ਅਮ੍ਰਿਤਪਾਲ ਸਿੰਘ ਦੀ ਲੋਕ ਸਭਾ ਮੈਂਬਰਸ਼ਿਪ ਕਿਵੇਂ ਖ਼ਤਰੇ ਵਿੱਚ ਪੈ ਸਕਦੀ ਹੈ, ਨਿਯਮ ਕੀ ਕਹਿੰਦੇ ਹਨ

ਅਮ੍ਰਿਤਪਾਲ ਸਿੰਘ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, 17ਵੀਂ ਲੋਕ ਸਭਾ ਦੀ ਹੁਣ ਤੱਕ ਦੀ ਕਾਰਵਾਈ ਵਿੱਚ ਅਮ੍ਰਿਤਪਾਲ ਸਿੰਘ ਦੀ ਹਾਜ਼ਰੀ ਸਿਫ਼ਰ ਹੈ
    • ਲੇਖਕ, ਸਰਬਜੀਤ ਸਿੰਘ ਧਾਲੀਵਾਲ
    • ਰੋਲ, ਬੀਬੀਸੀ ਪੱਤਰਕਾਰ

ʻਸ਼੍ਰੋਮਣੀ ਅਕਾਲੀ ਵਾਰਿਸ ਪੰਜਾਬ ਦੇʼ ਮੁਖੀ ਅਤੇ ਪੰਜਾਬ ਦੇ ਖਡੂਰ ਸਾਹਿਬ ਲੋਕ ਸਭਾ ਹਲਕੇ ਤੋਂ ਮੈਂਬਰ ਅਮ੍ਰਿਤਪਾਲ ਸਿੰਘ ਨੇ ਇੱਕ ਵਾਰ ਫਿਰ ਤੋਂ ਪੰਜਾਬ ਹਰਿਆਣਾ ਹਾਈ ਕੋਰਟ ਦਾ ਰੁਖ਼ ਕੀਤਾ ਹੈ।

ਇਸ ਵਾਰ ਉਨ੍ਹਾਂ ਨੇ ਹਾਈ ਕੋਰਟ ਤੋਂ ਸੰਸਦ ਦੇ ਸੈਸ਼ਨ ਵਿੱਚ ਸ਼ਾਮਲ ਹੋਣ ਦੀ ਆਗਿਆ ਮੰਗੀ ਹੈ।

ਦੱਸ ਦੇਈਏ ਕਿ 17ਵੀਂ ਲੋਕ ਸਭਾ ਦੀ ਹੁਣ ਤੱਕ ਦੀ ਕਾਰਵਾਈ ਵਿੱਚ ਅਮ੍ਰਿਤਪਾਲ ਸਿੰਘ ਦੀ ਹਾਜ਼ਰੀ ਸਿਫ਼ਰ ਹੈ।

ਜ਼ਿਕਰਯੋਗ ਹੈ ਕਿ ʻਸ਼੍ਰੋਮਣੀ ਅਕਾਲੀ ਵਾਰਿਸ ਪੰਜਾਬ ਦੇʼ ਮੁਖੀ ਅਤੇ ਖ਼ਾਲਿਸਤਾਨ ਹਮਾਇਤੀ ਅਮ੍ਰਿਤਪਾਲ ਸਿੰਘ ਰਾਸ਼ਟਰੀ ਸੁਰੱਖਿਆ ਕਾਨੂੰਨ (ਐੱਨਐੱਸਏ) ਅਤੇ ਹੋਰਨਾਂ ਮਾਮਲਿਆਂ ਵਿੱਚ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਹਨ ਅਤੇ ਜੇਲ੍ਹ ਵਿੱਚੋਂ ਹੀ ਉਨ੍ਹਾਂ ਨੇ ਖਡੂਰ ਸਾਹਿਬ ਹਲਕੇ ਤੋਂ ਲੋਕ ਸਭਾ ਦੀ ਚੋਣ ਲੜੀ ਸੀ ਅਤੇ ਜਿੱਤ ਹਾਸਿਲ ਕੀਤੀ ਸੀ।

ਕੀ ਹੈ ਅਮ੍ਰਿਤਪਾਲ ਸਿੰਘ ਦੀ ਤਾਜ਼ਾ ਦਲੀਲ

ਸੋਮਵਾਰ ਨੂੰ ਅਦਾਲਤ ਵਿੱਚ ਪਾਈ ਗਈ ਅਮ੍ਰਿਤਪਾਲ ਸਿੰਘ ਦੀ ਪਟੀਸ਼ਨ ਉੱਤੇ ਹਾਈਕੋਰਟ ਦਾ ਕੀ ਰੁਖ਼ ਹੋਵੇਗਾ, ਇਹ ਅਜੇ ਤੱਕ ਸਪਸ਼ਟ ਨਹੀਂ ਹੈ।

ਸ਼੍ਰੋਮਣੀ ਅਕਾਲੀ ਦਲ ਵਾਰਿਸ ਪੰਜਾਬ ਦੇ' ਜਥੇਬੰਦੀ ਦੀ ਕਾਨੂੰਨੀ ਟੀਮ ਨਾਲ ਜੁੜੇ ਲੋਕਾਂ ਦਾ ਕਹਿਣਾ ਹੈ ਕਿ ਉਹ ਚਾਹੁੰਦੇ ਹਨ ਕਿ ਅਮ੍ਰਿਤਪਾਲ ਸਿੰਘ ਸੰਸਦ ਵਿੱਚ ਖਡੂਰ ਸਾਹਿਬ ਹਲਕੇ ਦੀ ਨੁਮਾਇੰਦਗੀ ਕਰਨ।

ਇਸ ਸਬੰਧੀ ਸੱਤ ਦਸੰਬਰ ਨੂੰ ਲੋਕ ਸਭਾ ਦੇ ਸਪੀਕਰ ਵੱਲੋਂ ਇੱਕ ਚਿੱਠੀ ਉਨ੍ਹਾਂ ਨੂੰ ਮਿਲੀ ਸੀ, ਜਿਸ ਵਿੱਚ ਆਖਿਆ ਗਿਆ ਸੀ ਕਿ ਜੇਕਰ ਅਮ੍ਰਿਤਪਾਲ ਸਿੰਘ ਸੰਸਦ ਦੇ ਸੈਸ਼ਨ ਵਿੱਚ ਹਾਜ਼ਰੀ ਭਰਨਾ ਚਾਹੁੰਦੇ ਹਨ ਤਾਂ ਉਹ ਅਦਾਲਤ ਦੀ ਆਗਿਆ ਨਾਲ ਆ ਸਕਦੇ ਹਨ, ਇਸ ਕਰ ਕੇ ਮਾਣਯੋਗ ਹਾਈਕੋਰਟ ਵਿੱਚ ਪਟੀਸ਼ਨ ਪਾਈ ਗਈ ਹੈ।

ਉਨ੍ਹਾਂ ਦੱਸਿਆ, "ਪਟੀਸ਼ਨ ਵਿੱਚ ਲੋਕ ਸਭਾ ਦੇ ਉਸ ਨਿਯਮ ਦੀ ਵੀ ਦਲੀਲ ਦਿੱਤੀ ਗਈ ਹੈ ਜਿਸ ਦੇ ਤਹਿਤ ਜੇਕਰ 60 ਦਿਨ ਤੋਂ ਜ਼ਿਆਦਾ ਸਮੇਂ ਤੱਕ ਸੰਸਦ ਦੇ ਸੈਸ਼ਨ ਵਿੱਚ ਉਹ ਹਾਜ਼ਰੀ ਨਹੀਂ ਭਰਦੇ ਤਾਂ ਸੰਸਦ ਦੇ ਨਿਯਮਾਂ ਮੁਤਾਬਕ ਉਨ੍ਹਾਂ ਦੀ ਮੈਂਬਰਸ਼ਿਪ ਖ਼ਤਮ ਹੋ ਸਕਦੀ ਹੈ।"

ਅਮ੍ਰਿਤਪਾਲ ਸਿੰਘ ਹੁਣ ਤੱਕ ਲੋਕ ਸਭਾ ਦੇ ਮੈਂਬਰ ਵਜੋਂ ਸਹੁੰ ਚੁੱਕਣ ਲਈ ਹੀ ਸੰਸਦ ਵਿੱਚ ਗਏ ਹਨ ਅਤੇ ਹਾਊਸ ਦੀ ਕਿਸੇ ਵੀ ਕਾਰਵਾਈ ਵਿੱਚ ਉਹ ਹਿੱਸਾ ਨਹੀਂ ਲੈ ਸਕੇ।

ਬੀਬੀਸੀ ਪੰਜਾਬੀ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ 'ਤੇ ਕਲਿੱਕ ਕਰੋ

ਕੀ ਕਹਿੰਦਾ ਹੈ ਲੋਕ ਸਭਾ ਦਾ ਕਾਨੂੰਨ

ਹਰਿਆਣਾ ਵਿਧਾਨ ਸਭਾ ਦੇ ਸਾਬਕਾ ਐਡੀਸ਼ਨਲ ਸਕੱਤਰ ਅਤੇ ਲੋਕ ਸਭਾ ਤੇ ਵਿਧਾਨ ਸਭਾ ਦੇ ਨਿਯਮਾਂ ਬਾਰੇ ਪੁਸਤਕ ਦੇ ਲੇਖਕ ਰਾਮ ਨਰਾਇਣ ਯਾਦਵ ਦਾ ਕਹਿਣਾ ਹੈ, "ਲੋਕ ਸਭਾ ਜਾਂ ਵਿਧਾਨ ਸਭਾ ਦਾ ਚੁਣਿਆ ਹੋਇਆ ਮੈਂਬਰ ਜੇਕਰ ਸਦਨ ਦੀ ਕਾਰਵਾਈ ਤੋਂ 60 ਦਿਨਾਂ (ਹਾਊਸ ਦੀਆਂ 60 ਸੀਟਿੰਗਜ਼) ਤੱਕ ਗ਼ੈਰ-ਹਾਜ਼ਰ ਰਹਿੰਦਾ ਹੈ ਤਾਂ ਉਸ ਦੀ ਮੈਂਬਰਸ਼ਿਪ ਖ਼ਤਰੇ ਵਿੱਚ ਪੈ ਜਾਂਦੀ ਹੈ।"

"ਅਜਿਹੀ ਸਥਿਤੀ ਵਿੱਚ ਸਦਨ ਦਾ ਆਗੂ ਜਾਂ ਉਸ ਵੱਲੋਂ ਨਾਮਜ਼ਦ ਕੋਈ ਨੁਮਾਇੰਦਾ ਇਸ ਬਾਬਤ ਮਤਾ ਸਦਨ ਵਿੱਚ ਪੇਸ਼ ਕਰਦਾ ਹੈ ਤਾਂ ਸੰਵਿਧਾਨ ਦੀ ਧਾਰਾ 101 ਦੇ ਅਨੁਛੇਦ 4 ਤਹਿਤ ਦੇ ਮੁਤਾਬਕ ਇਸ ਸੀਟ ਨੂੰ ਖਾਲ੍ਹੀ ਐਲਾਨਿਆ ਜਾ ਸਕਦਾ ਹੈ।"

ਜਦੋਂ ਵੀ ਕੋਈ ਸੰਸਦ ਮੈਂਬਰ ਅਸਤੀਫ਼ਾ ਦਿੰਦਾ ਹੈ ਤਾਂ ਉਹ ਖ਼ੁਦ ਆਪਣੀ ਸੀਟ ਖਾਲ੍ਹੀ ਨਹੀਂ ਐਲਾਨ ਸਕਦਾ। ਇਸ ਕਰ ਕੇ ਸੰਸਦ ਵਿੱਚ ਉਸ ਸਬੰਧੀ ਪ੍ਰਸਤਾਵ ਲਿਆਉਣਾ ਪੈਂਦਾ ਹੈ।

ਲੋਕ ਸਭਾ ਦੇ ਨਿਯਮਾਂ ਮੁਤਾਬਕ ਜੇਕਰ ਸਬੰਧਿਤ ਮੈਂਬਰ ਲੋਕ ਸਭਾ ਦੇ ਸਪੀਕਰ ਦੀ ਪ੍ਰਵਾਨਗੀ ਤੋਂ ਬਿਨਾਂ ਗ਼ੈਰਹਾਜ਼ਰ ਰਹਿੰਦਾ ਹੈ ਤਾਂ ਹੀ ਇਹ ਕਾਰਵਾਈ ਸੰਭਵ ਹੈ।

ਜੇਕਰ ਸਦਨ ਦੀ ਕਾਰਵਾਈ ਚਾਰ ਦਿਨਾਂ ਲਈ ਮੁਅੱਤਲ ਰਹਿੰਦੀ ਹੈ ਤਾਂ ਉਹ ਦਿਨ 60 ਦਿਨਾਂ ਵਿੱਚ ਨਹੀਂ ਗਿਣੇ ਨਹੀਂ ਜਾਂਦੇ। ਇਹ 60 ਦਿਨਾਂ ਦੀ ਗ਼ੈਰ-ਹਾਜ਼ਰੀ ਲਗਾਤਾਰ ਹੋਣੀ ਚਾਹੀਦੀ ਹੈ।

 ਅਮ੍ਰਿਤਪਾਲ ਸਿੰਘ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਅਮ੍ਰਿਤਪਾਲ ਸਿੰਘ ਨੇ ਕਰੀਬ 2 ਲੱਖ ਵੋਟਾਂ ਦੇ ਫ਼ਰਕ ਨਾਲ ਜਿੱਤ ਹਾਸਲ ਕੀਤੀ ਸੀ

ਮੈਂਬਰਸ਼ਿਪ ਖ਼ਤਮ ਕਰਨ ਦੀ ਕੀ ਹੈ ਪ੍ਰਕਿਆ

ਲੋਕ ਸਭਾ ਦੇ ਨਿਯਮਾਂ ਮੁਤਾਬਕ ਜੇਕਰ ਕੋਈ ਮੈਂਬਰ 35 ਤੋਂ 40 ਸੀਟਿੰਗਜ਼ ਦੌਰਾਨ ਗ਼ੈਰ-ਹਾਜ਼ਰ ਰਹਿੰਦਾ ਹੈ ਤਾਂ ਉਸ ਨੂੰ ਲੋਕ ਸਭਾ ਸਪੀਕਰ ਦੇ ਦਫ਼ਤਰ ਤੋਂ ਇੱਕ ਪੱਤਰ ਭੇਜਿਆ ਜਾਂਦਾ ਹੈ।

ਇਸ ਵਿੱਚ ਉਸ ਨੂੰ ਲਗਾਤਾਰ ਗ਼ੈਰ-ਹਾਜ਼ਰ ਰਹਿਣ ਬਾਰੇ ਵਿਸਥਾਰ ਨਾਲ ਪੁੱਛਿਆ ਜਾਂਦਾ ਹੈ। ਸੰਤੁਸ਼ਟੀ ਜਨਕ ਜਵਾਬ ਜਾਂ ਕਾਰਨ ਨਾ ਦੱਸੇ ਜਾਣ ਦੀ ਸੂਰਤ ਵਿੱਚ ਲੋਕ ਸਭਾ ਸਪੀਕਰ ਮੈਂਬਰਸ਼ਿਪ ਰੱਦ ਕਰਨ ਦੀ ਕਾਰਵਾਈ ਕਰਵਾਉਂਦਾ ਹੈ।

ਲੋਕ ਸਭਾ

ਤਸਵੀਰ ਸਰੋਤ, ANI

ਤਸਵੀਰ ਕੈਪਸ਼ਨ, ਜੇਕਰ ਸਦਨ ਦੀ ਕਾਰਵਾਈ ਚਾਰ ਦਿਨਾਂ ਲਈ ਮੁਅੱਤਲ ਰਹਿੰਦੀ ਹੈ ਤਾਂ ਉਹ ਦਿਨ 60 ਦਿਨਾਂ ਵਿੱਚ ਨਹੀਂ ਗਿਣੇ ਨਹੀਂ ਜਾਂਦੇ

ਪੰਜਾਬ ਦੇ ਇੱਕ ਹੋਰ ਐੱਮਪੀ ਖ਼ਿਲਾਫ਼ ਹੋਈ ਸੀ ਕਾਰਵਾਈ

ਸਾਬਕਾ ਰਾਜ ਸਭਾ ਮੈਂਬਰ ਅਤੇ ਪੰਜਾਬੀ ਦੇ ਰੋਜ਼ਾਨਾ ਅਖ਼ਬਾਰ ਦੇ ਸੰਪਾਦਕ ਬਰਜਿੰਦਰ ਸਿੰਘ ਹਮਦਰਦ ਦੀ ਮੈਂਬਰਸ਼ਿਪ ਨੂੰ ਇਸੀ ਕਾਨੂੰਨ ਤਹਿਤ ਖ਼ਤਮ ਕੀਤਾ ਗਿਆ ਸੀ।

ਸੰਸਦ ਦੇ ਰਿਕਾਰਡ ਮੁਤਾਬਕ 21 ਦਸੰਬਰ 2000 ਨੂੰ ਤਤਕਾਲੀ ਪਾਰਲੀਮੈਂਟ ਮਾਮਲਿਆਂ ਬਾਰੇ ਮੰਤਰੀ ਪ੍ਰਮੋਦ ਮਹਾਜਨ ਨੇ ਹਾਊਸ ਵਿੱਚ ਇਸ ਸਬੰਧੀ ਮਤਾ ਪੇਸ਼ ਕੀਤਾ ਸੀ।

ਮਤੇ ਵਿੱਚ ਆਖਿਆ ਸੀ, "ਭਾਰਤੀ ਸੰਵਿਧਾਨ ਦੀ ਧਾਰਾ 101 ਦੇ ਅਨੁਛੇਦ 4 ਤਹਿਤ ਰਾਜ ਸਭਾ ਦੇ ਮੈਂਬਰ ਬਰਜਿੰਦਰ ਸਿੰਘ ਹਮਦਰਦ, ਜੋ ਕਿ ਲਗਾਤਾਰ ਹਾਊਸ ਦੀਆਂ 60 ਸੀਟਿੰਗਜ਼ ਤੋਂ ਗ਼ੈਰ-ਹਾਜ਼ਰ ਰਹੇ ਹਨ, ਦੀ ਸੀਟ ਨੂੰ ਖ਼ਾਲ੍ਹੀ ਐਲਾਨਿਆ ਜਾਂਦਾ ਹੈ।”

1998 ਵਿੱਚ ਸ਼੍ਰੋਮਣੀ ਅਕਾਲੀ ਦਲ -ਭਾਜਪਾ ਗਠਜੋੜ ਸਰਕਾਰ ਦੇ ਸਮੇਂ ਬਰਜਿੰਦਰ ਸਿੰਘ ਹਮਦਰਦ ਪੰਜਾਬ ਤੋਂ ਰਾਜ ਸਭਾ ਮੈਂਬਰ ਚੁਣੇ ਗਏ ਸਨ ਅਤੇ ਉਨ੍ਹਾਂ ਦਾ ਕਾਰਜਕਾਲ 19 ਮਾਰਚ 2004 ਨੂੰ ਖ਼ਤਮ ਹੋਣਾ ਸੀ।

25 ਮਾਰਚ 2000 ਨੂੰ ਅੰਗਰੇਜ਼ੀ ਅਖ਼ਬਾਰ "ਦਿ ਟ੍ਰਿਬਿਊਨ" ਦੀ ਖ਼ਬਰ ਮੁਤਾਬਕ ਬਰਜਿੰਦਰ ਸਿੰਘ ਹਮਦਰਦ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦਿੱਤਾ ਸੀ।

ਉਨ੍ਹਾਂ ਅਸਤੀਫ਼ੇ ਵਿੱਚ ਆਖਿਆ ਸੀ, "ਮੇਰੇ ਅਸਤੀਫ਼ੇ ਦਾ ਕੋਈ ਖ਼ਾਸ ਕਾਰਨ ਨਹੀਂ ਬਲਕਿ ਅਖ਼ਬਾਰ ਦੇ ਸੰਪਾਦਕ ਵਜੋਂ ਮੇਰੀਆਂ ਜ਼ਿੰਮੇਵਾਰੀਆਂ ਹਨ, ਮੈਨੂੰ ਲੱਗਦਾ ਹੈ ਕਿ ਸੰਸਦ ਮੈਂਬਰ ਵਜੋਂ ਮੈਂ ਇਸ ਅਹੁਦੇ ਨਾਲ ਸਬੰਧਿਤ ਜ਼ਿੰਮੇਵਾਰੀਆਂ ਨੂੰ ਨਹੀਂ ਨਿਭਾਅ ਸਕਦਾ।”

ਉਨ੍ਹਾਂ ਨੇ ਆਪਣੇ ਅਸਤੀਫ਼ੇ ਦੀ ਕਾਪੀ ਪੰਜਾਬ ਤਤਕਾਲੀ ਮੁੱਖ ਮੰਤਰੀ ਮਰਹੂਮ ਪ੍ਰਕਾਸ਼ ਸਿੰਘ ਬਾਦਲ ਨੂੰ ਭੇਜੀ ਸੀ।

ਇਹ ਵੀ ਪੜ੍ਹੋ-

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)