ਆਈਪੀਐੱਲ ਵਿੱਚ ਪੰਜਾਬ ਕਿੰਗਜ਼ ਦੇ ਪਹਿਲੀ ਵਾਰ ਫਾਈਨਲ 'ਚ ਪੁੱਜਣ ਦੀ ਕਹਾਣੀ ਤੇ ਰਿਕਾਰਡ

ਪੰਜਾਬ ਕਿੰਗਜ਼ ਦੀ ਖੇਡ ਵਰਦੀ ਵਿੱਚ ਅਰਸ਼ਦੀਪ ਸਿੰਘ ਅਤੇ ਸ਼ਰੇਆਸ ਅਈਯਰ

ਤਸਵੀਰ ਸਰੋਤ, Surjeet Yadav/MB Media/Getty Images

ਤਸਵੀਰ ਕੈਪਸ਼ਨ, ਧਰਮਸ਼ਾਲਾ ਵਿੱਚ 4 ਮਈ, 2025 ਨੂੰ ਲਖਨਊ ਸੁਪਰ ਜਾਇੰਟਸ ਖ਼ਿਲਾਫ਼ ਮੈਚ ਦੌਰਾਨ ਸ਼ਰੇਆਸ ਅਈਯਰ ਅਤੇ ਅਰਸ਼ਦੀਪ ਸਿੰਘ
ਪੜ੍ਹਨ ਦਾ ਸਮਾਂ: 5 ਮਿੰਟ

ਆਈਪੀਐੱਲ ਦੇ 19ਵੇਂ ਸੀਜ਼ਨ ਵਿੱਚ ਪੰਜਾਬ ਕਿੰਗਜ਼ ਵੱਲੋਂ ਸ਼ਾਨਦਾਰ ਪ੍ਰਦਰਸ਼ਨ ਕੀਤਾ ਜਾ ਰਿਹਾ। ਪੰਜਾਬ ਕਿੰਗਜ਼ ਨੇ ਹੁਣ ਤੱਕ ਇਸ ਸੀਜ਼ਨ ਵਿੱਚ ਕੋਈ ਵੀ ਮੁਕਾਬਲਾ ਨਹੀਂ ਹਾਰਿਆ ਜਦਕਿ ਕੋਲਕਾਤਾ ਨਾਈਟ ਰਾਈਡਰਜ਼ ਨਾਲ ਇੱਕ ਮੈਚ ਮੀਂਹ ਕਾਰਨ ਰੱਦ ਹੋ ਗਿਆ ਸੀ।

ਪੰਜਾਬ ਕਿੰਗਜ਼ ਛੇ ਮੈਚ ਜਿੱਤ ਕੇ 13 ਅੰਕਾਂ ਨਾਲ ਟੌਪ 'ਤੇ ਬਣੀ ਹੋਈ ਹੈ। ਪੰਜਾਬ ਕਿੰਗਜ਼ ਦਾ ਮੰਗਲਵਾਰ ਯਾਨੀ ਅੱਜ ਰਾਜਸਥਾਨ ਰਾਇਲਜ਼ ਨਾਲ ਮੁਕਾਬਲਾ ਹੋਵੇਗਾ। ਇਹ ਮੈਚ ਨਿਊ ਚੰਡੀਗੜ੍ਹ ਦੇ ਮੁਲਾਂਪੁਰ ਵਿੱਚ ਖੇਡਿਆ ਜਾਵੇਗਾ।

ਇਸ ਸੀਜ਼ਨ ਵਿੱਚ ਦੋਨੋਂ ਟੀਮਾਂ ਪਹਿਲੀ ਵਾਰ ਆਹਮੋ ਸਾਹਮਣੇ ਹੋਣਗੀਆਂ। ਪੰਜਾਬ ਕਿੰਗਜ਼ ਆਪਣੀ ਜੇਤੂ ਲੈਅ ਨੂੰ ਬਰਕਰਾਰ ਰੱਖਣਾ ਚਾਵੇਗੀ। ਜਦਕਿ ਰਾਜਸਥਾਨ ਦੀ ਕੋਸ਼ਿਸ਼ ਪੰਜਾਬ ਦਾ ਜੇਤੂ ਰੱਥ ਰੋਕਣ ਦੀ ਰਹੇਗੀ।

ਰਾਜਸਥਾਨ ਰਾਇਲਜ਼ ਵੀ ਇਸ ਸੀਜ਼ਨ ਵਿੱਚ ਚੰਗਾ ਪ੍ਰਦਰਸ਼ਨ ਕਰ ਰਹੀ ਹੈ। ਪੰਜਾਬ ਕਿੰਗਜ਼ ਜਿੱਥੇ ਅੰਕ ਸੂਚੀ ਵਿੱਚ ਟੌਪ 'ਤੇ ਬਣੀ ਹੋਈ ਹੈ ਉੱਥੇ ਰਾਜਸਥਾਨ ਚੌਥੇ ਨੰਬਰ 'ਤੇ ਹੈ।

ਰਾਜਸਥਾਨ ਨੇ ਹੁਣ ਤੱਕ 8 ਮੈਚ ਖੇਡੇ ਹਨ ਜਿਨ੍ਹਾਂ ਵਿੱਚੋਂ 5 ਵਿੱਚ ਜਿੱਤ ਮਿਲੀ ਜਦਕਿ 3 ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ।

ਪੰਜਾਬ ਕਿੰਗਜ਼ ਨੂੰ ਘਰੇਲੂ ਮੈਦਾਨ 'ਤੇ ਐਡਵਾਂਟੇਜ

ਪੰਜਾਬ ਕਿੰਗਜ਼ ਦੇ ਝੰਡੇ ਫੜੀ ਮਹਿਲਾ ਸਮਰਥਕਾਂ ਮੈਚ ਦਾ ਆਨੰਦ ਮਾਣਦੀਆਂ ਹੋਈਆਂ

ਤਸਵੀਰ ਸਰੋਤ, Surjeet Yadav/MB Media/Getty Images

ਤਸਵੀਰ ਕੈਪਸ਼ਨ, 1 ਜੂਨ, 2025 ਨੂੰ ਅਹਿਮਦਾਬਾਦ ਵਿੱਚ ਮੁੰਬਈ ਇੰਡੀਅਨਜ਼ ਤੇ ਪੰਜਾਬ ਕਿੰਗਜ਼ ਵਿਚਕਾਰ ਖੇਡੇ ਗਏ ਮੈਚ ਦੌਰਾਨ ਪੰਜਾਬ ਕਿੰਗਜ਼ ਦੇ ਪ੍ਰਸ਼ੰਸਕ

ਪੰਜਾਬ ਕਿੰਗਜ਼ ਇੱਕ ਵਾਰ ਫਿਰ ਆਪਣੇ ਘਰੇਲੂ ਮੈਦਾਨ 'ਤੇ ਖੇਡਣ ਉੱਤਰੇਗੀ। ਇਸ ਸੀਜ਼ਨ ਵਿੱਚ ਪੰਜਾਬ ਕਿੰਗਜ਼ ਦਾ ਪ੍ਰਦਰਸ਼ਨ ਆਪਣੇ ਘਰੇਲੂ ਮੈਦਾਨ 'ਤੇ ਵੀ ਚੰਗਾ ਰਿਹਾ ਹੈ।

ਹੁਣ ਤੱਕ ਪੰਜਾਬ ਨੇ ਮੁੱਲਾਂਪੁਰ ਵਿੱਚ ਤਿੰਨ ਮੈਚ ਖੇਡੇ ਹਨ। ਘਰੇਲੂ ਮੈਦਾਨ ਉੱਤੇ ਪੰਜਾਬ ਕਿੰਗਜ਼ ਨੇ ਗੁਜਰਾਤ ਟਾਈਟਨਜ਼, ਸਨਰਾਈਜ਼ਰਸ ਹੈਦਰਾਬਾਦ ਤੇ ਲਖਨਊ ਸੁਪਰਜਾਇੰਟਸ ਨੂੰ ਹਰਾਇਆ ਹੈ।

ਪੰਜਾਬ ਕਿੰਗਜ਼ ਦਾ ਲਗਾਤਾਰ ਦੂਜਾ ਸਾਲ ਹੈ ਜਦੋਂ ਉਸ ਨੇ ਆਪਣੇ ਲਾਜਵਾਬ ਪ੍ਰਦਰਸ਼ਨ ਨਾਲ ਸਭ ਦਾ ਧਿਆਨ ਖਿੱਚਿਆ ਹੋਵੇ। ਬੀਤੇ ਸੀਜ਼ਨ ਵੀ ਪੰਜਾਬ ਕਿੰਗਜ਼ ਨੇ ਚੰਗਾ ਪ੍ਰਦਰਸ਼ਨ ਕੀਤਾ ਸੀ।

ਜਦੋਂ ਪੰਜਾਬ ਕਿੰਗਜ਼ ਪਹਿਲੀ ਵਾਰ ਪਹੁੰਚੀ ਸੀ ਫਾਈਨਲ 'ਚ

ਪੰਜਾਬ ਕਿੰਗਜ਼ ਦੀ ਸਹਿ ਮਾਲਕ ਪ੍ਰੀਟੀ ਜ਼ਿੰਟਾ ਮੈਚ ਦਾ ਆਨੰਦ ਮਾਣਦੇ ਹੋਏ ਅਤੇ ਤਾੜੀਆਂ ਮਾਰਦੇ ਹੋਏ।

ਤਸਵੀਰ ਸਰੋਤ, Pankaj Nangia/Getty Images

ਤਸਵੀਰ ਕੈਪਸ਼ਨ, ਬੰਗਲੁਰੂ ਵਿੱਚ ਆਰਸੀਬੀ ਨਾਲ ਹੋਏ ਮੈਚ ਦਾ ਆਨੰਦ ਮਾਣਦੀ ਹੋਈ ਪੰਜਾਬ ਕਿੰਗਜ਼ ਦੀ ਸਹਿ-ਮਾਲਿਕ ਪ੍ਰੀਟੀ ਜ਼ਿੰਟਾ, ਤਸਵੀਰ 18 ਅਪ੍ਰੈਲ 2025 ਦੀ ਹੈ।

ਪਿਛਲੇ ਸੀਜ਼ਨ ਵਿੱਚ ਪੰਜਾਬ ਕਿੰਗਜ਼ ਜਦੋਂ ਫਾਈਨਲ ਆਰਸੀਬੀ ਹੱਥੋਂ ਹਾਰੀ ਤਾਂ ਪੰਜਾਬ ਦੇ ਫੈਨਜ਼ ਦਾ ਦਿਲ ਟੁਟਿਆ, ਪਰ ਇਸ ਤੋਂ ਪਹਿਲਾਂ ਇੱਕ ਸਾਲ ਅਜਿਹਾ ਵੀ ਸੀ ਜਦੋਂ ਪੰਜਾਬ ਦੀ ਟੀਮ ਨੇ ਸਭ ਨੂੰ ਹਿਲਾ ਕੇ ਰੱਖ ਦਿੱਤਾ ਸੀ ਤੇ ਕੁਝ ਅਜਿਹਾ ਹੀ ਦੇਖਣ ਨੂੰ ਮਿਲਿਆ ਸੀ, ਉਹ ਸਾਲ ਸੀ 2014।

ਪੰਜਾਬ ਆਪਣੇ ਪਿਛਲੇ ਸੀਜ਼ਨਾਂ ਵਿੱਚ ਲਗਾਤਾਰ ਪਿਛੜ ਰਹੀ ਸੀ, ਖੇਡ ਮਾਹਰ ਇਸ ਟੀਮ ਨੂੰ ਮੁਕਾਬਲੇ ਵਿੱਚ ਗਿਣ ਨਹੀਂ ਸੀ ਰਹੇ ਪਰ 2014 ਵਿੱਚ ਪੰਜਾਬ ਵਿੱਚ ਸ਼ੁਮਾਰ ਦਿੱਗਜ ਖਿਡਾਰੀਆਂ ਨੇ ਉਹ ਕਮਾਲ ਕੀਤਾ, ਜਿਸ ਬਾਰੇ ਕਿਸੇ ਨੂੰ ਉਮੀਦ ਵੀ ਨਹੀਂ ਸੀ।

ਇਹ ਉਹ ਸਾਲ ਸੀ ਜਦੋਂ ਟੀਮ ਵਿੱਚ ਗਲੇਨ ਮੈਕਸਵੈੱਲ, ਜਾਰਜ ਬੈਲੇ, ਵਰਿੰਦਰ ਸਹਿਵਾਗ, ਸ਼ਾਨ ਮਾਰਸ਼, ਡੈਵਿਡ ਮਿਲਰ ਵਰਗੇ ਦਿੱਗਜ ਖਿਡਾਰੀ ਸਨ, ਇਸ ਟੀਮ ਨੇ ਪੂਰੇ ਸੀਜ਼ਨ ਵਿੱਚ ਆਪਣਾ ਦਬਦਬਾ ਬਣਾ ਕੇ ਰੱਖਿਆ।

ਪੁਆਇੰਟ ਟੇਬਲ ਵਿੱਚ ਟੌਪ 'ਤੇ ਹੋਣ ਕਰਕੇ ਪੰਜਾਬ ਨੂੰ ਫਾਈਨਲ ਵਿੱਚ ਜਾਣ ਲਈ ਦੋ ਮੌਕੇ ਮਿਲੇ, ਪਹਿਲਾ ਮੈਚ ਤਾਂ ਪੰਜਾਬ ਕੋਲਕਾਤਾ ਤੋਂ ਹਾਰ ਗਈ ਪਰ ਦੂਜੇ ਮੌਕੇ ਵਿੱਚ ਪੰਜਾਬ ਦਾ ਮੈਚ ਚੇਨਈ ਸੁਪਰ ਕਿੰਗਜ਼ ਨਾਲ ਸੀ ਜੋ ਆਪਣੀ ਪੂਰੀ ਫੌਰਮ ਵਿੱਚ ਸੀ।

ਪਰ ਵਰਿੰਦਰ ਸਹਿਵਾਗ ਦੀ ਸ਼ਾਨਦਾਰ ਪਾਰੀ ਨੇ ਪੰਜਾਬ ਨੂੰ ਜਿਤਾ ਕੇ ਫਾਈਨਲ ਵਿੱਚ ਪਹੁੰਚਾ ਦਿੱਤਾ।

1 ਜੂਨ 2014 ਨੂੰ ਆਈਪੀਐੱਲ ਦਾ ਫਾਈਨਲ ਪੰਜਾਬ ਤੇ ਕੋਲਕਾਤਾ ਵਿਚਾਲੇ ਬੈਂਗਲੁਰੂ ਵਿੱਚ ਖੇਡਿਆ ਗਿਆ। ਹੁਣ ਤੱਕ ਪੰਜਾਬ ਕੋਲਕਾਤਾ ਤੋਂ ਤਿੰਨ ਮੈਚਾਂ ਵਿੱਚ ਦੋ ਵਾਰ ਹਾਰ ਚੁੱਕੀ ਸੀ ਤੇ ਕਿਸੇ ਮੈਚ ਵਿੱਚ ਵੀ 150 ਦੌੜਾਂ ਵੀ ਨਹੀਂ ਬਣਾ ਸਕੀ ਸੀ।

ਫਾਈਨਲ ਵਿੱਚ ਪੰਜਾਬ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ, ਪਰ ਵਰਿੰਦਰ ਸਹਿਵਾਗ ਤੇ ਜਾਰਜ ਬੈਲੇ ਦੇ ਆਊਟ ਹੋਣ ਨਾਲ ਪੰਜਾਬ ਦੀ ਬੱਲੇਬਾਜ਼ੀ ਫਸਦੀ ਨਜ਼ਰ ਆਈ ਪਰ ਇਸ ਮੈਚ ਵਿੱਚ ਰਿਧੀਮਾਨ ਸਾਹਾ ਦਾ ਬੱਲਾ ਖੂਬ ਚੱਲਿਆ, ਉਹ 115 ਦੌੜਾਂ ਬਣਾ ਕੇ ਨਾਬਾਦ ਰਹੇ, ਇਸ ਤਰਾਂ ਮਨਨ ਵੋਹਰਾ ਨੇ ਵੀ 67 ਦੌੜਾਂ ਬਣਾਈਆਂ, ਪੰਜਾਬ ਨੇ 4 ਵਿਕਟਾ ਗੁਆ ਕੇ 199 ਦੌੜਾਂ ਬਣਾਈਆਂ।

200 ਦੇ ਟੀਚੇ ਦਾ ਪਿਛਾ ਕਰਨ ਉਤਰੀ ਕੋਲਕਾਤਾ ਦੇ ਕਪਤਾਨ ਗੌਤਮ ਗੰਭੀਰ ਤੇ ਰੌਬਿਨ ਉਥਪਾ ਜਲਦੀ ਹੀ ਆਊਟ ਹੋ ਗਏ, ਲੱਗਿਆ ਕਿ ਪੰਜਾਬ ਬਾਜ਼ੀ ਮਾਰ ਜਾਵੇਗਾ ਪਰ ਮਨੀਸ਼ ਪਾਂਡੇ ਦੀ 94 ਤੇ ਯੂਸਫ ਪਠਾਨ ਵੱਲੋਂ 36 ਦੌੜਾਂ ਦੀ ਪਾਰੀ ਨੇ ਮੈਚ ਫਸਾ ਦਿੱਤਾ।

ਕੋਲਕਾਤਾ ਦੇ 189 ਤੇ 7 ਆਊਟ ਸਨ ਤੇ ਸੱਤ ਗੇਂਦਾਂ ਵਿੱਚ ਸਿਰਫ 11 ਦੌੜਾਂ ਚਾਹੀਦੀਆਂ ਸੀ, ਸਾਹਮਣੇ ਸੀ ਪਿਊਸ਼ ਚਾਵਲਾ ਜਿਨ੍ਹਾਂ ਨੇ 19ਵੇਂ ਓਵਰ ਦੀ ਆਖਰੀ ਗੇਂਦ ਤੇ ਸਿਕਸ ਲਗਾ ਕੇ ਮੈਚ ਜਿੱਤ ਦੇ ਨੇੜੇ ਕਰ ਦਿੱਤਾ ਤੇ ਫਿਰ 20ਵੇਂ ਓਵਰ ਦੀ ਤੀਜੀ ਗੇਂਦ ਤੇ ਵਿਨਿੰਗ ਚੌਕਾ ਮਾਰ ਕੇ ਪਿਊਸ਼ ਚਾਵਲਾ ਨੇ ਕੋਲਕਾਤਾ ਨੂੰ ਖਿਤਾਬ ਜਿਤਾ ਦਿੱਤਾ ਤੇ ਪੰਜਾਬ ਦੇ ਹੱਥੋਂ ਉਸ ਦਾ ਪਹਿਲਾ ਖਿਤਾਬ ਆਉਂਦਾ ਆਉਂਦਾ ਖੁਸ ਗਿਆ।

ਪੰਜਾਬ ਕਿੰਗਜ਼ ਦੇ ਨਾਮ ਕਿਹੜੇ ਰਿਕਾਰਡ

ਪੰਜਾਬ ਕਿੰਗਜ਼ ਦਾ ਖਿਡਾਰੀ ਅਰਸ਼ਦੀਪ ਸਿੰਘ ਮੈਚ ਦੌਰਾਨ

ਤਸਵੀਰ ਸਰੋਤ, SAJJAD HUSSAIN/AFP via Getty Images

ਤਸਵੀਰ ਕੈਪਸ਼ਨ, ਲਖਨਊ ਦੇ ਕ੍ਰਿਕਟ ਸਟੇਟਡੀਅਮ ਵਿੱਚ ਪੰਜਾਬ ਕਿੰਗਜ਼ ਦੇ ਖਿਡਾਰੀ ਅਰਸ਼ਦੀਪ ਸਿੰਘ 1 ਅਪ੍ਰੈਲ 2025 ਨੂੰ ਲਖਨਊ ਸੁਪਰ ਜਾਇੰਟਸ ਦੇ ਮਿਚੇਲ ਮਾਰਸ਼ ਦੀ ਵਿਕਟ ਲੈਣ ਬਾਅਦ ਖੁਸ਼ੀ ਮਨਾਉਂਦੇ ਹੋਏ।

ਪੰਜਾਬ ਕਿੰਗਜ਼ ਹੁਣ ਤੱਕ ਖੇਡੇ ਗਏ ਮੁਕਾਬਲਿਆਂ ਵਿੱਚ ਹਮੇਸ਼ਾ ਅੱਗੇ ਰਹੀ ਹੈ। ਕੋਈ ਵੀ ਟੀਮ ਹੋਵੇ ਪੰਜਾਬ ਕਿੰਗਜ਼ ਦਾ ਪ੍ਰਦਰਸ਼ਨ ਹਰੇਕ ਅੱਗੇ ਮੈਚ ਦਰ ਮੈਚ ਨਿੱਖਰ ਕੇ ਆਇਆ ਹੈ।

ਦਿੱਲੀ ਦੇ ਅਰੁਣ ਜੇਟਲੀ ਸਟੇਡੀਅਮ ਵਿੱਚ ਦਿੱਲੀ ਕੈਪੀਟਲਜ਼ ਖ਼ਿਲਾਫ਼ ਖੇਡੇ ਗਏ ਮੈਚ ਵਿੱਚ ਤਾਂ ਪੰਜਾਬ ਨੇ ਇਤਿਹਾਸਕ ਪ੍ਰਦਰਸ਼ਨ ਕੀਤਾ। ਪੰਜਾਬ ਨੇ 265 ਦੌੜਾਂ ਦੇ ਵੱਡੇ ਟੀਚੇ ਨੂੰ ਹਾਸਲ ਕਰਕੇ ਆਪਣੇ ਹੀ ਰਿਕਾਰਡ ਨੂੰ ਤੋੜਿਆ।

ਇਸ ਤੋਂ ਪਹਿਲਾਂ ਸਭ ਤੋਂ ਵੱਡੇ ਰਨ ਚੇਜ਼ ਦਾ ਰਿਕਾਰਡ ਵੀ ਪੰਜਾਬ ਦੇ ਨਾਮ ਸੀ। 2024 ਵਿੱਚ ਪੰਜਾਬ ਨੇ ਈਡਨ ਗਾਰਡਨ 'ਚ ਕੋਲਕਾਤਾ ਨਾਈਟ ਰਾਈਡਰਜ਼ ਵਿਰੁੱਧ 262 ਦੌੜਾਂ ਦਾ ਟੀਚਾ ਹਾਸਲ ਕਰਕੇ ਰਿਕਾਰਡ ਕਾਇਮ ਕੀਤਾ ਸੀ।

ਇਸ ਦੇ ਨਾਲ ਹੀ ਆਈਪੀਐੱਲ ਦੇ ਇਤਿਹਾਸ ਵਿੱਚ ਪੰਜਾਬ ਦੇ ਨਾਮ ਸਭ ਤੋਂ ਘੱਟ ਸਕੋਰ ਨੂੰ ਡਿਫੈਂਡ ਕਰਨ ਦਾ ਰਿਕਾਰਡ ਵੀ ਦਰਜ ਹੈ। 2025 ਦੇ ਸੀਜ਼ਨ ਵਿਚ ਪੰਜਾਬ ਨੇ ਕੋਲਕਾਤਾ ਨਾਈਟ ਰਾਈਡਰਜ਼ ਖਿਲਾਫ ਸਿਰਫ 111 ਦੌੜਾਂ ਦੇ ਛੋਟੇ ਸਕੋਰ ਦਾ ਸਫਲਤਾਪੂਰਵਕ ਬਚਾਅ ਕੀਤਾ ਸੀ ਅਤੇ 16 ਦੌੜਾਂ ਨਾਲ ਜਿੱਤ ਹਾਸਲ ਕੀਤੀ।

ਪੰਜਾਬ ਪਹਿਲੀ ਅਜਿਹੀ ਟੀਮ ਹੈ, ਜੋ ਆਈਪੀਐੱਲ ਦੇ ਇਤਿਹਾਸ ਵਿੱਚ ਆਪਣੇ ਪਹਿਲੇ 6 ਮੈਚਾਂ ਵਿੱਚ ਅਜੇਤੂ ਰਹੀ ਹੈ।

ਪੰਜਾਬ ਕਿੰਗਜ਼ ਦੀਆਂ ਅਹਿਮ ਪ੍ਰਾਪਤੀਆਂ ਵਿੱਚ ਇੱਕ ਇਹ ਵੀ ਹੈ ਕਿ ਪੰਜਾਬ ਆਈ ਪੀ ਐੱਲ ਦੀ ਇਕਲੌਤੀ ਅਜਿਹੀ ਟੀਮ ਹੈ, ਜਿਸ ਨੇ 11 ਵਾਰ 200 ਤੋਂ ਵੱਧ ਦੌੜਾਂ ਦੇ ਟੀਚੇ ਨੂੰ ਚੇਜ਼ ਕੀਤਾ ਹੈ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)