50 ਰੁਪਏ ਤਨਖ਼ਾਹ ਲੈਣ ਵਾਲੇ ਮੋਹਨ ਸਿੰਘ ਕਿਵੇਂ ਬਣੇ ਦੁਨੀਆਂ ਭਰ ਵਿੱਚ 35 ਲਗਜ਼ਰੀ ਹੋਟਲਾਂ ਦੇ ਮਾਲਕ

ਤਸਵੀਰ ਸਰੋਤ, OBEROI HOTELS
- ਲੇਖਕ, ਵੱਕਾਰ ਮੁਸਤਫ਼ਾ
- ਰੋਲ, ਪੱਤਰਕਾਰ ਅਤੇ ਖੋਜਾਰਥੀ
ਦਸ ਫੁੱਟ ਚੌੜਾ ਅਤੇ ਓਨਾ ਹੀ ਲੰਬਾ ਮਕਾਨ, ਮੋਹਨ ਸਿੰਘ ਓਬਰਾਏ ਨੂੰ ਬਰਤਾਨਵੀ ਭਾਰਤ ਦੀ ਗਰਮੀਆਂ ਦੀ ਰਾਜਧਾਨੀ ਸ਼ਿਮਲਾ ਦੇ ਇੱਕ ਹੋਟਲ ਵਿੱਚ ਨੌਕਰੀ ਦੇ ਦੌਰਾਨ ਮਿਲਿਆ ਸੀ।
‘ਦਿ ਸੇਸਲ’ ਨਾਂ ਦੇ ਇਸ ਹੋਟਲ ਵਿੱਚ ਉਨ੍ਹਾਂ ਦਾ ਕੰਮ ਕੋਲੇ ਦਾ ਹਿਸਾਬ ਰੱਖਣਾ ਹੁੰਦਾ ਸੀ।
ਉਨ੍ਹਾਂ ਨੂੰ ਮਕਾਨ ਵੀ ਉਸ ਪਹਾੜੀ ਦੇ ਬੇਹੱਦ ਹੇਠਲੇ ਹਿੱਸੇ ਵਿੱਚ ਦਿੱਤਾ ਗਿਆ ਸੀ ਜਿਸ ’ਤੇ ਇਹ ਸ਼ਾਨਦਾਰ ਹੋਟਲ ਸਥਿਤ ਸੀ।
ਇਹ ਪਹਾੜੀ ਉਹ ਦਿਨ ਵਿੱਚ ਦੋ ਵਾਰੀ ਚੜ੍ਹਦੇ ਸਨ, ਇੱਕ ਵਾਰੀ ਸਵੇਰੇ ਕੰਮ ’ਤੇ ਆਉਂਦੇ ਹੋਏ ਅਤੇ ਦੁਪਹਿਰ ਨੂੰ ਆਪਣੀ ਪਤਨੀ ਈਸ਼ਰਾਨ ਦੇਵੀ ਦੇ ਹੱਥਾਂ ਦਾ ਬਣਿਆ ਹੋਇਆ ਸਾਦਾ ਖਾਣਾ ਖਾ ਕੇ ਵਾਪਸ ਆਉਂਦੇ ਹੋਏ।
ਉਨ੍ਹਾਂ ਦੀ ਤਨਖਾਹ ਪੰਜਾਹ ਰੁਪਏ ਸੀ ਯਾਨੀ ਇਸ ਰਕਮ ਤੋਂ ਦੁੱਗਣੇ ਰੁਪਏ ਜੋ ਉਨ੍ਹਾਂ ਦੀ ਮਾਂ ਭਾਗਵੰਤੀ ਨੇ ਸੰਨ 1922 ਵਿੱਚ ਜੇਹਲਮ (ਹੁਣ ਪਾਕਿਤਸਾਨੀ ਪੰਜਾਬ ਵਿੱਚ ਚਕਵਾਲ) ਦੇ ਕਸਬੇ ਬਹਿਵਨ ਤੋਂ ਤੁਰਨ ਵੇਲੇ ਉਨ੍ਹਾਂ ਨੂੰ ਦਿੱਤੇ ਸਨ।
ਮੋਹਨ ਸਿੰਘ ਉਦੋਂ ਛੇ ਸਾਲਾਂ ਦੇ ਸਨ ਜਦੋਂ ਉਨ੍ਹਾਂ ਦੇ ਪਿਤਾ ਠੇਕੇਦਾਰ ਅਤਰ ਸਿੰਘ ਦੀ ਮੌਤ ਹੋ ਗਈ ਸੀ।
ਪੱਤਰਕਾਰ ਬਾਚੀ ਕਰਕਰੀਆ ਲਿਖਦੇ ਹਨ, ‘‘ਉਨ੍ਹਾਂ ਦੀ ਮਾਂ ੳਦੋਂ ਸਿਰਫ਼ 16 ਸਾਲ ਦੇ ਸਨ ਜਦੋਂ ਉਹ ਮਿਹਣਿਆਂ ਤੋਂ ਤੰਗ ਆ ਕੇ ਇੱਕ ਰਾਤ ਆਪਣੇ ਦੁੱਧ ਪੀਂਦੇ ਪੁੱਤ ਨੂੰ ਚੁੱਕ ਕੇ 12 ਕਿਲੋਮੀਟਰ ਪੈਦਲ ਤੁਰ ਕੇ ਆਪਣੇ ਪੇਕੇ ਚਲੀ ਗਈ।’’
ਪਿੰਡ ਵਿੱਚ ਸ਼ੁਰੂਆਤੀ ਸਿੱਖਿਆ ਤੋਂ ਬਾਅਦ ਮੋਹਨ ਸਿੰਘ ਨੇ ਰਾਵਲਪਿੰਡੀ ਤੋਂ ਮੈਟ੍ਰਿਕ ਕੀਤੀ।
ਫਿਰ ਆਰਥਿਕ ਤੰਗੀ ਕਾਰਨ ਉਨ੍ਹਾਂ ਨੂੰ ਲਾਹੌਰ ਵਿੱਚ ਪੜ੍ਹਾਈ ਛੱਡਣੀ ਪਈ ਸੀ।
ਕਿਸੇ ਨੌਕਰੀ ’ਤੇ ਲੱਗਣ ਲਈ ਉਨ੍ਹਾਂ ਦੀ ਪੜ੍ਹਾਈ ਘੱਟ ਸੀ, ਉਹ ਇੱਕ ਦੋਸਤ ਦੇ ਕਹਿਣ ’ਤੇ ਅੰਮ੍ਰਿਤਸਰ ਵਿੱਚ ਉਨ੍ਹਾਂ ਦੇ ਨਾਲ ਰਹੇ ਅਤੇ ਸ਼ਾਰਟਹੈਂਡ ਅਤੇ ਟਾਈਪਿੰਗ ਦਾ ਕੋਰਸ ਕੀਤਾ।
ਫਿਰ ਵੀ ਉਨ੍ਹਾਂ ਨੁੰ ਕੋਈ ਕੰਮ ਨਾ ਮਿਲਿਆ।
ਉਨ੍ਹਾਂ ਦੇ ਚਾਚੇ ਨੇ ਲਾਹੌਰ ਵਿੱਚ ਆਪਣੀ ਜੁੱਤੀਆਂ ਦੀ ਫੈਕਟਰੀ ਵਿੱਚ ਉਨ੍ਹਾਂ ਨੂੰ ਨੌਕਰੀ ਦਿੱਤੀ, ਪਰ ਜਲਦੀ ਹੀ ਪੈਸਿਆਂ ਦੀ ਕਮੀ ਕਾਰਨ ਫੈਕਟਰੀ ਬੰਦ ਹੋ ਗਈ ਅਤੇ ਮੋਹਨ ਸਿੰਘ ਆਪਣੇ ਪਿੰਡ ਪਰਤਣ ਲਈ ਮਜਬੂਰ ਹੋ ਗਏ।
ਉੱਥੇ ਹੀ ਅਸ਼ਨਾਕ ਰਾਏ ਦੀ ਧੀ (ਈਸ਼ਰਾਨ ਦੇਵੀ) ਨਾਲ ਉਨ੍ਹਾਂ ਦਾ ਵਿਆਹ ਹੋ ਗਿਆ। ਉਨ੍ਹਾਂ ਨੇ ਵਿਆਹ ਤੋਂ ਬਾਅਦ ਦੇ ਦਿਨ ਸਰਗੋਧਾ ਵਿੱਚ ਆਪਣੇ ਸਾਲੇ ਕੋਲ ਗੁਜ਼ਾਰੇ।

ਤਸਵੀਰ ਸਰੋਤ, OBEROI HOTELS
ਪਲੇਗ ਦੀ ਮਹਾਮਾਰੀ
ਉਹ ਘਰ (ਬਹਿਵਨ) ਵਾਪਸ ਆਏ ਤਾਂ ਉੱਥੇ ਪਲੇਗ ਦੀ ਮਹਾਮਾਰੀ ਫੈਲ ਚੁੱਕੀ ਸੀ।
ਉਨ੍ਹਾਂ ਦੀ ਮਾਂ ਨੇ ਸਰਗੋਧਾ ਵਾਪਸ ਜਾਣ ਦੀ ਸਲਾਹ ਦਿੱਤੀ, ਪਰ ਉਨ੍ਹਾਂ ਦਿਨਾਂ ਵਿੱਚ ਇੱਕ ਸਰਕਾਰੀ ਦਫ਼ਤਰ ਵਿੱਚ ਜੂਨੀਅਰ ਕਲਰਕ ਦੀ ਨੌਕਰੀ ਲਈ ਸਥਾਨਕ ਅਖ਼ਬਾਰ ਵਿੱਚ ਇਸ਼ਤਿਹਾਰ ਦੇਖਿਆ।
ਉਹ ਜੇਬ ਵਿੱਚ ਮਾਂ ਦੇ ਦਿੱਤੇ 25 ਰੁਪਏ ਲੈ ਕੇ ਨੌਕਰੀ ਲਈ ਇਮਤਿਹਾਨ ਦੇਣ ਕੋਈ ਪੌਣੇ ਚਾਰ ਸੌ ਕਿਲੋਮੀਟਰ ਦੂਰ ਸ਼ਿਮਲਾ ਚਲੇ ਗਏ।
ਮੋਹਨ ਸਿੰਘ ਮੁਤਾਬਕ ਉਹ ਇਸ ਇਮਤਿਹਾਨ ਵਿੱਚ ਫੇਲ੍ਹ ਹੋਣ ਦੇ ਬਾਅਦ ਇੱਕ ਦਿਨ ਨਿਰਾਸ਼ ਹੋ ਕੇ ਹੋਟਲ ‘ਦਿ ਸੇਸਲ’ ਦੇ ਕੋਲੋਂ ਲੰਘੇ ਤਾਂ ਅਚਾਨਕ ਅੰਦਰ ਜਾ ਕੇ ਕਿਸਮਤ ਅਜ਼ਮਾਉਣ ਦੀ ਇੱਛਾ ਪੈਦਾ ਹੋਈ।
‘‘ਐਸੋਸੀਏਟੇਡ ਹੋਟਲਜ਼ ਆਫ ਇੰਡੀਆ ਦੀ ਮਾਲਕੀ ਵਾਲੇ ਇਸ ਉੱਚ ਪੱਧਰ ਦੇ ਹੋਟਲ ਦੇ ਮੈਨੇਜਰ ਇੱਕ ਮਿਹਰਬਾਨ ਅੰਗਰੇਜ਼ ਸਨ। ਉਨ੍ਹਾਂ ਦਾ ਨਾਂ ਡਬਲਯੂ ਗਰੂਵ ਸੀ। ਉਨ੍ਹਾਂ ਨੇ ਮੈਨੂੰ 40 ਰੁਪਏ ਮਹੀਨਾ ’ਤੇ ਬਿਲਿੰਗ ਕਲਰਕ ਰੱਖ ਲਿਆ।’’
‘‘ਜਲਦੀ ਹੀ ਮੇਰੀ ਤਨਖਾਹ 50 ਰੁਪਏ ਕਰ ਦਿੱਤੀ ਗਈ। ਪਤਨੀ ਵੀ ਸ਼ਿਮਲਾ ਆ ਗਈ ਤਾਂ ਅਸੀਂ ਆਪਣੇ ਖ਼ਸਤਾ ਹਾਲ ਘਰ ਵਿੱਚ ਰਹਿਣ ਲੱਗੇ। ਖ਼ੁਦ ਹੀ ਦੀਵਾਰਾਂ ’ਤੇ ਸਫ਼ੈਦੀ ਕੀਤੀ ਜਿਸ ਨਾਲ ਹੱਥਾਂ ਵਿੱਚ ਛਾਲੇ ਪੈ ਗਏ, ਪਰ ਅਸੀਂ ਸ਼ੁਕਰਗੁਜ਼ਾਰ ਸੀ ਕਿ ਸਾਡੇ ਸਿਰਾਂ ’ਤੇ ਛੱਤ ਤਾਂ ਹੈ।’’
ਆਪਣੇ ਜੀਵਨ ਦੀਆਂ ਇਹ ਸਭ ਗੱਲਾਂ ਮੋਹਨ ਸਿੰਘ ਓਬਰਾਏ ਨੇ ਸੰਨ 1982 ਵਿੱਚ ਖੋਜਾਰਥੀ ਗੀਤਾ ਪੀਰਾਮਲ ਨਾਲ ਸਾਂਝੀਆਂ ਕੀਤੀਆਂ ਸਨ।
‘‘ਸੇਸਲ ਦਾ ਦਾ ਪ੍ਰਬੰਧਕੀ ਢਾਂਚਾ ਬਦਲਿਆ ਤਾਂ ਅਰਨੈਸਟ ਕਲਾਰਕ ਮੈਨੇਜਰ ਬਣ ਗਏ। ਮੈਂ ਸਟੈਨੋਗ੍ਰਾਫ਼ੀ ਜਾਣਦਾ ਸੀ ਤਾਂ ਕਲਾਰਕ ਨੇ ਮੈਨੂੰ ਕੈਸ਼ੀਅਰ ਅਤੇ ਸਟੈਨੋਗ੍ਰਾਫ਼ਰ ਦਾ ਅਹੁਦਾ ਦੇ ਦਿੱਤਾ।’’
‘‘ਇੱਕ ਦਿਨ ਪੰਡਿਤ ਮੋਤੀਲਾਲ ਨਹਿਰੂ ਸੇਸਲ ਵਿੱਚ ਠਹਿਰੇ। ਉਦੋਂ ਉਹ ਸਵਰਾਜ ਪਾਰਟੀ ਦੇ ਨੇਤਾ ਸਨ। ਪੰਡਿਤ ਜੀ ਨੂੰ ਇੱਕ ਮਹੱਤਵਪੂਰਨ ਰਿਪੋਰਟ ਜਲਦੀ ਅਤੇ ਸਾਵਧਾਨੀ ਨਾਲ ਟਾਈਪ ਕਰਵਾਉਣੀ ਸੀ।’’
‘‘ਮੈਂ ਸਾਰੀ ਰਾਤ ਜਾਗ ਕੇ ਉਹ ਰਿਪੋਰਟ ਪੂਰੀ ਕੀਤੀ ਅਤੇ ਅਗਲੀ ਸਵੇਰ ਉਨ੍ਹਾਂ ਨੂੰ ਦੇ ਦਿੱਤੀ ਤਾਂ ਉਨ੍ਹਾਂ ਨੇ ਸੌ ਰੁਪਏ ਦਾ ਨੋਟ ਕੱਢ ਕੇ ਧੰਨਵਾਦ ਕਹਿ ਕੇ ਮੈਨੂੰ ਦਿੱਤਾ।’’
‘‘ਮੇਰੀਆਂ ਅੱਖਾਂ ਵਿੱਚ ਹੰਝੂ ਆ ਗਏ ਅਤੇ ਮੈਂ ਜਲਦੀ ਨਾਲ ਕਮਰੇ ਤੋਂ ਨਿਕਲ ਗਿਆ। ਇੱਕ ਸੌ ਰੁਪਇਆ, ਜਿਸ ਨੂੰ ਦੌਲਤਮੰਦ ਸੁੱਟ ਦਿੰਦੇ ਹਨ, ਮੇਰੇ ਲਈ ਬਹੁਤ ਕੁਝ ਸੀ। ਇਹ ਪੈਸੇ ਇੰਨੇ ਜ਼ਿਆਦਾ ਸਨ ਕਿ ਮੈਂ ਪਤਨੀ ਲਈ ਘੜੀ, ਬੱਚੇ ਲਈ ਕੱਪੜੇ ਅਤੇ ਆਪਣੇ ਲਈ ਬਰਸਾਤੀ ਕੋਟ ਖਰੀਦਿਆ।’’
ਸ਼ਿਮਲਾ ਦਾ ਕਾਰਲਟਨ ਹੋਟਲ

ਤਸਵੀਰ ਸਰੋਤ, OBEROI HOTELS
ਕਲਾਰਕ ਦਾ ਐਸੋਸੀਏਟੇਡ ਹੋਟਲਜ਼ ਆਫ ਇੰਡੀਆ ਨਾਲ ਸਮਝੌਤਾ ਖਤਮ ਹੋਇਆ ਤਾਂ ਉਨ੍ਹਾਂ ਨੇ ਦਿੱਲੀ ਕਲੱਬ ਲਈ ਕੇਟਰਿੰਗ ਦਾ ਠੇਕਾ ਲੈ ਲਿਆ।
ਮੋਹਨ ਸਿੰਘ ਨੇ ਵੀ ਉੱਥੇ ਨੌਕਰੀ ਕਰਨ ਦੀ ਪੇਸ਼ਕਸ਼ ਕਬੂਲ ਕਰ ਲਈ।
ਉਨ੍ਹਾਂ ਦੀ ਤਨਖਾਹ ਹੁਣ ਇੱਕ ਸੌ ਰੁਪਏ ਮਹੀਨਾ ਸੀ।
ਦਿੱਲੀ ਕਲੱਬ ਦਾ ਸਮਝੌਤਾ ਸਿਰਫ਼ ਇੱਕ ਸਾਲ ਲਈ ਸੀ ਅਤੇ ਕਲਾਰਕ ਨੇ ਜਲਦੀ ਹੀ ਨਵੇਂ ਕਾਰੋਬਾਰ ਦੀ ਤਲਾਸ਼ ਸ਼ੁਰੂ ਕਰ ਦਿੱਤੀ।
ਸ਼ਿਮਲਾ ਵਿੱਚ ਕਾਰਲਟਨ ਹੋਟਲ ਖ਼ਤਮ ਹੋ ਚੁੱਕਿਆ ਸੀ।
ਕਲਾਰਕ ਉਸ ਨੂੰ ਲੀਜ਼ ’ਤੇ ਲੈਣਾ ਚਾਹੁੰਦੇ ਸਨ, ਪਰ ਉਨ੍ਹਾਂ ਨੂੰ ਅਜਿਹੇ ਵਿਅਕਤੀ ਦੀ ਲੋੜ ਸੀ ਜੋ ਉਨ੍ਹਾਂ ਦੀ ਜ਼ਮਾਨਤ ਜਾਂ ਜਿੰਮੇਵਾਰੀ ਭਰ ਸਕੇ।
ਮੋਹਨ ਨੇ ਪੀਰਾਮਲ ਨੂੰ ਦੱਸਿਆ, ‘‘ਮੈਂ ਆਪਣੇ ਕੁਝ ਅਮੀਰ ਰਿਸ਼ਤੇਦਾਰਾਂ ਅਤੇ ਦੋਸਤਾਂ ਨਾਲ ਸੰਪਰਕ ਕੀਤਾ। ਕਾਰਲਟਨ ਹੁਣ ਕਲਾਰਕ ਹੋਟਲ ਬਣ ਗਿਆ। ਪੰਜ ਸਾਲ ਬਾਅਦ ਕਲਾਰਕ ਨੇ ਰਿਟਾਇਰ ਹੋਣ ਅਤੇ ਹੋਟਲ ਨੂੰ ਵੇਚਣ ਦਾ ਫੈਸਲਾ ਕੀਤਾ।’’
‘‘ਉਨ੍ਹਾਂ ਨੇ ਮੈਨੂੰ ਇਹ ਕਹਿ ਕੇ ਪੇਸ਼ਕਸ਼ ਕੀਤੀ ਕਿ ਉਹ ਹੋਟਲ ਚਲਾਉਣ ਲਈ ਕਿਸੇ ਅਜਿਹੇ ਵਿਅਕਤੀ ਨੂੰ ਤਰਜੀਹ ਦੇਣਗੇ ਜੋ ਉਸ ਦੀ ਰਵਾਇਤ ਅਤੇ ਪ੍ਰਦਰਸ਼ਨ ਨੂੰ ਬਰਕਰਾਰ ਰੱਖ ਸਕੇ।’’
‘‘ਜ਼ਰੂਰੀ ਰਕਮ ਲਈ ਮੈਨੂੰ ਆਪਣੀ ਕੁਝ ਜਾਇਦਾਦ ਅਤੇ ਆਪਣੀ ਪਤਨੀ ਦੇ ਸੋਨੇ ਦੇ ਗਹਿਣਿਆਂ ਨੂੰ ਗਹਿਣੇ ਰੱਖਣਾ ਪਿਆ। ਮੈਂ ਕਲਾਰਕ ਹੋਟਲ ਦੀ ਮਾਲਕੀ ਆਪਣੇ ਇੱਕ ਮਿਹਰਬਾਨ ਚਾਚੇ ਦੀ ਮਦਦ ਨਾਲ ਸੰਭਾਲ ਲਈ ਜੋ ਪਹਿਲਾਂ ਵੀ ਮੇਰੇ ਨਾਲ ਖੜ੍ਹੇ ਸਨ।’’
14 ਅਗਸਤ 1934 ਤੱਕ ਮੋਹਨ ਸਿੰਘ ਕਲਾਰਕ ਦੇ ਦਿੱਲੀ ਅਤੇ ਸ਼ਿਮਲਾ ਵਿੱਚ ਹੋਟਲਾਂ ਦੇ ਇਕੱਲੇ ਮਾਲਕ ਬਣ ਚੁੱਕੇ ਸਨ।
ਮੋਹਨ ਸਿੰਘ ਅਤੇ ਉਨ੍ਹਾਂ ਦੀ ਪਤਨੀ ਹੋਟਲ ਲਈ ਮੀਟ ਅਤੇ ਸਬਜ਼ੀਆਂ ਆਪ ਖ਼ਰੀਦਦੇ ਅਤੇ ਇਸ ਤਰ੍ਹਾਂ ਉਨ੍ਹਾਂ ਨੇ ਬਿਲ 50 ਫ਼ੀਸਦ ਘਟਾ ਲਿਆ ਸੀ।
ਹੌਲੀ-ਹੌਲੀ ਦਾਰਜਲਿੰਗ, ਚੰਡੀਗੜ੍ਹ ਅਤੇ ਕਸ਼ਮੀਰ ਵਿੱਚ ਹੋਰ ਹੋਟਲਾਂ ਦਾ ਵਾਧਾ ਹੋਇਆ।
ਮੋਹਨ ਸਿੰਘ ਨੇ ਦੱਸਿਆ, ‘‘ਮੈਂ ਆਪਣੇ ਹੋਟਲ ਬਣਾਉਣ ਬਾਰੇ ਸੋਚਣਾ ਸ਼ੁਰੂ ਕੀਤਾ ਅਤੇ ਪਹਿਲੀ ਕੋਸ਼ਿਸ਼ ਓਡੀਸ਼ਾ ਦੇ ਗੋਪਾਲਪੁਰ ਆਨ ਸੀ ਵਿੱਚ ਇੱਕ ਛੋਟਾ ਜਿਹਾ ਹੋਟਲ ਸੀ।’’
ਉਨ੍ਹਾਂ ਦਾ ਕਹਿਣਾ ਸੀ ਕਿ ਇਹ ਇੱਕ ਅਜੀਬ ਇਤਫ਼ਾਕ ਐ ਕਿ ਉਨ੍ਹਾਂ ਦੇ ਜੀਵਨ ਦਾ ਲਗਭਗ ਹਰ ਮੋੜ ਕਿਸੇ ਨਾ ਕਿਸੇ ਮਹਾਮਾਰੀ ਨਾਲ ਜੁੜਿਆ ਰਿਹਾ ਹੈ।
ਜਦੋਂ ਕੋਲਕਾਤਾ ਵਿੱਚ ਹੈਜ਼ਾ ਫੈਲਿਆ

ਤਸਵੀਰ ਸਰੋਤ, OBEROI HOTELS
ਸੰਨ 1933 ਵਿੱਚ ਕੋਲਕਾਤਾ ਵਿੱਚ ਹੈਜ਼ੇ ਦੀ ਮਹਾਮਾਰੀ ਫੈਲੀ ਸੀ।
ਜਾਇਦਾਦ ਦੇ ਖੇਤਰ ਵਿੱਚ ਸਿਰਕੱਢ ਮੰਨੇ ਜਾਂਦੇ ਆਰਮੀਨੀ ਮੂਲ ਦੇ ਸਟੀਫਨ ਆਰਾਥੋਨ ਦਾ ਗ੍ਰੈਂਡ ਹੋਟਲ ਸੌ ਤੋਂ ਜ਼ਿਆਦਾ ਵਿਦੇਸ਼ੀ ਮਹਿਮਾਨਾਂ ਦੀ ਮੌਤ ਹੋਣ ਤੋਂ ਬਾਅਦ ਬੰਦ ਕਰ ਦਿੱਤਾ ਗਿਆ ਸੀ।
ਇੱਥੋਂ ਤੱਕ ਕਿ ਲੋਕ ਕੋਲਕਾਤਾ ਜਾਣ ਤੋਂ ਡਰਦੇ ਸਨ।
ਆਪਣੇ ਪੁਰਾਣੇ ਵਿਸ਼ਵਾਸ ਅਤੇ ਦ੍ਰਿੜਤਾ ਨਾਲ ਉਹ ਇਸ ਹੋਟਲ ਨੂੰ ਸਫ਼ਲ ਬਣਾਉਣ ਵਿੱਚ ਕਾਮਯਾਬ ਹੋਏ।
ਸੰਨ 1939 ਵਿੱਚ ਦੂਜੇ ਵਿਸ਼ਵ ਯੁੱਧ ਦੀ ਸ਼ੁਰੂਆਤ ਦੇ ਨਾਲ ਹੀ ਕੋਲਕਾਤਾ ਫੌਜੀਆਂ ਨਾਲ ਭਰ ਗਿਆ। ਬ੍ਰਿਟਿਸ਼ ਫ਼ੌਜ ਰਹਿਣ ਲਈ ਜਗ੍ਹਾ ਭਾਲ ਰਹੀ ਸੀ।
ਮੋਹਨ ਸਿੰਘ ਨੇ ਦੱਸਿਆ, ‘‘ਮੈਂ ਤੁਰੰਤ ਹਰ ਵਿਅਕਤੀ ਲਈ ਦਸ ਰੁਪਏ ਕਿਰਾਏ ਦੇ ਹਿਸਾਬ ਨਾਲ ਪੰਦਰਾਂ ਸੌ ਫ਼ੌਜੀਆਂ ਦੇ ਠਹਿਰਨ ਅਤੇ ਖਾਣ-ਪੀਣ ਦਾ ਬੰਦੋਬਸਤ ਕਰ ਦਿੱਤਾ।’’
‘‘ਮੈਂ ਡੇਢ ਹਜ਼ਾਰ ਰੁਪਏ ਮਹੀਨੇ ਦੀ ਤਨਖਾਹ ’ਤੇ ਮਿਸਟਰ ਗਰੂਵ ਨੂੰ ਮੈਨੇਜਰ ਰੱਖਿਆ ਜਿਨ੍ਹਾਂ ਨੇ ਸੇਸਲ ਹੋਟਲ ਵਿੱਚ ਮੈਨੂੰ ਪੰਜਾਹ ਰੁਪਏ ਮਹੀਨੇ ’ਤੇ ਪਹਿਲੀ ਨੌਕਰੀ ਦਿੱਤੀ ਸੀ।’’
ਇਹ ਹੋਟਲ ਚਲਾਉਣਾ ਉਨ੍ਹਾਂ ਦੇ ਵਪਾਰ ਦਾ ਇੱਕ ਮਹੱਤਵਪੂਰਨ ਪੜਾਅ ਸੀ। ਸੰਨ 1941 ਵਿੱਚ ਭਾਰਤ ਸਰਕਾਰ ਨੇ ਉਨ੍ਹਾਂ ਨੂੰ ਭਾਰਤੀ ਹੋਟਲ ਉਦਯੋਗ ਦੀ ਸੇਵਾ ਦੇ ਸਨਮਾਨ ਵਿੱਚ ਰਾਏ ਬਹਾਦਰ ਦੇ ਖਿਤਾਬ ਨਾਲ ਨਿਵਾਜ਼ਿਆ।
ਸੰਨ 1943 ਵਿੱਚ ਮੋਹਨ ਸਿੰਘ ਨੇ ਐਸੋਸੀਏਟੇਡ ਹੋਟਲਜ਼ ਆਫ ਇੰਡੀਆ ਲਿਮਟਿਡ ਦੇ ਸ਼ੇਅਰ ਖ਼ਰੀਦ ਕੇ ਰਾਵਲਪਿੰਡੀ, ਪੇਸ਼ਾਵਰ, ਲਾਹੌਰ, ਮਰੀ ਅਤੇ ਦਿੱਲੀ ਵਿੱਚ ਬਣੇ ਹੋਟਲਾਂ ਦੀ ਇੱਕ ਵੱਡੀ ਚੇਨ ਦੀ ਮਾਲਕੀ ਪ੍ਰਾਪਤ ਕਰ ਲਈ।
ਹੋਰ ਤਾਂ ਹੋਰ ਕੰਪਨੀ ਦੀ ਮਾਲਕੀ ਦੇ ਨਾਲ ਉਹ ਹੋਟਲ ਵੀ ਉਨ੍ਹਾਂ ਨੇ ਖਰੀਦ ਲਿਆ ਸੀ ਜਿੱਥੇ ਉਨ੍ਹਾਂ ਨੇ ਆਪਣੀ ਪਹਿਲੀ ਨੌਕਰੀ ਕੀਤੀ ਸੀ।
ਵੰਡ ਤੋਂ ਬਾਅਦ 1961 ਤੱਕ ਰਾਵਲਪਿੰਡੀ ਵਿੱਚ ਫਲੈਸ਼ ਮੈਂਸ, ਲਾਹੌਰ ਵਿੱਚ ਫਿਲਟੀਜ਼, ਪੇਸ਼ਾਵਰ ਵਿੱਚ ਡੈਂਸ ਅਤੇ ਮਰੀ ਵਿੱਚ ਸੇਸਲ ਇਸੀ ਕੰਪਨੀ ਦੇ ਕੋਲ ਸਨ।
ਬਾਅਦ ਵਿੱਚ ਉਸ ਦਾ ਐਸੋਸੀਏਟੇਡ ਹੋਟਲਜ਼ ਆਫ ਪਾਕਿਸਤਾਨ ਨਾਂ ਦੀ ਕੰਪਨੀ ਵਿੱਚ ਰਲੇਵਾਂ ਕਰ ਦਿੱਤਾ ਗਿਆ, ਪਰ ਉਸ ਤੋਂ ਬਾਅਦ ਵਧੇਰੇ ਸ਼ੇਅਰ ਓਬਰਾਏ ਪਰਿਵਾਰ ਦੇ ਕੋਲ ਹੀ ਸਨ।
ਹਾਲਾਂਕਿ 1965 ਦੇ ਪਾਕਿਸਤਾਨ-ਭਾਰਤ ਯੁੱਧ ਦੇ ਬਾਅਦ ਉਨ੍ਹਾਂ ਸਾਰੇ ਹੋਟਲਾਂ ਨੂੰ ਦੁਸ਼ਮਣ ਦੀ ਜਾਇਦਾਦ ਐਲਾਨ ਕੇ ਜ਼ਬਤ ਕਰ ਲਿਆ ਗਿਆ ਸੀ।
ਜਨਰਲ ਜ਼ਿਆ ਉੱਲ ਹੱਕ ਦੀ ਮੌਤ

ਤਸਵੀਰ ਸਰੋਤ, Getty Images
ਪੱਤਰਕਾਰ ਪੋਲ ਲੁਈਸ ਦੇ ਅਨੁਸਾਰ ਹਾਲਾਂਕਿ ਪਾਕਿਸਤਾਨ ਦੇ ਤਤਕਾਲੀ ਰਾਸ਼ਟਰਪਤੀ ਜਨਰਲ ਜ਼ਿਆ ਉੱਲ ਹੱਕ ਨੇ ਉਨ੍ਹਾਂ ਨੂੰ ਉਨ੍ਹਾਂ ਦੀ ਜਾਇਦਾਦ ਵਾਪਸ ਕਰਨ ਦਾ ਵਾਅਦਾ ਕੀਤਾ ਸੀ, ਪਰ ਮੋਹਨ ਸਿੰਘ ਦੀ ਉਨ੍ਹਾਂ ਨਾਲ ਮੁਲਾਕਾਤ ਤੋਂ ਪਹਿਲਾਂ ਹੀ ਉਨ੍ਹਾਂ ਦੀ ਹਵਾਈ ਹਾਦਸੇ ਵਿੱਚ ਮੌਤ ਹੋ ਗਈ ਸੀ।
ਲੁਈਸ ਲਿਖਦੇ ਹਨ ਕਿ ਮੋਹਨ ਸਿੰਘ ਓਬਰਾਏ ਨੇ ਭਾਰਤੀ ਹੋਟਲ ਉਦਯੋਗ ਨੂੰ ਵੀਹਵੀਂ ਸਦੀ ਦੀਆਂ ਲੋੜਾਂ ਦੇ ਹਿਸਾਬ ਨਾਲ ਢਾਲ ਲਿਆ ਸੀ।
‘‘ਉਹ ਭਾਰਤ ਦੇ ਕੋਨਰਾਡ ਹਿਲਟਨ ਕਹਾਏ। ਉਹ ਮਾੜੀ ਹਾਲਤ ਵਿੱਚ ਹੋਈਆਂ ਅਤੇ ਘੱਟ ਕੀਮਤ ਵਾਲੀਆਂ ਜਾਇਦਾਦਾਂ ਨੂੰ ਤਲਾਸ਼ਣ ਅਤੇ ਉਨ੍ਹਾਂ ਦੇ ਆਧੁਨਿਕੀਕਰਨ ਵਿੱਚ ਮੁਹਾਰਤ ਰੱਖਦੇ ਸਨ।’’
‘‘ਉਨ੍ਹਾਂ ਨੇ ਪੁਰਾਣੇ ਅਤੇ ਖ਼ਸਤਾ ਹਾਲ ਮਹੱਲਾਂ, ਇਤਿਹਾਸਕ ਸਮਾਰਕਾਂ ਅਤੇ ਇਮਾਰਤਾਂ ਨੂੰ ਸ਼ਾਨਦਾਰ ਹੋਟਲ ਵਿੱਚ ਬਦਲ ਦਿੱਤਾ ਜਿਵੇਂ ਕੋਲਕਾਤਾ ਵਿੱਚ ਦਿ ਓਬਰਾਏ ਗ੍ਰੈਂਡ, ਕਾਹਿਰਾ ਵਿੱਚ ਇਤਿਹਾਸਕ ਮੀਨਾ ਹਾਊਸ ਅਤੇ ਆਸਟਰੇਲੀਆ ਵਿੱਚ ਦਿ ਵਿੰਡਸਰ।’’
ਸ਼ਿਮਲਾ ਵਿੱਚ ਓਬਰਾਏ ਸੇਸਲ ਦੀ ਇਮਾਰਤ ਵੀਹਵੀਂ ਸਦੀ ਦੀ ਸ਼ੁਰੂਆਤ ਵਿੱਚ ਬਣਾਈ ਗਈ ਸੀ। ਇਸ ਨੂੰ ਵੱਡੇ ਅਤੇ ਪੇਚੀਦਾ ਡਿਜ਼ਾਇਨ ਅਤੇ ਸਜਾਵਟ ਦੇ ਬਾਅਦ ਅਪ੍ਰੈਲ 1997 ਵਿੱਚ ਦੁਬਾਰਾ ਖੋਲ੍ਹਿਆ ਗਿਆ।
ਭਾਰਤ, ਸ਼੍ਰੀਲੰਕਾ, ਨੇਪਾਲ, ਮਿਸਰ, ਆਸਟਰੇਲੀਆ ਅਤੇ ਹੰਗਰੀ ਵਿੱਚ ਲਗਭਗ 35 ਲਗਜ਼ਰੀ ਹੋਟਲਾਂ ਨਾਲ ਓਬਰਾਏ ਗਰੁੱਪ ਟਾਟਾ ਗਰੁੱਪ ਤੋਂ ਬਾਅਦ ਭਾਰਤ ਦੀ ਦੂਜੀ ਸਭ ਤੋਂ ਵੱਡੀ ਹੋਟਲ ਕੰਪਨੀ ਬਣ ਗਈ।
ਉਨ੍ਹਾਂ ਦੀ ਅਗਵਾਈ ਵਿੱਚ ਓਬਰਾਏ ਗਰੁੱਪ ਵਿੱਚ ਹੋਟਲ ਦਾ ਆਪਣਾ ਦੂਜਾ ਬਰਾਂਡ ‘ਟ੍ਰਾਈਡੈਂਟ’ ਲਿਆਂਦਾ ਗਿਆ। ਟ੍ਰਾਈਡੈਂਟ ਫਾਈਵ ਸਟਾਰ ਹੋਟਲ ਹਨ।
ਇਸ ਗਰੁੱਪ ਦਾ ਇੱਕ ਹੋਰ ਮਹੱਤਵਪੂਰਨ ਪੜਾਅ 1966 ਵਿੱਚ ਓਬਰਾਏ ਸਕੂਲ ਆਫ ਹੋਟਲ ਮੈਨੇਜਮੈਂਟ ਦੀ ਸਥਾਪਨਾ ਸੀ।
ਇਹ ਸਕੂਲ ਹੁਣ ‘ਦਿ ਓਬਰਾਏ ਸੈਂਟਰ ਆਫ ਲਰਨਿੰਗ ਐਂਡ ਡਿਵਲਪਮੈਂਟ’ ਦੇ ਨਾਂ ਨਾਲ ਜਾਣਿਆ ਜਾਂਦਾ ਹੈ ਅਤੇ ਮਹਿਮਾਨ ਨਿਵਾਜ਼ੀ ਲਈ ਉੱਚ ਪੱਧਰੀ ਟਰੇਨਿੰਗ ਮੁਹੱਈਆ ਕਰਵਾਉਂਦਾ ਹੈ।
ਔਰਤਾਂ ਨੂੰ ਨੌਕਰੀ

ਆਪਣੇ ਹੋਟਲ ਵਿੱਚ ਔਰਤਾਂ ਨੂੰ ਨੌਕਰੀ ਦੇਣ ਅਤੇ ਗੁਣਵੱਤਾ ਨੂੰ ਕਾਇਮ ਰੱਖਣ ਲਈ ਉਨ੍ਹਾਂ ਨੇ ਹੋਰ ਖੇਤਰਾਂ ਵਿੱਚ ਵੀ ਹੱਥ ਅਜ਼ਮਾਇਆ।
ਓਬਰਾਏ ਗਰੁੱਪ ਨੇ 1959 ਵਿੱਚ ਪਹਿਲੀ ਵਾਰ ਭਾਰਤ ਵਿੱਚ ਫਲਾਇਟ ਕੇਟਰਿੰਗ ਸ਼ੁਰੂ ਕੀਤੀ।
ਮੋਹਨ ਸਿੰਘ ਓਬਰਾਏੇ 1962 ਵਿੱਚ ਰਾਜ ਸਭਾ ਲਈ ਚੁਣੇ ਗਏ।
ਸੰਨ 1967 ਵਿੱਚ ਲੋਕਸਭਾ ਦੀ ਚੋਣ ਵਿੱਚ ਖੜ੍ਹੇ ਹੋਏ ਅਤੇ 46 ਹਜ਼ਾਰ ਤੋਂ ਜ਼ਿਆਦਾ ਵੋਟਾਂ ਨਾਲ ਜਿੱਤ ਗਏ।
ਸਾਲ 2001 ਵਿੱਚ ਭਾਰਤ ਸਰਕਾਰ ਨੇ ਉਨ੍ਹਾਂ ਨੂੰ ਦੇਸ਼ ਦੇ ਤੀਜੇ ਵੱਡੇ ਨਾਗਰਿਕ ਸਨਮਾਨ ‘ਪਦਮ ਭੂਸ਼ਣ’ ਨਾਲ ਸਨਮਾਨਤ ਕੀਤਾ।
ਬਾਚੀ ਕਰਕਰੀਆ ਨੇ ਮੋਹਨ ਸਿੰਘ ਓਬਰਾਏ ਦੀ ਜੀਵਨੀ ‘ਡੇਅਰ ਟੂ ਡਰੀਮ: ਅ ਲਾਈਫ ਆਫ ਰਾਏ ਬਹਾਦਰ ਮੋਹਨ ਸਿੰਘ ਓਬਰਾਏ’ ਦੇ ਨਾਮ ਨਾਲ ਲਿਖੀ ਹੈ।
ਉਨ੍ਹਾਂ ਅਨੁਸਾਰ ਐੱਮਬੀਏ ਦੇ ਬਿਨਾਂ ਉਨ੍ਹਾਂ ਨੇ ਆਪਣੀ ‘ਹੈਂਡਸ ਆਨ ਸਟਾਈਲ’ ਅਤੇ ‘ਮੈਨੇਜਮੈਂਟ ਹਾਈ ਵਾਕਥਰੂ’ ਬਣਾਈ।
1934 ਵਿੱਚ ਸ਼ਿਮਲਾ ਦੇ 50 ਕਮਰਿਆਂ ਵਾਲੇ ਕਲਾਰਕ ਦੇ ਆਪਣੇ ਪਹਿਲੇ ਹੋਟਲ ਵਿੱਚ ਉਨ੍ਹਾਂ ਨੇ ਕਿਚਨ ਤੋਂ ਮਹਿਮਾਨਾਂ ਦੇ ਫਲੋਰ ਤੱਕ ਖਾਣਾ ਲੈ ਕੇ ਜਾਣ ਲਈ ਇੱਕ ਲਿਫਟ ਤਿਆਰ ਕੀਤੀ।
‘‘ਕਿਚਨ ਵਿੱਚ ਚਹਿਲ ਕਦਮੀ ਕਰਦੇ ਹੋਏ ਉਨ੍ਹਾਂ ਨੇ ਦੇਖਿਆ ਕਿ ਮੱਖਣ ਦੇ ਬਚੇ ਹੋਏ ਟੁਕੜੇ ਕੂੜੇ ਵਿੱਚ ਸੁੱਟੇ ਜਾ ਰਹੇ ਹਨ। ਇਸ ਦੀ ਥਾਂ ਉਨ੍ਹਾਂ ਨੇ ਉਨ੍ਹਾਂ ਟੁਕੜਿਆਂ ਨੂੰ ਸੁਆਦਲੀ ਪੇਸਟਰੀ ਬਣਾਉਣ ਲਈ ਦੁਬਾਰਾ ਵਰਤਣ ਦਾ ਫੈਸਲਾ ਕੀਤਾ।’’
‘‘ਉਹ ਅਤੇ ਈਸ਼ਰਾਨ ਖ਼ਰੀਦਦਾਰੀ ’ਤੇ ਗਹਿਰੀ ਨਜ਼ਰ ਰੱਖਦੇ ਸਨ।’’
ਦਹਾਕਿਆਂ ਬਾਅਦ ਲਗਭਗ 90 ਸਾਲ ਦੀ ਉਮਰ ਵਿੱਚ ਵੀ ਉਹ ਆਪਣੇ ਪੁੱਤ ਪ੍ਰਿਥਵੀਰਾਜ ‘ਬਿਕੀ’ ਦੀ ਲੰਬੀ ਬਿਮਾਰੀ ਦੇ ਦੌਰਾਨ ਖ਼ੁਸ਼ੀ-ਖ਼ੁਸ਼ੀ ਕੰਮ ’ਤੇ ਪਰਤ ਆਏ।
‘‘ਉਨ੍ਹਾਂ ਨੇ ਦਿੱਲੀ ਦੇ ਹੋਟਲ ਵਿੱਚ ਗਰਮ ਪਾਣੀ ਦੇ ਥਰਮੋਸਟੇਟ ਦੀ ਥੋੜ੍ਹੀ ਜਿਹੀ ਅਡਜਸਟਮੈਂਟ ਦੱਸੀ। ਮਹਿਮਾਨਾਂ ਨੇ ਧਿਆਨ ਵੀ ਨਹੀਂ ਦਿੱਤਾ, ਪਰ ਇਸ ਨਾਲ ਬਿਜਲੀ ਦੇ ਬਿਲ ਵਿੱਚ ਕਾਫ਼ੀ ਫਰਕ ਪਿਆ।’’
‘‘ਉਹ ਪਾਣੀ ਦੇ ਗਿਲਾਸ ਤੇ ਤਲ ਤੋਂ ਲੈ ਕੇ ਗੁੱਲਦਾਨ ਵਿੱਚ ਗੁਲਾਬ ਦੀ ਉੱਚਾਈ ਤੱਕ ਸਭ ਕੁਝ ਦੱਸਦੇ ਸਨ।’’
ਪੈਸੇ ਅਤੇ ਕੰਮ ਵਿੱਚ ਸਬੰਧ

ਤਸਵੀਰ ਸਰੋਤ, OBEROI HOTELS
ਬਾਚੀ ਕਰਕਰੀਆ ਲਿਖਦੇ ਹਨ ਕਿ ਕਿਹਾ ਜਾਂਦਾ ਹੈ ਕਿ ਉਹ ਇਕੱਲੇ ਗੈਰਸ਼ਾਹੀ ਵਿਅਕਤੀ ਸਨ ਜਿਨ੍ਹਾਂ ਨੇ ਆਪਣੇ ਫਾਰਮ ’ਤੇ ਆਪਣਾ ਨਿੱਜੀ ਸ਼ਮਸ਼ਾਨਘਾਟ ਬਣਵਾਇਆ ਸੀ...ਇੱਕ ਸ਼ਾਂਤ, ਦਰੱਖਤਾਂ ਨਾਲ ਢਕਿਆ ਹੋਇਆ, ਸੈਂਡਸਟੋਨ ਦੀ ਜਗ੍ਹਾ ਜਿਸ ’ਤੇ ਰਾਜਪੂਤ ਸ਼ੈਲੀ ਦੀਆਂ ਛਤਰੀਆਂ ਸਨ, ਪਰ ਉਸ ਨੂੰ 1984 ਵਿੱਚ ਬੇਟੇ ਤਿਲਕ ਰਾਜ ‘ਟਿਕੀ’ ਅਤੇ ਚਾਰ ਸਾਲ ਬਾਅਦ ਆਪਣੀ ਪਤਨੀ ਲਈ ਵਰਤਣਾ ਪਿਆ।
‘‘ਮੋਹਨ ਸਿੰਘ ਨੇ ਆਪਣੇ ਜਨਮ ਦੇ ਸਾਲ ਨੂੰ 1898 ਤੋਂ 1900 ਵਿੱਚ ਬਦਲ ਦਿੱਤਾ ਸੀ ਕਿਉਂਕਿ ਉਹ ਨਹੀਂ ਚਾਹੁੰਦੇ ਸਨ ਕਿ ਉਨ੍ਹਾਂ ਨੂੰ 19ਵੀਂ ਸਦੀ ਦਾ ਵਿਅਕਤੀ ਸਮਝਿਆ ਜਾਵੇ।’’
‘‘ਇਹ ਰਾਜ਼, ਰਾਜ਼ ਹੀ ਰਹਿ ਸਕਦਾ ਸੀ, ਜੇਕਰ ਉਨ੍ਹਾਂ ਦੇ ਬੇਟੇ ‘ਬਿਕੀ’ ਆਪਣੀ ਇੱਛਾ ’ਤੇ ਕਾਬੂ ਪਾ ਲੈਂਦੇ। 1998 ਵਿੱਚ ਉਨ੍ਹਾਂ ਨੇ ਇਸ ਨੂੰ ਠੀਕ ਕਰਵਾ ਦਿੱਤਾ ਕਿਉਂਕਿ ਉਹ ਨਹੀਂ ਚਾਹੁੰਦੇ ਸਨ ਕਿ ਉਨ੍ਹਾਂ ਦੇ ਪਿਤਾ ਦੇ 100 ਸਾਲ ਬਿਨਾਂ ਕਿਸੇ ਜਸ਼ਨ ਦੇ ਗੁਜ਼ਰ ਜਾਣ।’’
ਰਾਏ ਬਹਾਦਰ ਮੋਹਨ ਸਿੰਘ ਓਬਰਾਏ 104 ਸਾਲ ਦੀ ਉਮਰ ਵਿੱਚ ਦੁਨੀਆਂ ਨੂੰ ਅਲਵਿਦਾ ਆਖ ਗਏ ਸਨ।
ਮੋਹਨ ਸਿੰਘ ਦੀ ਸੋਚ ਇਹ ਸੀ ਕਿ ਜੇਕਰ ਤੁਸੀਂ ਸਿਰਫ਼ ਪੈਸੇ ਬਾਰੇ ਸੋਚਦੇ ਹੋ, ਤਾਂ ਤੁਸੀਂ ਸਹੀ ਕੰਮ ਨਹੀਂ ਕਰੋਗੇ, ਪਰ ਜੇਕਰ ਤੁਸੀਂ ਸਹੀ ਕੰਮ ਕਰਦੇ ਹੋ, ਤਾਂ ਪੈਸਾ ਆਪਣੇ ਆਪ ਤੁਹਾਡੇ ਕੋਲ ਆ ਜਾਵੇਗਾ।












