ਕੁੰਭ ਮੇਲੇ ਵਿੱਚ ਇਸ਼ਨਾਨ ਲਈ ਗੰਗਾ ਦੇ ਪਾਣੀ ਦੀ ਸਫ਼ਾਈ ਬਾਰੇ ਕੀ ਹੈ ਵਿਵਾਦ, ਕੀ ਕੁੰਭ ਤੋਂ ਆਉਣ ਮਗਰੋਂ ਲੋਕਾਂ ਦੀ ਸਿਹਤ ਵਿਗੜ ਰਹੀ ਹੈ?

ਕੁੰਭ ਮੇਲਾ

ਤਸਵੀਰ ਸਰੋਤ, Getty Images

    • ਲੇਖਕ, ਆਨੰਦ ਮਣੀ ਤ੍ਰਿਪਾਠੀ
    • ਰੋਲ, ਬੀਬੀਸੀ ਪੱਤਰਕਾਰ

ਪ੍ਰਯਾਗਰਾਜ ਵਿੱਚ ਚੱਲ ਰਹੇ ਕੁੰਭ ਮੇਲੇ ਦੀ ਸਮਾਪਤੀ ਤੋਂ ਪਹਿਲਾਂ, ਸੰਗਮ ਖੇਤਰ ਵਿੱਚ ਗੰਗਾ-ਯਮੁਨਾ ਦੇ ਪਾਣੀ ਦੀ ਸ਼ੁੱਧਤਾ ਬਾਰੇ ਦੋ ਰਿਪੋਰਟਾਂ ਸਾਹਮਣੇ ਆਈਆਂ ਹਨ। ਜਿਸ ਮਗਰੋਂ, ਇਸ ਨੂੰ ਲੈ ਕੇ ਇੱਕ ਨਵਾਂ ਵਿਵਾਦ ਖੜ੍ਹਾ ਹੋ ਗਿਆ ਹੈ।

ਦਰਅਸਲ, ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (ਸੀਪੀਸੀਬੀ) ਨੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ (ਐਨਜੀਟੀ) ਨੂੰ 3 ਫਰਵਰੀ ਨੂੰ ਇੱਕ ਰਿਪੋਰਟ ਸੌਂਪੀ ਸੀ। ਇਸ ਰਿਪੋਟ ਵਿੱਚ ਕਿਹਾ ਗਿਆ ਸੀ ਕਿ ਗੰਗਾ-ਯਮੁਨਾ ਦੇ ਪਾਣੀ ਵਿੱਚ ਨਿਰਧਾਰਤ ਮਾਪਦੰਡਾਂ ਨਾਲੋਂ ਕਈ ਗੁਣਾ ਜ਼ਿਆਦਾ ਫੀਕਲ ਕੋਲੀਫਾਰਮ ਬੈਕਟੀਰੀਆ ਹਨ।

ਇਸ ਤੋਂ ਬਾਅਦ, 18 ਫਰਵਰੀ ਨੂੰ ਉੱਤਰ ਪ੍ਰਦੇਸ਼ ਪ੍ਰਦੂਸ਼ਣ ਕੰਟਰੋਲ ਬੋਰਡ (ਯੂਪੀਪੀਸੀਬੀ) ਨੇ ਐਨਜੀਟੀ ਨੂੰ ਇੱਕ ਨਵੀਂ ਰਿਪੋਰਟ ਦਿੱਤੀ। ਇਸ ਵਿੱਚ ਸੀਪੀਸੀਬੀ ਦੀ ਰਿਪੋਰਟ ਨੂੰ ਰੱਦ ਕਰ ਦਿੱਤਾ ਗਿਆ।

ਇਸ 'ਤੇ, ਐਨਜੀਟੀ ਨੇ ਸਖ਼ਤ ਟਿੱਪਣੀ ਕਰਦੇ ਹੋਏ ਯੂਪੀਪੀਸੀਬੀ ਤੋਂ ਨਵੀਂ ਰਿਪੋਰਟ ਮੰਗੀ ਹੈ। ਮਾਮਲੇ ਦੀ ਅਗਲੀ ਸੁਣਵਾਈ 28 ਫਰਵਰੀ ਨੂੰ ਹੋਵੇਗੀ। ਕੁੰਭ 26 ਫਰਵਰੀ ਨੂੰ ਸਮਾਪਤ ਹੋ ਜਾਵੇਗਾ।

ਪ੍ਰਯਾਗਰਾਜ ਵਿੱਚ 13 ਜਨਵਰੀ ਤੋਂ ਮਹਾਂਕੁੰਭ ਇਸ਼ਨਾਨ ਚੱਲ ਰਿਹਾ ਹੈ। ਉੱਤਰ ਪ੍ਰਦੇਸ਼ ਸਰਕਾਰ ਵੱਲੋਂ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਕ, ਹੁਣ ਤੱਕ ਲਗਭਗ 58 ਕਰੋੜ ਲੋਕ ਤ੍ਰਿਵੇਣੀ ਸੰਗਮ ਵਿੱਚ ਡੁਬਕੀ ਲਗਾ ਚੁੱਕੇ ਹਨ।

ਬੀਬੀਸੀ ਪੰਜਾਬੀ ਵੱਟਸਐਪ ਚੈਨਲ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

ਸੀਪੀਸੀਬੀ ਦੀ ਰਿਪੋਰਟ ਵਿੱਚ ਕੀ ਹੈ?

ਸੀਪੀਸੀਬੀ ਨੇ ਕੁੰਭ ਮੇਲੇ ਦੌਰਾਨ ਸ਼੍ਰੀਂਗਵੇਰਪੁਰ ਘਾਟ, ਲਾਰਡ ਕਰਜਨ ਬ੍ਰਿਜ, ਨਾਗਵਾਸੁਕੀ ਮੰਦਰ, ਦੀਹਾ ਘਾਟ, ਨੈਨੀ ਬ੍ਰਿਜ ਅਤੇ ਸੰਗਮ ਖੇਤਰ ਤੋਂ ਪਾਣੀ ਦੇ ਨਮੂਨੇ ਇਕੱਠੇ ਕੀਤੇ।

ਇਸ ਵਿੱਚ, 13 ਜਨਵਰੀ, 2025 ਨੂੰ ਗੰਗਾ ਦੇ ਦੀਹਾ ਘਾਟ ਅਤੇ ਯਮੁਨਾ ਦੇ ਪੁਰਾਣੇ ਨੈਨੀ ਬ੍ਰਿਜ ਨੇੜਿਓਂ ਲਏ ਗਏ ਨਮੂਨਿਆਂ ਵਿੱਚ 100 ਮਿਲੀਲੀਟਰ ਪਾਣੀ ਵਿੱਚ ਫੀਕਲ ਕੋਲੀਫਾਰਮ ਬੈਕਟੀਰੀਆ 33,000 ਐਮਪੀਐਨ ਪਾਇਆ ਗਿਆ।

ਸ਼੍ਰੀਂਗਵੇਰਪੁਰ ਘਾਟ ਤੋਂ ਲਏ ਗਏ ਨਮੂਨੇ ਵਿੱਚ ਫੀਕਲ ਕੋਲੀਫਾਰਮ ਬੈਕਟੀਰੀਆ 23,000 ਐਮਪੀਐਨ ਪਾਇਆ ਗਿਆ। ਸੀਪੀਸੀਬੀ ਦੇ ਅਨੁਸਾਰ, ਨਹਾਉਣ ਲਈ 100 ਮਿਲੀਲੀਟਰ ਪਾਣੀ ਵਿੱਚ 2,500 ਐਮਪੀਐਨ ਸੁਰੱਖਿਅਤ ਪੱਧਰ ਹੈ।

ਸੰਗਮ ਉਹ ਥਾਂ ਹੈ ਜਿੱਥੇ ਜ਼ਿਆਦਾਤਰ ਲੋਕ ਇਸ਼ਨਾਨ ਕਰਦੇ ਹਨ। ਇੱਥੇ ਸਵੇਰ ਅਤੇ ਸ਼ਾਮ ਦੇ ਪਾਣੀ ਦੀ ਜਾਂਚ ਕੀਤੀ ਗਈ। ਪਾਇਆ ਗਿਆ ਕਿ ਇੱਥੇ 100 ਮਿਲੀਲੀਟਰ ਪਾਣੀ ਵਿੱਚ ਫੀਕਲ ਕੋਲੀਫਾਰਮ ਬੈਕਟੀਰੀਆ 13,000 ਐਮਪੀਐਨ ਸੀ।

ਰਿਪੋਰਟ ਵਿੱਚ, ਨਾ ਸਿਰਫ਼ ਫੀਕਲ ਕੋਲੀਫਾਰਮ ਬੈਕਟੀਰੀਆ, ਸਗੋਂ ਹੋਰ ਮਾਪਦੰਡਾਂ 'ਤੇ ਵੀ ਨਹਾਉਣ ਵਾਲੇ ਖੇਤਰ ਦਾ ਪਾਣੀ ਪੀਣ ਅਤੇ ਨਹਾਉਣ ਦੇ ਯੋਗ ਨਹੀਂ ਪਾਇਆ ਗਿਆ।

ਸੀਪੀਸੀਬੀ ਨੇ ਇਹ ਵੀ ਕਿਹਾ ਹੈ ਕਿ ਕੁੰਭ ਵਿੱਚ ਵੱਡੀ ਗਿਣਤੀ ਵਿੱਚ ਲੋਕ ਇਸ਼ਨਾਨ ਕਰਦੇ ਹਨ। ਇਸ ਕਾਰਨ ਲੋਕਾਂ ਦੇ ਸਰੀਰ ਅਤੇ ਕੱਪੜਿਆਂ ਵਿੱਚੋਂ ਗੰਦਗੀ ਨਿਕਲਦੀ ਹੈ। ਇਸ ਨਾਲ ਪਾਣੀ ਵਿੱਚ ਮਲ ਬੈਕਟੀਰੀਆ ਦੀ ਘਣਤਾ ਵਧ ਜਾਂਦੀ ਹੈ।

ਕੁੰਭ ਮੇਲਾ

ਤਸਵੀਰ ਸਰੋਤ, Getty Images

ਕੋਲੀਫਾਰਮ ਬੈਕਟੀਰੀਆ ਕੀ ਹੈ?

ਕੋਲੀਫਾਰਮ ਬੈਕਟੀਰੀਆ ਬਹੁਤ ਸਾਰੇ ਬੈਕਟੀਰੀਆ ਦਾ ਸਮੂਹ ਹੈ। ਵਾਸ਼ਿੰਗਟਨ ਸਟੇਟ ਡਿਪਾਰਟਮੈਂਟ ਆਫ਼ ਹੈਲਥ (ਡਬਲਯੂਓਡੀਓਐਚ) ਦੇ ਅਨੁਸਾਰ, ਇਹ ਮਨੁੱਖਾਂ ਅਤੇ ਜਾਨਵਰਾਂ ਦੀਆਂ ਅੰਤੜੀਆਂ ਅਤੇ ਮਲ ਵਿੱਚ ਪਾਇਆ ਜਾਂਦਾ ਹੈ।

ਇਹ ਸਰੀਰ ਵਿੱਚ ਰਹਿੰਦਾ ਹੈ ਤਾਂ ਇਹ ਨੁਕਸਾਨਦੇਹ ਨਹੀਂ ਹੁੰਦਾ ਪਰ ਪਾਣੀ ਵਿੱਚ ਮਿਲਣ ਤੋਂ ਬਾਅਦ ਇਹ ਬੈਕਟੀਰੀਆ ਖ਼ਤਰਨਾਕ ਹੋ ਜਾਂਦਾ ਹੈ।

ਟੋਟਲ ਕੋਲੀਫਾਰਮ ਦੀ ਇੱਕ ਕਿਸਮ ਫੀਕਲ ਕੋਲੀਫਾਰਮ ਹੈ। ਇਸਦੀ ਹੀ ਇੱਕ ਕਿਸਮ ਈ. ਕੋਲੀ ਬੈਕਟੀਰੀਆ ਵੀ ਹੈ।

ਟੋਟਲ ਕੋਲੀਫਾਰਮ ਮਿੱਟੀ ਜਾਂ ਹੋਰ ਕਾਰਨਾਂ ਕਰਕੇ ਪੈਦਾ ਹੋ ਸਕਦਾ ਹੈ, ਪਰ ਫੀਕਲ ਕੋਲੀਫਾਰਮ ਅਤੇ ਈ. ਕੋਲੀ ਮਲ ਤੋਂ ਹੀ ਆਉਂਦਾ ਹੈ।

ਈ. ਕੋਲੀ ਦਾ ਹਰੇਕ ਸਟ੍ਰੇਨ ਖ਼ਤਰਨਾਕ ਨਹੀਂ ਹੁੰਦਾ, ਪਰ ਈ. ਕੋਲੀ 0157:H7 ਨੂੰ ਨੁਕਸਾਨਦੇਹ ਮੰਨਿਆ ਜਾਂਦਾ ਹੈ।

ਇਹ ਵੀ ਪੜ੍ਹੋ-

ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਖਾਰਿਜ ਕੀਤੀ ਰਿਪੋਰਟ

ਕੁੰਭ ਵਿੱਚ ਗੰਗਾ-ਯਮੁਨਾ ਦੇ ਪਾਣੀ ਨੂੰ ਲੈ ਕੇ ਸਿਆਸੀ ਬਿਆਨਬਾਜ਼ੀ ਵੀ ਸ਼ੁਰੂ ਹੋ ਗਈ ਹੈ। ਉੱਤਰ ਪ੍ਰਦੇਸ਼ ਸਰਕਾਰ ਨੇ ਸੀਪੀਸੀਬੀ ਦੀ ਰਿਪੋਰਟ ਨੂੰ ਪੂਰੀ ਤਰ੍ਹਾਂ ਖਾਰਿਜ ਕਰ ਦਿੱਤਾ ਹੈ।

ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ 19 ਫਰਵਰੀ ਨੂੰ ਵਿਧਾਨ ਸਭਾ ਵਿੱਚ ਇਸ ਰਿਪੋਰਟ ਨੂੰ ਖਾਰਿਜ ਕਰਦਿਆਂ ਕਿਹਾ ਕਿ ਤ੍ਰਿਵੇਣੀ ਸੰਗਮ ਦਾ ਪਾਣੀ ਨਾ ਸਿਰਫ਼ ਨਹਾਉਣ ਲਈ, ਸਗੋਂ ਪੀਣ ਲਈ ਵੀ ਪੂਰੀ ਤਰ੍ਹਾਂ ਨਾਲ ਠੀਕ ਹੈ।

ਉਨ੍ਹਾਂ ਕਿਹਾ, "ਤ੍ਰਿਵੇਣੀ ਦੇ ਪਾਣੀ ਦੀ ਗੁਣਵੱਤਾ 'ਤੇ ਸਵਾਲ ਚੁੱਕੇ ਜਾ ਰਹੇ ਹਨ। ਸੰਗਮ ਅਤੇ ਉਸ ਦੇ ਆਲੇ-ਦੁਆਲੇ ਦੇ ਖੇਤਰਾਂ ਵਿੱਚ ਸਾਰੇ ਨਾਲਿਆਂ ਨੂੰ ਟੈਪ ਕੀਤਾ ਗਿਆ ਹੈ ਅਤੇ ਸ਼ੁੱਧੀਕਰਨ ਤੋਂ ਬਾਅਦ ਹੀ ਉੱਥੇ ਪਾਣੀ ਛੱਡਿਆ ਜਾ ਰਿਹਾ ਹੈ। ਯੂਪੀ ਪ੍ਰਦੂਸ਼ਣ ਕੰਟਰੋਲ ਬੋਰਡ ਪਾਣੀ ਦੀ ਗੁਣਵੱਤਾ ਬਣਾਈ ਰੱਖਣ ਲਈ ਲਗਾਤਾਰ ਨਿਗਰਾਨੀ ਕਰ ਰਿਹਾ ਹੈ।"

ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ

ਤਸਵੀਰ ਸਰੋਤ, Getty Images

ਯੋਗੀ ਆਦਿੱਤਿਆਨਾਥ ਨੇ ਕਿਹਾ ਕਿ ਇਸ ਸਮੇਂ ਪ੍ਰਯਾਗਰਾਜ ਵਿੱਚ ਫੀਕਲ ਕੋਲੀਫਾਰਮ ਬੈਕਟੀਰੀਆ ਦਾ ਪੱਧਰ ਪ੍ਰਤੀ 100 ਮਿਲੀਲੀਟਰ ਪਾਣੀ ਵਿੱਚ 2,500 ਯੂਨਿਟ ਤੋਂ ਘੱਟ ਹੈ, ਇਸ ਦਾ ਮਤਲਬ ਹੈ ਕਿ ਇਹ ਸਭ ਸਿਰਫ ਮਹਾਂਕੁੰਭ ਦਾ ਅਕਸ ਵਿਗਾੜਨ ਲਈ ਕੀਤਾ ਜਾ ਰਿਹਾ ਹੈ।

ਉਨ੍ਹਾਂ ਇਹ ਵੀ ਕਿਹਾ ਕਿ ਸੰਗਮ ਖੇਤਰ ਵਿੱਚ ਮੌਜੂਦ ਪਾਣੀ ਵਿੱਚ ਘੁਲ਼ੀ ਹੋਈ ਆਕਸੀਜਨ ਦੀ ਮਾਤਰਾ 8-9 ਹੈ, ਜਦਕਿ ਬਾਇਓਕੈਮੀਕਲ ਆਕਸੀਜਨ ਡਿਮਾਂਡ 3 ਤੋਂ ਘੱਟ ਹੈ, ਜਿਸਦਾ ਮਤਲਬ ਹੈ ਕਿ ਸੰਗਮ ਦਾ ਪਾਣੀ ਨਾ ਸਿਰਫ਼ ਨਹਾਉਣ ਲਈ ਸਗੋਂ ਪੀਣ ਲਈ ਵੀ ਯੋਗ ਹੈ।

ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਨੇ ਕਿਹਾ ਹੈ ਕਿ ''ਭਾਜਪਾ ਵਾਲੇ ਇਸ ਪਾਣੀ ਦੀ ਵਰਤੋਂ ਖਾਣ-ਪੀਣ ਅਤੇ ਨਹਾਉਣ ਲਈ ਕਰਨ ਤਾਂ ਮੰਨੀਏ ਕਿ ਗੰਗਾ ਦਾ ਪਾਣੀ ਸਾਫ਼ ਹੈ।''

ਬੁੱਧਵਾਰ ਨੂੰ ਵਿਧਾਨ ਸਭਾ ਵਿੱਚ ਰਾਜਪਾਲ ਦੇ ਭਾਸ਼ਣ 'ਤੇ ਚਰਚਾ ਦੌਰਾਨ ਸਪਾ ਆਗੂ ਸ਼ਿਵਪਾਲ ਸਿੰਘ ਯਾਦਵ ਨੇ ਕਿਹਾ ਕਿ ''ਸਰਕਾਰ ਨੇ ਗੰਗਾ ਨੂੰ ਈਵੈਂਟ ਮੈਨੇਜਮੈਂਟ ਦਾ ਕੇਂਦਰ ਬਣਾ ਦਿੱਤਾ ਹੈ। ਗੰਗਾ ਦਾ ਪਾਣੀ ਪੀਣ ਯੋਗ ਨਹੀਂ ਹੈ। ਸਰਕਾਰ ਗੰਗਾਜਲ ਹੱਥ 'ਚ ਲੈ ਕੇ ਸੱਚ ਬੋਲੇ। ਇਸ ਸਰਕਾਰ ਨੇ 2025 ਵਿੱਚ ਅਸਫਲਤਾ ਦੀ ਗੰਗਾ ਬਹਾਈ ਹੈ।''

ਕਿੰਨਾ ਹੋਣਾ ਚਾਹੀਦਾ ਹੈ ਫੀਕਲ ਕੋਲੀਫਾਰਮ?

ਕੁੰਭ ਮੇਲਾ

ਤਸਵੀਰ ਸਰੋਤ, Getty Images

ਸੀਪੀਸੀਬੀ ਨੇ ਛੇ ਮਾਪਦੰਡਾਂ 'ਤੇ ਸੰਗਮ ਖੇਤਰ ਦੇ ਪਾਣੀ ਦੀ ਜਾਂਚ ਕੀਤੀ ਹੈ। ਪ੍ਰਦੂਸ਼ਣ ਮਾਪਦੰਡਾਂ ਅਨੁਸਾਰ, ਫੀਕਲ ਕੋਲੀਫਾਰਮ ਦਾ ਪੱਧਰ ਪ੍ਰਤੀ 100 ਮਿਲੀਲੀਟਰ ਵਿੱਚ 2,500 ਯੂਨਿਟ ਤੋਂ ਘੱਟ ਹੋਣਾ ਚਾਹੀਦਾ ਹੈ, ਜੋ ਕਿ ਜਾਂਚ ਦੌਰਾਨ ਵੱਧ ਪਾਇਆ ਗਿਆ।

ਦੂਜੇ ਪਾਸੇ, ਯੂਪੀਪੀਸੀਬੀ ਪ੍ਰਯਾਗਰਾਜ ਦੇ ਖੇਤਰੀ ਅਧਿਕਾਰੀ ਸੁਰੇਸ਼ ਚੰਦਰ ਸ਼ੁਕਲਾ ਨੇ 18 ਫਰਵਰੀ ਨੂੰ 549 ਪੰਨਿਆਂ ਦੀ ਰਿਪੋਰਟ ਐਨਜੀਟੀ ਨੂੰ ਦਿੱਤੀ ਹੈ।

ਇਸ ਰਿਪੋਰਟ ਵਿੱਚ ਪਾਣੀ ਦੇ ਮਿਆਰ ਨੂੰ ਮਿਆਰੀ ਦੱਸਦੇ ਹੋਏ ਯੂਪੀਪੀਸੀਬੀ, ਜਲ ਨਿਗਮ, ਜੀਓ ਟਿਊਬ ਅਤੇ ਮੋਤੀਲਾਲ ਨਹਿਰੂ ਨੈਸ਼ਨਲ ਇੰਸਟੀਚਿਊਟ ਆਫ਼ ਟੈਕਨਾਲੋਜੀ (ਐਮਐਨਆਈਟੀ) ਦੀਆਂ ਜਾਂਚ ਰਿਪੋਰਟਾਂ ਵੀ ਲਗਾਈਆਂ ਗਈਆਂ ਹਨ।

ਇਸ ਰਿਪੋਰਟ ਵਿੱਚ ਜਿਸ ਜੀਓ ਟਿਊਬ ਦਾ ਜ਼ਿਕਰ ਹੈ ਉਹ ਸੰਗਮ ਦੇ ਪਾਣੀ ਵਿੱਚ ਹੇਠਾਂ ਪਈਆਂ ਹਨ। ਇਹ ਪਾਣੀ ਦੀ ਗੁਣਵੱਤਾ ਬਾਰੇ ਜਾਣਕਾਰੀ ਦਿੰਦੀਆਂ ਰਹਿੰਦੀਆਂ ਹਨ।

ਨਦੀਆਂ ਦੇ ਪਾਣੀ 'ਤੇ ਖੋਜ ਕਰਨ ਵਾਲੇ ਦੀਪੇਂਦਰ ਸਿੰਘ ਕਪੂਰ ਕਹਿੰਦੇ ਹਨ, "ਸੀਪੀਸੀਬੀ ਦੀ ਰਿਪੋਰਟ ਇਹ ਦੱਸ ਰਹੀ ਹੈ ਕਿ ਪ੍ਰਦੂਸ਼ਣ ਹੈ, ਤਾਂ ਇਸ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।"

ਉਹ ਕਹਿੰਦੇ ਹਨ, "ਇਸਦੇ ਦੋ ਪਹਿਲੂ ਹਨ। ਪਹਿਲਾ ਪੱਖ ਇਹ ਹੈ ਕਿ ਇੰਨੇ ਵੱਡੇ ਇਸ਼ਨਾਨ ਵਿੱਚ ਕਿਸੇ ਨੂੰ ਕੋਈ ਬਿਮਾਰੀ ਨਹੀਂ ਹੋਈ।"

"ਇਸ ਦਾ ਦੂਜਾ ਪੱਖ ਇਹ ਹੈ ਕਿ ਜੋ ਵੀ ਵਿਅਕਤੀ ਉੱਥੇ ਨਹਾ ਰਿਹਾ ਹੈ, ਉਹ ਉੱਥੇ ਰੁਕ ਤਾਂ ਨਹੀਂ ਰਿਹਾ। ਉਹ ਘਰ ਜਾ ਰਿਹਾ ਹੈ। ਉਸ ਨੂੰ ਬਿਮਾਰੀ ਘਰ ਜਾ ਕੇ ਹੋਵੇਗੀ।"

ਕੀ ਕੁੰਭ ਤੋਂ ਆਉਣ ਮਗਰੋਂ ਸਿਹਤ ਵਿਗੜ ਰਹੀ ਹੈ?

ਕੁੰਭ ਮੇਲਾ

ਤਸਵੀਰ ਸਰੋਤ, Getty Images

ਕੁੰਭ ਤੋਂ ਵਾਪਸ ਆਉਣ ਤੋਂ ਬਾਅਦ, ਬਹੁਤ ਸਾਰੇ ਲੋਕਾਂ ਨੇ ਬੁਖਾਰ, ਨੱਕ ਵਗਣਾ, ਛਿੱਕਾਂ, ਖੰਘ ਅਤੇ ਜ਼ੁਕਾਮ ਸਮੇਤ ਸਾਹ ਦੀਆਂ ਬਿਮਾਰੀਆਂ ਦੇ ਮਾਮਲੇ ਦਰਜ ਕੀਤੇ ਹਨ।

ਗ੍ਰੇਟਰ ਨੋਇਡਾ ਦੇ ਸਿਮਰਨ ਸ਼ਾਹ ਨੇ 7 ਫਰਵਰੀ ਨੂੰ ਆਪਣੇ ਪਰਿਵਾਰ ਨਾਲ ਸੰਗਮ ਵਿੱਚ ਡੁਬਕੀ ਲਗਾਈ ਸੀ।

ਉਨ੍ਹਾਂ ਕਿਹਾ, "ਕੁੰਭ ਤੋਂ ਵਾਪਸ ਆਉਣ ਤੋਂ ਬਾਅਦ, ਪਰਿਵਾਰ ਦੇ ਸਾਰੇ ਮੈਂਬਰਾਂ ਦੀ ਤਬੀਅਤ ਖਰਾਬ ਚੱਲ ਰਹੀ ਹੈ। ਹੁਣ ਤੱਕ ਸਿਹਤ ਠੀਕ ਹੋਣ ਦਾ ਨਾਮ ਨਹੀਂ ਲੈ ਰਹੀ।''

ਸਿਮਰਨ ਸ਼ਾਹ ਦੱਸਦੇ ਹਨ ਕਿ ਪਰਿਵਾਰ ਵਿੱਚ ਸਾਰਿਆਂ ਨੂੰ ਗਲੇ ਦਾ ਇਨਫੈਕਸ਼ਨ ਹੋ ਗਿਆ ਹੈ ਅਤੇ ਸਾਰੇ ਦਵਾਈ ਲੈ ਰਹੇ ਹਨ।

ਉੱਤਰ ਪ੍ਰਦੇਸ਼ ਦੇ ਅਯੁੱਧਿਆ ਦੇ ਰਹਿਣ ਵਾਲੇ ਅੰਕਿਤ ਪਾਂਡੇ ਦਾ ਕਹਿਣਾ ਹੈ ਕਿ 17 ਫਰਵਰੀ ਨੂੰ ਉਨ੍ਹਾਂ ਨੇ ਆਪਣੇ ਪਰਿਵਾਰ ਦੇ 19 ਮੈਂਬਰਾਂ ਨਾਲ ਕੁੰਭ ਇਸ਼ਨਾਨ ਕੀਤਾ ਸੀ।

ਉਹ ਕਹਿੰਦੇ ਹਨ, "ਪ੍ਰਯਾਗਰਾਜ ਤੋਂ ਆਉਣ ਤੋਂ ਬਾਅਦ, ਲਗਭਗ ਸਾਰਿਆਂ ਨੂੰ ਜ਼ੁਕਾਮ, ਖੰਘ ਅਤੇ ਹਲਕੇ ਬੁਖਾਰ ਦੀ ਸਮੱਸਿਆ ਦਾ ਸਾਹਮਣਾ ਕਰਨਾ ਪਿਆ। ਡਾਕਟਰ ਤੋਂ ਦਵਾਈ ਵੀ ਲੈਣੀ ਪਈ। ਇਸ ਤੋਂ ਬਾਅਦ, ਹੁਣ ਕੁਝ ਰਾਹਤ ਹੈ।"

ਨਵੀਂ ਦਿੱਲੀ ਦੇ ਮੌਲਾਨਾ ਆਜ਼ਾਦ ਮੈਡੀਕਲ ਕਾਲਜ ਦੇ ਸਾਬਕਾ ਡਾਇਰੈਕਟਰ ਡਾਕਟਰ ਪੰਨਾਲਾਲ ਕਹਿੰਦੇ ਹਨ, "ਇਹ ਤਾਂ ਹੋਣਾ ਹੀ ਹੈ। ਇੰਨੀ ਵੱਡੀ ਗਿਣਤੀ ਵਿੱਚ ਲੋਕ ਪਹੁੰਚੇ ਹਨ ਤਾਂ ਇਸ ਨੂੰ ਟਾਲਣਾ ਬਹੁਤ ਮੁਸ਼ਕਲ ਹੈ। ਜਿੰਨੇ ਲੋਕ ਪਹੁੰਚੇ ਹਨ ਉਨ੍ਹਾਂ ਵਿੱਚੋਂ ਘੱਟੋ-ਘੱਟ 20 ਫੀਸo 'ਤੇ ਇਸ ਬੈਕਟੀਰੀਆ ਦਾ ਪ੍ਰਭਾਵ ਨਜ਼ਰ ਆਵੇਗਾ। ਕਿਤੇ ਥੋੜ੍ਹਾ ਜ਼ਿਆਦਾ ਤੇ ਕਿਸੇ 'ਤੇ ਥੋੜ੍ਹਾ ਘੱਟ।''

ਡਾਕਟਰ ਪੰਨਾਲਾਲ ਕਹਿੰਦੇ ਹਨ ਕਿ ਫੀਕਲ ਕੋਲੀਫਾਰਮ ਕਾਰਨ ਲੋਕਾਂ ਨੂੰ ਖੂਨੀ ਦਸਤ, ਉਲਟੀਆਂ ਅਤੇ ਪੇਟ ਦੀਆਂ ਹੋਰ ਦਿੱਕਤਾਂ ਹੁੰਦੀਆਂ ਹਨ। ਇਸ ਦੇ ਨਾਲ ਹੀ, ਹਲਕਾ ਬੁਖਾਰ, ਜ਼ੁਕਾਮ, ਖੰਘ ਅਤੇ ਹੋਰ ਇਨਫੈਕਸ਼ਨ ਵੀ ਝੱਲਣੇ ਪੈ ਸਕਦੇ ਹਨ। ਇੰਨੀ ਭੀੜ ਵਿੱਚ ਅਜਿਹੀਆਂ ਸਮੱਸਿਆਵਾਂ ਹੋਣੀਆਂ ਤੈਅ ਹਨ।

ਇਹ ਵੀ ਪੜ੍ਹੋ-

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)