ਕੈਨੇਡਾ 'ਚ ਸ਼ਰਾਬ ਚੋਰੀ ਦੇ ਇਲਜ਼ਾਮਾਂ ਤਹਿਤ ਗ੍ਰਿਫ਼ਤਾਰ ਹੋਏ ਪੰਜਾਬੀ ਕੌਣ, ਕੀ ਹੈ ਪੂਰਾ ਮਾਮਲਾ

ਗ੍ਰਿਫ਼ਤਾਰ ਹੋਏ ਭਾਰਤੀ ਮੂਲ ਦੇ 5 ਵਿਅਕਤੀ

ਤਸਵੀਰ ਸਰੋਤ, Peel Regional Police

ਤਸਵੀਰ ਕੈਪਸ਼ਨ, ਪੀਲ ਰੀਜ਼ਨਲ ਪੁਲਿਸ ਦੁਆਰਾ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀਆਂ ਤਸਵੀਰਾਂ ਜਾਰੀ ਕੀਤੀਆਂ ਗਈਆਂ ਹਨ

ਕੈਨੇਡਾ ਦੇ ਪੀਲ ਖੇਤਰ ਵਿੱਚ ਭਾਰਤੀ ਮੂਲ ਦੇ ਵਿਅਕਤੀਆਂ 'ਤੇ ਚੋਰੀ ਦੇ ਇਲਜ਼ਾਮ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਪੀਲ ਰੀਜ਼ਨਲ ਪੁਲਿਸ ਦਾ ਕਹਿਣਾ ਹੈ ਕਿ ਇਸ ਮੁਲਜ਼ਮਾਂ ਦਾ ਇੱਕ ਗਿਰੋਹ ਹੈ ਜਿਸਨੇ ਓਨਟਾਰੀਓ ਦੇ ਸ਼ਰਾਬ ਕੰਟਰੋਲ ਬੋਰਡ ਨੂੰ ਆਪਣਾ ਨਿਸ਼ਾਨਾ ਬਣਾਇਆ ਹੈ।

ਪੀਲ ਖੇਤਰੀ ਪੁਲਿਸ ਦੀ ਅਧਿਕਾਰਿਤ ਵੈੱਬਸਾਈਟ 'ਤੇ ਦਿੱਤੀ ਜਾਣਕਾਰੀ ਮੁਤਾਬਕ, ਇਸ ਮਾਮਲੇ ਵਿੱਚ ਹੁਣ ਤੱਕ ਕੁੱਲ 7 ਵਿਅਕਤੀਆਂ ਦੇ ਨਾਮ ਸਾਹਮਣੇ ਆਏ ਹਨ। ਜਿਨ੍ਹਾਂ ਵਿੱਚੋਂ 5 ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ ਜਦਕਿ 2 ਦੀ ਭਾਲ਼ ਅਜੇ ਵੀ ਜਾਰੀ ਹੈ।

ਇਹ ਸਾਰੇ ਮੁਲਜ਼ਮ, ਭਾਰਤੀ ਮੂਲ ਦੇ ਹਨ।

ਬੀਬੀਸੀ ਪੰਜਾਬੀ ਵੱਟਸਐਪ ਚੈਨਲ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

ਪੀਲ ਪੁਲਿਸ ਦੀ ਵੈੱਬਸਾਈਟ 'ਤੇ ਹੋਰ ਕੀ ਜਾਣਕਾਰੀ

ਪੀਲ ਪੁਲਿਸ ਨੇ ਆਪਣੀ ਵੈੱਬਸਾਈਟ 'ਤੇ ਜਾਣਕਾਰੀ ਵਿੱਚ ਦੱਸਿਆ ਹੈ ਕਿ ਉਨ੍ਹਾਂ ਦੇ ਅਪਰਾਧਿਕ ਜਾਂਚ ਬਿਊਰੋ ਦੇ ਜਾਂਚਕਰਤਾਵਾਂ ਨੇ ਇੱਕ ਸੰਗਠਿਤ ਚੋਰ ਗਿਰੋਹ ਦੇ ਪੰਜ ਵਿਅਕਤੀਆਂ 'ਤੇ ਓਨਟਾਰੀਓ ਦੇ ਸ਼ਰਾਬ ਕੰਟਰੋਲ ਬੋਰਡ (ਐਲਸੀਬੀਓ) ਨੂੰ ਨਿਸ਼ਾਨਾ ਬਣਾਉਂਦੇ ਦੇ ਇਲਜ਼ਾਮ ਲਾਏ ਹਨ।

ਜਾਂਚ ਦੇ ਨਤੀਜੇ ਵਜੋਂ, ਪੀਲ ਪੁਲਿਸ ਨੇ ਪੰਜ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ 5000 ਡਾਲਰ ਤੋਂ ਵੱਧ ਦੀ ਚੋਰੀ ਦੇ ਇਲਜ਼ਾਮ ਲਗਾਏ ਗਏ ਹਨ, ਜਦੋਂ ਕਿ ਉਨ੍ਹਾਂ ਵਿੱਚੋਂ ਤਿੰਨ 'ਤੇ ਹੋਰ ਇਲਜ਼ਾਮ ਵੀ ਲਗਾਏ ਗਏ ਹਨ।

ਕੈਨੇਡਾ

ਤਸਵੀਰ ਸਰੋਤ, Peel Regional Police

ਤਸਵੀਰ ਕੈਪਸ਼ਨ, ਪੁਲਿਸ ਨੂੰ ਅਜੇ ਇਨ੍ਹਾਂ ਦੋ ਵਿਅਕਤੀਆਂ ਦੀ ਭਾਲ਼ ਹੈ

ਕਿਵੇਂ ਅਤੇ ਕਿੰਨੇ ਦੀ ਚੋਰੀ ਕਰਨ ਦੇ ਇਲਜ਼ਾਮ ਹਨ

ਜਾਣਕਾਰੀ ਮੁਤਾਬਕ, ਅਗਸਤ 2024 ਅਤੇ ਫਰਵਰੀ 2025 ਦੇ ਵਿਚਕਾਰ ਇਸ ਸਮੂਹ ਨੇ ਸਮੂਹਿਕ ਤੌਰ 'ਤੇ ਵੱਖ-ਵੱਖ ਅਧਿਕਾਰ ਖੇਤਰਾਂ ਵਿੱਚ 50 ਐਲਸੀਬੀਓ ਸਥਾਨਾਂ ਤੋਂ ਚੋਰੀ ਕੀਤੀ ਹੈ।

ਕਈ ਮੌਕਿਆਂ 'ਤੇ, ਇਨ੍ਹਾਂ ਸ਼ੱਕੀਆਂ ਵਿੱਚੋਂ ਕੁਝ ਵਿਅਕਤੀ ਇਕੱਠੇ ਹੀ ਕਿਸੇ ਸਟੋਰ ਵਿੱਚ ਦਾਖ਼ਲ ਹੁੰਦੇ ਸਨ ਅਤੇ ਕਰਮਚਾਰੀਆਂ ਦਾ ਧਿਆਨ ਭਟਕਾਉਣ ਅਤੇ ਉਨ੍ਹਾਂ 'ਤੇ ਨਜ਼ਰ ਰੱਖਣ ਲਈ ਪੂਰੇ ਤਾਲਮੇਲ ਨਾਲ ਕੰਮ ਕਰਦੇ ਸਨ।

ਜਦਕਿ ਬਾਕੀ ਦੇ ਸ਼ੱਕੀ ਵਿਅਕਤੀ, ਸ਼ਰਾਬ ਚੋਰੀ ਕਰਨ ਲਈ ਇੱਕ ਪ੍ਰਤੀਬੰਧਿਤ ਤਰੀਕੇ ਰਾਹੀਂ ਸਟੋਰ ਆਦਿ ਵਿੱਚ ਦਾਖਲ ਹੁੰਦੇ ਸਨ।

ਜਾਣਕਾਰੀ ਮੁਤਾਬਕ, ਲੰਘੀ 5 ਮਾਰਚ ਤੱਕ ਲਗਭਗ 237,738.95 ਡਾਲਰ ਦੀ ਚੋਰੀ ਹੋ ਚੁੱਕੀ ਹੈ।

ਮੁਲਜ਼ਮਾਂ ਬਾਰੇ ਕੀ ਪਤਾ

ਪੀਲ ਪੁਲਿਸ ਵੱਲੋਂ ਜਾਰੀ ਕੀਤੀਆਂ ਗਈਆਂ

ਤਸਵੀਰ ਸਰੋਤ, Peel Regional Police

ਤਸਵੀਰ ਕੈਪਸ਼ਨ, ਅਗਸਤ 2024 ਅਤੇ ਫਰਵਰੀ 2025 ਦੇ ਵਿਚਕਾਰ ਸਮੂਹ 'ਤੇ 50 ਐਲਸੀਬੀਓ ਸਥਾਨਾਂ ਤੋਂ ਚੋਰੀ ਕਰਨ ਦਾ ਇਲਜ਼ਾਮ ਹੈ

ਅਧਿਕਾਰਿਤ ਜਾਣਕਾਰੀ ਮੁਤਾਬਕ, ਚਾਰ ਮੁਲਜ਼ਮਾਂ ਦੇ ਪੱਕੇ ਪਤੇ ਬਾਰੇ ਕੋਈ ਜਾਣਕਾਰੀ ਨਹੀਂ ਹੈ, ਜਦੋਂ ਕਿ ਇੱਕ ਕੈਲੇਡਨ ਦਾ ਰਹਿਣ ਵਾਲਾ ਹੈ। ਮੁਲਜ਼ਮਾਂ ਦੇ ਨਾਮ ਇਸ ਪ੍ਰਕਾਰ ਹਨ...

  • ਅਨੁਜ ਕੁਮਾਰ (ਉਮਰ- 25 ਸਾਲ)
  • ਸਿਮਰਪੀਤ ਸਿੰਘ (ਉਮਰ- 29 ਸਾਲ)
  • ਸ਼ਰਨਦੀਪ ਸਿੰਘ (ਉਮਰ- 25 ਸਾਲਾ) ਰਿਲੀਜ਼ ਆਰਡਰ ਦੀ ਉਲੰਘਣਾ ਕਰਨ ਵਾਲਾ ਮੁਲਜ਼ਮ
  • ਸਿਮਰਨਜੀਤ ਸਿੰਘ (ਉਮਰ- 24 ਸਾਲ),ਦੋਸ਼ਯੋਗ ਅਪਰਾਧ ਕਰਨ ਦੇ ਇਰਾਦੇ ਨਾਲ ਭੰਨ-ਤੋਫ ਕਰਕੇ ਦਾਖ਼ਲ ਹੋਣ ਵਾਲਾ ਮੁਲਜ਼ਮ
  • ਪ੍ਰਭਪ੍ਰੀਤ ਸਿੰਘ (ਉਮਰ 29 ਸਾਲ, ਕੈਲੇਡਨ ਦਾ ਰਹਿਣ ਵਾਲਾ)

ਗ੍ਰਿਫ਼ਤਾਰ ਕੀਤੇ ਗਏ ਸਾਰੇ ਪੰਜ ਵਿਅਕਤੀਆਂ ਦੀ ਜ਼ਮਾਨਤ ਲਈ ਸੁਣਵਾਈ ਬਰੈਂਪਟਨ ਦੇ ਓਨਟਾਰੀਓ ਕੋਰਟ ਆਫ਼ ਜਸਟਿਸ ਵਿੱਚ ਕੀਤੀ ਜਾਵੇਗੀ।

ਕੋਰਟ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਦੋ ਵਿਅਕਤੀ ਅਜਿਹੇ ਵੀ ਹਨ ਜਿਨ੍ਹਾਂ ਉੱਤੇ 5000 ਡਾਲਰ ਤੋਂ ਵਧ ਦੀ ਚੋਰੀ ਦੇ ਇਲਜ਼ਾਮ ਹਨ

ਇਸ ਤੋਂ ਇਲਾਵਾ, ਦੋ ਵਿਅਕਤੀ ਅਜਿਹੇ ਵੀ ਹਨ ਜਿਨ੍ਹਾਂ ਉੱਤੇ 5000 ਡਾਲਰ ਤੋਂ ਵੱਧ ਦੀ ਚੋਰੀ ਅਤੇ ਅਪਰਾਧ ਕਰਨ ਦੇ ਇਰਾਦੇ ਨਾਲ ਤੋੜ-ਭੰਨ ਕੇ ਦਾਖਲ ਹੋਣ ਦੀ ਕੋਸ਼ਿਸ਼ ਦੇ ਇਲਜ਼ਾਮ ਹਨ।

ਉਨ੍ਹਾਂ ਦਾ ਕੋਈ ਪੱਕਾ ਪਤਾ ਨਹੀਂ ਹੈ ਅਤੇ ਪੁਲਿਸ ਅਜੇ ਵੀ ਉਨ੍ਹਾਂ ਦੀ ਭਾਲ਼ ਕਰ ਰਹੀ ਹੈ। ਉਨ੍ਹਾਂ ਦੋ ਵਿਅਕਤੀਆਂ ਦੇ ਨਾਮ - ਜਗਸ਼ੀਰ ਸਿੰਘ (28 ਸਾਲ) ਅਤੇ ਪੁਨੀਤ ਸਹਿਜਰਾ (25 ਸਾਲ) ਦੱਸੇ ਗਏ ਹਨ।

ਪੀਲ ਪੁਲਿਸ ਅਧਿਕਾਰੀ ਨੇ ਕੀ ਦੱਸਿਆ

ਪੀਲ ਰੀਜਨਲ ਪੁਲਿਸ ਦੇ ਡਿਪਟੀ ਚੀਫ਼ ਮਾਰਕ ਐਂਡਰਿਊਜ਼ ਨੇ ਮਾਰੇ ਮਾਮਲੇ ਬਾਰੇ ਦੱਸਦਿਆਂ ਕਿਹਾ, "ਸਾਡੇ ਅਪਰਾਧਿਕ ਜਾਂਚ ਬਿਊਰੋ ਦਾ ਕੰਮ ਇਸ ਵਿਸ਼ਾਲ ਸੰਗਠਿਤ ਅਪਰਾਧ ਸਮੂਹ ਨੂੰ ਖ਼ਤਮ ਕਰਨ ਵਿੱਚ ਕਿਸੇ ਵੀ ਤਰ੍ਹਾਂ ਦੀ ਘੱਟ ਨਹੀਂ ਰਿਹਾ ਹੈ।''

ਉਨ੍ਹਾਂ ਕਿਹਾ, ''ਕਈ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਅਤੇ ਉਨ੍ਹਾਂ 'ਤੇ ਇਲਜ਼ਾਮ ਲਗਾ ਕੇ, ਅਸੀਂ ਇੱਕ ਸਖ਼ਤ ਸੰਦੇਸ਼ ਭੇਜ ਰਹੇ ਹਾਂ ਕਿ ਸਾਡੇ ਭਾਈਚਾਰਿਆਂ ਨੂੰ ਨਿਸ਼ਾਨਾ ਬਣਾਉਣ ਵਾਲਿਆਂ ਨੂੰ ਲੱਭਿਆ ਜਾਵੇਗਾ ਅਤੇ ਉਨ੍ਹਾਂ ਨੂੰ ਜਵਾਬਦੇਹ ਠਹਿਰਾਇਆ ਜਾਵੇਗਾ।''

''ਅਸੀਂ ਉਨ੍ਹਾਂ ਅਪਰਾਧੀਆਂ ਦਾ ਪਿੱਛਾ ਕਰਨ ਲਈ ਵਚਨਬੱਧ ਹਾਂ ਜੋ ਸਾਡੇ ਆਂਢ-ਗੁਆਂਢ ਦੀ ਸੁਰੱਖਿਆ ਨੂੰ ਖ਼ਤਰੇ ਵਿੱਚ ਪਾਉਂਦੇ ਹਨ, ਅਤੇ ਅਸੀਂ ਇਹ ਯਕੀਨੀ ਬਣਾਉਂਦੇ ਹਾਂ ਕਿ ਉਨ੍ਹਾਂ ਨੂੰ ਉਨ੍ਹਾਂ ਦੇ ਕੰਮਾਂ ਲਈ ਨਿਆਂ ਦਾ ਸਾਹਮਣਾ ਕਰਨਾ ਪਵੇ।''

ਮਾਮਲੇ ਵਿੱਚ ਜਾਂਚ ਅਜੇ ਜਾਰੀ ਹੈ ਅਤੇ ਪੁਲਿਸ ਨੂੰ ਉਮੀਦ ਹੈ ਸੁਣਵਾਈ ਦੌਰਾਨ ਉਨ੍ਹਾਂ ਮੁਲਜ਼ਮਾਂ 'ਤੇ ਹੋਰ ਇਲਜ਼ਾਮ ਲਗਾਏ ਜਾਣਗੇ।

ਇਸ ਦੇ ਨਾਲ ਹੀ ਪੁਲਿਸ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਨੂੰ ਇਸ ਘਟਨਾ ਸੰਬੰਧੀ ਕੋਈ ਵੀ ਜਾਣਕਾਰੀ ਹੈ ਤਾਂ ਉਹ ਉਨ੍ਹਾਂ ਨੂੰ ਜਾਣਕਾਰੀ ਦਿੱਤੀ ਜਾਵੇ।

ਪੀਲ ਰੀਜਨਲ ਪੁਲਿਸ ਦੇ ਡਿਪਟੀ ਚੀਫ਼ ਮਾਰਕ ਐਂਡਰਿਊਜ਼

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਪੀਲ ਰੀਜਨਲ ਪੁਲਿਸ ਦੇ ਡਿਪਟੀ ਚੀਫ਼ ਮਾਰਕ ਐਂਡਰਿਊਜ਼

ਪਹਿਲਾਂ ਵੀ ਸਾਹਮਣੇ ਆ ਚੁੱਕੇ ਚੋਰੀ ਦੇ ਮਾਮਲੇ ਹਨ

ਇਸ ਤੋਂ ਪਹਿਲਾਂ, ਜਨਵਰੀ 2025 ਵਿੱਚ ਕੈਨੇਡਾ ਦੀ ਪੀਲ ਪੁਲਿਸ ਵੱਲੋਂ 60 ਹਜ਼ਾਰ ਡਾਲਰਾਂ (36,03,453 ਭਾਰਤੀ ਰੁਪਏ) ਦੇ ਦੇਸੀ ਘਿਓ ਦੀ ਚੋਰੀ ਦੇ ਇਲਜ਼ਾਮ ਤਹਿਤ 6 ਪੰਜਾਬੀ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।

ਪੁਲਿਸ ਨੇ ਉਨ੍ਹਾਂ ਦੇ ਨਾਮ 22 ਸਾਲਾ ਵਿਸ਼ਵਜੀਤ ਸਿੰਘ, 23 ਸਾਲਾ ਸੁਖਮੰਦਰ ਸਿੰਘ, 28 ਸਾਲਾ ਦਲਵਾਲ ਸਿੱਧੂ, 22 ਸਾਲਾ ਨਵਦੀਪ ਚੌਧਰੀ, 38 ਸਾਲਾ ਕਮਲਦੀਪ ਸਿੰਘ, ਅਤੇ 25 ਸਾਲਾ ਹਰਕੀਰਤ ਸਿੰਘ ਦੱਸੇ ਸਨ।

ਇਸੇ ਤਰ੍ਹਾਂ, ਦਸੰਬਰ 2024 ਵਿੱਚ ਕੈਨੇਡਾ ਦੇ ਬਰੈਂਪਟਨ ਅਤੇ ਮਿਸੀਸਾਗਾ ਖੇਤਰ ਵਿੱਚ ਰਹਿੰਦੇ ਦੱਖਣੀ ਏਸ਼ੀਆਈ ਭਾਈਚਾਰੇ ਤੋਂ ਜਬਰਨ ਵਸੂਲੀ ਅਤੇ ਤੰਗ-ਪ੍ਰੇਸ਼ਾਨ ਕਰਨ ਦੇ ਮਾਮਲੇ ਵਿੱਚ ਪੰਜਾਬੀ ਮੂਲ ਦੇ ਇੱਕ ਗੈਂਗ ਦਾ ਕਥਿਤ ਤੌਰ ਉੱਤੇ ਪਰਦਾਫਾਸ਼ ਕੀਤਾ ਗਿਆ ਸੀ।

ਜਾਣਕਾਰੀ ਮੁਤਾਬਕ ਗ੍ਰਿਫਤਾਰ ਕੀਤੇ ਗਏ ਨੌਜਵਾਨਾਂ ਤੋਂ ਪੁਲਿਸ ਨੇ ਹਥਿਆਰ ਵੀ ਬਰਾਮਦ ਕੀਤੇ ਸਨ।

ਇਨ੍ਹਾਂ ਸਾਰਿਆਂ ਉੱਤੇ ਪੁਲਿਸ ਨੇ ਫਿਰੌਤੀਆਂ ਲਈ ਧਮਕੀਆਂ ਦੇਣ ਅਤੇ ਹੋਰ ਗੰਭੀਰ ਇਲਜ਼ਾਮ ਲਗਾਏ ਹਨ। ਗ੍ਰਿਫਤਾਰ ਕੀਤੇ ਗਏ ਜ਼ਿਆਦਾਤਰ ਨੌਜਵਾਨ ਪੰਜਾਬੀ ਮੂਲ ਦੇ ਹਨ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)