ਸੰਜੇ ਸਿੰਘ ਕੌਣ ਹਨ ਜਿਸ ਦੇ ਪ੍ਰਧਾਨ ਬਣਦਿਆ ਸਾਕਸ਼ੀ ਨੇ ਕੁਸ਼ਤੀ ਛੱਡਣ ਤੇ ਬਜਰੰਗ ਨੇ 'ਪਦਮ ਸ਼੍ਰੀ' ਮੋੜਨ ਦਾ ਕੀਤਾ ਐਲਾਨ

ਤਸਵੀਰ ਸਰੋਤ, Getty Images
- ਲੇਖਕ, ਅਨੰਤ ਝਣਾਣੇ
- ਰੋਲ, ਬੀਬੀਸੀ ਪੱਤਰਕਾਰ
ਭਾਰਤੀ ਕੁਸ਼ਤੀ ਮਹਾਸੰਘ ਦੇ ਪ੍ਰਧਾਨ ਦੀਆਂ ਚੋਣਾਂ ਵਿੱਚ ਬ੍ਰਿਜ ਭੂਸ਼ਣ ਸਿੰਘ ਦੇ ਬੇਹੱਦ ਕਰੀਬੀ ਅਤੇ ਵਫ਼ਾਦਾਰ ਮੰਨੇ ਜਾਣ ਵਾਲੇ ਸੰਜੇ ਸਿੰਘ ਨੇ ਚੋਣ ਜਿੱਤ ਲਈ ਹੈ।
ਇਸ ਤੋਂ ਬਾਅਦ ਵੀਰਵਾਰ ਨੂੰ ਪਹਿਲਵਾਨ ਸਾਕਸ਼ੀ ਮਲਿਕ ਨੇ ਕੁਸ਼ਤੀ ਛੱਡਣ ਦਾ ਐਲਾਨ ਕੀਤਾ ਸੀ।
ਸ਼ੁਕਰਵਾਰ ਨੂੰ ਓਲੰਪਿਕ ਤਮਗਾ ਜੇਤੂ ਬਜਰੰਗ ਪੂਨੀਆ ਨੇ ਪ੍ਰਧਾਨ ਮੰਤਰੀ ਨੂੰ ਆਪਣਾ 'ਪਦਮ ਸ਼੍ਰੀ' ਪੁਰਸਕਾਰ ਵਾਪਸ ਕਰਨ ਦਾ ਐਲਾਨ ਕੀਤਾ।
ਉਨ੍ਹਾਂ ਪ੍ਰਧਾਨ ਮੰਤਰੀ ਨੂੰ ਇੱਕ ਪੱਤਰ ਵੀ ਲਿਖਿਆ ਹੈ ਜਿਸ ਵਿੱਚ ਬ੍ਰਿਜ ਭੂਸ਼ਣ ਸ਼ਰਨ ਸਿੰਘ 'ਤੇ ਮਹਿਲਾ ਖਿਡਾਰਨਾਂ ਵੱਲੋਂ ਲਗਾਏ ਗਏ ਜਿਨਸੀ ਸ਼ੋਸ਼ਣ ਦੇ ਇਲਜ਼ਾਮਾਂ ਨਾਲ ਜੁੜੇ ਵਿਵਾਦ ਨੂੰ ਬਿਆਨ ਕੀਤਾ ਗਿਆ ਹੈ।

ਤਸਵੀਰ ਸਰੋਤ, Getty Images
ਸੰਜੇ ਸਿੰਘ ਬਾਰੇ ਜਾਣਨ ਤੋਂ ਪਹਿਲਾਂ ਬ੍ਰਿਜ ਭੂਸ਼ਣ ਸ਼ਰਣ ਸਿੰਘ ਦੇ ਕੁਸ਼ਤੀ ਮਹਾਸੰਘ ਦੀ ਚੋਣ ਨਾਲ ਜੁੜੇ ਇਸ ਬਿਆਨ ਉੱਤੇ ਗ਼ੌਰ ਕਰੋ।
ਬ੍ਰਿਜ ਭੂਸ਼ਣ ਸ਼ਰਣ ਸਿੰਘ ਨੇ ਸੰਜੇ ਸਿੰਘ ਬਾਰੇ ਕਿਹਾ ਸੀ, ‘‘ਵਾਰਾਣਸੀ ਤੋਂ ਹਨ, ਮੋਦੀ ਜੀ ਦੇ ਖ਼ੇਤਰ ਤੋਂ ਹਨ। ਉਨ੍ਹਾਂ ਨੂੰ ਅਸੀਂ ਪ੍ਰਧਾਨ ਦੇ ਅਹੁਦੇ ਦਾ ਉਮੀਦਵਾਰ ਬਣਾਇਆ ਹੈ।’’
ਸੰਘ ਦੀ ਚੋਣ ਪ੍ਰਕਿਰਿਆ ਬਾਰੇ ਬ੍ਰਿਜ ਭੂਸ਼ਣ ਨੇ ਕਿਹਾ ਸੀ, ‘‘ਕੁਸ਼ਤੀ ਸੰਘ ਦੀ ਚੋਣ ਵਿੱਚ ਪੂਰੇ ਦੇਸ਼ ਵਿੱਚ ਮੌਜੂਦਾ ਸਮੇਂ 25 ਇਕਾਈਆਂ ਹਨ। 25 ਸੂਬੇ ਹਨ, ਹਰ ਇਕਾਈ ਦੀਆਂ ਦੋ ਵੋਟਾਂ ਹੁੰਦੀਆਂ ਹਨ ਅਤੇ 20 ਸੂਬੇ ਸਾਡੇ ਨਾਲ ਹਨ।’’
ਉਨ੍ਹਾਂ ਕਿਹਾ, ‘‘ਜੇ ਕਹੀਏ ਤਾਂ ਇੱਕ ਪਾਸੜ...। ਦੂਜੇ ਪਾਸੇ (ਵਿਰੋਧੀ ਧਿਰ) ਸਿਰਫ਼ ਤਿੰਨ ਸੂਬੇ ਹਨ। ਦੋ ਸੂਬੇ ਹਾਲੇ ਢਿੱਲੀ ਨੀਤੀ ਉੱਤੇ ਹਨ ਤਾਂ 20 ਸਾਡੇ ਕੋਲ ਹਨ ਅਤੇ ਪੰਜ ਬਾਹਰ ਹਨ। ਤਾਂ ਤੁਸੀਂ ਸੋਚ ਸਕਦੇ ਹੋ ਕਿ ਜਿੱਤ ਕਿਸ ਦੀ ਹੋਵਗੀ।’’
- ਸੰਜੇ ਸਿੰਘ ਕੁਸ਼ਤੀ ਮਹਾਸੰਘ ਦੇ ਪ੍ਰਧਾਨ ਚੁਣੇ ਗਏ ਹਨ
- ਉਨ੍ਹਾਂ ਖ਼ਿਲਾਫ਼ ਚੋਣ ’ਚ ਉੱਤਰੇ ਅਨਿਤਾ ਸ਼ਯੋਰਾਣ ਨੇ ਕਿਹਾ ਇਨਸਾਫ਼ ਲਈ ਲੜਾਈ ਜਾਰੀ ਰਹੇਗੀ
- ਨਵੇਂ ਪ੍ਰਧਾਨ ਸੰਜੇ ਸਿੰਘ, ਸਾਬਕਾ ਪ੍ਰਧਾਨ ਬ੍ਰਿਜ ਭੂਸ਼ਣ ਦੇ ਨੇੜਲਿਆਂ ਵਿੱਚੋਂ ਮੰਨੇ ਜਾਂਦੇ ਹਨ
- ਸੰਜੇ ਸਿੰਘ ਅਤੇ ਬ੍ਰਿਜ ਭੂਸ਼ਣ ਸਿੰਘ ਵਿਚਾਲੇ ਸਬੰਧਾਂ ਉੱਤੇ ਪੜ੍ਹੋ ਇਹ ਖ਼ਾਸ ਲੇਖ
- ਇਹ ਲੇਖ ਪਹਿਲੀ ਵਾਰ 11 ਅਗਸਤ 2023 ਵਿੱਚ ਛਪਿਆ ਸੀ
ਸੰਜੇ ਸਿੰਘ: ‘‘ਅਸੀਂ ਮੋਦੀ ਜੀ ਦੇ ਖ਼ੇਤਰ ਦੇ ਵੋਟਰ ਹਾਂ’’

ਤਸਵੀਰ ਸਰੋਤ, ANI
ਬੀਬੀਸੀ ਨੂੰ ਆਪਣੇ ਬਾਰੇ ਸੰਜੇ ਸਿੰਘ ਦੱਸਿਆ ਕਿ ਉਹ ਬਨਾਰਸ ਦੇ ਹਨ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਲੋਕਸਭਾ ਖ਼ੇਤਰ ਦੇ ਰਹਿਣ ਵਾਲੇ ਹਨ।
ਉਹ ਕਹਿੰਦੇ ਹਨ, ‘‘ਅਸੀਂ ਮੋਦੀ ਜੀ ਦੇ ਖੇਤਰ ਦੇ ਵੋਟਰ ਹਾਂ। ਪਰ ਭਾਜਪਾ ਪਾਰਟੀ ਨਾਲ ਨਹੀਂ ਜੁੜੇ ਹਾਂ।’’
ਉਂਝ ਸੰਜੇ ਸਿੰਘ ਮੂਲ ਰੂਪ ਵਿੱਚ ਬਨਾਰਸ ਦੇ ਕੋਲ ਰਾਜਨਾਥ ਸਿੰਘ ਦੇ ਖ਼ੇਤਰ ਚੰਦੌਲੀ ਤੋਂ ਹਨ ਅਤੇ ਆਪਣੇ ਆਪ ਨੂੰ ਉੱਥੋਂ ਦਾ ਇੱਕ ਵੱਡਾ ਕਾਸ਼ਤਕਾਰ ਦੱਸਦੇ ਹਨ। ਉਨ੍ਹਾਂ ਦਾ ਖੇਤੀ ਨਾਲ ਜੁੜਿਆ ਕਾਰੋਬਾਰ ਵੀ ਹੈ।
ਸੰਜੇ ਸਿੰਘ ਦੱਸਦੇ ਹਨ ਕਿ ਉਹ ਕੁਸ਼ਤੀ ਸੰਘ ਨਾਲ 2010 ਤੋਂ ਜੁੜੇ ਹੋਏ ਹਨ ਅਤੇ ਉੱਤਰ ਪ੍ਰਦੇਸ਼ ਦੇ ਕੁਸ਼ਤੀ ਸੰਘ ਤੇ ਕੌਮੀ ਕੁਸ਼ਤੀ ਸੰਘ ਦੋਵਾਂ ਵਿੱਚ ਉਹ ਅਹੁਦੇਦਾਰ ਰਹੇ ਹਨ।
ਉਹ ਕਹਿੰਦੇ ਹਨ, ‘‘ਬ੍ਰਿਜ ਭੂਸ਼ਣ ਸ਼ਰਣ ਸਿੰਘ ਤੇ ਸਾਡਾ ਪਰਿਵਾਰਕ ਰਿਸ਼ਤਾ ਹੈ ਅਤੇ ਅਸੀਂ ਪਿਛਲੇ ਤਿੰਨ ਦਹਾਕਿਆਂ ਤੋਂ ਇੱਕ ਦੂਜੇ ਦੇ ਕਰੀਬੀ ਹਾਂ।’’

ਤਸਵੀਰ ਸਰੋਤ, RAJEEV SINGH RANU
ਬ੍ਰਿਜ ਭੂਸ਼ਣ ਸ਼ਰਣ ਸਿੰਘ ਉੱਤੇ ਲਗਾਏ ਗਏ ਮਹਿਲਾ ਪਹਿਲਵਾਨਾਂ ਦੇ ਜਿਨਸੀ ਸ਼ੋਸ਼ਣ ਦੇ ਇਲਜ਼ਾਮਾਂ ਬਾਰੇ ਉਹ ਕਹਿੰਦੇ ਹਨ, ‘‘ਇਹ ਇਲਜ਼ਾਮ ਬੇਬੁਨਿਆਦ ਹਨ ਅਤੇ ਕੁਸ਼ਤੀ ਸੰਘ ਤੋਂ ਉਨ੍ਹਾਂ ਨੂੰ ਹਟਾਉਣ ਦੀ ਸਾਜ਼ਿਸ਼ ਸੀ।’’
ਇਲਜ਼ਾਮਾਂ ਅਤੇ ਦਿੱਲੀ ਪੁਲਿਸ ਦੀ ਜਾਂਚ ਦੇ ਬਾਵਜੂਦ ਬ੍ਰਿਜ ਭੂਸ਼ਣ ਦੀ ਤਾਰੀਫ਼ ਕਰਦਿਆਂ ਸੰਜੇ ਸਿੰਘ ਨੇ ਕਿਹਾ, ‘‘ਕੁਸ਼ਤੀ ਲਈ ਉਨ੍ਹਾਂ ਨੇ ਬਹੁਤ ਕੁਝ ਕੀਤਾ ਹੈ। ਕੁਸ਼ਤੀ ਕਿੱਥੇ ਸੀ ਅਤੇ ਉਸ ਨੂੰ ਉਹ ਕਿੱਥੋਂ ਤੱਕ ਲੈ ਗਏ। ਜੋ ਬਿਨਾਂ ਟ੍ਰਾਇਲ ਤੋਂ ਜਾਣਾ ਚਾਹੁੰਦੇ ਸੀ, ਉਨ੍ਹਾਂ ਨੂੰ ਇਹ ਚੰਗਾ ਨਹੀਂ ਲਗਦਾ ਸੀ।’’
‘‘ਜੋ ਨਿਯਮ ਕਾਨੂੰਨ ਨੂੰ ਤੋੜਨਾ ਚਾਹੁੰਦੇ ਸੀ ਉਨ੍ਹਾਂ ਨੇ ਹੀ ਇਹ ਸਾਰੀ ਸਾਜ਼ਿਸ਼ ਰਚੀ। ਹੁਣ ਕੋਰਟ ਆਪਣਾ ਫ਼ੈਸਲਾ ਲਵੇਗਾ।’’
ਸਾਬਕਾ ਪਹਿਲਵਾਨ ਅਨਿਤਾ ਸ਼ਿਓਰਾਣ ਦੀ ਉਮੀਦਵਾਰੀ ਬਾਰੇ ਸੰਜੇ ਸਿੰਘ ਕਹਿੰਦੇ ਹਨ, ‘‘ਉਹ ਸਾਂਸਦ ਜੀ (ਬ੍ਰਿਜ ਭੂਸ਼ਣ ਸ਼ਰਣ ਸਿੰਘ) ਖ਼ਿਲਾਫ਼ ਮਾਮਲੇ ਵਿੱਚ ਗਵਾਹ ਵੀ ਹਨ। ਉਹ ਇੱਕ ਖਿਡਾਰੀ ਹਨ, ਬਾਕੀ ਸਾਡੇ ਦੋਵਾਂ ਦਾ ਮੁਕਾਬਲਾ ਹੋਣਾ ਹੈ। ਜੋ ਵੋਟ ਕਰਨਗੇ ਉਹ ਤੈਅ ਕਰਨਗੇ ਕਿ ਕੌਣ ਜਿੱਤੇਗਾ, ਕੌਣ ਹਾਰੇਗਾ।’’
ਅਨਿਤਾ ਸ਼ਿਓਰਾਣ ਦੀ ਉਮੀਦਵਾਰੀ ਉੱਤੇ ਸਵਾਲ ਚੁੱਕਦੇ ਹੋਏ ਸੰਜੇ ਸਿੰਘ ਕਹਿੰਦੇ ਹਨ, ‘‘ਸਾਡੇ ਹਿਸਾਬ ਨਾਲ ਜੇ ਉਹ ਸਾਂਸਦ ਜੀ (ਬ੍ਰਿਜ ਭੂਸ਼ਣ ਸ਼ਰਣ ਸਿੰਘ) ਖ਼ਿਲਾਫ਼ ਮਾਮਲੇ ਵਿੱਚ ਗਵਾਹ ਹਨ ਤਾਂ ਉਨ੍ਹਾਂ ਨੂੰ ਲੜਨਾ ਨਹੀਂ ਚਾਹੀਦਾ ਸੀ।’’
ਬਨਾਰਸ ਕੁਸ਼ਤੀ ਸੰਘ ਤੋਂ ਕੌਮੀ ਮਹਾਸੰਘ ਤੱਕ ਦਾ ਸਫ਼ਰ

ਤਸਵੀਰ ਸਰੋਤ, RAJEEV SINGH RANU
51 ਸਾਲਾ ਸੰਜੇ ਸਿੰਘ ਦੇ ਕਰੀਬੀ ਮੰਨੇ ਜਾਣ ਵਾਲੇ ਵਾਰਾਣਸੀ ਕੁਸ਼ਤੀ ਸੰਘ ਦੇ ਉੱਪ ਪ੍ਰਧਾਨ ਰਾਜੀਵ ਸਿੰਘ ਰਾਨੂ ਕੁਸ਼ਤੀ ਨਾਲ ਜੁੜੇ ਉਨ੍ਹਾਂ ਦੇ ਕਰੀਅਰ ਬਾਰੇ ਦੱਸਦੇ ਹਨ।
ਉਹ ਕਹਿੰਦੇ ਹਨ, ‘‘ਸੰਜੇ ਸਿੰਘ ਪਿੰਡ ਵਾਲੀ ਪਹਿਲਵਾਨੀ ਕਰਦੇ ਸਨ। ਇਨ੍ਹਾਂ ਦੇ ਪਿਤਾ ਜੀ ਅਤੇ ਦਾਦਾ ਵੱਡੇ ਕਿਸਾਨ ਸਨ। ਉਹ ਪਿੰਡ ਵਿੱਚ ਵੱਡਾ ਅਖਾੜਾ ਬਣਵਾ ਕੇ ਪਹਿਲਵਾਨਾਂ ਨੂੰ ਲੜਵਾਉਂਦੇ ਸਨ। ਤੁਸੀਂ ਤਾਂ ਜਾਣਦੇ ਹੋ ਕਿ ਪਿੰਡ ਵਿੱਚ ਦੋ ਹੀ ਖੇਡਾਂ ਹੁੰਦੀਆਂ ਸਨ, ਇੱਕ ਕੁਸ਼ਤੀ ਤੇ ਇੱਕ ਕਬੱਡੀ।’’
ਸੰਜੇ ਸਿੰਘ ਨੂੰ ਸਾਦੇ ਸੁਭਾਅ ਵਾਲਾ ਦੱਸਦੇ ਹੋਏ ਰਾਜੀਵ ਸਿੰਘ ਕਹਿੰਦੇ ਹਨ ਕਿ ਉਨ੍ਹਾਂ ਨੇ ਬਨਾਰਸ ਹਿੰਦੂ ਯੂਨੀਵਰਸਿਟੀ ਤੋਂ ਪੜ੍ਹਾਈ ਕੀਤੀ ਹੈ। ਬਨਾਰਸ ਵੀ ਅਖਾੜਿਆਂ ਦਾ ਸ਼ਹਿਰ ਹੈ।
ਰਾਜੀਵ ਸਿੰਘ ਕਹਿੰਦੇ ਹਨ, ‘‘ਕੋਈ ਅਜਿਹਾ ਮੁਹੱਲਾ ਨਹੀਂ ਹੈ ਜਿੱਥੇ ਅਖਾੜਾ ਨਹੀਂ ਹੈ। ਹਨੂਮਾਨ ਦਾ ਮੰਦਰ ਹੋਵੇਗਾ ਤਾਂ ਅਖਾੜਾ ਜ਼ਰੂਰ ਹੋਵੇਗਾ।’’
ਰਾਜੀਵ ਸਿੰਘ ਕਹਿੰਦੇ ਹਨ ਕਿ ਸੰਜੇ ਸਿੰਘ 2008 ਵਿੱਚ ਵਾਰਾਣਸੀ ਕੁਸ਼ਤੀ ਸੰਘ ਦੇ ਪ੍ਰਧਾਨ ਬਣੇ।
ਜਦੋਂ 2009 ਵਿੱਚ ਉੱਤਰ ਪ੍ਰਦੇਸ਼ ਕੁਸ਼ਤੀ ਸੰਘ ਬਣਿਆ ਤਾਂ ਬ੍ਰਿਜ ਭੂਸ਼ਣ ਸ਼ਰਣ ਸਿੰਘ ਸੂਬਾ ਪ੍ਰਧਾਨ ਬਣੇ ਅਤੇ ਸੰਜੇ ਸਿੰਘ ਸੀਨੀਅਰ ਉੱਪ ਪ੍ਰਧਾਨ ਬਣੇ। ਪਿਛਲੇ ਚਾਰ ਸਾਲਾਂ ਤੋਂ ਉਹ ਭਾਰਤੀ ਕੁਸ਼ਤੀ ਸੰਘ ਦੇ ਸੰਯੁਕਤ ਸਕੱਤਰ ਸਨ।
ਬਨਾਰਸ ਤੋਂ ਵੱਖ-ਵੱਖ ਸ਼੍ਰੇਣੀਆਂ ਵਿੱਚ ਖੇਡਣ ਵਾਲੇ ਹਜ਼ਾਰ ਪਹਿਲਵਾਨ ਹੋਣਗੇ। ਰਾਜੀਵ ਸਿੰਘ ਕਹਿੰਦੇ ਹਨ ਕਿ ਸੰਜੇ ਸਿੰਘ ਨੂੰ ਪਹਿਲਵਾਨਾਂ ਅਤੇ ਖਿਡਾਰੀਆਂ ਦੀ ਮਦਦ ਕਰਨ ਵਾਲਾ ਮੰਨਿਆ ਜਾਂਦਾ ਹੈ।
ਉਹ ਕਹਿੰਦੇ ਹਨ ਕਿ ਸੰਜੇ ਸਿੰਘ ਦੇ ਕਾਰਜਕਾਲ ਵਿੱਚ ਪਹਿਲਵਾਨੀ ਨਾਲ ਜੁੜੇ ਕਈ ਮੁਕਾਬਲੇ ਬਨਾਰਸ ਵਿੱਚ ਹੋ ਚੁੱਕੇ ਹਨ।
ਰਾਜੀਵ ਸਿੰਘ ਦਾ ਮੰਨਣਾ ਹੈ ਕਿ ਉਹ 2008 ਤੋਂ ਕੁਸ਼ਤੀ ਸੰਘ ਦੇ ਨਾਲ ਹਨ ਤਾਂ ਹੀ ਉਨ੍ਹਾਂ ਨੂੰ ਬ੍ਰਿਜ ਭੂਸ਼ਣ ਸ਼ਰਨ ਸਿੰਘ ਨੇ ਕੁਸ਼ਤੀ ਸੰਘ ਦੇ ਪ੍ਰਧਾਨ ਅਹੁਦੇ ਦੇ ਉਮੀਦਵਾਰ ਦੇ ਰੂਪ ਵਿੱਚ ਸਹੀ ਸਮਝਿਆ।
ਕਿੰਨੇ ਰਸੂਖ਼ਦਾਰ ਹਨ ਸੰਜੇ ਸਿੰਘ?
ਬਨਾਰਸ ’ਚ ਅਮਰ ਉਜਾਲਾ ਵਿੱਚ ਲੰਬੇ ਸਮੇਂ ਤੋਂ ਖੇਡ ਪੱਤਰਕਾਰੀ ਕਰਦੇ ਆ ਰਹੇ ਰੋਹਿਤ ਚਤੁਰਵੇਦੀ ਮੁਤਾਬਕ, ਸੰਜੇ ਸਿੰਘ ਉਰਫ਼ ਬਬਲੂ, ਬ੍ਰਿਜ ਭੂਸ਼ਣ ਸ਼ਰਨ ਸਿੰਘ ਦੇ ਸਭ ਤੋਂ ਭਰੋਸੇਮੰਦ ਮੰਨੇ ਜਾਂਦੇ ਹਨ।
ਉਹ ਕਹਿੰਦੇ ਹਨ, ‘‘ਸੰਜੇ ਸਿੰਘ ਉੱਤੇ ਫ਼ਿਲਹਾਲ ਕੋਈ ਇਲਜ਼ਾਮ ਨਹੀਂ ਹੈ। ਬ੍ਰਿਜ ਭੂਸ਼ਣ ਸ਼ਰਨ ਸਿੰਘ ਨਾਲ ਜੁੜਿਆ ਜੋ ਵਿਵਾਦ ਚੱਲ ਰਿਹਾ ਹੈ, ਉਸ ਵਿੱਚ ਸੰਜੇ ਸਿੰਘ ਦਾ ਦੂਰ-ਦੂਰ ਤੱਕ ਕੋਈ ਨਾਮ ਨਹੀਂ ਹੈ।’’
ਪੱਤਰਕਾਰ ਰੋਹਿਤ ਚਤੁਰਵੇਦੀ ਕਹਿੰਦੇ ਹਨ, ‘‘ਸੰਜੇ ਸਿੰਘ ਬ੍ਰਿਜ ਭੂਸ਼ਣ ਦੇ ਪਰਛਾਵੇਂ ਵਾਂਗ ਰਹਿੰਦੇ ਹਨ। ਇਸ ਲਈ ਸੰਜੇ ਸਿੰਘ ਉੱਤੇ ਆਪਣਾ ਭਰੋਸਾ ਜਤਾਉਣਾ ਬ੍ਰਿਜ ਭੂਸ਼ਣ ਦਾ ਇੱਕ ਫ਼ਰਜ਼ ਵੀ ਹੈ।’’
ਬੀਬੀਸੀ ਨੇ ਸੰਜੇ ਸਿੰਘ ਨੂੰ ਬ੍ਰਿਜ ਭੂਸ਼ਣ ਦੇ ਨਾਲ ਕੁਝ ਵੀਡੀਓ ਵੀ ਦੇਖੇ ਹਨ ਅਤੇ ਇਸ ਵਿੱਚ ਇਹ ਸਾਫ਼ ਨਜ਼ਰ ਆਉਂਦਾ ਹੈ ਕਿ ਬ੍ਰਿਜ ਭੂਸ਼ਣ ਦੀ ਮੌਜੂਦਗੀ ਵਿੱਚ ਸੰਜੇ ਸਿੰਘ ਉਨ੍ਹਾਂ ਦਾ ਪਰਛਾਵਾਂ ਬਣ ਕੇ ਤੁਰਦੇ ਹਨ।

ਤਸਵੀਰ ਸਰੋਤ, RAJEEV SINGH RANU
ਸੰਜੇ ਸਿੰਘ ਦੇ ਪ੍ਰਧਾਨ ਚੁਣੇ ਜਾਣ ਨਾਲ ਬ੍ਰਿਜ ਭੂਸ਼ਣ ਜਾਂ ਕੁਸ਼ਤੀ ਸੰਘ ਉੱਤੇ ਅਸਿੱਧੇ ਤੌਰ ਉੱਤੇ ਦਬਦਬਾ ਕਾਇਮ ਰਹੇਗਾ?
ਇਸ ਬਾਰੇ ਰੋਹਿਤ ਕਹਿੰਦੇ ਹਨ, ‘‘ਭਾਵੇਂ ਸੰਜੇ ਸਿੰਘ ‘ਬਬਲੂ’ ਪ੍ਰਧਾਨ ਬਣ ਜਾਣ ਪਰ ਕੁਸ਼ਤੀ ਦਾ ਚਿਹਰਾ ਬ੍ਰਿਜ ਭੂਸ਼ਣ ਸ਼ਰਣ ਸਿੰਘ ਹੀ ਰਹਿਣਗੇ। ਇਹ ਗੱਲ ਸਾਹਮਣੇ ਆ ਰਹੀ ਹੈ ਕਿ ਜ਼ਿਆਦਾਤਰ ਸੂਬਿਆਂ ਦੇ ਸੰਘ ਬ੍ਰਿਜ ਭੂਸ਼ਣ ਨਾਲ ਹੀ ਖੜੇ ਹਨ। ਪਰ ਸੰਜੇ ਸਿੰਘ ਨੇ ਵੀ ਪੂਰਬੀ ਉੱਤਰ ਪ੍ਰਦੇਸ਼ ਵਿੱਚ ਕੁਸ਼ਤੀ ਉੱਤੇ ਕੰਮ ਕੀਤਾ ਹੈ ਅਤੇ ਹੁਣ ਲਗਭਗ ਸਾਰੀ ਕੁਸ਼ਤੀ ਮਿੱਟੀ ਤੋਂ ਮੈਟ ਉੱਤੇ ਆ ਗਈ ਹੈ।’’
ਇਸ ਦੌਰ ਵਿੱਚ ਕਿਸੇ ਦੀ ਸ਼ਖ਼ਸੀਅਤ ਅਤੇ ਕੱਦ ਦਾ ਅੰਦਾਜ਼ਾ ਸੋਸ਼ਲ ਮੀਡੀਆ ਰਾਹੀਂ ਵੀ ਲਗਾਇਆ ਜਾ ਸਕਦਾ ਹੈ। ਪਰ ਸੰਜੇ ਸਿੰਘ ਸੋਸ਼ਲ ਮੀਡੀਆ ਉੱਤੇ ਲੱਭਿਆਂ ਨਹੀਂ ਮਿਲਦੇ ਹਨ।
ਬ੍ਰਿਜ ਭੂਸ਼ਣ ਨੇ ਉਨ੍ਹਾਂ ਨਾਲ ਜੁੜੀ ਇੱਕ ਅੱਧੀ ਤਸਵੀਰ ਆਪਣੇ ਸੋਸ਼ਲ ਮੀਡੀਆ ਅਕਾਊਂਟ ਉੱਤੇ ਸਾਂਝੀ ਕੀਤੀ ਪਰ ਉਸ ਨਾਲ ਸੰਜੇ ਸਿੰਘ ਬਾਰੇ ਤੁਸੀਂ ਜ਼ਿਆਦਾ ਕੁਝ ਜਾਣ ਜਾਂ ਸਮਝ ਨਹੀਂ ਸਕੋਗੇ।
ਦੂਜੇ ਪਾਸੇ ਐਨੇ ਗੰਭੀਰ ਇਲਜ਼ਾਮਾਂ ਦੇ ਬਾਵਜੂਦ ਬ੍ਰਿਜ ਭੂਸ਼ਣ ਸ਼ਰਣ ਸਿੰਘ ਹਾਲੇ ਵੀ ਮੀਡੀਆ ਅਤੇ ਸੋਸ਼ਲ ਮੀਡੀਆ ਉੱਤੇ ਛਾਏ ਹੋਏ ਹਨ। ਉਹ ਆਪਣੇ ਖੇਤਰ, ਯੂਪੀ ਅਤੇ ਦਿੱਲੀ ਵਿੱਚ ਦੌਰਾ ਕਰਦੇ ਹੋਏ, ਲੋਕਾਂ ਅਤੇ ਸਮਰਥਕਾਂ ਨੂੰ ਮਿਲਦੇ ਹੋਏ ਤਸਵੀਰਾਂ ਅਤੇ ਵੀਡੀਓ ਰੋਜ਼ਾਨਾ ਸਾਂਝੀਆਂ ਕਰਦੇ ਹਨ।












