ਰਾਜਸਥਾਨ 'ਚ ਹਿਰਨ ਦਾ ਸ਼ਿਕਾਰ ਕਰਨ ਵਾਲੇ ਪੰਜਾਬੀ ਕਿਵੇਂ ਆਏ ਅੜਿੱਕੇ, ਕਿਹੜੇ-ਕਿਹੜੇ ਪਰਚੇ ਹੋਏ ਦਰਜ

ਸਾਹਿਲ ਬਿਸ਼ਨੋਈ

ਤਸਵੀਰ ਸਰੋਤ, UGC/Sahil Bishnoi

ਤਸਵੀਰ ਕੈਪਸ਼ਨ, ਫ਼ਰਾਰ ਹੋਏ ਇਹ ਲੋਕ ਦੋ ਗੱਡੀਆਂ ਵਿੱਚ ਸਵਾਰ ਸਨ ਉਨ੍ਹਾਂ ਨੂੰ ਪੁਲਿਸ ਵੱਲੋਂ ਵੱਖ-ਵੱਖ ਥਾਵਾਂ ਤੋਂ ਗ੍ਰਿਫ਼ਤਾਰ ਕੀਤਾ ਗਿਆ
    • ਲੇਖਕ, ਗੁਰਜੋਤ ਸਿੰਘ
    • ਰੋਲ, ਬੀਬੀਸੀ ਪੱਤਰਕਾਰ

ਬੀਕਾਨੇਰ 'ਚ ਕਥਿਤ ਤੌਰ 'ਤੇ ਇੱਕ ਚਿੰਕਾਰਾ ਹਿਰਨ ਦਾ ਸ਼ਿਕਾਰ ਕਰਨ ਮਗਰੋਂ ਪੁਲਿਸ ਤੇ ਲੋਕਾਂ ਤੋਂ ਬੱਚ ਕੇ ਭੱਜਦੇ ਲੋਕਾਂ ਦੀਆਂ ਵੀਡੀਓਜ਼ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।

ਜਾਣਕਾਰੀ ਮੁਤਾਬਕ ਲੋਕਾਂ ਅਤੇ ਪੁਲਿਸ ਦੀਆਂ ਟੀਮਾਂ ਵੱਲੋਂ ਕਈ ਕਿਲੋਮੀਟਰ ਤੱਕ ਪਿੱਛਾ ਕਰਕੇ ਇਨ੍ਹਾਂ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ।

ਇੱਕ ਵੀਡੀਓ ਵਿੱਚ ਇਨ੍ਹਾਂ ਲੋਕਾਂ ਨੂੰ ਪੁਲਿਸ ਵੱਲੋਂ ਰਾਹ ਰੋਕਣ ਲਈ ਲਗਾਈ ਗਈ ਕਰੇਨ ਥੱਲ੍ਹਿਓਂ ਗੱਡੀ ਲੰਘਾਉਂਦੇ ਦੇਖਿਆ ਜਾ ਸਕਦਾ ਹੈ।

ਇਸ ਐਕਸ਼ਨ ਵਿੱਚ ਉਨ੍ਹਾਂ ਦੀ ਗੱਡੀ ਦੀ ਛੱਤ ਵੀ ਉੱਡ ਗਈ ਸੀ।

ਫ਼ਰਾਰ ਹੋਏ ਇਹ ਲੋਕ ਦੋ ਗੱਡੀਆਂ ਵਿੱਚ ਸਵਾਰ ਸਨ ਉਨ੍ਹਾਂ ਨੂੰ ਪੁਲਿਸ ਵੱਲੋਂ ਵੱਖ-ਵੱਖ ਥਾਵਾਂ ਤੋਂ ਗ੍ਰਿਫ਼ਤਾਰ ਕੀਤਾ ਗਿਆ।

ਫੜੇ ਜਾਣ ਸਮੇਂ ਇਨ੍ਹਾਂ ਵਿੱਚੋਂ ਇੱਕ ਵੱਲੋਂ ਪੁਲਿਸ ਉੱਤੇ ਫਾਇਰਿੰਗ ਵੀ ਕੀਤੀ ਗਈ।

ਵਾਇਰਲ ਵੀਡੀਓਜ਼ 'ਚ ਫੜੇ ਗਏ ਲੋਕਾਂ ਦੀ ਕੁੱਟਮਾਰ ਕਰਦੇ ਵੀ ਦੇਖਿਆ ਜਾ ਸਕਦਾ ਹੈ।

ਬੀਬੀਸੀ ਇਨ੍ਹਾਂ ਵਾਇਰਲ ਵੀਡੀਓਜ਼ ਦੀ ਸੁਤੰਤਰ ਤੌਰ ਉੱਤੇ ਪੁਸ਼ਟੀ ਨਹੀਂ ਕਰ ਸਕਿਆ।

ਬੀਕਾਨੇਰ ਦੇ ਰਣਜੀਤਪੁਰਾ ਪੁਲਿਸ ਥਾਣੇ ਦੇ ਸਟੇਸ਼ਨ ਹਾਊਸ ਅਫ਼ਸਰ ਰਾਕੇਸ਼ ਸਵਾਮੀ ਨੇ ਬੀਬੀਸੀ ਨੂੰ ਦੱਸਿਆ ਕਿ ਫੜੇ ਗਏ 7 ਜਣਿਆਂ ਵਿੱਚੋ ਇੱਕ ਨਾਬਾਲਗ਼ ਹੈ।

ਉਨ੍ਹਾਂ ਨੇ ਦੱਸਿਆ ਕਿ ਇਨ੍ਹਾਂ ਲੋਕਾਂ 'ਤੇ ਬੀਕਾਨੇਰ ਦੇ ਰਣਜੀਤਪੁਰਾ, ਹਦਾਂ ਅਤੇ ਬੱਜੂ ਥਾਣਿਆਂ ਵਿੱਚ ਕੇਸ ਦਰਜ ਹੋਏ ਹਨ।

ਉਨ੍ਹਾਂ ਅੱਗੇ ਦੱਸਿਆ ਕਿ ਫੜੇ ਗਏ ਕੁਝ ਲੋਕ ਹਾਲੇ ਵੀ ਪੁਲਿਸ ਰਿਮਾਂਡ ਉੱਤੇ ਹਨ ਅਤੇ ਕੁਝ ਨੂੰ ਜੇਲ੍ਹ ਵਿੱਚ ਭੇਜ ਦਿੱਤਾ ਗਿਆ ਹੈ।

ਘਟਨਾ ਮਗਰੋਂ ਕਿਵੇਂ ਹੋਏ ਫ਼ਰਾਰ

ਬੀਕਾਨੇਰ ਪੁਲਿਸ

ਤਸਵੀਰ ਸਰੋਤ, Bikaner Police

ਤਸਵੀਰ ਕੈਪਸ਼ਨ, ਜਾਣਕਾਰੀ ਮੁਤਾਬਕ ਲੋਕਾਂ ਅਤੇ ਪੁਲਿਸ ਦੀਆਂ ਟੀਮਾਂ ਵੱਲੋਂ ਕਈ ਕਿਲੋਮੀਟਰ ਤੱਕ ਪਿੱਛਾ ਕਰਕੇ ਇਨ੍ਹਾਂ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ

ਰਣਜੀਤਪੁਰਾ ਥਾਣੇ ਦੀ ਪੁਲਿਸ ਵੱਲੋਂ ਦਰਜ ਕੀਤੀ ਗਈ ਐੱਫ਼ਆਈਆਰ ਮਤਾਬਕ ਇਹ ਘਟਨਾ ਹਾਈਵੇਅ ਨੇੜਲੀ ਮੋਡੀਆ ਫਾਂਟਾ ਥਾਂ ਉੱਤੇ 1 ਮਾਰਚ ਨੂੰ ਦੁਪਹਿਰ 4 ਵਜੇ ਵਾਪਰੀ ਸੀ।

ਇਸ ਮੁਤਾਬਕ, ਇੱਕ ਹਿਰਨ ਨੂੰ ਮਾਰ ਦਿੱਤੇ ਜਾਣ ਤੋਂ ਬਾਅਦ ਮੁਲਜ਼ਮ ਇਸ ਨੂੰ ਘਸੀਟ ਕੇ ਗੱਡੀ ਵਿੱਚ ਲੈ ਕੇ ਜਾ ਰਹੇ ਸਨ, ਜਦੋਂ ਬਿਸ਼ਨੋਈ ਭਾਈਚਾਰੇ ਨਾਲ ਸਬੰਧਤ ਇੱਕ ਨੌਜਵਾਨ ਆਵਾਜ਼ ਸੁਣ ਕੇ ਉੱਥੇ ਪਹੁੰਚਿਆ।

ਇਸ ਨੌਜਵਾਨ ਵੱਲੋਂ ਇਨ੍ਹਾਂ ਲੋਕਾਂ ਨੂੰ ਹਿਰਨ ਲੈ ਕੇ ਜਾਣ ਤੋਂ ਰੋਕਿਆ ਗਿਆ।

ਇਸ ਮਗਰੋਂ ਮੁਲਜ਼ਮਾਂ ਅਤੇ ਰੋਕਣ ਆਏ ਨੌਜਵਾਨ ਵਿਚਾਲੇ ਹੱਥੋਪਾਈ ਹੋਈ ਅਤੇ ਬੰਦੂਕ ਨਾਲ ਨੌਜਵਾਨ ਨੂੰ ਡਰਾਇਆ ਵੀ ਗਿਆ।

ਸੂਚਨਾ ਪਹੁੰਚਣ ਉੱਤੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਲਈ ਜ਼ਿਲ੍ਹਾ ਪੱਧਰ ਉੱਤੇ ਪੁਲਿਸ ਨਾਕਾਬੰਦੀ ਕੀਤੀ ਗਈ।

ਪੁਲਿਸ ਅਤੇ ਲੋਕਾਂ ਵੱਲੋਂ ਗੱਡੀਆਂ ਦਾ ਪਿੱਛਾ ਕਰਕੇ 6 ਜਣਿਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਜਦਕਿ ਇੱਕ ਮੁਲਜ਼ਮ ਫ਼ਰਾਰ ਹੋ ਗਿਆ ਸੀ।

ਪੁਲਿਸ ਵੱਲੋਂ ਉਸ ਮੁਲਜ਼ਮ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

ਕੀ-ਕੀ ਹਥਿਆਰ ਬਰਾਮਦ ਹੋਏ

ਬੀਕਾਨੇਰ ਪੁਲਿਸ

ਤਸਵੀਰ ਸਰੋਤ, Bikaner Police

ਤਸਵੀਰ ਕੈਪਸ਼ਨ, ਇਨ੍ਹਾਂ ਮੁਲਜ਼ਮਾਂ 'ਤੇ ਬੀਕਾਨੇਰ ਦੇ ਬੱਜੂ, ਹੱਦਾਂ ਅਤੇ ਰਣਜੀਤਪੁਰਾ ਥਾਣਿਆਂ ਵਿੱਚ ਬੀਐੱਨਐੱਸ ਅਤੇ ਆਰਮਜ਼ ਐਕਟ ਦੀਆਂ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ

ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਵਿੱਚੋ 2 ਦਾ ਸਬੰਧ ਗੰਗਾਨਗਰ ਜ਼ਿਲ੍ਹੇ ਨਾਲ ਹੈ ਜਦਕਿ ਬਾਕੀਆਂ ਦਾ ਸਬੰਧ ਪੰਜਾਬ ਦੇ ਮੁਕਤਸਰ ਜ਼ਿਲ੍ਹੇ ਨਾਲ ਹੈ।

ਇਨ੍ਹਾਂ ਮੁਲਜ਼ਮਾਂ 'ਤੇ ਬੀਕਾਨੇਰ ਦੇ ਬੱਜੂ, ਹੱਦਾਂ ਅਤੇ ਰਣਜੀਤਪੁਰਾ ਥਾਣਿਆਂ ਵਿੱਚ ਬੀਐੱਨਐੱਸ ਅਤੇ ਆਰਮਜ਼ ਐਕਟ ਦੀਆਂ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।

ਹਦਾਂ ਥਾਣੇ ਵਿੱਚ ਤਿੰਨ ਮੁਲਜ਼ਮਾਂ ਉੱਤੇ ਦਰਜ ਹੋਏ ਮਾਮਲੇ ਵਿੱਚ 'ਕਤਲ ਦੀ ਕੋਸ਼ਿਸ਼' 109(1) (ਭਾਰਤੀ ਨਿਆਂਏ ਸੰਹਿਤਾ) ਦੀ ਧਾਰਾ ਵੀ ਜੋੜੀ ਗਈ ਹੈ।

ਮੁਲਜ਼ਮਾਂ ਉੱਤੇ 'ਪ੍ਰੀਵੈਂਸ਼ਨ ਆਫ ਡੈਮੇਜ ਟੂ ਪਬਲਿਕ ਪ੍ਰਾਪਰਟੀ ਐਕਟ' (1984) ਦੇ ਤਹਿਤ ਵੀ ਮਾਮਲਾ ਦਰਜ ਕੀਤਾ ਗਿਆ ਹੈ।

ਪੁਲਿਸ ਵੱਲੋਂ ਮੁਲਜ਼ਮਾਂ ਕੋਲੋਂ 1 ਡਬਲ ਬੈਰਲ 12 ਬੋਰ ਬੰਦੂਕ, ਇੱਕ .22 ਬੋਰ ਰਾਇਫਲ, 1 ਪਿਸਟਲ, 103 ਕਾਰਤੂਸ 12 ਬੋਰ, 80 ਕਾਰਤੂਸ .22 ਬੋਰ, 06 ਕਾਰਤੂਸ ਪਿਸਟਲ ਅਤੇ 01 ਖਾਲੀ ਕਾਰਤੂਸ ਜ਼ਬਤ ਕੀਤੇ ਗਏ ਹਨ।

ਰਣਜੀਤਪੁਰਾ ਥਾਣੇ ਦੇ ਐੱਸਐੱਚਓ ਰਾਕੇਸ਼ ਸਵਾਮੀ ਨੇ ਦੱਸਿਆ ਕਿ ਮੁਲਜ਼ਮਾਂ ਉੱਤੇ ਆਰਮਜ਼ ਐਕਟ ਦੀਆਂ ਧਾਰਾਵਾਂ ਦੇ ਨਾਲ-ਨਾਲ ਵਣ ਵਿਭਾਗ ਵੱਲੋਂ ਹਿਰਨ ਦੇ ਸ਼ਿਕਾਰ ਦੇ ਮਾਮਲੇ ਵਿੱਚ ਵੀ ਮੁਕੱਦਮਾ ਦਰਜ ਕੀਤਾ ਗਿਆ ਹੈ।

ਉਨ੍ਹਾਂ ਨੇ ਦੱਸਿਆ ਕਿ ਮੁਲਜ਼ਮਾਂ ਵੱਲੋਂ ਹਦਾਂ ਪੁਲਿਸ ਸਟੇਸ਼ਨ ਦੇ ਮੁਲਾਜ਼ਮ ਉੱਤੇ ਫਾਇਰਿੰਗ ਕੀਤੀ ਗਈ ਸੀ, ਇਸੇ ਦੇ ਸਬੰਧ ਵਿੱਚ ਉੱਥੇ ਮੁਕੱਦਮਾ ਵੀ ਦਰਜ ਹੋਇਆ।

ਬਿਸ਼ਨੋਈ ਭਾਈਚਾਰੇ ਵਿੱਚ ਰੋਹ

ਇਸ ਮਗਰੋਂ ਗੁੱਸੇ ਵਿੱਚ ਆਏ ਬਿਸ਼ਨੋਈ ਭਾਈਚਾਰੇ ਦੇ ਲੋਕਾਂ ਵੱਲੋਂ ਇਨ੍ਹਾਂ 'ਤੇ ਸਖ਼ਤ ਕਾਰਵਾਈ ਦੀ ਮੰਗ ਨੂੰ ਲੈ ਥਾਣਿਆਂ ਦੇ ਬਾਹਰ ਮੁਜ਼ਾਹਰੇ ਵੀ ਕੀਤੇ ਗਏ ਸਨ।

ਇਕੱਠੇ ਹੋਏ ਲੋਕਾਂ ਵੱਲੋਂ ਧਰਨੇ ਲਾਏ ਜਾਣ ਦੇ ਨਾਲ-ਨਾਲ ਸਥਾਨਕ ਬਜ਼ਾਰ ਵੀ ਬੰਦ ਕਰਵਾਇਆ ਗਿਆ ਅਤੇ ਸੜਕ ਵੀ ਰੋਕੀ ਗਈ ਸੀ।

ਬਿਸ਼ਨੋਈ ਭਾਈਚਾਰੇ ਨਾਲ ਸਬੰਧ ਰੱਖਦੇ ਜੈਸੁੱਖ ਬਿਸ਼ਨੋਈ ਨੇ ਕਿਹਾ ਕਿ ਪੁਲਿਸ ਵੱਲੋਂ ਭਰੋਸਾ ਦਿੱਤੇ ਜਾਣ ਤੋਂ ਬਾਅਦ ਮੁਜ਼ਾਹਰਾ ਰੋਕ ਦਿੱਤਾ ਗਿਆ ਸੀ।

ਬਿਸ਼ਨੋਈ ਭਾਈਚਾਰੇ ਦੇ ਲੋਕਾਂ ਵੱਲੋਂ ਪੁਲਿਸ ਮੁਲਾਜ਼ਮ ਲਖਵਿੰਦਰ ਸਿੰਘ ਅਤੇ ਹਿਰਨ ਦੇ ਸ਼ਿਕਾਰ ਤੋਂ ਬਾਅਦ ਮੌਕੇ ਉੱਤੇ ਪਹੁੰਚੇ ਨੌਜਵਾਨ ਨੂੰ ਰਾਜ ਪੱਧਰੀ ਸਨਮਾਨ ਦਿੱਤੇ ਜਾਣ ਦੀ ਵੀ ਮੰਗ ਕੀਤੀ ਗਈ ਹੈ।

ਬੀਕਾਨੇਰ ਚ ਹਿਰਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸੰਕੇਤਕ ਤਸਵੀਰ

ਬਿਸ਼ਨੋਈ ਭਾਈਚਾਰਾ ਅਤੇ ਜੰਗਲੀ ਜੀਵ

ਬਿਸ਼ਨੋਈ ਭਾਈਚਾਰੇ ਵੱਲੋਂ ਚਿੰਕਾਰਾ ਅਤੇ ਬਲੈਕਬੱਕ ਸਣੇ ਜੰਗਲੀ ਜੀਵਾਂ ਨੂੰ ਪੂਜਣਯੋਗ ਮੰਨਿਆ ਜਾਂਦਾ ਹੈ।

1998 ਵਿੱਚ ਬਾਲੀਵੁੱਡ ਅਦਾਕਾਰ ਸਲਮਾਨ ਖ਼ਾਨ ਉੱਤੇ 'ਬਲੈਕਬੱਕ' ਕਾਲੇ ਹਿਰਨ ਦਾ ਸ਼ਿਕਾਰ ਕਰਨ ਦੇ ਇਲਜ਼ਾਮ ਵੀ ਲੱਗੇ ਸਨ।

ਇਸ ਨੂੰ ਲੈ ਕੇ ਵੀ ਬਿਸ਼ਨੋਈ ਭਾਈਚਾਰੇ ਵੱਲੋਂ ਰੋਸ ਜ਼ਾਹਰ ਕੀਤਾ ਜਾਂਦਾ ਹੈ।

ਬਿਸ਼ਨੋਈ ਭਾਈਚਾਰੇ ਵੱਲੋਂ ਗੁਰੂ ਜੰਮਭੇਸ਼ਵਰ ਦੇ ਦੱਸੇ 29 ਨਿਯਮਾਂ ਦੀ ਪਾਲਣਾ ਕੀਤੀ ਜਾਂਦੀ ਹੈ , ਉਨ੍ਹਾਂ ਵਿੱਚੋਂ ਇੱਕ ਜੰਗਲੀ ਜੀਵਾਂ ਦੀ ਰੱਖਿਆ ਅਤੇ ਰੁੱਖਾਂ ਦੀ ਹਿਫ਼ਾਜ਼ਤ ਨਾਲ ਜੁੜਿਆ ਹੈ।

(ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)