ਮੋਟਾਪੇ ਨੂੰ ਲੈ ਕੇ ਜਾਰੀ ਹੋਈ ਨਵੀਂ ਚੇਤਾਵਨੀ, ਜਾਣੋ ਕਿਹੜੀਆਂ ਬਿਮਾਰੀਆਂ ਦੀ ਦਸਤਕ ਹੈ ਮੋਟਾਪਾ

ਮੋਟਾਪਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਲੈਂਸੇਟ ਦੀ ਰਿਪੋਰਟ ਦੇ ਮੁਤਾਬਕ, 2021 ਤੱਕ ਦੇ ਅੰਕੜਿਆਂ ਅਨੁਸਾਰ, ਦੁਨੀਆਂ ਵਿੱਚ 25 ਸਾਲ ਜਾਂ ਉਸ ਤੋਂ ਵੱਧ ਉਮਰ ਦੇ 1 ਬਿਲੀਅਨ ਮਰਦ ਅਤੇ 1.11 ਬਿਲੀਅਨ ਔਰਤਾਂ ਮੋਟਾਪੇ ਦੀਆਂ ਸ਼ਿਕਾਰ ਹਨ

ਇੱਕ ਪਾਸੇ ਕਈ ਦੇਸ਼ ਭੁੱਖਮਰੀ, ਸੌਕੇ ਅਤੇ ਕੁਪੋਸ਼ਣ ਨਾਲ ਜੂਝ ਰਹੇ ਹਨ, ਉੱਥੇ ਹੀ ਦੂਜੇ ਪਾਸੇ ਦੁਨੀਆਂ ਮੋਟਾਪੇ ਵੱਲ ਵੱਧ ਰਹੀ ਹੈ।

2050 ਤੱਕ ਦੁਨੀਆਂ ਦੇ ਅੱਧੇ ਤੋਂ ਵੱਧ ਬਾਲਗ਼ ਅਤੇ ਇੱਕ ਤਿਹਾਈ ਬੱਚੇ ਤੇ ਨੌਜਵਾਨ ਮੋਟਾਪੇ ਦੇ ਸ਼ਿਕਾਰ ਹੋਣਗੇ। ਇਹ ਖੁਲਾਸਾ ਹੋਇਆ ਹੈ ਦਿ ਲੈਂਸੇਟ ਵਿੱਚ ਪ੍ਰਕਾਸ਼ਿਤ ਇੱਕ ਰਿਪੋਰਟ ਨਾਲ। ਇਸ ਰਿਪੋਰਟ ਲਈ 200 ਦੇਸ਼ਾਂ ਦਾ ਅਧਿਐਨ ਕੀਤਾ ਗਿਆ ਹੈ।

ਗੱਲ ਭਾਰਤੀਆਂ ਦੀ ਕਰੀਏ ਤਾਂ ਰਿਪੋਰਟ ਮੁਤਾਬਕ, ਅਗਲੇ 25 ਸਾਲਾਂ ਵਿੱਚ ਭਾਰਤ ਵਿੱਚ ਮੋਟੇ ਲੋਕਾਂ ਦੀ ਗਿਣਤੀ ਵੱਧ ਕੇ 45 ਕਰੋੜ ਹੋ ਜਾਵੇਗੀ ਯਾਨਿ ਕੁੱਲ ਆਬਾਦੀ ਦਾ ਕਰੀਬ ਇੱਕ ਤਿਹਾਈ ਹਿੱਸਾ ਮੋਟਾਪੇ ਨਾਲ ਪੀੜਤ ਹੋਵੇਗਾ।

ਬੀਬੀਸੀ ਪੰਜਾਬੀ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

ਲੈਂਸੇਟ ਦੀ ਰਿਪੋਰਟ ਵਿੱਚ ਕੀ ਹੈ

ਦਿ ਲੈਂਸੇਟ ਦੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਕੋਈ ਵੀ ਦੇਸ਼ ਮੋਟਾਪੇ ਦੀ ਵੱਧਦੀ ਦਰ ਨੂੰ ਹੌਲੀ ਕਰਨ ਵਿੱਚ ਸਫ਼ਲ ਨਹੀਂ ਹੋਇਆ ਅਤੇ ਜੇਕਰ ਜਲਦੀ ਇਸ ਬਾਰੇ ਠੋਸ ਕਦਮ ਨਾ ਚੁੱਕੇ ਗਏ ਤਾਂ ਦੁਨੀਆਂ ਭਰ ਵਿੱਚ ਮੋਟਾਪਾ ਵੱਧਦਾ ਰਹੇਗਾ।

ਉਨ੍ਹਾਂ ਕਿਹਾ ਕਿ ਇਸ ਦੇ ਨਾਲ ਹੀ ਮੋਟਾਪੇ ਨਾਲ ਹੋਣ ਵਾਲੀਆਂ ਬਿਮਾਰੀਆਂ ਅਤੇ ਮੌਤਾਂ ਦਾ ਖ਼ਤਰਾ ਵੱਧਦਾ ਰਹੇਗਾ।

ਰਿਪੋਰਟ ਵਿੱਚ ਖ਼ਾਸ ਤੌਰ ʼਤੇ ਕਿਹਾ ਗਿਆ ਹੈ ਕਿ ਸਾਨੂੰ ਜਲਦੀ ਹੀ ਇਸ ਉੱਤੇ ਕੰਮ ਕਰਦਿਆਂ ਠੋਸ ਕਦਮ ਚੁੱਕਣੇ ਚਾਹੀਦੇ ਹਨ।

ਲੈਂਸੇਟ ਦੀ ਰਿਪੋਰਟ ਦੇ ਮੁਤਾਬਕ, 2021 ਤੱਕ ਦੇ ਅੰਕੜਿਆਂ ਅਨੁਸਾਰ, ਦੁਨੀਆਂ ਵਿੱਚ 25 ਸਾਲ ਜਾਂ ਉਸ ਤੋਂ ਵੱਧ ਉਮਰ ਦੇ 1 ਬਿਲੀਅਨ ਮਰਦ ਅਤੇ 1.11 ਬਿਲੀਅਨ ਔਰਤਾਂ ਮੋਟਾਪੇ ਦੀਆਂ ਸ਼ਿਕਾਰ ਹਨ।

1990 ਤੋਂ ਮੋਟਾਪੇ ਦੀ ਦਰ ਦੋਵਾਂ ਵਿੱਚ ਹੀ ਲਗਭਗ ਦੁਗਣੀ ਹੋ ਗਈ ਹੈ।

ਰਿਪੋਰਟ ਮੁਤਾਬਕ, ਜੇਕਰ ਮੋਟਾਪੇ ʼਤੇ ਨਕੇਲ ਨਾ ਕੱਸੀ ਗਈ ਤਾਂ 2050 ਤੱਕ ਮਰਦਾਂ ਵਿੱਚ 54.4 ਫ਼ੀਸਦ ਅਤੇ ਔਰਤਾਂ ਵਿੱਚ 60.3 ਫ਼ੀਸਦ ਮੋਟਾਪੇ ਦੀ ਦਰ ਨਾਲ ਵਾਧਾ ਹੋਵੇਗਾ।

ਮੋਟਾਪਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਰਿਪੋਰਟ ਦੀ ਮੰਨੀਏ ਤਾਂ 2050 ਤੱਕ ਦੁਨੀਆਂ ਦੇ ਕਰੀਬ 3.80 ਬਿਲੀਅਨ ਲੋਕ ਮੋਟਾਪੇ ਦੇ ਸ਼ਿਕਾਰ ਹੋਣਗੇ

ਇਸ ਮੋਟਾਪੇ ਦੀ ਸ਼ਿਕਾਰ ਆਬਾਦੀ ਵਿੱਚ ਜ਼ਿਆਦਾਤਰ ਲੋਕ ਚੀਨ ਦੇ ਹਨ ਜਿਨ੍ਹਾਂ ਦੀ ਗਿਣਤੀ ਕਰੀਬ ਕਰੀਬ 400 ਮਿਲੀਅਨ ਹੈ। ਦੂਜੇ ਨੰਬਰ ਤੇ ਆਉਂਦਾ ਹੈ ਭਾਰਤ, ਜਿੱਥੇ 180 ਮਿਲੀਅਨ ਲੋਕ ਮੋਟਾਪੇ ਨਾਲ ਜੂਝ ਰਹੇ ਹਨ ਅਤੇ ਤੀਜੇ ਨੰਬਰ ਤੇ ਆਉਂਦਾ ਹੈ ਅਮਰੀਕਾ, ਜਿਥੇ ਕਰੀਬ 17.2 ਮਿਲੀਅਨ ਲੋਕ ਮੋਟਾਪੇ ਨਾਲ ਜੂਝ ਰਹੇ ਹਨ।

ਰਿਪੋਰਟ ਦੀ ਮੰਨੀਏ ਤਾਂ 2050 ਤੱਕ ਦੁਨੀਆਂ ਦੇ ਕਰੀਬ 3.80 ਬਿਲੀਅਨ ਲੋਕ ਮੋਟਾਪੇ ਦੇ ਸ਼ਿਕਾਰ ਹੋਣਗੇ।

ਲੈਂਸੇਟ ਦੇ ਖੋਜਕਾਰਾਂ ਨੇ ਇਸ ਮੋਟਾਪੇ ਨੂੰ ਨਿਰਧਾਰਿਤ ਕਰਨ ਲਈ ਮਾਪ ਦੀ ਇਕਾਈ ਵਜੋਂ ਬੀਐੱਮਆਈ ਦੀ ਵਰਤੋਂ ਕੀਤੀ ਹੈ।

ਬੀਐੱਮਆਈ ਦਾ ਮਤਲਬ ਹੈ ਬੌਡੀ ਮਾਸ ਇੰਡੈਕਸ। ਹਾਲਾਂਕਿ ਲੈਂਸੇਟ ਦੇ ਖੋਜਕਾਰਾਂ ਨੇ ਮੰਨਿਆ ਹੈ ਕਿ ਬੀਐੱਮਆਈ ਦੀਆਂ ਆਪਣੀਆਂ ਸੀਮਾਵਾਂ ਹਨ ਫਿਰ ਵੀ ਬੀਐੱਮਆਈ ਨਾਲ ਸਿਹਤ ਅਤੇ ਰੋਗ ਸੰਬੰਧੀ ਜ਼ਿਆਦਾਤਰ ਜਾਣਕਾਰੀ ਦਾ ਅਨੁਮਾਨ ਲਗਾਇਆ ਜਾ ਸਕਦਾ ਹੈ।

25 ਤੋਂ ਜ਼ਿਆਦਾ ਬੀਐੱਮਆਈ ਨੂੰ ਜ਼ਿਆਦਾ ਵਜ਼ਨ ਮੰਨਿਆਂ ਜਾਂਦਾ ਹੈ ਅਤੇ ਜੇਕਰ ਇਹ 30 ਤੋਂ ਉੱਪਰ ਹੋ ਜਾਵੇ ਤਾਂ ਇਸ ਨੂੰ ਮੋਟਾਪਾ ਕਿਹਾ ਜਾਂਦਾ ਹੈ।

ਬੌਡੀ ਮਾਸ ਇੰਡੈਕਸ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਅਮਰੀਕਾ ਦੀ ਪੂਰੀ ਆਬਾਦੀ ਤੋਂ ਵੀ ਜ਼ਿਆਦਾ ਲੋਕ ਮੋਟੇ ਜਾਂ ਉੱਚ ਬੀਐੱਮਆਈ ਵਾਲੇ ਲੋਕ ਹਨ

2050 ਵਿੱਚ ਭਾਰਤੀਆਂ ਦੀ ਸਥਿਤੀ ਕੀ ਹੋਵੇਗੀ

ਲੈਂਸੇਟ ਮੁਤਾਬਕ ਅਗਲੇ 50 ਸਾਲਾਂ ਵਿੱਚ ਭਾਰਤ ਸਣੇ ਦੁਨੀਆਂ ਦੇ ਲਗਭਗ ਸਾਰੇ ਦੇਸ਼ਾਂ ਵਿੱਚ ਮੋਟਾਪਾ ਤੇਜ਼ੀ ਨਾਲ ਵਧੇਗਾ।

ਦੁਨੀਆਂ ਭਰ ਵਿੱਚ 25 ਸਾਲਾਂ ਤੋਂ ਜ਼ਿਆਦਾ ਉਮਰ ਦੇ ਮੋਟੇ ਅਤੇ ਜ਼ਿਆਦਾ ਵਜ਼ਨ ਵਾਲੇ ਲੋਕਾਂ ਦੀ ਗਿਣਤੀ 3.8 ਅਰਬ ਤੱਕ ਪਹੁੰਚ ਜਾਵੇਗੀ।

ਚੀਨ ਵਿੱਚ ਲਗਭਗ 627 ਮਿਲੀਅਨ ਲੋਕ, ਭਾਰਤ ਵਿੱਚ 450 ਮਿਲੀਅਨ ਲੋਕ ਅਤੇ ਸੰਯੁਕਤ ਰਾਜ ਅਮਰੀਕਾ ਵਿੱਚ 210 ਮਿਲੀਅਨ ਲੋਕ ਮੋਟਾਪੇ ਦੇ ਸ਼ਿਕਾਰ ਹੋਣਗੇ।

ਮੋਟਾਪਾ ਕਈ ਬਿਮਾਰੀਆਂ ਦੀ ਜੜ੍ਹ

ਮੋਟਾਪਾ ਜਾਂ ਵਜ਼ਨ ਦਾ ਵੱਧਣਾ ਕਈ ਬਿਮਾਰੀਆਂ ਦੀ ਦਸਤਕ ਹੈ ਜਿਸ ਵਿੱਚ ਦਿਲ ਦੇ ਰੋਗ ਅਤੇ ਹਾਈ ਬਲੱਡ ਪ੍ਰੈਸ਼ਰ ਵਾਲੀਆਂ ਬਿਮਾਰੀਆਂ ਵੀ ਸ਼ਾਮਲ ਹੈ।

ਬੀਬੀਸੀ ਮਰਾਠੀ ਨੇ ਮੁੰਬਈ ਦੇ ਜੈਂਡਰਾ ਹੈਲਥਕੇਅਰ ਵਿੱਚ ਡਾਇਬਟੀਜ਼ ਵਿਭਾਗ ਦੇ ਮੁਖੀ ਡਾ. ਅਮਿਤ ਕੁਮਾਰ ਨਾਲ ਲੈਂਸੇਟ ਰਿਪੋਰਟ ਅਤੇ ਭਾਰਤ ਦੀ ਮੋਟਾਪੇ ਨੂੰ ਲੈ ਕੇ ਮੌਜੂਦਾ ਸਥਿਤੀ ਬਾਰੇ ਗੱਲਬਾਤ ਕੀਤੀ।

ਉਨ੍ਹਾਂ ਕਿਹਾ, "ਭਾਰਤ ਵਿੱਚ ਮੋਟਾਪੇ ਦੀ ਮੌਜੂਦਾ ਸਥਿਤੀ ਨੂੰ ਦੇਖੀਏ ਤਾਂ ਇੱਥੇ ਅਮਰੀਕਾ ਦੀ ਪੂਰੀ ਆਬਾਦੀ ਤੋਂ ਵੀ ਜ਼ਿਆਦਾ ਲੋਕ ਮੋਟੇ ਜਾਂ ਉੱਚ ਬੀਐੱਮਆਈ ਵਾਲੇ ਲੋਕ ਹਨ।"

"ਇਹ ਸਥਿਤੀ ਬਹੁਤ ਖ਼ਤਰਨਾਕ ਹੈ। ਇਹ ਹਾਈ ਬਲੱਡ ਪ੍ਰੈਸ਼ਰ, ਕੈਂਸਰ ਵਰਗੀਆਂ ਬਿਮਾਰੀਆਂ ਦਾ ਕਾਰਨ ਬਣਦੀਆਂ ਹੈ।"

ਉਹ ਕਹਿੰਦੇ ਹਨ ਕਿ ਜੇਕਰ ਅਸੀਂ ਛੋਟੇ ਬੱਚਿਆਂ ਵਿੱਚ ਮੋਟਾਪੇ ਨੂੰ ਦੇਖਦੇ ਹਾਂ ਤਾਂ ਸਾਡੇ ਸਾਹਮਣੇ ਬਿਲਕੁਲ ਵਿਰੋਧਾਭਾਸੀ ਤਸਵੀਰ ਹੈ। ਹਰ 5 ਵਿੱਚੋਂ 2 ਬੱਚੇ ਜ਼ਿਆਦਾ ਵਜ਼ਨ ਜਾਂ ਮੋਟਾਪੇ ਨਾਲ ਪੀੜਤ ਹਨ ਜਦਕਿ ਦੂਜੇ ਪਾਸੇ ਸਾਡੇ ਹੀ ਦੇਸ਼ ਵਿੱਚ ਲੋਕ ਕੁਪੋਸ਼ਣ ਦੀ ਸ਼ਿਕਾਰ ਹਨ।

ਉਹ ਮੰਨਦੇ ਹਨ ਕਿ ਮਾਪਿਆਂ ਅਤੇ ਬੱਚਿਆਂ ਨੂੰ ਬਚਪਨ ਤੋਂ ਹੀ ਪੋਸ਼ਣ ਅਤੇ ਸਿਹਤਮੰਦ ਰਹਿਣ ਬਾਰੇ ਦੱਸਿਆ ਜਾਣਾ ਚਾਹੀਦਾ ਹੈ।

ਅਮਿਤ ਕਹਿੰਦੇ ਹਨ, ਸਕੂਲ ਕੈਂਟੀਨ ਵਿੱਚ ਅਤੇ ਜੋ ਟਿਫਿਨ ਮਾਪੇ ਭੇਜਦੇ ਹਨ, ਉਸ ਵਿੱਚ ਘੱਟ ਕਾਰਬੋਹਾਈਡ੍ਰੇਟ ਅਤੇ ਚੀਨੀ ਦੀ ਮਾਤਰਾ ਦਾ ਧਿਆਨ ਰੱਖਣਾ ਚਾਹੀਦਾ ਹੈ।

ਮੋਟਾਪਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਕਦੇ ਕਦੇ ਕੁਝ ਦਵਾਈਆਂ ਦੇ ਸੇਵਨ ਕਾਰਨ ਵੀ ਵਜ਼ਨ ਵੱਧ ਸਕਦਾ ਹੈ

ਮੋਟਾਪੇ ਦੇ ਕਾਰਨ

ਵੱਧ ਰਹੇ ਮੋਟਾਪੇ ਦੇ ਕਈ ਕਾਰਨ ਹੋ ਸਕਦੇ ਹਨ। ਇਸ ਵਿੱਚ ਵਾਤਾਵਰਨ ਪ੍ਰਭਾਵ, ਗ਼ਲਤ ਜੀਵਨਸ਼ੈਲੀ, ਜੈਨੇਟਿਕ ਪ੍ਰਭਾਵ, ਸ਼ਹਿਰੀਕਰਨ, ਡੱਬਾਬੰਦ ਭੋਜਨ ਦਾ ਸੇਵਨ, ਹਾਰਮੋਨਲ ਅਸੰਤੁਲਨ, ਮਾਨਸਿਕ ਤਣਾਅ ਅਤੇ ਕਸਰਤ ਨਾ ਕਰਨਾ ਸ਼ਾਮਲ ਹੈ।

ਕੁਝ ਲੋਕਾਂ ਵਿੱਚ ਮੋਟਾਪਾ ਕਿਸੀ ਬਿਮਾਰੀ ਕਾਰਨ ਹੋ ਸਕਦਾ ਹੈ ਜਾਂ ਕਦੇ ਕਦੇ ਕੁਝ ਦਵਾਈਆਂ ਦੇ ਸੇਵਨ ਕਾਰਨ ਵੀ ਵਜ਼ਨ ਵੱਧ ਸਕਦਾ ਹੈ।

ਇਸ ਤੋਂ ਇਲਾਵਾ ਗਰਭਵਤੀ ਔਰਤਾਂ ਦਾ ਵਜ਼ਨ ਵੱਧਦਾ ਹੈ ਤਾਂ ਇਸ ਨਾਲ ਮੋਟਾਪੇ ਦਾ ਖ਼ਤਰਾ ਵੀ ਵੱਧ ਜਾਂਦਾ ਹੈ। ਪੂਰੀ ਨੀਂਦ ਨਾ ਲੈਣ ਨਾਲ ਵੀ ਵਜ਼ਨ ਵੱਧ ਸਕਦਾ ਹੈ ਕਿਉਂਕਿ ਇਸ ਨਾਲ ਸਰੀਰ ਵਿੱਚ ਹਾਰਮੋਨਲ ਬਦਲਾਅ ਹੁੰਦਾ ਹੈ ਅਤੇ ਭੁੱਖ ਵੱਧਦੀ ਹੈ।

ਮੋਟਾਪਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਮੋਟਾਪਾ ਕਈ ਬਿਮਾਰੀਆਂ ਦੀ ਦਸਤਕ ਹੈ

ਮੋਟਾਪੇ ਨਾਲ ਕੀ ਹੋਣ ਦਾ ਖ਼ਤਰਾ ਰਹਿੰਦਾ ਹੈ

  • ਸ਼ੂਗਰ – ਸ਼ਰਾਬ ਸਣੇ ਕਈ ਚੀਜ਼ਾਂ ਅਜਿਹੀਆਂ ਹਨ ਜਿਸ ਨਾਲ ਲੀਵਰ ਵਿੱਚ ਫੈਟ ਜਮਾ ਹੋ ਜਾਂਦੀ ਹੈ। ਜੇਕਰ ਪੈਨਕ੍ਰਿਆਸ ਵਿੱਚ 1 ਗ੍ਰਾਮ ਫੈਟ ਵੀ ਇਕੱਠਾ ਹੋ ਜਾਵੇ ਤਾਂ ਸ਼ੂਗਰ ਦੀ ਬਿਮਾਰੀ ਹੋ ਸਕਦੀ ਹੈ।
  • ਦਿਲ ਦਾ ਦੌਰਾ – ਜੇਕਰ ਦਿਲ ਦੀਆਂ ਖ਼ੂਨ ਦੀਆਂ ਨਾੜੀਆਂ ਵਿੱਚ ਫੈਟ ਜਮਾ ਹੋ ਜਾਵੇ ਤਾਂ ਦਿਲ ਦਾ ਦੌਰਾ ਪੈਣ ਦਾ ਖ਼ਤਰਾ ਵੱਧ ਸਕਦਾ ਹੈ।
  • ਸਟ੍ਰੋਕ – ਜੇਕਰ ਦਿਮਾਗ ਦੀਆਂ ਖ਼ੂਨ ਦੀਆਂ ਨਾੜੀਆਂ ਵਿੱਚ ਫੈਟ ਜਮਾ ਹੋਣ ਲੱਗੇ ਤਾਂ ਇਸ ਨਾਲ ਦਿਲ ਦਾ ਦੌਰਾ ਵੀ ਪੈ ਸਕਦਾ ਹੈ।
  • ਹਾਈ ਬਲੱਡ ਪ੍ਰੈਸ਼ਰ – ਜਦੋਂ ਖ਼ੂਨ ਦੀਆਂ ਨਾੜੀਆਂ ਵਿੱਚ ਫੈਟ ਜਮਾ ਹੋ ਜਾਂਦੀ ਹੈ ਤਾਂ ਖੂਨ ਸੁਚਾਰੂ ਢੰਗ ਨਾਲ ਪ੍ਰਵਾਹ ਨਹੀਂ ਕਰ ਪਾਉਂਦਾ ਜਿਸ ਨਾਲ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਪੈਦਾ ਹੁੰਦੀ ਹੈ।
  • ਕੈਂਸਰ– ਹਾਲ ਹੀ ਵਿੱਚ ਹੋਏ ਅਧਿਐਨਾਂ ਤੋਂ ਪਤਾ ਲੱਗਦਾ ਹੈ ਕਿ ਮੋਟੇ ਲੋਕਾਂ ਵਿੱਚ ਕੈਂਸਰ ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ।
  • ਨੀਂਦ ਵਿੱਚ ਦਿੱਕਤ – ਮੋਟੇ ਲੋਕ ਘਰਾੜੇ ਵੀ ਜ਼ਿਆਦਾ ਲੈਂਦੇ ਹਨ ਇਸ ਨਾਲ ਵੀ ਸਿਹਤ ਸੰਬੰਧੀ ਦਿੱਕਤ ਹੋ ਸਕਦੀ ਹੈ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)