ਅਮ੍ਰਿਤਪਾਲ ਤੇ ਅਰਸ਼ ਡੱਲਾ ਉੱਤੇ ਦੀਪ ਸਿੱਧੂ ਦੇ 'ਸਾਥੀ' ਗੁਰਪ੍ਰੀਤ ਸਿੰਘ ਦੇ ਕਤਲ ਕੇਸ 'ਚ ‘ਲੱਗਾ ਯੂਏਪੀਏ’, ਕੀ ਸੀ ਪੂਰਾ ਮਾਮਲਾ

ਗੁਰਪ੍ਰੀਤ ਸਿੰਘ ਤੇ ਅਮ੍ਰਿਤਪਾਲ ਸਿੰਘ

ਤਸਵੀਰ ਸਰੋਤ, Getty Images+ Bharat Bhushan

ਮਰਹੂਮ ਅਦਾਕਾਰ ਦੀਪ ਸਿੱਧੂ ਦੇ ਸਾਥੀ ਰਹੇ ਗੁਰਪ੍ਰੀਤ ਸਿੰਘ ਹਰੀਨੌ ਦੇ ਕਤਲ ਕੇਸ ਵਿੱਚ ਖ਼ਡੂਰ ਸਾਹਿਬ ਹਲਕੇ ਤੋਂ ਲੋਕ ਸਭਾ ਮੈਂਬਰ ਅਮ੍ਰਿਤਪਾਲ ਸਿੰਘ ਅਤੇ ਕਥਿਤ ਗੈਂਗਸਟਰ ਅਰਸ਼ਦੀਪ ਸਿੰਘ ਡੱਲਾ ਖ਼ਿਲਾਫ਼ ਗ਼ੈਰ-ਕਾਨੂੰਨੀ ਗਤੀਵਿਧੀਆਂ ਰੋਕਥਾਮ ਐਕਟ (ਯੂਏਪੀਏ) ਦੀ ਧਾਰਾ ਲਗਾ ਦਿੱਤੀ ਗਈ ਹੈ।

ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਨਾਮ ਨਾ ਛਾਪਣ ਦੀ ਸ਼ਰਤ ਇਸ ਗੱਲ ਪੁਸ਼ਟੀ ਬੀਬੀਸੀ ਸਹਿਯੋਗੀ ਭਰਤ ਭੂਸ਼ਣ ਆਜ਼ਾਦ ਨੂੰ ਕੀਤੀ ਹੈ।

ਦਰਅਸਲ, 9 ਅਕਤੂਬਰ 2024 ਨੂੰ ਗੁਰਪ੍ਰੀਤ ਸਿੰਘ ਦਾ ਹਰੀਨੌ ਪਿੰਡ ਵਿੱਚ ਉਸ ਸਮੇਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਜਦੋਂ ਉਹ ਆਪਣੇ ਮੋਟਰਸਾਈਕਲ 'ਤੇ ਪਿੰਡ ਦੇ ਗੁਰਦੁਆਰਾ ਸਾਹਿਬ ਤੋਂ ਘਰ ਵਾਪਸ ਆ ਰਿਹਾ ਸੀ।

ਬੀਬੀਸੀ ਪੰਜਾਬੀ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

ਗੁਰਪ੍ਰੀਤ ਸਿੰਘ ਮਰਹੂਮ ਅਦਾਕਾਰ ਦੀਪ ਸਿੱਧੂ ਵੱਲੋਂ 'ਵਾਰਿਸ ਪੰਜਾਬ ਦੇ' ਜਥੇਬੰਦੀ ਬਣਾਉਣ ਦੇ ਸਮੇਂ ਤੋਂ ਦੀਪ ਸਿੱਧੂ ਨਾਲ ਜੁੜ ਕੇ ਜਥੇਬੰਦੀ ਲਈ ਕੰਮ ਕਰਦਾ ਸੀ।

ਇਸ ਕੇਸ ਦੀ ਜਾਂਚ ਕਰਨ ਰਹੀ ਪੰਜਾਬੀ ਪੁਲਿਸ ਦੀ ਐੱਸਆਈਟੀ ਨੇ ਜਾਂਚ ਵਿੱਚ ਸਾਹਮਣੇ ਆਏ ਤੱਥਾਂ ਦੇ ਆਧਾਰ ʼਤੇ ਅਮ੍ਰਿਤਪਾਲ ਸਿੰਘ, ਅਤੇ ਅਰਸ਼ ਡੱਲਾ ਨੂੰ ਵੀ ਨਾਮਜ਼ਦ ਕੀਤਾ ਸੀ।

ਇਸ ਕੇਸ ਵਿੱਚ ਪੁਲਿਸ ਵੱਲੋਂ ਕਤਲ ਕਰਨ ਵਾਲੇ ਦੋ ਸ਼ੂਟਰਾਂ, ਰੇਕੀ ਕਰਨ ਵਾਲੇ 3 ਮੁਲਜ਼ਮਾਂ ਤੋਂ ਇਲਾਵਾ ਉਨ੍ਹਾਂ ਦਾ ਸਾਥ ਦੇਣ ਵਾਲੇ ਸਹਿ-ਮੁਲਜ਼ਮ ਨੂੰ ਕਾਬੂ ਕਰ ਲਿਆ ਸੀ।

ਇਹ ਸਾਰੇ ਮੁਲਜ਼ਮ ਨਿਆਂਇਕ ਹਿਰਾਸਤ ਦੇ ਤਹਿਤ ਜੇਲ੍ਹ ਵਿੱਚ ਬੰਦ ਹਨ। ਹੁਣ ਇਸ ਕੇਸ ਵਿੱਚ ਯੂਏਪੀਏ ਦੀ ਧਾਰਾ ਵੀ ਲਗਾ ਦਿੱਤੀ ਹੈ ਜਿਸ ਬਾਰੇ ਅਦਾਲਤ ਨੂੰ ਲਿਖਤੀ ਰੂਪ ਵਿੱਚ ਇਸ ਦੀ ਜਾਣਕਾਰੀ ਦੇ ਦਿੱਤੀ ਗਈ ਹੈ।

ਅਮ੍ਰਿਤਪਾਲ ਪਹਿਲਾਂ ਹੀ ਐੱਨਐੱਸਏ ਦੇ ਤਹਿਤ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਹਨ।

ਗੁਰਪ੍ਰੀਤ ਸਿੰਘ ਮਰਹੂਮ ਅਦਾਕਾਰ ਦੀਪ ਸਿੰਘ

ਤਸਵੀਰ ਸਰੋਤ, BHARAT BHUSHAN/BBC

ਤਸਵੀਰ ਕੈਪਸ਼ਨ, ਗੁਰਪ੍ਰੀਤ ਸਿੰਘ ਮਰਹੂਮ ਅਦਾਕਾਰ ਦੀਪ ਸਿੰਘ ਵੱਲੋਂ 'ਵਾਰਿਸ ਪੰਜਾਬ ਦੇ' ਜਥੇਬੰਦੀ ਬਣਾਉਣ ਵੇਲੇ ਤੋਂ ਨਾਲ ਸੀ

ਦਰਅਸਲ, ਡੀਜੀਪੀ ਗੌਰਵ ਯਾਦਵ ਨੇ ਗੁਰਪ੍ਰੀਤ ਦੇ ਕਤਲ ਤੋਂ ਬਾਅਦ ਇੱਕ ਪ੍ਰੈੱਸ ਕਾਨਫਰੰਸ ਵਿੱਚ ਦਾਅਵਾ ਕੀਤਾ ਸੀ ਕਿ ਜਾਂਚ ਦੌਰਾਨ ਅਜਿਹੇ ਸਬੂਤ ਮਿਲੇ ਹਨ ਜੋ ਕਤਲ ਦੀ ਸਾਜ਼ਿਸ਼ ਵਿੱਚ 'ਵਾਰਿਸ ਪੰਜਾਬ ਦੇ' ਜਥੇਬੰਦੀ ਦੇ ਮੁਖੀ ਅਮ੍ਰਿਤਪਾਲ ਸਿੰਘ ਦੀ ਭੂਮਿਕਾ ਨੂੰ ਦਰਸਾਉਂਦੇ ਹਨ।

ਉਨ੍ਹਾਂ ਕਿਹਾ ਸੀ ਕਿ ਜਾਂਚ ਦੌਰਾਨ ਦਰਜ ਕੀਤੇ ਗਏ ਕੁਝ ਬਿਆਨਾਂ ਮੁਤਾਬਕ ਇਹ ਕਤਲ ਅਮ੍ਰਿਤਪਾਲ ਸਿੰਘ ਦੇ ਇਸ਼ਾਰੇ 'ਤੇ ਕੀਤਾ ਗਿਆ ਸੀ।

ਗੁਰਪ੍ਰੀਤ ਸਿੰਘ ਦੇ ਕਤਲ ਵਿੱਚ ਗ੍ਰਿਫ਼ਤਾਰ ਤਿੰਨ ਲੋਕ

ਤਸਵੀਰ ਸਰੋਤ, DPRO PUNJAB

ਤਸਵੀਰ ਕੈਪਸ਼ਨ, ਪੁਲਿਸ ਨੇ ਅਰਸ਼ਦੀਪ ਸਿੰਘ ਉਰਫ਼ ਅਰਸ਼ ਡੱਲਾ ਗਰੁੱਪ ਨਾਲ ਸਬੰਧਿਤ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ

ਗੁਰਪ੍ਰੀਤ ਸਿੰਘ ਕੌਣ ਸੀ ?

36 ਸਾਲ ਦੇ ਨੌਜਵਾਨ ਗੁਰਪ੍ਰੀਤ ਸਿੰਘ ਦੇ ਪਿਤਾ ਹਾਕਮ ਸਿੰਘ ਛੋਟੇ ਕਿਸਾਨ ਹਨ। ਉਨ੍ਹਾਂ ਕੋਲ 2 ਕਿੱਲੇ ਜ਼ਮੀਨ ਹੈ ਜਿਥੇ ਉਹ ਖੇਤੀਬਾੜੀ ਕਰਕੇ ਆਪਣੇ ਪਰਿਵਾਰ ਦਾ ਗੁਜਾਰਾ ਕਰਦੇ ਹਨ।

ਗੁਰਪ੍ਰੀਤ ਸਿੰਘ ਦੀ ਮਾਤਾ ਰਵਿੰਦਰ ਕੌਰ ਘਰੇਲੂ ਸੁਆਣੀ ਹੈ। ਪਰਿਵਾਰ ਵਿੱਚ ਗੁਰਪ੍ਰੀਤ ਤੋਂ ਇਲਾਵਾ ਉਨ੍ਹਾਂ ਦੀ ਛੋਟੀ ਭੈਣ ਹਰਪ੍ਰੀਤ ਕੌਰ, ਪਤਨੀ ਅਤੇ ਕਰੀਬ 9 ਸਾਲ ਦਾ ਛੋਟਾ ਬੱਚਾ ਹੈ। ਗੁਰਪ੍ਰੀਤ ਗੁਰਸਿੱਖ ਨੌਜਵਾਨ ਸੀ।

ਕੁਝ ਸਾਲਾ ਪਹਿਲਾਂ ਉਸ ਨੇ ਅੰਮ੍ਰਿਤ ਛੱਕ ਦੇ ਪੰਥਕ ਹਲਕਿਆਂ ਵਿੱਚ ਆਪਣੀ ਸਰਗਰਮੀ ਵਧਾ ਦਿੱਤੀ ਸੀ। ਪਿੰਡ ਦੇ ਲੋਕਾਂ ਮੁਤਾਬਕ ਉਹ ਚੰਗੇ ਸੁਭਾਅ ਦਾ ਮਾਲਕ ਸੀ। ਜਿੱਥੇ ਪੰਥ ਦੀ ਗੱਲ ਹੁੰਦੀ ਉਥੇ ਉਹ ਮੋਹਰੀ ਰਹਿੰਦਾ ਸੀ।

ਬਹਿਬਲ ਕਲਾਂ ਇਨਸਾਫ ਮੋਰਚੇ ਵਿੱਚ ਵੀ ਉਹ ਮਰਹੂਮ ਕਰਿਸ਼ਨ ਭਗਵਾਨ ਸਿੰਘ ਦੇ ਪੁੱਤਰ ਸੁਖਰਾਜ ਸਿੰਘ ਨਿਆਮੀਵਾਲਾ ਨਾਲ ਲਗਾਤਾਰ ਮੋਰਚੇ ਵਿੱਚ ਸ਼ਾਮਿਲ ਰਿਹਾ ਸੀ। ਸੋਸ਼ਲ ਮੀਡੀਆ ਉੱਤੇ ਗੁਰਪ੍ਰੀਤ ਦਾ ਇੱਕ ਪੇਜ ਵੀ ਸੀ ।

ਗੁਰਪ੍ਰੀਤ ਸਿੰਘ

ਤਸਵੀਰ ਸਰੋਤ, BHARAT BHUSHAN/BBC

ਤਸਵੀਰ ਕੈਪਸ਼ਨ, ਗੁਰਪ੍ਰੀਤ ਸਿੰਘ ਦੇ ਪਿਤਾ ਗੋਲੀਆਂ ਦੇ ਨਿਸ਼ਾਨ ਦਿਖਾਉਂਦੇ ਗਏ

ਦੀਪ ਸਿੱਧੂ ਦੀ ਜਥੇਬੰਦੀ ਨਾਲ ਕੰਮ

2015 ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਮਗਰੋਂ ਰੋਸ ਕਰ ਰਹੇ ਸਿੱਖਾਂ 'ਤੇ ਹੋਏ ਬਹਿਬਲ ਕਲਾਂ ਗੋਲੀਕਾਂਡ ਵਿੱਚ ਮਾਰੇ ਗਏ ਮਰਹੂਮ ਭਾਈ ਕਰਿਸ਼ਨ ਭਗਵਾਨ ਸਿੰਘ ਦੇ ਪੁੱਤਰ ਸੁਖਰਾਜ ਸਿੰਘ ਨਿਆਮੀਵਾਲਾ ਨੇ ਬੀਬੀਸੀ ਪੰਜਾਬੀ ਨੂੰ ਦੱਸਿਆ ਕਿ ਮਰਹੂਮ ਨੌਜਵਾਨ ਗੁਰਪ੍ਰੀਤ ਸਿੰਘ ਹਰੀਨੌਂ ਦੇ ਨਾਂ ਨਾਲ ਜਾਣਿਆ ਜਾਂਦਾ ਸੀ।

ਉਹਨਾਂ ਕਿਹਾ ਕਿ ਇਸ ਨੌਜਵਾਨ ਨਾਲ ਉਹਨਾਂ ਦਾ 2015 ਤੋਂ ਸਬੰਧ ਸੀ।

ਉਹਨਾਂ ਦੱਸਿਆ, ''ਉਹ ਸਿੱਖੀ ਜ਼ਜ਼ਬਾ ਅਤੇ ਪੰਥ ਪ੍ਰਤੀ ਦਰਦ ਰੱਖਣ ਵਾਲਾ ਸੀ। ਸਾਲ 2018 ਵਿੱਚ ਦੀਪ ਸਿੰਘ ਨੇ ਪੰਜਾਬ ਵਿੱਚ ਆ ਕੇ ਪੰਥਕ ਸਫ਼ਾ ਵਿੱਚ ਵਿਚਰਨਾ ਸ਼ੁਰੂ ਕੀਤਾ ਸੀ।''

''ਗੁਰਪ੍ਰੀਤ ਸਿੰਘ ਵਰਗੇ ਅਨੇਕਾਂ ਦੀਪ ਸਿੱਧੂ ਨਾਲ ਜੁੜੇ। ਸਾਡੀ ਸਾਰੀ ਟੀਮ ਦੀਪ ਸਿੱਧੂ ਨਾਲ ਮੋਹਰੀ ਹੋ ਕੇ ਕੰਮ ਕਰਦੀ ਸੀ।''

ਸੁਖਰਾਜ ਸਿੰਘ ਨੇ ਕਿਹਾ, ''ਉਹ ਆਪਣੇ ਅੰਤ ਤੱਕ ਦੀਪ ਸਿੱਧੂ ਦੀ ਸੋਚ ਨੂੰ ਲੋਕਾਂ ਤੱਕ ਪਹੁੰਚਾਉਂਦਾ ਰਿਹਾ ਸੀ। ਗੁਰਪ੍ਰੀਤ ਦੀ ਹੱਤਿਆ ਦਾ ਸੱਚ ਸਾਹਮਣੇ ਆਉਣਾ ਚਾਹੀਦਾ ਹੈ। ਪ੍ਰਸ਼ਾਸਨ ਨਤੀਜਾ ਸਾਹਮਣੇ ਲਿਆਵੇ।''

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)