ਭਾਰਤੀ ਕੁਸ਼ਤੀ ਸੰਘ ਸਸਪੈਂਡ, ਬ੍ਰਿਜ ਭੂਸ਼ਣ ਤੇ ਭਲਵਾਨਾਂ ਨੇ ਕੀ ਕਿਹਾ

ਤਸਵੀਰ ਸਰੋਤ, ANI
ਕੇਂਦਰ ਸਰਕਾਰ ਦੇ ਖੇਡ ਮੰਤਰਾਲੇ ਨੇ ਨਵੀਂ ਬਣੀ ਭਾਰਤੀ ਕੁਸ਼ਤੀ ਸੰਘ ਦੀ ਟੀਮ ਨੂੰ ਸਸਪੈਂਡ ਕਰ ਦਿੱਤਾ ਹੈ।
ਖ਼ਬਰ ਏਜੰਸੀ ਪੀਟੀਆਈ ਤੇ ਏਐੱਨਆਈ ਮੁਤਾਬਕ ਅਗਲੇ ਹੁਕਮਾਂ ਤੱਕ ਇਹ ਮੁਅੱਤਲੀ ਪ੍ਰਭਾਵਿਤ ਰਹੇਗੀ।
ਖ਼ਬਰ ਏਜੰਸੀ ਏਐੱਨਆਈ ਨੇ ਲਿਖਿਆ ਹੈ, ‘‘ਨਵੇਂ ਬਣੇ ਪ੍ਰਧਾਨ ਸੰਜੇ ਸਿੰਘ ਦੇ ਅੰਡਰ-15 ਅਤੇ ਅੰਡਰ-18 ਟ੍ਰਾਇਲ ਗੋਂਡਾ ਦੇ ਨੰਦਨੀ ਨਗਰ ਵਿੱਚ ਕਰਵਾਉਣ ਦੇ ਐਲਾਨ ਮਗਰੋਂ ਕੇਂਦਰੀ ਖੇਡ ਮੰਤਰਾਲੇ ਨੇ ਕੁਸ਼ਤੀ ਮਹਾਸੰਘ ਦੀ ਨਵੀਂ ਕਾਰਜਕਾਰਣੀ ਨੂੰ ਸਸਪੈਂਡ ਕਰ ਦਿੱਤਾ ਹੈ।’’
ਹੁਣ ਤੱਕ ਮਿਲੀ ਜਾਣਕਾਰੀ ਅਨੁਸਾਰ ਨਵੇਂ ਸੰਘ ਦੇ ਚੁਣੇ ਜਾਣ ਮਗਰੋਂ ਇਸ ਦੇ ਲਏ ਸਾਰੇ ਫ਼ੈਸਲਿਆਂ ਨੂੰ ਵੀ ਰੱਦ ਕਰ ਦਿੱਤਾ ਗਿਆ ਹੈ।
ਖ਼ਬਰ ਏਜੰਸੀ ਏਐੱਨਆਈ ਮੁਤਾਬਕ, ਸੰਜੇ ਸਿੰਘ ਨੇ ਆਪਣੇ ਤਾਜ਼ਾ ਬਿਆਨ ਵਿੱਚ ਕਿਹਾ, "ਸਰਕਾਰ ਨਾਲ ਗੱਲ ਕਰਾਂਗੇ, ਮੋਦੀ ਜੀ ਨਾਲ ਗੱਲ ਕਰਾਂਗੇ, ਗ੍ਰਹਿ ਮੰਤਰੀ ਨਾਲ ਗੱਲ ਕਰਾਂਗੇ ਕਿ ਕਿਉਂਕਿ ਬੱਚਿਆਂ ਦਾ ਭਵਿੱਖ ਖ਼ਰਾਬ ਹੋ ਰਿਹਾ ਹੈ।"

ਤਸਵੀਰ ਸਰੋਤ, ANI
ਇਹ ਪਹਿਲਾਂ ਕਦਮ ਹੈ- ਸਾਕਸ਼ੀ
ਇਸ ਬਾਰੇ ਸਾਕਸ਼ੀ ਮਲਿਕ ਨੇ ਪ੍ਰਤੀਕਿਰਿਆ ਦਿੰਦਿਆਂ ਹੋਇਆ ਕਿਹਾ ਕਿ ਜੋ ਵੀ ਹੋਇਆ ਹੈ ਕਿ ਭਲਵਾਨਾਂ ਦੀ ਭਲਾਈ ਲਈ ਹੋਇਆ ਹੈ।
ਉਨ੍ਹਾਂ ਨੇ ਕਿਹਾ, "ਭੈਣਾਂ-ਧੀਆਂ ਦੀ ਲੜਾਈ ਹੈ। ਉਸ ਲਈ ਅਸੀਂ ਲੜਦੇ ਰਹਾਂਗੇ ਅਤੇ ਇਹ ਪਹਿਲਾਂ ਕਦਮ ਹੈ। ਅਸੀਂ ਚਾਹੁੰਦੇ ਹਾਂ ਕਿ ਇੱਕ ਔਰਤ ਪ੍ਰਧਾਨ ਹੋਵੇ, ਚੰਗਾ ਸੰਘ ਹੋਵੇ ਅਤੇ ਅੱਗੇ ਆਉਣ ਵਾਲੀਆਂ ਬੱਚੀਆਂ ਸੁਰੱਖਿਅਤ ਹੋਣ। ਆਸ ਕਰਾਂਗੇ ਕਿ ਸਰਕਾਰ ਸਾਡੇ ਪੱਖ ਵਿੱਚ ਹੋਰ ਸਮਝੇ।"
ਸਰਕਾਰ ਦੇ ਇਸ ਫ਼ੈਸਲੇ ਤੋਂ ਦੋ ਦਿਨ ਪਹਿਲਾਂ ਆਪਣਾ ਪਦਮ ਸ਼੍ਰੀ ਸਨਮਾਨ ਸਰਕਾਰ ਨੂੰ ਵਾਪਸ ਦੇਣ ਵਾਲੇ ਬਜਰੰਗ ਪੁਨੀਆ ਨੇ ਖ਼ੁਸ਼ੀ ਜ਼ਾਹਿਰ ਕੀਤੀ ਹੈ।
ਇੱਕ ਨਿਊਜ਼ ਚੈਨਲ ਨਾਲ ਗੱਲਬਾਤ ਦੌਰਾਨ ਉਨ੍ਹਾਂ ਨੇ ਕਿਹਾ, ‘‘ਜੋ ਵੀ ਇਹ ਫ਼ੈਸਲਾ ਲਿਆ ਗਿਆ ਹੈ, ਇਹ ਬਿਲਕੁਲ ਠੀਕ ਫ਼ੈਸਲਾ ਹੈ। ਸਾਡੀਆਂ ਭੈਣਾਂ-ਧੀਆਂ ਦੇ ਨਾਲ ਜੋ ਤਸ਼ਦੱਦ ਹੋਇਆ, ਜਿਹੜੇ ਲੋਕਾਂ ਨੇ ਕੀਤਾ, ਉਨ੍ਹਾਂ ਲੋਕਾਂ ਨੂੰ ਫੈਡਰੇਸ਼ਨ ਤੋਂ ਹਟਾਉਣਾ ਚਾਹੀਦਾ ਹੈ।’’
ਦੂਜੇ ਪਾਸੇ ਵਿਨੇਸ਼ ਫੋਗਾਟ ਨੇ ਇੱਕ ਨਿੱਜੀ ਚੈਨਲ ਨਾਲ ਗੱਲਬਾਤ ਕਰਦੇ ਹੋਏ ਕਿਹਾ, ‘‘ਇਹ ਚੰਗੀ ਖ਼ਬਰ ਹੈ, ਅਸੀਂ ਚਾਹਾਂਗੇ ਕਿ ਇਸ ਅਹੁਦੇ ਉੱਤੇ ਕੋਈ ਔਰਤ ਆਉਣੀ ਚਾਹੀਦੀ ਹੈ ਤਾਂ ਜੋ ਇਹ ਸੁਨੇਹਾ ਜਾਵੇ ਕਿ ਔਰਤਾਂ ਅੱਗੇ ਵਧਣ। ਜੋ ਵੀ ਹੋਵੇ ਕੋਈ ਚੰਗਾ ਇਨਸਾਨ ਆਉਣਾ ਚਾਹੀਦਾ ਹੈ।’’
ਸਾਕਸ਼ੀ ਮਲਿਕ ਨੇ ਚੁੱਕਿਆ ਸੀ ਗੋਂਡਾ ’ਚ ਕੈਂਪ ਕਰਵਾਉਣ ਦਾ ਮਸਲਾ

ਤਸਵੀਰ ਸਰੋਤ, Getty Images
ਇਸ ਤੋਂ ਪਹਿਲਾਂ ਸ਼ਨੀਵਾਰ ਨੂੰ ਸਾਕਸ਼ੀ ਮਲਿਕ ਨੇ ਐਕਸ ਉੱਤੇ ਪੋਸਟ ਰਾਹੀਂ ਭਾਰਤੀ ਕੁਸ਼ਤੀ ਸੰਘ ਦੇ ਇੱਕ ਫ਼ੈਸਲੇ ਉੱਤੇ ਇਤਰਾਜ਼ ਜਤਾਇਆ ਸੀ।
ਸ਼ਨੀਵਾਰ ਦੀ ਸ਼ਾਮ ਉਨ੍ਹਾਂ ਨੇ ਐਕਸ ਉੱਤੇ ਲਿਖਿਆ ਸੀ, ‘‘ਮੈਂ ਕੁਸ਼ਤੀ ਛੱਡ ਦਿੱਤੀ ਹੈ, ਪਰ ਕੱਲ ਰਾਤ ਤੋਂ ਪਰੇਸ਼ਾਨ ਹਾਂ। ਉਹ ਜੂਨੀਅਰ ਮਹਿਲਾ ਭਲਵਾਨ ਕੀ ਕਰਨ ਜੋ ਮੈਨੂੰ ਫ਼ੋਨ ਕਰਕੇ ਦੱਸ ਰਹੀਆਂ ਹਨ ਕਿ ਦੀਦੀ ਇਸ 28 ਤਾਰੀਕ ਨੂੰ ਜੂਨੀਅਰ ਨੈਸ਼ਨਲ ਹੋ ਰਹੇ ਹਨ ਅਤੇ ਉਹ ਨਵੇਂ ਕੁਸ਼ਤੀ ਫੈਡਰੇਸ਼ਨ ਨੇ ਨੰਦਨੀ ਨਗਰ, ਗੋਂਡਾ ਵਿੱਚ ਕਰਵਾਉਣ ਦਾ ਫ਼ੈਸਲਾ ਲਿਆ ਹੈ।’’
ਆਪਣੇ ਇਤਰਾਜ਼ ਦਾ ਕਾਰਨ ਸਮਝਾਉਂਦੇ ਹੋਏ ਉਨ੍ਹਾਂ ਨੇ ਲਿਖਿਆ ਸੀ, ‘‘ਗੋਂਡਾ ਬ੍ਰਿਜ ਭੂਸ਼ਣ ਦਾ ਇਲਾਕਾ ਹੈ। ਹੁਣ ਤੁਸੀਂ ਸੋਚੋ ਕਿ ਜੂਨੀਅਰ ਮਹਿਲਾ ਭਲਵਾਨ ਕਿਸ ਮਾਹੌਲ ਵਿੱਚ ਕੁਸ਼ਤੀ ਲੜਨ ਉੱਥੇ ਜਾਣਗੀਆਂ। ਕੀ ਇਸ ਦੇਸ਼ ਵਿੱਚ ਨੰਦਨੀ ਨਗਰ ਤੋਂ ਇਲਾਵਾ ਕਿਤੇ ਵੀ ਨੈਸ਼ਨਲ ਕਰਵਾਉਣ ਦੀ ਥਾਂ ਨਹੀਂ ਹੈ? ਸਮਝ ਨਹੀਂ ਆ ਰਿਹਾ ਕੀ ਕਰਾਂ।’’
‘ਅਸੀਂ ਲੜਾਈ ਲੜਦੇ ਰਹਾਂਗੇ, ਸਰਕਾਰ ਸਾਡੇ ਪੱਖ ਵਿੱਚ ਹੋਰ ਸਮਝੇ’

ਤਸਵੀਰ ਸਰੋਤ, FB/Sakshi Malik
ਖੇਡ ਮੰਤਰਾਲੇ ਵੱਲੋਂ ਨਵੀਂ ਬਣੀ ਕੁਸ਼ਤੀ ਫ਼ੈਡਰੇਸ਼ਨ ਨੂੰ ਸਸਪੈਂਡ ਕੀਤੇ ਜਾਣ ਦਾ ਸਾਕਸ਼ੀ ਮਲਿਕ ਨੇ ਸਵਾਗਤ ਕੀਤਾ ਹੈ।
ਉਨ੍ਹਾਂ ਕਿਹਾ, ‘‘ਇਹ ਭਲਵਾਨਾਂ ਦੀ ਭਲਾਈ ਲਈ ਹੋਇਆ ਹੈ ਅਤੇ ਅਸੀਂ ਤਾਂ ਸ਼ੁਰੂ ਤੋਂ ਕਹਿ ਰਹੇ ਸੀ ਕਿ ਭੈਣਾਂ-ਧੀਆਂ ਦੀ ਲੜਾਈ ਹੈ ਤੇ ਉਸੇ ਲਈ ਅਸੀਂ ਲੜਦੇ ਰਹਾਂਗੇ। ਇਹ ਪਹਿਲਾ ਕਦਮ ਹੈ, ਕੁਝ ਚੰਗਾ ਹੋਇਆ ਹੈ।’’
‘‘ਅਸੀਂ ਚਾਹੁੰਦੇ ਹਾਂ ਕਿ ਮਹਿਲਾ ਪ੍ਰਧਾਨ ਬਣੇ ਤਾਂ ਜੋ ਆਉਣ ਵਾਲੀਆਂ ਕੁੜੀਆਂ ਸੁਰੱਖਿਅਤ ਹੋਣ। ਸਰਕਾਰ ਸਾਡੇ ਪੱਖ ਵਿੱਚ ਹੋਰ ਸਮਝੇ ਕਿ ਅਸੀਂ ਕਿਸ ਚੀਜ਼ ਲਈ ਲੜਾਈ ਲੜ ਰਹੇ ਹਾਂ।’’
‘ਸਰਕਾਰ ਦੇ ਫ਼ੈਸਲੇ ਨਾਲ ਜਗੀ ਉਮੀਦ’

ਬੀਬੀਸੀ ਸਹਿਯੋਗੀ ਸਤ ਸਿੰਘ ਨਾਲ ਗੱਲਬਾਤ ਵਿੱਚ ਸਾਕਸ਼ੀ ਮਲਿਕ ਦੀ ਮਾਂ ਸੁਦੇਸ਼ ਦੇਵੀ ਨੇ ਆਪਣੇ ਵਿਚਾਰ ਰੱਖੇ ਹਨ
ਨਵੇਂ ਬਣੇ ਭਾਰਤੀ ਕੁਸ਼ਤੀ ਸੰਘ ਬਾਰੇ ਉਨ੍ਹਾਂ ਕਿਹਾ, ‘‘ਖੇਡ ਮੰਤਰਾਲੇ ਵੱਲੋਂ ਸੰਘ ਨੂੰ ਸਸਪੈਂਡ ਕੀਤੇ ਜਾਣ ਦੇ ਫ਼ੈਸਲੇ ਦਾ ਅਸੀਂ ਸਤਿਕਾਰ ਕਰਦੇ ਹਾਂ। ਇੱਕ 21 ਦਸੰਬਰ ਦਾ ਕਾਲਾ ਦਿਨ ਸੀ ਅਤੇ ਅੱਜ ਇਸ ਫ਼ੈਸਲੇ ਨਾਲ ਥੋੜ੍ਹੀ ਜਿਹੀ ਉਮੀਦ ਜਗੀ ਹੈ ਕਿ ਸ਼ਾਇਦ ਕੁਝ ਬਦਲਾਅ ਆਵੇ।’’
‘‘ਸਾਕਸ਼ੀ ਦਾ ਸੰਨਿਆਸ ਲੈਣਾ ਤੇ ਬਜਰੰਗ ਦਾ ਪਦਮ ਸ਼੍ਰੀ ਮੋੜਨ ਦੇ ਫ਼ੈਸਲੇ ਤੋਂ ਬਾਅਦ ਇੱਕ ਰੋਸ ਸੀ, ਹੋ ਸਕਦਾ ਹੈ ਕਿ ਇਹਨਾਂ ਕਦਮਾਂ ਕਰਕੇ ਹੀ ਖੇਡ ਮੰਤਰਾਲੇ ਨੇ ਸੰਘ ਨੂੰ ਸਸਪੈਂਡ ਕਰਨ ਦਾ ਫ਼ੈਸਲਾ ਲਿਆ ਹੋਵੇ।’’
ਸਾਕਸ਼ੀ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਸਾਕਸ਼ੀ ਕਈ ਦਿਨਾਂ ਤੋਂ ਪਰੇਸ਼ਾਨ ਸਨ ਤੇ ਇਸੇ ਕਰਕੇ ਉਨ੍ਹਾਂ ਸੋਸ਼ਲ ਮੀਡੀਆ ਉੱਤੇ ਲਿਖਿਆ ਵੀ।
ਖੇਡ ਮੰਤਰਾਲੇ ਬਾਰੇ ਦੱਸਦਿਆ ਸੁਦੇਸ਼ ਦੇਵੀ ਨੇ ਕਿਹਾ, ‘‘ਸਾਕਸ਼ੀ ਨੇ ਕਿਹਾ ਕਿ ਠੀਕ ਹੈ ਪਰ ਮੈਨੂੰ ਖ਼ੁਸ਼ੀ ਉਦੋਂ ਹੋਵੇਗੀ ਜਦੋਂ ਸੰਘ ਚੰਗਾ ਬਣੇ ਅਤੇ ਚੰਗੇ ਲੋਕ ਇਸ ਅੰਦਰ ਆਉਣ, ਖ਼ਾਸ ਤੌਰ ਉੱਤੇ ਮਹਿਲਾ ਪ੍ਰਧਾਨ ਆਵੇ।’’
ਬ੍ਰਿਜ ਭੂਸ਼ਣ ਸ਼ਰਣ ਨੇ ਕਿਹਾ ‘ਮੇਰਾ ਰੋਲ ਖ਼ਤਮ’

ਤਸਵੀਰ ਸਰੋਤ, ANI
ਭਾਰਤੀ ਕੁਸ਼ਤੀ ਮਹਾਸੰਘ ਦੇ ਸਾਬਕਾ ਪ੍ਰਧਾਨ ਤੇ ਭਾਜਪਾ ਆਗੂ ਬ੍ਰਿਜ ਭੂਸ਼ਣ ਸ਼ਰਣ ਸਿੰਘ ਨੇ ਕਿਹਾ ਖੇਡ ਮੰਤਰਾਲੇ ਦੇ ਤਾਜ਼ਾ ਫ਼ੈਸਲੇ ਉੱਤੇ ਕਿਹਾ ਕਿ ਕੋਰਟ ਦੇ ਹੁਕਮਾਂ ਉੱਤੇ ਫ਼ੈਡਰੇਸ਼ਨ ਦੀਆਂ ਚੋਣਾਂ ਹੋਈਆਂ ਸਨ।
ਉਨ੍ਹਾਂ ਕਿਹਾ, ‘‘ਸੰਜੇ ਸਿੰਘ ਮੇਰੇ ਰਿਸ਼ਤੇਦਾਰ ਨਹੀਂ ਹਨ। ਮੈਂ ਕੁਸ਼ਤੀ ਤੋਂ ਸੰਨਿਆਸ ਲੈ ਚੁੱਕਿਆ ਹਾਂ ਅਤੇ ਸਾਬਕਾ ਪ੍ਰਧਾਨ ਹੋਣ ਦੇ ਨਾਤੇ ਮੀਟਿੰਗ ਵਿੱਚ ਗਿਆ ਸੀ। ਅੱਗੇ ਦਾ ਫ਼ੈਸਲਾ ਚੁਣੇ ਹੋਏ ਲੋਕ ਕਰਨਗੇ।’’
ਉਨ੍ਹਾਂ ਨੇ ਇਹ ਵੀ ਕਿਹਾ, ‘‘ਮੈਂ 12 ਸਾਲ ਤੱਕ ਕੁਸ਼ਤੀ ਲਈ ਕੰਮ ਕੀਤਾ ਤੇ ਹੁਣ ਮੇਰਾ ਰੋਲ ਕੁਸ਼ਤੀ ਤੋਂ ਖ਼ਤਮ ਹੋ ਗਿਆ ਹੈ। ਕੁਸ਼ਤੀ ਸੰਘ ਨੂੰ ਲੈ ਕੇ ਜੇ ਪੀ ਨੱਢਾ ਨਾਲ ਕੋਈ ਗੱਲਬਾਤ ਨਹੀਂ ਹੈ। ਨਵੀਂ ਕਾਰਜਕਾਰਣੀ ਸਰਕਾਰ ਨਾਲ ਗੱਲ ਕਰੇਗੀ। ਨਵੀਂ ਫ਼ੈਡਰੇਸ਼ਨ ਨਾਲ ਮੇਰਾ ਕੋਈ ਲੈਣਾ ਦੇਣਾ ਨਹੀਂ ਹੈ।’’
ਪੂਰਾ ਮਾਮਲਾ ਹੈ ਕੀ?

ਤਸਵੀਰ ਸਰੋਤ, ANI
ਵੀਰਵਾਰ 21 ਦਸੰਬਰ ਨੂੰ ਭਾਰਤੀ ਕੁਸ਼ਤੀ ਮਹਾਸੰਘ ਦੇ ਚੋਣ ਨਤੀਜੇ ਆਏ, ਜਿਸ ਵਿੱਚ ਮਹਾਸੰਘ ਦੇ ਸਾਬਕਾ ਪ੍ਰਧਾਨ ਅਤੇ ਭਾਜਪਾ ਆਗੂ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੇ ਕਰੀਬੀ ਸੰਜੇ ਸਿੰਘ ਕੁਸ਼ਤੀ ਸੰਘ ਦੇ ਪ੍ਰਧਾਨ ਚੁਣੇ ਗਏ।
ਪ੍ਰਧਾਨ ਚੁਣੇ ਜਾਣ ਮਗਰੋਂ ਸੰਜੇ ਸਿੰਘ ਚੋਣਾਂ ਨੂੰ ਲੈ ਕੇ ਰਾਜਨੀਤੀ ਵੱਲ ਇਸ਼ਾਰਾ ਕਰਦੇ ਹੋਏ ਕਹਿੰਦੇ ਹਨ, ‘‘ਜਿਨ੍ਹਾਂ ਨੇ ਕੁਸ਼ਤੀ ਕਰਨੀ ਹੈ, ਉਹ ਕੁਸ਼ਤੀ ਕਰ ਰਹੇ ਹਨ, ਜੋ ਰਾਜਨੀਤੀ ਕਰਨਾ ਚਾਹੁੰਦੇ ਹਨ ਉਹ ਰਾਜਨੀਤੀ ਕਰਨ...’’
ਇਸ ਨੂੰ ਲੈ ਕੇ ਭਲਵਾਨਾਂ ਨੇ ਇਤਰਾਜ਼ ਜਤਾਇਆ। ਨਤੀਜੇ ਆਉਣ ਤੋਂ ਬਾਅਦ ਸਾਕਸ਼ੀ ਮਲਿਕ ਨੇ ਇੱਕ ਪੋਸਟ ਰਾਹੀਂ ‘‘ਕੁਸ਼ਤੀ ਨੂੰ ਅਲਵਿਦਾ’’ ਕਿਹਾ।
ਸਾਕਸ਼ੀ ਮਲਿਕ ਨੇ ਕਿਹਾ, ‘‘ਪ੍ਰੈਜ਼ੀਡੇਂਟ ਬ੍ਰਿਜ ਭੂਸ਼ਣ ਵਰਗਾ ਆਦਮੀ ਹੀ ਰਹਿੰਦਾ ਹੈ, ਜੋ ਉਸ ਦਾ ਸਹਿਯੋਗੀ ਹੈ, ਉਸ ਦਾ ਬਿਜ਼ਨੇਸ ਪਾਰਟਨਰ ਹੈ। ਉਹ ਜੇ ਇਸ ਫੈਡਰੇਸ਼ਨ ਵਿੱਚ ਰਹੇਗਾ ਤਾਂ ਮੈਂ ਆਪਣੀ ਕੁਸ਼ਤੀ ਨੂੰ ਤਿਆਗਦੀ ਹਾਂ। ਮੈਂ ਅੱਜ ਤੋਂ ਬਾਅਦ ਤੁਹਾਨੂੰ ਕਦੇ ਵੀ ਉੱਥੇ ਨਹੀਂ ਦਿਖਾਂਗੀ।’’
ਸਾਕਸ਼ੀ ਨੇ ਪ੍ਰੈੱਸ ਕਾਨਫਰੰਸ ਦੌਰਾਨ ਆਪਣੇ ਜੁੱਤੇ ਟੇਬਲ ਉੱਤੇ ਛੱਡ ਦਿੱਤੇ ਸੀ, ਇਹ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਕਾਫ਼ੀ ਸ਼ੇਅਰ ਕੀਤੀਆਂ ਗਈਆਂ।
ਉਨ੍ਹਾਂ ਦੀ ਪ੍ਰੈੱਸ ਕਾਨਫਰੰਸ ਦੌਰਾਨ ਬਜਰੰਗ ਪੁਨੀਆ ਤੇ ਵਿਨੇਸ਼ ਫੋਗਾਟ ਵੀ ਮੌਜੂਦ ਸਨ।
ਇਸ ਤੋਂ ਕੁਝ ਹੀ ਦੇਰ ਬਾਅਦ ਖਿਡਾਰੀ ਬਜਰੰਗ ਪੁਨੀਆ ਨੇ ਪਦਮ ਸ਼੍ਰੀ ਸਨਮਾਨ ਵਾਪਸ ਕਰਨ ਦਾ ਐਲਾਨ ਕੀਤਾ। ਉਨ੍ਹਾਂ ਨੂੰ ਸਾਲ 2019 ਵਿੱਚ ਪਦਮ ਸ਼੍ਰੀ ਨਾਲ ਨਵਾਜ਼ਿਆ ਗਿਆ ਸੀ।
ਉਨ੍ਹਾਂ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਉੱਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਮ ਇੱਕ ਖ਼ਤ ਪੋਸਟ ਕੀਤਾ ਅਤੇ ਲਿਖਿਆ ਕਿ ‘‘ਕੁਸ਼ਤੀ ਮਹਾਸੰਘ ਦੀ ਚੋਣ ਵਿੱਚ ਇੱਕ ਵਾਰ ਫ਼ਿਰ ਬ੍ਰਿਜ ਭੂਸ਼ਣ ਸ਼ਰਨ ਸਿੰਘ ਦਾ ਕਬਜ਼ਾ ਹੋ ਗਿਆ ਹੈ, ਜਦਕਿ ਗ੍ਰਹਿ ਮੰਤਰੀ ਨੇ ਭਰੋਸਾ ਦਿੱਤਾ ਸੀ ਕਿ ਉਹ ਬ੍ਰਿਜ ਭੂਸ਼ਣ ਅਤੇ ਉਨ੍ਹਾਂ ਦੇ ਕਰੀਬੀਆਂ ਨੂੰ ਬਾਹਰ ਕਰ ਦੇਣਗੇ।’’
ਉਨ੍ਹਾਂ ਨੇ ਅੱਗੇ ਲਿਖਿਆ, ‘‘ਚੋਣ ਨਤੀਜਿਆਂ ਮਗਰੋਂ ਬ੍ਰਿਜ ਭੂਸ਼ਣ ਨੇ ਬਿਆਨ ਦਿੱਤਾ ਕਿ ਦਬਦਬਾ ਹੈ ਅਤੇ ਦਬਦਬਾ ਰਹੇਗਾ। ਇਸ ਨਾਲ ਦਬਾਅ ਵਿੱਚ ਆ ਕੇ ਇੱਕੋ-ਇੱਕ ਓਲੰਪਿਕ ਜੇਤੂ ਮਹਿਲਾ ਭਲਵਾਨ ਸਾਕਸ਼ੀ ਨੇ ਸੰਨਿਆਸ ਲੈ ਲਿਆ।’’
ਡੇਫ਼ ਓਲੰਪਿਕਸ ਦੇ ਗੋਲਡ ਮੈਡਲ ਜੇਤੂ ਪਹਿਲਵਾਨ ਵਿਰੇਂਦਰ ਸਿੰਘ ਨੇ ਵੀ ਮਹਿਲਾ ਭਲਵਾਨ ਦੇ ਸਮਰਥਨ ਵਿੱਚ ਉਨ੍ਹਾਂ ਨੂੰ ਮਿਲਿਆ ਪਦਮ ਸ਼੍ਰੀ ਸਨਮਾਨ ਵਾਪਸ ਕਰਨ ਦਾ ਐਲਾਨ ਕੀਤਾ।
ਗੂੰਗਾ ਪਹਿਲਵਾਨ ਨਾਮ ਨਾਲ ਜਾਣੇ ਜਾਂਦੇ ਵਿਰੇਂਦਰ ਸਿੰਘ ਨੇ ਕਿਹਾ, ‘‘ਮੈਂ ਵੀ ਆਪਣੀ ਭੈਣ ਅਤੇ ਦੇਸ਼ ਦੀ ਬੇਟੀ ਲਈ ਪਦਮ ਸ਼੍ਰੀ ਵਾਪਸ ਕਰ ਦੇਵਾਂਗਾ, ਮਾਣਯੋਗ ਪ੍ਰਧਾਨ ਮੰਤਰੀ ਜੀ, ਮੈਨੂੰ ਮਾਣ ਹੈ ਤੁਹਾਡੀ ਬੇਟੀ ਅਤੇ ਆਪਣੀ ਭੈਣ ਸਾਕਸ਼ੀ ਮਲਿਕ ’ਤੇ’’
ਮਹਿਲਾ ਪਹਿਲਵਾਨਾਂ ਦਾ ਵਿਰੋਧ ਪ੍ਰਦਰਸ਼ਨ

ਤਸਵੀਰ ਸਰੋਤ, Getty Images
ਇਸ ਪੂਰੇ ਮਾਮਲੇ ਦੀ ਸ਼ੁਰੂਆਤ ਉਦੋਂ ਹੋਈ ਸੀ ਜਦੋਂ 18 ਜਨਵਰੀ 2023 ਨੂੰ ਵਿਨੇਸ਼ ਫੋਗਾਟ, ਸਾਕਸ਼ੀ ਮਲਿਕ ਅਤੇ ਬਜਰੰਗ ਪੁਨੀਆ ਸਣੇ ਕਈ ਹੋਰ ਭਲਵਾਨ ਦਿੱਲੀ ਦੇ ਜੰਤਰ-ਮੰਤਰ ਪਹੁੰਚੇ ਸਨ। ਉਨ੍ਹਾਂ ਨੇ ਬ੍ਰਿਜ ਭੂਸ਼ਣ ਸ਼ਰਨ ਸਿੰਘ ਉੱਤੇ ਕਈ ਗੰਭੀਰ ਇਲਜ਼ਾਮ ਲਗਾਏ।
ਇਹ ਵਿਰੋਧ ਪ੍ਰਦਰਸ਼ਨ ਕਈ ਹਫ਼ਤਿਆਂ ਤੱਕ ਚਲਦਾ ਰਿਹਾ। ਜਿਸ ਤੋਂ ਬਾਅਦ ਖੇਡ ਮੰਤਰਾਲਾ ਹਰਕਤ ਵਿੱਚ ਆਇਆ।
ਮੰਤਰਾਲੇ ਨੇ ਕੁਸ਼ਤੀ ਸੰਘ ਨੂੰ 72 ਘੰਟਿਆਂ ਅੰਦਰ ਇਲਜ਼ਾਮਾਂ ਦੇ ਜਵਾਬ ਦੇਣ ਲਈ ਨੋਟਿਸ ਭੇਜਿਆ। ਇਸ ਦੇ ਜਵਾਬ ਵਿੱਚ ਮਹਾਸੰਘ ਨੇ ਆਪਣੀ ਜਵਾਬੀ ਚਿੱਠੀ ਵਿੱਚ ਭਲਵਾਨਾਂ ਦੇ ਇਲਜ਼ਾਮਾਂ ਨੂੰ ਰੱਦ ਕੀਤਾ ਤੇ ਕਿਹਾ ਕਿ ਉਨ੍ਹਾਂ ਕੋਲ ਜਿਨਸੀ ਸ਼ੋਸ਼ਣ ਦਾ ਇੱਕ ਵੀ ਇਲਜ਼ਾਮ ਨਹੀਂ ਆਇਆ ਹੈ।
ਖਿਡਾਰੀਆਂ ਨੇ ਬ੍ਰਿਜ ਭੂਸ਼ਣ ਸ਼ਰਨ ਸਿੰਘ ਖਿਲਾਫ਼ ਸ਼ਿਕਾਇਤ ਦਿੱਤੀ ਪਰ ਉਨ੍ਹਾਂ ਦੀ ਐੱਫ਼ਆਈਆਰ ਦਰਜ ਨਹੀਂ ਕੀਤੀ ਗਈ।
ਖਿਡਾਰੀਆਂ ਦੇ ਸੁਪਰੀਮ ਕੋਰਟ ਜਾਣ ਮਗਰੋਂ ਦਿੱਲੀ ਪੁਲਿਸ ਨੇ ਇਸ ਮਾਮਲੇ ਵਿੱਚ ਬ੍ਰਿਜ ਭੂਸ਼ਣ ਸ਼ਰਨ ਸਿੰਘ ਖਿਲਾਫ਼ ਦੋ ਐੱਫ਼ਆਈਆਰ ਦਰਜ ਕਰ ਲਈਆਂ।
ਇਸੇ ਵਿਚਾਲੇ ਮਈ ਦੇ ਆਖ਼ਿਰ ਵਿੱਚ ਖਿਡਾਰੀ ਆਪਣੇ ਮੈਡਲ ਹੱਥਾਂ ਵਿੱਚ ਲੈ ਕੇ ਗੰਗਾ ਵਿੱਚ ਵਹਾਉਣ ਲਈ ਹਰ ਦੀ ਪੌੜੀ ਪਹੁੰਚੇ। ਹਾਲਾਂਕਿ ਕਿਸਾਨ ਆਗੂ ਨਰੇਸ਼ ਟਿਕੈਤ ਨਾਲ ਗੱਲਬਾਤ ਤੋਂ ਬਾਅਦ ਉਨ੍ਹਾਂ ਨੇ ਆਪਣਾ ਇਹ ਫ਼ੈਸਲਾ ਟਾਲ ਦਿੱਤਾ।
ਇਸ ਤੋਂ ਬਾਅਦ ਖਿਡਾਰੀ ਇਸ ਗੱਲ ਉੱਤੇ ਅੜ ਗਏ ਕਿ ਜਦੋਂ ਤੱਕ ਬ੍ਰਿਜ ਭੂਸ਼ਣ ਸ਼ਰਨ ਸਿੰਘ ਅਸਤੀਫ਼ਾ ਨਹੀਂ ਦੇ ਦਿੰਦੇ ਅਤੇ ਉਨ੍ਹਾਂ ਦੀ ਗ੍ਰਿਫ਼ਤਾਰੀ ਨਹੀਂ ਹੋ ਜਾਂਦੀ ਉਨ੍ਹਾਂ ਦਾ ਧਰਨਾ ਜਾਰੀ ਰਹੇਗਾ।
ਅਪ੍ਰੈਲ ਵਿੱਚ ਸ਼ੁਰੂ ਹੋਇਆ ਧਰਨਾ ਲਗਭਗ ਇੱਕ ਮਹੀਨਾ ਚੱਲਿਆ ਜਿਸ ਦੌਰਾਨ ਭਲਵਾਨਾਂ ਦੇ ਮੰਚ ਉੱਤੇ ਵਿਰੋਧੀ ਪਾਰਟੀਆਂ ਦੇ ਕਈ ਆਗੂ ਪਹੁੰਚੇ।
ਇੱਕ ਮਹੀਨੇ ਬਾਅਦ 28 ਮਈ ਨੂੰ ਧਰਨਾ ਦੇ ਰਹੇ ਭਲਵਾਨਾਂ ਨੂੰ ਜੰਤਰ-ਮੰਤਰ ਤੋਂ ਜ਼ਬਰਦਸਤੀ ਹਟਾ ਕੇ ਇਹ ਪ੍ਰਦਰਸ਼ਨ ਖ਼ਤਮ ਕਰ ਦਿੱਤਾ ਗਿਆ।
ਵਿਵਾਦ ’ਚ ਅਨੁਰਾਗ ਠਾਕੁਰ ਦੀ ਐਂਟਰੀ

ਤਸਵੀਰ ਸਰੋਤ, ANI
ਐਤਵਾਰ ਨੂੰ ਜਿਸ ਦਿਨ ਨਵੀਂ ਸੰਸਦ ਦੀ ਇਮਾਰਤ ਦਾ ਉਦਘਾਟਨ ਹੋ ਰਿਹਾ ਸੀ, ਭਲਵਾਨਾਂ ਉਸੇ ਸਮੇਂ ਧਰਨੇ ਵਾਲੀ ਥਾਂ ਤੋਂ ਡੇਢ ਕਿਲੋਮੀਟਰ ਦੂਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਵੇਂ ਬਣੇ ਸੰਸਦ ਭਵਨ ਦਾ ਉਦਘਾਟਨ ਕਰ ਰਹੇ ਸਨ।
ਆਗੂਆਂ ਤੋਂ ਲੈ ਕੇ ਸੋਸ਼ਲ ਮੀਡੀਆ ਉੱਤੇ ਲੋਕਾਂ ਨੇ ਇਸ ਦੀ ਆਲੋਚਨਾ ਕੀਤੀ। ਭਲਵਾਨਾਂ ਦੇ ਸਮਰਥਨ ਵਿੱਚ ਕਈ ਕਿਸਾਨ ਸੰਗਠਨ ਤੇ ਖਾਪ ਪੰਚਾਇਤਾਂ ਉੱਤਰੀਆਂ ਅਤੇ ਉਨ੍ਹਾਂ ਨੇ ਵਿਰੋਧ ਪ੍ਰਦਰਸ਼ਨ ਦਾ ਐਲਾਨ ਕੀਤਾ।
ਬਾਅਦ ਵਿੱਚ 7 ਜੂਨ ਨੂੰ ਭਲਵਾਨਾਂ ਨੇ ਖੇਡ ਮੰਤਰੀ ਅਨੁਰਾਗ ਠਾਕੁਰ ਨਾਲ ਮੁਲਾਕਾਤ ਕੀਤੀ। ਛੇ ਘੰਟਿਆਂ ਤੱਕ ਚੱਲੀ ਲੰਬੀ ਗੱਲਬਾਤ ਤੋਂ ਬਾਅਦ ਅਨੁਰਾਗ ਠਾਕੁਰ ਨੇ ਕਿਹਾ ਕਿ ਭਾਜਪਾ ਸੰਸਦ ਮੈਂਬਰ ਅਤੇ ਕੁਸ਼ਤੀ ਮਹਾਸੰਘ ਦੇ ਪ੍ਰਧਾਨ ਬ੍ਰਿਜ ਭੂਸ਼ਨ ਸ਼ਰਣ ਸਿੰਘ ਖਿਲਾਫ਼ ਜਾਂਚ 15 ਜੂਨ ਤੱਕ ਪੂਰੀ ਕਰ ਲਈ ਜਾਵੇਗੀ।
ਖਿਡਾਰੀਆਂ ਦੀ ਮੰਗ ਸੀ ਕਿ ਮਾਮਲੇ ਵਿੱਚ 15 ਜੂਨ ਤੱਕ ਉਨ੍ਹਾਂ ਦੀ ਜਾਂਚ ਪੂਰੀ ਕਰਕੇ ਚਾਰਜਸ਼ੀਟ ਦਾਖਲ ਕੀਤੀ ਜਾਵੇ ਅਤੇ ਨਾਲ ਹੀ ਇੱਕ ਮੰਗ ਇਹ ਵੀ ਸੀ ਕਿ ਬ੍ਰਿਜ ਭੂਸ਼ਣ ਸ਼ਰਨ ਸਿੰਘ ਅਤੇ ਉਨ੍ਹਾਂ ਦੇ ਨਾਲ ਜੁੜੇ ਲੋਕ ਚੁਣ ਕੇ ਮਹਾਸੰਘ ਵਿੱਚ ਨਾ ਆਉਣ।
ਖਿਡਾਰੀਆਂ ਦੀ ਇੱਕ ਮੰਗ ਇਹ ਵੀ ਸੀ ਕਿ ਕਿਸੇ ਮਹਿਲਾ ਨੂੰ ਕੁਸ਼ਤੀ ਮਹਾਸੰਘ ਦਾ ਪ੍ਰਧਾਨ ਬਣਾਇਆ ਜਾਵੇ।












