ਕੁੰਭ ਮੇਲੇ ਦਾ ਉਹ ਅਖਾੜਾ ਜਿੱਥੇ ਨਾਗਾ ਸਾਧੂਆਂ ਦੇ ਦਾਖਲੇ 'ਤੇ ਪਾਬੰਦੀ ਹੈ ਤੇ ਗੁਰਬਾਣੀ ਕੀਰਤਨ ਅਤੇ ਲੰਗਰ ਦਿਨ-ਰਾਤ ਚੱਲਦੇ

- ਲੇਖਕ, ਸਰਬਜੀਤ ਸਿੰਘ ਧਾਲੀਵਾਲ
- ਰੋਲ, ਬੀਬੀਸੀ ਪੱਤਰਕਾਰ
ਪ੍ਰਯਾਗਰਾਜ ਵਿੱਚ 12 ਸਾਲ ਬਾਅਦ ਲੱਗਣ ਵਾਲੇ ਮਹਾਕੁੰਭ ਵਿੱਚ ਪਹੁੰਚਦਿਆਂ ਮੈਨੂੰ ਪਹਿਲੀ ਨਜ਼ਰ ਵਿੱਚ ਸਭ ਕੁਝ ਭਗਤੀ ਅਤੇ ਰੂਹਾਨੀ ਰੰਗ ਵਿੱਚ ਰੰਗਿਆ ਨਜ਼ਰ ਆਇਆ।
ਗੰਗਾ-ਯਮਨਾ ਅਤੇ ਸਰਸਵਤੀ ਨਦੀਆਂ ਦੇ ਤ੍ਰਿਵੈਣੀ ਸੰਗਮ ਉੱਤੇ ਲੱਗਣ ਵਾਲਾ ਇਹ ਮਹਾਕੁੰਭ 12 ਜਨਵਰੀ ਤੋਂ ਸ਼ੁਰੂ ਹੋ ਕੇ 26 ਫਰਵਰੀ ਤੱਕ ਚੱਲੇਗਾ। ਜਿਸ ਵਿੱਚ ਉੱਤਰ ਪ੍ਰਦੇਸ਼ ਸਰਕਾਰ ਦੇ ਦਾਅਵੇ ਮੁਤਾਬਕ 40 ਕਰੋੜ ਤੋਂ ਵੱਧ ਲੋਕ ਸ਼ਮੂਲੀਅਤ ਕਰਨਗੇ।
ਭਾਰਤੀ ਰੂਹਾਨੀਅਤ, ਸਮਾਜਿਕ ਅਤੇ ਸੱਭਿਆਚਾਰਕ ਵਿਰਸੇ ਦੇ ਵੱਖ ਵੱਖ ਰੰਗ ਦੇ ਇੱਕੋ ਥਾਂ ਉੱਤੇ ਦਰਸ਼ਨ ਕਰਨ ਲਈ ਸੰਸਾਰ ਭਰ ਤੋਂ ਲੋਕ ਇੱਥੇ ਪਹੁੰਚੇ ਹੋਏ ਹਨ।
ਜਿਵੇਂ ਹੀ ਮੈਂ ਕੁੰਭ ਮੇਲੇ ਵਿੱਚ ਬਣਾਏ ਆਰਜੀ ਸੈਕਟਰਾਂ ਵਿੱਚ ਮੈਂ ਸੈਕਟਰ 20 ਵਿੱਚ ਦਾਖਲ ਹੋਇਆ, ਤਾਂ ਮੇਰੇ ਸਾਹਮਣੇ ਉਹ ਤਸਵੀਰ ਉੱਭਰ ਰਹੀ ਸੀ, ਜਿਸ ਦੀ ਜਗਿਆਸਾ ਨਾਲ ਮੈਂ ਮਹਾਕੁੰਭ ਵਿੱਚ ਪਹੁੰਚਿਆ ਸੀ।
ਥੋੜ੍ਹਾ ਅੱਗੇ ਪਹੁੰਚਣ ਉੱਤੇ "ਨਗਾਰਿਆਂ" ਨੇ ਨਰਸਿੰਗਿਆਂ ਦੀ ਧੁੰਨ ਅਤੇ ਬੋਲੇ-ਸੋ ਨਿਹਾਲ ਦੇ ਜੈਕਾਰਿਆਂ ਨੇ ਮੇਰਾ ਧਿਆਨ ਖਿੱਚਿਆ। ਪਤਾ ਲੱਗਾ ਇਹ ਆਵਾਜ਼ ਸ੍ਰੀ ਨਿਰਮਲ ਪੰਚਾਇਤੀ ਅਖਾੜੇ ਵਿੱਚੋਂ ਆ ਰਹੀ ਹੈ। ਦੂਰ ਤੋਂ ਨਜ਼ਰ ਆ ਰਿਹਾ ਨਿਸ਼ਾਨ ਸਾਹਿਬ ਕੁੰਭ ਵਿੱਚ ਸਿੱਖਾਂ ਦੀ ਨੁਮਾਇੰਦਗੀ ਇੱਥੇ ਆਉਣ ਵਾਲੇ ਸ਼ਰਧਾਲੂਆਂ ਨੂੰ ਕਰਵਾਉਣ ਲਈ ਕਾਫ਼ੀ ਸੀ।
ਨਿਰਮਲ ਪੰਚਾਇਤੀ ਅਖਾੜਾ, ਸਿੱਖ ਕੌਮ ਦੀ ਨਿਰਮਲ ਸੰਪ੍ਰਦਾ ਦਾ ਟਿਕਾਣਾ ਸੀ।
ਮੈਂ ਇਸੇ ਜਗਿਆਸਾ ਨਾਲ ਇੱਥੇ ਪਹੁੰਚਿਆ ਸੀ ਕਿ ਸਿੱਖਾਂ ਦਾ ਕੁੰਭ ਨਾਲ ਕੀ ਸਬੰਧ ਹੈ ਅਤੇ ਕੁੰਭ ਸਮਾਗਮਾਂ ਵਿੱਚ ਸਿੱਖਾਂ ਦੀ ਸ਼ਮੂਲੀਅਤ ਦਾ ਕੀ ਇਤਿਹਾਸ ਹੈ।

ਮਹਾਕੁੰਭ ਅਤੇ ਅਖਾੜੇ

ਭਾਰਤ ਵਿੱਚ ਸਾਧੂ -ਸੰਤਾਂ ਨੂੰ ਉਨ੍ਹਾਂ ਦੇ ਵਿਚਾਰਧਾਰਕ ਦਰਸ਼ਨ ਦੇ ਅਧਾਰ ਉੱਤੇ ਕੁੱਲ 13 ਅਖਾੜਿਆਂ ਵਿੱਚ ਵੰਡਿਆ ਗਿਆ ਹੈ।
ਹਰ ਅਖਾੜੇ ਦੀਆਂ ਆਪਣੀਆਂ ਰਵਾਇਤਾਂ, ਮਾਨਤਾਵਾਂ, ਵਿਧੀ-ਵਿਧਾਨ ਅਤੇ ਨਿਯਮ ਹਨ।
ਮੋਟੇ ਤੌਰ 'ਤੇ ਇਹ 13 ਅਖਾੜਿਆਂ ਨੂੰ ਅੱਗੇ 3 ਵਰਗਾਂ ਵਿੱਚ ਵੰਡਿਆ ਹੋਇਆ ਹੈ।
ਸ਼ੈਵ ਅਖਾੜੇ, ਜਿਹੜੇ ਸ਼ਿਵਜੀ ਦੀ ਭਗਤੀ ਕਰਦੇ ਹਨ।
ਵੈਸ਼ਨਵ ਅਖਾੜੇ, ਜੋ ਵਿਸ਼ਨੂੰ ਦੀ ਭਗਤੀ ਕਰਦੇ ਹਨ।
ਤੀਸਰਾ ਅਖਾੜਾ ਉਦਾਸੀਨ ਪੰਥ ਕਹਾਉਂਦਾ ਹੈ।
ਉਦਾਸੀਨ ਪੰਥ ਵਾਲੇ ਗੁਰੂ ਨਾਨਕ ਦੀ ਬਾਣੀ ਦੇ ਪੈਰੋਕਾਰ ਹਨ ਅਤੇ ਨਿਰਾਕਾਰ ਕੁਦਰਤ ਦੇ ਪੰਜ ਤੱਤਾਂ ਯਾਨੀ ਧਰਤੀ, ਅਗਨੀ, ਜਲ, ਹਵਾ ਅਤੇ ਆਕਾਸ਼ ਦੀ ਪੂਜਾ ਕਰਦੇ ਹਨ।

ਇਹਨਾਂ ਵਿੱਚ ਤਿੰਨ ਅਖਾੜਿਆਂ ਦਾ ਇਤਿਹਾਸ ਸਿੱਖ ਕੌਮ ਨਾਲ ਜੁੜਦਾ ਹੈ। ਇਹ ਅਖਾੜੇ ਹਨ :
- ਸ਼੍ਰੀ ਨਿਰਮਲ ਪੰਚਾਇਤੀ ਅਖਾੜਾ
- ਸ੍ਰੀ ਪੰਚਾਇਤੀ ਵੱਡੀ ਉਦਾਸੀਨ ਅਖਾੜਾ
- ਸ਼੍ਰੀ ਪੰਚਾਇਤੀ ਛੋਟਾ ਉਦਾਸੀਨ ਅਖਾੜਾ।
ਨਿਰਮਲ ਪੰਚਾਇਤੀ ਅਖਾੜੇ ਦਾ ਕੀ ਹੈ ਇਤਿਹਾਸ
ਮਹਾਕੁੰਭ ਵਿੱਚ ਸਿੱਖਾਂ ਦੀ ਨੁਮਾਇੰਦਗੀ ਦਾ ਦਾਅਵਾ ਕਰਨ ਵਾਲੇ ਸ਼੍ਰੀ ਨਿਰਮਲ ਪੰਚਾਇਤੀ ਅਖਾੜੇ ਦਾ ਇਤਿਹਾਸ ਗੁਰੂ ਕਾਲ ਨਾਲ ਜੁੜਦਾ ਹੈ ਅਤੇ ਇਸ ਦਾ ਹੈੱਡਕੁਆਟਰ ਉੱਤਰਾਖੰਡ ਦੇ ਹਰਿਦੁਆਰ ਵਿਖੇ ਹੈ।
ਦਰਸ਼ਨ ਸਿੰਘ ਸ਼ਾਸਤਰੀ, ਨਿਰਮਲ ਸੰਪ੍ਰਦਾਇ ਦੇ ਬੁਲਾਰੇ ਹਨ, ਉਨ੍ਹਾਂ ਦਾ ਗੁਰਬਾਣੀ ਅਤੇ ਸਨਾਤਨੀ ਧਰਮ ਗ੍ਰੰਥਾਂ ਬਾਰੇ ਵਿਸ਼ੇਸ਼ ਅਧਿਐਨ ਹੈ।
ਦਰਸ਼ਨ ਸਿੰਘ ਸ਼ਾਸਤਰੀ ਦੱਸਦੇ ਹਨ, ''ਨਿਰਮਲ ਸੰਪ੍ਰਦਾਇ ਸਿੱਖ ਧਰਮ ਅਤੇ ਸਨਾਤਨ ਧਰਮ ਵਿੱਚਕਾਰ ਇੱਕ ਕੜੀ ਦਾ ਕੰਮ ਕਰਦੀ ਹੈ।''
ਦਰਸ਼ਨ ਸਿੰਘ ਸ਼ਾਸਤਰੀ ਦੱਸਦੇ ਹਨ ਕਿ ਸਿੱਖ ਇਤਿਹਾਸ ਵਿੱਚ ਇਸ ਤੱਥ ਦਾ ਜਿਕਰ ਆਉਂਦਾ ਹੈ ਕਿ ਸਿੱਖਾਂ ਦੇ ਨੌਵੇਂ ਗੁਰੂ ਸ੍ਰੀ ਤੇਗ਼ ਬਹਾਦਰ ਜੀ ਨੇ ਤ੍ਰਿਵੈਣੀ ਵਿਖੇ ਪਹੁੰਚੇ ਸਨ।
ਗੁਰੂ ਤੇਗ ਬਹਾਦਰ ਸਾਹਿਬ ਦੀ ਪ੍ਰਯਾਗਰਾਜ ਯਾਤਰਾ ਦੀ ਯਾਦ ਵਿੱਚ ਇੱਥੇ ਇਤਿਹਾਸਕ ''ਗੁਰਦੁਆਰਾ ਪੱਕੀ ਸੰਗਤ'' ਵੀ ਮੌਜੂਦ ਹੈ।
ਦਰਸ਼ਨ ਸਿੰਘ ਸ਼ਾਸਤਰੀ ਦੱਸਦੇ ਹਨ, ''ਨਿਰਮਲ ਸੰਪ੍ਰਦਾਇ ਦਾ ਸਿੱਖ ਧਰਮ ਵਿੱਚ ਅਹਿਮ ਸਥਾਨ ਹੈ ਅਤੇ ਨਿਰਮਲ ਅਖਾੜੇ ਦੀ ਸ਼ੁਰੂਆਤ 1862 ਵਿੱਚ ਹੋਈ ਸੀ।''
ਕੁਝ ਇਤਿਹਾਸਕਾਰ ਨਿਰਮਲ ਪਰੰਪਰਾ ਦੀ ਸ਼ੁਰੂਆਤ ਗੁਰੂ ਨਾਨਕ ਦੇਵ ਜੀ ਮੰਨਦੇ ਹਨ ਪਰ ਕੁਝ ਵੇਰਵੇ ਇਹ ਵੀ ਮਿਲਦੇ ਹਨ ਕਿ ਨਿਰਮਲ ਪਰੰਪਰਾ ਦੀ ਸ਼ੁਰੂਆਤ ਸਿੱਖਾਂ ਦੇ ਦਸਵੇਂ ਗੁਰੂ, ਗੁਰੂ ਗੋਬਿੰਦ ਸਿੰਘ ਵੇਲੇ ਹੋਈ ਸੀ।

ਦਰਸ਼ਨ ਸਿੰਘ ਦੱਸਦੇ ਹਨ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਪਾਉਂਟਾ ਸਾਹਿਬ ਆਵਾਸ ਸਮੇਂ ਜਿੱਥੇ ਸਿੰਘਾਂ ਨੂੰ ਯੁੱਧ ਵਿੱਦਿਆ ਦੀ ਸ਼ੁਰੂਆਤ ਕਰਵਾਈ, ਉੱਥੇ ਹੀ ਵਿੱਦਿਆ ਦੇ ਅਧਿਐਨ ਦੀ ਵੀ ਸ਼ੁਰੂਆਤ ਕਰਵਾਈ।ਇਸ ਦੇ ਲਈ ਪੰਜ ਸਿੰਘਾਂ ਨੂੰ ਸਭ ਤੋਂ ਪਹਿਲਾਂ ਬਨਾਰਸ ਦੀ ਧਰਤੀ ਉੱਤੇ ਪੜ੍ਹਨ ਲਈ ਭੇਜਿਆ ਸੀ।
ਦਰਸ਼ਨ ਸਿੰਘ ਸ਼ਾਸਤਰੀ ਮੁਤਾਬਕ ਨਿਰਮਲ ਅਖਾੜੇ ਦਾ ਮੁੱਖ ਮਹੱਤਵ ਸੇਵਾ ਅਤੇ ਤਿਆਗ ਦੀ ਭਾਵਨਾ ਨੂੰ ਉਤਪੰਨ ਕਰਨਾ, ਸਿੱਖੀ ਫ਼ਲਸਫ਼ੇ ਦੇ ਪ੍ਰਚਾਰ ਦੇ ਨਾਲ-ਨਾਲ ਭਾਈਚਾਰਕ ਸਾਂਝ ਪੈਦਾ ਕਰਨਾ ਵੀ ਹੈ।
ਉਹਨਾਂ ਦੱਸਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠ ਤੋਂ ਇਲਾਵਾ, ਕੀਰਤਨ ਅਤੇ ਗੁਰੂ ਕਾ ਲੰਗਰ ਸ੍ਰੀ ਪੰਚਾਇਤੀ ਨਿਰਮਲ ਅਖਾੜੇ ਵਿੱਚ ਹਰ ਸਮੇਂ ਚੱਲਦਾ ਰਹਿੰਦਾ ਹੈ। ਇਸ ਤੋਂ ਇਲਾਵਾ ਕੁੰਭ ਵਿੱਚ ਹਾਜ਼ਰੀ ਭਰਨ ਵਾਲੇ ਸ਼ਰਧਾਲੂਆਂ ਨੂੰ ਸਿੱਖ ਧਰਮ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ।
ਨਿਰਮਲ ਪੰਚਾਇਤੀ ਅਖਾੜੇ ਨੇ ਇਸ ਵਾਰ ਪਰਾਗਰਾਜ ਦੀ ਧਰਤੀ ਉਤੇ 12 ਜਨਵਰੀ ਨੂੰ ਪ੍ਰਵੇਸ਼ ਕੀਤਾ ਸੀ ਅਤੇ ਬਸੰਤ ਪੰਚਮੀ ਦੇ ਮੌਕੇ ਉਤੇ ਇਸ਼ਨਾਨ ਤੋਂ ਬਾਅਦ ਉਹ ਇਥੋਂ ਰੁਖ਼ਸਤ ਹੋਏ ਹਨ।

ਕੁੰਭ ਵਿੱਚ ਨਿਰਮਲਿਆਂ ਦੀ ਰਵਾਇਤ

ਕੁੰਭ ਦੌਰਾਨ, ਸ੍ਰੀ ਪੰਚਾਇਤੀ ਨਿਰਮਲ ਅਖਾੜੇ ਦੇ ਆਗਮਨ ਦੀ ਪਰੰਪਰਾ ਦੂਜੇ ਸਨਾਤਨੀ ਅਖਾੜਿਆਂ ਤੋਂ ਵੱਖਰੀ ਹੈ।
ਨਿਰਮਲ ਅਖਾੜੇ ਵੱਲੋਂ ਕੁੰਭ ਵਿੱਚ ਪ੍ਰਵੇਸ਼ ਕਰਨ ਦੀ ਪ੍ਰਥਾ ਨੂੰ "ਜ਼ਖ਼ੀਰਾ" ਆਖਿਆ ਜਾਂਦਾ ਹੈ, ਜਿਸ ਦੀ ਅਗਵਾਈ ਗੁਰੂ ਦੀ ਲਾਡਲੀ ਫ਼ੌਜ ਨਿਹੰਗ ਸਿੰਘ ਕਰਦੇ ਹਨ। "ਜ਼ਖ਼ੀਰਾ" ਤੋਂ ਭਾਵ ਉਹ ਥਾਂ ਜਿਥੇ ਨਿਰਮਲ ਸੰਪ੍ਰਦਾਇ ਕੁੰਭ ਦੌਰਾਨ ਆਪਣਾ ਟਿਕਾਣਾ ਬਣਾਉਂਦੇ ਹਨ।
ਸ੍ਰੀ ਪੰਚਾਇਤੀ ਨਿਰਮਲ ਅਖਾੜੇ ਵਿੱਚ ਨਾਗਾ ਸਾਧੂਆਂ ਦੇ ਦਾਖਲੇ ਉੱਤੇ ਪਾਬੰਦੀ ਹੈ। ਇਸ ਕਰਕੇ ਅਖਾੜੇ ਦੇ ਮੁੱਖ ਗੇਟ ਅੱਗੇ ਸੁਰਖਿਆ ਲਈ ਪੁਲਿਸ ਤੈਨਾਤ ਹੁੰਦੀ ਹੈ। ਅਖਾੜੇ ਵਿੱਚ ਕਿਸੇ ਵੀ ਤਰ੍ਹਾਂ ਦੇ ਨਸ਼ੇ ਦੀ ਸਖ਼ਤ ਮਨਾਹੀ ਹੈ।
ਉਦਾਸੀ/ ਉਦਾਸੀਨ ਅਖਾੜੇ

ਉਦਾਸੀ ਸੰਪ੍ਰਦਾਇ ਵੀ ਆਪਣੇ ਪਿਛੋਕੜ ਨੂੰ ਪਹਿਲੀ ਗੁਰੂ ਨਾਨਕ ਦੇਵ ਜੀ ਦੇ ਪਰਿਵਾਰ ਨਾਲ ਜੋੜਦੇ ਹਨ। ਇਹ ਆਪਣੀ ਸ਼ੁਰੂਆਤ ਗੁਰੂ ਨਾਨਕ ਦੇਵ ਜੀ ਦੇ ਵੱਡੇ ਪੁੱਤਰ ਬਾਬਾ ਸ੍ਰੀ ਚੰਦ ਵਲੋਂ ਚਲਾਈ ਪਰੰਪਰਾ ਤੋਂ ਮੰਨਦੇ ਹਨ। ਵਿਦਵਾਨਾਂ ਦਾ ਮਤ ਹੈ ਕਿ ਉਦਾਸੀ ਸੰਪ੍ਰਦਾਇ ਸਿੱਖ ਧਰਮ ਦਾ ਅਗ੍ਰਮ ਪ੍ਰਚਾਕਰ ਦਲ ਰਿਹਾ ਹੈ।
ਪੰਜਾਬੀ ਯੂਨੀਵਰਸਿਟੀ ਦੇ ਸ਼ਬਦਕੋਸ਼ ਮੁਤਾਬਕ, ''ਬਾਬਾ ਸ੍ਰੀ ਚੰਦ ਦੇ ਦੋ ਪ੍ਰਮੁੱਖ ਅਸਥਾਨ ਬਾਰਠ ( ਡੇਰਾ ਬਾਬਾ ਨਾਨਕ) ਅਤੇ ਦੌਲਤਪੁਰ ਵਿੱਚ ਸਨ। ਉਨ੍ਹਾਂ ਨੇ ਉੱਤਰੀ ਭਾਰਤ, ਸਿੰਧ ਅਤੇ ਕਾਬਲ ਵਿੱਚ ਸਿੱਖੀ ਫਲਸਲੇ ਦਾ ਪ੍ਰਚਾਰ ਕੀਤਾ।''
''ਬਾਬਾ ਸ੍ਰੀ ਚੰਦ ਦੇ ਪ੍ਰਮੁੱਖ ਚੇਲੇ 6ਵੇਂ ਗੁਰੂ ਹਰਗੋਬਿੰਦ ਸਾਹਿਬ ਦੇ ਸਾਹਿਬਜਾਦੇ ਬਾਬਾ ਗੁਰਦਿੱਤਾ ਜੀ ਸਨ। ਜਿਨ੍ਹਾਂ ਦੇ ਅੱਗੇ ਚਾਰ ਚੇਲ਼ੇ (ਬਾਲੂ ਹਸਣਾ, ਅਲਮਸਤ, ਫੂਲਸ਼ਾਹ ਅਤੇ ਗੋਂਦਾ) ਹੋਏ ਹਨ। ਜਿਨ੍ਹਾਂ ਨੇ ਚਾਰ ਧੂਣੇ ਚਾਲੂ ਕੀਤੇ, ਇਹ ਧੂਣੇ ਕ੍ਰਮਵਾਰ ਦੇਹਰਾਦੂਨ, ਨਾਨਕ ਮੱਤਾ, ਹੈਦਰਾਬਾਦ, ਬਹਾਦਰਗੜ੍ਹ (ਹੁਸ਼ਿਆਰਪੁਰ) ਸਥਾਪਿਤ ਕੀਤੇ ਅਤੇ ਇੱਥੋਂ ਦੀ ਪ੍ਰਚਾਰ ਅੱਗੇ ਵਧਿਆ।''
ਉਦਾਸੀ ਸੰਪ੍ਰਦਾਇ ਦੇ ਅਖਾੜੇ ਨੂੰ ਹਿੰਦੀ ਅਤੇ ਸੰਸਕ੍ਰਿਤ ਦੇ ਪ੍ਰਭਾਵ ਕਾਰਨ ਇਨ੍ਹਾਂ ਨੂੰ ਉਦਾਸੀਨ ਅਖਾੜਾ ਕਿਹਾ ਜਾਂਦਾ ਹੈ।
ਹੁਣ ਇਹ ਦੋ ਭਾਗਾਂ ਵਿੱਚ ਵੰਡਿਆ ਜਾ ਚੁੱਕਾ ਹੈ। ਇੱਕ ਹੈ ਵੱਡਾ ਉਦਾਸੀਨ ਆਖੜਾ ਅਤੇ ਦੂਜਾ ਹੈ ਨਵਾਂ ਉਦਾਸੀਨ ਅਖਾੜਾ। ਭਾਵੇਂ ਇਨ੍ਹਾਂ ਦਾ ਪ੍ਰਬੰਧ ਵੱਖਰਾ ਹੈ ਪਰ ਦੋਵਾਂ ਦਾ ਮੂਲ ਸਿਧਾਂਤ ਇੱਕ ਹੀ ਹੈ।
ਇੱਕ ਦਾ ਹੈੱਡਕੁਆਟਰ ਪ੍ਰਯਾਗਰਾਜ ਵਿੱਚ ਹੈ ਜਦੋਂਕਿ ਨਵੇਂ ਉਦਾਸੀਨ ਅਖਾੜਾ ਦਾ ਸਬੰਧ ਹਰਿਦੁਆਰ ਨਾਲ ਹੈ। ਦੋਵਾਂ ਅਖਾੜਿਆਂ ਦੇ ਗੇਟ ਬੇਸ਼ਕ ਵੱਖਰੇ ਵੱਖਰੇ ਹਨ ਪਰ ਅੰਦਰ ਤੋਂ ਰਸਤਾ ਇੱਕ ਹੀ ਹੈ।
ਅਖਾੜੇ ਦੇ ਅੰਦਰ ਵੱਖ ਵੱਖ ਮੂਰਤੀਆਂ ਅਤੇ ਹਵਨ ਲਈ ਥਾਵਾਂ ਹਨ। ਅਖਾੜੇ ਦੇ ਮੁੱਖ ਮਹੰਤ ਦੁਰਗਾ ਦਾਸ ਨੇ ਦੱਸਿਆ ਕਿ ਦੋਵੇਂ ਅਖਾੜਿਆਂ ਦੀਆਂ ਪ੍ਰੰਪਰਾਵਾਂ ਇਕੋ ਹੀ ਹਨ।
ਇਹ ਅਖਾੜਾ ਮਹੰਤ ਸਮੁਦਾਇ ਦੀ ਨੁਮਾਇੰਦਗੀ ਕਰਦਾ ਹੈ। ਅਖਾੜੇ ਦੇ ਮੁੱਖ ਮਹੰਤ ਦੁਰਗਾ ਦਾਸ ਮੁਤਾਬਕ ਉਦਾਸੀਨ ਦਾ ਮਤਲਬ ਈਸ਼ਵਰ ਦੀ ਭਗਤੀ ਵਿੱਚ ਲੀਨ ਹੋਣਾ ਹੈ ਅਤੇ ਇਹ ਅਖਾੜਾ ਸੇਵਾ ਭਾਵ, ਨਿਰਮਲ ਆਚਰਨ ਅਤੇ ਪਰਉਪਕਾਰ ਦੀ ਭਾਵਨਾ ਨਾਲ ਕੰਮ ਕਰਦਾ ਹੈ।
ਮਹੰਤ ਦੁਰਗਾ ਦਾਸ ਅਨੁਸਾਰ ਇਹ ਅਖਾੜਾ ਸਨਾਤਨ ਧਰਮ ਦੇ ਨਾਲ ਨਾਲ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਦਾ ਪ੍ਰਚਾਰ ਕਰਦਾ ਹੈ।

ਕੁੰਭ ਮੇਲੇ ਵਿੱਚ ਸ਼ਾਮਲ ਹੋਣ ਦਾ ਉਦੇਸ਼
ਗਿਆਨੀ ਪ੍ਰਭਜੀਤ ਸਿੰਘ 18ਵੀਂ ਸਦੀ ਦੇ ਸਿੱਖ ਇਤਿਹਾਸਕ ਸਰੋਤਾਂ ਦੇ ਖੋਜਕਾਰ ਹਨ।
ਉਹ ਪਟਿਆਲਾ ਯੂਨੀਵਰਸਿਟੀ ਵਿੱਚ ਸਿੱਖ ਧਰਮ ਦਾ ਅਧਿਐਨ ਵਿਸ਼ੇ ਉੱਤੇ ਪੀਐੱਚਡੀ ਕਰ ਰਹੇ ਹਨ।
ਬੀਬੀਸੀ ਪੰਜਾਬੀ ਨਾਲ ਗੱਲਬਾਤ ਦੌਰਾਨ ਪ੍ਰਭਜੀਤ ਸਿੰਘ ਨੇ ਦੱਸਿਆ, ''ਜਿਸ ਤਰੀਕੇ ਨਾਲ ਵੈਸ਼ਨਵ, ਵੈਰਾਗੀ ਆਪੋ ਆਪਣੇ ਧਰਮ ਦਾ ਪ੍ਰਚਾਰ ਕੁੰਭ ਮੇਲੇ ਦੌਰਾਨ ਕਰਦੇ ਹਨ ਉੱਥੇ ਹੀ ਨਿਰਮਲ ਅਤੇ ਉਦਾਸੀਨ ਅਖਾੜੇ ਕੁੰਭ ਵਿੱਚ ਸਿੱਖ ਧਰਮ ਦੀ ਮੌਜਦੂਗੀ ਨੂੰ ਦਰਸਾਉਂਦੇ ਹਨ।
ਇਨ੍ਹਾਂ ਦੋਵੇਂ ਸ੍ਰੰਪਦਾਵਾਂ ਦਾ ਗੁਰਬਾਣੀ ਅਤੇ ਸਿੱਖ ਫਲਸਫੇ ਦੇ ਪ੍ਰਚਾਰ ਅਤੇ ਪਸਾਰ ਵਿੱਚ ਅਹਿਮ ਯੋਗਦਾਨ ਰਿਹਾ ਹੈ। ਗੁਰਬਾਣੀ ਦੇ ਟੀਕੇ, ਵਿਆਖਿਆ ਅਤੇ ਘੁੰਮਤਰੂ ਟੋਲਿਆਂ ਵਿੱਚ ਘੁੰਮ ਕੇ ਆਮ ਲੋਕਾਂ ਨਾਲ ਸੰਵਾਦ ਰਚਾਉਣਾ ਇਨ੍ਹਾਂ ਦੀ ਰਵਾਇਤ ਰਹੀ ਹੈ।
ਪਰ ਇਸੇ ਦੌਰਾਨ ਸਨਾਤਨੀ ਅਖਾੜਿਆਂ ਖਾਸਕਰ ਨਾਗੇ ਸਾਧੂਆਂ ਨਾਲ ਸਿੱਖ ਸੰਪ੍ਰਦਾਵਾਂ ਨਾਲ ਅਤੀਤ ਕਾਲ ਸਮੇਂ ਕੁੰਭ ਮੇਲੇ ਵਿੱਚ ਅਖਾੜਾ ਲਗਾਉਣ ਨੂੰ ਲੈ ਕੇ ਲੜਾਈ ਵੀ ਹੋ ਚੁੱਕੀ ਹੈ। ਇਹ ਲੜਾਈ ਹਿੰਸਕ ਵੀ ਹੋਈ ਅਤੇ ਦੋਵਾਂ ਧਿਰਾਂ ਦੇ ਸੰਤ ਮਾਰੇ ਵੀ ਗਏ।
ਪ੍ਰਭਵੀਰ ਕਹਿੰਦੇ ਹਨ, ''ਬਾਅਦ ਵਿੱਚ ਦੋਵਾਂ ਪੱਖਾਂ ਦੀ ਆਪਸੀ ਸਹਿਮਤੀ ਅਤੇ ਸਨਾਤਨੀ ਧਰਮ ਦੀ ਰੱਖਿਆ ਦਾ ਹਵਾਲਾ ਦੇ ਕੇ ਨਿਰਮਲ ਅਖਾੜੇ ਨੂੰ 13ਵੇਂ ਅਖਾੜੇ ਵਜੋਂ ਮਾਨਤਾ ਦੇ ਦਿੱਤੀ ਗਈ।”

ਪੰਜਾਬ ਤੋਂ ਲੋਕਾਂ ਦੀ ਸ਼ਮੂਲੀਅਤ
ਪੰਜਾਬ ਤੋਂ ਵੀ ਵੱਡੀ ਗਿਣਤੀ ਲੋਕਾਂ ਦੀ ਕੁੰਭ ਮੇਲੇ ਵਿੱਚ ਸ਼ਮੂਲੀਅਤ ਦੇਖਣ ਨੂੰ ਮਿਲੀ। ਇਨ੍ਹਾਂ ਵਿੱਚ ਸਨਾਅਤੀ ਅਤੇ ਸਿੱਖ ਅਖਾੜਿਆਂ ਨਾਲ ਸਬੰਧਤ ਸੰਤਾਂ ਨਾਲ ਪਹੁੰਚੇ ਹੋਏ ਵੱਡੀ ਗਿਣਤੀ ਲੋਕਾਂ ਨਾਲ ਸਾਡੀ ਮੁਲਾਕਾਤ ਹੋਈ।
ਪੰਜਾਬ ਤੋਂ ਗਏ ਅਤੇ ਦੁਨੀਆਂ ਭਰ ਤੋਂ ਪੰਜਾਬੀਆਂ ਦੇ ਰੁਕਣ ਦਾ ਮੁੱਖ ਸਥਾਨ ਨਿਰਮਲ ਅਤੇ ਉਦਾਸੀ ਸੰਪ੍ਰਦਾਵਾਂ ਦੇ ਟਿਕਾਣੇ ਹੀ ਸਨ।
ਕੁੰਭ ਮੇਲੇ ਵਿੱਚ ਪੰਜਾਬ ਦੇ ਤਪਾ ਮੰਡੀ ਤੋਂ ਹਾਜ਼ਰੀ ਭਰਨ ਵਾਲੀ ਰਾਜਬੀਰ ਕੌਰ ਨੇ ਦੱਸਿਆ, ''ਇੱਥੇ ਆ ਕੇ ਮੈਨੂੰ ਕਾਫੀ ਸਕੂਨ ਮਿਲਿਆ ਹੈ। ਪੰਚਾਇਤੀ ਨਿਰਮਲ ਅਖਾੜੇ ਵਿੱਚ ਸਾਰਾ ਦਿਨ ਕੀਰਤਨ ਚੱਲਦਾ ਰਹਿੰਦਾ ਅਤੇ ਸ਼ਾਮੀ ਆਰਤੀ ਤੋਂ ਬਾਅਦ ਸਮਾਪਤੀ ਹੁੰਦੀ ਹੈ।
ਰਾਜਬੀਰ ਕੌਰ ਪਹਿਲੀ ਵਾਰ ਕੁੰਭ ਮੇਲੇ ਵਿੱਚ ਆਈ ਹੈ। ਇਸ ਦੇ ਤਜਰਬੇ ਸਾਂਝੇ ਕਰਦੇ ਹੋਏ ਉਹਨਾਂ ਇਸ ਨੂੰ ਇਕ ਅਲੌਕਿਕ ਨਜਾਰਾ ਆਖਿਆ। ਉਹਨਾਂ ਦੱਸਿਆ ਕਿ ਕੁੰਭ ਉਹ ਥਾਂ ਹੈ, ਜਿਥੇ ਦੇਸੀ-ਵਿਦੇਸ਼ੀ ਸ਼ਰਧਾਲੂ ਨੂੰ ਇੱਕ ਥਾਂ ਉਤੇ ਮਿਲਣ ਦਾ ਮੌਕਾ ਮਿਲਦਾ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












