੇ ਟ੍ਰਾਇਲ ਸਿਰਫ਼ ਚੌਲਾਂ ਦੀ ਫਸਲ 'ਤੇ ਹੀ ਕੀਤੇ ਗਏ ਸਨ।

ਪ੍ਰੋਫੈਸਰ ਸਿੱਕਾ ਨੇ ਦੱਸਿਆ ਕਿ ਨੈਨੋ ਯੂਰੀਆ ਦੇ ਟ੍ਰਾਇਲ ਦੋ ਸਾਲ ਕੀਤੇ ਗਏ ਜਦਕਿ ਸੁਪਰ ਨੈਨੋ ਯੂਰੀਆ ਦੇ ਫ਼ੀਲਡ ਟ੍ਰਾਇਲ ਇੱਕ ਸਾਲ ਵਿੱਚ ਕੀਤੇ ਗਏ।

ਆਲੂ

ਤਸਵੀਰ ਸਰੋਤ, PAU

ਤਸਵੀਰ ਕੈਪਸ਼ਨ, ਇਨ੍ਹਾਂ ਆਲੂਆਂ ਉੱਤੇ ਨੈਨੋ ਪਲੱਸ ਦੇ ਟ੍ਰਾਇਲ ਹੋਏ ਸੀ

ਨੈਨੋ ਯੂਰੀਆ ਕੀ ਹੈ

ਨੈਨੋ ਯੂਰੀਆ ਇੱਕ ਤਰਲ ਖਾਦ ਹੈ ਅਤੇ ਇਹ ਦਾਅਵਾ ਕੀਤਾ ਜਾਂਦਾ ਹੈ ਕਿ ਇਹ ਵਾਤਾਵਰਣ ਫ੍ਰੈਂਡਲੀ ਹੈ। ਇਸ ਵਿੱਚ 4% ਨਾਈਟ੍ਰੋਜਨ ਹੁੰਦਾ ਹੈ।

ਪ੍ਰੋਫੈਸਰ ਸਿੱਕਾ ਨੇ ਦੱਸਿਆ ਕਿ ਇਸਦਾ ਮਤਲਬ ਹੈ ਕਿ 500 ਐੱਮਐੱਲ ਦੀ ਇੱਕ ਬੋਤਲ ਵਿੱਚ 20 ਗ੍ਰਾਮ ਨਾਈਟ੍ਰੋਜਨ ਹੈ।

ਨੈਨੋ ਯੂਰੀਆ ਇਫਕੋ ਦਾ ਸਭ ਤੋਂ ਪਹਿਲਾ ਪ੍ਰੋਡਕਟ ਸੀ। ਇਸ ਨੂੰ 2020 ਵਿੱਚ ਲਾਂਚ ਕੀਤਾ ਗਿਆ ਸੀ।

ਸੁਪਰ ਨੈਨੋ ਕੀ ਹੈ

ਸੁਪਰ ਨੈਨੋ ਇਫਕੋ ਦਾ ਦੂਜਾ ਪ੍ਰੋਡਕਟ ਸੀ। ਇਸ ਨੂੰ ਨੈਨੋ ਯੂਰੀਆ ਤੋਂ ਬਾਅਦ ਜਾਰੀ ਕੀਤਾ ਗਿਆ ਸੀ। ਇਸ ਦੇ ਵਿੱਚ ਨਾਈਟ੍ਰੋਜਨ ਦੀ ਮਾਤਰਾ 8% ਹੈ।

ਇਫਕੋ ਨੇ ਸਾਲ 2023 ਵਿੱਚ ਇਸ ਨੂੰ ਲਾਂਚ ਕੀਤਾ ਸੀ। ਪੰਜਾਬ ਐਗਰੀਕਲਚਰ ਯੂਨੀਵਰਸਿਟੀ ਮੁਤਾਬਕ ਸੁਪਰ ਨੈਨੋ ਦੇ ਨਤੀਜੇ ਵੀ ਉਮੀਦਾਂ ਉੱਤੇ ਖਰੇ ਨਹੀਂ ਉਤਰੇ।

ਕਿਸਾਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਖੇਤਾਂ ਵਿੱਚ ਖਾਦ ਦਾ ਛਿੜਕਾ ਕਰਦੇ ਕਿਸਾਨ ਦੀ ਤਸਵੀਰ (ਸੰਕੇਤਕ)

ਨੈਨੋ ਪਲੱਸ ਕੀ ਹੈ

ਹੁਣ ਇਫਕੋ ਇੱਕ ਹੋਰ ਉਤਪਾਦ ਲੈ ਕੇ ਆਇਆ ਹੈ ਜਿਸ ਨੂੰ ਨੈਨੋ ਪਲੱਸ ਕਿਹਾ ਜਾਂਦਾ ਹੈ। ਇਫਕੋ ਦਾਅਵਾ ਕਰਦਾ ਹੈ ਕਿ ਇਸ ਵਿੱਚ ਲਗਭਗ 16 ਤੋਂ 20% ਨਾਈਟ੍ਰੋਜਨ ਹੁੰਦਾ ਹੈ।

ਇਫਕੋ ਨੇ ਸਾਲ 2024 ਵਿੱਚ ਇਸ ਉਤਪਾਦ ਨੂੰ ਜਾਰੀ ਕੀਤਾ ਸੀ ਅਤੇ ਪੀਏਯੂ ਨੂੰ ਇਸ ਉਤਪਾਦ 'ਤੇ ਵੀ ਟ੍ਰਾਇਲ ਕਰਨ ਲਈ ਕਿਹਾ। ਯੂਨੀਵਰਸਿਟੀ ਨੇ ਕੈਂਪਸ ਵਿੱਚ ਇਸ ਉਤਪਾਦ ਦੇ ਫੀਲਡ ਟ੍ਰਾਇਲ ਸ਼ੁਰੂ ਕਰ ਦਿੱਤੇ ਹਨ।

ਪ੍ਰੋਫੈਸਰ ਸਿੱਕਾ ਨੇ ਦੱਸਿਆ ਕਿ ਉਨ੍ਹਾਂ ਨੈਨੋ ਪਲੱਸ ਦੇ ਟ੍ਰਾਇਲ ਝੋਨੇ ਉੱਤੇ ਪੂਰੇ ਕਰ ਲਏ ਹਨ, ਜਦਕਿ ਕਣਕ ਅਤੇ ਆਲੂਆਂ ਉੱਤੇ ਟ੍ਰਾਇਲ ਚੱਲ ਰਹੇ ਹਨ।

ਪ੍ਰੋਫੈਸਰ ਸਿੱਕਾ ਨੇ ਕਿਹਾ ਕਿ ਝੋਨੇ ਉੱਤੇ ਨੈਨੋ ਪਲਸ ਦੇ ਟ੍ਰਾਇਲ ਕਰਨ ਤੋਂ ਬਾਅਦ ਝੋਨੇ ਦੇ ਨਤੀਜੇ ਸਕਾਰਾਤਮਕ ਨਹੀਂ ਰਹੇ।

ਕਿੰਨੀ ਨਾਈਟ੍ਰੋਜਨ ਦੀ ਲੋੜ ਹੁੰਦੀ ਹੈ।

ਪ੍ਰੋਫੈਸਰ ਸਿੱਕਾ ਨੇ ਦੱਸਿਆ ਕਿ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੀਆਂ ਸਿਫਾਰਸ਼ਾਂ ਅਨੁਸਾਰ ਕਣਕ ਨੂੰ 120 ਕਿਲੋ ਨਾਈਟ੍ਰੋਜਨ ਅਤੇ ਝੋਨੇ ਨੂੰ 105 ਕਿੱਲੋ ਪ੍ਰਤੀ ਹੈਕਟੇਅਰ ਨਾਈਟ੍ਰੋਜਨ ਦੀ ਲੋੜ ਹੁੰਦੀ ਹੈ।

ਪ੍ਰੋਫੈਸਰ ਸਿੱਕਾ ਨੇ ਦੱਸਿਆ, "ਇਫਕੋ ਕਹਿੰਦੀ ਹੈ ਕਿ ਅੱਧੀ ਨਾਈਟ੍ਰੋਜਨ ਰਵਾਇਤੀ ਖਾਦ ਰਾਹੀਂ ਅਤੇ ਅੱਧੀ ਨੈਨੋ ਯੂਰੀਆ ਖਾਦ ਸਪ੍ਰੇ ਰਾਹੀਂ ਫਸਲਾਂ ਨੂੰ ਦਿੱਤੀ ਜਾਵੇ। ਇਹ ਆਰਥਿਕ ਤੌਰ ਉੱਤੇ ਮਹਿੰਗੀ ਪੈਂਦੀ ਹੈ।"

ਇਫਕੋ ਦਾ ਕੀ ਕਹਿਣਾ ਹੈ

ਇਫਕੋ ਦੇ ਡਿਪਟੀ ਜਨਰਲ ਮੈਨੇਜਰ ਮਾਰਕਟਿੰਗ ਰਜਨੀਸ਼ ਪਾਂਡੇ ਨੇ ਕਿਹਾ ਕਿ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਵੱਲੋਂ ਨੈਨੋ ਯੂਰੀਆ ਟੈਕਨੋਲੋਜੀ ਦੇ ਮੁੱਦੇ ਉੱਤੇ ਗੁੰਮਰਾਹ ਕੀਤਾ ਜਾ ਰਿਹਾ ਹੈ।

ਉਨ੍ਹਾਂ ਕਿਹਾ, "ਅਸੀਂ ਪੂਰੇ ਭਾਰਤ ਵਿੱਚ 20 ਯੂਨੀਵਰਸਿਟੀਆਂ ਅਤੇ ਕਿਸਾਨਾਂ ਦੇ ਖੇਤਾਂ ਵਿੱਚ 11,000 ਟ੍ਰਾਇਲ ਕੀਤੇ ਸਨ। ਕੋਰੋਨਾ ਕਾਲ ਦੌਰਾਨ ਇਨ੍ਹਾਂ ਵਿੱਚੋਂ ਹੀ ਇੱਕ ਟ੍ਰਾਇਲ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਿੱਚ ਹੋਇਆ।"

"ਕੋਰੋਨਾ ਕਾਲ ਹੋਣ ਕਰਕੇ ਮਜ਼ਦੂਰਾਂ ਦੀ ਘਾਟ ਹੋਣ ਕਾਰਨ ਪੀਏਯੂ ਟ੍ਰਾਇਲ ਨੂੰ ਸੁਪਰਵਾਈਜ਼ ਨਹੀਂ ਕਰ ਸਕਿਆ। ਇਸ ਲਈ ਇਫਕੋ ਨੇ ਉਸ ਟ੍ਰਾਇਲ ਨੂੰ ਰੱਦ ਕਰ ਦਿੱਤਾ ਸੀ। ਇਸ ਟ੍ਰਾਇਲ ਦੇ ਨਤੀਜਿਆਂ ਨੂੰ ਹੀ ਵਾਰ-ਵਾਰ ਵਰਤਿਆ ਜਾਂਦਾ ਹੈ।"

ਉਨ੍ਹਾਂ ਕਿਹਾ, "ਅਸੀਂ ਪੀਏਯੂ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਾਂਗੇ।"

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)