ਰੈੱਡ ਕਾਰਡ ਕੀ ਹੈ, ਜੋ ਅਮਰੀਕਾ 'ਚ ਦੇਸ਼ ਨਿਕਾਲੇ ਦੇ ਡਰ ਵਿੱਚ ਰਹਿ ਰਹੇ ਪਰਵਾਸੀਆਂ ਦੀ ਮਦਦ ਕਰ ਸਕਦਾ ਹੈ

ਤਸਵੀਰ ਸਰੋਤ, handout
- ਲੇਖਕ, ਲੀਅਰ ਵੈਂਟਾਸ
- ਰੋਲ, ਲਾਸ ਏਂਜਲਸ ਤੋਂ ਬੀਬੀਸੀ ਨਿਊਜ਼ ਮੁੰਡੋ ਲਈ
"ਇਸਨੂੰ ਨਾਲ ਰੱਖਣ ਨਾਲ ਮੈਨੂੰ ਸੁਰੱਖਿਅਤ ਮਹਿਸੂਸ ਹੁੰਦਾ ਹੈ।"
ਫਿਲੀਪੀਨਜ਼ ਦੇ ਇੱਕ ਗੈਰ-ਦਸਤਾਵੇਜ਼ੀ ਪਰਵਾਸੀ ਵੇਰੋਨਿਕਾ ਵੇਲਾਸਕਵੇਜ਼ ਲਾਸ ਏਂਜਲਸ ਵਿੱਚ ਰਹਿੰਦੇ ਹਨ ਅਤੇ ਉਹ ਹਮੇਸ਼ਾ ਆਪਣੇ ਬਟੂਏ ਵਿੱਚ ਇੱਕ ਛੋਟਾ ਜਿਹਾ ਰੈੱਡ ਕਾਰਡ ਰੱਖਦੇ ਹਨ।
ਇਸ ਰੈੱਡ ਕਾਰਡ ਨੂੰ ਅਕਸਰ ਹੀ "ਆਪਣੇ ਅਧਿਕਾਰਾਂ ਨੂੰ ਜਾਣਨ" ਵਾਲਾ ਕਾਰਡ ਵੀ ਕਹਿ ਦਿੱਤਾ ਜਾਂਦਾ ਹੈ।
ਇਹ ਰੈੱਡ ਕਾਰਡ ਵੇਰੋਨਿਕਾ ਵਰਗੇ ਲੋਕਾਂ ਨੂੰ ਚੇਤੇ ਕਰਾਉਂਦਾ ਹੈ ਕਿ ਉਨ੍ਹਾਂ ਦੇ ਸੰਵਿਧਾਨਕ ਅਧਿਕਾਰ ਕੀ ਹਨ ਅਤੇ ਅਮਰੀਕਾ ਵਿੱਚ ਇਮੀਗ੍ਰੇਸ਼ਨ ਅਤੇ ਕਸਟਮਜ਼ ਇਨਫੋਰਸਮੈਂਟ (ਆਈਸੀਈ) ਏਜੰਟਾਂ ਨਾਲ ਨਜਿੱਠਣ ਵੇਲੇ ਕੀ ਕਰਨਾ ਚਾਹੀਦਾ ਹੈ।

ਇਹ ਕਾਰਡ ਲਗਭਗ ਦੋ ਦਹਾਕੇ ਪਹਿਲਾਂ ਇਮੀਗ੍ਰੈਂਟ ਲੀਗਲ ਰਿਸੋਰਸ ਸੈਂਟਰ (ਆਈਐਲਆਰਸੀ) ਨੇ ਬਣਾਇਆ ਸੀ ਅਤੇ ਵਰਤਮਾਨ ਵਿੱਚ ਇਹ 19 ਭਾਸ਼ਾਵਾਂ ਵਿੱਚ ਉਪਲੱਬਧ ਹੈ।
ਜਦੋਂ ਤੋਂ ਡੌਨਲਡ ਟਰੰਪ ਨੇ 20 ਜਨਵਰੀ ਨੂੰ ਇੱਕ ਵਾਰ ਫਿਰ ਦੇਸ਼ ਦੀ ਵਾਗਡੋਰ ਸਾਂਭੀ ਹੈ, ਤਾਂ ਉਨ੍ਹਾਂ ਨੇ "ਦੇਸ਼ ਦੇ ਇਤਿਹਾਸ ਵਿੱਚ ਸਭ ਤੋਂ ਵੱਡੇ ਦੇਸ਼ ਨਿਕਾਲੇ" ਦੇ ਆਪਣੇ ਵਾਅਦਾ ਮੁਤਾਬਕ ਕੰਮ ਕਰਨਾ ਸ਼ੁਰੂ ਕੀਤਾ ਹੈ। ਉਦੋਂ ਤੋਂ ਹੀ ਇਸ ਰੈੱਡ ਕਾਰਡ ਦੀ ਮੰਗ ਵਿੱਚ ਬਹੁਤ ਵੱਡਾ ਵਾਧਾ ਹੋਇਆ ਹੈ।
ਆਈਐਲਆਰਸੀ ਦਾ ਕਹਿਣਾ ਹੈ ਕਿ "(5 ਨਵੰਬਰ) ਦੀਆਂ ਰਾਸ਼ਟਰਪਤੀ ਚੋਣਾਂ ਤੋਂ ਬਾਅਦ, ਸਾਨੂੰ ਕੁੱਲ ਨੌਂ ਮਿਲੀਅਨ ਕਾਰਡਾਂ ਲਈ ਬੇਨਤੀਆਂ ਪ੍ਰਾਪਤ ਹੋਈਆਂ ਹਨ, ਜੋ ਕਿ ਪਿਛਲੇ 17 ਸਾਲਾਂ ਦੀ ਕੁੱਲ ਗਿਣਤੀ ਤੋਂ ਵੀ ਵੱਧ ਹਨ।''
ਰੈੱਡ ਕਾਰਡ ਨੂੰ "ਆਪਣੇ ਅਧਿਕਾਰਾਂ ਨੂੰ ਜਾਣਨ" ਵਾਲਾ ਕਾਰਡ ਵੀ ਕਹਿੰਦੇ

ਤਸਵੀਰ ਸਰੋਤ, Handout
ਸੰਯੁਕਤ ਰਾਜ ਅਮਰੀਕਾ ਵਿੱਚ ਹਰ ਕਿਸੇ ਨੂੰ, ਉਨ੍ਹਾਂ ਦੀ ਇਮੀਗ੍ਰੇਸ਼ਨ ਸਥਿਤੀ ਦੀ ਪਰਵਾਹ ਕੀਤੇ ਬਿਨਾਂ, ਦੇਸ਼ ਦੇ ਸੰਵਿਧਾਨ ਦੁਆਰਾ ਕੁਝ ਗਾਰੰਟੀਸ਼ੁਦਾ ਅਧਿਕਾਰ ਪ੍ਰਾਪਤ ਹਨ।
ਆਈਐਲਆਰਸੀ ਦਾ ਰੈੱਡ ਕਾਰਡ ਇਸ ਗੱਲ ਬਾਰੇ ਦੱਸਦੇ ਹੈ ਕਿ ਜੋ ਲੋਕ ਦੇਸ਼ ਨਿਕਾਲੇ ਦੇ ਜੋਖ਼ਮ ਵਿੱਚ ਹਨ ਅਤੇ ਜਦੋਂ ਆਈਸੀਈ ਏਜੰਟ ਉਨ੍ਹਾਂ ਦੇ ਘਰ ਆਉਂਦੇ ਹਨ ਤਾਂ ਉਹ ਕਿਵੇਂ ਇਨ੍ਹਾਂ ਅਧਿਕਾਰਾਂ ਦੀ ਵਰਤੋਂ ਕਿਵੇਂ ਕਰ ਸਕਦੇ ਹਨ।
ਇਹ ਕਾਰਡ, ਪੰਜਵੇਂ ਸੋਧ ਦੇ ਅਧਿਕਾਰ ਦੀ ਵਰਤੋਂ ਕਰਦੇ ਹੋਏ ਚੁੱਪ ਰਹਿਣ ਦੀ ਸਿਫਾਰਸ਼ ਕਰਦਾ ਹੈ। ਇਸ ਤਰ੍ਹਾਂ ਨਾਲ ਇਹ, ਇਮੀਗ੍ਰੇਸ਼ਨ ਏਜੰਟਾਂ ਦੇ ਕਿਸੇ ਵੀ ਸਵਾਲ ਦਾ ਜਵਾਬ ਦੇਣ ਤੋਂ ਇਨਕਾਰ ਹੋਏ ਵਿਅਕਤੀਆਂ ਨੂੰ ਆਪਣੇ ਆਪ ਨੂੰ ਦੋਸ਼ੀ ਠਹਿਰਾਏ ਜਾਣ ਲਈ ਮਜਬੂਰ ਹੋਣ ਤੋਂ ਬਚਾਉਂਦਾ ਹੈ।
ਕਾਰਡ ਇਹ ਵੀ ਸਲਾਹ ਦਿੰਦਾ ਹੈ ਕਿ ਕੋਈ ਵੀ ਏਜੰਟ ਜਿਸ ਕੋਲ ਜੱਜ ਦੇ ਦਸਖ਼ਤ ਵਾਲਾ ਵਾਰੰਟ ਨਾ ਹੋਵੇ, ਉਸ ਨੂੰ ਆਪਣੇ ਘਰ ਵਿੱਚ ਨਾ ਆਉਣ ਦਿਓ। ਜੇਕਰ ਕੋਈ ਏਜੰਟ ਅਜਿਹਾ ਕਰਦਾ ਹੈ ਤਾਂ ਉਹ ਚੌਥੇ ਸੋਧ ਦੀ ਉਲੰਘਣਾ ਕਰੇਗਾ (ਜੋ ਲੋਕਾਂ ਨੂੰ ਸਰਕਾਰ ਦੁਆਰਾ "ਗੈਰ-ਵਾਜਬ" ਤਲਾਸ਼ੀਆਂ ਅਤੇ ਜ਼ਬਤੀਆਂ ਤੋਂ ਬਚਾਉਂਦਾ ਹੈ)।
ਇਸ ਕਾਰਡ ਦਾ ਇਹ ਰੰਗ ਫੁੱਟਬਾਲ ਵਿੱਚ ਵਰਤੇ ਜਾਂਦੇ ਕਾਰਡਾਂ ਨਾਲ ਪ੍ਰੇਰਿਤ ਹੈ। ਫੁੱਟਬਾਲ ਮੈਚਾਂ ਵਿੱਚ ਰੈਫਰੀ ਖਿਡਾਰੀਆਂ ਨੂੰ ਪਿੱਚ ਤੋਂ ਬਾਹਰ ਭੇਜਣ ਲਈ ਰੈੱਡ ਕਾਰਡ ਵਰਤਦੇ ਹਨ।

ਤਸਵੀਰ ਸਰੋਤ, Getty Images
ਕੈਲੀਫੋਰਨੀਆ ਸਥਿਤ ਆਈਐਲਆਰਸੀ ਦਾ ਕਹਿਣਾ ਹੈ ਕਿ ਗੈਰ-ਕਾਨੂੰਨੀ ਕਾਮਿਆਂ ਨੂੰ ਨਿਸ਼ਾਨਾ ਬਣਾਉਣ ਵਾਸਤੇ ਛਾਪੇ ਮਾਰੇ ਜਾਂਦੇ ਸਨ ਅਤੇ ਉਸ ਨਾਲ ''ਭਾਈਚਾਰੇ ਵਿੱਚ ਦਹਿਸ਼ਤ'' ਪੈਦਾ ਹੋ ਗਈ ਸੀ। ਇਸ ਨੂੰ ਦੇਖਦੇ ਹੋਏ ਹੀ, ਉਨ੍ਹਾਂ ਨੂੰ 2007 ਵਿੱਚ ਇਸ ਕਾਰਡ ਦਾ ਵਿਚਾਰ ਆਇਆ ਸੀ।
ਇਹ ਸੰਗਠਨ ਗੈਰ-ਮੁਨਾਫ਼ਾ ਸੰਗਠਨਾਂ ਅਤੇ ਕਾਰੋਬਾਰਾਂ ਨੂੰ ਕਾਰਡ ਵੰਡਦਾ ਹੈ ਤਾਂ ਜੋ ਅੱਗੇ ਇਹ ਕਾਰਡ ਸਕੂਲਾਂ, ਚਰਚਾਂ, ਕਲੀਨਿਕਾਂ ਜਾਂ ਫੂਡ ਬੈਂਕਾਂ ਵਿੱਚ, ਪਰਵਾਸੀਆਂ ਅਤੇ ਸ਼ਰਣ ਮੰਗਣ ਵਾਲਿਆਂ ਨਾਲ ਕੰਮ ਕਰਨ ਵਾਲੇ ਵਕੀਲਾਂ ਨੂੰ ਵੰਡੇ ਜਾ ਸਕਣ।
ਕੋਈ ਵੀ ਵਿਅਕਤੀ ਵੈੱਬਸਾਈਟ ਤੋਂ ਟੈਂਪਲੇਟ ਡਾਊਨਲੋਡ ਕਰਕੇ ਵੀ ਇਨ੍ਹਾਂ ਨੂੰ ਪ੍ਰਿੰਟ ਕਰ ਸਕਦਾ ਹੈ।
ਕਾਰਡ ਦੇ ਡਿਜ਼ਾਈਨ ਦਾ ਇੱਕ ਪਾਸਾ ਅੰਗਰੇਜ਼ੀ ਵਿੱਚ ਹੈ ਅਤੇ ਦੂਜਾ ਉਪਭੋਗਤਾ ਦੀ ਮੂਲ ਭਾਸ਼ਾ ਵਿੱਚ।
ਇਸਨੂੰ ਪੰਜਾਬੀ, ਸਪੈਨਿਸ਼, ਪੁਰਤਗਾਲੀ, ਅਰਬੀ, ਕ੍ਰੀਓਲ, ਰੂਸੀ, ਯੂਕਰੇਨੀ, ਵੀਅਤਨਾਮੀ ਅਤੇ ਚੀਨੀ ਭਾਸ਼ਾ ਦੇ ਨਾਲ-ਨਾਲ ਕਈ ਹੋਰ ਭਾਸ਼ਾਵਾਂ ਵਿੱਚ ਛਾਪਿਆ ਜਾ ਸਕਦਾ ਹੈ, ਜੋ ਕਿ ਅਮਰੀਕਾ ਵਿੱਚ ਆਬਾਦੀ ਦੀ ਵਿਭਿੰਨਤਾ ਨੂੰ ਉਜਾਗਰ ਕਰਦਾ ਹੈ।
ਪਿਊ ਰਿਸਰਚ ਸੈਂਟਰ ਦੇ ਵਿਸ਼ਲੇਸ਼ਣ ਦੇ ਅਨੁਸਾਰ, 2022 ਵਿੱਚ ਅਮਰੀਕਾ ਵਿੱਚ 11 ਮਿਲੀਅਨ ਗੈਰ-ਦਸਤਾਵੇਜ਼ੀ ਪਰਵਾਸੀ ਸਨ।
ਇਹ ਗਿਣਤੀ ਅਮਰੀਕਾ ਵਿੱਚ ਸਾਰੇ ਪਰਵਾਸੀਆਂ ਦਾ 23% ਅਤੇ ਕੁੱਲ ਆਬਾਦੀ ਦਾ 3.3% ਬਣਦੀ ਹੈ।
ਲਗਭਗ 40 ਲੱਖ ਪਰਵਾਸੀ ਮੂਲ ਰੂਪ ਵਿੱਚ ਮੈਕਸੀਕੋ ਤੋਂ ਸਨ ਅਤੇ ਲਗਭਗ 20 ਲੱਖ ਲੋਕ ਮੱਧ ਅਮਰੀਕਾ ਦੇ ਉੱਤਰੀ ਤਿਕੋਣ (ਅਲ ਸੈਲਵਾਡੋਰ, ਹੋਂਡੂਰਸ ਅਤੇ ਗੁਆਟੇਮਾਲਾ) ਵਿੱਚ ਪੈਦਾ ਹੋਏ ਹਨ।
ਹੋਰ ਮਹਾਂਦੀਪਾਂ ਤੋਂ ਵੀ ਵੱਡੇ ਭਾਈਚਾਰੇ ਇੱਥੇ ਮੌਜੂਦ ਹਨ। ਗੈਰ ਕਾਨੂੰਨੀ ਨਿਵਾਸੀਆਂ ਵਿੱਚੋਂ ਲਗਭਗ 1.7 ਮਿਲੀਅਨ ਦਾ ਜਨਮ ਏਸ਼ੀਆ ਵਿੱਚ ਹੋਇਆ ਸੀ, ਜਿਨ੍ਹਾਂ ਵਿੱਚ 7,25,000 ਭਾਰਤ ਤੋਂ ਅਤੇ 3,75,000 ਚੀਨ ਤੋਂ ਹਨ।
ਸਾਲ 2022 ਵਿੱਚ ਲਗਭਗ 375,000 ਲੋਕ ਅਫਰੀਕਾ ਤੋਂ ਵੀ ਸਨ। 2019 ਤੋਂ 2022 ਤੱਕ ਇਨ੍ਹਾਂ ਦੀ ਗਿਣਤੀ ਵਿੱਚ 1,00,000 ਦਾ ਵਾਧਾ ਹੋਇਆ ਹੈ।

ਤਸਵੀਰ ਸਰੋਤ, AFP
ਇਨ੍ਹਾਂ ਗੈਰ-ਦਸਤਾਵੇਜ਼ੀ ਪਰਵਾਸੀਆਂ ਵਿੱਚੋਂ ਬਹੁਤ ਸਾਰਿਆਂ ਲਈ ਕਾਰਕੁੰਨਾਂ ਦਾ ਕਹਿਣਾ ਹੈ ਕਿ ਰੈੱਡ ਕਾਰਡ 'ਤੇ ਸੂਚੀਬੱਧ ਅਧਿਕਾਰਾਂ ਦਾ ਦਾਅਵਾ ਕਰਨਾ ਦੇਸ਼ ਵਿੱਚ ਰਹਿਣ ਜਾਂ ਦੇਸ਼ ਨਿਕਾਲਾ ਦਿੱਤੇ ਜਾਣ ਵਿੱਚ ਅੰਤਰ ਹੋ ਸਕਦਾ ਹੈ।
ਕੈਲੀਫੋਰਨੀਆ ਦੇ ਨਿਊਪੋਰਟ ਬੀਚ ਵਿੱਚ ਕੋਸਟਲਾਈਨ ਯੂਨੀਵਰਸਿਟੀ ਦੇ ਡ੍ਰੀਮ ਪ੍ਰੋਜੈਕਟ ਸੈਂਟਰ ਤੋਂ ਡਾਲੀਆ ਜ਼ੇਟੀਨਾ ਕਹਿੰਦੇ ਹਨ, "ਇਹ ਇੱਕ ਸਧਾਰਨ ਸਾਧਨ ਹੈ, ਪਰ ਇਸਦਾ ਵੱਡਾ ਪ੍ਰਭਾਵ ਹੋ ਸਕਦਾ ਹੈ।"
ਬੀਬੀਸੀ ਮੁੰਡੋ ਨਾਲ ਗੱਲ ਕਰਦਿਆਂ ਉਹ ਕਹਿੰਦੇ ਹਨ, "ਇਹ ਕਾਰਡ ਧਾਰਕ ਨੂੰ ਘਰ ਬਾਹਰ ਨਿਕਲਣ ਜਾਂ ਕੰਮ 'ਤੇ ਜਾਣ ਵੇਲੇ ਸੁਰੱਖਿਅਤ ਮਹਿਸੂਸ ਕਰਨ ਵਿੱਚ ਵੀ ਮਦਦ ਕਰਦਾ ਹੈ।"
"ਜੇਕਰ ਕੋਈ ਏਜੰਟ ਤੁਹਾਨੂੰ ਰੋਕਦਾ ਹੈ ਤਾਂ ਤੁਸੀਂ ਸ਼ਾਇਦ ਘਬਰਾ ਜਾਓਗੇ। ਅਜਿਹੇ ਵਿੱਚ ਸਿਰਫ਼ ਕਾਰਡ ਫੜ੍ਹੋ ਅਤੇ ਪੜ੍ਹ ਦੇਵੋ, ਜਾਂ ਸਿੱਧਾ ਉਨ੍ਹਾਂ ਨੂੰ ਦੇਵੋ।''
ਜਿਸ ਕੇਂਦਰ ਲਈ ਜ਼ੇਟੀਨਾ ਕੰਮ ਕਰਦੇ ਹਨ, ਉਸ ਨੇ ਸਪੈਨਿਸ਼, ਤਾਗਾਲੋਗ ਅਤੇ ਵੀਅਤਨਾਮੀ ਭਾਈਚਾਰੇ ਵਿੱਚ 700 ਕਾਰਡ ਵੰਡੇ ਹਨ।
ਟਰੰਪ ਪ੍ਰਸ਼ਾਸਨ ਦਾ ਇਸ ਕਾਰਡ ਬਾਰੇ ਕੀ ਕਹਿਣਾ ਹੈ

ਤਸਵੀਰ ਸਰੋਤ, Reuters
ਐਨਜੀਓ ਅਤੇ ਵਲੰਟੀਅਰਾਂ ਦਾ ਕਹਿਣਾ ਹੈ ਕਿ ਉਹ ਕਾਨੂੰਨੀ ਰਿਹਾਇਸ਼ ਤੋਂ ਬਿਨਾਂ ਪਰਵਾਸੀਆਂ ਦੀ ਮਦਦ ਕਰ ਰਹੇ ਹਨ।
ਪਰ ਟਰੰਪ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਅਜਿਹੇ ਐਨਜੀਓ ਅਤੇ ਵਲੰਟੀਅਰਾਂ ਦੀਆਂ ਗਤੀਵਿਧੀਆਂ ਦੀ ਭਾਰੀ ਆਲੋਚਨਾ ਕੀਤੀ ਹੈ।
ਟੌਮ ਹੋਮਨ, ਟਰੰਪ ਦੇ "ਸਰਹੱਦੀ ਜ਼ਾਰ" ਹਨ, ਜੋ ਕਿ ਦੇਸ਼ ਨਿਕਾਲੇ ਦੇ ਕਾਰਜਾਂ ਦੇ ਇੰਚਾਰਜ ਹਨ। ਉਹ ਕਹਿੰਦੇ ਹਨ ਕਿ "ਉਹ (ਵਲੰਟੀਅਰ) ਇਸਨੂੰ 'ਆਪਣੇ ਅਧਿਕਾਰਾਂ ਨੂੰ ਜਾਣੋ' ਕਹਿੰਦੇ ਹਨ, ਮੈਂ ਇਸਨੂੰ 'ਗ੍ਰਿਫਤਾਰੀ ਤੋਂ ਕਿਵੇਂ ਬਚੀਏ' ਕਹਿੰਦਾ ਹਾਂ।"
ਉਨ੍ਹਾਂ ਫੌਕਸ ਨਿਊਜ਼ ਨੂੰ ਦੱਸਿਆ, "ਸਾਨੂੰ ਅਪਰਾਧੀ ਪਰਵਾਸੀਆਂ ਨੂੰ ਦੇਸ਼ ਨਿਕਾਲਾ ਦੇਣ ਤੋਂ ਕੁਝ ਵੀ ਨਹੀਂ ਰੋਕ ਸਕਦਾ। ਤੁਹਾਡੀ ਮਦਦ ਮਿਲੇ ਜਾਂ ਨਾ ਮਿਲੇ, ਅਸੀਂ ਆਪਣਾ ਕੰਮ ਕਰਾਂਗੇ।"
ਇਮੀਗ੍ਰੇਸ਼ਨ 'ਤੇ ਸਖ਼ਤੀ ਕਰਨਾ ਟਰੰਪ ਦੇ ਮੁੱਖ ਚੋਣ ਵਾਅਦਿਆਂ ਵਿੱਚੋਂ ਇੱਕ ਸੀ ਅਤੇ ਜਦੋਂ ਤੋਂ ਉਨ੍ਹਾਂ ਨੇ ਅਹੁਦਾ ਸੰਭਾਲਿਆ ਹੈ, ਘਰਾਂ ਅਤੇ ਕਾਰਜ ਸਥਾਨਾਂ 'ਤੇ ਛਾਪੇਮਾਰੀ ਵਿੱਚ ਤੇਜ਼ੀ ਆਈ ਹੈ।

ਤਸਵੀਰ ਸਰੋਤ, Getty Images
ਨਵੇਂ ਪ੍ਰਸ਼ਾਸਨ ਨੇ ਆਪਣੇ ਯਤਨਾਂ ਦਾ ਪ੍ਰਚਾਰ ਕਰਨ ਲਈ ਸੋਸ਼ਲ ਮੀਡੀਆ ਦੀ ਵਰਤੋਂ ਕੀਤੀ ਹੈ।
ਵ੍ਹਾਈਟ ਹਾਊਸ, ਡਿਪਾਰਟਮੈਂਟ ਆਫ਼ ਹੋਮਲੈਂਡ ਸਿਕਿਓਰਿਟੀ (ਡੀਐਚਐਸ) ਅਤੇ ਆਈਸੀਈ ਰੋਜ਼ਾਨਾ ਉਨ੍ਹਾਂ ਲੋਕਾਂ ਦੀਆਂ ਤਸਵੀਰਾਂ ਪ੍ਰਕਾਸ਼ਤ ਕਰਦੇ ਹਨ ਜਿਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਕਈ ਵਾਰ ਇਹ ਤਸਵੀਰਾਂ ਉਨ੍ਹਾਂ ਦੇ ਦੇਸ਼ ਨਿਕਲੇ ਵੇਲੇ ਉਡਾਣ ਭਰਨ ਸਮੇਂ ਦੀਆਂ ਹੁੰਦੀਆਂ ਹਨ ਜਾਂ ਹੱਥਾਂ-ਪੈਰਾਂ ਨੂੰ ਜੰਜ਼ੀਰਾਂ ਨਾਲ ਬੰਨ੍ਹਿਆ ਹੋਇਆ ਦਿਖਾਉਂਦੀਆਂ ਹਨ।
ਅਮਰੀਕੀ ਸਰਕਾਰ ਦਾ ਕਹਿਣਾ ਹੈ ਕਿ ਇਹ ਕਾਰਵਾਈਆਂ ਕੌਮੀ ਸੁਰੱਖਿਆ ਦੇ ਹਿੱਤ ਵਿੱਚ ਹਨ ਅਤੇ ਉਹ "ਅਪਰਾਧੀਆਂ" ਨੂੰ ਵਾਪਸ ਭੇਜ ਰਹੇ ਹਨ।
ਹਾਲਾਂਕਿ, ਐਨਬੀਸੀ ਨਿਊਜ਼ ਦੁਆਰਾ ਪ੍ਰਾਪਤ ਅੰਕੜੇ ਦਰਸਾਉਂਦੇ ਹਨ ਕਿ ਗ੍ਰਿਫਤਾਰ ਕੀਤੇ ਗਏ 40% ਤੋਂ ਵੱਧ ਲੋਕਾਂ ਦਾ ਕੋਈ ਅਪਰਾਧਿਕ ਰਿਕਾਰਡ ਨਹੀਂ ਸੀ।
ਉਨ੍ਹਾਂ ਪਾਇਆ ਕਿ ਫਰਵਰੀ ਦੇ ਪਹਿਲੇ ਦੋ ਹਫ਼ਤਿਆਂ ਵਿੱਚ ਆਈਸੀਈ ਦੁਆਰਾ ਗ੍ਰਿਫਤਾਰ ਕੀਤੇ ਗਏ 4,422 ਲੋਕਾਂ ਵਿੱਚੋਂ, 1,800 (41%) 'ਤੇ ਕੋਈ ਚਾਰਜ ਜਾਂ ਲੰਬਿਤ ਅਪਰਾਧਿਕ ਚਾਰਜ ਨਹੀਂ ਸਨ।
ਇਮੀਗ੍ਰੇਸ਼ਨ ਏਜੰਟ ਦਾ ਸਾਹਮਣਾ ਕਰਨ ਦਾ ਡਰ ਗੈਰ-ਦਸਤਾਵੇਜ਼ੀ ਪਰਵਾਸੀਆਂ ਵਿੱਚ ਜੰਗਲ ਦੀ ਅੱਗ ਵਾਂਗ ਫੈਲ ਗਿਆ ਹੈ।
ਇਸ ਮਾਹੌਲ ਵਿੱਚ, ਰੈੱਡ ਕਾਰਡ ਵਰਗਾ ਸਰਲ ਸਾਧਨ ਬਹੁਤ ਵੱਡਾ ਫ਼ਰਕ ਪਾ ਸਕਦਾ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












