ਭਾਰਤੀ ਕੁਸ਼ਤੀ ਸੰਘ ਭੰਗ: ਗੋਂਡਾ ’ਚ ਚੈਂਪੀਅਨਸ਼ਿਪ ਕਰਵਾ ਕੇ ਬ੍ਰਿਜ ਭੂਸ਼ਣ ਖੇਮਾ ਕੀ ਸੰਦੇਸ਼ ਦੇਣਾ ਚਾਹੁੰਦਾ ਸੀ

ਕੁਸ਼ਤੀ ਸੰਘ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਬਜਰੰਗ ਪੁਨੀਆ, ਸੰਜੇ ਸਿੰਘ ਅਤੇ ਸਾਕਸ਼ੀ ਮਲਿਕ
    • ਲੇਖਕ, ਸੌਰਭ ਦੁੱਗਲ, ਖੇਡ ਪੱਤਰਕਾਰ
    • ਰੋਲ, ਬੀਬੀਸੀ ਲਈ

2023 ਦੀ ਸ਼ੁਰੂਆਤ ਵਿੱਚ ਉਸ ਖੇਡ ਵਿੱਚ ਉਥਲ-ਪੁਥਲ ਦੇਖਣ ਨੂੰ ਮਿਲੀ ਜਿਸ ਖੇਡ ਨੇ ਦੇਸ਼ ਦੀ ਝੋਲੀ ਸਭ ਤੋਂ ਵੱਧ ਵਿਅਕਤੀਗਤ ਓਲੰਪਿਕ ਮੈਡਲ ਪਾਏ।

ਭਾਰਤੀ ਪਹਿਲਵਾਨਾਂ ਵੱਲੋਂ ਜਿੱਤੇ ਗਏ ਸੱਤ ਓਲੰਪਿਕ ਮੈਡਲਾਂ ਵਿੱਚੋਂ, ਛੇ ਪਿਛਲੀਆਂ ਚਾਰ ਓਲੰਪਿਕ ਖੇਡਾਂ ਵਿੱਚ ਜਿੱਤੇ ਗਏ ਸਨ, ਜਿਸ ਵਿੱਚ ਟੋਕੀਓ (2021) ਵਿੱਚ ਜਿੱਤਿਆ ਇੱਕ ਕਾਂਸੀ ਅਤੇ ਇੱਕ ਚਾਂਦੀ ਦਾ ਤਗਮਾ ਸ਼ਾਮਲ ਸੀ।

ਸਾਲ 2023 ਦੀ ਸ਼ੁਰੂਆਤ ਭਾਰਤੀ ਕੁਸ਼ਤੀ ਸੰਘ ਦੇ ਤਤਕਾਲੀ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਣ ਸਿੰਘ ਖਿਲਾਫ਼ ਪ੍ਰਦਰਸ਼ਨ ਨਾਲ ਹੋਈ।

ਜਿਨਸੀ ਸ਼ੋਸ਼ਣ ਦੇ ਇਲਜ਼ਾਮ ਤੇ ਭਾਰਤੀ ਕੁਸ਼ਤੀ ਸੰਘ ਦੇ ਕਾਰਜਾਂ ਵਿੱਚ ਪਾਰਦਰਸ਼ਤਾ ਦੀ ਘਾਟ ਕਾਰਨ ਕੁਸ਼ਤੀ ਸੰਘ ਦੀ ਮਾਨਤਾ ਨੂੰ ਸੱਟ ਵੱਜੀ। ਸਿੱਟੇ ਵਜੋਂ, ਭਾਰਤੀ ਓਲੰਪਿਕ ਅਸੋਸੀਏਸ਼ਨ ਨੇ ਭਾਰਤੀ ਕੁਸ਼ਤੀ ਸੰਘ ਦੇ ਮਾਮਲਿਆਂ ਦੀ ਨਿਗਰਾਨੀ ਕਰਨ ਲਈ ਇੱਕ ਐਡਹਾਕ ਕਮੇਟੀ ਦਾ ਗਠਨ ਕੀਤਾ।

ਭਾਰਤੀ ਕੁਸ਼ਤੀ ਸੰਘ ਦੀ ਨਵੀਂ ਟੀਮ ਦੀ ਚੋਣ ਕਰਨ ਦੀ ਪ੍ਰਕਿਰਿਆ ਨੂੰ ਕੇਂਦਰੀ ਖੇਡ ਮੰਤਰਾਲੇ, ਭਾਰਤ ਦੀ ਓਲੰਪਿਕ ਸੰਸਥਾ, ਕਾਨੂੰਨੀ ਕਾਰਵਾਈਆਂ, ਸੁਪਰੀਮ ਕੋਰਟ ਦੇ ਦਖਲ ਦੀ ਸ਼ਮੂਲੀਅਤ ਦਾ ਸਾਹਮਣਾ ਕਰਨਾ ਪਿਆ ਅਤੇ 21 ਦਸੰਬਰ, 2023 ਨੂੰ ਭਾਰਤੀ ਕੁਸ਼ਤੀ ਸੰਘ ਦੀ ਨਵੀਂ ਟੀਮ ਦੇ ਐਲਾਨ ਨਾਲ ਇਹ ਰੌਲਾ ਸਮਾਪਤ ਹੋਇਆ।

ਬ੍ਰਿਜ ਭੂਸ਼ਣ ਸ਼ਰਨ ਸਿੰਘ ਦੇ ਨਜ਼ਦੀਕੀ, ਉੱਤਰ ਪ੍ਰਦੇਸ਼ ਦੇ ਸੰਜੇ ਸਿੰਘ ਅਤੇ ਵਿਰੋਧ ਕਰਨ ਵਾਲੇ ਪਹਿਲਵਾਨਾਂ ਵੱਲੋਂ ਸਮਰਥਨ ਹਾਸਲ ਉਮੀਦਵਾਰ ਤੇ ਰਾਸ਼ਟਰਮੰਡਲ ਖੇਡਾਂ ਦੀ ਸੋਨ ਤਗਮਾ ਜੇਤੂ ਅਨੀਤਾ ਸ਼ਿਓਰਾਨ ਵਿਚਕਾਰ ਸਿੱਧੀ ਚੋਣ ਹੋਈ।

ਇਸ ਵਿੱਚ ਸੰਜੇ ਸਿੰਘ ਦੇ ਕੈਂਪ ਨੇ 15 ਵਿੱਚੋਂ 13 ਸੀਟਾਂ ਜਿੱਤ ਕੇ ਬਾਜ਼ੀ ਮਾਰੀ। ਮਹੱਤਵਪੂਰਨ 33 ਵੋਟਾਂ ਦੇ ਫਰਕ ਨਾਲ ਪ੍ਰਧਾਨਗੀ ਦਾ ਫ਼ੈਸਲਾ ਹੋਇਆ। ਸੰਜੇ ਸਿੰਘ ਨੂੰ 40 ਤੇ ਅਨੀਤਾ ਸ਼ਿਓਰਾਨ ਨੂੰ 7 ਵੋਟਾਂ ਮਿਲੀਆਂ।

ਬ੍ਰਿਜ ਭੂਸ਼ਣ ਦਾ ਪ੍ਰਭਾਵ

ਬ੍ਰਿਜ ਭੂਸ਼ਣ

ਤਸਵੀਰ ਸਰੋਤ, RAJEEV SINGH RANU

ਤਸਵੀਰ ਕੈਪਸ਼ਨ, ਪ੍ਰਧਾਨਗੀ ਸੰਭਾਲਣ ਮਗਰੋਂ ਸੰਜੇ ਸਿੰਘ ਨੂੰ ਸੱਤਾਧਾਰੀ ਭਾਰਤੀ ਜਨਤਾ ਪਾਰਟੀ ਦੇ ਸੰਸਦ ਮੈਂਬਰ ਬ੍ਰਿਜ ਭੂਸ਼ਣ ਦੇ ਨਾਲ ਦੇਖਿਆ ਗਿਆ

ਭਾਰਤੀ ਕੁਸ਼ਤੀ ਸੰਘ ਦੀਆਂ ਪ੍ਰਧਾਨਗੀ ਦੀਆਂ ਚੋਣਾਂ ਵਿੱਚ ਸੰਜੇ ਸਿੰਘ ਦੀ ਜਿੱਤ ਕੌਮੀ ਕੁਸ਼ਤੀ ਸੰਸਥਾ ਉੱਤੇ ਬ੍ਰਿਜ ਭੂਸ਼ਣ ਦੇ ਕਬਜ਼ੇ ਨੂੰ ਜਾਰੀ ਰੱਖਣ ਵੱਲ ਇਸ਼ਾਰਾ ਕਰਦੀ ਹੈ। ਬ੍ਰਿਜ ਭੂਸ਼ਣ ਦਾ ਪ੍ਰਭਾਵ ਚੋਣਾਂ ਵਾਲੇ ਦਿਨ ਸਪੱਸ਼ਟ ਸੀ।

21 ਦਸੰਬਰ ਨੂੰ ਸ਼ਾਮ 4 ਵਜੇ ਤੱਕ, ਇੱਕ ਨਵੀਂ ਟੀਮ ਬਣੀ ਜਿਸ ਨੇ ਬ੍ਰਿਜ ਭੂਸ਼ਣ ਤੋਂ ਆਸ਼ੀਰਵਾਦ ਲੈਣ ਲਈ। ਦੋ ਘੰਟਿਆਂ ਅੰਦਰ ਹੀ ਨਵੀਂ ਟੀਮ ਦਾ ਸ਼ੁਰੂਆਤੀ ਫ਼ੈਸਲਾ ਦਸੰਬਰ ਦੇ ਆਖਿਰ ਵਿੱਚ ਅੰਡਰ-15 ਅਤੇ ਅੰਡਰ-20 ਵਰਗ ਦੇ ਖਿਡਾਰੀਆਂ ਲਈ ਨੈਸ਼ਨਲ ਮੁਕਾਬਲਿਆਂ ਦਾ ਐਲਾਨ ਕਰਨਾ ਸੀ।

ਹੈਰਾਨੀ ਦੀ ਗੱਲ ਹੈ ਕਿ ਇਹਨਾਂ ਮੁਕਾਬਲਿਆਂ ਲਈ ਜਿਸ ਥਾਂ ਨੰਦਨੀ ਨਗਰ, ਗੋਂਡਾ ਦਾ ਐਲਾਨ ਹੋਇਆ, ਉਹ ਕਥਿਤ ਤੌਰ 'ਤੇ ਬ੍ਰਿਜ ਭੂਸ਼ਣ ਦੇ ਪਰਿਵਾਰ ਦੀ ਮਲਕੀਅਤ ਵਾਲੇ ਵਿਦਿਅਕ ਸੰਸਥਾਵਾਂ ਨਾਲ ਜੁੜੀ ਹੋਈ ਹੈ।

ਜਦੋਂ ਚੈਂਪੀਅਨਸ਼ਿਪ ਕਰਵਾਉਣ ਦਾ ਫੈਸਲਾ ਕੀਤਾ ਗਿਆ ਤਾਂ ਵਿਰੋਧੀ ਕੈਂਪ ਦੇ ਨਵੇਂ ਚੁਣੇ ਗਏ ਸਕੱਤਰ ਜਨਰਲ ਪ੍ਰੇਮ ਚੰਦ ਲੋਚਾਬ ਮੀਟਿੰਗ ਦੌਰਾਨ ਗੈਰ ਹਾਜ਼ਰ ਰਹੇ।

ਅੰਡਰ-15 ਅਤੇ ਅੰਡਰ-20 ਦੇ ਨੈਸ਼ਨਲ ਮੁਕਾਬਲਿਆਂ ਲਈ ਗੋਂਡਾ ਨੂੰ ਸਥਾਨ ਵਜੋਂ ਚੁਣਨ ਨੇ ਵਿਰੋਧ ਕਰਨ ਵਾਲੇ ਪਹਿਲਵਾਨਾਂ ਨੂੰ ਇੱਕ ਸਪੱਸ਼ਟ ਸੁਨੇਹਾ ਦਿੱਤਾ: ‘ਗਵਰਨਿੰਗ ਬਾਡੀ ਤੋਂ ਗੈਰ-ਮੌਜੂਦਗੀ ਦੇ ਬਾਵਜੂਦ ਭਾਰਤੀ ਕੁਸ਼ਤੀ ਸੰਘ ਦਾ ਕੰਟਰੋਲ ਬ੍ਰਿਜ ਭੂਸ਼ਣ ਕੋਲ ਰਹਿੰਦਾ ਹੈ।’

ਭਾਰਤੀ ਕੁਸ਼ਤੀ ਸੰਘ ਦੀ ਪ੍ਰਧਾਨਗੀ ਸੰਭਾਲਣ ਮਗਰੋਂ ਸੰਜੇ ਸਿੰਘ ਨੂੰ ਉੱਤਰ ਪ੍ਰਦੇਸ਼ ਸਟੇਟ ਕੁਸ਼ਤੀ ਚੈਂਪੀਅਨਸ਼ਿਪ ਦੌਰਾਨ ਗੋਂਡਾ ਦੇ ਨੰਦਨੀ ਨਗਰ ਵਿਖੇ ਸੱਤਾਧਾਰੀ ਭਾਰਤੀ ਜਨਤਾ ਪਾਰਟੀ ਦੇ ਸੰਸਦ ਮੈਂਬਰ ਬ੍ਰਿਜ ਭੂਸ਼ਣ ਦੇ ਨਾਲ ਦੇਖਿਆ ਗਿਆ।

ਇਸ ਤਸਵੀਰ ਨੇ ਵਿਰੋਧੀਆਂ ਨੂੰ ਇੱਕ ਸਖ਼ਤ ਸੁਨੇਹਾ ਦਿੱਤਾ ਕਿ ਪ੍ਰਧਾਨਗੀ ਦੀ ਪਰਵਾਹ ਕੀਤੇ ਬਿਨਾਂ ਉਹ ਖੇਡ 'ਤੇ ਦਬਦਬਾ ਰੱਖਦੇ ਹਨ। ਇਸ ਤੋਂ ਇਲਾਵਾ, ਇਸ ਦਾ ਮਕਸਦ ਬ੍ਰਿਜ ਭੂਸ਼ਣ ਵਿਰੁੱਧ ਇਲਜ਼ਾਮਾਂ ਨੂੰ ਟਿੱਚ ਜਾਣਨਾ ਸੀ।

ਨੈਸ਼ਨਲ ਸਪੋਰਟਸ ਕੋਡ ਦੀ ਉਲੰਘਣਾ

ਕੁਸ਼ਤੀ ਸੰਘ

ਤਸਵੀਰ ਸਰੋਤ, ANI

ਤਸਵੀਰ ਕੈਪਸ਼ਨ, ਵਿਨੇਸ਼ ਫੋਗਾਟ, ਬਜਰੰਗ ਪੁਨੀਆ ਸਣੇ ਕਈ ਨਾਮੀ ਖਿਡਾਰੀ ਕੁਸ਼ਤੀ ਫ਼ੈਡਰੇਸ਼ਨ ਖ਼ਿਲਾਫ਼ ਪ੍ਰਦਰਸ਼ਨ ਦੌਰਾਨ (ਫਾਈਲ ਫੋਟੋ)

ਕੌਮੀ ਖੇਡ ਸੰਘਾਂ ਨੂੰ ਨੈਸ਼ਨਲ ਸਪੋਰਟਸ ਕੋਡ (ਜ਼ਾਬਤੇ) ਤਹਿਤ ਚਲਾਇਆ ਜਾਂਦਾ ਹੈ। ਜ਼ਾਬਤੇ ਮੁਤਾਬਕ ਕੋਈ ਵੀ ਵਿਅਕਤੀ 12 ਸਾਲਾਂ ਤੋਂ ਵੱਧ ਸਮੇਂ ਤੱਕ ਪ੍ਰਧਾਨ ਅਹੁਦੇ 'ਤੇ ਨਹੀਂ ਰਹਿ ਸਕਦਾ। ਬ੍ਰਿਜ ਭੂਸ਼ਣ ਨੇ 2011 ਤੋਂ 2023 ਤੱਕ 12 ਸਾਲਾਂ ਤੱਕ ਭਾਰਤੀ ਕੁਸ਼ਤੀ ਸੰਘ ਦੇ ਪ੍ਰਧਾਨ ਵਜੋਂ ਡਿਊਟੀ ਕੀਤੀ, ਜਿਸ ਨਾਲ ਉਹ ਇਹ ਚੋਣਾਂ ਲੜਨ ਲਈ ਅਯੋਗ ਹੋ ਗਏ।

ਹਾਲਾਂਕਿ, ਇਸ ਦੇ ਬਾਵਜੂਦ ਬ੍ਰਿਜ ਭੂਸ਼ਣ ਦੇ ਅਹਿਮ ਪ੍ਰਭਾਵ ਨੇ ਉਨ੍ਹਾਂ ਨੂੰ ਨੈਸ਼ਨਲ ਸਪੋਰਟਸ ਕੋਡ ਦੀ ਉਲੰਘਣਾ ਕਰਦੇ ਹੋਏ, ਕੁਸ਼ਤੀ ਸੰਸਥਾ 'ਤੇ ਕੰਟਰੋਲ ਬਣਾ ਕੇ ਰੱਖਣ ਦੀ ਇਜਾਜ਼ਤ ਦਿੱਤੀ।

ਚੋਣਾਂ ਤੋਂ ਪਹਿਲਾਂ ਬ੍ਰਿਜ ਭੂਸ਼ਣ ਦੇ ਐਲਾਨਾਂ ਨੂੰ ਨਵੇਂ ਪ੍ਰਧਾਨ ਸੰਜੇ ਸਿੰਘ ਨੇ ਅਹੁਦਾ ਸੰਭਾਲਣ 'ਤੇ ਤੁਰੰਤ ਸਮਰਥਨ ਦਿੱਤਾ।

ਭਾਰਤੀ ਕੁਸ਼ਤੀ ਸੰਘ ਦੇ ਸੰਵਿਧਾਨ ਮੁਤਾਬਕ, ਰਾਸ਼ਟਰੀ ਚੈਂਪੀਅਨਸ਼ਿਪ ਬਾਰੇ ਫ਼ੈਸਲੇ ਕਾਰਜਕਾਰੀ ਕਮੇਟੀ ਦੇ ਦਾਇਰੇ ਵਿੱਚ ਆਉਂਦੇ ਹਨ। ਇਸ ਲਈ ਵਿਚਾਰ ਕਰਨ ਲਈ ਏਜੰਡੇ ਪੇਸ਼ ਕੀਤੇ ਜਾਣ ਦੀ ਲੋੜ ਹੈ।

ਸੰਵਿਧਾਨ ਕਾਰਜਕਾਰੀ ਕਮੇਟੀ ਲਈ ਘੱਟੋ-ਘੱਟ 15 ਦਿਨਾਂ ਦੀ ਨੋਟਿਸ ਮਿਆਦ ਨਿਰਧਾਰਤ ਕਰਦਾ ਹੈ ਅਤੇ ਪ੍ਰਤੀਨਿਧੀਆਂ ਦੇ 1/3 ਗਿਣਤੀ ਦੀ ਲੋੜ ਹੁੰਦੀ ਹੈ। ਇਸ ਤੋਂ ਇਲਾਵਾ ਫੈਡਰੇਸ਼ਨ ਦੇ ਆਮ ਕਾਰੋਬਾਰ ਨੂੰ ਚਲਾਉਣ ਦਾ ਅਧਿਕਾਰ ਸਕੱਤਰ ਜਨਰਲ ਕੋਲ ਹੈ।

ਇਹਨਾਂ ਹੀ ਧਾਰਾਵਾਂ ਦੀ ਉਲੰਘਣਾ ਨੂੰ ਦੇਖਦੇ ਹੋਏ ਕੇਂਦਰੀ ਖੇਡ ਮੰਤਰਾਲੇ ਨੇ 24 ਦਸੰਬਰ ਨੂੰ ਭਾਰਤੀ ਕੁਸ਼ਤੀ ਸੰਘ ਨੂੰ ਕਿਸੇ ਵੀ ਤਰ੍ਹਾਂ ਦੀਆਂ ਗਤੀਵਿਧੀਆਂ ਕਰਨ ਤੋਂ ਮੁਅੱਤਲ ਕਰ ਦਿੱਤਾ ਸੀ।

‘ਯੂਪੀ ਤੋਂ ਬਾਹਰ ਬਿਹਤਰ ਵਿਕਲਪ ਹੁੰਦਾ ਤੇ ਵਿਵਾਦ ਤੋਂ ਬਚਾਅ ਹੁੰਦਾ’

ਸਾਕਸ਼ੀ ਮਲਿਕ

ਤਸਵੀਰ ਸਰੋਤ, X/@SAKSHIMALIK

ਤਸਵੀਰ ਕੈਪਸ਼ਨ, ਸਾਕਸ਼ੀ ਮਲਿਕ ਨੂੰ ਜੰਤਰ ਮੰਤਰ ਦੇ ਧਰਨਾ ਸਥਲ ਤੋਂ ਚੁੱਕ ਕੇ ਲੈ ਜਾਂਦੀ ਹੋਈ ਪੁਲਿਸ (ਫਾਈਲ ਫੋਟੋ)

ਪੰਜਾਬ ਕੁਸ਼ਤੀ ਸੰਘ ਦੇ ਸਕੱਤਰ ਰਣਬੀਰ ਸਿੰਘ ਕੁੰਡੂ ਕਹਿੰਦੇ ਹਨ, ‘‘ਪਿਛਲੇ ਇੱਕ ਸਾਲ ਦੌਰਾਨ, ਜੂਨੀਅਰ ਉਮਰ ਸਮੂਹਾਂ ਵਿੱਚ ਰਾਸ਼ਟਰੀ ਚੈਂਪੀਅਨਸ਼ਿਪਾਂ ਦਾ ਨਾ ਹੋਣਾ ਨੌਜਵਾਨ ਪਹਿਲਵਾਨਾਂ ਲਈ ਨੁਕਸਾਨਦੇਹ ਰਿਹਾ ਹੈ। ਇਹਨਾਂ ਮੁਕਾਬਲਿਆਂ ਵਿੱਚ ਮੈਡਲ ਜਿੱਤਣ ਨਾਲ ਨਾ ਸਿਰਫ਼ ਮਾਨਤਾ ਮਿਲਦੀ ਹੈ ਸਗੋਂ ਨਕਦ ਪੁਰਸਕਾਰਾਂ, ਵਿਦਿਅਕ ਮੌਕਿਆਂ ਅਤੇ ਨੌਕਰੀਆਂ ਦੇ ਦਰਵਾਜ਼ੇ ਵੀ ਖੁੱਲ੍ਹਦੇ ਹਨ।’’

‘‘ਇਸ ਲਈ, ਨਵੇਂ ਭਾਰਤੀ ਕੁਸ਼ਤੀ ਸੰਘ ਨੇ ਅੰਡਰ-15 ਅਤੇ ਅੰਡਰ-20 ਰਾਸ਼ਟਰੀ ਚੈਂਪੀਅਨਸ਼ਿਪਾਂ ਨੂੰ ਕਰਵਾਉਣ ਨੂੰ ਤਰਜੀਹ ਦਿੱਤੀ। ਹਾਲਾਂਕਿ, ਕੇਂਦਰੀ ਖੇਡ ਮੰਤਰਾਲੇ ਨੇ ਸੰਘ ਨੂੰ ਮੁਅੱਤਲ ਕਰ ਦਿੱਤਾ, ਜਿਸ ਨਾਲ ਹੋਰ ਦੇਰੀ ਹੋ ਸਕਦੀ ਹੈ। ਇਸ ਨਾਲ ਕੁਝ ਜੂਨੀਅਰ ਪਹਿਲਵਾਨਾਂ ਦੀ ਉਮਰ ਉਨ੍ਹਾਂ ਦੀਆਂ ਕੈਟੇਗੀਰੀਆਂ ਤੋਂ ਬਾਹਰ ਹੋ ਸਕਦੀ ਹੈ।’’

ਨਵੀਂ ਕਾਰਜਕਾਰਨੀ ਕਮੇਟੀ ਦੇ ਫੈਸਲੇ ਲੈਣ ਦੀ ਪ੍ਰਕਿਰਿਆ ਦੇ ਸਬੰਧ ਵਿੱਚ, ਸੰਜੇ ਸਿੰਘ ਕੈਂਪ ਦੇ 15 ਵਿੱਚੋਂ 13 ਮੈਂਬਰਾਂ ਨੇ ਮੀਟਿੰਗ ਵਿੱਚ ਹਾਜ਼ਰੀ ਭਰੀ, ਜੋ ਕਿ 80 ਫੀਸਦ ਤੋਂ ਵੱਧ ਬਣਦੀ ਹੈ। ਇਹ ਗਿਣਤੀ ਕੋਰਮ ਲਈ ਲੋੜੀਂਦੇ 33 ਫੀਸਦ ਤੋਂ ਵੱਧ ਸੀ। ਫਿਰ ਵੀ ਕਮੇਟੀ ਨੇ ਲਾਜ਼ਮੀ 15 ਦਿਨਾਂ ਦੀ ਥਾਂ ਸਿਰਫ਼ ਦੋ ਘੰਟੇ ਦਾ ਨੋਟਿਸ ਪੀਰੀਅਡ ਦੇ ਕੇ ਭਾਰਤੀ ਕੁਸ਼ਤੀ ਸੰਘ ਦੇ ਸੰਵਿਧਾਨ ਦੀ ਉਲੰਘਣਾ ਕੀਤੀ ਹੈ।

ਰਣਬੀਰ ਸਿੰਘ ਕੁੰਡੂ ਇਸ ਬਾਰੇ ਕਹਿੰਦੇ ਹਨ, ‘‘ਮੈਂ ਮੰਨਦਾ ਹਾਂ ਕਿ ਜਿਸ ਤਰੀਕੇ ਨਾਲ ਅੰਡਰ-15 ਅਤੇ ਅੰਡਰ-20 ਨੈਸ਼ਨਲ ਚੈਂਪੀਅਨਸ਼ਿਪ ਦਾ ਐਲਾਨ ਕੀਤਾ ਗਿਆ ਉਹ ਠੀਕ ਨਹੀਂ ਹੈ। ਇਸ ਤੋਂ ਇਲਾਵਾ, ਮੌਜੂਦਾ ਸਥਿਤੀ ਵਿੱਚ ਗੋਂਡਾ ਵਿੱਚ ਰਾਸ਼ਟਰੀ ਚੈਂਪੀਅਨਸ਼ਿਪ ਕਰਵਾਉਣ ਦੀ ਕੋਈ ਲੋੜ ਨਹੀਂ ਸੀ, ਸਗੋਂ ਉੱਤਰ ਪ੍ਰਦੇਸ਼ ਤੋਂ ਬਾਹਰ ਇੱਕ ਸਥਾਨ ਬਿਹਤਰ ਵਿਕਲਪ ਹੁੰਦਾ ਅਤੇ ਵਿਵਾਦ ਤੋਂ ਬਚਾਅ ਹੁੰਦਾ।’’

ਕੁੰਡੂ ਬਤੌਰ ਕੁਸ਼ਤੀ ਕੋਚ ਸਪੋਰਟਸ ਅਥਾਰਿਟੀ ਆਫ਼ ਇੰਡੀਆ ਤੋਂ ਸੇਵਾਮੁਕਤ ਹੋਏ ਹਨ।

ਉਹ ਅੱਗੇ ਕਹਿੰਦੇ ਹਨ, ‘‘ਨਵੀਂ ਭਾਰਤੀ ਕੁਸ਼ਤੀ ਸੰਘ ਦੀ ਟੀਮ ਨੂੰ ਸੰਵਿਧਾਨ ਦੀ ਪਾਲਣਾ ਕਰਨੀ ਚਾਹੀਦੀ ਸੀ, ਕੇਂਦਰੀ ਖੇਡ ਮੰਤਰਾਲਾ ਕੁਸ਼ਤੀ ਸੰਘ ਨੂੰ ਮੁਅੱਤਲ ਕਰਨ ਦੀ ਥਾਂ ਉਨ੍ਹਾਂ ਵੱਲੋਂ ਲਏ ਗਏ ਫੈਸਲੇ 'ਤੇ ਮੁੜ ਵਿਚਾਰ ਕਰਨ ਲਈ ਨਿਰਦੇਸ਼ ਦੇ ਸਕਦਾ ਸੀ। ਪੂਰੀ ਟੀਮ ਨੂੰ ਸਜ਼ਾ ਦੇਣ ਦੀ ਬਜਾਏ ਜ਼ਿੰਮੇਵਾਰ ਵਿਅਕਤੀ ਨੂੰ ਸਜ਼ਾ ਦੇਣਾ ਇੱਕ ਬਿਹਤਰ ਤਰੀਕਾ ਹੁੰਦਾ।’’

ਜੇ ਖੇਡ ਮੰਤਰਾਲੇ ਵੱਲੋਂ ਮੁਅੱਤਲੀ ਦੇ ਫ਼ੈਸਲੇ ਨੂੰ ਚੁਣੌਤੀ ਦਿੱਤੀ ਜਾਂਦੀ ਹੈ...

ਸੰਜੇ ਸਿੰਘ

ਤਸਵੀਰ ਸਰੋਤ, ANI

ਤਸਵੀਰ ਕੈਪਸ਼ਨ, ਸੰਜੇ ਸਿੰਘ

ਖੇਡ ਮੰਤਰਾਲੇ ਵੱਲੋਂ ਮੁਅੱਤਲੀ ਦੇ ਆਰਡਰ ਵਿੱਚ, ਉਨ੍ਹਾਂ ਨੇ ਇਹ ਦੱਸਿਆ ਕਿ ਵਿਸ਼ਵ ਕੁਸ਼ਤੀ ਸੰਸਥਾ ਨੇ ਅਜੇ ਤੱਕ ਭਾਰਤੀ ਕੁਸ਼ਤੀ ਸੰਘ ਤੋਂ ਮੁਅੱਤਲੀ ਨੂੰ ਅਧਿਕਾਰਤ ਤੌਰ 'ਤੇ ਨਹੀਂ ਹਟਾਇਆ ਹੈ। ਇਸ ਮੁਅੱਤਲੀ ਦੀ ਸ਼ੁਰੂਆਤ ਉਸ ਘਟਨਾ ਤੋਂ ਪਤਾ ਲਗਦੀ ਹੈ ਜਦੋਂ ਦਿੱਲੀ ਪੁਲਿਸ ਨੇ ਵਿਰੋਧ ਕਰ ਰਹੇ ਓਲੰਪੀਅਨ ਪਹਿਲਵਾਨਾਂ ਨੂੰ ਹਟਾਇਆ।

ਵਿਸ਼ਵ ਕੁਸ਼ਤੀ ਸੰਸਥਾ ਨੇ ਇੱਕ ਨਿਸ਼ਚਿਤ ਸਮਾਂ ਸੀਮਾ ਅੰਦਰ ਇੱਕ ਨਵੀਂ ਸੰਸਥਾ ਦੀ ਚੋਣ ਕਰਨ ਦੀ ਮੰਗ ਕੀਤੀ ਸੀ।

ਭਾਰਤੀ ਕੁਸ਼ਤੀ ਸੰਘ ਦੀਆਂ ਚੋਣਾਂ ਸੁਪਰੀਮ ਕੋਰਟ ਦੇ ਨਿਰਦੇਸ਼ਾਂ ਦੀ ਪਾਲਣਾ ਤਹਿਤ ਕਰਵਾਈਆਂ ਗਈਆਂ ਸਨ, ਰਿਟਰਨਿੰਗ ਅਫ਼ਸਰ ਵਜੋਂ ਇੱਕ ਸੇਵਾਮੁਕਤ ਹਾਈ ਕੋਰਟ ਦੇ ਚੀਫ਼ ਜਸਟਿਸ ਵੱਲੋਂ ਇਹਨਾਂ ਚੋਣਾਂ ਦੀ ਨਿਗਰਾਨੀ ਕੀਤੀ ਗਈ ਸੀ।

ਵਿਸ਼ਵ ਕੁਸ਼ਤੀ ਸੰਸਥਾ ਅਤੇ ਇੰਡੀਅਨ ਓਲੰਪਿਕ ਅਸੋਸੀਏਸ਼ਨ ਬਤੌਰ ਓਬਜ਼ਰਵਰ ਮੌਜੂਦ ਸਨ ਅਤੇ ਚੋਣਾਂ ਨੈਸ਼ਨਲ ਸਪੋਰਟਸ ਕੋਡ ਦੀ ਪਾਲਣਾ ਤਹਿਤ ਸਨ।

ਜੇ ਸੰਜੇ ਸਿੰਘ ਦਾ ਧੜਾ ਖੇਡ ਮੰਤਰਾਲੇ ਦੀ ਮੁਅੱਤਲੀ ਨੂੰ ਅਦਾਲਤ ਵਿੱਚ ਚੁਣੌਤੀ ਦਿੰਦਾ ਹੈ ਤਾਂ ਭਾਰਤੀ ਕੁਸ਼ਤੀ ਸੰਘ ਦੀ ਮੁਅੱਤਲੀ ਨੂੰ ਹਟਾਏ ਜਾਣ ਦੀ ਸੰਭਾਵਨਾ ਹੈ। ਹਾਲਾਂਕਿ ਨਵੀਂ ਕਾਰਜਕਾਰਨੀ ਵਿੱਚ ਬ੍ਰਿਜ ਭੂਸ਼ਣ ਦੇ ਪ੍ਰਭਾਵ ਨੂੰ ਲੈ ਕੇ ਅਨਿਸ਼ਚਿਤਤਾ ਬਣੀ ਹੋਈ ਹੈ।

ਜਿਸ ਦਿਨ ਭਾਰਤੀ ਕੁਸ਼ਤੀ ਸੰਘ ਦੀ ਨਵੀਂ ਟੀਮ ਦੀ ਚੋਣ ਹੋਈ ਤਾਂ ਰੀਓ ਓਲੰਪਿਕ ਮੈਡਲ ਜੇਤੂ ਪਹਿਲਵਾਨ ਸਾਕਸ਼ੀ ਮਲਿਕ ਨੇ ਆਪਣਾ ਵਿਰੋਧ ਦਰਜ ਕਰਵਾਉਂਦਿਆਂ ਕੁਸ਼ਤੀ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ।

ਇਹੀ ਨਹੀਂ ਟੋਕੀਓ ਓਲੰਪਿਕ ਮੈਡਲ ਜੇਤੂ ਬਜਰੰਗ ਪੁਨੀਆ ਨੇ ਆਪਣਾ ਪਦਮ ਸ਼੍ਰੀ ਸਨਮਾਨ ਵੀ ਵਿਰੋਧ ਵਜੋਂ ਕਰਤਵਿਆ ਪੱਥ ਉੱਤੇ ਛੱਡ ਦਿੱਤਾ।

‘ਗੋਂਡਾ ’ਚ ਚੈਂਪੀਅਨਸ਼ਿਪ ਦਾ ਐਲਾਨ ਪਹਿਲਵਾਨਾਂ ਨੂੰ ਡਰਾਉਣ ਦੀ ਚਾਲ ਜਾਪਦਾ ਹੈ’

ਕੁਸ਼ਤੀ ਸੰਘ

ਤਸਵੀਰ ਸਰੋਤ, SHUBHAM VERMA

ਤਸਵੀਰ ਕੈਪਸ਼ਨ, ਗੋਂਡਾ ਦੇ ਨਵਾਬਗੰਜ ਦਾ ਨੰਦਿਨੀ ਨਗਰ ਕਾਲਜ ਜਿਸ ਨੂੰ ਬ੍ਰਿਜ ਭੂਸ਼ਣ ਸ਼ਰਨ ਸਿੰਘ ਨੇ ਸਭ ਤੋਂ ਪਹਿਲਾਂ ਸਥਾਪਿਤ ਕੀਤਾ

ਕੁਸ਼ਤੀ ਕੋਚ ਅਜੇ ਢਾਂਡਾ ਹਰਿਆਣਾ ਅਖਾੜਾ ਅਸੋਸੀਏਸ਼ਨ ਦੇ ਸਕੱਤਰ ਵੀ ਹਨ।

ਉਹ ਕਹਿੰਦੇ ਹਨ, ‘‘ਬ੍ਰਿਜ ਭੂਸ਼ਣ ਦੇ ਇਲਾਕੇ ਨੰਦਨੀ ਨਗਰ, ਗੋਂਡਾ ਵਿੱਚ ਉਮਰ ਵਰਗ ਦੇ ਕੌਮੀ ਮੁਕਾਬਲੇ ਕਰਵਾਉਣ ਦੀ ਕੀ ਲੋੜ ਸੀ? ਇੰਝ ਲਗਦਾ ਹੈ ਕਿ ਇਹ ਫ਼ੈਸਲਾ ਕੁਸ਼ਤੀ ਭਾਈਚਾਰੇ ਵਿੱਚ ਦਬਦਬਾ ਕਾਇਮ ਕਰਨ ਲਈ ਕੀਤਾ ਗਿਆ ਹੈ। ਇਹ ਵਤੀਰਾ ਭਾਰਤ ਵਿੱਚ ਕੁਸ਼ਤੀ ਲਈ ਰੁਕਾਵਟ ਬਣ ਸਕਦਾ ਹੈ ਅਤੇ ਇਸ ਦਾ ਕਾਰਨ ਇੱਕ ਵਿਅਕਤੀ ਹੈ।’’

‘‘ਜੇ ਸੰਘ ਨੂੰ ਉਮਰ ਵਰਗ ਦੇ ਕੌਮੀ ਮੁਕਾਬਲੇ ਕਰਵਾਉਣ ਲਈ ਕੋਈ ਹੋਰ ਥਾਂ ਨਹੀਂ ਲੱਭਦੀ ਤਾਂ ਅਸੀਂ ਇਸ ਨੂੰ ਹਰਿਆਣਾ ਵਿੱਚ ਕਰਵਾਉਣ ਲਈ ਤਿਆਰ ਹਾਂ। ਹਾਲਾਂਕਿ, ਗੋਂਡਾ ਵਿੱਚ ਚੈਂਪੀਅਨਸ਼ਿਪ ਦਾ ਐਲਾਨ ਕਰਨਾ ਉਨ੍ਹਾਂ ਜੂਨੀਅਰ ਪਹਿਲਵਾਨਾਂ ਨੂੰ ਡਰਾਉਣ ਦੀ ਚਾਲ ਜਾਪਦਾ ਹੈ ਜੋ ਜੰਤਰ-ਮੰਤਰ, ਨਵੀਂ ਦਿੱਲੀ ਵਿਖੇ ਪਹਿਲਵਾਨਾਂ ਦੇ ਪ੍ਰਦਰਸ਼ਨ ਦਾ ਹਿੱਸਾ ਸਨ।’’

ਹਰਿਆਣਾ ਦੇ ਮਿਰਚਪੁਰ ਪਿੰਡ ਵਿੱਚ ਅਖਾੜਾ ਚਲਾਉਣ ਵਾਲੇ ਅਜੇ ਢਾਂਡਾ ਅੱਗੇ ਕਹਿੰਦੇ ਹਨ, ‘‘ਖੇਡ ਮੰਤਰਾਲੇ ਨੇ ਭਾਰਤੀ ਕੁਸ਼ਤੀ ਸੰਘ ਨੂੰ ਸਹੀ ਢੰਗ ਨਾਲ ਮੁਅੱਤਲ ਕੀਤਾ ਹੈ। ਉਮੀਦ ਹੈ ਕਿ ਮੰਤਰਾਲਾ ਸੰਘ ਅੰਦਰ ਸੁਧਾਰਾਂ ਦੀ ਵੀ ਸਥਾਪਨਾ ਕਰੇਗਾ।’’

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)