'ਪਹਿਲਾਂ ਬਾਜ਼ਾਰ 'ਚ ਪੈਰ ਧਰਨ ਦੀ ਥਾਂ ਨਹੀਂ ਹੁੰਦੀ ਸੀ, ਅੱਜ ਕੋਈ ਦਿਖਦਾ ਹੀ ਨਹੀਂ', ਕਿਸਾਨ ਧਰਨੇ ਦਾ ਕਾਰੋਬਾਰਾਂ 'ਤੇ ਕੀ ਅਸਰ ਹੋ ਰਿਹਾ- ਗਰਾਉਂਡ ਰਿਪੋਰਟ

- ਲੇਖਕ, ਨਵਜੋਤ ਕੌਰ
- ਰੋਲ, ਬੀਬੀਸੀ ਸਹਿਯੋਗੀ
"ਪਿਛਲੇ ਇੱਕ ਸਾਲ ਵਿੱਚ ਸਾਨੂੰ ਤਕਰੀਬਨ 18-19 ਲੱਖ ਰੁਪਏ ਦਾ ਘਾਟਾ ਪੈ ਗਿਆ ਹੈ, ਅੰਬਾਲਾ ਵਿੱਚ ਮੇਰੇ ਵਰਗੇ 100 ਟਰਾਂਸਪੋਰਟ ਹਨ, ਇਸ ਤੋਂ ਹਿਸਾਬ ਲਾਓ ਕਿ ਸਾਰੇ ਟਰਾਂਸਪੋਰਟਰਾਂ ਦਾ ਕਿੰਨਾ ਨੁਕਸਾਨ ਹੋਇਆ ਹੋਵੇਗਾ, ਇਹ ਕਰੋੜਾਂ ਵਿੱਚ ਹੈ।"
ਇਹ ਕਹਿਣਾ ਹੈ ਅੰਬਾਲਾ ਵਿੱਚ ਟਰੱਕਾਂ ਦਾ ਕੰਮ ਕਰ ਰਹੇ ਕਾਕਾ ਟਰਾਂਸਪੋਰਟ ਦੇ ਅਮਰਪ੍ਰੀਤ ਸਿੰਘ ਦਾ।
ਅਮਰਪ੍ਰੀਤ ਸਿੰਘ ਅੰਬਾਲਾ ਦੇ ਰਹਿਣ ਵਾਲੇ ਹਨ। ਉਹ ਕਹਿੰਦੇ ਹਨ ਕਿ ਟਰਾਂਸਪੋਰਟ ਦਾ ਕਾਰੋਬਾਰ ਉਨ੍ਹਾਂ ਦੇ ਪੁਰਖਿਆਂ ਤੋਂ ਚੱਲਿਆ ਆ ਰਿਹਾ ਅਤੇ ਹੁਣ ਉਹ ਸੰਭਾਲ ਰਹੇ ਹਨ।
ਅਮਰਪ੍ਰੀਤ ਕਹਿੰਦੇ ਹਨ, "ਪਿਛਲੇ ਇੱਕ ਸਾਲ ਤੋਂ ਮੈਂ ਆਪਣੇ ਕਾਰੋਬਾਰ ਵਿੱਚ ਬਹੁਤ ਵੱਡਾ ਘਾਟਾ ਝੱਲਿਆ ਹੈ। ਜਿਸਦਾ ਕਾਰਨ ਹੈ, ਪੰਜਾਬ ਹਰਿਆਣਾ ਦੀ ਸਰਹੱਦ ਉੱਤੇ ਪੈਂਦੇ ਸ਼ੰਭੂ ਬਾਰਡਰ ਦਾ ਬੰਦ ਹੋਣਾ।"
"ਇਹ ਅੰਮ੍ਰਿਤਸਰ ਤੋਂ ਦਿੱਲੀ ਜਾਣ ਵਾਲਾ ਮੁੱਖ ਹਾਈਵੇ ਹੈ। ਸਾਡੀਆਂ ਗੱਡੀਆਂ ਇਸੇ ਹਾਈਵੇ ਰਾਹੀਂ ਪੂਰੇ ਭਾਰਤ ਵਿੱਚ ਸਮਾਨ ਪਹੁੰਚਾਉਂਦੀਆਂ ਸਨ। ਪਰ ਹੁਣ ਅਸੀਂ ਇਹ ਹਾਈਵੇ ਨਹੀਂ ਵਰਤ ਸਕਦੇ।"
ਉਨ੍ਹਾਂ ਕਿਹਾ, "ਕਿਸਾਨ ਧਰਨੇ ਕਰਕੇ ਹਰਿਆਣਾ ਵਾਲੇ ਪਾਸੇ ਭਾਰੀ ਫੋਰਸ ਤੈਨਾਤ ਹੈ, ਵੱਡੇ-ਵੱਡੇ ਬੈਰੀਕੇਡ ਲੱਗੇ ਹੋਏ ਹਨ। ਕਈ ਕਿਲੋਮੀਟਰ ਤੱਕ ਰਸਤਾ ਬੰਦ ਕੀਤਾ ਹੋਇਆ ਹੈ ਅਤੇ ਪੰਜਾਬ ਵਾਲੇ ਪਾਸੇ ਕਿਸਾਨਾਂ ਨੇ ਆਪਣੇ ਟਰੈਕਟਰ-ਟਰਾਲੀਆਂ ਖੜੇ ਕੀਤੇ ਹੋਏ ਹਨ ਅਤੇ ਪੱਕੇ ਤੰਬੂ ਲਾ ਕੇ ਬੈਠੇ ਹੋਏ ਹਨ।"

ਸ਼ੰਭੂ ਬਾਰਡਰ ਰਾਸ਼ਟਰੀ ਮਾਰਗ 44 ਉੱਤੇ ਪੰਜਾਬ-ਹਰਿਆਣਾ ਦੇ ਵਿਚਾਲੇ ਇੱਕ ਸਰਹੱਦ ਹੈ। ਜਿੱਥੇ 12 ਫ਼ਰਵਰੀ 2024 ਤੋਂ ਪੰਜਾਬ ਦੀਆਂ ਦੋ ਕਿਸਾਨ ਜਥੇਬੰਦੀਆਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਅਤੇ ਸੰਯੁਕਤ ਕਿਸਾਨ ਮੋਰਚਾ ਗ਼ੈਰ ਸਿਆਸੀ 23 ਫ਼ਸਲਾਂ ਉੱਤੇ ਐੱਮਐੱਸਪੀ ਦੀ ਮੰਗ ਨੂੰ ਲੈ ਕੇ ਕੇਂਦਰ ਸਰਕਾਰ ਦੇ ਖ਼ਿਲਾਫ਼ ਧਰਨਾ ਦੇ ਰਹੀਆਂ ਹਨ।
ਇਸ ਧਰਨੇ ਨੂੰ ਕਿਸਾਨ ਅੰਦੋਲਨ ਭਾਗ ਦੂਜਾ ਵੀ ਕਿਹਾ ਜਾ ਰਿਹਾ ਹੈ।
ਅਮਰਪ੍ਰੀਤ ਸਿੰਘ ਕਹਿੰਦੇ ਹਨ,"ਜਿਸ ਦਿਨ ਤੋਂ ਇਹ ਸ਼ੰਭੂ ਬਾਰਡਰ ਬੰਦ ਹੋਇਆ ਹੈ, ਉਸ ਦਿਨ ਤੋਂ ਮੇਰੇ ਟਰੱਕ ਅੰਬਾਲਾ ਤੋਂ ਰਾਜਪੁਰਾ ਜਾਣ ਲਈ 50-60 ਕਿਲੋਮੀਟਰ ਵਾਧੂ ਚੱਲ ਰਹੇ ਹਨ। ਡੀਜ਼ਲ ਦਾ ਖਰਚਾ ਵੀ ਵੱਧ ਆ ਰਿਹਾ ਹੈ।"
"ਅੰਬਾਲਾ ਤੋਂ ਪੰਜਾਬ ਵਿੱਚ ਦਾਖ਼ਲ ਹੋਣ ਲਈ ਸਿੱਧਾ ਰਸਤਾ ਲੈਣ ਦੀ ਥਾਂ ਮੇਰੇ ਡਰਾਈਵਰਾਂ ਨੂੰ ਜ਼ੀਰਕਪੁਰ-ਚੰਡੀਗੜ੍ਹ ਤੋਂ ਘੁੰਮ ਕੇ ਜਾਣਾ ਪੈ ਰਿਹਾ ਹੈ। ਜਿਸਦੇ ਕਰਕੇ ਇੱਕ ਦਿਨ ਦਾ ਮੇਰਾ ਪੰਜ ਤੋਂ ਛੇ ਹਜ਼ਾਰ ਰੁਪਏ ਦਾ ਨੁਕਸਾਨ ਹੋ ਰਿਹਾ ਹੈ।"
"ਪੰਜਾਬ ਅੰਬਾਲਾ ਨਾਲੋਂ ਟੁੱਟ ਗਿਆ"

ਅਮਰਪ੍ਰੀਤ ਸਿੰਘ ਨੂੰ ਮਿਲਣ ਤੋਂ ਬਾਅਦ ਅਸੀਂ ਅੰਬਾਲਾ ਦੇ ਕੱਪੜਾ ਬਾਜ਼ਾਰ ਦਾ ਦੌਰਾ ਕੀਤਾ। ਬਜ਼ਾਰਾਂ ਵਿੱਚ ਗਾਹਕਾਂ ਦੀ ਸਥਿਤੀ ਬਾਰੇ ਅਸੀਂ ਇੱਕ ਦੁਕਾਨਦਾਰ ਸੁਲਭ ਉੱਪਲ ਨਾਲ ਗੱਲਬਾਤ ਕੀਤੀ।
ਸੁਲਭ ਉੱਪਲ ਦਾ ਅੰਬਾਲਾ ਦੇ ਕੱਪੜਾ ਬਾਜ਼ਾਰ ਵਿੱਚ ਹੈਂਡਲੂਮ (ਦਰੀਆਂ, ਚਾਦਰਾਂ, ਪਰਦੇ ਆਦਿ) ਦੀ ਦੁਕਾਨ ਹੈ। ਸੁਲਭ ਨੇ ਬੀਬੀਸੀ ਨੂੰ ਦੱਸਿਆ,"ਇੱਕ ਸਾਲ ਪਹਿਲਾਂ ਤੱਕ ਸਾਡੇ ਕੋਲ ਪੂਰੇ ਦਿਨ ਵਿੱਚ ਪਾਣੀ ਪੀਣ ਦੀ ਵੇਹਲ ਨਹੀਂ ਹੁੰਦੀ ਸੀ। ਦਿਨ ਕਦੋਂ ਨਿਕਲ ਜਾਂਦਾ ਸੀ ਸਾਨੂੰ ਪਤਾ ਨਹੀਂ ਸੀ ਲੱਗਦਾ, ਪਰ ਹੁਣ ਸਭ ਬਦਲ ਗਿਆ ਹੈ।"
ਉਹ ਕਹਿੰਦੇ ਹਨ,"ਸ਼ੰਭੂ ਬਾਰਡਰ ਬੰਦ ਹੋਣ ਤੋਂ ਬਾਅਦ ਪੰਜਾਬ ਅੰਬਾਲਾ ਨਾਲੋਂ ਟੁੱਟ ਗਿਆ ਹੈ। ਪਹਿਲਾਂ ਸਾਡੇ ਕੋਲ ਵਿਆਹਾਂ ਦੇ ਮਹੀਨਿਆਂ ਵਿੱਚ ਸਰਹਿੰਦ, ਖੰਨਾ, ਰਾਜਪੁਰਾ, ਪਟਿਆਲਾ ਇੱਥੋਂ ਤੱਕ ਕੇ ਲੁਧਿਆਣਾ ਤੋਂ ਵੀ ਗਾਹਕ ਆਉਂਦੇ ਸਨ। ਇੱਕ ਦਿਨ ਵਿੱਚ ਅਸੀਂ 10-12 ਵਿਆਹ ਵਾਲੇ ਪਰਿਵਾਰਾਂ ਨੂੰ ਸਮਾਨ ਵੇਚਦੇ ਸੀ, ਜੋ ਕਿ ਹੁਣ ਇੱਕ ਜਾਂ ਦੋ ਤੱਕ ਹੀ ਸੀਮਤ ਹੋ ਗਏ ਹਨ।"
"ਪੰਜਾਬ ਦੇ ਲੋਕ ਆਪਣੇ ਨੇੜਲੇ ਸ਼ਹਿਰਾਂ ਵਿੱਚ ਜਾਣ ਲੱਗ ਗਏ ਹਨ, ਕੋਈ ਅੰਬਾਲਾ ਆਉਣ ਲਈ ਟ੍ਰੈਫਿਕ ਅਤੇ ਰਾਹ ਬੰਦ ਹੋਣ ਕਰਕੇ ਆਪਣੇ 4-5 ਘੰਟੇ ਕਿਉਂ ਖ਼ਰਾਬ ਕਰੇਗਾ। ਇਸ ਵਿਆਹ ਦੇ ਸੀਜ਼ਨ ਵਿੱਚ ਸਾਡਾ ਵਪਾਰ 60 ਫ਼ੀਸਦ ਘੱਟ ਗਿਆ ਹੈ।"

ਇਸੇ ਬਾਜ਼ਾਰ ਵਿੱਚ ਸਾੜੀਆਂ ਅਤੇ ਸੂਟਾਂ ਦੀ ਦੁਕਾਨ ਚਲਾ ਰਹੇ ਰਵਿੰਦਰ ਕਹਿੰਦੇ ਹਨ, "ਇਸ ਬਾਜ਼ਾਰ ਵਿੱਚ ਜਿੱਥੇ ਸਾਲ ਪਹਿਲਾਂ ਪੈਰ ਧਰਨ ਦੀ ਥਾਂ ਨਹੀਂ ਹੁੰਦੀ ਸੀ, ਜਾਮ ਲੱਗ ਜਾਂਦਾ ਸੀ, ਅੱਜ ਦੇਖ ਲਓ ਕੋਈ ਦਿਖਦਾ ਹੀ ਨਹੀਂ ਹੈ। ਅਸੀਂ ਸਵੇਰ ਤੋਂ ਵੇਹਲੇ ਬੈਠੇ ਹਾਂ।"
"ਸਾਡੇ ਕੋਲ ਜੋ ਪੰਜਾਬ, ਹਿਮਾਚਲ ਦਾ ਗਾਹਕ ਆਉਂਦਾ ਸੀ, ਉਹ ਹੁਣ ਬਿਲਕੁਲ ਘੱਟ ਗਿਆ ਹੈ। ਸ਼ੰਭੂ ਬਾਰਡਰ ਬੰਦ ਹੋਣ ਕਰਕੇ ਪੰਜਾਬ-ਹਿਮਾਚਲ-ਚੰਡੀਗੜ੍ਹ ਦੇ ਲੋਕ ਅੰਬਾਲਾ ਆਉਂਦੇ ਹੀ ਨਹੀਂ। ਉਹ ਆਉਣ ਵੀ ਕਿਉਂ ਕੋਈ ਖਰੀਦਦਾਰੀ ਲਈ ਆਪਣਾ ਸਮਾਂ ਕਿਉਂ ਬਰਬਾਦ ਕਰੇਗਾ।"
ਰਵਿੰਦਰ ਕੁਮਾਰ ਸਾਡੇ ਨਾਲ ਤਕਰੀਬਨ 1 ਘੰਟਾ ਗੱਲ ਕਰਦੇ ਰਹੇ ਪਰ ਇਸ ਦੌਰਾਨ ਵੀ ਕੋਈ ਗਾਹਕ ਉਨ੍ਹਾਂ ਦੀ ਦੁਕਾਨ ਉੱਤੇ ਨਹੀਂ ਆਇਆ।
ਉਨ੍ਹਾਂ ਇਸੇ ਤੋਂ ਗੱਲ ਅੱਗੇ ਤੋਰੀ, "ਸਾਡੇ ਕੋਲ ਇੱਕ ਦਿਨ ਵਿੱਚ 50 ਦੇ ਕਰੀਬ ਗਾਹਕ ਆਉਂਦੇ ਸਨ, ਹੁਣ 10 ਤੱਕ ਰਹਿ ਗਏ ਹਨ। ਜਿੱਥੇ ਲੱਖਾਂ ਦੀ ਸੇਲ ਹੁੰਦੀ ਸੀ ਹੁਣ 30 ਹਜ਼ਾਰ ਤੱਕ ਰਹਿ ਗਈ ਹੈ, ਖ਼ਰਚੇ ਕੱਢਣਾ ਮੁਸ਼ਕਲ ਹੋ ਗਿਆ ਹੈ। ਕਾਮਿਆਂ ਦੀ ਵੀ ਛਾਂਟੀ ਕੀਤੀ ਹੈ, ਉਨ੍ਹਾਂ ਨੂੰ ਤਨਖਾਹਾਂ ਦੇਣੀਆਂ ਵੀ ਔਖੀਆਂ ਹੋ ਗਈਆਂ ਹਨ।"
ਕਾਰੋਬਾਰ 'ਚ ਘਾਟੇ ਦਾ ਵਪਾਰੀਆਂ ਤੇ ਕਾਮਿਆਂ 'ਤੇ ਕੀ ਅਸਰ ਪਿਆ

ਰਵਿੰਦਰ ਕੁਮਾਰ ਆਪਣੇ ਹੋਰ ਵਪਾਰੀ ਸਾਥੀਆਂ ਬਾਰੇ ਗੱਲ ਕਰਦੇ ਕਹਿੰਦੇ ਹਨ,"ਸਾਡੀ ਇਸ ਗਲੀ ਵਿੱਚ ਹੀ ਕਿੰਨੀਆਂ ਦੁਕਾਨਾਂ ਇੱਥੋਂ ਕਿਤੇ ਹੋਰ ਚਲੀਆਂ ਗਈਆਂ ਹਨ, ਕਿਉਂਕਿ ਇੱਥੇ ਕਿਰਾਇਆ ਜ਼ਿਆਦਾ ਹੈ, ਉਨ੍ਹਾਂ ਵਿੱਚੋਂ ਕਈ ਦੁਕਾਨਾਂ ਪੱਕੀਆਂ ਬੰਦ ਕਰ ਗਏ ਅਤੇ ਕਈ ਘੱਟ ਕਿਰਾਏ ਵਾਲੀਆਂ ਦੁਕਾਨਾਂ ਵਿੱਚ ਚਲੇ ਗਏ ਹਨ।"
ਜਦੋਂ ਰਵਿੰਦਰ ਕੁਮਾਰ ਨੂੰ ਪੁੱਛਿਆ ਗਿਆ ਕਿ ਉਹ ਕਾਰੋਬਾਰ ਦੇ ਭਵਿੱਖ ਬਾਰੇ ਕੀ ਸੋਚਦੇ ਹਨ, ਉਨ੍ਹਾਂ ਜਵਾਬ ਦਿੱਤਾ,"ਮੈਂ 15 ਸਾਲਾਂ ਤੋਂ ਇਹ ਦੁਕਾਨ ਕਰ ਰਿਹਾ ਹਾਂ, ਸਾਡਾ ਕਰੋੜਾਂ ਦਾ ਸਮਾਨ ਇਨ੍ਹਾਂ ਦੁਕਾਨਾਂ ਵਿੱਚ ਪਿਆ ਹੈ। ਅਸੀਂ ਕਿਵੇਂ ਇਹ ਦੁਕਾਨਾਂ ਛੱਡ ਕੇ ਕੋਈ ਹੋਰ ਕਾਰੋਬਾਰ ਕਰ ਸਕਦੇ ਹਾਂ।"
"ਪਰ ਨਾਲ ਹੀ ਇਹ ਖਿਆਲ ਵੀ ਹੈ ਕਿ ਕਿੰਨਾ ਕੁ ਘਾਟਾ ਝੱਲ ਸਕਦੇ ਹਾਂ। ਦੂਜਾ ਹੋਰ ਕਾਰੋਬਾਰ ਕਰਾਂਗਾ ਵੀ ਕਿਹੜਾ, ਅੰਬਾਲਾ ਵਿੱਚ ਤਾਂ ਸ਼ੰਭੂ ਬਾਰਡਰ ਬੰਦ ਹੋਣ ਕਰਕੇ ਸਾਰੇ ਕਾਰੋਬਾਰ ਹੀ ਠੱਪ ਹੋ ਗਏ ਹਨ।"
ਕਾਰੋਬਾਰੀਆਂ ਨੂੰ ਭਵਿੱਖ ਧੁੰਦਲਾ ਕਿਉਂ ਲੱਗ ਰਿਹਾ ਹੈ

ਇਸੇ ਬਾਜ਼ਾਰ ਵਿੱਚ ਅਸੀਂ ਕੱਪੜੇ ਦਾ ਹੋਲਸੇਲ ਦਾ ਕੰਮ ਕਰਦੇ ਹਰੀਸ਼ ਅਹੂਜਾ ਨਾਲ ਮੁਲਾਕਾਤ ਕੀਤੀ। ਹਰੀਸ਼ ਅਹੂਜਾ ਇੱਕ ਵੱਡੇ ਕਾਰੋਬਾਰੀ ਹਨ, ਕੱਪੜੇ ਦੇ ਨਾਲ-ਨਾਲ ਉਨ੍ਹਾਂ ਦੇ ਕੋਲਡ ਸਟੋਰ ਵੀ ਹਨ।
ਉਹ ਕਹਿੰਦੇ ਹਨ,"ਇੱਕ ਸਾਲ ਸ਼ੰਭੂ ਬਾਰਡਰ ਬੰਦ ਹੋਣ ਨਾਲ ਅੰਬਾਲਾ ਦੀ ਕੱਪੜਾ ਮਾਰਕਿਟ ਦਾ ਭਵਿੱਖ ਧੁੰਦਲਾ ਹੋ ਗਿਆ ਹੈ। ਸਾਡੇ ਕੋਲ ਜੋ ਗਾਹਕ ਆਉਂਦੇ ਸਨ, ਉਨ੍ਹਾਂ ਦਾ ਮਨ ਅੰਬਾਲਾ ਦੇ ਕੱਪੜੇ ਨਾਲ ਜੁੜਿਆ ਹੋਇਆ ਸੀ। ਉਹ ਆਪ ਵੀ ਆਉਂਦੇ ਸਨ ਅਤੇ ਆਪਣੇ ਨਾਲ ਹੋਰਾਂ ਲੋਕਾਂ ਨੂੰ ਵੀ ਲੈ ਕੇ ਆਉਂਦੇ ਸਨ।"
"ਹੁਣ ਉਹ ਆਪਣੇ ਸ਼ਹਿਰਾਂ ਵਿੱਚ ਜਾਣ ਲੱਗ ਗਏ ਹਨ, ਇੱਕ ਸਾਲ ਐਵੇਂ ਹੀ ਬੀਤ ਗਿਆ ਹੈ, ਅਤੇ ਜੇਕਰ ਇੱਕ ਸਾਲ ਹੋਰ ਐਵੇਂ ਹੀ ਨਿਕਲਦਾ ਹੈ ਤਾਂ ਪੰਜਾਬ ਦੇ ਲੋਕ ਅੰਬਾਲਾ ਦੇ ਬਾਜ਼ਾਰਾਂ ਵਿੱਚ ਆਉਣਾ ਭੁੱਲ ਜਾਣਗੇ।"
ਹੈਂਡਲੂਮ ਦੇ ਕੰਮ ਕਰਦੇ ਸੁਲਭ ਉੱਪਲ ਖ਼ਰਚੇ ਵਧਣ ਦੀ ਗੱਲ ਕਰਦਿਆਂ ਕਹਿੰਦੇ ਹਨ,"ਸਾਡੀਆਂ ਦੁਕਾਨਾਂ ਦੇ ਕਿਰਾਏ ਵੀ ਵੱਧ ਰਹੇ ਹਨ, ਇੱਕ-ਦੋ ਗਾਹਕ ਜੋ ਆਪਣੇ ਘਰ ਜਾਂ ਆਪਣੇ ਸ਼ਹਿਰ ਵਿੱਚ ਸਾਡੇ ਤੋਂ ਸਮਾਨ ਮੰਗਵਾਉਂਦੇ ਹਨ, ਉਨ੍ਹਾਂ ਤੱਕ ਸਮਾਨ ਪਹੁੰਚਾਉਣ ਲਈ ਵੀ ਸਾਨੂੰ ਵਾਧੂ ਖ਼ਰਚਾ ਚੁੱਕਣਾ ਪੈ ਰਿਹਾ ਹੈ।”
“ਜਿਹੜੀ ਗੱਡੀ ਦਾ ਪਹਿਲਾਂ ਸ਼ੰਭੂ ਬਾਰਡਰ ਰਾਹੀਂ ਜਲੰਧਰ ਜਾਣ ਦਾ ਕਿਰਾਇਆ 6,200 ਰੁਪਏ ਸੀ ਉਹ ਹੁਣ 8 ਤੋਂ 9 ਹਜ਼ਾਰ ਰੁਪਏ ਤੱਕ ਹੋ ਗਿਆ ਹੈ।"
ਬਾਰਡਰ ਬੰਦ ਹੋਣ ਦਾ ਪਿੰਡਾਂ ਉੱਤੇ ਕੀ ਅਸਰ ਪਿਆ ਹੈ

ਅੰਬਾਲਾ ਤੋਂ ਰਾਜਪੁਰਾ ਆਉਣ ਲਈ ਅਸੀਂ ਪਿੰਡਾਂ ਵਿੱਚਲਾ ਰਾਹ ਲੈਣ ਦਾ ਫ਼ੈਸਲਾ ਲਿਆ।
ਅੰਬਾਲਾ ਰਾਜਪੁਰਾ ਆਉਣ ਲਈ ਸਭ ਤੋਂ ਪਹਿਲਾਂ ਹਰਿਆਣਾ ਦਾ ਪਿੰਡ ਘੇਲ ਕਲਾਂ ਆਉਂਦਾ ਹੈ, ਉੱਥੋਂ ਪੰਜਾਬ ਦੇ ਪਿੰਡ ਸੰਜਰਪੁਰ ਤੋਂ ਹੋ ਕੇ ਸ਼ੰਭੂ ਬਾਰਡਰ ਤੋਂ ਰਾਜਪੁਰਾ ਵਾਲੇ ਪਾਸੇ ਹਾਈਵੇ ਉੱਤੇ ਗੱਡੀਆਂ ਬਾਹਰ ਨਿਕਲਦੀਆਂ ਹਨ।
ਅੰਬਾਲਾ ਤੋਂ ਸ਼ੰਭੂ ਬਾਰਡਰ ਨੇੜੇ ਜਾਣ ਲਈ ਤਕਰੀਬਨ ਪੰਜ ਤੋਂ ਦੱਸ ਮਿੰਟ ਦਾ ਰਸਤਾ ਹੈ ਪਰ ਹਾਈਵੇ ਬੰਦ ਹੋਣ ਕਰਕੇ ਪਿੰਡਾਂ ਵਿੱਚੋਂ ਦੀ ਇਹੀ ਰਸਤਾ 7-8 ਕਿਲੋਮੀਟਰ ਦਾ ਹੋ ਜਾਂਦਾ ਹੈ। ਜਿਸਨੂੰ ਪਾਰ ਕਰਨਾ ਸੌਖਾ ਨਹੀਂ ਹੈ।
ਦਿੱਲੀ ਨੂੰ ਜਾਣ ਅਤੇ ਆਉਣ ਵਾਲੀਆਂ ਟੈਕਸੀ ਗੱਡੀਆਂ ਇਸੇ ਪਿੰਡ ਵਿੱਚੋਂ ਨਿਕਲਦੀਆਂ ਹਨ। ਇਸ ਰੂਟ ਉੱਤੇ ਆਮ ਲੋਕਾਂ ਦੀਆਂ ਗੱਡੀਆਂ ਘੱਟ ਹੀ ਮਿਲਦੀਆਂ ਹਨ। ਹੀਂ ਪੀਆਰਟੀਸੀ ਦੀ ਬੱਸ ਜ਼ਰੂਰ ਮਿਲੀ। ਜੋ ਸਵਾਰੀਆਂ ਨੂੰ ਆਪਣੀ ਮੰਜ਼ਲ ਤੱਕ ਪਹੁੰਚਾਉਣ ਲਈ ਪਿੰਡ ਦੀਆਂ ਭੀੜੀਆਂ ਗਲੀਆਂ ਵਿੱਚੋਂ ਮੁਸ਼ਕਲ ਨਾਲ ਲੰਘ ਰਹੀ ਸੀ।
'ਬੱਚਿਆਂ ਦੇ ਬਦਲਣੇ ਪਏ ਸਕੂਲ'

ਬਾਰਡਰ ਬੰਦ ਹੋਣ ਤੋਂ ਬਾਅਦ ਤੋਂ ਦਿੱਲੀ ਰੂਟ ਦੀਆਂ ਸਾਰੀਆਂ ਟੈਕਸੀਆਂ ਪਿੰਡਾਂ ਵਿੱਚੋਂ ਨਿਕਲ ਰਹੀਆਂ ਹਨ।
ਜਿਸ ਕਰਕੇ ਪਿੰਡਾਂ ਦੀਆਂ ਸੜਕਾਂ ਦਾ ਬੁਰਾ ਹਾਲ ਹੋ ਚੁੱਕਿਆ ਹੈ। ਇੱਥੇ ਨਾਲ ਲੱਗਦੇ ਪਿੰਡ ਬਪਰੌਰ ਦੇ ਰਹਿਣ ਵਾਲੇ ਇਕਬਾਲ ਸਿੰਘ ਨਾਲ ਵੀ ਅਸੀਂ ਗੱਲਬਾਤ ਕੀਤੀ। ਇਕਬਾਲ ਸਿੰਘ ਇੱਕ ਕਿਸਾਨ ਹਨ।
ਉਹ ਕਹਿੰਦੇ ਹਨ,"ਸਾਡੇ ਪਿੰਡ ਵਿੱਚੋਂ ਵੀ ਦਿਨ ਰਾਤ ਗੱਡੀਆਂ ਨਿਕਲਦੀਆਂ ਹਨ। ਅਸੀਂ ਤਾਂ ਆਪਣੇ ਬੱਚਿਆਂ ਨੂੰ ਗਲੀਆਂ ਵਿੱਚ ਵੀ ਨਹੀਂ ਕੱਢ ਸਕਦੇ, ਕੁਝ ਪਤਾ ਨਹੀਂ ਕਦੋਂ ਕੋਈ ਹਾਦਸਾ ਵਾਪਰ ਜਾਵੇ।"
ਬਾਰਡਰ ਬੰਦ ਹੋਣ ਕਰਕੇ ਪਿੰਡਾਂ ਦੇ ਲੋਕਾਂ ਨੂੰ ਆਉਂਦੀਆਂ ਪ੍ਰੇਸ਼ਾਨੀਆਂ ਬਾਰੇ ਦੱਸਦਿਆਂ ਇਕਬਾਲ ਸਿੰਘ ਨੇ ਕਿਹਾ,"ਅੰਬਾਲਾ ਸਾਡੇ ਤੋਂ ਪੰਜ ਮਿੰਟ ਦੀ ਦੂਰੀ ਉੱਤੇ ਹੈ, ਰਾਜਪੁਰਾ ਜਾਣ ਲਈ ਪੌਣਾ ਘੰਟਾ ਲੱਗਦਾ ਹੈ। ਜਦੋਂ ਤੋਂ ਅਸੀਂ ਇਸ ਪਿੰਡ ਵਿੱਚ ਵਸੇ ਹਾਂ, ਅੰਬਾਲਾ ਹੀ ਸਾਡਾ ਸ਼ਹਿਰ ਸੀ।"
"ਸਾਡੇ ਪਿੰਡ ਵਾਲੇ ਜੋ ਅੰਬਾਲੇ ਦਿਹਾੜੀ ਕਰਦੇ ਸੀ, ਉਨ੍ਹਾਂ ਕੋਲ ਕਮਾਈ ਦਾ ਸਾਧਨ ਖ਼ਤਮ ਹੋ ਗਿਆ ਹੈ। ਸਾਡੇ ਬੱਚੇ ਜੋ ਅੰਬਾਲਾ ਪੜ੍ਹਦੇ ਸੀ, ਉਨ੍ਹਾਂ ਨੂੰ ਹਟਾ ਕੇ ਰਾਜਪੁਰਾ ਜਾਂ ਬਨੂੜ ਲਾਇਆ ਹੈ।"
"ਜੇ ਕਿਸੇ ਨੇ ਅੰਬਾਲੇ ਜਾਣਾ ਵੀ ਹੈ ਤਾਂ ਘੱਗਰ ਨਦੀ ਵਿੱਚੋਂ ਇੱਕ ਕੱਚਾ ਰਾਹ ਨਿਕਲਦਾ ਹੈ। ਪਰ ਕੋਈ ਆਪਣੀ ਜਾਨ ਜ਼ੋਖਮ ਵਿੱਚ ਪਾ ਕੇ ਕਿੰਨਾ ਚਿਰ ਉਹ ਰਸਤਾ ਵਰਤੇਗਾ।"
ਕਾਰੋਬਾਰੀਆਂ ਅਤੇ ਪਿੰਡ ਵਾਲਿਆਂ ਨੇ ਧਰਨਾ ਦੇ ਰਹੇ ਕਿਸਾਨਾਂ ਬਾਰੇ ਕੀ ਕਿਹਾ?

ਆਪਣੇ ਤਜ਼ਰਬੇ ਦੱਸਣ ਤੋਂ ਬਾਅਦ ਕਾਰੋਬਾਰ ਦੇ ਘਾਟੇ ਤੋਂ ਪਰੇਸ਼ਾਨ ਵਪਾਰੀਆਂ ਅਤੇ ਆਵਾਜਾਈ ਬੰਦ ਹੋਣ ਤੋਂ ਪ੍ਰੇਸ਼ਾਨ ਪਿੰਡ ਵਾਸੀਆਂ ਨੇ ਕਿਸਾਨਾਂ ਅਤੇ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਸਾਡੇ ਵੱਲ ਧਿਆਨ ਦੇਣ।
ਅਮਰਪ੍ਰੀਤ ਸਿੰਘ ਕਹਿੰਦੇ ਹਨ,"ਕਿਸਾਨਾਂ ਦੀਆਂ ਮੰਗਾਂ ਜਾਇਜ਼ ਹਨ ਇਸ ਕਰਕੇ ਕੇਂਦਰ ਸਰਕਾਰ ਨੂੰ ਇਸਦਾ ਕੋਈ ਹੱਲ ਕੱਢਣਾ ਚਾਹੀਦਾ ਹੈ।"

ਤਸਵੀਰ ਸਰੋਤ, Getty Images
ਵਪਾਰੀਆਂ ਦੀ ਪਰੇਸ਼ਾਨੀ ਉੱਤੇ ਕਿਸਾਨਾਂ ਦਾ ਜਵਾਬ
ਸ਼ੰਭੂ ਬਾਰਡਰ ਬੰਦ ਹੋਣ ਉੱਤੇ ਵਪਾਰੀਆਂ ਅਤੇ ਪਿੰਡ ਵਾਸੀਆਂ ਨੂੰ ਆ ਰਹੀਆਂ ਪਰੇਸ਼ਾਨੀਆਂ ਦੇ ਜਵਾਬ ਵਿੱਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਸਰਵਣ ਸਿੰਘ ਪੰਧੇਰ ਨੇ ਕਿਹਾ, "ਅਸੀਂ ਖ਼ੁਦ ਚਾਹੁੰਦੇ ਹਾਂ ਕਿ ਬਾਰਡਰ ਖੁੱਲ੍ਹੇ। ਸ਼ੰਭੂ ਬਾਰਡਰ ਅਸੀਂ ਬੰਦ ਨਹੀਂ ਕੀਤਾ, ਹਰਿਆਣਾ ਸਰਕਾਰ ਨੇ ਬੰਦ ਕੀਤਾ ਹੈ।"
"ਅਸੀਂ ਵਪਾਰੀਆਂ ਦੀ ਪਰੇਸ਼ਾਨੀ ਵੀ ਸਮਝਦੇ ਹਾਂ, ਇਸੇ ਲਈ ਅਸੀਂ ਸਰਕਾਰ ਨੂੰ ਕਹਿ ਰਹੇ ਹਾਂ ਕਿ ਜਾਂ ਤਾਂ ਐੱਮਐੱਸਪੀ ਦਿੱਤੀ ਜਾਵੇ ਜਾਂ ਫਿਰ ਸਾਨੂੰ ਦਿੱਲੀ ਜਾਣ ਦਿੱਤਾ ਜਾਵੇ।"
"ਸ਼ੰਭੂ ਬਾਰਡਰ ਉੱਤੇ ਧਰਨੇ ਦਾ ਫ਼ੈਸਲਾ ਅਸੀਂ ਉਦੋਂ ਹੀ ਲਿਆ ਜਦੋਂ ਦਿੱਲੀ ਜਾਣ ਤੋਂ ਰੋਕਣ ਲਈ ਸਰਕਾਰ ਨੇ ਸਾਡੇ ਉੱਤੇ ਅੱਥਰੂ ਗੈਸ ਦੇ ਗੋਲੇ ਦਾਗ਼ੇ ਅਤੇ ਕਿਸਾਨਾਂ ਨੂੰ ਜ਼ਖਮੀ ਕੀਤਾ।"
ਸੁਪਰੀਮ ਕੋਰਟ ਨੇ ਸ਼ੰਭੂ ਬਾਰਡਰ ਖੋਲ੍ਹਣ ਲਈ ਕੀ ਹੁਕਮ ਦਿੱਤਾ?

ਹਾਲਾਂਕਿ ਸ਼ੰਭੂ ਬਾਰਡਰ ਖੋਲ੍ਹਣ ਦਾ ਮਾਮਲਾ ਪਹਿਲਾਂ ਪੰਜਾਬ ਹਰਿਆਣਾ ਹਾਈਕੋਰਟ ਪਹੁੰਚਿਆ, ਹਾਈਕੋਰਟ ਨੇ ਹਰਿਆਣਾ ਸਰਕਾਰ ਨੂੰ ਸ਼ੰਬੂ ਬਾਰਡਰ ਖੋਲ੍ਹਣ ਲਈ ਕਿਹਾ। ਪਰ ਬਾਰਡਰ ਨਾ ਖੁੱਲ੍ਹਿਆ ਅਤੇ ਫਿਰ ਇਹ ਮਾਮਲਾ ਸੁਪਰੀਮ ਕੋਰਟ ਪਹੁੰਚ ਗਿਆ।
ਸੁਪਰੀਮ ਕੋਰਟ ਨੇ ਮਸਲੇ ਦੇ ਹੱਲ ਲਈ ਇੱਕ ਕਮੇਟੀ ਵੀ ਬਣਾਈ, ਇਸ ਕਮੇਟੀ ਨੇ ਸਰਕਾਰ ਅਤੇ ਕਿਸਾਨਾਂ ਵਿਚਾਲੇ ਗੱਲਬਾਤ ਕਰਵਾਉਣ ਲਈ ਮੀਟਿੰਗਾਂ ਵੀ ਕੀਤੀਆਂ।
ਆਖ਼ਰ ਕਮੇਟੀ ਨੇ 10 ਦਸੰਬਰ 2024 ਨੂੰ ਸੁਪਰੀਮ ਕੋਰਟ ਨੂੰ ਇੱਕ ਅੰਤਰਿਮ ਰਿਪੋਰਟ ਸੌਂਪੀ।
ਜਿਸ ਵਿੱਚ ਉਨ੍ਹਾਂ ਕਿਹਾ ਕਿ ਅੰਦੋਲਨਕਾਰੀ ਕਿਸਾਨ ਗੱਲਬਾਤ ਲਈ ਨਹੀਂ ਆ ਰਹੇ ਹਨ। ਜਿਸ ਕਾਰਨ ਸ਼ੰਭੂ ਬਾਰਡਰ ਖੁੱਲ੍ਹਣ ਦਾ ਮਸਲਾ ਜਿਓਂ ਦਾ ਤਿਓਂ ਬਰਕਰਾਰ ਹੈ।
ਜਲੰਧਰ ਦੇ ਕਾਰੋਬਾਰੀਆਂ ਨੇ ਮੁੱਖ ਮੰਤਰੀ ਕੋਲ ਲਾਈ ਗੁਹਾਰ
ਲੰਘੀ 25 ਫ਼ਰਵਰੀ ਨੂੰ ਜਲੰਧਰ ਦੀਆਂ ਕਾਰੋਬਾਰੀ ਜਥੇਬੰਦੀਆਂ ਨੇ ਵੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਸ਼ੰਭੂ ਬਾਰਡਰ ਨੂੰ ਖੁਲਵਾਉਣ ਸੰਬੰਧੀ ਮੁਲਾਕਾਤ ਕੀਤੀ ਸੀ।
ਨਾਰਥਨ ਚੇਬਰ ਆਫ਼ ਸਮਾਲ ਇੰਡਸਟਰੀਜ਼ ਦੇ ਪ੍ਰਧਾਨ ਸ਼ਰਦ ਅਗਰਵਾਲ ਨੇ ਕਿਹਾ, "ਸ਼ੰਭੂ ਬਾਰਡਰ ਬੰਦ ਹੋਣ ਕਰਕੇ ਅਸੀਂ ਵਿਦੇਸ਼ਾਂ ਅਤੇ ਭਾਰਤ ਦੇ ਬਾਕੀ ਸੂਬਿਆਂ ਨਾਲ ਕਾਰੋਬਾਰ ਨਹੀਂ ਕਰ ਪਾ ਰਹੇ। ਜਿਹੜਾ ਸਮਾਨ ਪਹਿਲਾਂ ਘੰਟਿਆਂ ਵਿੱਚ ਦਿੱਲੀ ਪਹੁੰਚਦਾ ਸੀ ਹੁਣ ਉਹ ਕਈ-ਕਈ ਦਿਨ ਰਸਤੇ ਵਿੱਚ ਹੀ ਰੁਕਿਆ ਰਹਿੰਦਾ ਹੈ।"
"ਇਸ ਕਰਕੇ ਅਸੀਂ ਮੁੱਖ ਮੰਤਰੀ ਮਾਨ ਨੂੰ ਅਪੀਲ ਕੀਤੀ ਹੈ ਕਿ ਸ਼ੰਭੂ ਬਾਰਡਰ ਜਲਦ ਖੁਲਵਾਇਆ ਜਾਵੇ ਅਤੇ ਉਨ੍ਹਾਂ ਨੇ ਵੀ ਸਾਨੂੰ ਵਿਸ਼ਵਾਸ਼ ਦਵਾਇਆ ਹੈ ਕਿ ਅਸੀਂ ਇਸਦਾ ਜਲਦ ਹੱਲ ਕਰਾਂਗੇ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












