ਹਿੰਦ ਮਹਾਸਾਗਰ ’ਚ ਡਰੋਨ ਰਾਹੀਂ ਕੈਮੀਕਲ ਟੈਂਕਰ ’ਤੇ ਨਿਸ਼ਾਨਾ, ਕੀ ਹੈ ਪੂਰਾ ਮਾਮਲਾ

ਤਸਵੀਰ ਸਰੋਤ, getty images
- ਲੇਖਕ, ਫ਼ੇਲਮ ਚੈਟਰਜੀ
- ਰੋਲ, ਬੀਬੀਸੀ ਨਿਊਜ਼
ਅਮਰੀਕੀ ਫੌਜ ਦਾ ਕਹਿਣਾ ਹੈ ਕਿ ਸ਼ਨੀਵਾਰ ਨੂੰ ਹਿੰਦ ਮਹਾਸਾਗਰ ਵਿੱਚ ਈਰਾਨ ਤੋਂ ਲੌਂਚ ਕੀਤੇ ਗਏ ਇੱਕ ਡਰੋਨ ਨਾਲ ਇੱਕ ਕੈਮੀਕਲ ਟੈਂਕਰ ਨੂੰ ਨਿਸ਼ਾਨਾ ਬਣਾਇਆ ਗਿਆ ਹੈ।
ਪੈਂਟਾਗਨ ਨੇ ਕਿਹਾ ਕਿ ਕੈਮ ਪਲੂਟੋ ਸਮੁੰਦਰੀ ਜਹਾਜ਼ "ਭਾਰਤ ਦੇ ਤੱਟ ਤੋਂ 370 ਕਿਲੋਮੀਟਰ ਦੂਰ" ਸਥਾਨਕ ਸਮੇਂ ਅਨੁਸਾਰ 10:00 ਵਜੇ ਉੱਥੇ ਮੌਜੂਦ ਸੀ।
ਡਰੋਨ ਵੱਲੋਂ ਨਿਸ਼ਾਨਾ ਲਗਾਉਣ ਤੋਂ ਬਾਅਦ ਜਹਾਜ਼ ਵਿੱਚ ਲੱਗੀ ਅੱਗ ਨੂੰ ਬੁਝਾਇਆ ਗਿਆ ਤੇ ਕੋਈ ਜਾਨੀ ਨੁਕਸਾਨ ਨਹੀਂ ਹੋਇਆ।
ਈਰਾਨ ਨੇ ਇਸ ਬਾਰੇ ਕੋਈ ਟਿੱਪਣੀ ਨਹੀਂ ਕੀਤੀ ਹੈ। ਹਾਲ ਹੀ ਵਿੱਚ ਯਮਨ ਵਿੱਚ ਈਰਾਨ ਸਮਰਥਿਤ ਹੂਥੀ ਬਾਗੀਆਂ ਵੱਲੋਂ ਲਾਲ ਸਾਗਰ ਵਿੱਚ ਜਹਾਜ਼ਾਂ ਉੱਤੇ ਡਰੋਨ ਅਤੇ ਰਾਕੇਟ ਹਮਲੇ ਕੀਤੇ ਗਏ ਹਨ।
‘ਦੋ ਹੂਥੀ ਐਂਟੀ-ਸ਼ਿਪ ਬੈਲਿਸਟਿਕ ਮਿਜ਼ਾਈਲਾਂ ਦਾਗੀਆਂ ਗਈਆਂ’

ਤਸਵੀਰ ਸਰੋਤ, EPA
ਯੂਐੱਸ ਸੈਂਟਰਲ ਕਮਾਂਡ (ਸੈਂਟਕੌਮ) ਨੇ ਕਿਹਾ ਕਿ ਸ਼ਨੀਵਾਰ ਨੂੰ "ਯਮਨ ਦੇ ਹੂਥੀ-ਕਬਜ਼ੇ ਵਾਲੇ ਖੇਤਰਾਂ ਤੋਂ ਦੱਖਣੀ ਲਾਲ ਸਾਗਰ ਵਿੱਚ ਅੰਤਰਰਾਸ਼ਟਰੀ ਸ਼ਿਪਿੰਗ ਲੇਨਾਂ ਵਿੱਚ ਦੋ ਹੂਥੀ ਐਂਟੀ-ਸ਼ਿਪ ਬੈਲਿਸਟਿਕ ਮਿਜ਼ਾਈਲਾਂ ਦਾਗੀਆਂ ਗਈਆਂ ਸਨ। ਇਨ੍ਹਾਂ ਮਿਜ਼ਾਈਲਾਂ ਰਾਹੀਂ ਕਿਸੇ ਵੀ ਜਹਾਜ਼ ਦੇ ਪ੍ਰਭਾਵਿਤ ਹੋਣ ਦੀ ਸੂਚਨਾ ਨਹੀਂ ਹੈ।"
ਉਨ੍ਹਾਂ ਵੱਲੋਂ ਇਹ ਵੀ ਕਿਹਾ ਗਿਆ ਹੈ ਕਿ ਖੇਤਰ ਵਿੱਚ ਗਸ਼ਤ ਕਰ ਰਹੇ ਯੂਐੱਸਐੱਸ ਲੇਬੂਨ ਜੰਗੀ ਬੇੜੇ ਨੇ "ਯਮਨ ਵਿੱਚ ਹੂਥੀ-ਕਬਜ਼ੇ ਵਾਲੇ ਖੇਤਰਾਂ ਤੋਂ ਸ਼ੁਰੂ ਹੋਣ ਵਾਲੇ ਚਾਰ ਮਾਨਵ ਰਹਿਤ ਹਵਾਈ ਡਰੋਨਾਂ ਨੂੰ ਮਾਰ ਦਿੱਤਾ ਜੋ ਅਮਰੀਕੀ ਜਹਾਜ਼ ਦੇ ਅੰਦਰ ਵੱਲ ਸਨ।"
ਉਸੇ ਦਿਨ ਬਾਅਦ ਵਿੱਚ ਇੱਕ ਕੱਚੇ ਤੇਲ ਦੇ ਟੈਂਕਰ ਨੂੰ ਦੱਖਣੀ ਲਾਲ ਸਾਗਰ ਵਿੱਚ ਇੱਕ ਹੂਥੀ ਡਰੋਨ ਵੱਲੋਂ ਨਿਸ਼ਾਨਾ ਬਣਾਇਆ ਗਿਆ ਸੀ, ਜਦਕਿ ਇੱਕ ਹੋਰ ਟੈਂਕਰ ਇਸ ਦੇ ਨਿਸ਼ਾਨੇ ਤੋਂ ਬੱਚ ਗਿਆ।
ਉਹ ਬਾਗ਼ੀ ਜੋ ਯਮਨ ਦੇ ਬਹੁਤੇ ਹਿੱਸੇ 'ਤੇ ਕੰਟਰੋਲ ਰੱਖਦੇ ਹਨ ਅਤੇ ਗਾਜ਼ਾ ਵਿੱਚ ਜਾਰੀ ਜੰਗ ਨੂੰ ਲੈ ਕੇ ਇਜ਼ਰਾਈਲ ਨਾਲ ਜੁੜੇ ਜਹਾਜ਼ਾਂ ਨੂੰ ਨਿਸ਼ਾਨਾ ਬਣਾਉਣ ਦਾ ਦਾਅਵਾ ਕਰਦੇ ਹਨ।
ਸਾਊਦੀ ਅਰਬ ਤੋਂ ਭਾਰਤ ਜਾ ਰਿਹਾ ਸੀ ਸਮੁੰਦਰੀ ਜਹਾਜ਼

ਤਸਵੀਰ ਸਰੋਤ, Getty Images
ਕਈ ਵੱਡੇ ਗਲੋਬਲ ਸ਼ਿਪਿੰਗ ਗਰੁੱਪਾਂ ਨੇ ਹਮਲਿਆਂ ਦੇ ਵਧੇ ਜੋਖ਼ਮ ਕਾਰਨ ਲਾਲ ਸਾਗਰ ਵਿੱਚ ਕੰਮਕਾਜ ਨੂੰ ਫ਼ਿਲਹਾਲ ਬੰਦ ਕਰ ਦਿੱਤਾ ਹੈ।
ਆਪਣੇ ਇੱਕ ਬਿਆਨ ’ਚ ਪੈਂਟਾਗਨ ਨੇ ਕਿਹਾ ਕਿ ਕੈਮ ਪਲੂਟੋ ਨੂੰ "ਇਰਾਨ ਤੋਂ ਫਾਇਰ ਕੀਤੇ ਗਏ ਇੱਕ ਪਾਸੜ ਹਮਲੇ ਵਾਲੇ ਡਰੋਨ" ਨੇ ਨਿਸ਼ਾਨਾ ਬਣਾਇਆ ਸੀ।
ਉਨ੍ਹਾਂ ਕਿਹਾ ਕਿ ਇਹ "ਲਾਈਬੇਰੀਆ ਦੇ ਝੰਡੇ ਵਾਲਾ, ਜਾਪਾਨ ਦੀ ਮਲਕੀਅਤ ਵਾਲਾ ਅਤੇ ਨੀਦਰਲੈਂਡ ਵੱਲੋਂ ਸੰਚਾਲਿਤ ਰਸਾਇਣਕ ਟੈਂਕਰ ਸੀ।"
ਇਸ ਤੋਂ ਪਹਿਲਾਂ ਸਮੁੰਦਰੀ ਸੁਰੱਖਿਆ ਫਰਮ ਐਂਬਰੇ ਨੇ ਕਿਹਾ ਸੀ ਕਿ ਜਹਾਜ਼ ਇਜ਼ਰਾਈਲ ਨਾਲ ਜੁੜਿਆ ਹੋਇਆ ਸੀ ਅਤੇ ਸਾਊਦੀ ਅਰਬ ਤੋਂ ਭਾਰਤ ਜਾ ਰਿਹਾ ਸੀ।
ਯੂਨਾਈਟਿਡ ਕਿੰਗਡਮ ਮੈਰੀਟਾਈਮ ਟਰੇਡ ਆਪਰੇਸ਼ਨਜ਼ (ਯੂਕੇਐੱਮਟੀਓ) ਅਨੁਸਾਰ ਇਹ ਘਟਨਾ ਭਾਰਤ ਦੇ ਗੁਜਰਾਤ ਸੂਬੇ ਦੇ ਵੇਰਾਵਲ ਸ਼ਹਿਰ ਤੋਂ 370 ਕਿੱਲੋਮੀਟਰ ਦੂਰ ਦੱਖਣ-ਪੱਛਮ ਵਿੱਚ ਵਾਪਰੀ।
ਡਰੋਨ ਦੇ ਨਿਸ਼ਾਨੇ ਕਾਰਨ ਟੈਂਕਰ ਨੂੰ ਢਾਂਚਾਗਤ ਨੁਕਸਾਨ ਹੋਇਆ ਅਤੇ ਪਾਣੀ ਜਹਾਜ਼ ਵਿੱਚ ਆ ਗਿਆ।
ਐਂਬਰੇ ਨੇ ਕਿਹਾ ਕਿ ਇਹ ਲਾਲ ਸਾਗਰ ਤੋਂ ਬਹੁਤ ਦੂਰ ਆਪਣੀ ਕਿਸਮ ਦੀ ਪਹਿਲੀ ਘਟਨਾ ਹੈ ਅਤੇ ਉਸ ਖ਼ੇਤਰ ਅੰਦਰ ਹੋਈ ਹੈ ਜਿਸ ਨੂੰ ਕੰਪਨੀ ਈਰਾਨੀ ਡਰੋਨਾਂ ਤੋਂ "ਵਧੇਰੇ ਖ਼ਤਰੇ ਵਾਲਾ ਖੇਤਰ" ਮੰਨਿਆ ਜਾਂਦਾ ਹੈ।
ਭਾਰਤ ਵੱਲੋਂ ਸਹਾਇਤਾ

ਤਸਵੀਰ ਸਰੋਤ, Getty Images
ਭਾਰਤੀ ਜਲ ਸੈਨਾ ਨੇ ਸਹਾਇਤਾ ਦੀ ਪੇਸ਼ਕਸ਼ ਕਰਨ ਲਈ ਇੱਕ ਜਹਾਜ਼ ਅਤੇ ਜੰਗੀ ਬੇੜੇ ਭੇਜੇ।
ਇਸ ਤੋਂ ਪਹਿਲਾਂ ਸ਼ਨੀਵਾਰ ਨੂੰ ਅਮਰੀਕਾ ਨੇ ਈਰਾਨ 'ਤੇ ਲਾਲ ਸਾਗਰ ਵਿੱਚ ਵਪਾਰਕ ਜਹਾਜ਼ਾਂ ਖਿਲਾਫ਼ ਯੋਜਨਾਬੰਦੀ ਦੇ ਸੰਚਾਲਨ ਵਿੱਚ "ਡੂੰਘਾਈ ਨਾਲ ਸ਼ਾਮਲ" ਹੋਣ ਦਾ ਇਲਜ਼ਾਮ ਲਗਾਇਆ ਸੀ।
ਕੌਮੀ ਸੁਰੱਖਿਆ ਦੇ ਬੁਲਾਰੇ ਐਡਰਿਏਨ ਵਾਟਸਨ ਨੇ ਕਿਹਾ ਕਿ ਇਹ "ਈਰਾਨ ਦੇ ਲੰਬੇ ਸਮੇਂ ਦੀ ਸਮੱਗਰੀ ਸਹਾਇਤਾ ਅਤੇ ਖੇਤਰ ਵਿੱਚ ਹੂਥੀਆਂ ਦੀਆਂ ਅਸਥਿਰ ਕਾਰਵਾਈਆਂ ਨੂੰ ਉਤਸ਼ਾਹਤ ਕਰਨ ਦੇ ਅਨੁਕੂਲ ਹੈ।"
ਇਸ ਮਗਰੋਂ ਈਰਾਨੀ ਰੈਵੋਲਿਊਸ਼ਨਰੀ ਗਾਰਡਜ਼ ਕਮਾਂਡਰ ਨੇ ਚੇਤਾਵਨੀ ਦਿੱਤੀ ਕਿ ਜੇ "ਅਮਰੀਕਾ ਅਤੇ ਉਸ ਦੇ ਸਹਿਯੋਗੀ ਗਾਜ਼ਾ ਵਿੱਚ ਅਪਰਾਧ ਕਰਨਾ ਜਾਰੀ ਰੱਖਦੇ ਹਨ" ਤਾਂ ਉਹ ਲਾਲ ਸਾਗਰ ਤੋਂ ਇਲਾਵਾ ਹੋਰ ਜਲ ਮਾਰਗਾਂ ਨੂੰ ਬੰਦ ਕਰਨ ਲਈ ਮਜਬੂਰ ਹੋਣਗੇ।
ਬ੍ਰਿਗੇਡੀਅਰ ਜਨਰਲ ਮੁਹੰਮਦ ਰਜ਼ਾ ਨਕਦੀ ਨੇ ਕਿਹਾ ਕਿ ਇਨ੍ਹਾਂ ਵਿੱਚ ਭੂਮੱਧ ਸਾਗਰ ਅਤੇ ਜਿਬਰਾਲਟਰ ਦੀ ਖਾੜੀ ਸ਼ਾਮਲ ਹੋ ਸਕਦੇ ਹਨ - ਪਰ ਅਜਿਹਾ ਕਿਵੇਂ ਹੋਵੇਗਾ ਇਸ ਬਾਰੇ ਕੋਈ ਵੇਰਵੇ ਨਹੀਂ ਦਿੱਤੇ।












