ਅਜਿਹੀ ਡਾਈਟ, ਜਿਸ ਨਾਲ ਕੁਝ ਹੀ ਦਿਨਾਂ ਵਿੱਚ ਭਾਰ ਘਟਣ ਦੇ ਦਾਅਵੇ ਕੀਤੇ ਜਾ ਰਹੇ ਹਨ, ਕੀ ਖਾਸ ਹੈ ਇਸ ਡਾਈਟ ਵਿੱਚ

ਤਸਵੀਰ ਸਰੋਤ, Getty Images
- ਲੇਖਕ, ਰਾਜਵੀਰ ਕੌਰ ਗਿੱਲ
- ਰੋਲ, ਬੀਬੀਸੀ ਪੱਤਰਕਾਰ
ਕੁਝ ਮਹੀਨੇ ਪਹਿਲਾਂ ਵਿੱਦਿਆ ਬਾਲਨ ਨੇ ਸੋਸ਼ਲ ਮੀਡੀਆ 'ਤੇ ਇੱਕ ਇੰਟਰਵਿਊ ਵਿੱਚ ਕਿਹਾ ਕਿ ਉਹ ਉਮਰ ਭਰ ਆਪਣਾ ਭਾਰ ਘਟਾਉਣ ਲਈ ਜੱਦੋਜਹਿਦ ਕਰਦੇ ਰਹੇ ਹਨ ਜਦਕਿ ਇਹ ਮੋਟਾਪਾ ਨਹੀਂ ਸਗੋਂ ਇਨਫ਼ਲਾਮੇਸ਼ਨ ਸੀ।
ਉਨ੍ਹਾਂ ਦੱਸਿਆ ਕਿ ਬੀਤੇ ਵਰ੍ਹੇ ਉਨ੍ਹਾਂ ਨੂੰ ਪਤਾ ਲੱਗਿਆ ਕਿ ਉਹ ਇਨਫ਼ਲਾਮੇਸ਼ਨ ਕਾਰਨ ਸਰੀਰਕ ਤੌਰ 'ਤੇ ਪਤਲੇ ਨਹੀਂ ਹੋ ਰਹੇ ਸਨ ਅਤੇ ਕੁਝ ਸਮੇਂ ਲਈ ਐਂਟੀ-ਇਨਫ਼ਲਾਮੇਟਰੀ ਡਾਈਟ ਕਰਨ ਨਾਲ ਬਗ਼ੈਰ ਕਸਰਤ ਦੇ ਉਨ੍ਹਾਂ ਦਾ ਭਾਰ ਘਟ ਗਿਆ।
ਵਿੱਦਿਆ ਬਾਲਨ ਦੇ ਇਸ ਦਾਅਵੇ ਤੋਂ ਬਾਅਦ ਯੂ-ਟਿਊਬ ਸਣੇ ਕਈ ਸੋਸ਼ਲ ਮੀਡੀਆ ਚੈਨਲਜ਼ 'ਤੇ ਐਂਟੀ-ਇਨਫ਼ਲਾਮੇਟਰੀ ਡਾਈਟ ਸਮਝਾਉਣ ਵਾਲਿਆਂ ਦੀ ਭਰਮਾਰ ਹੋ ਗਈ। ਕਈ ਯੂ-ਟਿਊਬਰਜ਼ ਇਸ ਡਾਈਟ ਜ਼ਰੀਏ ਇੱਕ ਹਫ਼ਤੇ ਵਿੱਚ ਭਾਰ ਘਟਾਉਣ ਦਾ ਦਾਅਵਾ ਕਰ ਰਹੇ ਹਨ।
ਪਰ ਇਨ੍ਹਾਂ ਦਾਅਵਿਆਂ ਵਿੱਚ ਸੱਚਾਈ ਕੀ ਹੈ? ਕੀ ਜਿਵੇਂ ਵਿੱਦਿਆ ਬਾਲਨ ਨੇ ਕਿਹਾ ਕਿ ਜ਼ਿਆਦਾਤਰ ਲੋਕਾਂ ਦਾ ਮੋਟਾਪਾ ਇਨਫ਼ਲਾਮੇਸ਼ਨ ਕਾਰਨ ਹੀ ਹੁੰਦਾ ਹੈ ਸਹੀ ਹੈ?
ਜਾਣਦੇ ਹਾਂ ਇਹ ਇਨਫ਼ਲਾਮੇਸ਼ਨ ਹੈ ਕੀ ਅਤੇ ਮਨੁੱਖੀ ਸਰੀਰ ਵਿੱਚ ਕਿਹੜੇ ਕਾਰਨਾਂ ਕਰਕੇ ਪੈਦਾ ਹੁੰਦੀ ਹੈ। ਨਾਲ ਹੀ ਇਹ ਵੀ ਜਾਣਦੇ ਹਾਂ ਕੀ ਇਸ ਦੀ ਸਰੀਰ ਨੂੰ ਲੋੜ ਵੀ ਹੁੰਦੀ ਹੈ।
ਇਨਫ਼ਲਾਮੇਸ਼ਨ ਕੀ ਹੈ?

ਤਸਵੀਰ ਸਰੋਤ, Doctor Nancy Sahni
ਅਸਲ ਵਿੱਚ ਇਨਫ਼ਲਾਮੇਸ਼ਨ ਸਾਡੇ ਸਰੀਰ ਅੰਦਰ ਹੋਣ ਵਾਲੀ ਸੋਜਿਸ਼ ਹੈ ਜੋ ਸਾਨੂੰ ਲਾਗ਼ ਜਾਂ ਸੱਟ ਲੱਗਣ ਉੱਤੇ ਬਚਾਅ ਕਰਨ ਵਿੱਚ ਮਦਦਗਾਰ ਸਾਬਤ ਹੁੰਦੀ ਹੈ।
ਪੀਜੀਆਈ ਚੰਡੀਗੜ੍ਹ ਦੇ ਡਾਈਟੇਟਿਕਸ ਵਿਭਾਗ ਦੇ ਮੁਖੀ ਡਾਕਟਰ ਨੈਨਸੀ ਸਾਹਨੀ ਦੱਸਦੇ ਹਨ ਕਿ ਜਦੋਂ ਕੋਈ ਚੀਜ਼ ਮਨੁੱਖੀ ਸਰੀਰ ਦੇ ਸੈੱਲਾਂ ਨੂੰ ਨੁਕਸਾਨ ਪਹੁੰਚਾਉਂਦੀ ਹੈ ਤਾਂ ਉਸ ਨੂੰ ਠੀਕ ਕਰਨ ਲਈ ਸਾਡਾ ਇਮਿਊਨ ਸਿਸਟਮ ਫ਼ੌਰਨ ਕੰਮ ਕਰਨ ਲੱਗਦਾ ਹੈ।
''ਜਿਵੇਂ ਡਿੱਗਣ ਉੱਤੇ ਜੇ ਸੱਟ ਲੱਗੇ ਜਾਂ ਫ਼ਿਰ ਪੈਰ 'ਤੇ ਮੋਚ ਆ ਜਾਵੇ ਜਾਂ ਸਰੀਰ ਦੇ ਕਿਸੇ ਹੋਰ ਭਾਰ ਪੈਣ ਨਾਲ ਲੱਗੀ ਸੱਟ ਦੌਰਾਨ ਸੋਜ ਆ ਜਾਂਦੀ ਹੈ। ਅਸਲ ਵਿੱਚ ਇਹ ਸੋਜ ਸਾਨੂੰ ਕਈ ਵਾਰ ਗੰਭੀਰ ਅੰਦਰੂਨੀ ਸੱਟਾਂ ਤੋਂ ਬਚਾਉਂਦੀ ਵੀ ਹੈ।''
ਜੇ ਇਨਫ਼ਲਾਮੇਸ਼ਨ ਜਿਸ ਨੂੰ ਅਸੀਂ ਸੋਜ ਵੱਜੋਂ ਜਾਣਦੇ ਹਾਂ, ਸਾਡੇ ਸਰੀਰ ਦੀ ਆਪਣੀ ਰੱਖਿਆ ਕਰਨ ਦੀ ਇੱਕ ਕੁਦਰਤੀ ਵਿਧੀ ਹੈ ਤਾਂ ਇਸ ਨੂੰ ਕਿਸੇ ਬਿਮਾਰੀ ਨਾਲ ਕਿਵੇਂ ਜੋੜਿਆ ਜਾ ਸਕਦਾ ਹੈ।
ਸਵਾਲ ਪੈਦਾ ਹੁੰਦਾ ਹੈ ਕਿ ਸਾਨੂੰ ਐਂਟੀ-ਇਨਫ਼ਲਾਮੇਟਰੀ ਖ਼ੁਰਾਕ ਦੀ ਕੀ ਲੋੜ ਪੈਂਦੀ ਹੈ?
ਸਿਹਤ ਮਾਹਰ ਮੰਨਦੇ ਹਨ ਕਿ ਸੋਜਿਸ਼ ਉਸ ਸਮੇਂ ਗ਼ੈਰ-ਸਿਹਤਮੰਦ ਹੋ ਜਾਂਦੀ ਹੈ ਜਦੋਂ ਇਹ ਸਾਡੇ ਸਰੀਰ ਵਿੱਚ ਲੰਬੇ ਸਮੇਂ ਲਈ ਰਹਿੰਦੀ ਹੈ।

ਤਸਵੀਰ ਸਰੋਤ, Getty Images
ਡਾਕਟਰ ਨੈਂਨਸੀ ਕਹਿੰਦੇ ਹਨ,"ਆਧੁਨਿਕ ਜੀਵਨ ਸ਼ੈਲੀ ਵਿੱਚ ਕਈ ਅਜਿਹੇ ਪੱਖ ਹਨ ਜੋ ਸਰੀਰ ਵਿੱਚ ਇਨਫ਼ਲਾਮੇਸ਼ਨ ਲੋੜ ਨਾਲੋਂ ਵਧੇਰੇ ਵਧਾਉਂਦੇ ਹਨ ਜਿਵੇਂ ਕਿ ਲੰਬੇ ਸਮੇਂ ਲਈ ਬੈਠੇ ਰਹਿਣਾ ਜਾਂ ਸੁਸਤ ਜੀਵਨ ਸ਼ੈਲੀ।"
ਖ਼ੁਰਾਕ ਮਾਹਰ ਸ਼ਾਲੂ ਸਿੰਘ ਪੀਜੀਆਈ ਸਣੇ ਕਈ ਵੱਡੀਆ ਸੰਸਥਾਵਾਂ ਵਿੱਚ ਨਿਊਟਰੀਸ਼ਨ ਮਾਹਰ ਵਜੋਂ ਸੇਵਾਵਾਂ ਨਿਭਾ ਚੁੱਕੇ ਹਨ।
ਉਹ ਕਹਿੰਦੇ ਹਨ ਕਿ ਅਸਲ ਵਿੱਚ ਕਈ ਵਾਰ ਸਰੀਰ ਵਿੱਚ ਪੁਰਾਣੀ ਸੋਜ ਮੁਟਾਪੇ ਦਾ ਰੂਪ ਧਾਰ ਲੈਂਦੀ ਹੈ। ਇਸ ਤਰ੍ਹਾਂ ਇਹ ਮੋਟਾਪੇ 'ਤੋ ਹੋਣ ਵਾਲੇ ਰੋਗਾਂ ਦਿਲ ਦੀ ਬਿਮਾਰੀ, ਸ਼ੂਗਰ ਅਤੇ ਨਿਊਰੋਡੀਜਨਰੇਟਿਵ ਸਥਿਤੀਆਂ ਸਣੇ ਕਈ ਬਿਮਾਰੀਆਂ ਲਈ ਜੋਖਮ ਦਾ ਕਾਰਕ ਵੀ ਹੋ ਸਕਦੀ ਹੈ।
ਐਂਟੀ-ਇਨਫ਼ਲਾਮੇਟਰੀ ਖੁਰਾਕ ਬਾਰੇ ਡਾਕਟਰ ਨੈਂਨਸੀ ਕਹਿੰਦੇ ਹਨ ਕਿ ਕੋਈ ਵੀ ਖ਼ੁਰਾਕ ਸਾਡੀ ਸਿਹਤ ਨੂੰ ਪ੍ਰਭਾਵਿਤ ਕਰਦੀ ਹੈ।
"ਭੋਜਨ ਸਾਡੇ ਸਰੀਰ ਦੇ ਭਾਰ ਅਤੇ ਸਿਹਤ ਉੱਤੇ ਅਸਰ ਪਾਉਂਦਾ ਹੈ। ਪਰ ਅਸੀਂ ਕਿਸੇ ਖ਼ਾਸ ਖ਼ੁਰਾਕ ਬਾਰੇ ਇਹ ਨਹੀਂ ਕਹਿ ਸਕਦੇ ਕਿ ਇਸ ਨਾਲ ਸਰੀਰ ਵਿੱਚੋਂ ਸੋਜ ਖ਼ਤਮ ਹੋ ਜਾਵੇਗੀ।"
ਉਹ ਕਹਿੰਦੇ ਹਨ ਕਿ ਕਿਉਂਕਿ ਆਮ ਧਾਰਨਾ ਮੁਤਾਬਕ ਸਰੀਰ ਦੇ ਪਤਲੇ ਹੋਣ ਨੂੰ ਹੀ ਤੰਦਰੁਸਤੀ ਦਾ ਮਾਪਦੰਡ ਮੰਨ ਲਿਆ ਗਿਆ ਹੈ, ਇਸ ਲਈ ਸਮੇਂ ਸਮੇਂ 'ਤੇ ਸੋਸ਼ਲ ਮੀਡੀਆ ਉੱਤੇ ਵੱਖ-ਵੱਖ ਡਾਈਟਸ ਆਉਂਦੀਆਂ ਰਹਿੰਦੀਆਂ ਹਨ। ਜਿਨ੍ਹਾਂ ਨੂੰ ਸਰੀਰ ਦਾ ਭਾਰ ਘਟਾਉਣ ਦੇ ਨਾਮ ਉੱਤੇ ਪ੍ਰਚਾਰਿਤ ਕੀਤਾ ਜਾਂਦਾ ਹੈ
ਡਾਕਟਰ ਨੈਂਨਸੀ ਕਹਿੰਦੇ ਹਨ ਕਿ ਅਸਲ ਵਿੱਚ ਅਹਿਮੀਅਤ ਸੰਤੁਲਿਤ ਖ਼ੁਰਾਕ ਨੂੰ ਸਹੀ ਤਰੀਕੇ ਨਾਲ ਲਏ ਜਾਣ ਦੀ ਹੈ, ਨਾ ਕਿ ਕਿਸੇ ਇੱਕ ਖ਼ੁਰਾਕ ਦੇ ਸਰੀਰ ਦੀ ਲੋੜ ਤੋਂ ਵੱਧ ਖਾਣ ਨਾਲ ਸਿਹਤਯਾਬੀ ਆ ਸਕਦੀ ਹੈ।
ਐਂਟੀ-ਇਨਫ਼ਲਾਮੇਟਰੀ ਖ਼ੁਰਾਕ ਕੀ ਹੈ?

ਤਸਵੀਰ ਸਰੋਤ, Getty Images
ਡਾਕਟਰ ਨੈਂਨਸੀ ਕਹਿੰਦੇ ਕਿ ਸਾਨੂੰ ਖ਼ੁਰਾਕ ਨੂੰ ਇਨਫ਼ਲਾਮੇਸ਼ਨ ਪੈਦਾ ਕਰਨ ਵਾਲੀ ਜਾਂ ਐਂਟੀ-ਇਨਫ਼ਲਾਮੇਸ਼ਨ ਖ਼ੁਰਾਕ ਵਿੱਚ ਨਹੀਂ ਵੰਡਣਾ ਚਾਹੀਦਾ।
ਉਹ ਕਹਿੰਦੇ ਹਨ,"ਕੁਦਰਤੀ ਭੋਜਨ ਜਿਹੜੇ ਕਿ ਘਰ ਵਿੱਚ ਬਣਾਏ ਜਾਣ ਅਤੇ ਤਾਜ਼ਾ ਖਾਦੇ ਜਾਣ ਸਾਡੇ ਲਈ ਚੰਗੇ ਹਨ।"
"ਉਹ ਭੋਜਨ ਜੋ ਵਧੇਰੇ ਇਨਫ਼ਲਾਮੇਸ਼ਨ ਪੈਦਾ ਕਰਦੇ ਹਨ ਉਨ੍ਹਾਂ ਵਿੱਚ ਤਲੇ ਹੋਏ ਭੋਜਨ, ਮਿੱਠੇ ਸ਼ਰਬਤ, ਰਿਫਾਇੰਡ ਕਾਰਬੋਹਾਈਡਰੇਟ, ਜਾਨਵਰਾਂ ਦੀ ਚਰਬੀ ਅਤੇ ਪ੍ਰੋਸੈਸਡ ਮੀਟ ਸ਼ਾਮਲ ਹਨ।"
ਡਾਕਟਰ ਨੈਂਨਸੀ ਕਹਿੰਦੇ ਹਨ ਕਿ ਸਾਨੂੰ ਮੋਟਾਪੇ ਅਤੇ ਇਨਫ਼ਲਾਮੇਸ਼ਨ ਨੂੰ ਵੀ ਰਲਾਉਣਾ ਨਹੀਂ ਚਾਹੀਦਾ। ਕਿਉਂਕਿ ਮੋਟਾਪੇ ਦਾ ਕਾਰਨ ਇਨਫ਼ਲਾਮੇਸ਼ਨ ਨਹੀਂ ਬਲਕਿ ਸੁਸਤ ਜੀਵਨ ਸ਼ੈਲੀ ਅਤੇ ਗ਼ਲਤ ਖ਼ੁਰਾਕ ਹੈ।
ਹਾਲਾਂਕਿ ਹਾਰਵਰਡ ਯੂਨੀਵਰਸਿਟੀ ਨੇ ਐਂਟੀ-ਇਨਫ਼ਲਾਮੇਸ਼ਨ ਭੋਜਨਾਂ ਦੀ ਸੂਚੀ ਤਿਆਰ ਕੀਤੀ ਹੈ, ਜਿਸ ਵਿੱਚ ਟਮਾਟਰ, ਜੈਤੂਨ ਦਾ ਤੇਲ, ਹਰੀਆਂ ਪੱਤੇਦਾਰ ਸਬਜ਼ੀਆਂ, ਮੇਵੇ, ਵੱਧ ਤੇਲ ਵਾਲੀ ਮੱਛੀ ਅਤੇ ਕੁਝ ਫ਼ਲ ਵੀ ਸ਼ਾਮਲ ਹਨ।
ਸ਼ਾਲੂ ਸਿੰਘ ਕਹਿੰਦੇ ਹਨ ਕਿ ਪੌਸ਼ਟਿਕ ਭੋਜਨ ਨੂੰ ਸਰੀਰ ਦੀ ਲੋੜ ਅਨੁਸਾਰ ਸੀਮਤ ਮਾਤਰਾ ਵਿੱਚ ਖਾਣਾ ਤੁਹਾਡੇ ਭਾਰ ਨੂੰ ਕਾਬੂ ਵਿੱਚ ਰੱਖਣ ਦੇ ਨਾਲ-ਨਾਲ ਤੁਹਾਨੂੰ ਕਈ ਬਿਮਾਰੀਆਂ ਤੋਂ ਵੀ ਬਚਾ ਸਕਦਾ ਹੈ।

ਤਸਵੀਰ ਸਰੋਤ, Getty Images
ਡਾਕਟਰ ਨੈਂਨਸੀ ਵੀ ਭਾਰ ਘਟਾਉਣ ਲਈ ਰਿਫਾਇੰਡ ਕਾਰਬੋਹਾਈਡਰੇਟਸ, ਖੰਡ, ਚਰਬੀ ਅਤੇ ਟ੍ਰਾਂਸ ਫ਼ੈਟੀ ਐਸਿਡ,ਅਲਟਰਾ-ਪ੍ਰੋਸੈਸਡ ਭੋਜਨਾਂ ਦੀ ਵਰਤੋਂ ਘਟਾਉਣ ਦੀ ਸਿਫ਼ਾਰਿਸ਼ ਕਰਦੇ ਹਨ।
ਉਹ ਉਦਾਹਰਣ ਦਿੰਦੇ ਹਨ ਕਿ ਹੋ ਸਕਦਾ ਕਿ ਇੱਕ ਪੈਕੇਟ ਚਿਪਸ ਅਤੇ ਇੱਕ ਫ਼ਲਾਂ ਦੀ ਪਲੇਟ ਵਿੱਚ ਬਰਾਬਰ ਮਾਤਰਾ ਵਿੱਚ ਕੈਲੋਰੀਜ਼ ਹੋਣ ਪਰ ਦੋਵਾਂ ਦੇ ਸਰੀਰ ਉੱਤੇ ਪੈਣ ਵਾਲੇ ਅਸਰ ਵਿੱਚ ਬਹੁਤ ਫ਼ਰਕ ਹੈ।
ਡਾਕਟਰ ਨੈਂਨਸੀ ਕਹਿੰਦੇ ਹਨ, "ਚਿਪਸ ਤੁਹਾਨੂੰ ਮੋਟਾਪੇ ਵੱਲ ਲੈ ਜਾਣਗੇ ਅਤੇ ਫ਼ਲਾਂ ਦਾ ਸੇਵਨ ਤੰਦਰੁਸਤੀ ਵੱਲ ਜਾਂਦੇ ਕਦਮ ਹੋਣਗੇ।"
"ਇਹ ਹੀ ਮੋਟਾਪੇ ਨਾਲ ਨਜਿੱਠਣ ਦਾ ਤਰੀਕਾ ਹੈ ਕੈਲੋਰੀਜ਼ ਗਿਣਨ ਦੀ ਬਜਾਇ ਭੋਜਨ ਦੀ ਗੁਣਵੱਤਾ ਵੱਲ ਧਿਆਨ ਦੇਣਾ ਚਾਹੀਦਾ ਹੈ।"
ਉਹ ਕੁਝ ਭੋਜਨਾਂ ਦਾ ਹਵਾਲਾ ਦਿੰਦੇ ਹਨ ਜਿਨ੍ਹਾਂ ਵਿੱਚ ਫ਼ਾਈਬਰ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਅਤੇ ਉਹ ਮੋਟਾਪੇ ਨਾਲ ਨਜਿੱਠਣ ਵਿੱਚ ਵੀ ਲਾਹੇਵੰਦ ਸਾਬਤ ਹੁੰਦੇ ਹਨ।
ਡਾਕਟਰ ਨੈਂਨਸੀ ਮੁਤਾਬਕ ਬੀਨਜ਼, ਦਾਲਾਂ, ਫਲ਼ਦਾਰ ਅਤੇ ਹੋਰ ਬਹੁਤ ਸਾਰੀਆਂ ਸਬਜ਼ੀਆਂ ਵਿੱਚ ਵੀ ਫਾਈਬਰ ਦੀ ਮਾਤਰਾ ਵਧੇਰੇ ਹੁੰਦੀ ਹੈ।
ਇਸੇ ਤਰ੍ਹਾਂ ਕਾਲੀ ਮਿਰਚ, ਅਦਰਕ ਅਤੇ ਹਲਦੀ ਦੇ ਨਾਲ-ਨਾਲ ਲਸਣ ਸਣੇ ਬਹੁਤ ਸਾਰੇ ਮਸਾਲੇ ਹਨ ਜਿਨ੍ਹਾਂ ਬਾਰੇ ਮੰਨਿਆ ਜਾਂਦਾ ਹੈ ਕਿ ਇਹ ਐਂਟੀ-ਇਨਫ਼ਲਾਮੇਟਰੀ ਹਨ।
ਭਾਰ ਘਟਾਉਣ ਲਈ ਡਾਈਟਸ ਜਾਂ ਚਲਣ

ਤਸਵੀਰ ਸਰੋਤ, Rujuta Diwekar/FB
ਸੈਲੀਬਰਿਟੀ ਰੁਜੁਤਾ ਦੀਵੇਕਰ ਨੇ ਵੀ ਐਂਟੀ-ਇਨਫ਼ਲਾਮੇਟਰੀ ਡਾਈਟ ਬਾਰੇ ਆਪਣੇ ਸੋਸ਼ਲ ਮੀਡੀਆ ਅਕਾਉਂਟ ਉੱਤੇ ਇੱਕ ਵੀਡੀਓ ਜ਼ਰੀਏ ਜਾਣਕਾਰੀ ਸਾਂਝੀ ਕੀਤੀ ਹੈ।
ਉਨ੍ਹਾਂ ਕਿਹਾ,"ਕੁਝ ਸਾਲਾਂ ਬਾਅਦ ਸੋਸ਼ਲ ਮੀਡੀਆ ਉੱਤੇ ਸਿਹਤ ਸਬੰਧੀ ਇੱਕ ਅਜਿਹੀ ਡਾਈਟ ਦਾ ਪ੍ਰਚਾਰ ਵੱਧ ਜਾਂਦਾ ਹੈ ਜਿਸ ਬਾਰੇ ਦਾਅਵਾ ਹੋਵੇ ਕਿ ਇਹ ਸਭ ਠੀਕ ਕਰ ਦੇਵੇਗੀ, ਭਾਰ ਘਟਾ ਦੇਵੇਗੀ, ਇਸ ਵਾਰ ਉਹ ਡਾਈਟ ਐਂਟੀ-ਇਨਫ਼ਲਾਮੇਟਰੀ ਡਾਈਟ ਹੈ।"
"ਪਰ ਬਜਾਇ ਇਸ ਦੇ ਕੇ ਸੁਣੇ-ਸੁਣਾਏ ਉੱਤੇ ਭਰੋਸਾ ਕੀਤਾ ਜਾਵੇ, ਸਾਨੂੰ ਘਰ ਦਾ ਸਾਦਾ ਖਾਣਾ ਖਾਣ ਵਿੱਚ ਵਿਸ਼ਵਾਸ ਰੱਖਣਾ ਚਾਹੀਦਾ ਹੈ। ਸਿਰਫ਼ ਕਸਰਤ ਅਤੇ ਘਰ ਦਾ ਸੰਤੁਲਿਤ ਖਾਣਾ ਹੀ ਤੁਹਾਨੂੰ ਭਾਰ ਕਾਬੂ ਵਿੱਚ ਰੱਖਣ ਵਿੱਚ ਮਦਦਗਾਰ ਹੋ ਸਕਦਾ ਹੈ।"
ਡਾਕਟਰ ਨੈਂਨਸੀ ਦਾ ਮੰਨਣਾ ਹੈ ਕਿ ਮਹਿਜ਼ ਇਸ ਲਈ ਕਿ ਕਿਸੇ ਬਾਲੀਵੁੱਡ ਦੀ ਹਸਤੀ ਨੇ ਕਿਸੇ ਖ਼ਾਸ ਖ਼ੁਰਾਕ ਦਾ ਜ਼ਿਕਰ ਕੀਤਾ ਸਾਨੂੰ ਉਹ ਨਹੀਂ ਅਪਣਾ ਲੈਣੀ ਚਾਹੀਦੀ।
ਹਰ ਇੱਕ ਖ਼ੁਰਾਕ ਦਾ ਅਲੱਗ-ਅਲੱਗ ਸਰੀਰ ਉੱਤੇ ਅਸਰ ਵੀ ਵੱਖੋ-ਵੱਖਰਾ ਹੁੰਦਾ ਹੈ।
ਇਸ ਦਾ ਸਬੰਧ ਮਨੁੱਖ ਦੇ ਜੀਨਜ਼ ਨੇ ਨਾਲ-ਨਾਲ ਉਸ ਦੀ ਜੀਵਨ ਸ਼ੈਲੀ ਨਾਲ ਵੀ ਹੈ। ਜਿਹੜੇ ਲੋਕ ਵਧੇਰੇ ਐਕਟਿਵ ਜ਼ਿੰਦਗੀ ਜਿਉਂਦੇ ਹਨ ਅਤੇ ਭੋਜਨ ਵੀ ਸੰਤੁਲਿਤ ਖਾਂਦੇ ਹਨ ਉਨ੍ਹਾਂ ਵਿੱਚ ਮੋਟਾਪੇ ਵਰਗੇ ਲੱਛਣ ਨਹੀਂ ਆਉਂਦੇ।
ਦੂਜੇ ਪਾਸੇ ਤਲੇ ਜਾਂ ਰਿਫ਼ਾਇੰਡ ਭੋਜਨਾਂ ਦਾ ਵੱਧ ਸੇਵਨ ਕਰਨ ਵਾਲੇ ਅਤੇ ਘੱਟ ਸਰੀਰਕ ਗਤੀਵਿਧੀ ਕਰਨ ਵਾਲੇ ਲੋਕ ਛੇਤੀ ਮੋਟਾਪੇ ਦੀ ਮਾਰ ਹੇਠ ਆ ਜਾਂਦੇ ਹਨ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












