ਭਾਰਤੀ ਲੋਕ ਵਿਦੇਸ਼ਾਂ ਤੋਂ ਕਿੰਨਾ ਸੋਨਾ ਲਿਆ ਸਕਦੇ, ਇਸ ਬਾਰੇ ਕੀ ਨਿਯਮ ਹਨ

ਸੋਨੇ ਦੇ ਗਹਿਣੇ (ਸੰਕੇਤਿਕ ਤਸਵੀਰ)

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਭਾਰਤ ਵਿੱਚ ਸੋਨੇ ਦੇ ਗਹਿਣਿਆਂ ਨੂੰ ਬਹੁਤ ਪਸੰਦ ਕੀਤਾ ਜਾਂਦਾ ਹੈ (ਸੰਕੇਤਿਕ ਤਸਵੀਰ)
    • ਲੇਖਕ, ਚਰਨਜੀਤ ਕੌਰ ਸੰਧੂ
    • ਰੋਲ, ਬੀਬੀਸੀ ਪੱਤਰਕਾਰ

ਸੋਨੇ ਦੀ ਸੱਗੀ ਉੱਤੇ ਸੱਜਦੀ ਜ਼ੰਜੀਰ ਓਏ

ਨੌਕਰ ਤੇ ਹੋ ਗਿਆ ਸਾਡੀ ਨਣਦ ਦਾ ਵੀਰ ਓਏ ...

ਪੰਜਾਬੀ ਲੋਕ ਗੀਤ ਦੀਆਂ ਇਹ ਸਤਰਾਂ ਪੰਜਾਬੀ ਸੁਆਣੀਆਂ ਦੀ ਸੋਨੇ ਦੇ ਗਹਿਣਿਆਂ ਪ੍ਰਤੀ ਖਿੱਚ ਦਾ ਪ੍ਰਤੀਕ ਹਨ।

ਵੈਸੇ ਭਾਰਤੀ ਉੱਪ ਮਹਾਂਦੀਪ ਵਿੱਚ ਸੋਨੇ ਪ੍ਰਤੀ ਦਿਵਾਨਗੀ ਕਿਸੇ ਤੋਂ ਲੁਕੀ ਨਹੀਂ ਹੈ। ਇਹੀ ਕਾਰਨ ਹੈ ਕਿ ਭਾਰਤ ਸੋਨਾ ਖਰੀਦਦਾਰਾਂ ਦੀ ਗਿਣਤੀ ਵਿੱਚ ਮੋਹਰੀ ਹੈ।

ਭਾਰਤ ਵਿੱਚ ਸੋਨੇ ਦੀ ਵੱਡੀ ਮੰਗ ਦੀ ਇੱਕ ਵਜ੍ਹਾ ਹੈ ਕਿ ਇੱਥੇ ਭਾਰੀ ਮਾਤਰਾ ਵਿੱਚ ਸੋਨੇ ਦੀ ਦਰਾਮਦਗੀ ਦਾ ਹੋਣਾ।

ਪਰ ਇਹ ਸੋਨਾ ਕਾਨੂੰਨੀ ਅਤੇ ਗੈਰ ਕਾਨੂੰਨੀ ਦੋਵੇਂ ਤਰੀਕਿਆਂ ਨਾਲ ਭਾਰਤ ਵਿੱਚ ਲਿਆਂਦਾ ਜਾਂਦਾ ਹੈ।

ਬੀਬੀਸੀ ਪੰਜਾਬੀ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ 'ਤੇ ਕਲਿੱਕ ਕਰੋ

ਸੋਨੇ ਦੀ ਤਸਕਰੀ ਦੀਆਂ ਖ਼ਬਰਾਂ ਆਏ ਦਿਨ ਮੀਡੀਆ ਦੀਆਂ ਸੁਰਖੀਆਂ ਵੀ ਬਣਦੀਆਂ ਹਨ, ਕਦੇ ਕਿਸੇ ਹਵਾਈ ਅੱਡੇ ਉੱਤੇ, ਕਦੇ ਕਿਸੇ ਬੰਦਰਗਾਹ ਉੱਤੇ, ਸੋਨੇ ਦੀ ਤਸਕਰੀ ਦੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ।

ਕਦੇ ਵਾਲਾ ਦੇ ਵਿਗ ਵਿੱਚ ਸੋਨਾ ਲੁਕੋ ਕੇ ਲੈ ਲਿਆਉਣ ਦੀ ਕੋਸ਼ਿਸ਼ ਹੁੰਦੀ ਹੈ, ਕਦੇ ਕਰੀਮ ਦੇ ਡੱਬੇ ਵਿੱਚ ਲਕੋ ਕੇ।

ਤਾਜ਼ਾ ਮਾਮਲਾ ਇੱਕ ਫ਼ਿਲਮ ਅਦਾਕਾਰਾ ਨਾਲ ਜੁੜਿਆ ਹੈ, ਜਿਸ ਉੱਤੇ ਦੁਬਈ ਤੋਂ ਸੋਨੇ ਦੀ ਸਮੱਗਲਿੰਗ ਦੇ ਇਲਜ਼ਾਮ ਲੱਗੇ ਹਨ।

ਰਿਪੋਰਟਾਂ ਮੁਤਾਬਕ ਕੰਨੜ ਫਿਲਮਾਂ ਦੀ ਅਦਾਕਾਰਾ ਰਾਨਿਆ ਰਾਵ ਨੂੰ ਡਾਇਰੈਕਟੋਰੇਟ ਆਫ ਰੈਵਨਿਊ ਇੰਟੈਲੀਜੈਂਸ ਦੇ ਅਧਿਕਾਰੀਆਂ ਨੇ ਬੈਂਗਲੁਰੂ ਵਿੱਚ ਕੈਂਪੇਗੌੜਾ ਕੌਮਾਂਤਰੀ ਏਅਰਪੋਰਟ ਤੋਂ ਸੋਮਵਾਰ ਰਾਤ ਨੂੰ ਗ੍ਰਿਫ਼ਤਾਰ ਕੀਤਾ।

ਅਧਿਕਾਰੀਆਂ ਮੁਤਾਬਕ ਅਦਾਕਾਰਾ ਰਾਨਿਆ ਰਾਵ ਕੋਲੋਂ 14.8 ਕਿੱਲੋਗ੍ਰਾਮ ਸੋਨਾ ਮਿਲਿਆ ਹੈ। ਇਸ ਸੋਨੇ ਦੀ ਕੀਮਤ ਮੌਜੂਦਾ ਬਜ਼ਾਰੀ ਭਾਅ ਮੁਤਾਬਕ ਲਗਭਗ 12 ਕਰੋੜ ਰੁਪਏ ਦੱਸੀ ਜਾ ਰਹੀ ਹੈ।

ਅਦਾਕਾਰਾ ਰਾਨਿਆ ਰਾਵ ਕਰਨਾਟਕ ਦੇ ਡਾਇਰੈਕਟਰ ਜਨਰਲ ਦੇ ਅਹੁਦੇ ਉੱਤੇ ਤੈਨਾਤ ਇੱਕ ਆਈਪੀਐੱਸ ਅਧਿਕਾਰੀ ਦੀ ਧੀ ਹੈ।

ਕੰਨੜ ਅਤੇ ਤਾਮਿਲ ਫ਼ਿਲਮ ਅਦਾਕਾਰਾ ਰਾਨਿਆ ਰਾਵ

ਤਸਵੀਰ ਸਰੋਤ, RANYARAO/X

ਤਸਵੀਰ ਕੈਪਸ਼ਨ, ਕੰਨੜ ਅਤੇ ਤਾਮਿਲ ਫ਼ਿਲਮ ਅਦਾਕਾਰਾ ਰਾਨਿਆ ਰਾਵ ਨੂੰ ਗ਼ੈਰ-ਕਾਨੂੰਨੀ ਸੋਨੇ ਦੀ ਤਸਕਰੀ ਦੇ ਮਾਮਲੇ ਵਿੱਚ ਬੈਂਗਲੁਰੂ ਹਵਾਈ ਅੱਡੇ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ

ਕਿਵੇਂ ਲੁਕਾਇਆ ਸੀ ਸੋਨਾ

ਡੀਆਰਆਈ ਨੇ ਬੁੱਧਵਾਰ ਨੂੰ ਜਾਰੀ ਆਪਣੇ ਬਿਆਨ ਵਿੱਚ ਕਿਹਾ,"ਗੋਲਡ ਬਾਰ ਬਹੁਤ ਚਲਾਕੀ ਨਾਲ ਸਰੀਰ ਵਿੱਚ ਲੁਕਾਇਆ ਗਿਆ ਸੀ।"

ਸੋਨੇ ਦੀਆਂ ਛੜੀਆਂ ਨੂੰ ਇੱਕ ਖਾਸ ਤਰ੍ਹਾਂ ਦੀ ਬੈਲਟ ਵਿੱਚ ਲੁਕਾਇਆ ਗਿਆ ਸੀ, ਜੋ ਉਨ੍ਹਾਂ ਦੇ ਸਰੀਰ ਨਾਲ ਬੰਨੀ ਹੋਈ ਸੀ। ਇਸਦੇ ਨਾਲ ਹੀ ਉਨ੍ਹਾਂ ਕੋਲੋਂ 800 ਗ੍ਰਾਮ ਦੇ ਗਹਿਣੇ ਵੀ ਬਰਾਮਦ ਹੋਏ ਹਨ।

ਏਅਰਪੋਰਟ ਤੋਂ ਗ੍ਰਿਫ਼ਤਾਰ ਕਰਨ ਦੇ ਬਾਅਦ, ਡੀਆਰਆਈ ਦੇ ਅਧਿਕਾਰੀਆਂ ਨੇ ਉਨ੍ਹਾਂ ਦੇ ਘਰ ਦੀ ਤਲਾਸ਼ੀ ਲਈ ਸੀ।

ਤਲਾਸ਼ੀ ਦੇ ਦੌਰਾਨ, ਉਨ੍ਹਾਂ ਦੇ ਘਰ ਤੋਂ 2.06 ਕਰੋੜ ਰੁਪਏ ਦੇ ਸੋਨੇ ਦੇ ਗਹਿਣੇ ਅਤੇ 2.67 ਕਰੋੜ ਰੁਪਏ ਨਕਦ ਜ਼ਬਤ ਕੀਤੇ ਗਏ ਹਨ।

ਡੀਆਰਆਈ ਨੇ ਕਿਹਾ, ਮਹਿਲਾ ਮੁਸਾਫ਼ਰ ਨੂੰ ਕਸਟਮ ਐਕਟ 1963 ਦੇ ਤਹਿਤ ਗ੍ਰਿਫ਼ਤਾਰ ਕਰ ਨਿਆਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ।"

ਇਸ ਮਾਮਲੇ ਵਿੱਚ ਕੁੱਲ 17.29 ਕਰੋੜ ਰੁਪਏ ਜ਼ਬਤ ਕੀਤੇ ਗਏ ਹਨ।

ਡੀਆਰਆਈ ਨੇ ਦਾਅਵਾ ਕੀਤਾ ਹੈ ਕਿ 14.18 ਕਿੱਲੋਗ੍ਰਾਮ ਸੋਨੇ ਦੀ ਇਹ ਬਰਾਮਦਗੀ ਬੈਂਗਲੁਰੂ ਕੌਮਾਂਤਰੀ ਏਅਰਪੋਰਟ ਉੱਤੇ ਹਾਲ ਦੇ ਸਮੇਂ ਦੀਆਂ ਸਭ ਤੋਂ ਵੱਡੀਆਂ ਜ਼ਬਤੀਆਂ ਵਿੱਚੋਂ ਇੱਕ ਹੈ।

ਅਧਿਕਾਰੀਆਂ ਨੇ ਦੱਸਿਆ ਹੈ ਕਿ ਰਾਨਿਆ ਦਾ ਦਾਅਵਾ ਹੈ ਕਿ ਉਹ ਕਾਰੋਬਾਰ ਵਾਸਤੇ ਦੁਬਈ ਸਫ਼ਰ ਕਰ ਰਹੇ ਸਨ।

ਫਿਲਮ ਅਦਾਕਾਰ ਦੀ ਗ੍ਰਿਫ਼ਤਾਰੀ ਤੋਂ ਬਾਅਦ ਲੋਕਾਂ ਵਿੱਚ ਇਹ ਜਗਿਆਸਾ ਉੱਠ ਰਹੀ ਹੈ ਕਿ ਆਖ਼ਰ ਵਿਦੇਸ਼ ਖਾਸਕਰ ਅਰਬ ਮੁਲਕਾਂ ਤੋਂ ਲੋਕ ਸੋਨੇ ਕਿਉਂ ਲਿਆਂਉਦੇ ਹਨ।

ਸੋਨਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਡਿਊਟੀ ਫ੍ਰੀ ਦਾ ਮਤਲਬ ਹੈ, ਨਿਯਮਾਂ ਅਨੁਸਾਰ ਲਿਆਂਦੀ ਗਈ ਤੈਅ ਮਾਤਰਾ ਉੱਤੇ ਕੋਈ ਟੈਕਸ ਜਾਂ ਡਿਊਟੀ ਨਹੀਂ ਲੱਗੇਗੀ

ਵਿਦੇਸ਼ ਤੋਂ ਕੋਈ ਸ਼ਖ਼ਸ ਕਿੰਨਾ ਸੋਨਾ ਲਿਆ ਸਕਦਾ ਹੈ?

ਭਾਰਤ ਦੇ ਸੈਂਟਰਲ ਬੋਰਡ ਆਫ ਇਨਡਾਇਰੈਕਟ ਟੈਕਸ ਐਂਡ ਕਸਟਮਜ਼ ਦੀ ਵੈੱਬਸਾਈਟ ਉੱਤੇ ਦਿੱਤੀ ਜਾਣਕਾਰੀ ਅਨੁਸਾਰ ਬੈਗਜ ਰੂਲ 2016 ਮੁਤਾਬਕ ਨਿਯਮਾਂ ਮੁਤਾਬਕ ਭਾਰਤੀ ਤੈਅ ਮਾਤਰਾ ਵਿੱਚ ਡਿਊਟੀ ਫ੍ਰੀ ਸੋਨਾ ਲਿਆ ਸਕਦੇ ਹਨ।

ਡਿਊਟੀ ਫ੍ਰੀ ਦਾ ਮਤਲਬ ਹੈ, ਉਨ੍ਹਾਂ ਵੱਲੋਂ ਲਿਆਂਦੀ ਉਸ ਤੈਅ ਮਾਤਰਾ ਉੱਤੇ ਕੋਈ ਟੈਕਸ ਜਾਂ ਡਿਊਟੀ ਨਹੀਂ ਲੱਗੇਗੀ।

ਇਸ ਨਿਯਮ ਤਹਿਤ ਪੁਰਸ਼ 20 ਗ੍ਰਾਮ ਸੋਨਾ ਲਿਆ ਸਕਦੇ ਹਨ ਪਰ ਇਸ ਦੀ ਕੀਮਤ 50 ਹਜ਼ਾਰ ਤੱਕ ਹੋਣੀ ਚਾਹੀਦੀ ਹੈ। ਔਰਤਾਂ 40 ਗ੍ਰਾਮ ਸੋਨਾ ਲਿਆ ਸਕਦੀਆਂ ਹਨ, ਜਿਸ ਦੀ ਕੀਮਤ 1 ਲੱਖ ਰੁਪਏ ਤੱਕ ਹੋਣੀ ਚਾਹੀਦੀ ਹੈ।

15 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਵੀ 40 ਗ੍ਰਾਮ ਸੋਨਾ ਲਿਆਉਣ ਦੀ ਛੋਟ ਮਿਲਦੀ ਹੈ ਪਰ ਇਸ ਦੇ ਲਈ ਕਿਸੇ ਬਾਲਗ ਨਾਲ ਰਿਸ਼ਤਾ ਦੱਸਣਾ ਲਾਜ਼ਮੀ ਹੈ।

ਸੀਬੀਆਈਸੀ ਨੇ ਸਾਰਿਆਂ ਦੇ ਲਈ ਸੋਨਾ ਲਿਆਉਣ ਉੱਤੇ ਫੀਸ ਨਿਰਧਾਰਿਤ ਕੀਤੀ ਹੋਈ ਹੈ।

ਪਾਸਪੋਰਟ ਐਕਟ 1967 ਦੇ ਅਨੁਸਾਰ ਭਾਰਤੀ ਨਾਗਰਿਕ (ਗਹਿਣੇ ਅਤੇ ਸਿੱਕੇ) ਹਰ ਪ੍ਰਕਾਰ ਦਾ ਸੋਨਾ ਲਿਆ ਸਕਦਾ ਹੈ।

ਸੋਨੇ ਦੀ ਖ਼ਰੀਦਦਾਰੀ ਦੇ ਮਾਮਲੇ ਵਿੱਚ ਭਾਰਤ
ਤਸਵੀਰ ਕੈਪਸ਼ਨ, ਸੋਨੇ ਦੀ ਖ਼ਰੀਦਦਾਰੀ ਦੇ ਮਾਮਲੇ ਵਿੱਚ ਭਾਰਤ ਦੁਨੀਆਂ ਵਿੱਚ ਮੋਹਰੀ ਦੇਸ਼ ਹੈ।

ਕੌਣ ਕਿੰਨਾ ਸੋਨਾ ਲਿਆ ਸਕਦਾ ਹੈ

ਸੈਂਟਰਲ ਬੋਰਡ ਆਫ ਇਨਡਾਇਰੈਕਟ ਟੈਕਸ ਐਂਡ ਕਸਟਮਜ਼ ਦੀ ਵੈੱਬਸਾਈਟ ਉੱਤੇ ਛਪੀ ਜਾਣਕਾਰੀ ਦੇ ਮੁਤਾਬਕ ਉਹ ਲੋਕ ਜਿਨ੍ਹਾਂ ਕੋਲ ਭਾਰਤੀ ਪਾਸਪੋਰਟ ਐਕਟ, 1967 ਦੇ ਅਧੀਨ ਜਾਰੀ ਹੋਇਆ ਯੋਗ ਪਾਸਪੋਰਟ ਹੈ ਅਤੇ ਉਹ ਘੱਟੋ-ਘੱਟ 6 ਮਹੀਨੇ ਵਿਦੇਸ਼ ਰਹਿ ਕੇ ਭਾਰਤ ਪਰਤ ਰਹੇ ਹੋਣ ਉਹ ਸੋਨਾ ਲਿਆ ਸਕਦੇ ਹਨ।

ਕਸਟਮ ਮਾਮਲਿਆਂ ਨਾਲ ਨਜਿੱਠਣ ਵਾਲੇ ਵਕੀਲ ਆਸ਼ੀਸ਼ ਪਾਂਡੇ ਕਹਿੰਦੇ ਹਨ, "ਬੈਗਜ਼ ਵਿੱਚ ਸੋਨਾ ਲਿਆਂਦਾ ਜਾ ਸਕਦਾ ਹੈ ਪਰ ਇਸ ਬਾਰੇ ਸਬੰਧਿਤ ਅਥਾਰਿਟੀ ਨੂੰ ਜਾਣਕਾਰੀ ਦੇਣੀ ਹੁੰਦੀ ਹੈ।"

ਉਹ ਦੱਸਦੇ ਹਨ, "ਜਿਨ੍ਹਾਂ ਲੋਕਾਂ ਕੋਲ ਭਾਰਤੀ ਪਾਸਪੋਰਟ ਹੈ ਜਾਂ ਓਵਰਸੀਜ਼ ਸਿਟੀਜਨ ਆਫ਼ ਇੰਡੀਆ (ਓਸੀਆਈ) ਹੋਲਡਰ ਹਨ , ਜੋ 6 ਮਹੀਨਿਆਂ ਬਾਅਦ ਭਾਰਤ ਆ ਰਹੇ ਹਨ, ਉਨ੍ਹਾਂ ਲਈ 6.5 ਫੀਸਦ ਡਿਊਟੀ ਦੇਣੀ ਪੈਂਦੀ ਹੈ।

ਉਹ ਅਗਾਂਹ ਦੱਸਦੇ ਹਨ, "ਉਹ ਲੋਕ ਜੋ ਟੂਰਿਸਟ ਵੀਜ਼ਾ ਉੱਤੇ ਬਾਹਰ ਗਏ ਸਨ ਅਤੇ ਕੁਝ ਦਿਨਾਂ ਭਾਵ 3-4 ਦਿਨਾਂ ਬਾਅਦ ਵਾਪਸ ਆ ਰਹੇ ਹਨ ਉਨ੍ਹਾਂ ਨੂੰ 44 ਫੀਸਦ ਡਿਊਟੀ ਦੇਣੀ ਪੈਂਦੀ ਹੈ।"

ਵਕੀਲ ਆਸੀਸ਼ ਪਾਂਡੇ ਕਹਿੰਦੇ ਹਨ, "ਬੈਗਜ਼ ਰੂਲ 2016 ਸੋਨੇ ਦੇ ਦਾਰਮਦ-ਬਰਾਮਦ ਲਈ ਨਹੀਂ ਹੈ,ਬੈਗਜ਼ ਰੂਲ ਦੇ ਤਹਿਤ ਸਿਰਫ ਨਿੱਜੀ ਇਸਤੇਮਾਲ ਦੀਆਂ ਚੀਜ਼ਾ ਲਿਆਉਣ ਦੀ ਇਜਾਜ਼ਤ ਮਿਲਦੀ ਹੈ।"

ਨਿਯਮਾਂ ਨੂੰ ਬਦਲਣ ਦੀ ਵੀ ਮੰਗ ਉੱਠਦੀ ਰਹਿੰਦੀ ਹੈ।

ਵਕੀਲ ਆਸ਼ੀਸ਼ ਪਾਂਡੇ ਮੁਤਾਬਕ ਇਸ ਬਾਰੇ ਦਿੱਲੀ ਕੋਰਟ ਵਿੱਚ ਇੱਕ ਪਟੀਸ਼ਨ ਵੀ ਪਾਈ ਗਈ ਸੀ ਕਿ ਬੈਗਜ਼ ਰੂਲ 2016 ਨੂੰ ਮੁੜ ਤੋਂ ਪੜਤਾਲਿਆ ਜਾਣਾ ਚਾਹੀਦਾ ਹੈ।

ਉਹ ਕਹਿੰਦੇ ਹਨ, "ਮੁਸਾਫਰਾਂ ਵਿੱਚ ਸਸ਼ੋਪੰਜ ਦੀ ਸਥਿਤੀ ਘਟਾਉਣ ਲਈ ਦਿੱਲੀ ਹਾਈਕੋਰਟ ਨੇ ਸੈਂਟਰਲ ਬੋਰਡ ਆਫ਼ ਇਨਡਾਇਰੈਕਟ ਟੈਕਸ ਐਂਡ ਕਸਟਮਜ਼ ਨੂੰ ਰੂਲਜ਼ਮ ਮੁੜ ਵਿਚਾਰਨ ਲਈ ਕਿਹਾ ਸੀ , ਭਾਵ ਜਾਂ ਤਾਂ ਬਾਜ਼ਾਰ ਦੀਆਂ ਕੀਮਤਾਂ ਦੇ ਹਿਸਾਬ ਨਾਲ ਇਸ ਨੂੰ ਆਂਕਿਆ ਜਾਵੇ ਜਾਂ ਥਰੈਸ਼ ਹੋਲਡ ਲਿਮਟ ਵਧਾਈ ਜਾਵੇ, ਜਿਵੇਂ ਕਿ ਜੇਕਰ 40 ਗ੍ਰਾਮ ਦੀ ਇਜਾਜ਼ਤ ਹੈ ਤਾਂ 40 ਗ੍ਰਾਮ ਦੀ ਇਜਾਜ਼ਤ ਹੀ ਰਹੇ ਜਾਂ ਫਿਰ 1 ਲੱਖ ਰੁਪਏ ਦੇ ਹਿਸਾਬ ਨਾਲ ਆਂਕਿਆ ਜਾਵੇ।"

ਦੁਬਈ ਤੋਂ ਵੱਧ ਸੋਨਾ ਕਿਉਂ ਲਿਆਂਉਦੇ ਹਨ

ਸੋਨਾ

ਤਸਵੀਰ ਸਰੋਤ, PIB

ਤਸਵੀਰ ਕੈਪਸ਼ਨ, ਡੀਆਰਆਈ ਨੇ ਰਾਨਿਆ ਤੋਂ ਬਰਾਮਦ ਹੋਏ ਸੋਨੇ ਦੀ ਇਹ ਤਸਵੀਰ ਜਾਰੀ ਕੀਤੀ ਹੈ।

ਭਾਰਤ ਵਿੱਚ ਸੋਨੇ ਦੀ ਕੀਮਤ ਦੇ ਵਿੱਚ ਜੀਐੱਸਟੀ ਸਣੇ ਹੋਰ ਟੈਕਸ ਜੁੜਨ ਕਾਰਨ ਇੱਥੇ ਸੋਨਾ ਦਾ ਭਾਅ ਕਾਫੀ ਵੱਧ ਜਾਂਦਾ ਹੈ। ਦੂਜੇ ਪਾਸੇ ਦੁਬਈ ਵਿੱਚ ਸੋਨੇ ਉੱਤੇ ਕੋਈ ਟੈਕਸ ਨਹੀਂ ਹੈ ਇਸੇ ਲਈ ਭਾਰਤ ਨਾਲੋਂ ਦੁਬਈ ਵਿੱਚ ਸੋਨਾ ਕੁਝ ਸਸਤਾ ਮਿਲ ਜਾਂਦਾ ਹੈ।

ਪਰ ਭਾਰਤੀ ਏਅਰਪੋਰਟਸ ਉੱਤੇ ਕਈ ਲੋਕਾਂ ਨੂੰ ਸਮੱਗਲਿੰਗ ਦੇ ਇਲਜ਼ਾਮਾਂ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ।

ਸੰਯੁਕਤ ਅਰਬ ਅਮੀਰਾਤ ਵਿੱਚ 5 ਮਾਰਚ 2025 ਨੂੰ 24 ਕੈਰੇਟ ਗੋਲਡ ਦੇ 10 ਗ੍ਰਾਮ ਦੀ ਕੀਮਤ 83,670 ਰੁਪਏ ਸੀ, ਉਧਰ ਭਾਰਤ ਵਿੱਚ 87,980 ਰੁਪਏ ਸੀ।

ਵਿਦੇਸ਼ ਤੋਂ ਆਉਣ ਬਾਅਦ ਏਅਰਪੋਰਟ ਉੱਤੇ ਤੈਅ ਹੱਦ ਤੋਂ ਵੱਧ ਸੋਨਾ ਲਿਆਉਣ ਦੀ ਜਾਣਕਾਰੀ ਦੇਣੀ ਹੁੰਦੀ ਹੈ, ਜੇਕਰ ਕੋਈ ਇਸ ਨੂੰ ਲੁਕੋ ਲੈਂਦਾ ਹੈ ਤਾਂ ਇਸ ਨੂੰ ਤਸਕਰੀ ਮੰਨਿਆ ਜਾਂਦਾ ਹੈ।

ਵਕੀਲ ਆਸ਼ੀਸ਼ ਪਾਂਡੇ ਕਹਿੰਦੇ ਹਨ ਕਿ ਵਿਦੇਸ਼ ਤੋਂ ਸੋਨਾ ਲਿਆਉਂਦੇ ਵੇਲੇ ਲੋਕਾਂ ਦੇ ਮਨ ਵਿੱਚ ਸੋਨੇ ਦੀ ਸ਼ੁੱਧਤਾ ਦਾ ਖ਼ਿਆਲ ਰਹਿੰਦਾ ਹੈ।

ਵਕੀਲ ਆਸ਼ੀਸ਼ ਪਾਂਡੇ ਦੱਸਦੇ ਹਨ ਪਰ ਸੋਨਾ ਲਿਆਉਣ ਸਮੇਂ ਕਈ ਬੇਨਿਯਮੀਆਂ ਦੋ ਜਾਂਦੀਆਂ ਹਨ, ਜਿਸ ਕਾਰਨ ਕਸਟਮ ਐਕਟ ਦੇ ਤਹਿਤ ਵਿਅਕਤੀ ਦੀ ਗ੍ਰਿਫ਼ਤਾਰੀ ਹੋ ਜਾਂਦੀ ਹੈ।

ਸੋਨਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸਿਰਫ ਨਿੱਜੀ ਇਸਤੇਮਾਲ ਦੀਆਂ ਚੀਜ਼ਾ ਲਿਆਉਣ ਦੀ ਇਜਾਜ਼ਤ ਮਿਲਦੀ ਹੈ

ਕਿੱਥੋਂ ਆਉਂਦਾ ਹੈ ਸਭ ਤੋਂ ਜ਼ਿਆਦਾ ਸਮੱਗਲ ਕੀਤਾ ਸੋਨਾ?

ਖਾੜੀ ਮੁਲਕਾਂ ਵਿੱਚੋਂ ਸੋਨੇ ਦੀ ਤਸਕਰੀ ਦਾ ਸਭ ਤੋਂ ਵੱਡਾ ਕਾਰਨ ਇਸ ਦੀ ਘੱਟ ਕੀਮਤ ਹੀ ਹੈ। ਇੱਥੇ ਸਰਕਾਰ ਸੋਨੇ ਉੱਤੇ ਟੈਕਸ ਨਹੀਂ ਲੈਂਦੀ ਹੈ। ਇਸਦੇ ਕਾਰਨ ਇਸਦੀ ਕੀਮਤ ਘੱਟ ਹੋ ਜਾਂਦੀ ਹੈ।

ਸਸਤੇ ਸੋਨੇ ਨੂੰ ਖਰੀਦਕੇ ਭਾਰਤ ਵਿੱਚ ਵੇਚਣ ਦੀ ਚਾਹ ਨਾਲ ਤਸਕਰੀ ਦਾ ਰਾਹ ਵੀ ਖੁੱਲ੍ਹਦਾ ਹੈ।

ਦੇਸ਼ ਵਿੱਚ ਸਭ ਤੋਂ ਵੱਧ ਸੋਨਾ ਸੰਯੁਕਤ ਅਰਬ ਅਮੀਰਾਤ ਤੋਂ ਆਉਂਦਾ ਹੈ। ਇਸਦੇ ਬਾਅਦ ਮੀਆਂਮਾਰ ਦੂਜੇ ਨੰਬਰ ਉੱਤੇ ਹੈ। ਇਸ ਦੇ ਇਲਾਵਾ ਕੁਝ ਅਫਰੀਕੀ ਮੁਲਕਾਂ ਤੋਂ ਵੀ ਤਸਕਰ ਸੋਨਾ ਲਿਆਉਂਦੇ ਹਨ।

ਡੀਆਰਆਈ ਦੇ ਅਧਿਕਾਰੀਆਂ ਦੀ ਮੰਨੀਏ ਤਾਂ ਤਸਕਰੀ ਦਾ 10 ਫੀਸਦ ਸੋਨਾ ਹੀ ਫੜਿਆ ਜਾਂਦਾ ਹੈ। ਸੀਬੀਆਈਸੀ ਨੇ 2023-24 ਵਿੱਚ ਕਰੀਬ 4,869.6 ਕਿੱਲੋ ਗ੍ਰਾਮ ਸੋਨਾ ਫੜਿਆ ਸੀ।

ਮਹਾਰਾਸ਼ਟਰ, ਕੇਰਲ ਅਤੇ ਤਮਿਲਨਾਡੂ ਤੋਂ ਸੋਨੇ ਦੀ ਤਸਕਰੀ ਦੇ ਮਾਮਲੇ ਵੱਧ ਸਾਹਮਣੇ ਆਉਂਦੇ ਹਨ। ਕਰੀਬ 60 ਫੀਸਦ ਤਸਕਰੀ ਦੇ ਕੇਸ ਇੱਥੇ ਹੀ ਦਰਜ ਹੁੰਦੇ ਹਨ।

ਸੋਨੇ ਦੀ ਤਸਕਰੀ ਬਾਰੇ ਸੀਬੀਆਈਸੀ ਦੇ ਚੇਅਰਮੈਨ ਸੰਜੇ ਕੁਮਾਰ ਅਗਰਵਾਲ ਨੇ ਹਾਲ ਹੀ ਵਿੱਚ ਕਿਹਾ ਸੀ ਕਿ ਆਯਾਤ ਉੱਤੇ ਚਾਰਜ 15 ਤੋਂ 6 ਫੀਸਦ ਕਰਨ ਬਾਅਦ ਤਸਕਰੀ ਵਿੱਚ ਕਮੀ ਆਈ ਹੈ।

ਸੋਨਾ ਤਸਕਰੀ ਕਰਦੇ ਵੇਲੇ ਜੇਕਰ ਕੋਈ ਫੜਿਆ ਜਾਂਦਾ ਹੈ ਤਾਂ ਵੱਖ-ਵੱਖ ਧਾਰਾਵਾਂ ਤਹਿਤ ਮੁਕੱਦਮਾ ਦਰਜ ਹੁੰਦਾ ਹੈ। ਇਸ ਵਿੱਚ ਦੋਸ਼ੀ ਸਾਬਿਤ ਹੋਣ ਉੱਤੇ 5 ਲੱਖ ਦਾ ਜੁਰਮਾਨਾ , ਉਮਰ ਕੈਦ ਅਤੇ ਵਿਦੇਸ਼ ਯਾਤਰਾ ਉੱਤੇ ਤਾਅ ਉਮਰ ਰੋਕ ਵੀ ਲੱਗ ਸਕਦੀ ਹੈ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)