ਸੰਗਰੂਰ ਦਾ ਇਹ ਕਿਸਾਨ ਕਿਵੇਂ ਕਰਦਾ ਹੈ ਇੱਕ ਏਕੜ ਵਿੱਚੋਂ ਕਰੀਬ 5 ਲੱਖ਼ ਰੁਪਏ ਦੀ ਕਮਾਈ

ਤਸਵੀਰ ਸਰੋਤ, kulveer Singh/BBC
- ਲੇਖਕ, ਚਰਨਜੀਵ ਕੌਸ਼ਲ
- ਰੋਲ, ਬੀਬੀਸੀ ਸਹਿਯੋਗੀ
ਅੱਜ ਦੇ ਸਮੇਂ ਦੇ ਵਿੱਚ ਜਿੱਥੇ ਕਿਸਾਨੀ ਨੂੰ ਘਾਟੇ ਦਾ ਸੌਦਾ ਕਿਹਾ ਜਾਂਦਾ ਉੱਥੇ ਹੀ ਸੰਗਰੂਰ ਜ਼ਿਲ੍ਹੇ ਦੇ ਪਿੰਡ ਸ਼ੇਰਪੁਰ ਦਾ ਕਿਸਾਨ ਜਗਦੇਵ ਸਿੰਘ ਇੱਕ ਏਕੜ ਵਿੱਚੋਂ ਲਗਭਗ 5 ਲੱਖ ਰੁਪਏ ਕਮਾਈ ਕਰ ਰਹੇ ਹਨ।
ਜਗਦੇਵ ਸਿੰਘ ਆਪਣੀ 10 ਏਕੜ ਜ਼ਮੀਨ ਦੇ ਵਿੱਚ ਪਿਆਜ਼ ਦੀ ਪਨੀਰੀ ਦੀ ਖੇਤੀ ਕਰ ਰਹੇ ਹਨ।
ਜਗਦੇਵ ਸਿੰਘ ਨੇ ਦੱਸਿਆ ਕਿ ਪਹਿਲਾਂ ਉਹ ਵੀ ਕਣਕ ਅਤੇ ਝੋਨੇ ਦੀ ਖੇਤੀ ਕਰਦਾ ਸੀ ਪਰ ਉਸ ਦੋ ਚੱਕਰੀ ਖੇਤੀ ਵਿੱਚ ਕਦੇ ਵੀ ਕਿਸਾਨ ਜ਼ਿਆਦਾ ਕਮਾਈ ਨਹੀਂ ਕਰ ਸਕਦੇ ਸਨ।
ਜਗਦੇਵ ਸਿੰਘ ਨੇ ਦੱਸਿਆ, "ਮੇਰਾ ਵੱਡਾ ਭਰਾ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਸੰਪਰਕ ਵਿੱਚ ਆਇਆ ਅਤੇ ਉਥੋਂ ਜਾਣਕਾਰੀ ਲੈ ਕੇ ਅਸੀਂ ਤਕਰੀਬਨ 15 ਸਾਲ ਪਹਿਲਾਂ ਅੱਧੀ ਏਕੜ ਜ਼ਮੀਨ ਵਿੱਚ ਪਿਆਜ਼ ਦੀ ਪਨੀਰੀ ਦੀ ਖੇਤੀ ਦੀ ਸ਼ੁਰੂਆਤ ਕੀਤੀ ਅਤੇ ਅੱਜ ਅਸੀਂ 10 ਏਕੜ ਜ਼ਮੀਨ ਦੇ ਵਿੱਚ ਪਿਆਜ਼ ਦੇ ਪਨੀਰੀ ਅਤੇ ਮੌਸਮ ਦੇ ਹਿਸਾਬ ਦੇ ਨਾਲ ਮਿਰਚ, ਬੈਂਗਣ, ਗੋਬੀ ਅਤੇ ਕੱਦੂ ਦੀਆਂ ਵੇਲਾਂ ਦੀ ਪਨੀਰੀ ਦੀ ਖੇਤੀ ਕਰਦੇ ਹਾਂ।"

ਜਗਦੇਵ ਨੇ ਆਖਦੇ ਹਨ, ''ਸ਼ੁਰੂ ਸ਼ੁਰੂ ਵਿੱਚ ਕੰਮ ਕਰਨਾ ਥੋੜ੍ਹਾ ਮੁਸ਼ਕਲ ਸੀ ਕਿਉਂਕਿ ਉਹ ਹੱਥਾਂ ਨਾਲ ਬੀਜ ਦੇ ਛਿੱਟੇ ਦਿੰਦੇ ਸੀ ਮਸ਼ੀਨਾਂ ਨਹੀਂ ਸਨ ਪਰ "ਹੁਣ ਅਸੀਂ ਆਧੁਨਿਕ ਮਸ਼ੀਨਾਂ ਦੇ ਨਾਲ ਪਨੀਰੀ ਦੇ ਬੀਜ ਬੀਜਦੇ ਹਾਂ, ਜਿਸ ਦੇ ਨਾਲ ਸਹੀ ਦੂਰੀ ਅਤੇ ਸਹੀ ਡੁੰਘਾਈ ਦੇ ਨਾਲ ਪਨੀਰੀ ਦੇ ਬੀਜ ਜ਼ਮੀਨ ਅੰਦਰ ਜਾਂਦੇ ਹਨ।"
ਜਗਦੇਵ ਸਿੰਘ ਕਹਿੰਦੇ ਹਨ, "ਮੇਰੀ ਪੂਰੀ 10 ਏਕੜ ਜ਼ਮੀਨ ਵਿੱਚ ਸਬਜ਼ੀਆਂ ਦੀ ਪਨੀਰੀ ਨੂੰ ਫੁਆਰਾ ਸਿੰਚਾਈ ਤਕਨੀਕ ਦੇ ਨਾਲ ਪਾਣੀ ਲਗਾਇਆ ਜਾਂਦਾ ਹੈ, ਜਿਸ ਨਾਲ ਇੱਕ ਪਾਸੇ ਜ਼ਮੀਨੀ ਪਾਣੀ ਬਚਾਇਆ ਜਾਂਦਾ ਹੈ। ਉਸ ਨਾਲ ਪਨੀਰੀ ਦੀ ਖੇਤੀ ਵੀ ਬਹੁਤ ਵਧੀਆ ਹੁੰਦੀ ਹੈ।"
"ਜਿੰਨਾ ਪਿਆਜ਼ ਦੀ ਪਨੀਰੀ ਨੂੰ ਪਾਣੀ ਦੀ ਜ਼ਰੂਰਤ ਹੁੰਦੀ ਹੈ ਅਸੀਂ ਓਨਾ ਹੀ ਪਾਣੀ ਦਿੰਦੇ ਹਾਂ, ਜਿਸ ਕਾਰਨ ਇਸ ਦੀ ਕੁਆਲਿਟੀ ਵਧੀਆ ਬਣਦੀ ਹੈ।"
ਉਹ ਕਹਿੰਦੇ ਹਨ ਕਿ ਮੌਸਮ ਦੀ ਮਾਰ ਕਈ ਵਾਰ ਪੈਂਦੀ ਹੈ। ਕਈ ਵਾਰ ਬਾਰਿਸ਼ ਜਿਆਦਾ ਆ ਜਾਵੇ ਤਾਂ ਜ਼ਿਆਦਾ ਪਾਣੀ ਫ਼ਸਲ ਨੂੰ ਨੁਕਸਾਨ ਕਰ ਸਕਦਾ ਹੈ।
ਪਰ ਉਨ੍ਹਾਂ ਨੇ ਸਾਰੀ ਜ਼ਮੀਨ ਵਿੱਚ ਅੰਡਰਗਰਾਊਂਡ ਪਾਈਪਲਾਈਨ ਵਿਛਾਈ ਹੋਈ ਹੈ। ਜਿਸ ਦੇ ਰਾਹੀਂ ਸਾਰਾ ਫਾਲਤੂ ਪਾਣੀ ਆਪਣੇ ਖੇਤਾਂ ਦੇ ਵਿੱਚੋਂ ਕੱਢ ਦਿੰਦੇ ਹਨ ਅਤੇ ਉਨ੍ਹਾਂ ਦੀ ਫ਼ਸਲ ਬਚ ਜਾਂਦੀ ਹੈ।
ਕਿੰਨਾ ਖਰਚਾ ਕਿੰਨੀ ਕਮਾਈ
ਜਗਦੇਵ ਸਿੰਘ ਨੇ ਕਹਿੰਦੇ ਹਨ ਕਿ ਪਿਆਜ਼ ਦੀ ਪਨੀਰੀ ਦੇ ਉੱਪਰ ਤਕਰੀਬਨ 15 ਹਜ਼ਾਰ ਰੁਪਏ ਇੱਕ ਏਕੜ ਦਾ ਖ਼ਰਚਾ ਆ ਜਾਂਦਾ ਹੈ ਅਤੇ ਵੇਚਣ ਵੇਲੇ ਇਸ ਨੂੰ ਫੁੱਟਾਂ ਦੇ ਹਿਸਾਬ ਦੇ ਨਾਲ ਵੇਚਿਆਂ ਜਾਂਦਾ ਹੈ।
"ਮੇਰੇ ਕੋਲ ਦੋ ਤਰ੍ਹਾਂ ਦੀ ਇਸ ਵੇਲੇ ਪਿਆਜ਼ ਦੀ ਪਨੀਰੀ ਹੈ, ਜਿਸ ਦੇ ਵਿੱਚ ਇੱਕ ਕਿਸਮ 30 ਰੁਪਏ ਪ੍ਰਤੀ ਫੁੱਟ ਅਤੇ ਇੱਕ ਕਿਸਮ 20 ਰੁਪਏ ਪ੍ਰਤੀ ਫੁੱਟ ਵਿਕ ਰਹੀ ਹੈ। ਜਿਸ ਨਾਲ ਜੇਕਰ ਵਧੀਆ ਖੇਤੀ ਹੋ ਜਾਵੇ ਤਾਂ ਇੱਕ ਏਕੜ ਦੇ ਵਿੱਚੋਂ 5 ਲੱਖ ਰੁਪਏ ਦੇ ਲਗਭਗ ਮੁਨਾਫ਼ਾ ਨਿਕਲ ਜਾਂਦਾ ਹੈ।"
ਜਗਦੇਵ ਸਿੰਘ ਨੇ ਦੱਸਿਆ ਕਿ ਕਣਕ ਅਤੇ ਝੋਨੇ ਦੀ ਫ਼ਸਲ ਵਿੱਚ ਜ਼ਿਆਦਾ ਕਮਾਈ ਨਹੀਂ ਹੈ। ਉਹ ਇੱਕ ਏਕੜ ਦੇ ਵਿੱਚੋਂ ਜ਼ਿਆਦਾ ਤੋਂ ਜ਼ਿਆਦਾ 60 ਹਜ਼ਾਰ ਤੋਂ ਲੈ ਕੇ 70 ਹਜ਼ਾਰ ਤੱਕ ਦੀ ਕਮਾਈ ਦੇ ਸਕਦੀ ਹੈ।
ਪਰ ਕਿਸਾਨ ਸਬਜ਼ੀਆਂ ਦੀ ਪਨੀਰੀ ਦੇ ਖੇਤੀ ਕਰਕੇ ਵਧੀਆ ਕਮਾਈ ਕਰ ਸਕਦਾ ਹੈ।
ਜਗਦੇਵ ਸਿੰਘ ਨੇ ਦੱ ਸਿਆ ਕਿ ਇਸ ਖੇਤੀ ਵਿੱਚੋਂ ਕਮਾਈ ਤਾਂ ਵਧੀਆ ਹੈ ਪਰ ਇਸ ਵਿੱਚ ਮਿਹਨਤ ਵੀ ਪੂਰੀ ਹੁੰਦੀ ਹੈ।
"ਸਾਡੇ ਖੇਤਾਂ ਦੇ ਵਿੱਚ ਸਵੇਰ ਤੋਂ ਲੈ ਕੇ ਸ਼ਾਮ ਤੱਕ, ਮੈਂ, ਮੇਰਾ ਭਰਾ ਅਤੇ ਮੇਰਾ ਬੇਟਾ ਅਸੀਂ ਤਿੰਨੇ ਕੰਮ ਕਰਦੇ ਹਾਂ ਅਤੇ ਮੇਰੇ ਖੇਤਾਂ ਦੇ ਵਿੱਚ 15 ਤੋਂ 20 ਔਰਤਾਂ 300 ਰੁਪਏ ਪ੍ਰਤੀ ਦਿਹਾੜੀ ʼਤੇ ਕੰਮ ਕਰਦੀਆਂ ਹਨ।"
ਇਸ ਤੋਂ ਇਲਾਵਾ ਤਿੰਨ ਪੱਕੇ ਮਜ਼ਦੂਰ ਵੀ ਰੱਖੇ ਹੋਏ ਹਨ, ਜਿਹੜੇ ਉਨ੍ਹਾਂ ਦੇ ਖੇਤਾਂ ਦੀ ਦੇਖ-ਰੇਖ ਕਰਦੇ ਹਨ।
ਜਗਦੇਵ ਸਿੰਘ ਨੇ ਦੱਸਿਆ ਕਿ ਖੇਤੀਬਾੜੀ ਵਿਭਾਗ ਅਤੇ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਉਨ੍ਹਾਂ ਨੂੰ ਸਬਜ਼ੀਆਂ ਦੀ ਪਨੀਰੀ ਦੀ ਖੇਤੀ ਦੇ ਲਈ ਪੂਰੀ ਤਕਨੀਕੀ ਤੇ ਆਧੁਨਿਕ ਜਾਣਕਾਰੀ ਤੇ ਸਹਾਇਤਾ ਮਿਲਦੀ ਹੈ।
ਜੇਕਰ ਕਈ ਵਾਰ ਕਿਸੇ ਫ਼ਸਲ ਦੇ ਵਿੱਚ ਬਿਮਾਰੀ ਹੁੰਦੀ ਹੈ ਤਾਂ ਖੇਤੀਬਾੜੀ ਮਾਹਰ ਅਤੇ ਖੇਤੀਬਾੜੀ ਡਾਕਟਰ ਉਨ੍ਹਾਂ ਦੀ ਪੂਰੀ ਸਹਾਇਤਾ ਕਰਦੇ ਹਨ।

ਤਸਵੀਰ ਸਰੋਤ, kulveer Singh/BBC
ਬੀਜ ਵੀ ਵੇਚਦੇ ਹਨ
ਜਗਦੇਵ ਸਿੰਘ ਦੱਸਦੇ ਹਨ, "ਨਰਸਰੀ ਦੇ ਨਾਲ-ਨਾਲ ਮੈਂ ਆਪਣੀ ਇੱਕ ਦੁਕਾਨ ਵੀ ਬਣਾਈ ਹੋਈ ਹੈ, ਜਿੱਥੇ ਬਜ਼ਾਰ ਨਾਲੋਂ ਵਧੀਆ ਤਕਨੀਕ ਦੇ ਅਤੇ ਸਸਤੇ ਬੀਜ ਅਸੀਂ ਦਿੰਦੇ ਹਾਂ। ਕਿਸਾਨ ਮੇਰੇ ਕੋਲੇ ਆਉਂਦੇ ਹਨ ਤੇ ਮੇਰੇ ਕੋਲੋਂ ਬੀਜਾਂ ਦੀ ਡਿਮਾਂਡ ਵੀ ਕਰਦੇ ਸਨ।"
"ਜਿਸ ਸਦਕਾ ਮੈਂ ਆਪਣੇ ਖੇਤਾਂ ਦੇ ਵਿੱਚ ਹੀ ਇੱਕ ਦੁਕਾਨ ਬਣਾਈ ਹੈ, ਜਿੱਥੇ ਕਿ ਛੋਟੀਆਂ ਪੈਕਿੰਗਾਂ ਦੇ ਵਿੱਚ ਮੈਂ ਘਰੇਲੂ ਬਗੀਚੀਆਂ ਲਗਾਉਣ ਦੇ ਲਈ ਕਿਸਾਨਾਂ ਨੂੰ ਵਧੀਆ ਬੀਜ ਵੀ ਦਿੰਦਾ ਹਾਂ।"
ਪਨੀਰੀ ਲੈਣ ਆਏ ਇੱਕ ਕਿਸਾਨ ਬਲਵਿੰਦਰ ਸਿੰਘ ਕਹਿੰਦੇ ਹਨ ਕਿ ਉਹ ਆਪਣੇ ਘਰੇਲੂ ਚੀਜ਼ਾਂ ਦੀ ਪੂਰਤੀ ਲਈ ਆਪਣੀਆਂ ਸਬਜ਼ੀਆਂ ਆਪ ਬੀਜਦੇ ਹਨ।
ਉਨ੍ਹਾਂ ਨੂੰ ਜਗਦੇਵ ਸਿੰਘ ਦੀ ਪਨੀਰੀ ਵਧੀਆਂ ਲੱਗਦੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਪਿਆਜ਼ ਦੀ ਪਨੀਰੀ ਵਧੀਆਂ ਨਿਕਲਦੀ ਹੈ। ਉਹ ਹੋਰ ਵੀ ਕਿਤਿਓਂ ਲੈਣ ਜਾਂਦੇ ਹਨ ਪਰ ਇਸ ਦੇ ਮੁਕਾਬਲੇ ਜਿੰਨੀ ਵਧੀਆ ਨਹੀਂ ਮਿਲਦੀ।
ਜਦੋਂ ਅਸੀਂ ਜਗਦੇਵ ਸਿੰਘ ਦੇ ਖੇਤਾਂ ਵਿੱਚ ਮਜ਼ਦੂਰੀ ਕਰਨ ਆਈਆਂ ਔਰਤਾਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਦੱਸਿਆ ਕਿ ਉਹ ਨਜ਼ਦੀਕੀ ਪਿੰਡਾਂ ਤੋਂ ਹੀ ਆਉਂਦੀਆਂ ਹਾਂ ਅਤੇ ਤਕਰੀਬਨ ਦੋ ਸਾਲ ਤੋਂ ਜਗਦੇਵ ਸਿੰਘ ਦੇ ਖੇਤਾਂ ਦੇ ਵਿੱਚ ਨਰਸਰੀ ਦੀ ਖੇਤੀ ਦਾ ਕੰਮ ਕਰਦੀਆਂ ਹਨ।

ਤਸਵੀਰ ਸਰੋਤ, kulveer Singh/BBC
ਕੰਵਲਜੀਤ ਕੌਰ ਦਾ ਕਹਿਣਾ ਹੈ, "ਸਾਡਾ ਇੱਥੇ ਖੇਤਾਂ ਵਿੱਚ ਕੰਮ ਪਹਿਲਾਂ ਫਸਲਾਂ ਦੀ ਬਿਜਾਈ ਕਰਨਾ, ਉਨ੍ਹਾਂ ਦੀ ਸੰਭਾਲ ਕਰਨੀ ਅਤੇ ਫਿਰ ਪਨੀਰੀ ਪੁੱਟ ਕੇ ਗਾਹਕਾਂ ਨੂੰ ਦੇਣਾ ਹੁੰਦਾ ਹੈ।"
"ਅਸੀਂ ਸਵੇਰੇ 8 ਵਜੇ ਇੱਥੇ ਆ ਜਾਦੇ ਹਾਂ ਅਤੇ ਤਕਰੀਬਨ ਪੰਜ ਸਾਢੇ ਪੰਜ ਵਜੇ ਆਪਣੇ ਘਰਾਂ ਨੂੰ ਵਾਪਸ ਪਰਤ ਜਾਦੇ ਹਾਂ ਰੋਜ਼ਾਨਾ ਸਾਨੂੰ ਸਾਡੇ ਕੰਮ ਦੀ 300 ਰੁਪਆ ਦਿਹਾੜੀ ਦਿੱਤੀ ਜਾਂਦੀ ਹੈ।"
"ਅੱਜ ਦੇ ਸਮੇਂ ਦੇ ਵਿੱਚ ਇੱਕ ਜਣੇ ਦੀ ਕਮਾਈ ਦੇ ਨਾਲ ਪਰਿਵਾਰ ਨਹੀਂ ਚੱਲਦਾ, ਅਸੀਂ ਵੀ ਜਗਦੇਵ ਸਿੰਘ ਦੇ ਖੇਤਾਂ ਵਿੱਚ ਆ ਕੇ ਕੰਮ ਕਰਦੀਆਂ, ਜਿਸ ਨਾਲ ਸਾਡੇ ਘਰ ਦਾ ਗੁਜ਼ਾਰਾ ਵਧੀਆ ਚੱਲਦਾ ਹੈ।"
ਕੰਵਲਜੀਤ ਕੌਰ ਦਾ ਕਹਿਣਾ ਹੈ ਕਿ ਕੰਮ ਦੇ ਹਿਸਾਬ ਨਾਲ ਕੰਮ ਕਰਨ ਵਾਲਿਆਂ ਦੀ ਗਿਣਤੀ ਕੰਮ ਦੇ ਹਿਸਾਬ ਨਾਲ ਵਧਦੀ-ਘਟਦੀ ਰਹਿੰਦੀ ਹੈ।
"ਸਾਨੂੰ ਰੋਜ਼ਾਨਾ 300 ਰੁਪਏ ਦਿਹਾੜੀ ਮਿਲ ਜਾਂਦੀ ਹੈ ਅਤੇ ਸਾਡਾ ਵਧੀਆਂ ਗੁਜ਼ਾਰਾ ਚੱਲੀ ਜਾਂਦਾ ਹੈ।"

ਤਸਵੀਰ ਸਰੋਤ, kulveer Singh/BBC
ਖੇਤੀਬਾੜੀ ਅਧਿਕਾਰੀ ਕੀ ਕਹਿੰਦੇ ਹਨ
ਜ਼ਿਲ੍ਹਾ ਸੰਗਰੂਰ ਦੇ ਬਾਗਬਾਨੀ ਵਿਭਾਗ ਦੇ ਉੱਪ ਡਾਇਰੈਕਟਰ ਡਾਕਟਰ ਨਿਰਵੰਤ ਸਿੰਘ ਦਾ ਕਹਿਣਾ ਹੈ ਕਿ ਬਾਗ਼ਬਾਨੀ ਇੱਕ ਅਜਿਹਾ ਰਾਹ ਹੈ ਜੋ ਕਣਣ-ਝੋਨੇ ਦੇ ਰਵਾਇਤੀ ਫ਼ਸਲੀ ਚੱਕਰ ਵਿੱਚੋਂ ਨਿਕਲਣ ਵਿੱਚ ਸਹਾਇਕ ਸਾਬਿਤ ਹੋ ਸਕਦੀ ਹੈ।
ਉਨ੍ਹਾਂ ਦਾ ਕਹਿਣਾ ਹੈ, "ਸਬਜ਼ੀਆਂ ਦੀ ਪਨੀਰੀ ਵਿੱਚ ਝੋਨੇ ਅਤੇ ਕਣਕ ਨਾਲੋਂ ਦੁਗਣੀ ਕਮਾਈ ਹੋ ਜਾਂਦੀ ਹੈ। ਇਸ ਨੂੰ ਕੈਸ਼ ਕ੍ਰੋਪ ਕਿਹਾ ਜਾਂਦਾ ਹੈ, ਭਾਵ ਇਸ ਤੋਂ ਰੋਜ਼ਾਨਾ ਆਮਦਨੀ ਹੁੰਦੀ ਹੈ।"
"ਫੁਵਾਰਾ ਸਿਸਟਮ ਨਾਲ ਪਾਣੀ ਦੇਣ ਨਾਲ ਜਿੱਥੇ ਪਾਣੀ ਦੀ ਬਚਤ ਹੁੰਦੀ ਹੈ, ਉੱਥੇ ਹੀ ਸਬਜ਼ੀ ਦੀ ਕੁਆਲਿਟੀ ਬਹੁਤ ਵਧੀਆਂ ਹੁੰਦੀ ਹੈ।"
ਸਬਸਿਡੀਆਂ ਬਾਰੇ ਬੋਲਦਿਆਂ ਨੇ ਕਿਹਾ, " ਬਾਗਬਾਨੀ ਵਿਭਾਗ ਹਾਈਬ੍ਰਿਡ ਪਨੀਰੀਆਂ, ਹਾਈਬ੍ਰਿਡ ਸਬਜ਼ੀਆਂ ਨੂੰ ਉਗਾਉਣ ਲਈ ਸਬਸਿਡੀ ਦਿੰਦਾ ਹੈ ਅਤੇ ਸਬਜ਼ੀਆਂ ਨੂੰ ਉਗਾਉਣ ਲਈ ਮਸ਼ੀਨਾਂ ʼਤੇ ਵੀ ਸਬਸਿਡੀ ਦਿੰਦਾ ਹੈ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ













